ਭਾਰਤੀ ”ਨਿਆਂਪਾਲਿਕਾ” ਦਾ ਇੱਕ ਹੋਰ ਅਨਿਆਂ ਗਰੀਬ ਦਾ ਕਾਤਲ ਸਲਮਾਨ ਖਾਨ ਬਰੀ •ਲਖਵਿੰਦਰ

9(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

27 ਸਤੰਬਰ 2002 ਦੀ ਰਾਤ ਮੁੰਬਈ ਦੇ ਬਾਂਦਰਾ ਇਲਾਕੇ ਵਿੱਚ ਇੱਕ ਕਾਰ ਨੇ ਸੜਕ ਦੇ ਕਿਨਾਰੇ ਸੌਂ ਰਹੇ ਚਾਰ ਵਿਅਕਤੀ ਕੁਚਲ ਦਿੱਤੇ ਸਨ। ਤਿੰਨ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਇੱਕ ਦੀ ਮੌਤ ਹੋ ਗਈ ਸੀ। ਇਸ ਕਾਰ ਵਿੱਚ ਫਿਲਮ ਅਭਿਨੇਤਾ ਸਲਮਾਨ ਖਾਨ, ਪੁਲੀਸ ਮੁਲਾਜਮ ਰਵਿੰਦਰ ਪਾਟਿਲ (ਸਲਮਾਨ ਦੀ ਸੁਰੱਖਿਆ ਲਈ ਤੈਨਾਤ) ਅਤੇ ਵਿਦੇਸ਼ੀ ਨਾਗਰਿਕ ਤੇ ਗਾਇਕ ਕਮਾਲ ਖਾਨ ਮੌਜੂਦ ਸਨ।  ਪੁਲੀਸ ਮੁਲਾਜਮ ਰਵਿੰਦਰ ਪਾਟਿਲ ਨੇ ਪੁਲੀਸ ਅਤੇ ਮੈਜਿਸਟ੍ਰੇਟ ਸਾਹਮਣੇ ਦਿੱਤੇ ਬਿਆਨ ਵਿੱਚ ਕਿਹਾ ਸੀ ਕਿ ਸਲਮਾਨ ਨੇ ਸ਼ਰਾਬ ਪੀ ਕੇ ਤੇਜ਼ ਰਫ਼ਤਾਰ ਕਾਰ ਚਲਾਉਣ ਦੌਰਾਨ ਸੜਕ ਕਿਨਾਰੇ ਸੌਂ ਰਹੇ ਵਿਅਕਤੀਆਂ ਨੂੰ ਕੁਚਲ਼ਿਆ ਹੈ। ਕਮਾਲ ਖਾਨ ਦਾ ਕੋਈ ਬਿਆਨ ਪੁਲੀਸ ਕੋਲ਼ ਦਰਜ ਨਹੀਂ ਹੈ। ਇਸ ਮਾਮਲੇ ਵਿੱਚ ਲੰਘੀ 6 ਮਈ 2015 ਨੂੰ ਸ਼ੈਸ਼ਨ ਕੋਰਟ ਵਿੱਚ ਸਲਮਾਨ ਖਾਨ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਸਨੂੰ ਉਸੇ ਦਿਨ ਕੰਮ-ਸਮਾਂ ਖਤਮ ਹੋਣ ਦੇ  ਬਾਵਜੂਦ ਵੀ ਹਾਈਕੋਰਟ ਵਿੱਚ ਸਿਹਤ ਕਾਰਨਾਂ ਦਾ ਬਹਾਨਾ ਬਣਾ ਕੇ ਜ਼ਮਾਨਤ ਦੇ ਦਿੱਤੀ ਗਈ ਸੀ। ਹੁਣ 10 ਦਸਬੰਰ ਨੂੰ ਹਾਈਕੋਰਟ ਨੇ ਸਲਮਾਨ ਖਾਨ ਨੂੰ ਬਰੀ ਕਰ ਦਿੱਤਾ ਹੈ।

