ਵਿਦਿਆਰਥੀ-ਨੌਜਵਾਨ ਲਹਿਰ : ਪਹੁੰਚ ਅਤੇ ਨਜ਼ਰੀਏ ਬਾਰੇ ਕੁਝ ਹੋਰ ਸਪਸ਼ਟੀਕਰਨ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਆਧੁਨਿਕ ਯੁੱਗ ਦੇ ਇਤਿਹਾਸ ਦੇ ਕਿਸੇ ਵੀ ਦੌਰ ਵਿੱਚ, ਕਿਸੇ ਵੀ ਦੇਸ਼ ਵਿੱਚ ਇਨਕਲਾਬੀ ਸਮਾਜਿਕ ਤਬਦੀਲੀ ਵਿੱਚ ਵਿਦਿਆਰਥੀਆਂ-ਨੌਜਵਾਨਾਂ ਦੀ ਅਹਿਮ ਭੂਮਿਕਾ ਰਹੀ ਹੈ। ਪਰ ਇਸ ਤੱਥ ਨੂੰ ਮੰਨਦੇ ਹੋਏ, ਵਿਦਿਆਰਥੀਆਂ-ਨੌਜਵਾਨਾਂ ਦੀ ਅਬਾਦੀ ਪ੍ਰਤੀ ਇੱਕ ਗੈਰ-ਜਮਾਤੀ ਨਜ਼ਰੀਆ ਅਪਣਾਉਣਾ ਜਾਂ ਸਿਰਫ਼ ਮੱਧਵਰਗੀ ਨੌਜਵਾਨ ਅਬਾਦੀ ਦੀ ਭੂਮਿਕਾ ਉੱਤੇ ਜ਼ੋਰ ਦੇਣਾ ਗਲਤ ਅਤੇ ਨੁਕਸਾਨਦੇਹ ਹੂੰਦਾ ਹੈ।
 
ਜਮਾਤਾਂ ਵਿੱਚ ਵੰਡੇ ਹੋਏ ਸਮਾਜ ਵਿੱਚ ਸਿਰਫ਼ ਜਮਾਤੀ ਸੰਘਰਸ਼ ਹੀ ਇਤਿਹਾਸ-ਵਿਕਾਸ ਦੀ ਕੂੰਜੀਵਤ ਕੜੀ ਹੋ ਸਕਦਾ ਹੈ। ਸਿਰਫ਼ ਦੁਸ਼ਮਣਾਨਾ ਸੰਬੰਧਾਂ ਵਾਲੀਆਂ ਜਮਾਤਾਂ ਦੇ ਆਪਸੀ ਸੰਘਰਸ਼ ਤੋਂ ਹੀ ਇਤਿਹਾਸ ਅੱਗੇ ਵੱਲ ਗਤੀਮਾਨ ਹੁੰਦਾ ਹੈ। ਪੂਜੀਵਾਦੀ ਸਮਾਜ ਵਿੱਚ, ਛੋਟੇ-ਦਰਮਿਆਨੇ ਕਿਸਾਨ ਅਤੇ ਸ਼ਹਿਰੀ ਪੇਂਡੂ ਮੱਧਵਰਗ ਦੀਆਂ ਨਿਚਲੀਆਂ-ਦਰਮਿਆਨੀਆਂ ਪਰਤਾਂ ਵੀ ਪੂੰਜੀਪਤੀਆਂ ਅਤੇ ਉਹਨਾ ਦੀਆਂ ਸਹਿਯੋਗੀ ਲੁਟੇਰੀਆਂ ਜਮਾਤਾਂ ਦੀ ਲੁੱਟ ਦਾ ਸ਼ਿਕਾਰ ਹੁੰਦੀਆਂ ਹਨ। ਪਰ ਪੂੰਜੀਵਾਦ ਵਿਰੁੱਧ ਸੰਘਰਸ਼ ਦੀ ਅਗਵਾਈ ਮਜ਼ਦੂਰ ਜਮਾਤ ਹੀ ਕਰ ਸਕਦੀ ਹੈ, ਕਿਉਂਕਿ ਇਹੋ ਉਹ ਜਮਾਤ ਹੈ ਜੋ ਹਰ ਪ੍ਰਕਾਰ ਦੀ ਨਿਜੀ ਮਾਲਕੀ ਤੋਂ ਵਾਂਝੀ ਹੁੰਦੀ ਹੈ ਅਤੇ ਜਿਉਂਦੇ ਰਹਿਣ ਲਈ ਮੰਡੀ ਵਿੱਚ ਆਪਣੀ ਕਿਰਤ ਸ਼ਕਤੀ ਵੇਚਣ ਲਈ ਮਜ਼ਬੂਰ ਹੁੰਦੀ ਹੈ। ਨਿੱਜੀ ਮਾਲਕੀ ਦਾ ਉਚਤਮ ਰੂਪ ਬੂਰਜੂਆ ਨਿਜੀ ਮਾਲਕੀ ਹੈ, ਜਿਸ ਦਾ ਉਲਟਾ ਸਿਰਾ ਮਜ਼ਦੂਰ ਜਮਤਾ ਹੈ ਜੋ ਸਾਰੀ ਸੰਪਦਾ ਦੀ ਸਿਰਜਕ ਹੈ ਪਰ ਜਿਸ ਕੋਲ ਗਵਾਉਣ ਲਈ ਆਪਣੀਆਂ ਜ਼ੰਜ਼ੀਰਾਂ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ। ਪੂੰਜੀਵਾਦੀ ਸਮਾਜ ਦੀ ਬੁਨਿਆਦੀ ਅੰਦਰੂਨੀ ਵਿਰੋਧਤਾਈ ਇਹ ਹੈ ਕਿ ਉਤਪਾਦਨ ਦੀ ਅਤੀ ਉੱਨਤ ਪ੍ਰਕਿਰਿਆ ਸਮਾਜਿਕ ਹੁੰਦੀ ਹੈ (ਜਿਆਦਾ ਤੋਂ ਜਿਆਦਾ ਲੋਕ ਉੱਨਤ ਮਸ਼ੀਨਾਂ ਉੱਪਰ ਇਕੱਠੇ ਆਪਸੀ ਤਾਲਮੇਲ ਕਰਕੇ ਉਤਪਾਦਨ ਕਰਦੇ ਹਨ ਅਤੇ ਇਹ ਸਮਾਜੀਕਰਨ ਲਗਾਤਾਰ ਵਧਦਾ ਜਾਂਦਾ ਹੈ), ਜਦਕਿ ‘‘ਐਪ੍ਰੋਪ੍ਰੀਏਸ਼ਨ’’ (ਹਥਿਆਉਣਾ) ਅਤੇ ਸੰਗਿ੍ਰਹ ਦੀ ਪ੍ਰਕਿਰਿਆ ਨਿਜੀ ਕਿਸਮ ਦੀ ਹੁੰਦੀ ਹੈ। ਥੋੜੇ ਜਿਹੇ ਪਰਜੀਵੀਆਂ ਦੇ ਹੱਥਾਂ ਵਿੱਚ ਕੇਂਦਰਿਤ ਪੂੰਜੀ ਦੁਨੀਆਂ ਭਰ ਦੇ ਵਿਸ਼ਾਲ ਕਾਰਖਾਨਿਆਂ ਅਤੇ ਫਾਰਮਾਂ ਵਿੱਚ ਕਾਰਜ਼ਸ਼ੀਲ ਵਿਰਾਟ ਉਤਪਾਦਕ ਸ਼ਕਤੀਆਂ ਨੂੰ ਕੰਟਰੋਲ਼ ਕਰਦੀ ਹੈ। ਪੂੰਜੀ ਦੇ ਸੰਕੇਦਰਣ ਦੀ ਆਮ ਪ੍ਰਵਿਰਤੀ ਹੀ ਪੂੰਜੀਪਤੀਆਂ ਵਿਚਕਾਰ, ਦੇਸ਼ਾਂ ਅੰਦਰ, ਅਤੇ ਸਾਰੀ ਦੁਨੀਆਂ ਦੇ ਪੈਮਾਨੇ ਉੱਪਰ ਗਲ਼ ਵੱਢੇ ਮੁਕਾਬਲੇ ਅਤੇ ਇਜ਼ਾਰੇਦਾਰੀ ਦੀ ਪ੍ਰਵਿਰਤੀ ਨੂੰ ਜ਼ਨਮ ਦਿੰਦੀ ਹੈ। ਸਮਾਜਕ ਧਰਾਤਲ ਉੱਤੇ ਪੂੰਜੀਪਤੀ ਜਮਾਤ ਨਿਜੀ ‘‘ਐਪ੍ਰੋਪਰੀਏਸ਼ਨ’’ (ਹਥਿਆਉਣਾ) ਅਤੇ ਸੰਗਿ੍ਰਹ ਦੀ ਪ੍ਰਤੀਨਿਧੀਤਾ ਕਰਦੀ ਹੈ ਅਤੇ ਮਜ਼ਦੂਰ ਜਮਾਤ ਨਿਜੀ ‘‘ਐਪੋ੍ਰਪਰੀਏਸ਼ਨ’’ ਨੂੰ ਸਮਾਪਤ ਕਰਕੇ, ਉਸਦਾ ਸਮਾਜੀਕਰਣ ਕਰਕੇ ਭਾਵ ਉਤਪਾਦਨ ਦੇ ਸਾਧਨਾਂ ਦੀ ਨਿਜੀ ਮਾਲਕੀ ਖਤਮ ਕਰਕੇ, ਪੂੰਜੀਵਾਦ ਨੂੰ ਉਖਾੜ ਸੁੱਟਦੀ ਹੈ ਅਤੇ ਜਮਾਤ ਰਹਿਤ ਸਮਾਜ ਦੀ ਦਿਸ਼ਾ ਵਿੱਚ ਸੰਕਰਮਣ ਦੀ ਸ਼ੁਰੂਆਤ ਕਰਦੀ ਹੈ ਜਿਸਨੂੰ ਸਮਾਜਵਾਦੀ ਸੰਕਰਮਣ ਦਾ ਦੌਰ ਕਿਹਾ ਜਾਂਦਾ ਹੈ। ਮਜ਼ਦੂਰ ਇਨਕਲਾਬਾਂ ਦੇ ਕੁਝ ਪ੍ਰਯੋਗ ਚਾਹੇ ਹਾਰ ਗਏ ਹਨ, ਪਰ ਆਖਰ ਨੂੰ ਇਹੋ ਹੋਣਾ ਹੈ, ਕਿਉਂਕਿ ਸਮਾਜ-ਵਿਕਾਸ ਦੇ ਨਿਯਮ ਇਹੋ ਦੱਸਦੇ ਹਨ।
 
 
ਭਾਰਤ ਵੀ ਇੱਕ ਪੂੰਜੀਵਾਦੀ ਦੇਸ਼ ਹੈ। ਇੱਥੇ ਜਗੀਰੂ ਰਹਿੰਦ-ਖੂੰਹਦ ਅਜੇ ਵੀ ਮੌਜੂਦ ਹੈ, ਪਰ ਸਾਰੇ ਪਿਛੜੇਪਣ ਦੇ ਬਾਵਜੂਦ ਇਹ ਇੱਕ ਪੂੰਜੀਵਾਦੀ ਸਮਾਜ ਹੈ ਜਿੱਥੇ ਮਜ਼ਦੂਰ ਜਮਾਤ ਨਾ ਸਿਰਫ਼ ਇਨਕਲਾਬ ਦੀ ਆਗੂ ਤਾਕਤ ਹੈ, ਸਗੋਂ ਪਿੰਡਾਂ ਅਤੇ ਸ਼ਹਿਰਾਂ ਦੇ ਮਜ਼ਦੂਰਾਂ ਦੀ ਕੁੱਲ ਆਬਾਦੀ ਪੰਜਾਹ ਕਰੋੜ ਤੋਂ ਵੀ ਵੱਧ ਹੋਣ ਕਰਕੇ ਇਹੋ ਨਵੇਂ ਸਮਾਜਵਾਦੀ ਇਨਕਲਾਬ ਦੀ ਪ੍ਰਮੁੱਖ ਤਾਕਤ ਹੈ। ਪਿੰਡਾ-ਸ਼ਹਿਰਾਂ ਦੇ ਅਰਧ-ਪ੍ਰੋਲੇਤਾਰੀਆਂ ਅਤੇ ਗਰੀਬ ਕਿਸਾਨਾਂ ਨੂੰ ਜੋੜ ਦੇਣ ਉੱਤੇ ਇਹ ਅਬਾਦੀ 65-70 ਕਰੋੜ ਦੇ ਆਸਪਾਸ ਪਹੁੰਚ ਜਾਵੇਗੀ। ਨਿਮਨ-ਮੱਧਵਰਗ ਅਤੇ ਨਿਮਨ-ਦਰਿਮਿਆਨੇ ਕਿਸਾਨ ਵੀ ਪੂੰਜੀਵਾਦ ਹੱਥੋਂ ਆਪਣੀ ਤਬਾਹੀ ਕਾਰਨ ਇਨਕਲਾਬ ਦੀਆਂ ਨੇੜਲੀਆਂ ਸਹਿਯੋਗੀ ਜਮਾਤਾਂ ਹਨ। ਵਿਦਿਆਰਥੀਆਂ ਅਤੇ ਨੌਜਵਾਨਾਂ ਦੀ ਵੱਡੀ ਅਬਾਦੀ ਵੀ ਇਹਨਾਂ ਹੀ ਜਮਾਤਾਂ ਤੋਂ ਆਉਂਦੀ ਹੈ ਅਤੇ ਜਮਾਤੀ ਖਾਸੇ ਵਜੋਂ ਹੀ ਇਨਕਲਾਬੀ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਸੰਭਾਵਨਾ ਨਾਲ ਲੈਸ ਹੈ।
 
 
ਜਦੋਂ ਅਸੀਂ ਇਨਕਲਾਬੀ ਵਿਦਿਆਰਥੀ-ਨੌਜਵਾਨ ਲਹਿਰ ਦੀ ਗੱਲ ਕਰਦੇ ਹਾਂ, ਤਾਂ ਸਾਡੇ ਕਹਿਣ ਦਾ ਭਾਵ ਆਮ ਲੋਕਾਂ ਦੀਆਂ ਭਿੰਨ-ਭਿੰਨ ਜਮਾਤਾਂ ਤੋ ਆਉਣ ਵਾਲ਼ੇ ਵਿਦਿਆਰਥੀਆਂ-ਨੌਜਵਾਨਾਂ ਤੋਂ ਹੁੰਦਾ ਹੈ। ਪਰ ਜੇਕਰ ਮਹਾਂਨਗਰਾਂ ਦੇ ਕਾਲਜਾਂ-ਯੂਨੀਵਰਸਿਟੀਆਂ ਦੇ ਕੈਂਪਸਾਂ ਦੀ ਗੱਲ ਕਹੀਏ ਤਾਂ ਉੱਥੇ ਇਕਦਮ ਗਰੀਬ ਘਰਾਂ ਦੇ ਵਿਦਿਆਰਥੀ ਘੱਟ ਹੀ ਪਹੁੰਚ ਪਾਉਂਦੇ ਹਨ। ਉੱਥੇ ਅੱਧੀ ਦੇ ਲਗਭਗ ਅਬਾਦੀ ਜਾਂ ਤਾਂ ਪੂੰਜੀਪਤੀਆਂ, ਵਪਾਰੀਆਂ, ਅਫਸਰਾਂ, ਧਨੀ-ਕਿਸਾਨਾਂ ਆਦਿ ਪਰਜੀਵੀ ਜਮਾਤਾਂ ਦੇ ਘਰਾਂ ਤੋਂ ਅਤੇ ਪਿੰਡਾਂ-ਸ਼ਹਿਰਾਂ ਦੇ ਉਹਨਾਂ ਮੱਧਵਰਗੀ ਘਰਾਂ ਤੋਂ ਆਉਂਦੀ ਹੈ ਜੋ ਇਸ ਢਾਂਚੇ ਤੋਂ ਹਾਲੇ ਉਮੀਦ ਪਾਲੀ ਬੈਠੇ ਹਨ ਅਤੇ ਜਿੰਦਗੀ ਦੀਆਂ ਪਰੇਸ਼ਾਨੀਆਂ ਝੱਲਦੇ ਹੋਏ ਵੀ, ਇਨਕਲਾਬੀ ਪੱਖ ਚੁਣਨ ਦੀ ਬਜਾਇ ਵਿੱਚਕਾਰ ਹੀ ਲਟਕੇ ਹੋਏ ਹਨ। ਇਨਕਲਾਬੀ ਵਿਦਿਆਰਥੀ ਲਹਿਰ ਦੀ ਕੇਂਦਰੀ ਅਤੇ ਆਗੂ ਤਾਕਤ ਆਮ ਕਿਰਤੀ ਘਰਾਂ ਅਤੇ ਨਿਮਨ-ਮੱਧਵਰਗੀ ਘਰਾਂ ਤੋਂ ਆਉਣ ਵਾਲ਼ੇ ਵਿਦਿਆਰਥੀ ਹੀ ਹੋ ਸਕਦੇ ਹਨ ਜੋ ਪੂੰਜੀਵਾਦ ਵਿਰੁੱਧ ਫੈਸਲਾਕੁਨ ਸੰਘਰਸ਼ ਲਈ ਤਿਆਰ ਹੋਣ ਅਤੇ ਵਿਚਾਰਕ ਪੱਧਰ ਉੱਤੇ ਜਾਗਰੂਕ ਹੋਣ। ਜੋ ਵਿਦਿਆਰਥੀ ਮੱਧਵਰਗ ਅਤੇ ਦਰਮਿਆਨੇ ਕਿਸਾਨਾਂ ਵਿਚਲੀਆਂ ਪਰਤਾਂ ਤੋਂ ਆਉਂਦੇ ਹਨ, ਉਹਨਾਂ ਨੂੰ ਪ੍ਰਚਾਰ ਅਤੇ ਸਿੱਖਿਆ ਦੁਆਰਾ ਇਨਕਲਾਬੀ ਪੱਖ ਵੱਲ ਲਿਆਉਣਾ ਇਨਕਲਾਬੀ ਵਿਦਿਆਰਥੀ ਲਹਿਰ ਦਾ ਇੱਕ ਅਹਿਮ ਕਾਰਜ ਹੈ।
 
