ਸਾਮਰਾਜਵਾਦੀ ਆਰਥਿਕ ਕੌਮਵਾਦ ਨਾ ਹੱਲ ਹੋ ਸਕਣ ਵਾਲ਼ੇ ਸਰਮਾਏਦਾਰਾ ਸੰਕਟ ਦਾ ਲੱਛਣ •ਸੁਖਦੇਵ ਹੁੰਦਲ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

“ਆਰਥਕ ਕੌਮਵਾਦ, ਜਦੋਂ ਇਹ ਸਾਮਰਾਜੀ ਦੇਸ਼ਾਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ, ਲਾਜ਼ਮੀ ਤੌਰ ਤੇ ਕੌਮੀ ਨਫਰਤ ਅਤੇ ਨਸਲਵਾਦ ਵੱਲ ਵਧਦਾ ਹੈ, ਸਭ ਤੋਂ ਵੱਧ, ਬਹੁਤ ਭੈੜੀ ਤਰਾਂ, ਫ਼ਾਸੀਵਾਦ ਵੱਲ ਲੈ ਜਾਂਦਾ ਹੈ।” ਇਹ ਸ਼ਬਦ ਅਮਰੀਕਨ ਮਾਰਕਸਵਾਦੀ ਚਿੰਤਕ ਸੈਮ ਵਿਲੀਅਮਜ਼ ਦੇ ਬਲੌਗ, ‘ਸੰਕਟ ਸਿਧਾਂਤ ਦੀ ਸਮੀਖਿਆ’ ਵਿੱਚ ਲਿਖੇ ਲੇਖ, ‘ਟਰੰਪ ਅਤੇ ਸਾਮਰਾਜੀ ਆਰਥਿਕ ਕੌਮਵਾਦ ਦਾ ਉਭਾਰ’ ਨਾਂ ਦੇ ਲੇਖ ਵਿੱਚੋਂ ਹਨ।

ਇਸ ਵੇਲ਼ੇ ਦੁਨੀਆ ਭਰ ਵਿੱਚ ਅਤੇ ਖਾਸ ਕਰਕੇ ਸਾਮਰਾਜੀ ਦੇਸ਼ਾਂ ਵਿੱਚ ਅੰਨਾ ਕੌਮਵਾਦ ਅਤੇ ਸੱਜੇ ਪੱਖੀ ਸਿਆਸਤ ਦਾ ਉਭਾਰ ਹੈ। ਉਹ ਕਿਹੜੇ ਕਾਰਕ ਹਨ ਜਿਹਨਾਂ ਨੇ ਇਸ ਅਮਲ ਨੂੰ ਗਤੀ ਦਿੱਤੀ ਹੈ। ਥੋੜਾ ਪਿੱਛੇ ਜਾਈਏ ਤਾਂ ਜੌੜੇ ਟਾਵਰਾਂ ‘ਤੇ ਹਮਲੇ ਤੋਂ ਬਾਅਦ ਸੰਸਾਰ ਸਰਮਾਏਦਾਰੀ ਦੇ ਚੌਧਰੀਆਂ ਨੇ ਆਪਣੀ ਰਣਨੀਤੀ ਵਿੱਚ ਤਬਦੀਲੀ ਕਰਦੇ ਹੋਏ ਦਹਿਸ਼ਤਗਰਦੀ ਖਿਲਾਫ਼ ਜੰਗ ਨੂੰ ਆਪਣੀ ਪਹਿਲੀ ਤਰਜੀਹ ਐਲਾਨ ਦਿੱਤਾ ਹੈ। ਇਸ ਤੋਂ ਪਹਿਲਾਂ, ਸੰਸਾਰ ਨੂੰ ਕਮਿਊਨਿਜ਼ਮ ਦੇ ਖਤਰੇ ਤੋਂ ਬਚਾਉਣ ਦਾ ਕਾਰਜ ਉਹਨਾਂ ਦੀ ਪਹਿਲੀ ਤਰਜੀਹ ਸੀ। 1976 ਵਿੱਚ, ਚੀਨ ਵਿੱਚ ਸਰਮਾਏਦਾਰਾ ਰਾਹੀਆਂ ਦੇ ਤਖਤਾ ਪਲਟ ਤੋਂ ਬਾਅਦ ਅਤੇ 1990 ਤੱਕ ਅਖੌਤੀ ਸਮਾਜਵਾਦੀ ਖੇਮੇ ਦੇ ਪਤਨ ਨਾਲ਼ (ਜਿਹੜਾ ਹਕੀਕਤ ਵਿੱਚ 1956 ਤੋਂ ਬਾਅਦ ਸਮਾਜਕ ਸਾਮਰਾਜ ਸੀ), ਸੰਸਾਰ ਸਰਮਾਏਦਾਰੀ ਕੋਲ ਸਰਮਾਏ ਦੇ ਹਿੱਤਾਂ ਦੀ ਰਾਖੀ ਲਈ ਕੀਤੀ ਜਾਣ ਵਾਲੀ ਧੱਕੇਸ਼ਾਹੀ ਲਈ ਕੋਈ ਤਰਕ ਨਹੀਂ ਬਚਿਆ ਸੀ। ਦੁਨੀਆਂ ਭਰ ਦੇ ਕਿਰਤੀਆਂ ਅਤੇ ਕੁਦਰਤੀ ਸਰੋਤਾਂ ਦੀ ਲੁੱਟ ਨੂੰ ਬੇਕਿਰਕੀ ਨਾਲ਼ ਹੋਰ ਤੇਜ ਕਰਨਾ, ਸਰਮਾਏਦਾਰਾ ਪ੍ਰਬੰਧ ਦੇ ਜਿਉਂਦੇ ਰਹਿਣ ਦੀ ਸ਼ਰਤ ਬਣ ਗਿਆ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਕਾਇਮ ਹੋਈ ਮੁਕਾਬਲਤਨ ਸਥਿਰਤਾ ਦੇ ਖਾਤਮੇ ਦੀ ਘੰਟੀ ਖੜਕਣੀ ਸ਼ੁਰੂ ਹੋ ਗਈ ਸੀ। 1974-75 ਅਤੇ ਫਿਰ 1979 ਤੋਂ 82 ਤੱਕ ਦੇ ਆਰਥਕ ਮੰਦਵਾੜੇ ਨੇ ਅਮਰੀਕਾ ਦੇ ਵਿਸ਼ਾਲ ਸੱਨਅਤੀ ਇਲਾਕਿਆਂ ਨੂੰ ਜੰਗਾਲੀ ਪੱਟੀ ਬਣਾ ਦਿੱਤਾ। ਵੱਡੀ ਗਿਣਤੀ ਵਿੱਚ ਕਾਰਖਾਨਿਆਂ ਦੀ ਪੈਦਾਵਾਰ ਬੰਦ ਹੋਣ ਕਰਕੇ ਮਜ਼ਦੂਰ ਬੇਰੁਜ਼ਗਾਰ ਹੋ ਗਏ। ਸਰਮਾਏਦਾਰਾ ਅਰਥਸ਼ਾਸਤਰੀਆਂ ਮੁਤਾਬਕ ਉਹਨਾਂ ਇਲਾਕਿਆਂ ਵਿੱਚ ਪ੍ਰਤੀ ਵਿਅਕਤੀ ਆਮਦਨੀ ਵਿੱਚ ਭਾਰੀ ਗਿਰਾਵਟ ਆ ਗਈ ਸੀ। ਪਰ 21ਵੀਂ ਸਦੀ ਦੇ ਚੜ•ਦਿਆਂ ਹੀ, ਖਾਸ ਕਰ 2007 ਦੇ ਸਬ-ਪ੍ਰਾਇਮ ਸੰਕਟ ਨੇ ਸਾਬਤ ਕਰ ਦਿੱਤਾ ਕਿ ਪਹਿਲੀ ਵੱਡੀ ਮਹਾਂਮੰਦੀ ਤੋਂ ਬਾਅਦ ਸਰਮਾਏਦਾਰੀ ਨੂੰ ਰਾਹਤ ਦੇਣ ਵਾਲ਼ੇ ਕੀਨਜ਼ਵਾਦੀ ਜੁਗਾੜ ‘ਤੇ ਅਧਾਰਤ ਸੰਸਾਰ ਸਰਮਾਏਦਾਰਾ-ਤਰਤੀਬ ਦੀਆਂ ਚੂਲਾਂ ਹਿੱਲ ਚੁਕੀਆਂ ਹਨ। ਸਾਹਮਣੇ ਦਿਸਦੀ ਤਬਾਹੀ ਤੋਂ ਬਚਣ ਲਈ ਬੀਤੇ ਦੇ ਭੂਤਾਂ ਨੂੰ ਬੁਲਾਉਣਾ, ਸਰਮਾਏਦਾਰੀ ਦੀ ਅਣਸਰਦੀ ਲੋੜ ਬਣ ਗਿਆ ਹੈ। ਕੌਮਵਾਦ ਨਸਲਵਾਦ, ਮੁਸਲਿਮ ਵਿਰੋਧ ਅਤੇ ਪ੍ਰਵਾਸੀਆਂ ਦੇ ਵਿਰੋਧ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ। ਕੌਮਵਾਦ ਜੋ ਕਦੀ ਮੱਧਯੁਗੀ ਜਗੀਰਦਾਰੀ ਪ੍ਰਬੰਧ ਦੇ ਖਿਲਾਫ਼ ਸਰਮਾਏਦਾਰ ਜਮਾਤ ਦੇ ਘੋਲ ਦੇ ਇੱਕ ਅਗਾਂਹਵਧੂ ਵਰਤਾਰੇ ਦੇ ਰੂਪ ਵਿੱਚ ਸ਼ੁਰੂ ਹੋਇਆ ਸੀ, ਅੱਜ ਅੰਨ•ੇ ਕੌਮਵਾਦ ਦੇ ਰੂਪ ਵਿੱਚ ਸਰਮਾਏਦਾਰਾਂ ਦੇ ਹੱਥ ਵਿੱਚ ਇੱਕ ਵਿਚਾਰਧਾਰਕ ਹਥਿਆਰ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਹੋਂਦ ਵਿੱਚ ਆਏ, ਸੰਸਾਰ ਸਰਮਾਏਦਾਰੀ ਦੀ ਆਰਥਿਕ ਤਰਤੀਬ ਦੇ ਕਮਜੋਰ ਪੈਣ ਨਾਲ, ਸਿਆਸੀ ਅਤੇ ਸੱਭਿਆਚਾਰਕ ਤਾਣੇ-ਬਾਣੇ ਵਿੱਚ ਵੀ ਅਫਰਾ-ਤਫਰੀ ਫੈਲ ਗਈ ਹੈ। ਰਵਾਇਤੀ ਸਿਆਸੀ ਪਾਰਟੀਆਂ ਅਪ੍ਰਸੰਗਕ ਹੋ ਰਹੀਆਂ ਹਨ। ਵਰਤਮਾਨ ਸਾਮਰਾਜਵਾਦੀ ਆਰਥਿਕ ਕੌਮਵਾਦ ਇਸੇ ਦਾ ਨਤੀਜਾ ਹੈ। ਦੁਨੀਆਂ ਭਰ ਵਿੱਚ ਵਧ ਰਹੀ ਸੱਜੇ ਪੱਖੀ ਸਿਆਸਤ ਅਤੇ ਫ਼ਾਸੀਵਾਦ ਲਈ ਇਹ ਵਰਤਾਰੇ ਖਾਦ ਪਾਣੀ ਦਾ ਕੰਮ ਕਰ ਰਹੇ ਹਨ। ਇਹਨਾਂ ਸਵਾਲਾਂ ਨੂੰ ਇਤਿਹਾਸਕ ਸੰਦਰਭ ਵਿੱਚ ਹੀ ਸਮਝਿਆ ਜਾ ਸਕਦਾ ਹੈ। ਮਜਦੂਰ ਜਮਾਤ ਦੇ ਮਹਾਨ ਅਧਿਆਪਕ ਕਾਰਲ ਮਾਰਕਸ ਲਿਖਦੇ ਹਨ,” ਮਨੁੱਖ ਆਪਣਾ ਇਤਿਹਾਸ ਆਪ ਸਿਰਜਦੇ ਹਨ, ਪਰ ਉਹ ਇਸ ਦੀ ਸਿਰਜਣਾ ਉਸ ਤਰਾਂ ਨਹੀਂ ਕਰਦੇ ਜਿਸ ਤਰਾਂ ਉਹਨਾਂ ਦਾ ਜੀਅ ਕਰਦਾ ਹੋਵੇ, ਉਹ ਇਸ ਦੀ ਸਿਰਜਣਾ ਆਪ ਚੁਣੀਆਂ ਪ੍ਰਸਥਿਤੀਆਂ ਅਧੀਨ ਨਹੀਂ, ਸਗੋਂ ਉਹਨਾਂ ਪ੍ਰਸਥਿਤੀਆਂ ਅਧੀਨ ਕਰਦੇ ਹਨ, ਜਿਨਾਂ ਨਾਲ਼ ਉਹਨਾਂ ਦਾ ਸਿੱਧਾ ਟਾਕਰਾ ਹੁੰਦਾ ਹੈ, ਜਿਹੜੀਆਂ ਉਹਨਾਂ ਨੂੰ ਬੀਤੇ ਤੋਂ ਮਿਲ਼ਦੀਆਂ ਅਤੇ ਪੁਹੁੰਚਾਈਆਂ ਜਾਂਦੀਆਂ ਹਨ। ਸਾਰੀਆਂ ਮਰ ਖ਼ਪ ਗਈਆਂ ਪੀੜੀਆਂ ਦੀ ਪ੍ਰੰਪਰਾ ਜਿਉਂਦੇ ਜਾਗਦਿਆਂ ਦੇ ਦਿਮਾਗ ਉੱਤੇ ਇੱਕ ਡਰਾਉਣੇ ਸੁਪਨੇ ਵਾਂਗ ਸਵਾਰ ਰਹਿੰਦੀ ਹੈ ਅਤੇ ਐਨ ਉਸ ਸਮੇਂ ਜਦੋਂ ਉਹ ਆਪਣੇ ਆਪ ਨੂੰ ਅਤੇ ਆਸ ਪਾਸ ਦੀਆਂ ਚੀਜਾਂ ਨੂੰ ਇਨਕਲਾਬੀ ਰੂਪ ਵਿੱਚ ਬਦਲਣ ਵਿੱਚ, ਕੁਝ ਅਜਿਹਾ ਸਿਰਜਣ ਵਿੱਚ ਰੁੱਝੇ ਜਾਪਦੇ ਹਨ ਜਿਸ ਦੀ ਪਹਿਲਾਂ ਕਦੇ ਹੋਂਦ ਨਹੀਂ ਸੀ, ਠੀਕ ਇਨਕਲਾਬੀ ਸੰਕਟ ਦੇ ਇਹਨਾਂ ਦੌਰਾਂ ਵਿੱਚ ਉਹ ਉਤਸੁਕਤਾ ਨਾਲ਼ ਬੀਤੇ ਦੀਆਂ ਰੂਹਾਂ ਨੂੰ ਆਪਣੀ ਸੇਵਾ ਵਿੱਚ ਬੁਲਾ ਲੈਂਦੇ ਹਨ ਅਤੇ ਉਹਨਾਂ ਕੋਲੋਂ ਨਾਮ, ਨਾਅਰੇ ਅਤੇ ਵੇਸ਼-ਭੂਸ਼ਾ ਉਧਾਰ ਮੰਗਦੇ ਹਨ ਤਾਂ ਜੁ ਸੰਸਾਰ ਇਤਿਹਾਸ ਦੀ ਇਸ ਨਵੀਂ ਝਾਕੀ ਨੂੰ ਸਮੇਂ ਦੇ ਸਤਿਕਾਰੇ ਵੇਸ ਵਿੱਚ ਅਤੇ ਉਧਾਰ ਮੰਗੀ ਬੋਲੀ ਵਿੱਚ ਪੇਸ਼ ਕਰ ਸਕਣ” (ਲੂਈ ਬੋਨਾਪਾਰਟ  ਦਾ 18ਵਾਂ ਬਰੂਮੇਰ, ਸਫਾ 7)।