ਬੰਬੇ ਹਾਈਕੋਰਟ ਦਾ ਕਹਿਣਾ ਹੈ ਕਿ ਸਲਮਾਨ ਖਾਨ ਖਿਲਾਫ਼ ਕੋਈ ਵੀ ਠੋਸ ਸਬੂਤ ਨਹੀਂ ਹੈ! ਪੁਲੀਸ ਕਾਂਸਟੇਬਲ ਰਵਿੰਦਰ ਪਾਟਿਲ ਨੇ ਬਿਆਨ ਦਿੱਤਾ ਸੀ ਕਿ ਉਸਨੇ ਸਰਾਬ ਦੇ ਨਸ਼ੇ ਵਿੱਚ ਧੁੱਤ ਸਲਮਾਨ ਖਾਨ ਨੂੰ ਤੇਜ਼ ਗੱਡੀ ਚਲਾਉਣ ਤੋਂ ਮਨ੍ਹਾਂ ਕੀਤਾ ਸੀ ਪਰ ਉਹ ਨਹੀਂ ਮੰਨਿਆ। ਰਵਿੰਦਰ ਪਾਟਿਲ ਨੂੰ ਆਪਣਾ ਬਿਆਨ ਬਦਲਣ ਲਈ ਬਹੁਤ ਡਰਾਇਆ ਧਮਕਾਇਆ ਗਿਆ ਪਰ ਉਹ ਆਪਣੇ ਬਿਆਨ ‘ਤੇ ਡਟਿਆ ਰਿਹਾ। ਉਸਨੂੰ ਇੱਕ ਝੂਠੇ ਕੇਸ ਵਿੱਚ ਫਸਾ ਕੇ ਜੇਲ੍ਹ ‘ਚ ਡੱਕ ਦਿੱਤਾ ਗਿਆ। ਜੇਲ੍ਹ ਵਿੱਚ ਬਿਮਾਰ ਹੋਣ ਤੋਂ ਬਾਅਦ ਇੱਕ ਹਸਪਤਾਲ ਵਿੱਚ ਉਸਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਸ਼ੈਸਨ ਕੋਰਟ ਨੇ ਉਸਦੇ ਬਿਆਨ ਨੂੰ ਇੱਕ ਠੋਸ ਸਬੂਤ ਮੰਨਿਆ ਪਰ ਹਾਈਕੋਰਟ ਨੇ ਰਵਿੰਦਰ ਪਾਟਿਲ ਦੀ ਗਵਾਹੀ ਨੂੰ ਨਾਭਰੋਸੇਯੋਗ ਕਿਹਾ ਹੈ। ਬੇਸ਼ਰਮੀ ਦੀ ਹੱਦ ਵੇਖੋ। ਤੇਰ੍ਹਾਂ ਸਾਲ਼ਾਂ ਬਾਅਦ ਅਸ਼ੋਕ ਕੁਮਾਰ ਨਾਂ ਦਾ ਇੱਕ ਵਿਅਕਤੀ ਹਾਈਕੋਰਟ ਵਿੱਚ ਪੇਸ਼ ਕੀਤਾ ਗਿਆ ਜਿਸਨੇ ਕਿਹਾ ਕਿ ਉਹ ਸਲਮਾਨ ਖਾਨ ਦੀ ਕਾਰ ਚਲਾ ਰਿਹਾ ਸੀ। ਹਾਈਕੋਰਟ ਦੇ ਜੱਜ ਨੇ ”ਸੱਚ” ਬੋਲਣ ਲਈ ਅਸ਼ੋਕ ਦੀ ਤਾਰੀਫ਼ ਕੀਤੀ ਅਤੇ ਉਸਦੀ ਗਵਾਹੀ ਨੂੰ ”ਠੋਸ ਸਬੂਤ” ਮੰਨਿਆ। 