ਸਾਮਵਾਦ, ਗਿਰਜਾ ਅਤੇ ਰਾਜ •ਅਲੇਕਸਾਂਦ ਕੋਂਸਤਾਤੀਨੋਵਿਚ ਵੋਰੋਂਸਕੀ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

“ਇਕੱਲੇ ਮਾਸਕੋ ਵਿੱਚ ਹੀ ਗਿਰਜਿਆਂ ਦੀ ਗਿਣਤੀ ਸੈਂਕੜਿਆਂ ‘ਚ ਹੈ। ਪੂਰੇ ਰੂਸ ‘ਚ ਇਹ ਕਿੰਨੇ ਹੋਣਗੇ? ਅਤੇ ਇਹ ਸਾਰੇ ਕਿਸ ਲਈ ਪ੍ਰਾਥਨਾ ਕਰਦੇ ਹਨ? ਆਪਣੇ ਮਾਲਕਾਂ ਲਈ।”

-ਏ.  ਬੁਦੀਸ਼ਚੇਵ ਦੀਆਂ ਕਹਾਣੀਆਂ ਵਿੱਚੋਂ

ਸਾਮਵਾਦ ਸਿਰਫ਼ ਇੱਕ ਸਮਾਜਿਕ ਤੇ ਸਿਆਸੀ ਸਿਧਾਂਤ ਹੀ ਨਹੀਂ ਹੈ। ਸਾਮਵਾਦ ਸਭ ਤੋਂ ਪਹਿਲਾਂ ਇੱਕ ਏਕੀਕ੍ਰਿਤ ਅਤੇ, ਆਪਣੇ ਮੂਲ ਤੱਤ ‘ਚ, ਮੁਕੰਮਲ ਸੰਸਾਰ ਨਜ਼ਰੀਆ ਅਤੇ ਫ਼ਲਸਫ਼ਾ ਹੈ।

ਇਸ ਤਰ੍ਹਾਂ, ਸਾਮਵਾਦ ਦਾ ਧਾਰਮਿਕ ਦਰਸ਼ਨ ਦੇ ਨਾਲ਼ ਤਿੱਖਾ ਭੇੜ ਹੈ।

ਸਾਮਵਾਦ ਅਤੇ ਧਰਮ ਦੋ ਧਰੁਵ, ਦੋ ਵਿਰੋਧੀ ਹਨ। ਇਹ ਇੱਕ ਦੂਜੇ ਨਾਲ਼ ਸਦੀਵੀ ਸੰਘਰਸ਼ ‘ਚ ਫਸੇ ਹੋਏ ਹਨ।

ਹਰੇਕ ਧਾਰਮਿਕ ਦਰਸ਼ਨ ਮਨੁੱਖ ਉੱਤੇ ਕੁਦਰਤ ਤੇ ਸਮਾਜ ਦੇ ਤੱਤਾਂ ਦੁਆਰਾ ਗਲਬੇ ਦੀਆਂ, ਮਨੁੱਖ ਦੇ ਡਰ ਅਤੇ ਉਸਦੀ ਆਲ਼ੇ-ਦੁਆਲ਼ੇ ਉੱਪਰ ਗੁਲਾਮ ਨਿਰਭਰਤਾ ਦੀਆਂ ਭਾਵਨਾਵਾਂ ਉੱਤੇ ਆਧਾਰਿਤ ਹੈ।

ਸਾਮਵਾਦ, ਵਿਗਿਆਨਕ ਸਾਮਵਾਦ, ਕੁਦਰਤ ਅਤੇ ਆਲ਼ੇ ਦੁਆਲ਼ੇ ਦੀਆਂ ਅਦਿੱਖ ਤੇ ਮਕੈਨਿਕੀ ਤਾਕਤਾਂ ਨੂੰ ਮੁਨੱਖ ਦੇ ਮਾਤਹਿਤ ਕਰਨ ਦੀਆਂ ਭਾਵਨਾਵਾਂ ‘ਤੇ ਆਧਾਰਿਤ ਹੈ।