 
ਗਰੀਬ ਘਰਾਂ ਦੇ ਜੋ ਨੌਜਵਾਨ ਕਾਲਜਾਂ-ਯੂਨੀਵਰਸਿਟੀਆਂ ਦੇ ਕੈਂਪਸਾਂ ਤੱਕ ਨਹੀਂ ਪਹੁੰਚ ਪਾਉਂਦੇ, ਉਹਨਾਂ ਨੂੰ ਉਹਨਾਂ ਦੀ ਜਿੰਦਗੀ ਹੀ ਇਹ ਸਬਕ ਸਿਖਾ ਦਿੰਦੀ ਹੈ ਕਿ ਪੂੰਜੀਵਾਦੀ ਸਮਾਜ-ਵਿਵਸਥਾ ਵਿੱਚ ਸਿੱਖਿਆ ਅਤੇ ਰੁਜ਼ਗਾਰ ਦਾ ਵਿਸ਼ੇਸ਼ ਅਧਿਕਾਰ ਜਿਆਦਾਤਰ ਮੂੰਹ ਵਿੱਚ ਚਾਂਦੀ ਦਾ ਚਮਚ ਲੈ ਕੇ ਪੈਦਾ ਹੋਏ ਲੋਕਾਂ ਲਈ ਹੀ ਸੁੱਰਖਿਅਤ ਹੈ। ਖਾਸਕਰ, ਉਦਾਰੀਕਰਨ ਨਿਜੀਕਰਨ ਦੇ ਦੌਰ ਵਿੱਚ ਸਿੱਖਿਆ ਜਿਆਦਾ ਤੋਂ ਜਿਆਦਾ ਧਨੀ ਲੋਕਾਂ ਦੁਆਰਾ ਖਰੀਦੀ ਜਾ ਸਕਣ ਵਾਲ਼ੀ ਅਤੇ ਪੂੰਜੀਪਤੀਆਂ ਦੁਆਰਾ ਵੇਚੀ ਜਾਣ ਵਾਲ਼ੀ ਚੀਜ਼ ਬਣਦੀ ਜਾ ਰਹੀ ਹੈ। ਆਮ ਘਰਾਂ ਦੇ ਮੁੰਡੇ-ਕੁੜੀਆਂ ਛੋਟੇ ਸ਼ਹਿਰਾਂ-ਕਸਬਿਆਂ ਦੇ ਕਾਲਜਾਂ ਤੋਂ ਜੋ ਡਿਗਰੀਆਂ ਹਾਸਲ ਕਰਦੇ ਹਨ, ਉਹ ਨੌਕਰੀ ਦਿਵਾਉਣ ਦੀ ਨਜ਼ਰ ਤੋਂ ਇਕਦਮ ਬੇਕਾਰ ਹੁੰਦੀਆਂ ਹਨ ਅਤੇ ਸਿੱਖਿਆ ਦੀ ਗੁਣਵੱਤਾ ਦੀ ਨਜ਼ਰ ਤੋਂ ਵੀ ਉਹਨਾਂ ਦਾ ਕੋਈ ਮੁੱਲ ਨਹੀਂ ਹੁੰਦਾ। ਜਮਾਤੀ ਤੱਤ ਦੀ ਦਿ੍ਰਸ਼ਦੀ ਤੋਂ ਛੋਟੇ ਸ਼ਹਿਰਾਂ-ਕਸਬਿਆਂ ਦੇ ਇਹਨਾਂ ਵਿਦਿਆਰਥੀਆਂ ਦੀਆਂ ਰੈਡੀਕਲ ਢਾਂਚੇ-ਵਿਰੋਧੀ ਵਿਦਿਆਰਥੀ ਜੱਥੇਬੰਦੀਆਂ ਬਣਾਉਣ ਦੀ ਸੰਭਾਵਨਾ ਵੱਧ ਹੈ। ਭਾਵੇਂ ਚੇਤਨਾ ਦੇ ਸਾਪੇਖਕ ਪਿਛੜੇਪਨ ਕਾਰਨ ਉਹਨਾਂ ਵਿਚਕਾਰ ਵੱਧ ਵਿਆਪਕ, ਸੰਘਣੇ ਅਤੇ ਲੰਬੇ ਇਨਕਲਾਬੀ ਪ੍ਰਚਾਰ ਅਤੇ ਸਿੱਖਿਆ ਦੀ ਕਾਰਵਾਈ ਦੀ ਲੋੜ ਹੋਵੇਗੀ। ਵੱਡੇ ਮਹਾਂਨਗਰਾਂ ਦੇ ਉੱਨਤ ਸਿੱਖਿਆ ਸੰਸਥਾਨਾਂ ਵਿੱਚ ਉੱਚ ਮੱਧਵਰਗ ਦੇ ਵਿਦਿਆਰਥੀਆਂ ਦੀ ਬਹੁਤਾਤ ਹੋਣ ਕਰਕੇ ਉੱਥੇ ਇਨਕਲਾਬੀ ਵਿਦਿਆਰਥੀ ਲਹਿਰ ਦਾ ਅਧਾਰ ਓਨਾ ਵਿਆਪਕ ਨਹੀਂ ਹੋਵੇਗਾ, ਪਰ ਉਨਤ ਚੇਤਨਾ ਵਾਲੇ ਇਨਕਲਾਬੀ ਤੱਤਾਂ ਦੀ ਭਰਤੀ ਦੀ ਸੰਭਾਵਨਾ ਵੱਧ ਹੋਵੇਗੀ।
 
 
ਨਿਮਨ-ਮੱਧਵਰਗ ਦੇ ਜੋ ਨੌਜਵਾਨ ਜਾਂ ਤਾਂ ਉੱਚ-ਸਿੱਖਿਆ ਦੇ ਦਾਇਰੇ ਵਿੱਚ ਜਾ ਹੀ ਨਹੀਂ ਪਾ ਰਹੇ, ਜਾਂ ਕੈਪਸਾਂ ਤੋਂ ਬਾਹਰ ਧੱਕੇ ਜਾ ਰਹੇ ਹਨ, ਜਾਂ ਬਸ ਨਾਂ ਦੀ ਹੀ ਡਿਗਰੀ ਹਾਸਿਲ ਕਰ ਰਹੇ ਹਨ, ਉਹ ਲੰਬੀ ਬੇਰੁਜ਼ਗਾਰੀ ਝੱਲਣ ਜਾਂ ਅਰਧ-ਬੇਰੁਜ਼ਗਾਰਾਂ ਦੇ ਰੂਪ ਵਿੱਚ ਕੋਈ ਪਾਰਟ ਟਾਈਮ ਨੌਕਰੀ ਕਰਨ, ਟਿਊਟਰ ਜਾਂ ਸੇਲਜ਼ਮੈਨ ਦਾ ਕੰਮ ਕਰਨ ਜਾਂ ਦਿਹਾੜੀ ਮਜ਼ਦੂਰਾਂ ਦੀਆਂ ਸਫਾਂ ਵਿੱਚ ਸ਼ਾਮਲ ਹੋਣ ਜਾਣ ਲਈ ਮਜ਼ਬੂਰ ਹਨ, ਉਹ ਇਨਕਲਾਬੀ ਨੌਜਵਾਨ ਲਹਿਰ ਦੀ ਮੁੱਖ ਤਾਕਤ ਬਣਨਗੇ। ਸਿੱਖਿਆ ਅਤੇ ਰੁਜ਼ਗਾਰ ਦੀ ਲੜਾਈ ਲੜਦੇ ਹੋਏ ਇਹ ਮਜ਼ਦੂਰ ਲਹਿਰ ਨਾਲ਼ ਨੇੜੇ ਤੋਂ ਜੁੜਨਗੇ ਅਤੇ ਫੇਰ ਪੂੰਜੀਵਾਦ ਵਿਰੁੱਧ ਸਾਂਝੀਆਂ ਲੜਾਈਆਂ ਵਿੱਚ ਮੋਢੇ ਨਾਲ ਮੋਢਾ ਜੋੜਕੇ ਲੜਨਗੇ।
 
 
ਪਰ ਵਿਦਿਆਰਥੀ ਲਹਿਰ ਨੂੰ ਜੇ ਅਸੀਂ ਸਾਮਰਾਜਵਾਦ-ਪੂੰਜੀਵਾਦ ਵਿਰੋਧੀ ਇਨਕਲਾਬੀ ਸੰਘਰਸ਼ ਦੇ ਸੰਦਰਭ ਵਿੱਚ ਵੇਖਦੇ ਹਾਂ ਤਾਂ ਸਾਨੂੰ ਇਸ ਨੂੰ ਜਮਾਤੀ ਨਜ਼ਰੀਏ ਤੋਂ ਵੇਖਣਾ ਹੋਵੇਗਾ ਅਤੇ ਸਭ ਤੋਂ ਪਹਿਲਾਂ ਸਾਡਾ ਧਿਆਨ ਮਜ਼ਦੂਰਾਂ ਦੀ ਨੌਜਵਾਨ ਪੀੜੀ ਉੱਤੇ-ਭਾਵ ਨੌਜਵਾਨ ਮਜ਼ਦੂਰਾਂ ਅਤੇ ਮਜ਼ਦੂਰ ਪਰਿਵਾਰਾਂ ਦੇ ਨੌਜਵਾਨਾਂ ਉੱਤੇ ਹੋਣਾ ਚਾਹੀਦਾ ਹੈ। ਕਾਰਲ ਮਾਰਕਸ ਨੇ ਆਪਣੇ ਸ਼ੁਰੂਆਤੀ ਲੇਖਣ (1844) ਵਿੱਚ ਅਜਿਹੇ ਨੌਜਵਾਨਾਂ ਲਈ ‘‘ਮਜ਼ਦੂਰ ਜਮਾਤ ਦੀ ਉੱਭਰ ਰਹੀ ਪੀੜੀ’’ ਨਾਂ ਦਾ ਪ੍ਰਯੋਗ ਕੀਤਾ (ਕਲੈਕਟੇਡ ਵਰਕਸ, ਖੰਡ 2, ਪੋ੍ਰਗੈ੍ਰਸ ਪਬਲਿਸ਼ਰਸ, 1975, ਪੰਨਾ 168-69) ਅੱਗੇ ਚੱਲ ਕੇ ਉਹਨਾਂ ਨੇ ਲਿਖਿਆ: ‘‘ਮਜ਼ਦੂਰ ਜਮਾਤ ਦਾ ਵੱਧ ਪ੍ਰਬੱੁਧ ਹਿੱਸਾ ਪੂਰੀ ਤਰਾਂ ਸਮਝਦਾ ਹੈ ਕਿ ਇਸ ਦੀ ਜਮਾਤ ਦਾ ਅਤੇ ਇਸ ਲਈ ਸੰਪੂਰਣ ਮਨੁਖ ਜਾਤੀ ਦਾ ਭਵਿੱਖ ਮਜ਼ਦੂਰਾਂ ਦੀ ਉੱਭਰ ਰਹੀ ਪੀੜੀ ਦੀ ਉਸਾਰੀ ਉੱਤੇ ਨਿਰਭਰ ਕਰਦਾ ਹੈ’’ (ਕਲੈਕਟਡ ਵਰਕਸ, ਖੰਡ 3, ਪ੍ਰੋਗੈ੍ਰਸ ਪਬਲਿਸ਼ਰਜ, 1975, ਪੰਨਾ 197)। ਲੈਨਿਨ ਨੇ ਵੀ ਵਿਦਿਆਰਥੀ-ਨੌਜਵਾਨ ਲਹਿਰ ਪ੍ਰਤੀ ਹਮੇਸ਼ਾਂ ਹੀ ਜਮਾਤੀ ਨਜਰੀਆ ਅਪਣਾਉਣ ਉੱਤੇ ਜ਼ੋਰ ਦਿੱਤਾ ਅਤੇ ਪੂੰਜੀਵਾਦੀ ਅਤੇ ਨਿਮਨ-ਪੂੰਜੀਵਾਦੀ ਰਾਜੀਨੀਤੀਵਾਨਾਂ ਦੁਆਰਾ ਨੌਜਵਾਨਾਂ ਵਿਚਲੇ ਸਮਾਜਿਕ ਜਮਾਤੀ ਭੇਦ ਨੂੰ ਲੁਕਾਉਣ ਅਤੇ ਜਮਾਤੀ ਸੰਘਰਸ਼ ਵਿਚ ਮਜ਼ਦੂਰ ਜਮਾਤ ਨਾਲ਼ ਮਿਲ ਕੇ ਭਾਗ ਲੈਣ ਤੋਂ ਉਹਨਾਂ ਨੂੰ ਅਲੱਗ ਕਰਨ ਦੀ ਹਰ ਕੋਸ਼ਿਸ਼ ਦਾ ਵਿਰੋਧ ਕੀਤਾ। ਨੌਜਵਾਨ ਲਹਿਰ ਦੇ ਇਨਕਲਾਬੀ ਚਰਿੱਤਰ ਦਾ ਪੈਮਾਨਾਂ ਨੌਜਵਾਨਾਂ ਦੀ ਉਮਰ-ਵਿਸ਼ੇਸ਼ਤਾ ਦੀ ਬਜਾਇ ਉਹਨਾਂ ਨੇ ਜਮਾਤੀ-ਚਰਿੱਤਰ ਨੂੰ ਮੰਨਿਆ ਭਾਵ ਇਸ ਗੱਲ ਨੂੰ ਮੰਨਿਆ ਕਿ ਨੌਜਵਾਨ ਲਹਿਰ ਦੀ ਮੁੱਖ ਤਾਕਤ ਮਜ਼ਦੂਰ, ਹੋਰ ਕਿਰਤੀ ਜਮਾਤਾਂ ਅਤੇ ਪੂੰਜੀਵਾਦ ਹੱਥੋਂ ਤਬਾਹ ਹੋ ਰਹੀਆਂ ਮੱਧਵਰਗੀ ਜਮਾਤਾਂ ਦੇ ਨੌਜਵਾਨ ਹਨ ਜਾਂ ਨਹੀਂ, ਅਤੇ ਇਹ ਕਿ, ਵਿਦਿਆਰਥੀ ਲਹਿਰ ਮਜ਼ਦੂਰਾਂ ਅਤੇ ਹੋਰਨਾਂ ਕਿਰਤੀਆਂ ਦੇ ਇਨਕਲਾਬੀ ਸੰਘਰਸ਼ ਨਾਲ਼ ਜੁੜੀ ਹੈ ਜਾਂ ਨਹੀਂ। ਨਦੇਜ਼ਦਾ ਕਰੁਪਸਕਾਇਆ ਨੇ ‘‘ਲੈਨਿਨ ਅਬਾਊਟ ਯੂਥ’’ ਨਾਮਕ ਲੇਖ ਵਿੱਚ ਲਿਖਿਆ ਹੈ : ‘‘ਇਨਕਲਾਬੀ ਨੌਜਵਾਨ ਲਹਿਰ ਪ੍ਰਤੀ ਆਮ ਤੌਰ ’ਤੇ ਧਿਆਨ ਦਿੰਦੇ ਹੋਏ ਵਲਾਦੀਮੀਰ ਇਲੀਚ ਨੇ ਮਜ਼ਦੂਰ ਨੌਜਵਾਨਾਂ ਦੀ ਇਨਕਲਾਬੀ ਲਹਿਰ ਨੂੰ ਬਹੁਤ ਹੀ ਜਿਆਦਾ ਮੱਹਤਵ ਦਿੱਤਾ, ਜਿਹਨਾਂ ਵਿੱਚ ਜੋਸ਼ ਦੇ ਨਾਲ਼-ਨਾਲ਼ ਜਮਾਤੀ ਅੰਦਰੂਨੀ ਪ੍ਰਵਿਰਤੀ ਵੀ ਹੁੰਦੀ ਹੈ ਅਤੇ ਜਦੋਂ ਉਹ ਮਜ਼ਦੂਰ ਜਮਾਤ ਦੇ ਸੰਘਰਸ਼ ਵਿੱਚ ਸ਼ਾਮਲ ਹੁੰਦੇ ਹਨ, ਤਾਂ ਉਹ ਆਪਣੇ ਖੁਦ ਦੇ ਹਿੱਤ ਲਈ ਲੜਦੇ ਹਨ ਅਤੇ ਉਸ ਸੰਘਰਸ਼ ਵਿੱਚ ਵਧਦੇ ਅਤੇ ਮਜ਼ਬੂਤ ਹੰੁਦੇ ਹਨ।’’
 