13 ਸਾਲ ਬਾਅਦ ਅਚਾਨਕ ਪ੍ਰਗਟ ਹੋਏ ਅਸ਼ੋਕ ਕੁਮਾਰ ਦੀ ਗਵਾਹੀ ਸਹੀ ਮੰਨੀ ਗਈ ਅਤੇ ਸੱਚ ਲਈ ਡਟੇ ਰਹੇ ਰਵਿੰਦਰ ਪਾਟਿਲ ਨੂੰ ਮਰਨ ਉਪਰੰਤ ਝੂਠੇ ਹੋਣ ਦਾ ਪੁਰਸਕਾਰ ਦਿੱਤਾ ਗਿਆ। ਹਾਈਕੋਰਟ ਨੇ ਸੁਹੇਲ ਖਾਨ ਦੇ ਬਾਡੀਗਾਰਡ ਅਤੇ ਮੌਕੇ ‘ਤੇ ਮੌਜੂਦ ਹੋਰ ਵਿਅਕਤੀਆਂ ਦੇ ਬਿਆਨਾਂ ਨੂੰ ਨਜ਼ਰਅੰਦਾਜ਼ ਕੀਤਾ ਹੈ ਜਿਨ੍ਹਾਂ ਮੁਤਾਬਿਕ ਸਲਮਾਨ ਖਾਨ ਦੇ ਨਾਲ਼ ਰਵਿੰਦਰ ਪਾਟਿਲ ਅਤੇ ਕਮਲ ਖਾਨ ਤੋਂ ਇਲਾਵਾ ਹੋਰ ਕੋਈ ਨਹੀਂ ਸੀ।

13 ਸਾਲ ਤੋਂ ਜੋ ਅਸ਼ੋਕ ਸਿੰਘ ਕੇਸ ਵਿੱਚੋਂ ਪੂਰੀ ਤਰ੍ਹਾਂ ਗਾਇਬ ਸੀ ਉਹ ਅਚਾਨਕ 10 ਦਸੰਬਰ ਨੂੰ ਪ੍ਰਗਟ ਹੋ ਗਿਆ। ਸ਼ੈਸ਼ਨ ਕੋਰਟ ਤੇ ਹਾਈਕੋਰਟ ਅਤੇ ਸਲਮਾਨ ਖਾਨ ਨੇ ਖੁਦ ਮੰਨਿਆ ਹੈ ਕਿ ਸਲਮਾਨ ਖਾਨ ਉਸ ਰਾਤ ਆਪਣੇ ਭਰਾ ਸੁਹੇਲ ਖਾਨ ਤੇ ਹੋਰ ਵਿਅਕਤੀਆਂ ਨਾਲ਼ ਬਾਰ ਵਿੱਚ ਗਿਆ ਸੀ। ਪੁਲੀਸ ਵੱਲੋਂ ਬਾਰ ਦੇ ਬਿਲ ਕੋਰਟ ਵਿੱਚ ਪੇਸ਼ ਕੀਤੇ ਸਨ। ਸ਼ੈਸ਼ਨ ਕੋਰਟ ਦਾ ਮੰਨਣਾ ਸੀ ਕਿ ਸਲਮਾਨ ਖਾਨ ਨੇ ਸ਼ਰਾਬ ਪੀਤੀ ਸੀ। ਸਲਮਾਨ ਖਾਨ ਨੇ ਕਿਹਾ ਕਿ ਉਸਨੇ ਤਾਂ ਉੱਥੇ ਸਿਰਫ਼ ਨਿੰਬੂ ਪਾਣੀ ਪੀਤਾ ਸੀ! ਹਾਈਕੋਰਟ ਨੇ ਇਹ ਗੱਲ ਵੀ ਮੰਨ ਲਈ। ਕੁੱਲ ਮਿਲ਼ਾ ਕੇ ਨਤੀਜਾ ਇਹ ਨਿੱਕਲ਼ਿਆ ਕਿ ਹਾਈਕੋਰਟ ਦੀ ਅਪਾਰ ਕਿਰਪਾ ਸਦਕਾ ਸਲਮਾਨ ਖਾਨ ”ਬਾਇੱਜ਼ਤ” ਬਰੀ ਹੋ ਗਿਆ।

