ਸਖਸ਼ੀਅਤ ਦੀ ਉਸਾਰੀ ’ਚ ਜੀਨ ਦੇ ਯੋਗਦਾਨ ਸਬੰਧੀ ਭਰਮ •ਯੋਧਾ ਸਿੰਘ

9

ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ

ਜੀਵ-ਵਿਗਿਆਨ ਦੇ ਖੇਤਰ ’ਚ 19ਵੀਂ-20ਵੀਂ ਸਦੀ ਦਾ ਆਪਣਾ ਇੱਕ ਖਾਸ ਮਹੱਤਵ ਹੈ ਕਿਉਂਕਿ 1848 ’ਚ ਡਾਰਵਿਨ ਦੀ ਕਿਤਾਬ “ਜੀਵ ਦੀ ਉਤਪਤੀ” ਛਪਦੀ ਹੈ ਜੋ ਸਦੀਆਂ ਤੋਂ ਚੱਲੇ ਆ ਰਹੇ ਰੱਬੀ ਤਾਕਤਾਂ ਦੁਆਰਾ ਜੀਵਨ ਸਿਰਜਣਾ ਦੇ ਸਿਧਾਂਤਾਂ ਨੂੰ ਮਿੱਟੀ ’ਚ ਰੋਲ਼ ਦਿੰਦੀ ਹੈ। ਇਸ ਤੋਂ ਬਾਅਦ ਅਲੈਗਜਾਂਦਰ ਓਪਰਨ ਅਤੇ ਜ.ਬ.ਸ. ਹੈਲਡੇਨ ਵਰਗੇ ਨਵ-ਡਾਰਵਿਨਵਾਦੀ ਵਿਗਾਸ ਦੀ ਪ੍ਰਕਿਰਿਆ ਨੂੰ ਰਸਾਇਣਕ ਖੇਤਰ ’ਚ ਵੀ ਸਾਬਿਤ ਕਰਦੇ ਹਨ। ਜਦੋਂ ਜੈਨੇਟਿਕਸ ਵਿਸ਼ਾ ਉੱਭਰਦਾ ਹੈ ਤਾਂ 19ਵੀਂ ਸਦੀ ਦੇ ਭੁਲਾਏ ਗਏ ਮਹਾਨ ਵਿਗਿਆਨੀ ਜੋਰਜ ਮੈਂਡਲ ਦੇ ਖੋਜ ਕਾਰਜ ਨੂੰ ਫਿਰ ਤੋਂ ਘੋਖਿਆ ਜਾਂਦਾ ਹੈ ਅਤੇ ਸਾਰੀ ਉਮਰ ਮਟਰਾਂ ’ਤੇ ਪ੍ਰਯੋਗ ਕਰਨ ਵਾਲੇ ਇਸ ਵਿਗਿਆਨੀ ਨੂੰ ਜੈਨੇਟਿਕਸ ਦੇ ਖੇਤਰ ’ਚ ਪਿਤਾਮਾ ਦਾ ਦਰਜਾ ਦਿੱਤਾ ਜਾਂਦਾ। ਮੈਂਡਲ ਨੇ ਮਟਰਾਂ ਦੀਆਂ ਕਈ ਪੀੜੀਆਂ ’ਤੇ ਕੰਮ ਕਰਦਿਆਂ ਅਨੁਵੰਸ਼ਕੀ ਦੇ ਸਿਧਾਂਤ ਪੇਸ਼ ਕੀਤੇ ਅਤੇ ਖੋਜ ਕੀਤੀ ਕਿ ਮਾਪਿਆਂ ਤੋਂ ਬੱਚਿਆਂ ਤੱਕ ਖਾਸ ਗੁਣ ਕਿਵੇਂ ਜਾਂਦੇ ਹਨ ਅਤੇ ਇਹਨਾਂ ਦੇ ਸਮਕਾਲੀ ਕੁਦਰਤੀ ਵਿਗਿਆਨੀ ਚਾਰਲਸ ਡਾਰਵਿਨ ਨੇ ਕੁਦਰਤੀ ਚੋਣ ਦਾ ਸਿਧਾਂਤ ਦਿੱਤਾ ਜਿਸਨੇ ਧਰਤੀ ਦੇ ਪੁਰਾ-ਇਤਿਹਾਸ ਦੀ ਕਰੋੜਾਂ ਸਾਲ ਦੀ ਵਿਆਖਿਆ ਨੂੰ ਸਰਲ ਕਰ ਦਿੱਤਾ। ਨਵ-ਡਾਰਵਿਨਵਾਦੀਆਂ ਨੇ ਮੈਂਡਲ ਦੇ ਜੱਦ ਦੇ ਸਿਧਾਂਤਾਂ ਦਾ ਮੇਲ ਡਾਰਵਿਨ ਦੇ ਕੁਦਰਤੀ ਚੋਣ ਦੇ ਸਿਧਾਂਤਾਂ ਨਾਲ਼ ਕਰਵਾਇਆ ਤਾਂ ਅਖੀਰ ਇਹ ਕੜੀ ਹੱਲ ਹੋ ਗਈ ਕਿ ਕਿਵੇਂ ਜੀਵ ਵਿਕਾਸ ਵਿੱਚ “ਜੱਦ ਅਤੇ ਵਾਤਾਵਰਣ” ਮਿਲ਼ ਕੇ ਆਪਣਾ ਯੋਗਦਾਨ ਪਾਉਂਦੇ ਹਨ।

1944 ’ਚ ਸੂਖਮ-ਜੀਵ ਵਿਗਿਆਨੀ ਓਸਵਾਲਡ ਅਇਵਰੀ ਡੀ.ਐਨ.ਏ. ਦੀ ਖੋਜ ਕਰਦਾ ਹੈ ਤੇ ਇਸ ਗੱਲ ਦੀ ਨਿਸ਼ਾਨਦੇਹੀ ਕਰਦਾ ਹੈ ਕਿ ਉਹ ਡੀ.ਐਨ.ਏ ਹੀ ਹੈ ਜੋ ਜੱਦ (ਇੱਕ ਪੀੜੀ ਤੋਂ ਅਗਲੀ ਪੀੜੀ ਤੱਕ ਜਾਣ ਵਾਲ਼ੇ ਗੁਣਾ) ਰਾਹੀ ਮਾਪਿਆਂ ਤੋਂ ਬੱਚਿਆਂ ਤੱਕ ਜਾਂਦਾ। ਸੋ ਕੁੱਲ ਮਿਲ਼ਾ ਕੇ ਇਹ ਡੀ.ਐਨ.ਏ ਹੀ ਸੀ ਜਿਸਦਾ ਮੈਂਡਲ ਮਟਰਾਂ ’ਚ ਨਿਰੀਖਣ ਕਰਦਾ ਰਿਹਾ, ਡਾਰਵਿਨ ਵਾਤਾਵਰਣ ਦੁਆਰਾ ਚੁਣੇ ਜਾਂਦੇ ਜੀਵ ’ਚ ਆਉਦੇ ਬਦਲਾਵਾਂ ’ਚ ਅਧਿਐਨ ਕਰਦਾ ਰਿਹਾ। ਅਖੀਰ ਵਾਟਸਨ ਅਤੇ ਕਰਿਕ ਨੇ ਇਸ ਡੀ.ਐਨ.ਏ ਦੇ ਮਾਡਲ ਨੂੰ ਤਿਆਰ ਕਰ ਦਿੱਤਾ ਜਿਸ ਨਾਲ਼ ਡਾਰਵਿਨ- ਮੈਂਡਲ ਦੀਆਂ ਖੋਜਾਂ ਦਾ ਹਰ ਰੋਮ-ਰੋਮ ਸਹੀ ਸਾਬਿਤ ਹੋਇਆ।