 
ਮਜ਼ਦੂਰ ਜਮਾਤ ਦੇ ਨੌਜਵਾਨਾਂ ਤੋਂ ਇਲਾਵਾ ਲੈਨਿਨ ਨੇ ਇਨਕਲਾਬ ਤੋਂ ਪਹਿਲਾਂ ਦੇ ਰੂਸੀ ਸਮਾਜ ਦੇ ਪਿੰਡਾਂ ਵਿੱਚ ਪੂੰਜੀਵਾਦੀ ਵਿਕਾਸ ਦੇ ਨਾਲ਼ ਹੀ ਵਿਕਸਿਤ ਹੋ ਰਹੇ ਇੱਕ ਨਵੀਂ ਕਿਸਮ ਦੀ ਇਨਕਲਾਬੀ ਸੰਭਾਵਨਾ ਨਾਲ ਲੈਸ ਉਸ ਨੌਜਵਾਨ ਕਿਸਾਨ ਦੇ ਮਹੱਤਵ ਨੂੰ ਵਿਸ਼ੇਸ਼ ਰੂਪ ਵਿੱਚ ਰੇਖਾਂਕਿਤ ਕੀਤਾ, ਜੋ ਸ਼ਹਿਰਾਂ ਵਿੱਚ ਇਨਕਲਾਬੀ ਲਹਿਰ ਵਿੱਚ ਜੁੱਟੇ ਵਿਅਕਤੀਆਂ ਨੂੰ ਮਿਲ਼ਦਾ ਸੀ, ਅਖਬਾਰ ਪੜਦਾ ਸੀ, ਆਪਣੇ ਪਿੰਡ ਵਿੱਚ ਅੰਦੋਲਨਾਤਮਕ ਕੰਮ ਕਰਦਾ ਸੀ ਅਤੇ ਵੱਡੇ ਜਮੀਦਾਰਾਂ, ਪਾਦਰੀਆਂ ਅਤੇ ਜਾਰਸ਼ਾਹੀ ਦੇ ਅਫਸਰਾਂ ਵਿੱਰੁਧ ਸੰਘਰਸ਼ ਦਾ ਸੱਦਾ ਦੇਣ ਵਾਲੇ ਬਾਲਸ਼ਵਿਕ ਨਾਅਰਿਆਂ ਦੀ ਵਿਆਖਿਆ ਕਰਦਾ ਸੀ, ਲੈਨਿਨ ਦਾ ਮੰਨਣਾ ਸੀ ਕਿ ਅਜਿਹੇ ਚੇਤਨਸ਼ੀਲ ਪੇਂਡੂ ਨੌਜਵਾਨਾਂ ਦੀਆਂ ਸਰਗਰਮੀਆਂ ਵਿਆਪਕ ਆਮ ਕਿਰਤੀ ਕਿਸਾਨ ਅਬਾਦੀ ਨੂੰ ਇਨਕਲਾਬੀ ਲਹਿਰ ਦੇ ਦਾਇਰੇ ਵਿੱਚ ਹੌਲ਼ੀ-ਹੌਲ਼ੀ ਖਿੱਚ ਲਿਆਉਣ ਵਿੱਚ ਮਦਦ ਕਰਦੀਆਂ ਹਨ। (ਦੇਖੋ, ਲੈਨਿਨ: ‘ਲੇਕਚਰ ਆਨ ਦ 1905 ਰੇਵੂਲਿਊਸ਼ਨ’, ਕਲੈਕਟਡ ਵਰਕਸ, ਭਾਗ-23, ਪੰਨਾ 243)। ਇਸ ਆਮ ਪਹੁੰਚ ਦੀ ਰੌਸ਼ਨੀ ਵਿੱਚ ਅੱਜ ਦੇ ਭਾਰਤੀ ਸਮਾਜ ਦਾ ਅਧਿਐਨ ਸਾਨੂੰ ਕੁਝ ਜ਼ਰੂਰੀ ਨਤੀਜਿਆਂ ਤੱਕ ਪਹੁੰਚਾਉਂਦਾ ਹੈ, ਉਂਝ ਤਾਂ ਭਾਰਤੀ ਸਮਾਜ ਦੇ ਪੂੰਜੀਵਾਦੀ ਰੂਪਾਂਤਰਣ ਦੇ ਨਾਲ਼ ਹੀ ਪਿੰਡਾਂ ਦੇ ਛੋਟੇ-ਦਰਮਿਆਨੇ ਕਿਸਾਨਾਂ ਦੀ ਤਬਾਹੀ ਅਤੇ ਪ੍ਰੋਲੇਤਾਰੀਕਰਨ ਅਤੇ ਸ਼ਹਿਰਾਂ ਵੱਲ ਉਹਨਾਂ ਦੀ ਹਿਜ਼ਰਤ ਦਾ ਸਿਲਸਿਲਾ ਪਿਛਲੇ ਲਗਭਗ ਚਾਰ ਦਹਾਕਿਆਂ ਤੋਂ ਜ਼ਾਰੀ ਹੈ, ਪਰ ਵਿਸ਼ੇਸ਼ ਤੌਰ ’ਤੇ 1990 ਤੋਂ ਬਾਅਦ ਤੋਂ ਇਸ ਪ੍ਰਕਿਰਿਆ ਵਿੱਚ ਤੇਜ਼ੀ ਆਈ ਹੈ। ਤੁਸੀਂ ਦੇਸ਼ ਦੇ ਕਿਸੇ ਵੀ ਸੱਨਅਤੀ ਖੇਤਰ ਵਿੱਚ ਜਾਓ, ਮਜ਼ਦੂਰਾਂ ਦੀਆਂ ਝੁੱਗੀਆਂ-ਝੋਪੜੀਆਂ ਵਿੱਚ ਤੁਹਾਨੂੰ ਅਠਾਰਾਂ ਤੋਂ ਪੈਂਤੀ ਸਾਲ ਵਿਚਲੀ ਉਮਰ ਵਾਲੇ ਨੌਜਵਾਨ ਮਜ਼ਦੂਰਾਂ ਦੀ ਬਹੁਤਾਤ ਵੇਖਣ ਨੂੰ ਮਿਲੇਗੀ। ਇਹ ਨੌਜਵਾਨ ਅਬਾਦੀ ਜਿਆਦਾਤਰ ਦਿਹਾੜੀ ਅਤੇ ਠੇਕਾ ਮਜ਼ਦੂਰ ਦੇ ਰੂਪ ਵਿੱਚ ਕਾਰਖਾਨਿਆਂ ਵਿੱਚ ਦਸ ਘੰਟਿਆਂ ਤੋਂ ਚੌਦਾ ਘੰਟਿਆਂ ਤੱਕ ਹੱਡੀਆਂ ਗਲਾਉਂਦੀ ਹੈ ਅਤੇ ਚਾਲੀ ਤੋਂ ਸੱਤਰ ਰੁੱਪਏ ਵਿਚਕਾਰ ਦਿਹਾੜੀ ਹਾਸਲ ਕਰਦੀ ਹੈ। ਸਲਾਭੀਆਂ ਹਨੇਰੀਆਂ ਕੋਠੜੀਆਂ ਵਿੱਚ ਇੱਕਠੇ ਕਈ ਮਜ਼ਦੂਰ ਰਹਿੰਦੇ ਹਨ, ਜਾਂ ਇੱਕ ਮਜ਼ਦੂਰ ਪਰਿਵਾਰ ਰਹਿੰਦਾ ਹੈ। ਇਹਨਾਂ ਬਸਤੀਆਂ ਵਿੱਚ ਸਰਵਜਨਿਕ ਸੁਵਿਧਾਵਾਂ ਜਾਂ ਤਾਂ ਹੈ ਹੀ ਨਹੀਂ ਜਾਂ ਬਸ ਨਾ-ਮਾਤਰ ਹੀ ਹਨ। ਜਿਆਦਾਤਰ ਯੂਨੀਅਨਾਂ ਨਿਯਮਤ ਨੌਕਰੀਸ਼ੁਦਾ, ਬੇਹਤਰ ਤਨਖਾਹ ਅਤੇ ਸੁਵਿਧਾਵਾਂ ਵਾਲੀ ਜੱਥੇਬੰਦ ਅਬਾਦੀ ਤੱਕ ਹੀ ਸੀਮਤ ਹਨ। ਵੱਡੀ ਗੈਰਜਥੇਬੰਦ ਮਜ਼ਦੂਰ ਅਬਾਦੀ ਜਾਂ ਤਾਂ ਯੂਨੀਅਨ ਦੇ ਦਾਇਰੇ ਤੋਂ ਬਾਹਰ ਹੈ ਜਾਂ ਫਿਰ ਕੁਝ ਧੰਦੇਬਾਜ਼ ਲੀਡਰ ਇੱਧਰ-ਉਧਰ ਯੂਨੀਅਨ ਦਫ਼ਤਰ ਖੋਹਲ ਕੇ ਉਹਨਾਂ ਵਿਚਕਾਰ ਦਲਾਲੀ ਦਾ ਕੰਮ ਕਰਦੇ ਰਹਿੰਦੇ ਹਨ। ਇਹਨਾਂ ਨੌਜਵਾਨ ਮਜ਼ਦੂਰਾਂ ਵਿੱਚ ਇਕਦਮ ਅਨਪੜ੍ਹ ਘੱਟ ਹੀ ਮਿਲਣਗੇ। ਜ਼ਿਆਦਾਤਾਰ ਮਿਡਲ ਜਾਂ ਹਾਈ ਸਕੂਲ ਪਾਸ ਹਨ ਅਤੇ ਕੁੱਝ ਤਾਂ ਗਰੈਜੂਏਟ ਵੀ ਹਨ। ਇੱਕ ਮਹੱਤਵਪੂਰਣ ਗੱਲ ਇਹ ਵੀ ਹੈ ਕਿ ਇਹਨਾਂ ਨੌਜਵਾਨ ਮਜ਼ਦੂਰਾਂ ਵਿੱਚ ਔਰਤਾਂ ਦੀ ਗਿਣਤੀ ਵੀ ਕਾਫ਼ੀ ਜ਼ਿਆਦਾ ਹੈ ਅਤੇ ਲਗਾਤਾਰ ਵਧਦੀ ਜਾ ਰਹੀ ਹੈ। ਇਹ ਨੌਜਵਾਨ ਔਰਤ ਮਜ਼ਦੂਰ ਸਭ ਤੋਂ ਔਖੇ ਅਤੇ ਅਕਾਊ ਕਿਸਮ ਦੇ ਕੰਮ ਸਭ ਤੋਂ ਔਖੀਆਂ ਹਾਲਤਾਂ ਵਿੱਚ ਕਰਦੀਆਂ ਹਨ। ਕੰਮ ਦੇ ਘੰਟਿਆਂ ਦੇ ਹਿਸਾਬ ਨਾਲ਼ ਮਜ਼ਦੂਰੀ ਉਹਨਾਂ ਨੂੰ ਮਰਦ ਮਜ਼ਦੂਰਾਂ ਤੋਂ ਘੱਟ ਮਿਲ਼ਦੀ ਹੈ ਅਤੇ ਆਰਥਿਕ ਲੁੱਟ ਦੇ ਨਾਲ਼ ਹੀ ਅਕਸਰ ਉਹਨਾਂ ਨੂੰ ਸ਼ਰੀਰਕ ਲੁੱਟ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ। ਕਾਰਖਾਨਿਆਂ ਵਿੱਚ ਔਰਤ ਮਜ਼ਦੂਰਾਂ ਲਈ ਅਲੱਗ ਪਖਾਨੇ ਤੱਕ ਦੀ ਸਮੱਸਿਆ ਹੈ। ਮਜ਼ਦੂਰ ਬਸਤੀਆਂ ਵਿੱਚ ਵੀ ਇਹ ਸੁਵਿਧਾ ਨਾ-ਮਾਤਰ ਨੂੰ ਹੀ ਹੈ। ਮਜ਼ਦੂਰ ਔਰਤਾਂ ਦੇ ਬੱਚਿਆਂ ਲਈ ਕਿਸੇ ਵੀ ਕਾਰਖਾਨੇ ਵਿੱਚ ਬੱਚਾਘਰ ਨਹੀਂ ਹੁੰਦਾ। ਦਵਾਈ-ਇਲਾਜ ਲਈ ਗੈਰ ਜਥੇਬੰਦ ਮਜ਼ਦੂਰਾਂ ਦੀ ਇਹ ਪੂਰੀ ਅਬਾਦੀ ਨੀਮ-ਹਕੀਮਾਂ ਦੇ ਆਸਰੇ ਹੁੰਦੀ ਹੈ।
 