ਇਨਕਲਾਬੀ ਸੰਕਟਾਂ ਦੇ ਦੌਰਾਂ ਵਿੱਚ, ਮਾਰਕਸ ਦੀ ਸ਼ਬਦਾਵਲੀ ਵਿੱਚ ‘ਮੁਰਦਾ-ਆਤਮਾਵਾਂ’ ਨੂੰ ਬੁਲਾਉਣ ਦਾ ਉਦੇਸ਼ ਹਮੇਸ਼ਾਂ ਇੱਕੋ ਜਿਹਾ ਨਹੀਂ ਸੀ। ਮਾਰਕਸ ਅਨੁਸਾਰ “ਇਸ ਪ੍ਰਕਾਰ ਉਹਨਾਂ ਇਨਕਲਾਬਾਂ ਵਿੱਚ ਮੁਰਦਾ ਰੂਹਾਂ ਨੂੰ ਜਗਾਉਣ ਨਾਲ ਜੋ ਮਨੋਰਥ ਪੂਰਾ ਹੋਇਆ ਸੀ, ਨਵੇਂ ਸੰਘਰਸ਼ਾਂ ਦਾ ਗੌਰਵ ਵਧਾਉਣਾ, ਨਾ ਕਿ ਪੁਰਾਣਿਆਂ ਦੀ ਕੋਈ ਨਕਲ ਕਰਨਾ; ਹਥਲੇ ਕਾਰਜ ਨੂੰ ਕਲਪਣਾ ਵਿੱਚ ਵੱਡਾ ਅਕਾਰ ਦੇਣਾ, ਨਾ ਕਿ ਯਥਾਰਥ ਵਿੱਚ ਇਸ ਦੇ ਹੱਲ ਤੋਂ ਭੱਜਣਾ, ਇੱਕ ਵਾਰ ਫਿਰ ਇਨਕਲਾਬ ਦੇ ਰੂਪ ਨੂੰ ਲੱਭਣਾ, ਨਾ ਕਿ ਫਿਰ ਉਸ ਦੇ ਪ੍ਰੇਤ ਨੂੰ ਮੰਡਰਾਉਣ ਲਾਉਣਾ” (ਲੂਈ ਬੋਨਾਪਾਰਟ  ਦਾ 18ਵਾਂ ਬਰੂਮੇਰ, ਸਫਾ 9)।