ਸਲਮਾਨ ਖਾਨ ਇੱਕ ਵੱਡਾ ਬੰਦਾ ਹੈ। ਉਸ ਕੋਲ਼ ਕਿੰਨਾ ਪੈਸਾ ਹੈ ਇਸਦਾ ਕੋਈ ਹਿਸਾਬ ਨਹੀਂ। ਸਿਆਸੀ ਪਾਰਟੀਆਂ, ਸਰਕਾਰ, ਅਫ਼ਸਰਸ਼ਾਹੀ ਵਿੱਚ ਉਸਦਾ ਤਕੜਾ ਅਸਰ-ਰਸੂਖ ਹੋਣਾ ਸੁਭਾਵਿਕ ਗੱਲ ਹੈ। ਇਸਦਾ ਮਤਲਬ ਇਹ ਨਹੀਂ ਕਿ ਉਸਦੇ ਇਸ ਢਾਂਚੇ ਵਿੱਚ ਦੁਸ਼ਮਣ ਨਹੀਂ। ਵੱਡੇ ਲੋਕਾਂ ਦੀਆਂ ਆਰਥਿਕ, ਸਿਆਸੀ, ਸਮਾਜਿਕ (ਫਿਰਕੂ) ਗਿਣਤੀਆਂ-ਮਿਣਤੀਆਂ, ਆਪਸੀ ਝਗੜੇ ਵੀ ਇੱਕ ਦੂਜੇ ਨੂੰ ਰਗੜਾ ਲਾਉਂਦੇ ਰਹਿੰਦੇ ਹਨ। ਇਸੇ ਕਾਰਨ ਹੀ ਸਾਰੇ ਅਸਰ-ਰਸੂਖ ਦੇ ਬਾਵਜੂਦ ਵੀ ਸੈਸ਼ਨ ਕੋਰਟ ਵਿੱਚ ਸਲਮਾਨ ਖਾਨ ਨੂੰ ਪੰਜ ਸਾਲ ਦੀ ਸਜ਼ਾ ਹੋਈ ਸੀ। ਪਰ ਜਿੰਨਾ ਵੱਡਾ ਅਪਰਾਧ ਉਸਨੇ ਕੀਤਾ ਸੀ ਉਸ ਮੁਤਾਬਿਕ ਇਹ ਪੰਜ ਸਾਲ ਦੀ ਸਜ਼ਾ ਵੀ ਘੱਟ ਸੀ। ਹਾਈਕੋਰਟ ਵਿੱਚ ਇਸ ਫੈਸਲੇ ਦਾ ਪਲਟਣਾ ਇਹ ਦਰਸਾਉਂਦਾ ਹੈ ਕਿ ਸਲਮਾਨ ਖਾਨ ਦਾ ਪਲੜਾ ਭਾਰੀ ਹੋਇਆ ਹੈ। ਉੱਪਰਲੇ ਤਬਕੇ ਵਿੱਚ ਇਸਦੇ ਵਿਰੋਧੀਆਂ ਨਾਲ਼ ਇਸਦਾ ਸਮਝੌਤਾ ਕੋਈ ਹੈਰਾਨੀਜਨਕ ਗੱਲ ਨਹੀਂ। ਬਿਨਾਂ ਸ਼ੱਕ ਮੋਦੀ ਸੰਗ ਪਤੰਗ ਚੜਾਉਣ ਅਤੇ ‘ਬਜਰੰਗੀ ਭਾਈਜਾਨ’ ਜਿਹੀ ਹਿੰਦੂਤਵੀ ਕੱਟੜਪੰਥੀਆਂ ਨੂੰ ਮੁਨਾਸਿਬ ਬੈਠਦੀ ਫਿਲਮ ਬਣਾਉਣ, ਅਸਹਿਣਸ਼ੀਲਤਾ ਦੇ ਮੁੱਦੇ ‘ਤੇ ਚੁੱਪ ਵੱਟਣ ਆਦਿ ਰਾਹੀਂ ਭਾਜਪਾ ਦੀ ਅਣਐਲਾਨੀ ਹਮਾਇਤ ਦਾ ਉਸਨੂੰ ਕਾਫ਼ੀ ਫਾਇਦਾ ਹੋਇਆ ਹੈ।

