ਸਾਮਰਾਜੀ ਜੰਗਾਂ ਦੀ ਭੇਂਟ ਚੜ੍ਹਦਾ ਬਚਪਨ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

2016 ਦੇ ਜੁਲਾਈ ਮਹੀਨੇ ਦੇ ਸ਼ੁਰੂ ਵਿੱਚ ਯੂਨੀਸੇਫ਼ ਦੀ ਜਾਰੀ ਹੋਈ ਰਿਪੋਰਟ ਬੱਚਿਆਂ ਅਤੇ ਨੌਜਵਾਨਾਂ ਉੱਪਰ ਜੰਗ ਦੇ ਪੈਂਦੇ ਭਿਆਨਕ ਪ੍ਰਭਾਵਾਂ ਦੇ ਨਤੀਜੇ ਸਾਹਮਣੇ ਲੈ ਕੇ ਆਉਂਦੀ ਹੈ। ਰਿਪੋਰਟ ਮੁਤਾਬਕ ਦੂਸਰੀ ਸੰਸਾਰ ਜੰਗ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਐਨੀ ਵੱਡੀ ਗਿਣਤੀ ਵਿੱਚ ਬੱਚੇ ਜੰਗਾਂ, ਸੰਕਟ ਅਤੇ ਕੁਦਰਤੀ ਤਬਾਹੀ ਦੇ ਸ਼ਿਕਾਰ ਹੋਏ ਹਨ। ਇਸ ਰਿਪੋਰਟ ਮੁਤਾਬਕ ਤਕਰੀਬਨ 25 ਕਰੋੜ ਬੱਚੇ ਜੰਗ ਪ੍ਰਭਾਵਿਤ ਖੇਤਰਾਂ ਵਿੱਚ ਪਲਣ ਲਈ ਮਜ਼ਬੂਰ ਹਨ। ਅਜਿਹੇ ਖੇਤਰਾਂ ਵਿੱਚ ਉਹ ਮੁਲਕ ਆਉਂਦੇ ਹਨ ਜਿਹਨਾਂ ਦੀ ਜੰਗ ਜਾਂ ਘਰੇਲੂ ਜੰਗ ਨਾਲ਼ ਤਬਾਹੀ ਹੋਈ ਹੈ ਜਿਵੇਂ ਕਿ ਅਫ਼ਗ਼ਾਨਿਸਤਾਨ, ਇਰਾਕ, ਸੀਰੀਆ, ਯਮਨ ਅਤੇ ਕਈ ਹੋਰ, ਭਾਵ ਉਹ ਮੁਲਕ ਜਿਹਨਾਂ ਨੂੰ ਸਾਮਰਾਜੀ ਦਖਲਅੰਦਾਜ਼ੀ ਨੇ ਪਿੱਛਲੇ 10-15 ਸਾਲਾਂ ਦਰਮਿਆਨ ਜੰਗ ਦੇ ਮੂੰਹ ਵਿੱਚ ਧੱਕ ਦਿੱਤਾ ਹੈ। ਸਿਰਫ 2015 ਵਿੱਚ ਅਜਿਹੇ ਜੰਗ ਪ੍ਰਭਾਵਿਤ ਖੇਤਰਾਂ ਵਿੱਚ 1 ਕਰੋੜ 60 ਲੱਖ ਬੱਚੇ ਜਨਮੇ ਹਨ।

ਇਹ ਰਿਪੋਰਟ ਇਹਨਾਂ ਖੇਤਰਾਂ ਵਿੱਚ ਰਹਿ ਰਹੇ ਬੱਚਿਆਂ ਬਾਰੇ ਕੁੱਝ ਹੋਰ ਤੱਥ ਸਾਹਮਣੇ ਲਿਆਉਂਦੀ ਹੈ –

1. ਸੰਸਾਰ ਭਰ ਵਿੱਚ 7 ਕਰੋੜ 50 ਲੱਖ ਬੱਚੇ ਤਿੰਨ ਤੋਂ ਅਠਾਰਾਂ ਸਾਲ ਦੀ ਉਮਰ ਵਿੱਚ ਕਿੰਡਰਗਾਰਟਨ ਜਾਂ ਸਕੂਲ ਵਿੱਚ ਹਾਜ਼ਰ ਨਹੀਂ ਹੋ ਸਕੇ। ਜੰਗ ਕਾਰਨ ਅਤੇ ਭੈਅ ਦੇ ਮਾਹੌਲ ਵਿੱਚ ਇਹਨਾਂ ਦੀ ਪੜਾਈ ਲਗਾਤਾਰ ਤੇ ਨਿਯਮਿਤ ਢੰਗ ਨਾਲ਼ ਨਹੀਂ ਚੱਲ ਸਕੀ।