ਪਰ 19ਵੀਂ ਸਦੀ ਵਿੱਚ ਫਰਾਂਸ ਵਿੱਚ ਪੈਦਾ ਹੋਣ ਵਾਲ਼ੇ ਮਜਦੂਰ ਜਮਾਤ ਦੇ ਇਨਕਲਾਬੀ ਉਭਾਰਾਂ ਤੋਂ, ਕਾਰਲ ਮਾਰਕਸ ਨੇ ਸਿੱਟਾ ਕੱਢਿਆ, “19ਵੀਂ ਸਦੀ ਦਾ ਇਨਕਲਾਬ ਬੀਤੇ ਤੋਂ ਨਹੀਂ, ਸਗੋਂ ਕੇਵਲ ਭਵਿੱਖ ਤੋਂ ਹੀ ਆਪਣੀ ਪ੍ਰੇਰਨਾ ਹਾਸਲ ਕਰ ਸਕਦਾ ਹੈ। ਇਹ ਉਦੋਂ ਤੱਕ ਆਪਣਾ ਆਰੰਭ ਨਹੀਂ ਕਰ ਸਕਦਾ ਜਦੋਂ ਤੱਕ ਇਹ ਬੀਤੇ ਦੇ ਸਬੰਧ ਵਿੱਚ ਸਾਰੇ ਭਰਮਾਂ ਨੂੰ ਲਾਹ ਕੇ ਵਗਾਹ ਨਹੀਂ ਮਾਰਦਾ। ਪਹਿਲਾਂ ਦੇ ਇਨਕਲਾਬਾਂ ਨੂੰ ਬੀਤੇ ਸੰਸਾਰ ਇਤਿਹਾਸ ਦੇ ਚੇਤੇ ਸਜਰਾਉਣ ਦੀ ਲੋੜ ਇਸ ਕਰਕੇ ਸੀ ਕਿ ਉਹ ਆਪਣੀ ਵਸਤੂ ਸਬੰਧੀ ਆਪਣੇ ਆਪ ਨੂੰ ਨਸ਼ਿਆ ਸਕਣ। ਆਪਣੇ ਅੰਦਰਲੀ ਵਸਤੂ ਤੱਕ ਪੁੱਜਣ ਲਈ, 19ਵੀਂ ਸਦੀ ਦੇ ਇਨਕਲਾਬ ਵਾਸਤੇ ਜਰੂਰੀ ਹੈ ਕਿ ਜੋ ਬੀਤ ਚੁੱਕਾ ਹੈ ਉਸ ਨੂੰ ਭੁਲਾ ਦੇਵੇ। ਪਹਿਲਾਂ ਨਾਅਰੇ ਵਸਤੂ ਤੋਂ ਅੱਗੇ ਨਿੱਕਲ ਜਾਂਦੇ ਸਨ, ਹੁਣ ਵਸਤੂ ਨਾਅਰਿਆਂ ਤੋਂ ਅੱਗੇ ਨਿਕਲਦੀ ਹੈ।” (ਲੂਈ ਬੋਨਾਪਾਰਟ  ਦਾ 18ਵਾਂ ਬਰੂਮੇਰ, ਸਫਾ 10)। ਇਸ ਵਾਸਤੇ, ਸੰਸਾਰ ਇਤਿਹਾਸ ਦੇ ਵਰਤਮਾਨ ਪੜਾਅ ਤੇ ਮਜਦੂਰ ਇਨਕਲਾਬ ਨੂੰ ਰੋਕਣ ਲਈ ਬੀਤੇ ਦੇ ਭੂਤਾਂ ਨੂੰ ਬੁਲਾਇਆ ਜਾਂਦਾ ਹੈ। ਮਜਦੂਰ ਜਮਾਤ ਆਪਣੇ ਇਨਕਲਾਬਾਂ ਦੀ ਪ੍ਰੇਰਨਾ ਭਵਿੱਖ ਤੋਂ ਹੀ ਹਾਸਲ ਕਰ ਸਕਦੀ ਹੈ। ਸਰਮਾਏਦਾਰੀ ਸੰਕਟ ਦੇ ਇਸ ਦੌਰ ਵਿੱਚ, ਸਰਮਾਏਦਾਰੀ ਪ੍ਰਬੰਧ ਨੂੰ, ਆਪਣੀ ਸੱਚੀ ਦੁਸ਼ਮਣ ਮਜਦੂਰ ਜਮਾਤ ਵੱਲੋਂ ਕੋਈ ਗੰਭੀਰ ਚੁਣੌਤੀ ਪੇਸ਼ ਨਹੀਂ ਹੈ। ਇਸ ਲਈ ਉਹ ਆਪਣੇ ਸੰਕਟਾਂ ਦਾ ਵੱਧ ਤੋਂ ਵੱਧ ਭਾਰ, ਮਜਦੂਰ ਅਤੇ ਕਿਰਤੀ ਅਬਾਦੀ ਉੱਤੇ ਪਾਉਣ ਦੀ ਹਾਲਤ ਵਿੱਚ ਹੈ। ਸਿੱਟੇ ਵਜੋਂ ਪੈਦਾ ਹੋਣ ਵਾਲ਼ੇ ਰੋਸ ਅਤੇ ਬੇਚੈਨੀ ਕਿਤੇ ਇਸ ਸੰਕਟ ਨੂੰ ਇਨਕਲਾਬੀ ਸੰਕਟ ਵਿੱਚ ਨਾ ਬਦਲ ਦੇਣ, ਇਸ ਖਤਰੇ ਨੂੰ ਰੋਕਣ ਲਈ, ਅੱਜ ਦੁਨੀਆਂ ਭਰ ਦੇ ਸਰਮਾਏਦਾਰਾਂ ਨੂੰ ਕੌਮਵਾਦ, ਧਾਰਮਿਕ ਉਨਮਾਦ, ਫਿਰਕਾਪ੍ਰਸਤੀ ਅਤੇ ਨਸਲਵਾਦ ਦੇ ਭੂਤਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਮਨੁੱਖ ਜਾਤੀ ਦੀ ਇਤਿਹਾਸਕ ਮੁਕਤੀਦਾਤਾ ਮਜਦੂਰ ਜਮਾਤ ਦੇ ਭਵਿੱਖੀ ਸੰਘਰਸ਼ਾਂ ਸਾਹਮਣੇ ਇਹ ਇੱਕ ਵੱਡੀ ਚੁਣੌਤੀ ਹੈ। ਸਾਮਰਾਜਵਾਦੀ ਸਰਮਾਏ ਦੀ ਲੁੱਟ ਦੇ ਤੌਰ ਤਰੀਕਿਆਂ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਸਮਝਣ ਲਈ ਸੈਮ ਵਿਲੀਅਮਜ਼ ਦਾ ਲੇਖ ਕਾਫੀ ਜਾਣਕਾਰੀ ਭਰਪੂਰ ਹੈ। ਕਮਜੋਰ ਕੌਮਾਂ ਅਤੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਨਅਤੀ ਅਤੇ ਵਪਾਰਕ ਸਰਮਾਏਦਾਰਾਂ ਅਤੇ ਉਪਭੋਗਤਾਵਾਂ ਨੂੰ ਕਰਜੇ ਦੇ ਜਾਲ ਵਿੱਚ ਫਸਾ ਕੇ ਸੂਦ ਦੇ ਰੂਪ ਵਿੱਚ ਲੁੱਟ, ਵਾਧੂ ਕਦਰ ਹਥਿਆਉਣ ਦਾ ਪੁਰਾਣਾ ਰਵਾਇਤੀ ਤਰੀਕਾ ਹੈ। ਦੂਜਾ ਰਵਾਇਤੀ ਤਰੀਕਾ ਬਸਤੀਆਂ ਅਤੇ ਨਵ-ਬਸਤੀਆਂ ਵਿੱਚ ਸਿੱਧੇ ਸਨਅਤੀ ਪਲਾਂਟ ਬਣਾ ਕੇ ਉਥੋਂ ਦੀ ਸਸਤੀ ਕਿਰਤ ਦੀ ਸਿੱਧੀ ਲੁੱਟ ਸੀ। ‘ਸਟੈਂਡਰਡ ਆਇਲ’ ਅਤੇ ‘ਯੂਨਾਈਟਡ ਫਰੂਟ ਕੰਪਨੀ’ ਇਸ ਦੀਆਂ ਮਿਸਾਲਾਂ ਹਨ। ਰਵਾਇਤੀ ਤਰੀਕੇ ਕੱਚੇ ਮਾਲ ਅਤੇ ਸਸਤੀ ਕਿਰਤ ਦੀ ਸਿੱਧੀ ਲੁੱਟ ਵਾਲ਼ੇ ਸਨ। ਪਰ ਬਦਲੇ ਹੋਏ ਦੌਰ ਵਿੱਚ ਸਾਮਰਾਜਵਾਦ ਦੀ ਆਰਥਿਕ ਲੁੱਟ ਦੇ ਤੌਰ ਤਰੀਕੇ ਬਦਲ ਰਹੇ ਹਨ। ਸਭ ਤੋਂ ਵੱਡਾ ਫ਼ਰਕ ਇਹ ਹੈ ਕਿ ਅਜਾਰੇਦਾਰ ਸਰਮਾਏਦਾਰੀ ਪਹਿਲਾਂ ਨਾਲੋਂ ਕਿਤੇ ਵਧ ਪਰਜੀਵੀ ਬਣਦੀ ਜਾ ਰਹੀ ਹੈ। ਆਰਥਿਕ ਸਾਮਰਾਜਵਾਦ ਦੇ ਇਸ ਦੌਰ ਵਿੱਚ ਕਈ ਤਰੀਕਿਆਂ ਨਾਲ਼ ਦੁਨੀਆਂ ਭਰ ਦੇ ਮਜਦੂਰਾਂ ਦੀ ਵਾਧੂ ਕਿਰਤ ਦੀ ਲੁੱਟ ਤੇਜ ਕੀਤੀ ਜਾਂਦੀ ਹੈ। ਦੁਨੀਆਂ ਭਰ ਦੇ ਦੇਸ਼ਾਂ ਦੇ ਸਰਮਾਏਦਾਰ, ਸੰਸਾਰ ਸਰਮਾਏ ਦੇ ਮਹਾਂ-ਪ੍ਰਭੂਆਂ ਦੇ ਛੋਟੇ ਭਾਈਵਾਲਾਂ ਦੇ ਤੌਰ ‘ਤੇ ਆਪੋ ਆਪਣੇ ਦੇਸ਼ਾਂ ਵਿੱਚ ਮਜਦੂਰ ਜਮਾਤ ਦੀ ਵਾਧੂ ਕਦਰ ਨਚੋੜਦੇ ਹਨ। ਹੁਣ ਸਾਮਰਾਜਵਾਦੀ ਸਰਮਾਇਆ, ਵਿਕਸਿਤ ਤਕਨੀਕ ‘ਤੇ ਆਪਣੀ ਅਜਾਰੇਦਾਰੀ ਹੋਣ ਕਰਕੇ, ‘ਬੌਧਿਕ ਸੰਪਤੀ’ ਦੇ ਮਾਲਕ ਦੀ ਹੈਸੀਅਤ ਵਿੱਚ, ਕਈ ਤਰੀਕਿਆਂ ਨਾਲ, ਦੁਨੀਆਂ ਭਰ ਦੇ ਮਜਦੂਰਾਂ ਅਤੇ ਕਿਰਤੀਆਂ ਦੀ ਵਾਧੂ ਕਦਰ ਦਾ ਹਿੱਸਾ ਹਥਿਆਉਂਦਾ ਹੈ। ਬ੍ਰਾਂਡਡ ਉਤਪਾਦਾਂ ਦੇ ਨਾਂ, ਪੇਟੈਂਟ ਦੇ ਅਧਿਕਾਰ ਅਤੇ ਖਾਸ ਕਰਕੇ ਕੰਪਿਊਟਰ ਪ੍ਰੋਗਰਾਮਾਂ, ਸਾਫਟਵੇਅਰ ਕਾਪੀ ਰਾਈਟ ਅਤੇ ਸਾਫਟਵੇਅਰ ਪੇਟੈਂਟਸ ਤੇ ਅਜਾਰੇਦਾਰੀ, ਆਰਥਿਕ ਸਾਮਰਾਜਵਾਦ ਦੀ ਲੁੱਟ ਦੇ ਨਵੇਂ ਤਰੀਕੇ ਹਨ।