ਪੈਸੇ ਤੇ ਸਿਆਸੀ ਅਸਰ-ਰਸੂਖ ਦੇ ਦਮ ‘ਤੇ ਸਲਮਾਨ ਖਾਨ ਦਾ ”ਬਾਇੱਜਤ” ਬਰੀ ਹੋਣਾ ਕੋਈ ਅਚੰਭੇ ਵਾਲ਼ੀ ਗੱਲ ਨਹੀਂ ਹੈ। ਜਿਸ ਦੇਸ਼ ਵਿੱਚ ਭੋਪਾਲ ਗੈਸ ਕਾਂਡ ਰਾਹੀਂ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦੇ ਦੋਸ਼ੀ ਐਂਡਰਸਨ ਨੂੰ ਸਰਕਾਰ-ਪੁਲੀਸ ਵੱਲੋਂ ਖੁਦ ਜਹਾਜ਼ ਚੜ੍ਹਾ ਕੇ ਭੱਜਣ ਦਾ ਮੌਕਾ ਦਿੱਤਾ ਜਾਵੇ ਤੇ ਅਸਲ ਦੋਸ਼ੀਆਂ ਨੂੰ 30 ਸਾਲ ਗੁਜ਼ਰ ਜਾਣ ਤੋਂ ਬਾਅਦ ਵੀ ਸਜ਼ਾ ਨਾ ਸੁਣਾਈ ਗਈ ਹੋਵੇ, ਜਿੱਥੇ ਗੁਜਰਾਤ, ਮੁਜੱਫ਼ਰਨਗਰ, ਉੜੀਸਾ, ਦਿੱਲੀ, ਹਾਸ਼ਮਪੁਰਾ (ਉੱਤਰ ਪ੍ਰਦੇਸ਼), ਲਛਮਣਪੁਰ ਬਾਥੇ (ਬਿਹਾਰ) ਆਦਿ ਥਾਵਾਂ ‘ਤੇ ਹੋਈਆਂ ਮੁਸਲਮਾਨਾਂ, ਇਸਾਈਆਂ, ਸਿੱਖਾਂ ਤੇ ਦਲਿਤਾਂ ਦੀਆਂ ਨਸਲਕੁਸ਼ੀਆਂ ਦੇ ਦੋਸ਼ੀ ਨਾ ਸਿਰਫ਼ ਅਜ਼ਾਦ ਘੁੰਮਦੇ ਹੋਣ ਸਗੋਂ ਸੰਸਦ-ਵਿਧਾਨ ਸਭਾ ਵਿੱਚ ਮੌਜੂਦ ਹੋਣ ਦੇ ਨਾਲ਼ ਹੀ ਪ੍ਰਧਾਨ ਮੰਤਰੀ ਤੱਕ ਦੀ ਕੁਰਸੀ ‘ਤੇ ਬੈਠੇ ਹੋਣ, ਜਿੱਥੇ ਨਿਠਾਰੀ ਕਾਂਡ ਦਾ ਮੁੱਖ ਦੋਸ਼ੀ ਸਰਮਾਏਦਾਰ ਮਨੁੱਖੀ ਮਾਸ ਖਾ ਕੇ ਵੀ ”ਬਾਇੱਜਤ” ਮਨੁੱਖੀ ਸਮਾਜ ਵਿੱਚ ਵਿਚਰ ਰਿਹਾ ਹੋਵੇ ਉੱਥੇ ਕਤਲ ਦੇ ਮਾਮਲੇ ਵਿੱਚ ਸਲਮਾਨ ਖਾਨ ਦਾ ਦੋਸ਼ੀ ਹੋ ਕੇ ਵੀ ”ਬਾਇੱਜਤ” ਬਰੀ ਹੋ ਜਾਣਾ ਕੋਈ ਅਚੰਭੇ ਵਾਲ਼ੀ ਗੱਲ ਨਹੀਂ ਹੈ। ਜਿੱਥੇ ਜੱਜ, ਵਕੀਲ, ਮੰਤਰੀ, ਅਫ਼ਸਰ, ਪੁਲੀਸ ਸਭ ਵਿਕਾਊ ਹੋਣ ਉੱਥੇ ਜਿਸ ਕੋਲ਼ ਦੌਲਤ ਹੈ ਉਹ ਨਿਆਂ ਖਰੀਦ ਸਕਦਾ ਹੈ। ਸਰਮਾਏਦਾਰਾ ਪ੍ਰਬੰਧ ਵਿੱਚ ਜਿਸ ਤਰ੍ਹਾਂ ਹੋਰ ਚੀਜ਼ਾਂ ਵਿਕਾਊ ਮਾਲ ਹਨ ਉਸੇ ਤਰ੍ਹਾਂ ਨਿਆਂ ਵੀ ਵਿਕਾਊ ਮਾਲ ਹੈ।