ਆਪਣੇ ਆਲ਼ੇ-ਦੁਆਲ਼ੇ ਦੇ ਗਲਬੇ ਅਧੀਨ, ਧਾਰਮਿਕ ਮਨੁੱਖ ਇਸ ਗੱਲ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਕਿ ਉਸਦੇ ਚੁਤਰਫ਼ੀਂ ਕੀ ਹੈ। ਉਹ ਸਿਰਫ਼ ਅਰਦਾਸਾਂ ਅਰਜੋਈਆਂ ਕਰਨੀਆਂ ਸ਼ੁਰੂ ਕਰਦਾ ਹੈ ਅਤੇ ਡਰਾਉਣੀ ਤੇ ਬਿਆਨ ਤੋਂ ਬਾਹਰੇ ਵਰਤਾਰੇ  ਨੂੰ ਸ਼ਾਂਤ ਕਰਨ ਦਾ ਯਤਨ ਕਰਦਾ ਹੈ।

ਜਿਸ ਮਨੁੱਖ ਨੇ ਆਪਣੇ ਆਪ ਨੂੰ ਗੁਲਾਮ ਨਿਰਭਰਤਾ ਦੀਆਂ ਭਾਵਨਾਵਾਂ ਤੋਂ ਮੁਕਤ ਕਰਾ ਲਿਆ ਹੈ, ਕੁਦਰਤ ਅਤੇ ਸਮਾਜ ਦੀ ਵਿਆਖਿਆ ਕਰਨ ਅਤੇ ਫਿਰ ਦੋਵਾਂ ਨੂੰ ਆਪਣੇ ਹਿੱਤਾਂ ਲਈ ਵਰਤਣ ਦੀ ਕੋਸ਼ਿਸ਼ ਕਰਦਾ ਹੈ।

ਧਰਮ ਨਿਰਪੇਖ, ਅੰਤਮ ਅਤੇ ਯਕੀਨੀ  ਉੱਤਰ ਦਿੰਦਾ ਹੈ। ਇਹਨਾਂ ਨੂੰ ਸੁਣ ਕੇ ਕੁਝ ਵੀ ਸਵਾਲ ਜਾਂ ਜਾਂਚ-ਪੜਤਾਲ਼ ਕਰਨ ਲਈ ਨਹੀ ਰਹਿੰਦਾ। ਕਿਸੇ ਵਿਗਿਆਨ ਦੀ ਤਰ੍ਹਾਂ, ਸਾਮਵਾਦ ਬੇ-ਰੋਕ ਖੋਜ ਕਰਨ ਦਿੰਦਾ ਹੈ; ਕਿਸੇ ਵਿਗਿਆਨ ਦੀ ਤਰ੍ਹਾਂ, ਇਹ ਕੋਈ ਪੂਰਨ ਤੇ ਅੰਤਮ ਉੱਤਰ ਨਹੀਂ ਦਿੰਦਾ, ਇਹ ਕੋਈ ਨਿਰਪੇਖ ਸੱਚ ਨਹੀ ਦੱਸਦਾ, ਸਿਰਫ਼ ਸਾਪੇਖਕ ਸੱਚ ਦੱਸਦਾ ਹੈ। ਕਰਾਮਾਤ ਧਰਮ ਦੀ ਆਤਮਾ ਹੈ। ਕੋਈ ਵੀ ਧਰਮ ਕਰਾਮਾਤ ਤੋਂ ਬਿਨਾਂ ਨਹੀ।