ਸਰਮਾਏਦਾਰਾ ਕੌਮੀ ਰਾਜ ਆਪਣੀਆਂ ਹੱਦਾਂ ਅੰਦਰ ਨਹੀਂ ਸਮਾ ਸਕਦੇ ਸਨ। ਆਪਣੀ ਵਾਧੂ ਪੈਦਾਵਾਰ ਵੇਚਣ ਲਈ ਉਹਨਾਂ ਨੂੰ ਮੰਡੀਆਂ ਦੀ ਲੋੜ ਸੀ। ਮੰਡੀਆਂ ਵਾਸਤੇ ਦੁਨੀਆਂ ਦੀ ਵੰਡ ਨੇ ਦੋ ਸਾਮਰਾਜੀ ਸੰਸਾਰ ਜੰਗਾਂ ਨੂੰ ਜਨਮ ਦਿੱਤਾ। ਸਰਮਾਏ ਦੇ ਕੌਮਾਂਤਰੀ ਆਰਥਿਕ ਤਾਣੇ-ਬਾਣੇ ਦੇ ਬਾਵਜੂਦ, ਸਸਤੀ ਕਿਰਤ, ਕੱਚੇ ਮਾਲ ਅਤੇ ਕੁਦਰਤੀ ਸਰੋਤਾਂ ਦੀ ਲੁੱਟ ਲਈ, ਸੰਸਾਰ ਸਰਮਾਏ ਨੂੰ ਕਿਸੇ ਬੁਰਜੂਆ ਕੌਮੀ ਰਾਜ ਦੀ ਹਮੇਸ਼ਾਂ ਜਰੂਰਤ ਰਹਿੰਦੀ ਹੈ, ਜਿਹੜਾ ਸਰਮਾਏ ਦੇ ਵੱਖ-ਵੱਖ ਖੇਮਿਆਂ ਵਿੱਚ ਟੱਕਰਾਂ ਹੋਣ ‘ਤੇ ਉਹਨਾਂ ਦੀ ਸਹਾਇਤਾ ਕਰਦਾ ਹੈ।

ਸਾਮਰਾਜਵਾਦ ਦੇ ਵਰਤਮਾਨ ਸਮੇਂ ਪਿਛਲੀ ਸਦੀ ਦੇ ਮੁਕਾਬਲੇ ਹੋਏ ਬਦਲਾਅ-  ਦੂਜੀ ਜੰਗ ਤੋਂ ਬਾਅਦ, ਸੰਸਾਰ ਸਰਮਾਇਆ, ਅਮਰੀਕਾ ਦੀ ਅਗਵਾਈ ਨੂੰ ਮੰਨਦਾ ਆ ਰਿਹਾ ਹੈ। ਸਮਾਜਵਾਦੀ ਸੋਵੀਅਤ ਸੰਘ ਵਿੱਚ 1956 ਤੋਂ ਸਰਮਾਏਦਾਰੀ ਦੀ ਮੁੜ ਬਹਾਲੀ ਹੋਣ ‘ਤੇ ਸੋਵੀਅਤ ਸੰਘ ਦੀ ਰਾਜਕੀ ਅਜਾਰੇਦਾਰ ਸਰਮਾਏਦਾਰੀ ਸਮਾਜਕ ਸਾਮਰਾਜਵਾਦ ਦੀ ਭੂਮਿਕਾ ਵਿੱਚ ਆ ਗਈ ਸੀ। 1990 ਤੱਕ ਅੰਤਰ ਸਾਮਰਾਜੀ ਵਿਰੋਧਤਾਈ ਠੰਡੀ ਜੰਗ ਦੇ ਰੂਪ ਵਿੱਚ ਇਤਿਹਾਸ ਦੇ ਰੰਗ ਮੰਚ ‘ਤੇ ਮੌਜੂਦ ਰਹੀ। ਉਸ ਦੌਰ ਦਾ ਇਤਿਹਾਸ ਸਾਡਾ ਵਿਸ਼ਾ ਨਹੀਂ ਹੈ। ਲੈਨਿਨ ਨੇ 20ਵੀਂ ਸਦੀ ਦੇ ਸ਼ੁਰੂ ਵਿੱਚ ‘ਸਾਮਰਾਜਵਾਦ, ਸਰਮਾਏਦਾਰੀ ਦਾ ਅੰਤਮ ਪੜਾਅ’ ਲਿਖ ਕੇ, ਸਰਮਾਏਦਾਰੀ ਵਿਕਾਸ ਵਿੱਚ ਹੋਣ ਵਾਲੀਆਂ ਤਬਦੀਲੀਆਂ ਅਤੇ ਉਹਨਾਂ ਤਬਦੀਲੀਆਂ ਨੂੰ ਸੰਚਾਲਤ ਕਰਨ ਵਾਲ਼ੇ ਨੇਮਾਂ ਦੀ ਸ਼ਾਨਦਾਰ ਵਿਆਖਿਆ ਕੀਤੀ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਬਹੁਤ ਕੁਝ ਬਦਲ ਗਿਆ ਹੈ। ਪਰ ਜਿਸ ਅਧਾਰ ‘ਤੇ ਕਾ। ਲੈਨਿਨ ਨੇ ਸਰਮਾਏਦਾਰੀ ਦੇ ਅਜਾਰੇਦਾਰ ਸਾਮਰਾਜ ਵਿੱਚ ਬਦਲ ਜਾਣ ਦੀ ਵਿਆਖਿਆ ਕੀਤੀ ਸੀ, ਉਹ ਅਜੇ ਵੀ ਮੌਜੂਦ ਹਨ। ਭਾਂਵੇ ਬਹੁਤ ਕੁਝ ਬਦਲ ਗਿਆ ਹੈ, ਪਰ ਸਰਮਾਏ ਤੇ ਕਿਰਤ ਦੀ ਮੁੱਖ ਵਿਰੋਧਤਾਈ ਜਿਸ ਦਾ ਹੱਲ ਸਿਰਫ ਸਮਾਜਵਾਦੀ ਇਨਕਲਾਬ ਹੀ ਹੈ, ਅਜੇ ਵੀ ਕਾਇਮ ਹੈ। ਇਸ ਲਈ ਅਸੀਂ ਅੱਜ ਵੀ, ਸਾਮਰਾਜ ਦੇ ਪੜਾਅ ਵਿੱਚ ਰਹਿ ਰਹੇ ਹਾਂ।

ਇਤਿਹਾਸ ਦਾ ਵਹਿਣ ਰੁਕਦਾ ਨਹੀਂ। ਨਿਰੰਤਰਤਾ ਅਤੇ ਬਦਲਾਅ ਦੀ ਵਿਰੋਧਤਾਈ ਵਿੱਚ, ਹੋਣ ਵਾਲ਼ੇ ਬਦਲਾਵਾਂ ਨੂੰ ਸਮਝਣਾ ਬੇਹੱਦ ਜਰੂਰੀ ਹੈ। ਮੋਟੇ ਤੌਰ ‘ਤੇ ਉਹ ਇਸ ਤਰਾਂ ਹਨ।