2. ਹਰ ਰੋਜ਼ ਔਸਤਨ 4 ਸਕੂਲ ਜਾਂ ਹਸਪਤਾਲ ਹਥਿਆਰਬੰਦ ਤਾਕਤਾਂ ਦਾ ਨਿਸ਼ਾਨਾ ਬਣਦੇ ਹਨ। ਅਫ਼ਗ਼ਾਨਿਸਤਾਨ ਵਿੱਚ ਇਕੱਲੇ 2014 ਵਿੱਚ 164 ਤੇ ਇਰਾਕ ‘ਚ 67 ਸਕੂਲਾਂ ਨੂੰ ਨਿਸ਼ਾਨਾ ਬਣਾਇਆ ਗਿਆ। ਨਾਈਜੀਰੀਆ ਵਿੱਚ ਬੋਕੋ ਹਰਮ ਨਾਂ ਦੇ ਇਸਲਾਮੀ ਕੱਟੜਪੰਥੀ ਗਰੁੱਪ ਨੇ ਹੁਣ ਤੱਕ 1200 ਸਕੂਲਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ 600 ਅਧਿਆਪਕਾਂ ਦਾ ਬੇਰਹਿਮੀ ਨਾਲ਼ ਕਤਲ ਕਰ ਚੁੱਕੇ ਹਨ।

3. ਸਿਰਫ 2015 ਦੌਰਾਨ ਸੀਰੀਆ ਵਿੱਚ ਯੂਨੀਸੇਫ ਕੋਲ ਬੱਚਿਆਂ ਦੇ ਹੱਕਾਂ ਦੀ ਗੰਭੀਰ ਉਲੰਘਣਾ ਕਰਨ ਦੇ 1500 ਕੇਸ ਰਜਿਸਟਰ ਹੋਏ। ਰਿਪੋਰਟ ਮੁਤਾਬਕ ਹੀ ਇਹ ਸਿਰਫ ਹੋ ਰਹੇ ਜ਼ੁਲਮ ਦਾ ਕਿਣਕਾ ਭਰ ਸੀ। 60% ਬੱਚਿਆਂ ਨੂੰ ਜਾਂ ਤਾਂ ਬੰਬਾਂ ਨਾਲ਼ ਮਾਰ ਦਿੱਤਾ ਗਿਆ ਜਾਂ ਬੁਰੀ ਤਰਾਂ ਜ਼ਖਮੀ ਕਰ ਦਿੱਤਾ ਗਿਆ। ਇੱਕ ਤਿਹਾਈ ਬੱਚਿਆਂ ਨੂੰ ਸਕੂਲ ਜਾਣ ਵੇਲੇ ਰਸਤੇ ਵਿੱਚ ਸ਼ਿਕਾਰ ਬਣਾਇਆ ਗਿਆ ।

4. ਇਨ੍ਹਾਂ ਇਲਾਕਿਆਂ ਵਿੱਚਲੇ ਬਹੁਤ ਸਾਰੇ ਬੱਚੇ ਕਈ ਸਾਲ ਸਕੂਲ ਵਿੱਚ ਹਾਜ਼ਰ ਨਹੀਂ ਹੋ ਸਕੇ ਕਿਉਂਕਿ ਸਕੂਲਾਂ ਨੂੰ ਤਬਾਹ ਕਰ ਦਿੱਤਾ ਗਿਆ ਜਾਂ ਰਸਤੇ ਖਤਰੇ ਤੋਂ ਖਾਲੀ ਨਹੀਂ ਸਨ ਤੇ ਕਈ ਵਾਰ ਤਾਂ ਕਿਤਾਬਾਂ ਅਤੇ ਪੈੱਨ ਖਰੀਦਣ ਲਈ ਵੀ ਪੈਸੇ ਨਹੀਂ ਸਨ। ਇਸੇ ਰਿਪੋਰਟ ਅਨੁਸਾਰ “5 ਸਾਲ ਤੋਂ ਛੋਟੇ ਲੱਖਾਂ ਸੀਰੀਅਨ ਮੁੰਡੇ ਅਤੇ ਕੁੜੀਆਂ ਨੂੰ ਜੰਗ ਅਤੇ ਹਵਾਈ ਹਮਲਿਆਂ ਤੋਂ ਬਿਨਾਂ ਹੋਰ ਕੁੱਝ ਸੋਝੀ ਨਹੀਂ”।