 
ਇਹ ਕਰੋੜਾਂ ਨੌਜਵਾਨ ਮਜ਼ਦੂਰ ਮਰਦ-ਔਰਤਾਂ ਭਾਰਤ ਦੀ ਨਵੇਂ ਸਿਰੇ ਤੋਂ ਜਥੇਬੰਦ ਹੋਣ ਵਾਲ਼ੀ ਇਨਕਲਾਬੀ ਲਹਿਰ ਦੀ ਸਭ ਤੋਂ ਮੂਹਰਲੀ ਅਤੇ ਸਭ ਤੋਂ ਸੰਭਾਵਨਾ ਭਰਪੂਰ ਤਾਕਤ ਹਨ। ਖੁਸ਼ਹਾਲੀ ਅਤੇ ਵਿਲਾਸਤਾ ਦੀਆਂ ਮਿਨਾਰਾਂ ਦੇ ਹਨੇ੍ਹਰੇ ਤਲ ਵਿੱਚ ਆਧੁਨਿਕ ਯੁੱਗ ਦੇ ਗੁਲਾਮਾਂ ਦਾ ਜੀਵਨ ਬਿਤਾਉਣ ਵਾਲ਼ੇ ਇਹ ਲੋਕ ਪੂੰਜੀਵਾਦੀ ਸਮਾਜ ਦੀਆਂ ਸਾਰੀਆਂ ਔਖਿਆਈਆਂ ਨੂੰ ਭੋਗ ਰਹੇ ਹਨ ਅਤੇ ਪੂੰਜੀਵਾਦੀ ਸਮਾਜ ਪ੍ਰਤੀ ਉਹਨਾਂ ਅੰਦਰ ਨਾ ਤਾਂ ਕੋਈ ਉਮੀਦ ਬਚੀ ਹੈ, ਨਾ ਹੀ ਕੋਈ ਮੋਹ। ਸਾਮਰਾਜਵਾਦ-ਪੂੰਜੀਵਾਦ ਵਿਰੋਧੀ ਇਨਕਲਾਬ ਦੀਆਂ ਹਿਰਾਵਲ ਤਾਕਤਾਂ ਨੂੰ ਨਵੇਂ ਸਿਰੇ ਤੋਂ ਜਥੇਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਇਹਨਾਂ ਉੱਤੇ ਧਿਆਨ ਦੇਣਾ ਹੋਵੇਗਾ, ਇਹਨਾਂ ਵਿੱਚ ਇਨਕਲਾਬੀ ਸਿੱਖਿਆ ਅਤੇ ਪ੍ਰਚਾਰ ਦੀਆਂ ਕਾਰਵਾਈਆਂ ਗਹਿਰਾਈ ਨਾਲ਼, ਅਲੱਗ-ਅਲੱਗ ਰੂਪਾਂ ਵਿੱਚ ਅਤੇ ਲਗਾਤਾਰ ਚਲਾਉਣੀਆਂ ਹੋਣਗੀਆਂ ਅਤੇ ਇਹਨਾਂ ਨੂੰ ਜਥੇਬੰਦ ਕਰਨਾ ਹੋਵੇਗਾ। ਇਸ ਨੌਜਵਾਨ ਔਰਤ-ਮਰਦ ਮਜ਼ਦੂਰ ਅਬਾਦੀ ਵਿੱਚ ਜਾਤੀਗਤ ਮਾਨਤਾਵਾਂ ਦੀ ਸਮੱਸਿਆ ਵੀ ਮੁਕਾਬਲਤਨ ਘੱਟ ਹੈ ਜੋ ਭਾਰਤੀ ਸਮਾਜ ਦੀ ਇੱਕ ਗੰਭੀਰ ਪੁਰਾਣੀ ਬਿਮਾਰੀ ਅਤੇ ਜਮਾਤੀ ਸੰਘਰਸ਼ ਦੇ ਵਿਕਾਸ ਦੇ ਰਸਤੇ ਵਿੱਚ ਇੱਕ ਗੰਭੀਰ ਰੁਕਾਵਟ ਹੈ। ਲਗਾਤਾਰ ਇਨਕਲਾਬੀ ਪ੍ਰਚਾਰ ਅਤੇ ਸੰਘਰਸ਼ਾਂ ਦੀ ਪ੍ਰਕਿਰਿਆ ਇਹਨਾਂ ਦੀ ਜਮਾਤੀ ਚੇਤਨਾ ਨੂੰ ਤਿੱਖਾ ਬਣਾਏਗੀ ਅਤੇ ਇਹਨਾਂ ਵਿਚਲੀਆਂ ਜਾਤੀਵਾਦੀ ਦੂਰੀਆਂ ਨੂੰ ਮਿਟਾਉਣ ਦਾ ਵੀ ਕੰਮ ਕਰੇਗੀ। ਲੈਨਿਨ ਨੇ ਮਜ਼ਦੂਰ ਨੌਜਵਾਨਾਂ ਦੀਆਂ ਇਨਕਲਾਬੀ ਸਰਗਰਮੀਆਂ ਨੂੰ ਸਮੁੱਚੀ ਮਜ਼ਦੂਰ ਲਹਿਰ ਦਾ ਇੱਕ ਅਟੁੱਟ ਅੰਗ ਮੰਨਦੇ ਹੋਏ ਇਨਕਲਾਬੀ ਪਾਰਟੀ ਵਿੱਚ ਅਜਿਹੇ ਨੌਜਵਾਨ ਮਜ਼ਦੂਰ ਤੱਤਾਂ ਦੀ ਭਰਤੀ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਸੀ ਅਤੇ ਕਿਹਾ ਸੀ ਕਿ ਇਨਕਲਾਬੀ ਪਾਰਟੀ ‘‘ਮੂਹਰੈਲ ਜਮਾਤ ਦੇ ਨੌਜਵਾਨਾਂ ਦੀ ਪਾਰਟੀ’’ ਹੋਵੇਗੀ (ਲੈਨਿਨ : ‘ਦ ਕਰਾਈਸਿਸ ਆਫ਼ ਮੇਨਸ਼ੇਵਿਜ਼ਮ’, ਕਲੇਕਡ ਵਰਕਸ, ਖੰਡ 2, ਪ੍ਰੋਗ੍ਰੈਸ ਪਬਲਿਸ਼ਰਜ਼, ਮਾਸਕੋ, ਪੰਨਾ. 355)। ਭਾਰਤ ਦੇ ਕਰੋੜਾਂ ਇਨਕਲਾਬੀ ਸੰਭਾਵਨਾ ਭਰਪੂਰ ਨੌਜਵਾਨ ਮਜ਼ਦੂਰਾਂ ਦੀ ਲਗਾਤਾਰ ਵਧਦੀ ਅਬਾਦੀ ਬਾਰੇ ਵੀ ਇਹੋ ਨਜ਼ਰੀਆ ਅਪਣਾਇਆ ਜਾਣਾ ਚਾਹੀਦਾ ਹੈ। ਨੌਜਵਾਨ ਮਜ਼ਦੂਰਾਂ ਦੀ ਇਹ ਅਬਾਦੀ ਟਰੇਡ ਯੂਨੀਅਨ ਲਹਿਰ ਨੂੰ ਮਹਿਜ ਰਿਆਇਤਾਂ ਮੰਗਣ ਅਤੇ ਟਾਕੀਸਾਜ਼ੀ ਕਰਨ ਵਾਲ਼ੀ ਅਰਥਵਾਦੀ ਰਾਜਨੀਤੀ ਦੀ ਗੰਦਗੀ ਤੋਂ ਬਾਹਰ ਲਿਆਕੇ ਉਸਨੂੰ ਇਨਕਲਾਬੀ ਅਧਾਰ ਉੱਤੇ ਫਿਰ ਤੋਂ ਖੜਾ ਕਰਨ ਵਿੱਚ ਇਤਿਹਾਸਕ ਭੂਮਿਕਾ ਨਿਭਾਏਗੀ। ਇਸ ਵਾਸਤੇ ਇਹਨਾਂ ਵਿੱਚ ਇਨਕਲਾਬੀ ਸਿੱਖਿਆ ਅਤੇ ਪ੍ਰਚਾਰ ਦੀ ਸੰਘਣੀ ਕਾਰਵਾਈ ਚਲਾਉਣੀ ਹੋਵੇਗੀ, ਇਹਨਾਂ ਦੇ ਰਾਜਨੀਤਕ ਅਧਿਐਨ-ਮੰਡਲ ਬਣਾਉਣੇ ਹੋਣਗੇ, ਇਹਨਾਂ ਵਿੱਚ ਮਜ਼ਦੂਰ ਜਮਾਤ ਦੇ ਇਨਕਲਾਬੀ ਰਾਜਨੀਤਕ ਅਖ਼ਬਾਰ ਨੂੰ ਲੈ ਕੇ ਜਾਣਾ ਹੋਵੇਗਾ ਅਤੇ ਇਹਨਾਂ ਨੂੰ ਇਸ ਗੱਲ ਦੀ ਸਿੱਖਿਆ ਦੇਣੀ ਹੋਵੇਗੀ ਕਿ ਮਜ਼ਦੂਰ ਇਨਕਲਾਬ ਦੁਆਰਾ ਪੂੰਜੀਵਾਦ ਦਾ ਨਾਸ਼ ਅੱਜ ਵੀ ਮਜ਼ਦੂਰ ਜਮਾਤ ਦਾ ਇਤਿਹਾਸਕ ਮਿਸ਼ਨ ਹੈ। ਪਿਛਲੇ ਮਜ਼ਦੂਰ ਇਨਕਲਾਬਾਂ ਦੀ ਹਾਰ ਮਜ਼ਦੂਰ ਜਮਾਤ ਦੀ ਅੰਤਿਮ ਅਤੇ ਨਿਰਣਾਇਕ ਹਾਰ ਨਹੀਂ ਸਗੋਂ ਮਹਿਜ ਫੌਰੀ ਹਾਰ ਸੀ। ਮਜ਼ਦੂਰ ਇਨਕਲਾਬਾਂ ਦਾ ਅਗਲਾ ਗੇੜ ਅਟੱਲ ਹੈ ਅਤੇ ਉਸਨੇ ਜਿੱਤਣਾ ਹੀ ਹੈ। ਇਸ ਨਾਲ਼ ਹੀ, ਨੌਜਵਾਨ ਮਜ਼ਦੂਰਾਂ ਅਤੇ ਮਜ਼ਦੂਰ ਪਰਿਵਾਰਾਂ ਦੇ ਨੌਜਵਾਨਾਂ ਨੂੰ ਨੌਜਵਾਨ ਲਹਿਰ ਦੇ ਬੈਨਰ ਥੱਲੇ ਵੀ ਜੱਥੇਬੰਦ ਕਰਨਾ ਹੋਵੇਗਾ। ਨੌਜਵਾਨ ਜੱਥੇਬੰਦੀਆਂ ਵਿੱਚ ਜੱਥੇਬੰਦ ਨੌਜਵਾਨ ਮਜ਼ਦੂਰ ਲਾਈਬ੍ਰੇਰੀਆਂ, ਰਾਤ ਸਮੇਂ ਚੱਲਣ ਵਾਲ਼ੇ ਸਕੂਲਾਂ ਆਦਿ ਜ਼ਰੀਏ ਸਿੱਖਿਅਤ ਹੋਣਗੇ, ਖੇਡ ਕਲੱਬ, ਸਭਿਆਚਾਰਕ ਟੀਮਾਂ ਆਦਿ ਬਣਾਕੇ ਇੱਕ ਜੁੱਟ ਹੋਣ, ਸਮੂਹਿਕ-ਬੋਧ ਅਤੇ ਸਭਿਆਚਾਰਕ-ਰਾਜਨੀਤਕ ਚੇਤਨਾ ਨਾਲ਼ ਲੈਸ ਹੋਣ ਅਤੇ ਪ੍ਰਚਾਰ ਕੰਮਾਂ ਵਿੱਚ ਪ੍ਰਭਾਵੀ ਬਣਨ ਦਾ ਕੰਮ ਕਰਨਗੇ, ਠੇਕਾ ਪ੍ਰਬੰਧ ਦੀ ਸਮਾਪਤੀ, ਕੰਮ ਦੇ ਘੰਟੇ ਘੱਟ ਕਰਨ ਅਤੇ ਆਪਣੀ ਬਸਤੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਲੜਦੇ ਹੋਏ ਉਹ ਆਰਥਿਕ ਮੰਗਾਂ ਦੇ ਨਾਲ਼-ਨਾਲ਼ ਆਵਾਸ, ਰੁਜ਼ਗਾਰ, ਸੇਹਤ ਅਤੇ ਸਿੱਖਿਆ ਆਦਿ ਅਹਿਮ ਰਾਜਨੀਤਕ ਮੰਗਾਂ ਉੱਤੇ ਲੜਨਾ ਸਿੱਖਣਗੇ ਅਤੇ ਮਜ਼ਦੂਰ ਲਹਿਰ ਵਿੱਚ ਨਵੀਂ ਜਾਨ ਪਾਉਣਗੇ। ਕਹਿਣ ਦਾ ਭਾਵ ਇਹ ਹੈ ਕਿ ਨੌਜਵਾਨ ਲਹਿਰ ਦੀ ਗੱਲ ਕਰਦੇ ਹੋਏ ਸਾਨੂੰ ਨਾ ਸਿਰਫ ਨੌਜਵਾਨ ਮਜ਼ਦੂਰਾਂ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ ਸਗੋਂ ਸਭ ਤੋਂ ਪਹਿਲਾਂ ਉਹਨਾਂ ਉੱਤੇ ਹੀ ਧਿਆਨ ਦੇਣਾ ਚਾਹੀਦਾ ਹੈ ਅਤੇ ਮਜ਼ਦੂਰ ਬਸਤੀਆਂ ਵਿੱਚ ਇਨਕਲਾਬੀ ਨੌਜਵਾਨ ਜੱਥੇਬੰਦੀਆਂ ਦੀਆਂ ਇਕਾਈਆਂ ਜੱਥੇਬੰਦ ਕਰਨ ਉਤੇ ਵਿਸ਼ੇਸ਼ ਜ਼ੋਰ ਦੇਣਾ ਚਾਹੀਦਾ ਹੈ।
 
 
ਪਿੰਡਾਂ ਦੇ ਨੌਜਵਾਨ ਮਜ਼ਦੂਰਾਂ ਉੱਤੇ ਵੀ ਇਸੇ ਪ੍ਰਕਾਰ ਦਾ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਦੀ ਵੀ ਗਿਣਤੀ ਅੱਜ ਘੱਟ ਨਹੀਂ ਹੈ। ਹਾਂ, ਇਹ ਜ਼ਰੂਰ ਹੈ ਕਿ ਸ਼ਹਿਰੀ ਨੌਜਵਾਨ ਮਜ਼ਦੂਰਾਂ ਦੀ ਤੁਲਨਾ ਵਿੱਚ ਉਹਨਾਂ ਦੇ ਚੇਤਨਾ ਪਿਛੜੀ ਹੋਈ ਹੈ ਅਤੇ ਜਾਤ-ਪਾਤ ਦੀ ਰੁਕਾਵਟ ਵੀ ਪਿੰਡਾਂ ਵਿੱਚ ਵੱਧ ਗੰਭੀਰ ਹੈ। ਇਸ ਲਈ ਪਿੰਡਾਂ ਵਿੱਚ ਨੌਜਵਾਨਾਂ ਨੂੰ ਜੱਥੇਬੰਦ ਕਰਦੇ ਹੋਏ ਉਹਨਾਂ ਦੀ ਰਾਜਨੀਤਕ ਸਿੱਖਿਆ ਅਤੇ ਉਹਨਾਂ ਵਿੱਚ ਸੱਭਿਆਚਾਰਕ ਕੰਮ ਉੱਤੇ ਸ਼ਹਿਰਾਂ ਦੇ ਮੁਕਾਬਲੇ ਕਈ ਗੁਣਾ ਵੱਧ ਜ਼ੋਰ ਦੇਣਾ ਹੋਵੇਗਾ। ਛੋਟੇ ਅਤੇ ਦਰਮਿਆਨੇ ਕਿਸਾਨ ਪਰਿਵਾਰਾਂ ਦੀ ਜੋ ਨੌਜਵਾਨ ਪੀੜੀ ਹੈ, ਉਸਨੂੰ ਛੋਟੇ ਪੈਮਾਨੇ ਦੇ ਮਾਲਕਾਨੇ ਦੇ ਮੋਹ ਤੋਂ ਉਭਾਰਨਾ ਵੱਧ ਅਸਾਨ ਹੈ। ਉਹਨਾਂ ਨੂੰ ਅਸਾਨੀ ਨਾਲ਼ ਇਹ ਦੱਸਿਆ ਜਾ ਸਕਦਾ ਹੈ ਕਿ ਪੂੰਜੀ ਦੀ ਮਾਰ ਨਾਲ਼ ਛੋਟੇ ਅਤੇ ਨਿਮਨ-ਦਰਮਿਆਨੇ ਕਿਸਾਨਾਂ ਨੂੰ ਤਬਾਹ ਹੋਣ ਤੋਂ ਬਚਾਉਣਾ ਸੰਭਵ ਨਹੀਂ ਹੈ ਅਤੇ ਇਹ ਕਿ ਲਾਗਤ ਮੁੱਲ ਅਤੇ ਲਾਭਕਾਰੀ ਮੁੱਲਾਂ ਦੀਆਂ ਲੜਾਈਆਂ ਦਾ ਅਸਲ ਲਾਭ ਕੇਵਲ ਧਨੀ ਕਿਸਾਨਾਂ ਨੂੰ ਹੀ ਮਿਲਦਾ ਹੈ। ਛੋਟੇ ਅਤੇ ਦਰਿਮਆਨੇ ਕਿਸਾਨਾਂ ਸਾਹਮਣੇ ਇਕੋ ਇੱਕ ਵਿਵਹਾਰਕ ਰਸਤਾ ਇਹੋ ਹੈ ਕਿ ਉਹ ਮਜ਼ਦੂਰ ਜਮਾਤ ਨਾਲ਼ ਮਿਲਕੇ ਸਮਾਜਵਾਦ ਲਈ ਸੰਘਰਸ਼ ਕਰਨ ਜਿਸ ਵਿੱਚ ਬਰਾਬਰ ਸਿੱਖਿਆ ਅਤੇ ਰੁਜ਼ਗਾਰ ਦਾ ਸਭ ਨੂੰ ਹੱਕ ਹੋਵੇਗਾ, ਕੰਮ ਕਰਨ ਵਾਲ਼ੇ ਸਾਰੇ ਹੱਥਾਂ ਨੂੰ ਕੰਮ ਅਤੇ ਉਹਨਾਂ ਦੇ ਕੰਮ ਦੇ ਮੁਤਾਬਕ ਤਨਖਾਹ ਮਿਲ਼ੇਗੀ ਅਤੇ ਕੌਮੀ ਜਾਇਦਾਦ ਦੇ ਰੂਪ ਵਿੱਚ ਜ਼ਮੀਨ ਉੱਤੇ ਸਾਰਿਆਂ ਦਾ ਬਰਾਬਰ ਹੱਕ ਹੋਵੇਗਾ। ਛੋਟੇ-ਦਰਮਿਆਨੇ ਕਿਸਾਨਾਂ ਦੀ ਨੌਜਵਾਨ ਪੀੜ੍ਹੀ ਪੁਰਾਣੀ ਪੀੜੀ ਦੇ ਮੁਕਾਬਲੇ ਜਾਤੀਗਤ ਮਾਨਤਾਵਾਂ ਤੋਂ ਵੀ ਅਸਾਨੀ ਨਾਲ਼ ਮੁਕਤ ਹੋ ਸਕੇਗੀ ਅਤੇ ਵੱਡੇ ਕਿਸਾਨਾਂ ਦੀ ਧੌਂਸ ਅੱਗੇ ਉਸਦਾ ਡਰਨਾ-ਝੁਕਣਾ ਵੀ ਔਖਾ ਹੋਵੇਗਾ। ਇਸ ਲਈ, ਪਿੰਡਾਂ ਵਿੱਚ ਨੌਜਵਾਨ ਜੱਥੇਬੰਦੀ ਬਣਾਉਂਦੇ ਸਮੇਂ ਨੌਜਵਾਨ ਪੇਂਡੂ ਮਜ਼ਦੂਰ ਤੋਂ ਇਲਾਵਾ ਛੋਟੇ-ਦਰਮਿਆਨੇ ਕਿਸਾਨਾਂ ਦੀ ਨੌਜਵਾਨ ਪੀੜੀ ਨੂੰ ਜੱਥੇਬੰਦ ਕਰਨ ਉੱਤੇ ਵੀ ਧਿਆਨ ਦੇਣਾ ਹੋਵੇਗਾ। ਪਿੰਡਾਂ ਦੀਆਂ ਨੌਜਵਾਨ ਜੱਥੇਬੰਦੀਆਂ ਨੂੰ ਧਨੀ ਕਿਸਾਨਾਂ ਦੀ ਨੌਜਵਾਨ ਪੀੜ੍ਹੀ ਦੇ ਪ੍ਰਭਾਵ ਤੋਂ ਵਿਸ਼ੇਸ਼ ਤੌਰ ’ਤੇ ਬਚਾਉਣਾ ਹੋਵੇਗਾ।
 