ਵਿਧੀਪੂਰਨ ਵਿਕਾਸ ਅਤੇ ਘਟਨਾ ਦੀ ਵਿਧੀਪੂਰਨ ਇਕਸਾਰਤਾ ਦੀ ਕਦਰ ਸਾਮਵਾਦ ਦੀ ਆਤਮਾ ਹੈ। ਨੈਤਿਕ ਉਪਦੇਸ਼ਾਂ ਦੇ ਇਕੱਤਰਣ ਵਜੋਂ, ਧਰਮ ਅਤੇ ਵਿਸ਼ੇਸ਼ ਰੂਪ ‘ਚ ਇਸਾਈ ਮੱਤ, ਆਪਣੇ ਗੁਆਂਢੀ ਨੂੰ ਪਿਆਰ ਕਰਨ ਦੀ ਸਿੱਖਿਆ ਦਿੰਦਾ ਹੈ। ਪਰ ਇਹ ਪਿਆਰ ਅਮੂਰਤ ਹੈ, ਲਹੂ ਅਤੇ ਮਾਸ ਤੋਂ ਵਿਰਵਾ। ਇਹ ਰੱਬ ਲਈ ਅਤੇ ਰੱਬ ਦੇ ਰਾਹੀਂ ਪਿਆਰ ਹੈ ਪਰ ਇਹ ਉਹ ਪਿਆਰ ਹੈ ਜੋ ਸਾਰਿਆਂ ਲਈ ਇੱਕ ਸਮਾਨ ਹੈ ਅਤੇ ਇਸ ਲਈ ਸਾਰਿਆਂ ਨੂੰ ਵੰਡਿਆ ਹੋਇਆ ਹੈ, ਇਹ ਅਸਲ ਲੋਕਾਂ ਤੋਂ ਬੇਪਰਵਾਹ ਹੈ; ਆਪਣੀ ਸਿਖਰ ਉੱਤੇ ਇਹ ਹਮੇਸ਼ਾਂ ਠੰਡਾ ਸ਼ੀਤ ਹੈ। ਧਾਰਮਿਕ ਪਿਆਰ ਠੰਡਾ ਅਤੇ ਅਸਲ ਜੀਵਿਤ ਲੋਕਾਂ ਤੋਂ ਬੇਪਰਵਾਹ ਹੈ। ਇਸ ਲਈ ਇਹ ਸੌਖ ਨਾਲ਼ ਆਪਣੀ ਥਾਂ ਉਹਨਾਂ ਦਿਲਾਂ ‘ਚ ਬਣਾ ਲੈਂਦਾ ਹੈ ਜੋ ਆਪਣੇ ਗੁਆਂਢੀ ਦੇ ਦੁੱਖਾਂ ਪ੍ਰਤੀ ਬੇਦਰਦ ਹਨ।

ਸਾਮਵਾਦ ਲੋਕਾਂ ਦੀ ਏਕਤਾ ਅਤੇ ਆਤਮ-ਤਿਆਗ ਦੀ ਹਮਾਇਤ ਵੀ ਕਰਦਾ ਹੈ। ਪਰ ਇਹਨਾਂ ਭਾਵਨਾਵਾਂ ਨੂੰ ਮਾਸ ਅਤੇ ਲਹੂ ‘ਚ ਕੱਜਦਾ ਹੈ, ਇਹ ਧਰਤੀ ‘ਚੋਂ, ਜੀਵਨ ਦੇ ਤੱਤ ‘ਚੋਂ ਜਨਮਦੀਆਂ ਹਨ। ਇਹ ਠੋਸ ਹਨ। ਇਹ ਦੱਬੇ-ਕੁਚਲ਼ਿਆਂ ਦੀ ਏਕਤਾ ਅਤੇ ਜਾਬਰਾਂ ਲਈ ਨਫ਼ਰਤ ਨੂੰ ਧਾਰਨ ਕਰਦੀਆਂ ਹਨ। ਬਹੁਤ ਜ਼ਿਆਦਾ ਪਿਆਰ ਬਹੁਤ ਜ਼ਿਆਦਾ ਨਫ਼ਰਤ ਨੂੰ ਪੈਦਾ ਕਰਦਾ ਹੈ। ਜੋ ਕੋਈ ਵੀ ਸੀਮਤ ਢੰਗ ਨਾਲ਼ ਪਿਆਰ ਕਰਦਾ ਹੈ, ਕਿਸੇ ਨਿਸ਼ਚਿਤ ਸਮੂਹ, ਪਰਤ ਜਾਂ ਜਮਾਤ ਨਾਲ਼ ਵਚਨਬੱਧ ਹੋ ਕੇ, ਦੂਜਿਆਂ ਨੂੰ ਨਫ਼ਰਤ ਕਰੇਗਾ ਜੋ ਕਿ ਉਸਦੇ ਦੁਸ਼ਮਣ ਹਨ।

ਜੇ ਧਰਮ ਅਤੇ ਸਾਮਵਾਦ ਦਾ ਆਪਣੇ ਸਭ ਤੋਂ ਬੁਨਿਆਦੀ ਪੱਖਾਂ ਵਿੱਚ ਇਹੋ ਜਿਹਾ ਸਬੰਧ ਹੈ, ਤਾਂ ਫੇਰ ਨਵੇਂ ਪ੍ਰੋਲੇਤਾਰੀ ਰਾਜ ਦਾ ਸਭ ਤੋਂ ਵੱਧ ਵਿਰੋਧੀ ਗਿਰਜਾ ਹੈ, ਜਿਸ ਨੇ ਹੁਣ ਤੱਕ ਰਾਜ ਕੀਤਾ ਹੈ। ਗਿਰਜਾ ਹਮੇਸ਼ਾ ਤੋਂ ਹੀ ਸਭ ਤੋਂ ਸੋਧੀ ਹੋਈ ਤੇ ਸਥਿਰ ਗੁਲਾਮੀ ਦਾ ਸੰਦ ਰਿਹਾ ਹੈ ਅਤੇ ਹੁਣ ਵੀ ਬਣਿਆ ਹੋਇਆ ਹੈ। ਇਸ ਨੇ ਖੋਜ-ਪੜਤਾਲ਼ ਦੇ ਸਭ ਤੋਂ ਹਨੇਰੇ ਯੁੱਗਾਂ ਨੂੰ ਆਪਣੀ ਅੱਗ ਨਾਲ਼ ਪਵਿੱਤਰ ਕੀਤਾ; ਇਸ ਨੇ ਮਨੁੱਖੀ ਮੁਕਤ-ਚਿੰਤਨ ਉੱਤੇ ਜ਼ੁਲਮ ਦਾ ਪ੍ਰਬੰਧ ਕੀਤਾ, ਇਸ ਨੇ ਮੁਨੱਖ ਲਈ ਗੁਲਾਮੀ ਭਰੀ ਅਧੀਨਤਾ ਯਕੀਨੀ ਬਣਾਈ, ਇਹ ਲੋਕਾਂ ਲਈ ਅਫੀਮ ਰਿਹਾ ਹੈ ਅਤੇ ਇਸ ਨੇ ਸਭ ਤੋਂ ਭੈੜੀਆਂ ਜੰਗਾਂ ਅਤੇ ਮਨੁੱਖ ਦੁਆਰਾ ਮਨੁੱਖ ਦੀ ਗੁਲਾਮੀ ਨੂੰ ਅਸੀਸ ਦਿਤੀ ਤੇ ਹੱਕੀ ਠਹਰਾਇਆ।

ਖ਼ਾਸ ਤੌਰ ‘ਤੇ ਇੱਥੇ ਰੂਸ ਵਿੱਚ। ਪੱਛਮ ਵਿੱਚ, ਜਗੀਰਦਾਰੀ ਵਿਰੁੱਧ ਆਪਣੀ ਲੜਾਈ ‘ਚ, ਇਨਕਲਾਬੀ ਬੁਰਜੂਆਜ਼ੀ ਕਿਸੇ ਵੇਲ਼ੇ ਧਾਰਮਿਕ ਗ੍ਰੰਥਾਂ ਦੀਆਂ ਧੱਜੀਆਂ ਉਡਾਉਣ ‘ਚ ਬੇਤਰਸ ਸੀ। ਬੁਰਜੂਆਜ਼ੀ ਨੇ ਵਾਲਤੇਅਰ, ਦਿਦੋਰੋ, ਹੋਲਬਾਖ ਅਤੇ ਫਿਉਰਬਾਖ ਨੂੰ ਪੈਦਾ ਕੀਤਾ। ਰੂਸ ਵਿੱਚ ਕਦੇ ਵੀ ਇਨਕਲਾਬੀ ਬੁਰਜੂਆਜ਼ੀ ਨਹੀਂ ਸੀ ਜੋ ਧਾਰਮਿਕ ਅੰਧਵਿਸ਼ਵਾਸਾਂ ਵਿਰੁੱਧ ਆਪਣੇ ਸੰਘਰਸ਼ ‘ਚ ਬੇ-ਰਹਿਮ ਅਤੇ ਬੇਬਾਕ ਰਹੀ ਹੋਵੇ। ਪਛੜਿਆ ਹੋਇਆ, ਨਿੱਕ-ਬੁਰਜੂਆ ਰੂਸ, ਲੱਖਾਂ ਵਿਸਾਰੇ ਤੇ ਲਤਾੜੇ ਹੋਏ ਲੋਕਾਂ ਉੱਤੇ “ਜ਼ਮੀਨ ਦੀ ਹਕੂਮਤ” ਦੇ ਦਬਦਬੇ ਨਾਲ਼, ਲੋਕਾਂ ਉੱਤੇ ਕੁਦਰਤ ਦੀਆਂ ਮੁੱਢ ਕਦੀਮੀਂ ਤਾਕਤਾਂ ਦੇ ਦਬਦਬੇ ਨਾਲ਼, – ਗਿਰਜੇ ਲਈ ਹਮੇਸ਼ਾਂ ਉਪਜਾਊ ਭੂਮੀ ਵਜੋਂ ਕੰਮ ਆਇਆ। ਇਸ ਲਈ ਕੋਈ ਵੀ ਦ੍ਰਿੜ ਅਤੇ ਇਮਾਨਦਾਰ ਸਮਾਜਵਾਦੀ ਗਿਰਜੇ ਦੇ ਦਬਦਬੇ ਖਿਲਾਫ਼ ਸਭ ਤੋਂ ਪ੍ਰਬਲ ਸੰਘਰਸ਼ ਤੋਂ ਕਿਨਾਰਾ ਨਹੀਂ ਕਰਦਾ ਤੇ ਨਾ ਹੀ ਉਸਨੂੰ ਇਸਦਾ ਹੱਕ ਹੈ।

ਗਿਰਜੇ ਸਮੇਤ ਇਸਦੇ ਉਚੇਰੇ ਅਹੁਦਿਆਂ ‘ਤੇ ਬਿਰਾਜਮਾਨ ਅਤੇ ਆਮ ਪਾਦਰੀਆਂ, ਧਾਰਮਿਕ ਤੁਅੱਸਬਾਂ ਖਿਲਾਫ਼ ਲੜਾਈ, ਹਰੇਕ ਇਨਕਲਾਬੀ ਸਮਾਜਵਾਦੀ ਦੀ ਇੱਕ ਮੁੱਢਲੀ ਜ਼ੁੰਮੇਵਾਰੀ ਹੈ।