1. ਕੀਨਜ਼ਵਾਦੀ ਦੌਰ ਦਾ ਅੰਤ- 1929-30 ਵਿੱਚ, ਪਹਿਲੀ ਵੱਡੀ ਮਹਾਂ-ਮੰਦੀ ਤੋਂ ਬਾਅਦ ਸਰਮਾਏਦਾਰਾ ਸਿਧਾਂਤਕਾਰ ਕੀਨਜ਼ ਦਾ ‘ਕੱਲਿਆਣਕਾਰੀ ਰਾਜ’ ਦਾ ਸਿਧਾਂਤ ਲੜਖੜਾ ਰਹੇ  ਸਰਮਾਏਦਾਰੀ ਪ੍ਰਬੰਧ ਦਾ ਠੁੰਮਣਾ ਬਣਿਆ। ਉਸ ਸਮੇਂ ਵਾਧੂ ਪੈਦਾਵਾਰ ਦੇ ਸੰਕਟ ਦੇ ਝੰਬੇ ਸਰਮਾਏਦਾਰੀ ਪ੍ਰਬੰਧ ਨੂੰ ਵਧ ਰਹੇ ਸਮਾਜਵਾਦੀ ਇਨਕਲਾਬਾਂ ਦਾ ਭੈਅ ਵੀ ਸਤਾ ਰਿਹਾ ਸੀ। ਰਾਜਸੱਤਾ ਨੇ ਪ੍ਰਬੰਧ ਨੂੰ ਬਚਾਉਣ ਦੀ ਜਿੰਮੇਵਾਰੀ ਸੰਭਾਲੀ। ਮਜਦੂਰ ਲਹਿਰ ਦੇ ਦਬਾਅ ਵਿੱਚ ਵਿੱਦਿਆ ਅਤੇ ਸਿਹਤ ਵਰਗੀਆਂ ਸਹੂਲਤਾਂ ਲਈ ਸਮਾਜਕ ਸੁਰੱਖਿਆ ਸਕੀਮਾਂ ਚਲਾਈਆਂ ਗਈਆਂ। ਭਾਰੀ ਮਾਤਰਾ ਵਿੱਚ ਸਰਮਾਏ ਦੀਆਂ ਲੋੜ ਵਾਲੀਆਂ ਸਨਅਤਾਂ ਅਤੇ ਬੁਨਿਆਦੀ ਢਾਂਚੇ ਦੀਆਂ ਜਰੂਰਤਾਂ ਲਈ, ਡਾਕ-ਤਾਰ, ਰੇਲਵੇ, ਫੌਜੀ ਸਾਜ ਸਮਾਨ ਆਦਿ ਵਿੱਚ ਰਾਜ ਨੇ ਸਰਮਾਇਆ ਲਾਇਆ। ਕੀਨਜ਼ ਦੇ ਨੁਸਖੇ ਨੇ ਇੱਕ ਵਾਰ, ਸਰਮਾਏਦਾਰੀ ਦੇ ਡੁੱਬਦੇ ਬੇੜੇ ਨੂੰ ਬਚਾ ਲਿਆ। ਪਰ ਫਿਰ ਵੀ ਸਰਮਾਏਦਾਰੀ ਦਾ ਪਤਨ ਆਪਣੇ ਅੱਤ ਨਿਘਰੇ ਰੂਪ, ਫ਼ਾਸੀਵਾਦ ਦੇ ਰੂਪ ਵਿੱਚ ਸਾਹਮਣੇ ਆਇਆ। ਹਿਟਲਰ ਦੇ ਫ਼ਾਸੀਵਾਦ ਨੂੰ ਸਮਾਜਵਾਦੀ ਇਨਕਲਾਬਾਂ ਦੇ ਪ੍ਰਯੋਗ ਵਿੱਚ ਤਪੀ, ਮਜਦੂਰ ਜਮਾਤ ਦੀ ਹਥਿਆਰਬੰਦ ਤਾਕਤ ਸੋਵੀਅਤ ਸੰਘ ਦੀ ਲਾਲ ਸੈਨਾ ਨੇ ਹਰਾਇਆ। ਦੂਜੀ ਸੰਸਾਰ ਜੰਗ ਤੋਂ ਬਾਅਦ, ਯੂ। ਐਨ।ਓ।, ਸੰਸਾਰ ਬੈਂਕ ਅਤੇ ਕੌਮਾਂਤਰੀ ਮੁਦਰਾ ਕੋਸ਼ ਸਮੇਤ, ਨਵੇਂ ਸੰਸਾਰ ਸਰਮਾਏਦਾਰੀ ਪ੍ਰਬੰਧ ਦੀਆਂ ਲੋੜਾਂ ਅਨੁਸਾਰ, ਕਈ ਕੌਮਾਂਤਰੀ ਸੰਸਥਾਵਾਂ ਹੋਂਦ ਵਿੱਚ ਆਈਆਂ। ਕੁੱਲ ਮਿਲਾ ਕੇ, ਅਮਰੀਕਾ ਦੀ ਅਗਵਾਈ ਵਿੱਚ ਕੀਨਜ਼ਵਾਦੀ ਆਰਥਿਕ ਮਾਡਲ ਦੇ ਤਰਕ ਦੇ ਅਧਾਰ ‘ਤੇ ਸਰਮਾਏਦਾਰੀ ਪ੍ਰਬੰਧ, ਮੁਕਾਬਲਤਨ ਸਥਿਰਤਾ ਦੇ 4-5 ਦਹਾਕੇ ਦਾ ਸਮਾਂ ਕੱਢਣ ਵਿੱਚ ਕਾਮਯਾਬ ਰਿਹਾ। ਇਸ ਦੌਰ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਸੀ ਕਿ ਸਾਮਰਾਜਵਾਦੀ ਦੇਸ਼ਾਂ ਦੇ ਮਜਦੂਰਾਂ ਦੀ ਇੱਕ ਪਰਤ ਨੂੰ  ਚੰਗੀਆਂ ਤਨਖਾਹਾਂ ਦੇ ਸਕਣਾ ਸੰਭਵ ਹੋਣ ਕਰਕੇ, ਮਜਦੂਰ ਜਮਾਤ ਵਿੱਚ ਇਕ ਕੁਲੀਨ ਤਬਕਾ ਹੋਂਦ ਵਿੱਚ ਆ ਗਿਆ। ਰਾਜਕੀ ਪ੍ਰਬੰਧ ਦੀ ਵਿਸ਼ਾਲ ਨੌਕਰਸ਼ਾਹੀ ਨੇ ਮੱਧ ਵਰਗ ਨੂੰ ਜਨਮ ਦਿੱਤਾ। 80ਵਿਆਂ ਤੱਕ ਕੀਨਜ਼ਵਾਦੀ ਮਾਡਲ ਸਰਮਾਏਦਾਰੀ ਪ੍ਰਬੰਧ ਨੂੰ ਜੋ ਕੁਝ ਦੇ ਸਕਦਾ ਸੀ ਦੇ ਚੁੱਕਾ ਸੀ, ਵਾਧੂ ਪੈਦਾਵਾਰ ਦੇ ਨਵੇਂ ਸੰਕਟਾਂ ਅਤੇ ਬਦਲੀਆਂ ਹੋਈਆਂ ਬਾਹਰਮੁਖੀ, ਆਰਥਿਕ ਹਾਲਤਾਂ ਨੇ, ਇਸ ਦੌਰ ਦਾ ਭੋਗ ਪਾ ਦਿੱਤਾ। ਸੰਸਾਰੀਕਰਨ, ਨਿੱਜੀਕਰਨ ਅਤੇ ਕੰਟ੍ਰੋਲ ਮੁਕਤੀ (ਰਾਜਸੱਤਾ ਦੇ ਕੰਟ੍ਰੋਲ ਤੋਂ ਮੁਕਤੀ) ਦੇ ਨਾਂ ‘ਤੇ ‘ਵਿਸ਼ਵ ਵਪਾਰ ਸੰਗਠਨ’ ਵਰਗੀਆਂ ਸੰਸਥਾਵਾਂ ਦੇ ਆਗਮਨ ਨੇ ਨਵ ਉਦਾਰਵਾਦੀ ਦੌਰ ਦੀ ਸ਼ੁਰੂਆਤ ਕਰ ਦਿੱਤੀ। ਮਜਦੂਰ ਜਮਾਤ ਦੇ ਕੁਲੀਨ ਤਬਕੇ ਅਤੇ ਮੱਧਵਰਗ ਦੇ ਬੁੱਧੀਜੀਵੀਆਂ ਦਾ ਆਦਰਸ਼ ਸੰਸਾਰ ਬੀਤੇ ਦੀ ਗੱਲ ਹੋ ਗਿਆ। ਰਵਾਇਤੀ ਸਿਆਸੀ ਅਤੇ ਮਜਦੂਰ ਲਹਿਰ ਦੀਆਂ ਸੋਧਵਾਦੀ ਪਾਰਟੀਆਂ ਅਪ੍ਰਸੰਗਕ ਹੋ ਗਈਆਂ। ਮਜਦੂਰ ਲਹਿਰ ਦੀ ਕਮਜੋਰ ਹਾਲਤ ਕਾਰਨ, ਸੱਜੇ ਪੱਖੀ, ਫਾਸੀਵਾਦੀ ਰੁਝਾਨਾਂ ਦੀ ਮਜਬੂਤੀ ਹੋਣੀ ਸ਼ੁਰੂ ਹੋ ਗਈ।