 
ਨੌਜਵਾਨ, ਆਪਣੀ ਉਮਰ ਦੇ ਤਕਾਜੇ ਨਾਲ਼, ਜੋਸ਼ੀਲੇ ਅਤੇ ਉਰਜਾਵਾਨ ਹੁੰਦੇ ਹਨ। ਉਹਨਾਂ ਦੀ ਚੇਤਨਾ ਉੱਤੇ ਜਮਾਤੀ ਸੰਕੀਰਣਤਾ ਦੀ ਜਕੜਬੰਦੀ ਮੁਕਾਬਲਤਨ ਘੱਟ ਹੁੰਦੀ ਹੈ। ਇਸ ਲਈ ਤਿੱਖੇ ਜਮਾਤੀ-ਸੰਘਰਸ਼ਾਂ ਵੇਲੇ, ਕਦੇ-ਕਦੇ ਧਨੀ ਅਤੇ ਲੁਟੇਰੀਆਂ ਜਮਾਤਾਂ ਦੇ ਕੁੱਝ ਨੌਜਵਾਨ ਵੀ ਆਪਣੀਆਂ ਜਮਾਤੀ ਹੱਦਾਂ ਦੀ ਉਲੰਘਣਾਂ ਕਰਕੇ ਵਿਆਪਕ ਕਿਰਤੀ ਲੋਕਾਂ ਦੇ ਹਿੱਤ ਵਿੱਚ ਸਰਗਰਮ ਹੋ ਜਾਂਦੇ ਹਨ। ਏਂਗਲਜ਼ ਨੇ ਵੀ ਪਹਿਲੋਂ ਹੀ ਅੰਜਾਜਾ ਲਾਇਆ ਸੀ ਕਿ ਵਿਸ਼ੇਸ਼ ਹਾਲਤਾਂ ਵਿੱਚ, ਇਥੋਂ ਤੱਕ ਕਿ ਬੁਰਜੂਆ ਜਮਾਤ ਵੀ ‘‘ਲਹਿਰ ਲਈ ਬੇਹੱਦ ਉਪਯੋਗੀ ਨੌਜਵਾਨਾਂ’’ ਨੂੰ ਪੈਦਾ ਕਰੇਗੀ (ਏਂਗਲਜ਼ : ‘‘ਦ ਲੇਟ ਬੁਚਰੀ ਐਟ ਲੀਪਜ਼ਿਗਦ ਜਰਮਨ ਵਰਕਿੰਗ ਮੈਨਜ਼ ਮੂਵਮੈਂਟ’’ ਕਲੈਕਟਡ ਵਰਕਸ, ਖੰਡ-4, ਪ੍ਰੋਗ੍ਰੈਸ ਪਬਲਿਸ਼ਰਜ਼, ਮਾਸਕੋ, 1975, ਪੰਨਾ-647)। ਪਰ ਇਸ ਦਾ ਮਤਲਬ ਇਹ ਕਦੇ ਵੀ ਨਹੀਂ ਕਿ ਅਸੀਂ ਵਿਦਿਆਰਥੀ-ਨੌਜਵਾਨ ਲਹਿਰ ਨੂੰ ਜਮਾਤਾਂ ਤੋਂ ਉੱਪਰ ਜਾਂ ਜਮਾਤਾਂ ਤੋਂ ਪਰ੍ਹੇ ਮੰਨ ਬੈਠੀਏ ਅਤੇ ਧਨੀ ਘਰਾਂ ਦੇ ਵਿਦਿਆਰਥੀ-ਨੌਜਵਾਨਾਂ ਦੀ ਵੱਡੀ ਸੰਖਿਆਂ ਤੋਂ ਇਨਕਲਾਬੀ ਭੂਮਿਕਾ ਦੀ ਉਮੀਦ ਪਾਲ਼ ਬੈਠੀਏ। ਬੁਰਜੂਆਵਾਂ, ਨੌਕਰਸ਼ਾਹਾਂ ਅਤੇ ਉੱਚ-ਮੱਧਵਰਗ ਦੇ ਜੋ ਨੌਜਵਾਨ ਇਨਕਲਾਬੀ ਵਿਦਿਆਰਥੀ-ਨੌਜਵਾਨ ਲਹਿਰ ਵਿੱਚ ਸਰਗਰਮ ਹੋਣਗੇ, ਉਹ ਸਮਾਜਿਕ-ਧਰੁਵੀਕਰਨ ਅਤੇ ਲਹਿਰ ਦੀ ਤੇਜ਼ੀ ਵਧਣ ਦੇ ਨਾਲ਼ ਹੀ ਜਾਂ ਤਾਂ ਆਪਣੇ ਆਪ ਹੀ ਕਿਨਾਰੇ ਲੱਗ ਜਾਣਗੇ ਜਾਂ ਲਹਿਰ ਨੂੰ ਨਿਸ਼ਾਨੇ ਤੋਂ ਪਰ੍ਹੇ ਲਿਜਾਣ ਦੀਆਂ ਕੋਸ਼ਿਸ਼ਾਂ ਵਿੱਚ ਲੱਗ ਜਾਣਗੇ। ਇਹਨਾਂ ਵਿੱਚੋਂ ਬਹੁਤ ਛੋਟੀ ਸੰਖਿਆ ਛੋਟ ਵਜੋਂ ਹੀ ਉਹਨਾਂ ਲੋਕਾਂ ਦੀ ਹੋਵੇਗੀ ਜੋ ਆਪਣੀਆਂ ਜਮਾਤੀ ਹੱਦਾਂ ਤੋਂ ਪੂਰੀ ਤਰ੍ਹਾਂ ਮੁਕਤ ਹੋ ਕੇ ਖੁਦ ਨੂੰ ਕਿਰਤੀ ਲੋਕਾਂ ਨਾਲ਼ ਜੋੜ ਸਕਣਗੇ।
 
 
ਜਿੱਥੋਂ ਤੱਕ ਵਿਚਕਾਰ ਖੜ੍ਹੇ ਮੱਧਵਰਗ (ਭਾਵ ਨਿਮਨ ਪੂੰਜੀਪਤੀ ਵਰਗ) ਦੇ ਨੌਜਵਾਨਾਂ-ਵਿਦਿਆਰਥੀਆਂ ਦਾ ਸਵਾਲ ਹੈ, ਉਹਨਾਂ ਦੀ ਭੂਮਿਕਾ ਇਨਕਲਾਬੀ ਲਹਿਰਾਂ ਵਿੱਚ ਮਿਲ਼ੀ ਜੁਲ਼ੀ ਹੁੰਦੀ ਹੈ। ਏਂਗਲਜ਼ ਨੇ ਇਹ ਵਿਸ਼ਵਾਸ਼ ਪ੍ਰਗਟ ਕੀਤਾ ਸੀ ਕਿ ਮੱਧਵਰਗੀ ਸਮਾਜਿਕ ਤੈਹਾਂ ਤੋਂ ਆਉਣ ਵਾਲ਼ੇ ਵਿਦਿਆਰਥੀਆਂ ਵਿੱਚੋਂ ਬੌਧਿਕ ਕਿਰਤ ਵਾਲ਼ੇ ਮਜ਼ਦੂਰ ਦਾ ਜਨਮ ਹੋਵੇਗਾ ਜੋ ਆਉਣ ਵਾਲ਼ੇ ਇਨਕਲਾਬ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਣ ਲਈ ਸ਼ਰੀਰਕ ਕਿਰਤ ਨਾਲ਼ ਸੰਬੰਧ ਰੱਖਦੇ ਆਪਣੇ ਮਜ਼ਦੂਰ ਭਰਾਵਾਂ ਨਾਲ਼ ਇੱਕ ਹੀ ਸਫ਼ ਵਿੱਚ ਮੋਢੇ ਨਾਲ਼ ਮੋਢਾ ਜੋੜ ਕੇ ਖੜਾ ਹੋਵੇਗਾ। ਪਰ ਨਾਲ਼ ਹੀ, ਉਹ ਨਿਮਨ-ਪੂੰਜੀਪਤੀ ਜਮਾਤ ਦੇ ਨੌਜਵਾਨਾਂ ਦੀ ਦੋਵੇਂ ਪਾਸੇ ਵੇਖਣ ਦੀ ਪ੍ਰਵਿਰਤੀ, ਮਜ਼ਦੂਰਾਂ ਨੂੰ ਆਪਣੇ ਤੋਂ ਹੀਣ ਮੰਨਣ ਅਤੇ ਖੁਦ ਨੂੰ ਉਨ੍ਹਾਂ ਦੇ ਮੁਕਤੀਦਾਤਾ ਮੰਨਣ ਦੀ ਪ੍ਰਵਿਰਤੀ, ਮਜ਼ਦੂਰਾਂ ਦੀ ਇਨਕਲਾਬੀ ਤਾਕਤ ਵਿੱਚ ਵਿਸ਼ਵਾਸ਼ ਨਾ ਕਰਨ ਦੀ ਪ੍ਰਵਿਰਤੀ ਅਤੇ ਅਰਾਜਕਤਾਵਾਦ, ਕੈਰੀਅਰਵਾਦ, ਵਿਅਕਤੀਵਾਦ ਅਤੇ ਜਿਵੇਂ-ਤਿਵੇਂ ਇਨਕਲਾਬ ਕਰ ਦੇਣ ਦੀ ਪ੍ਰਵਿਰਤੀ ਤੋਂ ਪੈਦਾ ਹੋਣ ਵਾਲ਼ੇ ਮਾਅਰਕੇਬਾਜ਼ ਭਟਕਾਅ ਤੋਂ ਵੀ ਚੰਗੀ ਤਰ੍ਹਾਂ ਜਾਣੂ ਸਨ। ਨਿਮਨ ਪੂੰਜੀਪਤੀ ਜਮਾਤ ਦੇ ਮੂਹਰੈਲ ਨੌਜਵਾਨਾਂ ਨੂੰ ਪੂੰਜੀਵਾਦੀ ਸਮਾਜ ਵਿਵਸਥਾ ਵਿੱਚ ਜਦ ਆਪਣਾ ਕੋਈ ਭਵਿੱਖ ਨਜ਼ਰ ਨਹੀਂ ਆਉਂਦਾ ਤਾਂ ਉਹਨਾਂ ਅੰਦਰ ਅਨਿਆਂ ਵਿਰੁੱਧ ਵਿਦਰੋਹ ਦੀ ਭਾਵਨਾ ਉਬਾਲਾ ਖਾਣ ਲੱਗਦੀ ਹੈ ਅਤੇ ਉਹ ਇਨਕਲਾਬੀ ਲਹਿਰਾਂ ਵਿੱਚ ਵਿਆਪਕ ਕਿਰਤੀ ਲੋਕਾਂ ਸੰਗ ਭਾਗ ਲੈਣ ਲੱਗਦੇ ਹਨ। ਪਰ ਮਾਨਸਿਕ ਕਿਰਤ ਅਤੇ ਸ਼ਰੀਰਕ ਕਿਰਤ ਦੇ ਅੰਤਰ ਦੀ ਬੁਨਿਆਦ ਉੱਤੇ ਕਾਇਮ ਆਪਣੇ ਬੁਰਜੂਆ ਵਿਸ਼ੇਸ਼ ਅਧਿਕਾਰਾਂ ਅਤੇ ਸ਼੍ਰੇਸ਼ਠਤਾ ਦੀ ਭਾਵਨਾ ਨੂੰ ਉਸ ਸਮੇਂ ਵੀ ਉਹ ਦਿਲ ਤੋਂ ਛੱਡਣ ਲਈ ਤਿਆਰ ਨਹੀਂ ਹੁੰਦੇ। ਸਮਾਜਵਾਦ ਦੇ ਹਾਮੀ ਹੁੰਦੇ ਹੋਏ ਵੀ ਉਹ ਮਜ਼ਦੂਰਾਂ ਪ੍ਰਤੀ ਨਫ਼ਰਤ ਦਾ ਭਾਵ ਰੱਖਦੇ ਹਨ ਅਤੇ ਆਪਣੀ ਬੁਰਜੂਆ ਪੜ੍ਹਾਈ-ਲਿਖਾਈ ਉੱਤੇ ਝੂਠਾ ਹੰਕਾਰ ਪਾਲ਼ਦੇ ਹਨ। ਉਹਨਾਂ ਦੀਆਂ ਅੱਖਾਂ ਉੱਤੇ ਪਿਆ ਜਮਾਤੀ ਹੱਦਾਂ ਦਾ ਪਰਦਾ (ਜਿਸਦਾ ਮੁੱਖ ਕਾਰਨ ਉਤਪਾਦਕ ਕਿਰਤ ਤੋਂ ਉਹਨਾਂ ਦਾ ਕਟਿਆ ਹੋਣਾ ਹੁੰਦਾ ਹੈ) ਮਜ਼ਦੂਰਾਂ ਦੀ ਇਨਕਲਾਬੀ ਸੰਭਾਵਨਾ ਤੋਂ ਉਹਨਾਂ ਨੂੰ ਜਾਣੂ ਨਹੀਂ ਹੋਣ ਦਿੰਦਾ। ਉਹ ਸਮਝਦੇ ਹਨ ਕਿ ਮਜ਼ਦੂਰ ਲਹਿਰ ਉਹਨਾਂ ਦੀ ਅਗਵਾਈ ਤੋਂ ਬਿਨਾਂ ਸਫ਼ਲ ਹੋ ਹੀ ਨਹੀਂ ਸਕਦੀ ਅਤੇ ਮਜ਼ਦੂਰਾਂ ਦੀ ਇਨਕਲਾਬੀ ਪਾਰਟੀ ਵਿੱਚ ਆਮ ਤੌਰ ’ਤੇ ਉਹ ਨਵੇਂ ‘‘ਵਿਚਾਰਕ’’ ਅਤੇ ‘‘ਨੇਤਾ’’ ਹੋਣ ਦੇ ਮੰਸੂਬੇ ਅਤੇ ਦਾਅਵੇ ਨਾਲ਼ ਪ੍ਰਵੇਸ਼ ਕਰਦੇ ਹਨ। ਫਰੈਡਰਿਕ ਏਂਗਲਜ਼ ਨੇ ਪਾਲ ਲਫਾਰਗ ਨੂੰ ਲਿਖੇ ਗਏ ਇੱਕ ਖਤ ਵਿੱਚ ਲਿਖਿਆ ਸੀ ਕਿ ਅਜਿਹੇ ਵਿਦਿਆਰਥੀ ਜਾਂ ਪੜ੍ਹੇ-ਲਿਖੇ ਮੱਧਵਰਗੀ ਨੌਜਵਾਨ ਬੁਰਜੂਆ ਯੂਨੀਵਰਸਿਟੀ ਨੂੰ ਇੱਕ ਪ੍ਰਕਾਰ ਦਾ ਸਮਾਜਵਾਦੀ ਸੈਂਟ ਸਾਈਰ ਸਕੂਲ ਮੰਨਦੇ ਹਨ ਜੋ ਉਹਨਾਂ ਨੂੰ ਪਾਰਟੀ ਵਿੱਚ, ਜੇਕਰ ਸੈਨਾਪਤੀ ਦਾ ਨਹੀਂ ਤਾਂ ਘੱਟੋ-ਘੱਟ ਇੱਕ ਅਫ਼ਸਰ ਦੇ ਰੂਪ ਵਿੱਚ ਅਹੁਦਾ ਪਾਉਣ ਦਾ ਅਧਿਕਾਰ ਪ੍ਰਦਾਨ ਕਰਦਾ ਹੈ। ਮਾਓ ਜ਼ੇ-ਤੁੰਗ ਨੇ ਨਾ ਸਿਰਫ ਇਨਕਲਾਬ ਤੋਂ ਪਹਿਲਾਂ, ਸਗੋਂ ਇਨਕਲਾਬ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਮਜ਼ਦੂਰ ਜਮਾਤ ਦੀ ਪਾਰਟੀ ਵਿੱਚ ਵਿਅਕਤੀਵਾਦ, ਕੈਰੀਅਰਵਾਦ, ਅਰਾਜਕਤਾਵਾਦ ਅਤੇ ‘ਨੇਤਾ ਬਣਨ ਵਾਸਤੇ ਪਾਰਟੀ ਵਿੱਚ ਭਰਤੀ ਹੋਣ’ ਦੀ ਪ੍ਰਵਿਰਤੀ ਜਿਹੇ ਭਟਕਾਵਾਂ ਵਿਰੁੱਧ ਸੰਘਰਸ਼ ਉੱਤੇ ਜ਼ੋਰ ਦਿੱਤਾ ਸੀ। ਇਹ ਬੁਰਜੂਆ ਪ੍ਰਵਿਰਤੀਆਂ ਲੈ ਕੇ ਆਉਣ ਵਾਲ਼ੇ ਅਕਸਰ ਨਿਮਨ-ਪੂੰਜੀਵਾਦੀ ਤੱਤ ਹੀ ਹੋਇਆ ਕਰਦੇ ਹਨ ਜੋ ਬੁਰਜੂਆ ਢਾਂਚੇ ਵਿਰੁੱਧ ਲੜਨਾ ਤਾਂ ਚਾਹੁੰਦੇ ਹਨ ਪਰ ਆਪਣੀਆਂ ਬੁਰਜੂਆ ਪ੍ਰਵਿਰਤੀਆਂ ਅਤੇ ਵਿਸ਼ੇਸ਼ਾਧਿਕਾਰਾਂ ਨੂੰ ਜਾਣੇ-ਅਣਜਾਣੇ ਉਸੇ ਤਰ੍ਹਾਂ ਬਣਾਈ ਰੱਖਣਾ ਚਾਹੁੰਦੇ ਹਨ। ਨਿਮਨ-ਪੂੰਜੀਵਾਦੀ ਨੌਜਵਾਨਾਂ ਵਿੱਚ ਕਿਉਂਕਿ ਲੋਕਾਂ ਦੀ ਇਨਕਲਾਬੀ ਤਾਕਤ ਅਤੇ ਭੂਮਿਕਾ ਪ੍ਰਤੀ ਵਿਸ਼ਵਾਸ਼ ਨਹੀਂ ਹੁੰਦਾ, ਇਸ ਲਈ ਅਕਸਰ ਉਹਨਾਂ ਵਿਚਲੇ ਉਤਾਵਲੇ ਇਨਕਲਾਬੀ ਤੱਤ ਇਨਕਲਾਬ ਦੇ ਵਿਗਿਆਨ ਅਤੇ ਅਧਿਐਨ ਤੇ ਪ੍ਰਯੋਗ ਦੀ ਅਤੇ ਕਿਰਤੀ ਲੋਕਾਂ ਨੂੰ ਜਾਗਰੂਕ ਅਤੇ ਜਥੇਬੰਦ ਕਰਨ ਦੀ ਲੰਬੀ ਕਾਰਵਾਈ ਦੀ ਅਣਦੇਖੀ ਕਰਦੇ ਹਨ ਅਤੇ ਆਪਣੀ ਕੁਰਬਾਨੀ, ਬਹਾਦਰੀ ਅਤੇ ਹਥਿਆਰਬੰਦ ਕਾਰਵਾਈਆਂ ਦੀ ਦਹਿਸ਼ਤ ਦੇ ਸਹਾਰੇ ਸੱਤਾ-ਤਬਦੀਲੀ ਕਰ ਦੇਣਾ ਚਾਹੁੰਦੇ ਹਨ। ਇਸੇ ਨੂੰ ਹੀ ਅਸੀਂ ਆਮ ਤੌਰ ’ਤੇ ਦਹਿਸ਼ਤਗਰਦੀ ਦੀ ਪ੍ਰਵਿਰਤੀ ਦੇ ਨਾਂ ਨਾਲ਼ ਜਾਣਦੇ ਹਾਂ। ਵਿਗਿਆਨਕ ਸਮਾਜਵਾਦ ਉੱਤੇ ਅਧਾਰਤ ਮਜ਼ਦੂਰ ਲਹਿਰ ਦੀ ਧਾਰਾ ਦੇ ਪ੍ਰਭਾਵ ਵਿੱਚ ਆਉਣ ਤੋਂ ਪਹਿਲਾਂ ਯੂਰਪ ਵਿੱਚ ਅਤੇ ਰੂਸ ਵਿੱਚ ਨਿਮਨ-ਪੂੰਜੀਵਾਦੀ ਇਨਕਲਾਬੀਪੁਣੇ ਦੀ ਇਹ ਪ੍ਰਵਿਰਤੀ ਆਮ ਸੀ ਅਤੇ ਇਨਕਲਾਬੀ ਮਜ਼ਦੂਰ ਲਹਿਰ ਵਿੱਚ ਵੀ ਕਦੇ ਸੁਧਾਰਵਾਦ-ਅਰਥਵਾਦ-ਸੰਸਦਵਾਦ ਦੇ ਰੂਪ ਵਿੱਚ ਬੁਰਜੂਆ ਭਟਕਾਅ, ਤਾਂ ਕਦੇ ਦਹਿਸ਼ਤਗਰਦੀ-ਅਰਾਜਕਤਾਵਾਦ ਦੇ ਰੂਪ ਵਿੱਚ ਨਿਮਨ ਬੁਰਜੂਆ ਭਟਕਾਅ ਘੁਸਪੈਠੀਏ ਦੇ ਰੂਪ ਵਿੱਚ ਲਗਾਤਾਰ ਸਿਰ ਚੁੱਕਦੇ ਰਹਿੰਦੇ ਹਨ। ਇਹਨਾਂ ਭਟਕਾਵਾਂ ਦਾ ਸਮਾਜਿਕ ਅਧਾਰ ਪੂੰਜੀਵਾਦੀ ਸਮਾਜ ਦੀ ਜਮਾਤੀ ਬਣਤਰ ਵਿੱਚ ਮੌਜੂਦ ਹੈ।
 