ਪਰ ਇਹ ਲੜਾਈ ਸਾਵਧਾਨੀ ਅਤੇ ਮੁਹਾਰਤ ਨਾਲ਼ ਲੜੀ ਜਾਣੀ ਚਹੀਦੀ ਹੈ। ਧਾਰਮਿਕ ਸੰਸਾਰ ਨਜ਼ਰੀਆ ਹਜ਼ਾਰਾਂ ਸਾਲਾਂ ‘ਚ ਉਤਪੰਨ ਹੋਇਆ ਹੈ। ਜਦੋਂ ਤੱਕ ਸਮਾਜਿਕ ਨਾਬਰਾਬਰੀ, ਅਗਿਆਨਤਾ ਅਤੇ ਮਨੁੱਖ ਦੀ ਕੁਦਰਤ ਅਤੇ ਸਮਾਜ ਦੇ ਤੱਤਾਂ ਉੱਪਰ ਨਿਰਭਰਤਾ ਹੈ, ਧਰਮ ਦੀ ਹੋਂਦ ਇੱਕ ਜਾਂ ਦੂਜੇ ਰੂਪ ‘ਚ ਬਣੀ ਰਹੇਗੀ। ਇਸਦੇ ਨਾਲ਼ ਸੰਘਰਸ਼ ਸਿਧਾਂਤਕ ਹੋਣਾ ਚਾਹੀਦਾ ਹੈ ਅਤੇ ਕਿਸੇ ਵੀ ਹਾਲਤ ਵਿੱਚ ਇਹਨਾਂ ਹੱਦਾਂ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ। ਅਸੀਂ ਸਾਮਵਾਦੀ ਫ਼ਿਲਿਸਟਾਇਨ ਹੋਵਾਂਗੇ ਜੇ ਅਸੀਂ ਆਖਾਂਗੇ ਕਿ ਸਾਮਵਾਦ ਧਰਮ ਦਾ ਵਿਰੋਧੀ ਨਹੀਂ। ਅਸੀਂ ਕਦੇ ਵੀ ਇਹ ਨਹੀਂ ਆਖਾਂਗੇ, ਕਿਉਂ ਜੋ ਅਸੀਂ ਕਦੇ ਵੀ ਫ਼ਿਲਿਸਟਾਇਨ ਅਤੇ ਸਿਆਸੀ ਭਾੜੇ ਦੇ ਸਿਪਾਹੀ  ਨਹੀਂ ਰਹੇ ਅਤੇ ਨਾ ਹੀ ਬਣਾਂਗੇ। ਪਰ ਅਸੀਂ ਸਭ ਤੋਂ ਉਜੱਡ ਗਲਤੀਆਂ ਕਰ ਰਹੇ ਹੋਵਾਂਗੇ ਜੇ ਅਸੀਂ ਸਿਧਾਂਤਕ ਲੜਾਈਆਂ ਅਤੇ ਵਿਰੋਧਾਂ ਦੀ ਹੱਦ ਤੋਂ ਪਾਰ ਲੰਘ ਜਾਂਦੇ ਹਾਂ। ਲੋਕ ਇਤਰਾਜ਼ ਕਰਨਗੇ: ਅਤੇ ਗਿਰਜੇ ਤੇ ਰਾਜ ਦੇ ਵਖਰੇਵੇਂ ਬਾਰੇ ਕੀ?