2. ਬਸਤੀਵਾਦੀ ਅਤੇ ਨਵ ਬਸਤੀਵਾਦੀ ਦੌਰ ਦਾ ਅੰਤ-  ਦੂਜੀ ਵੱਡੀ ਤਬਦੀਲੀ ਜੋ ਅਜੋਕੇ ਸਾਮਰਾਜ ਵਿੱਚ ਹੋਈ ਹੈ, ਉਹ ਹੈ ਬਸਤੀਆਂ ਅਤੇ ਨਵ ਬਸਤੀਆਂ ਦਾ ਖਤਮ ਹੋ ਜਾਣਾ। ਸਰਮਾਏਦਾਰੀ ਦੇ ਸਾਮਰਾਜੀ ਪੜਾਅ ਵਿੱਚ ਦਾਖਲ ਹੁੰਦਿਆਂ ਹੀ, ਪੱਛਮ ਦੇ ਸਰਮਾਏਦਾਰਾ ਕੌਮੀ ਰਾਜਾਂ ਨੇ ਲੁੱਟ ਵਾਸਤੇ ਬਾਕੀ ਦੇ ਸੰਸਾਰ ਨੂੰ ਗੁਲਾਮ ਬਣਾ ਆਪਣੀਆਂ ਬਸਤੀਆਂ ਬਣਾਉਣਾ ਤੇਜ਼ ਕਰ ਦਿੱਤਾ। ਇਹ ਸਮਾਂ, ਸਰਮਾਏਦਾਰੀ ਤੋਂ ਪਹਿਲਾਂ ਦੀਆਂ ਜਗੀਰਦਾਰੀ ਸ਼ਹਿਨਸ਼ਾਹੀਆਂ ਤੋਂ ਸਿਫਤੀ ਤੌਰ ‘ਤੇ ਵੱਖਰਾ ਦੌਰ ਸੀ। ਇਸ ਤੋਂ ਪਹਿਲਾਂ ਦੇ ਵਪਾਰਕ ਸਰਮਾਏ ਦਾ ਕੌਮਾਂਤਰੀ ਭੇੜ ਅਤੇ ਦਬਦਬਾ, ਹੁਣ ਸਾਮਰਾਜੀ ਜਾਬਰ ਕੌਮਾਂ ਦੀ ਸਰਮਾਏਦਾਰੀ ਦੇ ਅਧੀਨ ਹੋ ਗਿਆ ਸੀ। ਬਸਤੀਆਂ ‘ਤੇ ਕਬਜਿਆਂ ਲਈ ਜੰਗਾਂ ਤੋ ਬਿਨਾਂ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕੀ ਦੇਸ਼ਾਂ ਦੇ ਆਰਥਿਕ ਤੌਰ ‘ਤੇ ਪਛੜੇ ਦੇਸ਼ਾਂ ਦੀ ਲੁੱਟ ਦਾ ਇਤਿਹਾਸ, ਸਰਮਾਏਦਾਰਾ ਜਾਬਰ ਕੌਮਾਂ ਦਾ ਲਹੂ ਲਿਬੜਿਆ ਇਤਿਹਾਸ ਹੈ। ਦੁਨੀਆਂ ਭਰ ਦੇ ਆਰਥਿਕ ਪੱਖੋਂ ਪਛੜੇ ਦੇਸ਼ਾਂ ਵਿੱਚ ਸਰਮਾਏਦਾਰੀ ਵਿਕਾਸ ਹੋਣ ‘ਤੇ ਦੱਬੀ ਕੁਚਲੀ ਅਬਾਦੀ ਵਿੱਚ ਵੀ ਕੌਮਵਾਦ ਦਾ ਵਿਕਾਸ ਸ਼ੁਰੂ ਹੋ ਗਿਆ। ਬਸਤੀਵਾਦੀ ਸਾਮਰਾਜਵਾਦ ਦੇ ਖਿਲਾਫ਼ ਦੱਬੀਆਂ ਕੁਚਲੀਆਂ ਕੌਮਾਂ ਦਾ ਕੌਮੀ ਮੁਕਤੀ ਸੰਗਰਾਮ, ਮਨੁੱਖੀ ਅਜਾਦੀਆਂ ਲਈ ਸੰਘਰਸ਼ ਦਾ ਸ਼ਾਨਦਾਰ ਇਤਿਹਾਸਕ ਦੌਰ ਹੈ। 1917 ਦੇ ਮਹਾਨ ਅਕਤੂਬਰ ਇਨਕਲਾਬ ਨੇ ਇਸ ਸੰਘਰਸ਼ ਨੂੰ ਹੋਰ ਪ੍ਰੇਰਨਾ ਦਿੱਤੀ। ਮਜਦੂਰ ਜਮਾਤ ਦੀ ਅਗਵਾਈ ਵਿੱਚ ਸਥਾਪਤ ਸਮਾਜਵਾਦੀ ਰਾਜ ਨੇ ਕੌਮੀ ਮੁਕਤੀ ਘੋਲਾਂ ਦੀ ਹਰ ਤਰਾਂ ਦੀ ਮਦਦ ਕੀਤੀ। ਕਾ। ਲੈਨਿਨ ਨੇ “ਕੌਮਾਂ ਦੇ ਆਪਾ ਨਿਰਣੇ ਦੇ ਸਿਧਾਂਤ” ਦੇ ਰੂਪ ਵਿੱਚ ਕੌਮੀ ਸਵਾਲ ਬਾਰੇ ਮਜਦੂਰ ਜਮਾਤ ਦਾ ਨਜਰੀਆ ਸਾਹਮਣੇ ਰੱਖਿਆ।ਜਿਸ ਦਾ ਨਿਚੋੜ ਇਹ ਸੀ ਕਿ ਮਜਦੂਰ ਜਮਾਤ ਅਤੇ ਉਸ ਦੀ ਵਿਚਾਰਧਾਰਾ ਹਰ ਤਰਾਂ ਦੇ ਕੌਮੀ ਦਾਬੇ ਦਾ ਵਿਰੋਧ ਕਰਦੀ ਹੈ। ਕੌਮੀ ਮੁਕਤੀ ਘੋਲਾਂ ਦੇ ਉਸ ਇਤਿਹਾਸਕ ਦੌਰ ਵਿੱਚ ਕੌਮਵਾਦ ਨੇ ਅਜਾਦੀ ਦੀ ਜੰਗ ਨੂੰ ਤੇਜ ਕਰਕੇ ਇਤਿਹਾਸਕ ਤੌਰ ‘ਤੇ ਅਗਾਂਹਵਧੂ ਭੂਮਿਕਾ ਨਿਭਾਈ। ਦੂਜੇ ਪਾਸੇ ਜਾਬਰ ਸਾਮਰਾਜਵਾਦੀ ਕੌਮਾਂ ਦੇ ਕੌਮਵਾਦ ਦਾ ਪਿਛਾਖੜੀ ਤੇ ਕਰੂਰ ਚਿਹਰਾ ਮਨੁੱਖੀ ਇਤਿਹਾਸ ਨੇ ਵੇਖਿਆ। ਜਿਸ ਦੇ ਸਾਹਮਣੇ ਸਰਮਾਏਦਾਰ ਜਮਾਤ ਦੇ ਮੁਨਾਫ਼ੇ ਦੀ ਹਵਸ ਲਈ ਹਰ ਤਰਾਂ ਦੀਆਂ ਮਨੁੱਖੀ ਕਦਰਾਂ ਨੂੰ ਰੋਲਿਆ ਗਿਆ। ਦੂਜੀ ਸੰਸਾਰ ਜੰਗ ਤੋਂ ਬਾਅਦ ਬਸਤੀਵਾਦੀ ਦੌਰ ਦਾ ਤੇਜੀ ਨਾਲ ਅੰਤ ਸ਼ੁਰੂ ਹੋ ਗਿਆ। ਸੰਸਾਰ ਸਾਮਰਾਜ ਦੇ ਬਸਤੀਵਾਦੀ ਦੌਰ ਦੇ ਚੌਧਰੀ ਬਰਤਾਨੀਆ ਦੀ ਸਰਦਾਰੀ ਖੁੱਸ ਕੇ ਅਮਰੀਕਾ ਦੇ ਹੱਥ ਆ ਗਈ। ਹੁਣ ਕਠਪੁਤਲੀ ਹਕੂਮਤਾਂ ਰਾਹੀਂ ਅਸਿੱਧੀ ਗੁਲਾਮੀ ਦਾ ਦੌਰ ਸੀ। ਇਹ ਨਵਬਸਤੀਵਾਦ ਦਾ ਸਮਾਂ ਸੀ।ਆਈ।ਏ। ਦੀਆਂ ਸਾਜਸ਼ਾਂ, ਰਾਜ ਪਲਟਿਆਂ ਅਤੇ ਤੀਸਰੀ ਦੁਨੀਆਂ ਦੇ ਦੇਸ਼ਾਂ ਵਿੱਚ ਮਨਮਰਜੀ ਦੀਆਂ ਹਕੂਮਤਾਂ ਸਥਾਪਤ ਕਰਨ ਲਈ ਸਾਮਰਾਜਵਾਦੀ ਸਰਮਾਏ ਨਾਲ਼ ਸਿਖਲਾਈ ਪ੍ਰਾਪਤ ਦਹਿਸ਼ਤਗਰਦ ਗਿਰੋਹਾਂ ਦੀਆਂ ਸਰਗਰਮੀਆਂ ਦਾ ਦੌਰ ਸੀ। ਓਸਾਮਾ ਬਿਨ ਲਾਦੇਨ ਵਰਗੇ ਨਾਮੀ ਦਹਿਸ਼ਤਗਰਦ ਅਮਰੀਕਾ ਦੇ ਤਿਆਰ ਕੀਤੇ ਹੋਏ ਸਨ। ਉਂਝ ਦੂਸਰੇ ਦੇਸ਼ਾਂ ਵਿੱਚ ਸਾਜਸ਼ਾਂ, ਤੋੜਫੋੜ ਅਤੇ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਸਰਮਾਏਦਾਰੀ ਦਾ ਜਨਮਜਾਤ ਦਾਅਪੇਚ ਹੈ। ਆਰਥਿਕ ਸਾਮਰਾਜਵਾਦ ਦੇ ਵਰਤਮਾਨ ਦੌਰ ਵਿੱਚ ਬਸਤੀਆਂ ਅਤੇ ਨਵ ਬਸਤੀਆਂ ਬੀਤੇ ਇਤਿਹਾਸ ਦੀ ਚੀਜ਼ ਬਣ ਗਈਆਂ ਹਨ। ਹੁਣ ਸਾਮਰਾਜੀ ਜਾਬਰ ਕੌਮੀ ਰਾਜਾਂ ਦੀਆਂ ਹਥਿਆਰਬੰਦ ਫੌਜਾਂ, ਦਹਿਸ਼ਤਗਰਦੀ ਦੀ ਭੂਮਿਕਾ ਵੀ ਨਿਭਾਉਂਦੀਆਂ ਹਨ। ਇਸ ਬਦਲੇ ਹੋਏ ਸਮੇਂ ਵਿੱਚ ਸਾਮਰਾਜੀ ਆਰਥਿਕ ਕੌਮਵਾਦ ਦੇ ਪਿਛਾਖੜੀ ਵਿਚਾਰ ਲਈ ਜਰਖੇਜ ਅਧਾਰ ਤਿਆਰ ਹੋ ਗਿਆ ਹੈ।