 
ਤਿੱਖੇ ਜਮਾਤੀ ਸੰਘਰਸ਼ ਦੇ ਦੌਰ ਵਿੱਚ, ਆਪਸੀ-ਵਿਰੋਧੀ ਭੂਮਿਕਾਵਾਂ ਦੇ ਰੂਪ ਵਿੱਚ ਵਿਦਿਆਰਥੀ ਤਬਕੇ ਦਾ ਸਮਾਜਿਕ ਵਖਰੇਵਾਂ ਵਿਸ਼ੇਸ਼ ਰੂਪ ਵਿੱਚ ਵੇਖਣ ਨੂੰ ਮਿਲ਼ਦਾ ਹੈ। 1848 ਦੇ ਇਨਕਲਾਬ ਵਿੱਚ ਜਰਮਨੀ ਵਿੱਚ ਵਿਦਿਆਰਥੀਆਂ ਦੇ ਜਮਹੂਰੀ ਤਬਕੇ ਨੇ ਵਿਦਰੋਹੀ ਕਿਰਤੀਆਂ ਨਾਲ਼ ਸ਼ਾਮਿਲ ਹੋ ਕੇ ਸਰਕਾਰੀ ਫੌਜਾਂ ਦਾ ਮੁਕਾਬਲਾ ਕੀਤਾ, ਪਰ ਉਸੇ ਸਮੇਂ ਫਰਾਂਸ ਦੇ ਵਿਸ਼ੇਸ਼ਾਧਿਕਾਰੀ ਕੁਲੀਨਾਂ ਦੇ ਵਿਦਿਆਰਥੀਆਂ ਨੇ ਮੋਰਚਾਬੰਦੀ ਦੇ ਦੂਜੇ ਪਾਸੇ ਦੇ ਬੁਰਜੂਆ ਨੈਸ਼ਨਲ ਗਾਰਡ ਦਾ ਸਾਥ ਦਿੱਤਾ ਅਤੇ ਪੇਰਿਸ ਦੇ ਮਜ਼ਦੂਰਾਂ ਉੱਪਰ ਗੋਲ਼ੀਆਂ ਚਲਾਈਆਂ। ਕਦੇ-ਕਦੇ, ਆਪਣੀ ਅਰਾਜਕ ਸੋਚ ਅਤੇ ਕਿਰਤੀ ਲੋਕਾਂ ਪ੍ਰਤੀ ਪ੍ਰਤੱਖ ਜਾਂ ਛੁਪੇ ਹੋਏ ਤਿ੍ਰਸਕਾਰ ਭਾਵ ਦੇ ਬਾਵਜੂਦ, ਵਿਦਿਆਰਥੀ ਲਹਿਰਾਂ ਵਿਵਸਥਾ ਵਿਰੁੱਧ ਲੋਕਾਂ ਨੂੰ ਜਾਗਰਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ, ਪਰ ਵਿਆਪਕ ਕਿਰਤੀ ਲੋਕਾਂ ਦੇ ਸੰਘਰਸ਼ਾਂ ਨਾਲ਼ ਜੁੜੇ ਬਿਨਾਂ, ਉਹ ਆਪਣੀ ਸੁਤੰਤਰ ਗਤੀ ਨਾਲ਼ ਬਹੁਤ ਅੱਗੇ ਨਹੀਂ ਜਾ ਪਾਉਂਦੀਆਂ ਅਤੇ ਖਿੰਡ-ਖੱਪਰ ਜਾਂਦੀਆਂ ਹਨ। 1865-66 ਦੀਆਂ ਸਰਦੀਆਂ ਵਿੱਚ ਪੇਰਿਸ ਅਕੈਡਮੀ ਦੀ ਵਿਦਿਆਰਥੀ ਲਹਿਰ ਬਾਰੇ, ਮਾਰਕਸ ਨੂੰ ਲਿਖੇ ਖਤ ਵਿੱਚ ਏਂਗਲਜ਼ ਨੇ ਲਿਖਿਆ ਸੀ : ‘‘ਇਹ ਬਹੁਤ ਮਹੱਤਵਪੂਰਣ ਹੈ ਕਿ ਪੇਰਿਸ ਦੇ ਵਿਦਿਆਰਥੀ, ਚਾਹੇ ਉਹਨਾਂ ਦੇ ਦਿਮਾਗ ਦੀ ਕੁੱਝ ਵੀ ਅਵਸਥਾ ਹੋਵੇ, ਮਜ਼ਦੂਰਾਂ ਦਾ ਪੱਖ ਲੈ ਰਹੇ ਹਨ।’’ 1968 ਦੇ ਫਰਾਂਸ ਦੀ ਵਿਦਿਆਰਥੀ ਲਹਿਰ ਦੀ ਕਾਫ਼ੀ ਚਰਚਾ ਹੁੰਦੀ ਹੈ। ਇਸ ਵਿਦਿਆਰਥੀ ਲਹਿਰ ਨੇ ਲੋਹਪੁਰਸ਼ ਦਗਾਲ ਦੀ ਸਰਕਾਰ ਨੂੰ ਅਸਤੀਫ਼ੇ ਲਈ ਮਜਬੂਰ ਕਰ ਦਿੱਤਾ। ਸਾਰੇ ਬੁੱਧੀਜੀਵੀਆਂ ਨੂੰ ਇਸ ਲਹਿਰ ਵਿੱਚੋਂ ਨਵੀਂ ਰਾਹ ਨਿਕਲਦੀ ਨਜ਼ਰ ਆਉਣ ਲੱਗੀ। ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦੇ ਐਲਾਨ ਹੋਣ ਲੱਗੇ। ਪਰ ਅੰਤ ਨੂੰ ਸਭ ਕੁੱਝ ਖਿੰਡ-ਖੱਪਰ ਗਿਆ। ਲੱਗਭਗ ਇੱਕ ਦਹਾਕੇ ਬਾਅਦ, ਇਸ ਲਹਿਰ ਦੀ ਅਗਵਾਈ ਕਰਨ ਵਾਲ਼ੇ ਲੋਕ ਬੁਰਜੂਆ ਢਾਂਚੇ ਵਿੱਚ ਇੱਧਰ-ਉੱਧਰ ਉੱਚੇ ਅਹੁਦਿਆਂ ਉੱਤੇ ਸੈੱਟ ਹੋ ਗਏ ਜਾਂ ਬੁਰਜੂਆ ਬੁੱਧੀਜੀਵੀ ਬਣ ਗਏ। ਫਰਾਂਸੀਸੀ ਸੱਤਾ ਅਤੇ ਸਮਾਜ ਦਾ ਢਾਂਚਾ ਉਵੇਂ ਦਾ ਉਵੇਂ ਬਣਿਆ ਰਿਹਾ। ਉਂਝ ਕਹਿਣ ਨੂੰ 1968 ਦੀ ਫਰਾਂਸੀਸੀ ਲਹਿਰ ਵਿੱਚ ਸਮਾਰਾਜਵਾਦ-ਵਿਰੋਧੀ ਅਤੇ ਸਮਾਜਵਾਦ ਦੇ ਨਾਅਰਿਆਂ ਨੂੰ ਕੇਂਦਰੀ ਥਾਂ ਪ੍ਰਾਪਤ ਸੀ। ਲੈਨਿਨ ਅਤੇ ਮਾਓ ਦੇ ਬਿੱਲੇ ਵਿਦਿਆਰਥੀਆਂ ਵਿੱਚ ਕਾਫ਼ੀ ਹਰਮਨ ਪਿਆਰੇ ਸਨ। ਪਰ ਸਮਾਜਵਾਦ ਪ੍ਰਤੀ ਵਿਦਿਆਰਥੀਆਂ ਦਾ ਇਹ ਰੁਝਾਨ ਵਿਗਿਆਨਕ ਨਾ ਹੋ ਕੇ ਰੂਮਾਨੀ ਸੀ। ਲਹਿਰ ਵਿੱਚ ਕੋਈ ਯੋਜਨਾ ਨਹੀਂ ਸਗੋਂ ਇੱਕ ਆਪ ਮੁਹਾਰੀ ਅਰਾਜਕਤਾ ਸੀ ਅਤੇ ਮਜ਼ਦੂਰ ਜਮਾਤ ਨੂੰ ਨਾਲ਼ ਲੈਣ ਦੀ ਕੋਈ ਸੁਚੇਤ ਕੋਸ਼ਿਸ਼ ਸੀ ਹੀ ਨਹੀਂ। ਫਰਾਂਸ ਵਿੱਚ ਛੋਟੇ-ਮੋਟੇ ਪ੍ਰਭਾਵਹੀਣ ਗਰੁੱਪਾਂ ਤੋਂ ਇਲਾਵਾ, ਮਜ਼ਦੂਰ ਜਮਾਤ ਦੀ ਅਜਿਹੀ ਕੋਈ ਇਨਕਲਾਬੀ ਪਾਰਟੀ ਵੀ ਨਹੀਂ ਸੀ ਜੋ ਉਸ ਵਿਦਿਆਰਥੀ ਲਹਿਰ ਉੱਤੇ ਵਿਚਾਰਕ ਹੈਜਮਨੀ ਕਾਇਮ ਕਰਕੇ ਅਤੇ ਉਸਨੂੰ ਮਜ਼ਦੂਰ ਜਮਾਤ ਦੇ ਸੰਘਰਸ਼ ਨਾਲ਼ ਜੋੜਨ ਦੀ ਕੋਸ਼ਿਸ਼ ਕਰਦੀ। ਇਹਨਾਂ ਸਭ ਦਾ ਨਤੀਜਾ ਉਸੇ ਰੂਪ ਵਿੱਚ ਸਾਹਮਣੇ ਆਉਣਾ ਸੀ, ਜਿਸ ਰੂਪ ਵਿੱਚ ਆਇਆ। ਬਿਨਾਂ ਸ਼ੱਕ, ਇਸ ਵਿਦਿਆਰਥੀ ਲਹਿਰ ਦੀ ਠੋਸ ਰੂਪ ਵਿੱਚ ਅਗਾਂਹਵਧੂ ਭੂਮਿਕਾ ਸੀ। ਇਸਨੇ ਸਾਮਰਾਜਵਾਦੀ ਦੁਨੀਆਂ ਦੀਆਂ ਅੰਦਰੂਨੀ ਵਿਰੋਧਤਾਈਆਂ ਉਜਾਗਰ ਕਰਨ ਨਾਲ਼ ਹੀ ਉਸਨੂੰ ਇੱਕ ਝਟਕਾ ਦਿੱਤਾ ਅਤੇ ਸਾਰੀ ਦੁਨੀਆਂ ਦੇ ਕਿਰਤੀਆਂ ਅਤੇ ਇਨਕਲਾਬੀ ਨੌਜਵਾਨਾਂ ਉੱਪਰ ਵੀ ਉਸਦਾ ਇੱਕ ਹਾਂ-ਪੱਖੀ ਪ੍ਰਭਾਵ ਪਿਆ। ਪਰ ਦੂਰ ਰਸ ਰੂਪ ਵਿੱਚ ਵੇਖੀਏ ਤਾਂ ਇਹ ਤਬਦੀਲੀ ਦੀ ਕਿਸੇ ਨਵੀਂ ਲਹਿਰ ਦਾ ਸੂਤਰਧਾਰ ਨਹੀਂ ਬਣ ਸਕੀ। ਇਸਦਾ ਮੁੱਖ ਕਾਰਨ ਵਿਦਿਆਰਥੀ ਅਬਾਦੀ ਦੇ ਨਿਮਨ-ਪੂੰਜੀਵਾਦੀ ਚਰਿੱਤਰ, ਉਸਦੀ ਅਰਾਜਕਤਾਵਾਦੀ ਵਿਚਾਰਧਾਰਾ ਅਤੇ ਕਿਰਤੀ ਲੋਕਾਂ ਤੋਂ ਉਸ ਦੀ ਦੂਰੀ ਵਿੱਚ ਵੇਖਿਆ ਜਾ ਸਕਦਾ ਹੈ।
 