ਮੌਜੂਦਾ ਸਰਮਾਏਦਾਰਾ ਨਿਆਂ ਪ੍ਰਬੰਧ ਵਿੱਚ ਨਿਆਂ ਦੀ ਉਮੀਦ ਭਾਵੇਂ ਬਹੁਤ ਘੱਟ ਹੈ ਪਰ ਮਨਫ਼ੀ ਨਹੀਂ ਹੈ। ਲੋਕ ਪੱਖੀ ਤਾਕਤਾਂ ਇਨਕਲਾਬੀ-ਜਮਹੂਰੀ ਦ੍ਰਿੜਤਾ, ਲੋਕਾਂ ਦੇ ਏਕੇ ਤੇ ਸੂਝ-ਬੂਝ ਦੇ ਦਮ ‘ਤੇ ਇੱਕ ਹੱਦ ਤੱਕ ਨਿਆਂ ਦਾ ਹੱਕ ਹਾਸਿਲ ਕਰਨ ਵੀ ਕਾਮਯਾਬ ਵੀ ਹੋ ਜਾਂਦੀਆਂ ਹਨ। ਇੱਕ ਹੱਦ ਤੱਕ ਇਨਸਾਫ਼ ਹਾਸਲ ਹੋਣਾ ਇਹ ਦਰਸਾਉਂਦਾ ਹੈ ਕਿ ਇਸ ਢਾਂਚੇ ਵਿੱਚ ਲੋਕਾਂ ਨੂੰ ਸਰਕਾਰਾਂ, ਪੁਲੀਸ, ਪ੍ਰਸ਼ਾਸ਼ਨ, ਨਿਆਂਪ੍ਰਬੰਧ ‘ਤੇ ਟੇਕ ਨਹੀਂ ਰੱਖਣੀ ਚਾਹੀਦੀ ਸਗੋਂ ਲੋਕਾਂ ਵਿੱਚ ਇਨਕਲਾਬੀ-ਜਮਹੂਰੀ ਚੇਤਨਾ ਤੇ ਏਕੇ ਦੇ ਪ੍ਰਸਾਰ ਰਾਹੀਂ ਹੀ ਇੱਕ ਹੱਦ ਤੱਕ ਇਨਸਾਫ਼ ਮਿਲ਼ ਸਕਦਾ ਹੈ। ਅਨਿਆਂ ਦੇ ਪੂਰਣ ਖਾਤਮੇ ਲਈ ਮਨੁੱਖ ਹੱਥੋਂ ਮਨੁੱਖ ਦੀ ਅੰਨ੍ਹੀ ਲੁੱਟ-ਖੋਹ, ਅਨਿਆਂ, ਜ਼ਬਰ-ਜੁਲਮ ‘ਤੇ ਟਿਕੇ ਮੌਜੂਦਾ ਸਰਮਾਏਦਾਰਾ ਪ੍ਰਬੰਧ ਦਾ ਅਤੇ ਇਸਦੇ ਅਖੌਤੀ ਨਿਆਂਪ੍ਰਬੰਧ ਦਾ ਖਾਤਮਾ ਜ਼ਰੂਰੀ ਹੈ। ਇਸਦੀ ਥਾਂ ਇੱਕ ਨਵੇਂ ਸਮਾਜ ਦੀ ਉਸਾਰੀ ਦੀ ਲੋੜ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 47, ਜਨਵਰੀ 2016 ਵਿਚ ਪਰ੍ਕਾਸ਼ਤ

Advertisements