ਰਾਜ ਅਤੇ ਗਿਰਜੇ ਦਾ ਵਖਰੇਵਾਂ ਗਿਰਜੇ ਨੂੰ ਜ਼ੋਰਦਾਰ ਤੇ ਮਾਰੂ ਸੱਟ ਮਾਰਦਾ ਹੈ ਜਿਸਨੇ ਕਿ ਜ਼ਾਰ ਦੇ ਸਮੇਂ ਹਕੂਮਤ ਕੀਤੀ। ਪਰ ਤੱਤ ਰੂਪ ਵਿੱਚ ਇਹ ਕੇਵਲ ਸਮਾਜਿਕ ਨਿਆਂ ਦੀ ਕਾਰਵਾਈ ਹੈ। ਅਸੀਂ ਸਨਾਤਨੀ ਇਸਾਈ ਮੱਤ ਨੂੰ ਬੁੱਧ ਮੱਤ, ਕੈਥੋਲਿਕ ਮੱਤ, ਜਾਂ ਬਾਕੀ ਦੇ ਧਰਮਾਂ ਉੱਪਰ ਤਰਜੀਹ ਨਹੀਂ ਦੇਵਾਂਗੇ। ਗਿਰਜੇ ਅਤੇ ਰਾਜ ਦਾ ਵਖਰੇਵਾਂ ਗਿਰਜੇ ਨੂੰ ਇੱਕ ਅਜ਼ਾਦ ਧਾਰਮਿਕ ਬਰਾਦਰੀ ਤੱਕ ਘਟਾ ਦੇਵੇਗਾ ਜੋ ਕਿ ਆਪਣੀ ਸਵੈ-ਇੱਛਾ ਅਤੇ ਆਪਣੇ ਵਲੰਟੀਅਰ ਮੈਂਬਰਾਂ ਦੇ ਸਾਧਨਾਂ ਉੱਪਰ ਕਾਇਮ ਰਹਿੰਦੀ ਹੈ ਅਤੇ ਸਿਰਫ਼ ਇੰਨਾ ਹੀ। ਇਹ ਕਾਰਵਾਈ ਇਸ ਤੋਂ ਬਿਨਾਂ ਕੁਝ ਹੋਰ ਜ਼ਾਹਰ ਨਹੀਂ ਕਰਦੀ। ਇਹ ਪਾਦਰੀ ਵਰਗ ਨੂੰ ਆਰਥਿਕ ਤਾਕਤ ਤੋਂ ਵਾਂਝਿਆ ਕਰਦੀ ਹੈ ਜਿਸਦਾ ਕਿ ਇਸਨੇ ਜ਼ਾਰ ਦੇ ਸਮੇਂ ਨਾਜਾਇਜ਼ ਲਾਭ ਚੁੱਕਿਆ, ਪਰ ਇਹ ਕਾਰਵਾਈ ਕਿਸੇ ਧਾਰਮਿਕ ਵਿਸ਼ਵਾਸ ਨੂੰ ਚੁਣਨ ਦੀ ਆਜ਼ਾਦੀ ਉੱਤੇ ਅਸਰ ਨਹੀਂ ਪਾਉਂਦੀ। ਸਾਡੇ ਦੁਸ਼ਮਣ ਅਕਸਰ ਇਸ ਉਦੇਸ਼ ਨੂੰ ਦੂਜਿਆਂ ਨਾਲ਼ ਰਲਗੱਡ ਕਰਦੇ ਹਨ ਅਤੇ ਗਿਰਜੇ ਤੇ ਰਾਜ ਦੇ ਵਖਰੇਵੇਂ ਨੂੰ ਧਾਰਮਿਕ ਪ੍ਰਗਟਾਵੇ ਦੀ ਅਜ਼ਾਦੀ ਉੱਤੇ ਹਮਲੇ ਦੇ ਤੌਰ ‘ਤੇ ਪੇਸ਼ ਕਰਦੇ ਹਨ। ਇਸ ਦੇ ਉਲ਼ਟ, ਇਹ ਕਾਰਵਾਈ, ਜਿਹੜੀ ਇੱਕ ਗੁੱਟ ਦੇ ਵਿਸ਼ੇਸ਼ ਹੱਕਾਂ ਨੂੰ ਹਟਾਉਂਦੀ ਹੈ, ਧਰਮ ਦੀ ਚੋਣ ਦੀ ਸੱਚੀ ਅਜ਼ਾਦੀ ਦਿੰਦੀ ਹੈ। ਅਸੀਂ ਪੁਜਾਰੀਆਂ ਦੇ ਖਿਲਾਫ਼ ਉਹਨਾਂ ਦੀ ਉਲਟ-ਇਨਕਲਾਬੀ ਸਰਗਰਮੀ ਕਰਕੇ ਲੜਦੇ ਹਾਂ ਅਤੇ ਨਾ ਕਿ ਇਸ ਲਈ ਕਿ ਉਹ ਰੱਬ ‘ਚ ਯਕੀਨ ਰੱਖਦੇ ਹਨ। ਅਸੀਂ ਇਸ ਸੰਘਰਸ਼ ਦਾ ਸੰਚਾਲਨ ਉਦੋਂ ਤੱਕ ਕਰਾਂਗੇ ਜਦ ਤੱਕ ਤਾਨਾਸ਼ਾਹੀ ਦਾ ਦੌਰ ਜਾਰੀ ਰਹੇਗਾ। ਇਹ ਸਾਡੀ ਗਲਤੀ ਨਹੀਂ ਜੇ ਪਾਦਰੀ “ਇਸ ਦੁਨੀਆ ਦੇ ਤਾਕਤਵਰਾਂ” ਦੇ ਪੱਖ ‘ਚ ਭੁਗਤ ਗਏ ਹਨ।

ਧਾਰਮਿਕ ਪ੍ਰਗਟਾਵੇ ਦੀ ਅਸਲ ਅਜ਼ਾਦੀ ਵਾਪਸ ਕਰਦੇ ਹੋਏ, ਅਸੀਂ ਆਪਣੇ ਵਿਚਾਰਾਂ ਅਤੇ ਸੰਸਾਰ ਨਜ਼ਰੀਏ ਦੀ ਜਿੱਤ ਲਈ ਸੰਘਰਸ਼, ਸਿਧਾਂਤਕ ਚੌਖਟੇ ਦੀ ਹੱਦ ਵਿੱਚ, ਜਾਰੀ ਰੱਖਾਂਗੇ। ਇਹ ਸਾਡੀ ਪੋਜ਼ੀਸ਼ਨ ਹੈ।

ਅਨੁਵਾਦ – ਮਨਪ੍ਰੀਤ

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 42, ਅਗਸਤ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s