 
ਦੂਜਾ ਪ੍ਰਤੀਨਿਧੀ ਉਦਾਹਰਨ 1974 ਦੀ ਭਾਰਤੀ ਵਿਦਿਆਰਥੀ-ਨੌਜਵਾਨ ਲਹਿਰ ਤੋਂ ਲਿਆ ਜਾ ਸਕਦਾ ਹੈ। ਇਸ ਵਿੱਚ ਮੂਹਰੈਲ ਭੂਮਿਕਾ ਪਿੰਡਾਂ-ਸ਼ਹਿਰਾਂ ਦੇ ਉਹਨਾਂ ਰੈਡੀਕਲ ਮੱਧਵਰਗੀ ਵਿਦਿਆਰਥੀਆਂ ਦੀ ਸੀ, ਜਿਹਨਾਂ ਦਾ ਅਜ਼ਾਦ ਭਾਰਤ ਦੇ ਹਾਕਮਾਂ ਦੀਆਂ ਨੀਤੀਆਂ ਤੋਂ ਮੋਹ ਭੰਗ ਹੋ ਚੁੱਕਿਆ ਸੀ। ਵਧਦੀ ਬੇਰੁਜ਼ਗਾਰੀ, ਭਿ੍ਰਸ਼ਟਾਚਾਰ, ਨੇਤਾਸ਼ਾਹੀ ਅਤੇ ਨੌਕਰਸ਼ਾਹੀ ਵਿਰੁੱਧ ਵਿਦਿਆਰਥੀਆਂ ਦਾ ਆਪ ਮੁਹਾਰਾ ਵਿਸਫੋਟਕ ਗੁੱਸਾ ਗੁਜਾਰਤ, ਬਿਹਾਰ ਅਤੇ ਫੇਰ ਦੇਸ਼ ਦੇ ਜ਼ਿਆਦਾਤਰ ਹਿੱਸੇ ਵਿੱਚ ਸੜਕਾਂ ਉੱਤੇ ਹੜ੍ਹ ਦੇ ਰੂਪ ਵਿੱਚ ਵਹਿ ਨਿਕਲਿਆ। ਇਸ ਢਾਂਚੇ-ਵਿਰੋਧੀ ਵਿਦਿਆਰਥੀ ਲਹਿਰ ਦੀ ਨਾ ਤਾਂ ਕੋਈ ਸਪੱਸ਼ਟ ਵਿਚਾਰਧਾਰਾ ਸੀ, ਨਾ ਸੁਲਝੀ ਹੋਈ ਲੀਡਰਸ਼ਿਪ ਸੀ, ਨਾ ਹੀ ਕੋਈ ਸਪੱਸ਼ਟ ਪ੍ਰੋਗਰਾਮ ਸੀ। ਉਸ ਸਮੇਂ ਸੋਧਵਾਦੀ ਸੰਸਦਮਾਰਗੀ ਕਮਿਊਨਿਸਟਾਂ ਤੋਂ ਤੋੜ-ਵਿਛੜਾ ਕਰਕੇ ਜੋ ਇਨਕਲਾਬੀ ਕਮਿਊਨਿਸਟ ਦੇਸ਼ ਦੇ ਵੱਖ-2 ਹਿੱਸਿਆਂ ਵਿੱਚ ਕੰਮ ਕਰ ਰਹੇ ਸਨ ਅਤੇ ਸੱਤਾ ਦੇ ਭਿਅੰਕਰ ਦਮਨ ਦੇ ਬਾਵਜੂਦ ਜੋ ਕਾਫ਼ੀ ਪ੍ਰਭਾਵੀ ਸਨ, ਉਹਨਾਂ ਨੇ ਮੁੱਖ ਤੌਰ ’ਤੇ ਦਹਿਸ਼ਤਗਰਦ ਭਟਕਾਅ ਵਜੋਂ (ਜੋ ਦਹਿਸ਼ਤਵਾਦੀ ਭਟਕਾਅ ਦਾ ਸ਼ਿਕਾਰ ਨਹੀਂ ਸਨ, ਉਹਨਾਂ ਕੋਲ ਵੀ ਕੋਈ ਸਪੱਸ਼ਟ ਬਦਲਵਾਂ ਰਾਹ ਜਾਂ ਜਨਤਕ ਲੀਹ ਦੀ ਸਮਝ ਨਹੀਂ ਸੀ) ਵਿਦਿਆਰਥੀਆਂ-ਨੌਜਵਾਨਾਂ ਦੇ ਉਭਾਰ ਵਿੱਚ ਪ੍ਰਭਾਵੀ ਦਖਲਅੰਦਾਜ਼ੀ ਕਰਨ ਦੀ ਕੋਈ ਕੋਸ਼ਿਸ਼ ਹੀ ਨਹੀਂ ਕੀਤੀ। ਆਪਣੀ ਕੁਦਰਤੀ ਅਰਾਜਕਤਾਵਾਦੀ ਅਤੇ ਆਪਮੁਹਾਰਤਾਵਾਦੀ ਜਮਾਤੀ-ਪ੍ਰਵਿਰਤੀ ਨਾਲ਼ ਵਿਦਿਆਰਥੀ ਲਹਿਰ ਅੱਗੇ ਵਧਦੀ ਗਈ ਅਤੇ ਮੌਕਾ ਦੇਖਕੇ ਜੈ ਪ੍ਰਕਾਸ਼ ਨਾਰਾਯਣ ਨੇ ‘‘ਸੰਪੂਰਣ ਇਨਕਲਾਬ’’ ਅਤੇ ‘‘ਪਾਰਟੀ ਰਹਿਤ ਪ੍ਰਜਾ’’ ਦੇ ਲੋਕ ਲੁਭਾਉ ਨਾਅਰੇ ਨਾਲ਼ ਉਸਦੀ ਅਗਵਾਈ ਹੜਪ ਲਈ। ਐਮਰਜੈਂਸੀ ਦੌਰਾਨ ਵੀ ਨਿਰੰਕੁਸ਼ਤਾ ਵਿਰੋਧੀ ਸੰਘਰਸ਼ ਦੀ ਮੁੱਖ ਤਾਕਤ ਵਿਦਿਆਰਥੀ ਨੌਜਵਾਨ ਹੀ ਸਨ। ਪਰ ਇਸ ਸਾਰੇ ਸੰਘਰਸ਼ ਦਾ ਅੰਤਿਮ ਨਤੀਜਾ ਇਹ ਸੀ ਕਿ 1977 ਵਿੱਚ ਜਨਤਾ ਪਾਰਟੀ ਹਕੂਮਤ ਦੀ ਸਥਾਪਨਾ ਅਤੇ ਫਿਰ ਪਤਣ ਅਤੇ ਜਨਤਾ ਪਾਰਟੀ ਦਾ ਖਿੰਡਣਾ। ਜਨਤਾ ਪਾਰਟੀ ਦੇ ਵੱਖ-ਵੱਖ ਹਿੱਸੇ ਬੁਰਜੂਆ ਰਾਜਨੀਤੀ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਗਏ ਅਤੇ 1974 ਦੀ ਵਿਦਿਆਰਥੀ ਲਹਿਰ ਦੇ ਜ਼ਿਆਦਾਤਰ ਆਗੂ ਅੱਜ ਵੱਖ-ਵੱਖ ਬੁਰਜੂਆ ਪਾਰਟੀਆਂ ਵਿੱਚ ਵੱਡੇ ਆਗੂ ਹਨ। ਜੋ ਬੁਰਜੂਆ ਰਾਜਨੀਤੀ ਦੀ ਮੁੱਖ ਧਾਰਾ ਵਿੱਚ ਥਾਂ ਪ੍ਰਾਪਤ ਨਹੀਂ ਕਰ ਸਕੇ ਉਹ ਅੱਜ ਗਾਂਧੀਵਾਦੀ ਸੰਸਥਾਵਾਂ ਅਤੇ ਐਨ.ਜੀ.ਓ. ਰਾਜਨੀਤੀ ਦੇ ਮਠ-ਮੁਖੀਆਂ ਦੇ ਰੂਪ ਵਿੱਚ ਪੂੰਜੀਵਾਦੀ ਢਾਂਚੇ ਦੇ ਨਵੇਂ ਸੇਫ਼ਟੀਵਾਲਵ ਦਾ ਕੰਮ ਕਰ ਰਹੇ ਹਨ ਅਤੇ ਜੋ ਇਹ ਵੀ ਨਹੀਂ ਕਰ ਸਕੇ ਉਹ ਬੁੱਕ ਸਟਾਲਾਂ ’ਤੇ ਕਿਤਾਬਾਂ ਵੇਚ ਰਹੇ ਹਨ, ਗਾਂਧੀਵਾਦੀ ਸੰਸਥਾਵਾਂ ਦੇ ਦਫ਼ਤਰਾਂ ਵਿੱਚ ਕਿਰਾਨੀਗਿਰੀ ਕਰ ਰਹੇ ਹਨ ਜਾਂ ਹਰ ਕਿਸਮ ਦੀ ਰਾਜਨੀਤਕ ਸਰਗਰਮੀ ਤੋਂ ਮੂੰਹ ਮੋੜ ਕੇ ਅਲਹਿਦਗੀ ਦੀ ਮਾਨਸਿਕਤਾ ਵਿੱਚ ਕੋਈ ਰੁਜ਼ਗਾਰ ਕਰਦੇ ਹੋਏ ਘਰ-ਬਾਰ ਸੰਭਾਲ ਰਹੇ ਹਨ। ਇਹਨਾਂ ਸਭ ਦਾ ਨਿਚੋੜ ਇਕਦਮ ਸਾਫ਼ ਹੈ। ਵਿਦਿਆਰਥੀ ਲਹਿਰ ਜੇ ਮਜ਼ਦੂਰਾਂ ਦੇ ਸੰਘਰਸ਼ਾਂ ਨਾਲ਼ ਅਤੇ ਉਹਨਾਂ ਦੀ ਮੁਕਤੀ ਦੇ ਵਿਆਪਕ ਪ੍ਰੋਜੈਕਟ ਨਾਲ਼ ਆਪਣੇ ਆਪ ਨੂੰ ਨਹੀਂ ਜੋੜਦੀ ਤਾਂ ਆਪਣੇ ਸਭ ਰੈਡੀਕਲ ਖਾਸੇ ਦੇ ਬਾਵਜੂਦ ਖਿੰਡ ਜਾਂਦੀ ਹੈ, ਉਸਦੇ ਆਗੂ ਤੱਤਾਂ ਦਾ ਵੱਡਾ ਹਿੱਸਾ ਬੁਰਜੂਆ ਰਾਜਨੀਤੀ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਜਾਂਦਾ ਹੈ ਅਤੇ ਬੁਰਜੂਆ ਢਾਂਚੇ ਵਿੱਚ ਰਚ-ਮਿਚ ਜਾਂਦਾ ਹੈ। ਬੁਨਿਆਦੀ ਅਤੇ ਮੁੱਖ ਖਾਸਾ (ਕਾਲਜਾਂ-ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀ ਜਮਾਤੀ ਬਣਤਰ ਦੀ ਨਜ਼ਰ ਤੋਂ) ਮੱਧ ਵਰਗੀ ਹੋਣ ਕਾਰਨ ‘‘ਸੁਤੰਤਰ’’ ਅਤੇ ‘‘ਆਪਣੇ ਆਪ ’ਤੇ ਨਿਰਭਰ’’ ਵਿਦਿਆਰਥੀ ਲਹਿਰਾਂ ਦੀ ਹੋਣੀ ਅਤੇ ਅੰਤਮ ਨਤੀਜਾ ਇਸ ਤੋਂ ਭਿੰਨ ਕੁੱਝ ਹੋ ਵੀ ਨਹੀਂ ਸਕਦਾ।
 
 
ਅਤੇ ਗੱਲ ਸਿਰਫ਼ ਏਨੀ ਹੀ ਨਹੀਂ ਹੈ। ਕੈਂਪਸਾਂ ਦੀ ਵਿਦਿਆਰਥੀ ਅਬਾਦੀ ਆਪਣੀ ਸੁਭਾਵਕ ਨਿਮਨ-ਪੂੰਜੀਵਾਦੀ ਪ੍ਰਵਿਰਤੀ ਵਜੋਂ. ਜੇਕਰ ਖੱਬੇਪੱਖੀ ਵਿਚਾਰਾਂ ਦੇ ਪ੍ਰਭਾਵ ਵਿੱਚ ਆ ਵੀ ਜਾਂਦੀ ਹੈ ਤਾਂ ਸੰਸਦਮਾਰਗੀ ਖੱਬੇਪੱਖੀਆਂ ਦਾ ਸੁਧਾਰਵਾਦ ਉਹਨਾਂ ਨੂੰ ਵੱਧ ਰਾਸ ਆਉਂਦਾ ਹੈ, ਕਿਉਂਕਿ ਉਸ ਵਿੱਚ ਕੋਈ ਜੋਖਿਮ ਨਹੀਂ ਹੁੰਦਾ, ਆਪਣੀ ਬੁਰਜੂਆ ਯੋਗਤਾ ਦੇ ਜ਼ੋਰ ’ਤੇ ਤਰੱਕੀ ਦੀ ਪੌੜੀ ਚੜ੍ਹਨ ਦਾ ਸਕੋਪ ਉੱਥੇ ਵੱਧ ਹੁੰਦਾ ਹੈ ਅਤੇ ਵਿਆਪਕ ਕਿਰਤੀ ਅਬਾਦੀ ਦੀ ਔਖੀ ਜ਼ਿੰਦਗੀ ਅਤੇ ਸੰਘਰਸ਼ਾਂ ਵਿੱਚ ਸ਼ਮੂਲੀਅਤ ਦੀ ਕੋਈ ਪਰੇਸ਼ਾਨੀ ਨਹੀਂ ਚੁੱਕਣੀ ਪੈਂਦੀ। ਜੋ ਜ਼ਿਆਦਾ ਰੈਡੀਕਲ ਰੁਝਾਨ ਵਾਲ਼ੇ ਥੋੜੇ ਜਿਹੇ ਵਿਦਿਆਰਥੀ ਹੁੰਦੇ ਹਨ, ਉਹ ਨਿਮਨ-ਬੁਰਜੂਆ ਇਨਕਲਾਬਵਾਦ ਦੇ ਰਾਹ ਦਾ ਸ਼ਿਕਾਰ ਹੁੰਦੇ ਹਨ। ਵਿਆਪਕ ਕਿਰਤੀ ਲੋਕਾਂ ਉੱਪਰ ਉਹਨਾਂ ਨੂੰ ਭਰੋਸਾ ਨਹੀਂ ਹੁੰਦਾ ਅਤੇ ਤੁਰਤ-ਫੁਰਤ ਇਨਕਲਾਬ ਕਰ ਦੇਣ ਦੀ ਪ੍ਰਵਿਰਤੀ ਉਹਨਾਂ ਨੂੰ ਦਹਿਸ਼ਤਗਰਦੀ ਦੇ ਰਾਹ ਵੱਲ ਲੈ ਜਾਂਦੀ ਹੈ। ਵਿਦਿਆਰਥੀ ਜੀਵਨ ਵਿੱਚ ਖੱਬੇਪੱਖੀ ਫਿਕਰਿਆਂ-ਮੁਹਾਵਰਿਆਂ ਦੀ ਜੁਗਾਲ਼ੀ ਕਰਨ ਵਾਲ਼ੇ ਬਹੁਤ ਸਾਰੇ ਵਿਦਿਆਥੀ ਜਾਂ ਤਾਂ ਕਿਸੇ ਸੰਸਦਮਾਰਗੀ ਖੱਬੇਪੱਖੀ ਪਾਰਟੀ ਦੇ ਲੀਡਰ ਜਾਂ ਐਨ.ਜੀ.ਓ. ਸੁਧਾਰਵਾਦ ਦੇ ਸਰਗਣੇ ਬਣ ਜਾਂਦੇ ਹਨ, ਜਾਂ ਨਵ-ਖੱਬੇਪੱਖੀ ਅਕਾਦਮਿਸ਼ਿਅਨ ਬਣ ਜਾਂਦੇ ਹਨ ਜਾਂ ਫੇਰ ਮੀਡੀਆ ਕਰਮਚਾਰੀ ਜਾਂ ਨੌਕਰਸ਼ਾਹ ਬਣ ਜਾਂਦੇ ਹਨ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਜਿਹੇ ਸੁਵਿਧਾਮਈ ਟਾਪੂ ਦੀ ਖੱਬੇਪੱਖੀ ਵਿਦਿਆਰਥੀ ਰਾਜਨੀਤੀ ਜੇਕਰ ਸਾਰੀਆਂ ਸੋਧਵਾਦੀ ਪਾਰਟੀਆਂ ਲਈ ਪ੍ਰਭਾਵੀ ਭਰਤੀ ਕੇਂਦਰ ਦਾ ਕੰਮ ਕਰਦੀ ਹੈ ਅਤੇ ਕਦੇ-ਕਦਾਈਂ ਉਥੋਂ ਨਿਕਲੇ ਕੁੱਝ ਵਿਦਿਆਰਥੀ ਜੇਕਰ ਦਹਿਸ਼ਤਵਾਦੀ ਖੱਬੀ ਰਾਜਨੀਤੀ ਦਾ ਰਾਹ ਫੜ ਲੈਂਦੇ ਹਨ ਤਾਂ ਇਸ ਵਿੱਚ ਜ਼ਰ੍ਹਾ ਵੀ ਅਚੰਭੇ ਦੀ ਗੱਲ ਨਹੀਂ ਹੈ।
 