3. ਸਮਾਜਵਾਦ ਦੇ ਪਹਿਲੇ ਇਤਿਹਾਸਕ ਪ੍ਰਯੋਗ ਦੀ ਵਕਤੀ ਹਾਰ ਦਾ ਸਮਾਂ- 20ਵੀਂ ਸਦੀ ਕਿਰਤ ਅਤੇ ਸਰਮਾਏ ਦੇ ਪਹਿਲੇ ਵੱਡੇ ਸੰਗਰਾਮ ਦੀ ਸਦੀ ਵੀ ਰਹੀ ਹੈ। ਨਤੀਜੇ ਵਜੋਂ ਧਰਤੀ ਦੇ ਤੀਜੇ ਹਿੱਸੇ ‘ਤੇ ਲਾਲ ਪਰਚਮ ਲਹਿਰਾ ਕੇ ਮਜਦੂਰ ਜਮਾਤ ਨੇ ਸਮਾਜਵਾਦੀ ਰਾਜ ਪ੍ਰਬੰਧ ਦਾ ਸ਼ਾਨਦਾਰ ਪ੍ਰਯੋਗ ਕੀਤਾ। 1956 ਵਿੱਚ ਸੋਵੀਅਤ ਸੰਘ ਵਿੱਚ ਸਰਮਾਏਦਾਰੀ ਦੀ ਬਹਾਲੀ ਤੋਂ ਬਾਅਦ ਕਿਰਤ ਦੀਆਂ ਤਾਕਤਾਂ ਦੇ ਮੁਕਾਬਲੇ ਸਰਮਾਏਦਾਰੀ ਤਾਕਤਾਂ ਦਾ ਪੱਲੜਾ ਭਾਰਾ ਹੋਣ ਲੱਗ ਪਿਆ। 1976 ਵਿੱਚ ਚੀਨ ਵਿੱਚ ਸਰਮਾਏਦਾਰੀ ਦੀ ਬਹਾਲੀ ਨਾਲ਼ ਇਤਿਹਾਸ ਦਾ ਇਹ ਸ਼ਾਨਦਾਰ ਪ੍ਰਯੋਗ 21ਵੀਂ ਸਦੀ ਦੇ ਸਮਾਜਵਾਦੀ ਇਨਕਲਾਬਾਂ ਲਈ ਬੇਹਦ ਕੀਮਤੀ ਸਬਕ ਛੱਡਦਾ ਹੋਇਆ, ਵਕਤੀ ਤੌਰ ‘ਤੇ ਹਾਰ ਗਿਆ। ਇਹ ਹਾਰ ਕੌਮਾਂਤਰੀ ਮਜਦੂਰ ਲਹਿਰ ‘ਤੇ ਭਾਰੀ ਸੱਟ ਸੀ। ਦੁਨੀਆਂ ਭਰ ਦੀ ਸਰਮਾਏਦਾਰੀ ਨੇ ਜਸ਼ਨ ਮਨਾਏ। ਪਰ 21ਵੀਂ ਸਦੀ ਚੜ•ਦਿਆਂ ਹੀ ਸਰਮਾਏਦਾਰੀ ਦੇ ਆਰਥਿਕ ਸੰਕਟ ਨੇ ਉਹਨਾਂ ਦੀ ਖੁਸ਼ੀ ਨੂੰ ਕਿਰਕਿਰਾ ਕਰ ਦਿੱਤਾ। ਦੂਜੇ ਪਾਸੇ, ਸੰਸਾਰ ਦੇ ਬਾਕੀ ਬਚਦੇ ਦੇਸ਼ ਵੀ ਸਰਮਾਏਦਾਰਾ ਪੈਦਾਵਾਰੀ ਸਬੰਧਾਂ ਵਿੱਚ ਖਿੱਚੇ ਗਏ ਹਨ। ਵਰਤਮਾਨ ਸਮੇਂ ਸਾਰਾ ਸੰਸਾਰ ਸਰਮਾਏਦਾਰੀ ਦੇ ਤਰਕ ਨਾਲ਼ ਚੱਲ ਰਿਹਾ ਹੈ। ਇਹ ਕਿਰਤ ਅਤੇ ਸਰਮਾਏ ਦੇ ਸੰਗਰਾਮ ਦਾ ਫੈਸਲਾਕੁੰਨ ਦੌਰ ਹੈ। ਦੁਨੀਆਂ ਭਰ ਵਿੱਚ ਬਦਲੀਆਂ ਹੋਈਆਂ ਹਾਲਤਾਂ ਵਿੱਚ ਕੌਮਾਂਤਰੀ ਮਜਦੂਰ ਲਹਿਰ ਦੇ ਤੌਰ ਤਰੀਕੇ ਵੀ ਸਮੇਂ ਦੇ ਹਾਣ ਦੇ ਹੋਣ ਵਾਸਤੇ ਨਵੇਂ ਰਸਤੇ ਤਲਾਸ਼ ਰਹੇ ਹਨ। ਵੱਡੀਆਂ ਪਛਾੜਾਂ  ਤੋਂ ਬਾਅਦ, ਆਰਥਿਕ, ਰਾਜਨੀਤਕ  ਅਤੇ ਸਿਧਾਂਤਕ ਮੋਰਚੇ ‘ਤੇ ਮਜਦੂਰ ਜਮਾਤ ਦੀਆਂ ਨਵੀਆਂ ਪਹਿਲ ਕਦਮੀਆਂ ਦੀ ਆਹਟ ਸੁਣਾਈ ਦੇ ਰਹੀ ਹੈ। ਪਰ ਇਸ ਹਾਲਤ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਭਵਿੱਖੀ ਮਜਦੂਰ ਲਹਿਰ ਦੀ ਰੋਕ ਲਈ ਸਰਮਾਏਦਾਰ ਜਮਾਤ ਅੰਨਾ ਕੌਮਵਾਦ, ਧਾਰਮਿਕ ਉਨਮਾਦ, ਫਿਰਕਾਪ੍ਰਸਤੀ ਅਤੇ ਸਾਮਰਾਜੀ ਆਰਥਿਕ ਕੌਮਵਾਦ ਦੇ ਹਥਿਆਰਾਂ ਨਾਲ ਲੈਸ ਹੋ ਰਹੀ ਹੈ।

ਸਾਮਰਾਜਵਾਦੀ ਖਹਿਭੇੜ ਦਾ ਨਵਾਂ ਉਭਾਰ ਅਤੇ ਸਾਮਰਾਜਵਾਦੀ ਆਰਥਿਕ ਕੌਮਵਾਦ-

‘ਵੱਡੀ ਮੱਛੀ ਛੋਟੀ ਮੱਛੀ ਨੂੰ ਖਾਂਦੀ ਹੈ’, ਸਰਮਾਏਦਾਰੀ ਮੁਕਾਬਲੇਬਾਜੀ ਵਿੱਚ ਏਹੋ ਗੱਲ ਹੁੰਦੀ ਹੈ। ਵੱਡੀ ਪੱਧਰ ‘ਤੇ ਦੂਜਿਆਂ ਦੀ ਤਬਾਹੀ ਨਾਲ਼ ਸਰਮਾਏ ਦਾ ਕੁਝ ਹੱਥਾਂ ਵਿੱਚ ਕੇਂਦਰੀਕਰਨ, ਆਪਣਾ ਮਾਲ ਵੇਚਣ ਲਈ ਘਰੇਲੂ ਅਤੇ ਸੰਸਾਰ ਮੰਡੀ ਵਿੱਚ ਹੋੜ, ਸਰਮਾਏਦਾਰੀ ਸੰਸਾਰ ਵਿੱਚ ਵਾਰ ਵਾਰ ਪੈਦਾ ਹੋਣ ਵਾਲ਼ੇ ਝਗੜਿਆਂ ਦਾ ਅਧਾਰ ਹੈ। 20ਵੀਂ ਸਦੀ ਦੇ ਅਖੀਰਲੇ ਦਹਾਕੇ ਇਉਂ ਲਗਦਾ ਸੀ, ਜਾਂ ਕੁਝ ਬੁਰਜੂਆ ਚਿੰਤਕ ਇਹ ਭਰਮ ਪਾਲ ਰਹੇ ਸਨ ਕਿ ਅਮਰੀਕਾ ਦੀ ਅਗਵਾਈ ਵਿੱਚ ਸੰਸਾਰ, ਇੱਕ-ਧਰੁਵੀ ਸਾਮਰਾਜੀ ਪ੍ਰਬੰਧ ਵੱਲ ਵਧ ਰਿਹਾ ਹੈ। ਪਰ ਛੇਤੀ ਹੀ ਸਾਮਰਾਜ ਦੇ ਵੱਖ ਵੱਖ ਧੜਿਆਂ ਦੇ ਸਿਰ ਚੁੱਕਣ ਨਾਲ, ਇਹ ਭਰਮ ਛੇਤੀ ਹੀ ਟੁੱਟ ਗਿਆ। ਪੁਰਾਣਾ ਸਮਾਜਕ ਸਾਮਰਾਜੀ ਰੂਸ, ਪਛਮੀ ਯੂਰੋਪ, ਖਾਸ ਕਰ ਕੇ ਜਰਮਨੀ, ਜਪਾਨ ਅਤੇ ਚੀਨ ਤੇਜੀ ਨਾਲ ਸਰਮਾਏਦਾਰੀ ਵਿਕਾਸ ਦੇ ਰਾਹ ‘ਤੇ ਅੱਗੇ ਵਧੇ, ਸਾਮਰਾਜੀ ਖੇਮੇ ਦੇ ਨਵੇਂ ਧਰੁਵਾਂ ਦੇ ਰੂਪ ਵਿੱਚ ਸਿਰ ਚੁੱਕ ਰਹੇ ਹਨ। ਸੈਮ ਵਿਲੀਅਮਜ਼ ਦੇ ਲੇਖ ਵਿੱਚੋਂ ਕੁਝ ਹਵਾਲੇ ਜੋ ਵਰਤਮਾਨ ਹਾਲਤ ਬਾਰੇ ਜਾਣਕਾਰੀ ਵਿੱਚ ਵਾਧਾ ਕਰਨ ਵਾਲ਼ੇ ਹਨ, ਇਸ ਪ੍ਰਕਾਰ ਹਨ-