ਹਾਂ ਇਹ ਵੀ ਓਹੀ ਬੱਚੇ ਹਨ ਜਿਹਨਾਂ ਨੂੰ ਕਵੀ ਕਲੀਆਂ ਤੇ ਨਵੇਂ ਖਿੜੇ ਫੁੱਲ ਕਹਿ ਕੇ ਆਪਣੀ ਕਵਿਤਾ ਵਿੱਚ ਰੰਗ ਭਰਦਾ ਹੈ। ਜਦੋਂ ਖਿੜਨ ਤੋਂ ਪਹਿਲਾਂ ਹੀ ਫੁੱਲਾਂ ਨੂੰ ਕੁਚਲ ਦਿੱਤਾ ਜਾਵੇ, ਜਦੋਂ ਸਕੂਲ ਦਾ ਰਸਤਾ ਜੰਗਲੀ ਬਘਿਆੜਾਂ ਦੇ ਨਾਲ਼ ਟਕਰਾ ਕੇ ਜਾਂਦਾ ਹੋਵੇ ਅਤੇ ਅਸਮਾਨ ਉੱਤੇ ਮੰਡਰਾਉਂਦੇ ਰਹਿਣ ਜ਼ਹਿਰੀਲੇ ਨਾਗ ਤਾਂ ਬਚਪਨ ਕਿੰਨਾ ਭਿਆਨਕ ਹੋ ਸਕਦਾ ਹੈ ਇਹ ਸਾਡੇ ਸੋਚਣ ਤੋਂ ਵੀ ਬਾਹਰਾ ਹੈ।

ਇਹਨਾਂ ਮੁਲਕਾਂ ਵਿੱਚ ਜੰਗ ਲਈ ਸਾਮਰਾਜੀ ਮੁਲਕ ਹੀ ਜ਼ਿੰਮੇਂਵਾਰ ਹਨ ਜੋ ਕੁਦਰਤੀ ਸ੍ਰੋਤਾਂ ਉੱਤੇ ਕਬਜਾ ਕਰਕੇ ਮੁਨਾਫ਼ੇ ਕਮਾਉਣ ਦੀ ਹੋੜ੍ਹ ਵਿੱਚ ਬੇਕਸੂਰ ਅਤੇ ਭੋਲੇ ਬੱਚਿਆਂ ਨੂੰ ਮਾਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਜੰਗ ਦੇ ਉਜਾੜੇ ਗਏ ਇਹਨਾਂ ਲੋਕਾਂ ਨੂੰ ਧਰਤੀ ਦੇ ਕਿਸੇ ਟੁਕੜੇ ਉੱਤੇ ਸ਼ਰਨ ਵੀ ਨਹੀਂ ਮਿਲ ਰਹੀ ਅਤੇ ਯੂਰਪ ਭਰ ਦੀਆਂ ਸਰਕਾਰਾਂ ਇਹਨਾਂ ਨੂੰ ਆਪਣੇ-ਆਪਣੇ ਮੁਲਕਾਂ ਵਿੱਚ ਵੀ ਸ਼ਰਨ ਦੇਣ ਨੂੰ ਤਿਆਰ ਨਹੀਂ ਹਨ।

ਅਜਿਹੇ ਜੰਗੀ ਅਪਰਾਧਾਂ ਲਈ ਜਿੰਮੇਂਵਾਰ ਸਰਮਾਏਦਾਰਾ ਢਾਂਚੇ ਤੋਂ ਤਾਂ ਇੱਕ ਦਿਨ ਮਿਹਨਤਕਸ਼ ਲੋਕ ਜ਼ਰੂਰ ਇਨਸਾਫ ਲੈਣਗੇ ਹੀ ਪਰ ਜੋ ਸਵਾਲ ਸਾਡੇ ਸਾਹਮਣੇ ਹੈ ਉਹ ਹੈ ਕਿ ਅਸੀਂ ਨੌਜਵਾਨ ਅਜਿਹੇ ਬਰਬਰ ਢਾਂਚੇ ਨੂੰ ਉਖਾੜ ਕੇ ਨਵਾਂ ਢਾਂਚਾ ਬਣਾਉਣ ਲਈ ਕਦੋਂ ਅੱਗੇ ਆਉਂਦੇ ਹਾਂ ?

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 58, 1 ਅਗਸਤ 2016 ਵਿੱਚ ਪ੍ਰਕਾਸ਼ਤ

Advertisements