 
ਇੱਕ ਸੱਚੀ ਇਨਕਲਾਬੀ ਰਾਜਨੀਤੀ ਦਾ ਮਤਲਬ ਕੇਵਲ ਫੀਸਾਂ ਦੇ ਵਾਧੇ ਵਿਰੁੱਧ ਲੜਨਾ, ਮੈੱਸ ਵਿੱਚ ਖਰਾਬ ਖਾਣੇ ਨੂੰ ਲੈ ਕੇ ਲੜਨਾ, ਹੋਸਟਲਾਂ ਦੀ ਸੰਖਿਆ ਵਧਾਉਣ ਲਈ ਲੜਨਾ ਜਾਂ ਇਥੋਂ ਤੱਕ ਕਿ ਰੁਜ਼ਗਾਰ ਲਈ ਲੜਨਾ ਹੀ ਨਹੀਂ ਹੋ ਸਕਦਾ। ਇਨਕਲਾਬੀ ਵਿਦਿਆਰਥੀ ਰਾਜਨੀਤੀ ਉਹੀ ਹੋ ਸਕਦੀ ਹੈ ਜੋ ਕੈਂਪਸਾਂ ਦੀ ਹੱਦਬੰਦੀ ਨੂੰ ਤੋੜਕੇ ਵਿਦਿਆਰਥੀਆਂ ਨੂੰ ਵਿਆਪਕ ਕਿਰਤੀ ਲੋਕਾਂ ਦੇ ਜੀਵਨ ਅਤੇ ਸੰਘਰਸ਼ਾਂ ਨਾਲ਼ ਜੋੜਨ ਲਈ ਤਿਆਰ ਕਰੇ ਅਤੇ ਉਹਨਾਂ ਨੂੰ ਇਸਦਾ ਠੋਸ ਪ੍ਰੋਗਰਾਮ ਦੇਵੇ। ਅਜਿਹਾ ਕੀਤੇ ਬਿਨਾਂ ਮੱਧਵਰਗੀ ਵਿਦਿਆਰਥੀ ਆਪਣੇ ਜਮਾਤੀ ਦਿ੍ਰਸ਼ਟੀਕੋਣ ਦੀ ਹੱਦ ਨੂੰ ਟੱਪ ਨਹੀਂ ਸਕਦੇ। ਇਨਕਲਾਬੀ ਤਬਦੀਲੀ ਦੀ ਭਾਵਨਾ ਵਾਲ਼ੇ ਵਿਦਿਆਰਥੀਆਂ ਨੂੰ ਰਾਜਨੀਤਕ ਸਿੱਖਿਆ ਅਤੇ ਪ੍ਰਚਾਰ ਦੁਆਰਾ ਇਹ ਦੱਸਣਾ ਹੋਵੇਗਾ ਕਿ ਮਜ਼ਦੂਰ ਜਮਾਤ ਅਤੇ ਵਿਆਪਕ ਕਿਰਤੀ ਲੋਕਾਂ ਦੇ ਸੰਘਰਸ਼ਾਂ ਨਾਲ਼ ਆਪਣੇ ਸੰਘਰਸ਼ਾਂ ਨੂੰ ਜੋੜੇ ਬਿਨਾਂ ਉਹ ਉਸ ਪੂੰਜੀਵਾਦੀ ਢਾਂਚੇ ਨੂੰ ਕਦੇ ਵੀ ਨਸ਼ਟ ਨਹੀਂ ਕਰ ਸਕਦੇ ਜੋ ਸਭ ਸਮੱਸਿਆਵਾਂ ਦੀ ਜੜ੍ਹ ਹੈ। ਵਿਆਪਕ ਕਿਰਤੀ ਲੋਕਾਂ ਦੇ ਜੀਵਨ ਅਤੇ ਸੰਘਰਸ਼ਾਂ ਵਿੱਚ ਹਿੱਸਾ ਲੈ ਕੇ ਹੀ ਮੱਧਵਰਗੀ ਵਿਦਿਆਰਥੀ ਅਰਾਜਕਤਾਵਾਦ, ਵਿਅਕਤੀਵਾਦ ਅਤੇ ਮਜ਼ਦੂਰ ਜਮਾਤ ਪ੍ਰਤੀ ਨਫ਼ਰਤ-ਭਾਵਨਾ ਦੀ ਪ੍ਰਵਿਰਤੀ ਤੋਂ ਮੁਕਤ ਹੋ ਸਕਦੇ ਹਨ ਅਤੇ ਸੱਚੇ ਅਰਥਾਂ ਵਿੱਚ ਇਨਕਲਾਬੀ ਬਣ ਸਕਦੇ ਹਨ।
 
 
ਮਾਓ ਜ਼ੇ-ਤੁੰਗ ਨੇ ਲਿਖਿਆ ਹੈ ‘‘ਬੁੱਧੀਜੀਵੀ ਲੋਕ ਜਦ ਤੱਕ ਤਨ-ਮਨ ਤੋਂ ਇਨਕਲਾਬੀ ਲੋਕ ਸੰਘਰਸ਼ਾਂ ਵਿੱਚ ਨਹੀਂ ਕੁੱਦ ਪੈਂਦੇ, ਭਾਵ ਆਮ ਲੋਕਾਂ ਦੇ ਹਿੱਤਾਂ ਦੀ ਸੇਵਾ ਕਰਨ ਅਤੇ ਉਸ ਨਾਲ਼ ਇੱਕ ਰੂਪ ਹੋ ਜਾਣ ਦਾ ਪੱਕਾ ਇਰਾਦਾ ਨਹੀਂ ਕਰ ਲੈਂਦੇ, ਉਦੋਂ ਤੱਕ ਉਹਨਾਂ ਵਿੱਚ ਅਕਸਰ ਅੰਤਰਮੁਖਤਾ ਅਤੇ ਵਿਅਕਤੀਵਾਦ ਦੀਆਂ ਪ੍ਰਵਿਰਤੀਆਂ ਬਣੀਆਂ ਰਹਿੰਦੀਆਂ ਹਨ, ਉਹਨਾਂ ਦੇ ਵਿਚਾਰ ਗੈਰ ਵਿਵਹਾਰਕ ਹੁੰਦੇ ਹਨ ਅਤੇ ਉਹਨਾਂ ਦੀਆਂ ਕਾਰਵਾਈਆਂ ਵਿੱਚ ਦਿ੍ਰੜ ਨਿਸ਼ਚੇ ਦੀ ਕਮੀ ਬਣੀ ਰਹਿੰਦੀ ਹੈ। ਇਸ ਲਈ ਭਾਵੇਂ ਚੀਨ ਵਿੱਚ ਇਨਕਲਾਬੀ ਬੁੱਧੀਜੀਵੀ ਲੋਕ ਇੱਕ ਹਿਰਾਵਲ ਦਸਤੇ ਦੀ ਭੂਮਿਕਾ ਭਾਵ ਇੱਕ ਪੁਲ਼ ਦੀ ਭੂਮਿਕਾ ਅਦਾ ਕਰ ਸਕਦੇ ਹਨ, ਫਿਰ ਵੀ ਇਹ ਨਹੀਂ ਹੋ ਸਕਦਾ ਕਿ ਉਹਨਾਂ ਵਿੱਚ ਸਾਰੇ ਲੋਕ ਅੰਤ ਤੱਕ ਇਨਕਲਾਬੀ ਬਣੇ ਰਹਿਣਗੇ। ਕੁੱਝ ਲੋਕ ਬੜੀ ਨਾਜ਼ੁਕ ਘੜੀ ਵਿੱਚ ਇਨਕਲਾਬੀ ਸਫ਼ਾਂ ਨੂੰ ਛੱਡ ਜਾਣਗੇ ਅਤੇ ਗੈਰਸਰਗਰਮ ਹੋ ਜਾਣਗੇ, ਇਥੋਂ ਤੱਕ ਕਿ ਉਹਨਾਂ ਵਿੱਚੋਂ ਕੁੱਝ ਲੋਕ ਇਨਕਲਾਬ ਦੇ ਦੁਸ਼ਮਣ ਬਣ ਜਾਣਗੇ। ਬੁੱਧੀਜੀਵੀ ਲੋਕ ਸਿਰਫ਼ ਲੰਬੇ ਸਮੇਂ ਦੇ ਲੋਕ ਸੰਘਰਸ਼ਾਂ ਦੌਰਾਨ ਹੀ ਆਪਣੀਆਂ ਘਾਟਾਂ ਨੂੰ ਦੂਰ ਕਰ ਸਕਦੇ ਹਨ।’’ (ਮਾਓ ਜ਼ੇ-ਤੁੰਗ : ‘ਚੀਨੀ ਇਨਕਲਾਬ ਅਤੇ ਚੀਨੀ ਕਮਿੳੂਨਿਸਟ ਪਾਰਟੀ’, (ਦਿਸੰਬਰ 1939), ਸਮੁੱਚੀਆਂ ਰਚਨਾਵਾਂ, ਅੰਗਰੇਜ਼ੀ ਐਡੀਸ਼ਨ, ਗ੍ਰੰਥ-2, ਪੰਨਾ-322)
 
 
ਮਾਓ ਜ਼ੇ-ਤੁੰਗ ਦੀ ਇਹ ਗੱਲ ਭਾਰਤ ਦੇ ਬੁੱਧੀਜੀਵੀਆਂ ਲਈ ਵੀ ਲਾਗੂ ਹੁੰਦੀ ਹੈ ਅਤੇ ਵਿਦਿਆਰਥੀਆਂ ਲਈ ਵੀ ਲਾਗੂ ਹੁੰਦੀ ਹੈ। ਇਨਕਲਾਬੀ ਵਿਦਿਆਰਥੀ ਲਹਿਰ ਦੇ ਪ੍ਰੋਗਰਾਮ ਵਿੱਚ ਇਸ ਗੱਲ ਨੂੰ ਲਾਜ਼ਿਮੀ ਤੌਰ ’ਤੇ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਕਿ ਵਿਦਿਆਰਥੀ ਕਾਰਕੁੰਨਾਂ ਨੂੰ ਕੈਂਪਸ ਦੇ ਸੰਘਰਸ਼ਾਂ ਤੋਂ ਇਲਾਵਾ, ਆਪਣੀ ਪੜ੍ਹਾਈ ਲਿਖਾਈ ਵਿੱਚੋਂ ਸਮਾਂ ਕੱਢਕੇ ਮਜ਼ਦੂਰਾਂ ਵਿਚਕਾਰ ਜਾਣਾ ਚਾਹੀਦਾ ਹੈ, ਛੁੱਟੀਆਂ ਵਿੱਚ ਉਹਨਾਂ ਨਾਲ਼ ਰਹਿਣਾ ਚਾਹੀਦਾ ਹੈ, ਸਟੱਡੀ ਸਰਕਲਾਂ, ਲਾਈਬੇ੍ਰਰੀਆਂ, ਸਭਿਆਚਾਰਕ-ਰਾਜਨੀਤਕ ਪ੍ਰਚਾਰ ਕੰਮਾਂ ਦੁਆਰਾ ਉਹਨਾਂ ਨੂੰ ਸਿੱਖਿਅਤ ਕਰਨਾ ਚਾਹੀਦਾ ਹੈ, ਉਹਨਾਂ ਦੇ ਸੰਘਰਸ਼ਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਆਪਣੀ ਜਮਾਤੀ ਰੂਪਬਦਲੀ ਕਰਨੀ ਚਾਹੀਦੀ ਹੈ। ਭਗਤ ਸਿੰਘ ਅਤੇ ਬੁਟਕੇਸ਼ਵਰ ਦੱਤ ਨੇ 19 ਅਕਤੂਬਰ 1929 ਨੂੰ ਪੰਜਾਬ ਸਟੂਡੈਂਟਸ ਯੂਨੀਅਨ, ਲਾਹੌਰ ਦੀ ਦੂਜੀ ਕਾਂਗਰਸ ਦੇ ਨਾਮ ਜੇਲ੍ਹ ਤੋਂ ਭੇਜੇ ਗਏ ਆਪਣੇ ਸੰਦੇਸ਼ ਵਿੱਚ ਲਿਖਿਆ ਸੀ ਕਿ ਇਨਕਲਾਬ ਦਾ ਸੁਨੇਹਾ ਫੈਕਟਰੀਆਂ-ਕਾਰਖਾਨਿਆਂ, ਗੰਦੀਆਂ ਬਸਤੀਆਂ ਅਤੇ ਪਿੰਡਾਂ ਦੀਆਂ ਝੌਪੜੀਆਂ ਵਿੱਚ ਰਹਿਣ ਵਾਲ਼ੇ ਕਰੋੜਾਂ ਕਿਰਤੀਆਂ ਤੱਕ ਪਹੁੰਚਾਉਣਾ ਵਿਦਿਆਰਥੀਆਂ ਨੌਜਵਾਨਾਂ ਦੀ ਜ਼ਿੰਮੇਵਾਰੀ ਹੈ। ਇਹ ਗੱਲ ਅੱਜ ਵੀ ਸਹੀ ਹੈ ਅਤੇ ਇਨਕਲਾਬੀ ਵਿਦਿਆਰਥੀ ਲਹਿਰ ਇਸ ਦੀ ਅਣਦੇਖੀ ਨਹੀਂ ਕਰ ਸਕਦੀ।
 
 
ਮਾਓ ਜ਼ੇ-ਤੁੰਗ ਨੇ ਕਿਸੇ ਨੌਜਵਾਨ ਦੇ ਇਨਕਲਾਬੀ ਹੋਣ ਜਾਂ ਨਾ ਹੋਣ ਦੀ ਇੱਕੋ ਇੱਕ ਕਸੌਟੀ ਦੱਸੀ ਸੀ ਕਿ ਉਹ ਨੌਜਵਾਨ ਵਿਆਪਕ ਕਿਰਤੀ ਲੋਕਾਂ ਨਾਲ਼ ਇਕਰੂਪ ਹੋ ਜਾਣਾ ਚਾਹੁੰਦਾ ਹੈ ਜਾਂ ਨਹੀਂ ਅਤੇ ਆਪਣੇ ਅਮਲ ਵਿੱਚ ਉਹ ਅਜਿਹਾ ਕਰਦਾ ਹੈ ਜਾਂ ਨਹੀਂ। (ਮਾਓ-ਜ਼ੇ-ਤੁੰਗ : ‘ਨੌਜਵਾਨ ਲਹਿਰ ਦੀ ਦਿਸ਼ਾ’, (4 ਮਈ 1939), ਸਮੁੱਚੀਆਂ ਰਚਨਾਵਾਂ, ਗ੍ਰੰਥ-2, ਅੰਗਰੇਜ਼ੀ ਐਡੀਸ਼ਨ, ਪੰਨਾ-246)
 
 
ਭਾਰਤ ਦੀ ਵਿਦਿਆਰਥੀ-ਨੌਜਵਾਨ ਲਹਿਰ ਲਈ ਵੀ ਇਹ ਕਸੌਟੀ ਸੌ ਪ੍ਰਤੀਸ਼ਤ ਸਹੀ ਹੈ ਅਤੇ ਅੱਜ ਸਾਨੂੰ ਪੂਰੀ ਮਜ਼ਬੂਤੀ ਨਾਲ਼ ਇਸ ਉੱਤੇ ਅਮਲ ਕਰਨ ਦੀ ਜ਼ਰੂਰਤ ਹੈ। ਉਦੋਂ ਹੀ ਅਸੀਂ ਇਸ ਮੋਰਚੇ ਉੱਤੇ ਅਸਲ ਵਿੱਚ ਇੱਕ ਨਵੀਂ ਸ਼ੁਰੂਆਤ ਕਰ ਸਕਾਗੇਂ ਅਤੇ ਉਸਨੂੰ ਅੱਗੇ ਵਧਾ ਸਕਾਂਗੇ।

ਅੰਕ-04, ਅਪੈਲ-ਜੂਨ 2008 ਵਿਚ ਪ੍ਰਕਾਸ਼ਿ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s