“ਬਰਤਾਨੀਆਂ ਵਿੱਚ ਬ੍ਰੈਗਜਿਟ ਵੋਟ ਅਤੇ ਅਮਰੀਕਾ ਵਿੱਚ ਡੋਨਾਲਡ ਟ੍ਰੰਪ ਦਾ ਸੱਤਾ ਵਿੱਚ ਆਉਣਾ ਸਾਮਰਾਜੀ ਦੇਸ਼ਾਂ ਅੰਦਰ ਆਰਥਿਕ ਕੌਮਵਾਦ ਦੇ ਉਭਾਰ ਦਾ ਸੂਚਕ ਹੈ, ਜਿਸ ਨੂੰ 70 ਸਾਲਾਂ ਤੋਂ ਅਮਰੀਕੀ ਸਾਮਰਾਜੀ ਦਾਬੇ ਨੇਂ ਦਬਾਇਆ ਹੋਇਆ ਸੀ। ਹਕੀਕਤ ਵਿੱਚ, ਵੱਡੇ ਪੱਧਰ ਦੀ ਮੰਦੀ ਤੋਂ ਬਾਅਦ ਸੰਸਾਰ ਵਪਾਰ ਕੁੱਲ ਆਰਥਿਕ ਵਾਧੇ ਦੇ ਮੁਕਾਬਲੇ ਧੀਮੀ ਗਤੀ ਨਾਲ਼ ਵਧ ਰਿਹਾ ਹੈ। ਇਸ ਨੇ 1945 ਤੋਂ ਚੱਲ ਰਹੇ ਸੰਸਾਰ ਆਰਥਿਕਤਾ ਦੇ ਮੁਕਾਬਲੇ ਸੰਸਾਰ ਵਪਾਰ ਦੇ ਵਾਧੇ ਤੇ ਰੁਝਾਨ ਨੂੰ ਪਲਟ ਦਿੱਤਾ ਹੈ। ਵਰਤਮਾਨ ਕੌਮਵਾਦ ਦੀ ਜ਼ਹਿਰੀਲੀ ਲਹਿਰ ਅਤੇ ਸਾਮਰਾਜੀ ਦੇਸ਼ਾਂ ਵਿੱਚ ਫੈਲ ਰਹੇ ਇਸ ਦੇ ਪੱਕੇ ਸਹਿਯੋਗੀ ਨਸਲਵਾਦ ਦੇ ਪਿੱਛੇ ਆਰਥਿਕ ਵਿਕਾਸ ਦੇ ਮੁਕਾਬਲੇ ਸੰਸਾਰ ਵਪਾਰ ਦਾ ਪਛੜ ਜਾਣਾ ਹੈ। ਇਹ ਇਸ ਗੱਲ ਦਾ ਸੂਚਕ ਹੈ ਕਿ ‘ਉਦਾਰ ਪ੍ਰਬੰਧ’,  ਬ੍ਰੈਗਜਿਟ ਵੋਟ ਅਤੇ ਡੋਨਾਲਡ ਟ੍ਰੰਪ ਦੀਆਂ ਚੋਣ ਤੋਂ ਪਹਿਲਾਂ ਹੀ ਉੱਧੜਨਾ ਸ਼ੁਰੂ ਹੋ ਗਿਆ ਸੀ।”

ਸਾਮਰਾਜੀ ਆਰਥਿਕ ਕੌਮਵਾਦ ਬਾਰੇ ਉਹ ਲਿਖਦੇ ਹਨ”, ਆਰਥਿਕ ਕੌਮਵਾਦ, ਜਦੋਂ ਇਹ ਸਾਮਰਾਜੀ ਦੇਸ਼ਾਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ, ਲਾਜ਼ਮੀ ਤੌਰ ‘ਤੇ ਕੌਮੀ ਨਫਰਤ ਅਤੇ ਨਸਲਵਾਦ ਵੱਲ ਲੈ ਜਾਂਦਾ ਹੈ, ਸਗੋਂ ਭੈੜੀ ਤਰਾਂ ਫ਼ਾਸੀਵਾਦ ਤੱਕ ਲੈ ਜਾਂਦਾ ਹੈ।”

ਸਾਮਰਾਜੀ ਦੇਸ਼ਾਂ ਵਿੱਚ ਪੈਰ ਪਸਾਰ ਰਿਹਾ, ਆਰਥਿਕ ਕੌਮਵਾਦ, ਇੱਕ ਘੋਰ ਪਿਛਾਖੜੀ ਅਤੇ ਮਜਦੂਰ ਵਿਰੋਧੀ ਵਰਤਾਰਾ ਹੈ। ਇਹ ਇੱਕ ਐਸਾ ਹਥਿਆਰ ਹੈ ਜਿਸ ਨਾਲ ਮੁਨਾਫ਼ੇ ਦੀ ਹਵਸ ਨਾਲ ਹਾਬੜਿਆ ਹੋਇਆ ਸਰਮਾਏਦਾਰੀ ਪ੍ਰਬੰਧ, ਆਪਣੀ ਅੰਤਮ ਬਿਰਧ ਅਵਸਥਾ ਵਿੱਚ, ਜਵਾਨੀ ਦੇ ਸੁਪਨਿਆਂ ਨੂੰ ਅਮਲ ਵਿੱਚ ਲਿਆਉਣ ਲਈ, ਅੰਨ•ੇ ਕੌਮਵਾਦ ਅਤੇ ਫ਼ਾਸੀਵਾਦ ‘ਤੇ ਆਸ ਟਿਕਾਈ ਬੈਠਾ ਹੈ। ਪਰ ਇਤਿਹਾਸ ਦੀ ਧਾਰਾ ਇਸ ਦਿਸ਼ਾ ਵੱਲ ਬਹੁਤ ਅੱਗੇ ਤੱਕ ਜਾਣ ਦੀ ਆਗਿਆ ਨਹੀਂ ਦੇ ਸਕਦੀ। ਆਪਣੇ ਸਮੇਂ ਕਾ। ਲੈਨਿਨ ਦੀ ਵਿਧੀ ਕੌਮਵਾਦ ਨੂੰ ਇਤਿਹਾਸਕ ਪਰਿਪੇਖ ਵਿੱਚ ਵੇਖਣ ਵਾਸਤੇ ਸਾਡੇ ਲਈ ਮਾਰਗ ਦਰਸ਼ਕ ਦਾ ਕੰਮ ਦਿੰਦੀ ਹੈ। ਉਹ ਲਿਖਦੇ ਹਨ, “ਪਹਿਲੀ ਥਾਂ, ਇਹਦੇ ਅਰਥ ਹਨ ਕਿ ਸਰਮਾਏਦਾਰੀ ਦੇ ਦੋ ਸਮਿਆਂ ਵਿੱਚ ਫ਼ਰਕ ਕੀਤਾ ਜਾਵੇ, ਜਿਹੜੇ ਜਿਥੋਂ ਤੱਕ ਕੌਮੀ ਲਹਿਰ ਦਾ ਸਬੰਧ ਹੈ, ਬੁਨਿਆਦੀ ਤੌਰ ‘ਤੇ ਇੱਕ ਦੂਜੇ ਤੋਂ ਵੱਖ ਹਨ। ਇੱਕ ਹੱਥ ਜਾਗੀਰਦਾਰੀ ਅਤੇ ਨਿਰੰਕੁਸ਼ਤਾ ਦੇ ਪਤਨ ਦਾ ਸਮਾਂ ਹੈ, ਬੁਰਜੂਆ-ਜਮਹੂਰੀ ਸਮਾਜ ਅਤੇ ਰਾਜ ਦੀ ਬਣਤਰ ਦਾ ਸਮਾਂ, ਜਦੋਂ ਕੌਮੀ ਲਹਿਰਾਂ ਪਹਿਲੀ ਵਾਰ ਜਨਤਕ ਲਹਿਰਾਂ ਬਣ ਗਈਆਂ ਅਤੇ ਇੱਕ ਜਾਂ ਦੂਜੇ ਢੰਗ ਨਾਲ ਅਖਬਾਰਾਂ ਰਾਹੀਂ ਵੱਸੋਂ ਦੀਆਂ ਸਾਰੀਆਂ ਜਮਾਤਾਂ ਨੂੰ ਸਿਆਸਤ ਵਿੱਚ, ਵਿਸ਼ੇਸ਼ ਤੌਰ ‘ਤੇ ਪ੍ਰਤੀਨਿਧ ਸੰਸਥਾਵਾਂ ਆਦਿ ਵਿੱਚ ਖਿੱਚਿਆ। ਦੂਜੇ ਹੱਥ, ਇਕ ਲੰਮੇ ਸਮੇਂ ਤੋ ਸਥਾਪਤ ਵਿਧਾਨਕ ਹਕੂਮਤਾਂ ਅਤੇ ਮਜ਼ਦੂਰ ਜਮਤਾ ਅਤੇ ਸਰਮਾਏਦਾਰ ਜਮਤਾ ਵਿਚਕਾਰ ਬਹੁਤ ਜਿਆਦਾ ਵਿਕਸਤ ਵਿਰੋਧਾਂ ਨਾਲ ਪੂਰੀ ਤਰਾਂ ਬਣੇ ਸਰਮਾਏਦਾਰ ਰਾਜਾਂ ਦਾ ਸਮਾਂ ਹੈ- ਇਕ ਅਜਿਹਾ ਸਮਾਂ ਜਿਸਨੂੰ ਸਰਮਾਏਦਾਰੀ ਦੇ ਪਤਨ ਦੀ ਪੂਰਬਲੀ ਸੰਧਿਆ ਦਾ ਸਮਾਂ ਕਿਹਾ ਜਾ ਸਕਦਾ ਹੈ।”(ਸਫਾ 214-215, ਸੈਂਚੀ-3, ਚੋਣਵੀਆਂ ਕਿਰਤਾਂ ਬਾਰਾਂ ਸੰਚੀਆਂ ਵਿੱਚ, ਲੈਨਿਨ)

-25-7-17

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 12, 1 ਅਗਸਤ 2017 ਵਿੱਚ ਪ੍ਰਕਾਸ਼ਿਤ

Advertisements