ਡੀ.ਐਨ.ਏ ਹਰੇਕ ਸੈੱਲ ਦੇ ਕੇਂਦਰਕ ਵਿੱਚ ਹੁੰਦਾ ਹੈ, ਜੋ ਕਿ ਆਪਸ ਵਿੱਚ ਲਿਪਟੇ ਹੋਏ ਦੋ ਧਾਗਿਆਂ ਜਿਹਾ ਦਿਸਦਾ ਹੈ। ਜ਼ਿਆਦਾਤਰ ਡੀ.ਐਨ.ਏ ਦਾ ਭਾਗ ਕੋਈ ਕੰਮ ਨਹੀਂ ਕਰਦਾ ਪਰ ਕੁੱਝ ਖਾਸ ਹਿੱਸੇ ’ਚ ਜਾਣਕਾਰੀਆਂ ਹੁੰਦੀਆਂ ਹਨ ਜਿਹਨਾਂ ਦਾ ਮੁੱਖ ਕੰਮ ਸੈੱਲ ਦੀ ਬਣਤਰ ਬਣਾਏ ਰੱਖਣਾ ਅਤੇ ਸੈੱਲ ਦੀ ਕਾਰਜਪ੍ਰਣਾਲੀ ਨੂੰ ਨਿਯਮਤ ਕਰਨਾ ਹੁੰਦਾ ਹੈ। ਇਹ ਖਾਸ ਧਾਗੇ ਹੀ ਤੈਅ ਕਰਦੇ ਹਨ ਕਿ ਅੰਬ ਦੇ ਬੀਜ ’ਚੋਂ ਅੰਬ ਹੀ ਉਗੇਗਾ ਤੇ ਸੇਬ ’ਚੋਂ ਸੇਬ, ਮਤਲਬ ਪ੍ਰਜਾਤੀਆਂ ਲਈ ਡੀ.ਐਨ.ਏ ਉਹ ਪਛਾਣ-ਪੱਤਰ ਹੈ ਜਿਸਦੇ ਅਧਾਰ ’ਤੇ ਡੀ.ਐਨ.ਏ ਟੈਸਟ ਕਰਕੇ ਜੀਵ ਬਾਰੇ ਬਹੁਤ ਜਾਣਕਾਰੀਆਂ ਹਾਸਿਲ ਕੀਤੀਆਂ ਜਾ ਸਕਦੀਆਂ ਹਨ। ਡੀ.ਐਨ.ਏ ਦਾ ਇਹ ਖਾਸ ਧਾਗਾ ਹੀ ਉਹ ਕਾਰਕ ਹੈ ਜੋ ਕਿ ਚਰਚਾ ਦਾ ਵਿਸ਼ਾ ਹੈ ਮਤਲਬ “ਜੀਨ”। ਇੱਕ ਸੈੱਲੇ ਜੀਵਾਂ ਤੋਂ ਲੈਕੇ ਮਨੁੱਖ ਤੱਕ ਹਰ ਜੀਵ ਕੋਲ਼ ਆਪਣੇ ਵਿਕੋਲਿੱਤਰੇ ਜੀਨ ਹੁੰਦੇ, ਕੁੱਝ ਜੀਨ ਹਰ ਜੀਵ ’ਚ ਸਾਂਝੇ ਹੁੰਦੇ ਹਨ।

ਚਲੋ ਹੁਣ ਵਿਸ਼ੇ ਵੱਲ ਪਰਤਦੇ ਹਾਂ, ਸੰਨ 1900 ’ਚ ਹੋਂਦ ’ਚ ਆਇਆ ਨਵਾਂ ਵਿਸ਼ਾ ਜੈਨੇਟਿਕਸ (ਜੀਨ ਸਬੰਧੀ ਪੜ੍ਹਾਈ) ਜਿਸਨੇ ਪਿਛਲੇ ਸਮਿਆਂ ਤੋਂ ਚੱਲੀਆਂ ਆ ਰਹੀਆਂ ਗੁੰਝਲਦਾਰ ਤੰਦਾਂ ਨੂੰ ਖੋਲਿ੍ਹਆ। ਪਰ ਵਿਗਿਆਨ ਦੀ ਕਿਸੇ ਵੀ ਖੋਜ ਦਾ ਅਧਾਰ/ਪ੍ਰਭਾਵ ਸਿਰਫ ਪ੍ਰਯੋਗਸ਼ਾਲਾ ਦੀ ਚਾਰ-ਦਿਵਾਰੀ ਤੱਕ ਨਹੀਂ ਹੁੰਦਾ, ਸਗੋਂ ਇਹ ਸਮਾਜ ਦੇ ਹਰ ਤਬਕੇ ਨੂੰ ਸਿੱਧੇ/ਅਸਿੱਧੇ ਪ੍ਰਭਾਵਿਤ ਕਰਦਾ ਹੈ। ਸਮਾਜਿਕ ਢਾਂਚਾ ਵੀ ਖੋਜਾਂ ਦਾ ਲਾਹਾ ਲੈਣ ਲਈ ਤਿਆਰ ਰਹਿੰਦਾ ਹੈ ਜੇਕਰ ਸਮਾਜਿਕ ਢਾਂਚਾ ਮਨੁੱਖਤਾ ਕੇਂਦਰਤ ਹੋਵੇਗਾ ਤਾਂ ਖੋਜਾਂ ਨੂੰ ਮਨੁੱਖਤਾ ਦੇ ਭਲ਼ੇ ਲਈ ਵਰਤਿਆ ਜਾਵੇਗਾ। ਜਿਸ ਦੌਰ ’ਚ ਜੈਨੇਟਿਕਸ ਦਾ ਜਨਮ ਹੋਇਆ ਉਹ ਦੌਰ ਮੋਜੂਦਾ ਸਰਮਾਏਦਾਰਾ ਢਾਂਚੇ ਲਈ ਆਰਥਿਕ ਮੰਦੀ ਦਾ ਦੌਰ ਸੀ। ਇਸ ਮੰਦਹਾਲੀ ਦੇ ਚਿੱਕੜ ’ਚ ਇਹ ਪ੍ਰਬੰਧ ਗਰੀਬੀ ਭੁੱਖਮਰੀ ਨੂੰ ਖਤਮ ਕਰਨ ’ਚ ਅਸਮਰੱਥ ਸੀ। ਸੋ ਇਸ ’ਚੋਂ ਕੁੱਝ ਇਹੋ ਜਿਹੇ ਸਿਧਾਂਤ ਘੜੇ ਗਏ ਜਿਨਾਂ ਨੂੰ ਜੈਨੇਟਿਕਸ ਦੇ ਲਿਬਾਦੇ ’ਚ ਲੋਕਾਂ ਨੂੰ ਪਿਲਾਇਆ ਗਿਆ ਤੇ ਇਹ ਸਾਬਿਤ ਕਰਨ ਦੀ ਕੋਸਿਸ਼ ਕੀਤੀ ਗਈ ਕਿ ਗਰੀਬੀ ਅਤੇ ਅਮੀਰੀ ਦੇ ਵੀ ਜੀਨ ਹਨ, ਗਰੀਬਾਂ ਦੇ ਜੀਨ ਚੰਗੇ ਨਹੀਂ ਹਨ ਇਹਨਾਂ ਦੀ ਨਸਬੰਦੀ ਕਰ ਦੇਣੀ ਚਾਹੀਦੀ ਹੈ ਤਾਂਕਿ ਇਹ ਜੀਨ ਅਗਲੇਰੀਆਂ ਨਸਲਾਂ ਤੱਕ ਨਾ ਜਾਣ। ਨਤੀਜ਼ੇ ਵਜੋਂ ਮੁੱਖ ਰੂਪ ’ਚ ਦੋ ਮੱਤ ਪੈਦਾ ਹੋਏ ਜਿਨ੍ਹਾਂ ਨੇ ਜ਼ਿਆਦਾ ਪ੍ਰਭਾਵਿਤ ਕੀਤਾ ਪਹਿਲੀ ਹੈ ਘਟਾਉਵਾਦ (ਰਿਡਕਸਨਿਜਜ਼) ਜਿਸ ਅਨੁਸਾਰ ਕਿਸੇ ਵੀ ਚੀਜ ਨੂੰ ਜਾਨਣ ਲਈ ਚੀਜਾਂ ਨੂੰ ਅਤਿ ਤੋੜ ਕੇ ਵੇਖੋ ਜਿਵੇ ਕਿ ਜੇਕਰ ਮਨੁੱਖ ਦਾ ਵਿਹਾਰ ਜਾਨਣਾ ਹੈ ਤਾਂ ਖਾਸ ਪ੍ਰੋਟੀਨ ਲੱਭੋ ਫਿਰ ਉਸ ਪ੍ਰੋਟੀਨ ’ਚ ਮੋਜੂਦ ਹਾਈਡ੍ਰੋਜਨ, ਕਾਰਬਨ ਅਦਿ ਦੀ ਪੜਤਾਲ ਕਰੋ, ਫਿਰ ਇਲੈਕਟ੍ਰੋਨ, ਪ੍ਰੋਟੋਨ ਆਦਿ, ਜਿੰਨੀ ਡੂੰਘਾਈ ਤੱਕ ਪੜਤਾਲ ਕਰੋਗੇ ਉਨਾਂ ਬਿਹਤਰ ਜਾਣੋਗੇ। ਇਹ ਭਟਕਾਅ ਇਸ ਤਰਾਂ ਹੈ ਜਿਵੇ ਮੰਨ ਲਓ ਘਰ ਦੀ ਕੰਧ ਕਮਜ਼ੋਰ ਹੋਣ ਕਰਕੇ, ਥਮਲਾ ਸਹੀ ਨਾ ਹੋਣ ਕਰਕੇ ਜਾਂ ਕਿਸੇ ਹੋਰ ਕਾਰਕ ਕਰਕੇ ਘਰ ਡਿੱਗ ਜਾਂਦਾ ਹੈ, ਜੇਕਰ ਤੁਸੀਂ ਕਾਰਨ ਜਾਨਣਾ ਹੈ ਤਾਂ ਘਰ ਦੀਆਂ ਇਟਾਂ ਦੀ ਪੜਤਾਲ ਕਰੋ, ਇੱਟਾਂ ’ਚ ਵਰਤੀ ਮਿਟੀ ਦੇ ਕਣਾ ਦੀ ਪੜਤਾਲ ਕਰੋ, ਮਿੱਟੀ ’ਚ ਮੌਜੂਦ ਪ੍ਰਮਾਣੂਆਂ, ਅਣੂਆਂ ਦੀ ਪੜਤਾਲ ਕਰੋ ਕਿਉਕਿ ਜਿੰਨੀ ਗਹਿਰੀ ਪੜਤਾਲ ਹੋਵੇਗੀ ਉਨਾ ਹੀ ਬਿਹਤਰ ਜਾਣ ਸਕੋਗੇ।

ਦੂਜਾ ਮੱਤ ਸੀ “ਜੈਵਿਕ ਨਿਰਧਾਰਨਵਾਦ” ਜੋ ਕਿ ਘਟਾਉਵਾਦ ਦੇ ਕਰੀਬ ਹੀ ਹੈ ਇਸ ਅਨੁਸਾਰ ਮਨੁੱਖ ਦੇ ਸਾਰੇ ਕੰਮ ਮਨੁੱਖ ਦੀ ਇੱਛਾਂ ਤੋਂ ਅਜ਼ਾਦ ਹਨ, ਮਨੁੱਖਾਂ ਦਾ ਜਾਂ ਹਰ ਜੀਵ ਦਾ ਵਿਹਾਰ ਜੀਨ ਹੀ ਇਹ ਤੈਅ ਕਰਦੇ ਹਨ। ਜਿਵੇਂ ਮੈਂ ਕਹਾਂ ਕਿ ਜੋ ਮੈਂ ਹੁਣ ਲਿਖ ਰਿਹਾ ਹਾਂ ਇਹ ਮੇਰੀ ਇੱਛਾ ਨਹੀਂ ਹੈ, ਇਹ ਕੰਮ ਮੇਰੇ ਜੀਨ ਕਰਵਾ ਰਹੇ ਹਨ, ਤੁਸੀ ਜੋ ਇਸ ਲੇਖ ਨੁੰ ਪੜ੍ਹ ਰਹੇ ਹੋ ਇਹ ਤੁਹਾਡੀ ਨਹੀਂ ਤੁਹਾਡੇ ਸੈੱਲਾਂ ਅੰਦਰ ਪਏ ਜੀਨ ਦੀ ਇੱਛਾ ਹੈ। ਵੱਧ ਤੋਂ ਵੱਧ ਇਹ ਇਸ ਗੱਲ ਵੱਲ ਵਧਦਾ ਹੈ ਕਿ ਸਮਾਜ ਜਿਵੇਂ ਵੀ ਚੱਲ ਰਿਹਾ ਹੈ ਇਹ ਸਾਰੇ ਮਨੁੱਖਾਂ ਦੇ ਜੀਨਾਂ ਦਾ ਕੁੱਲ ਜੋੜ ਹੈ।

ਇਹਨਾਂ ਦੋਨੋ ਮੱਤਾਂ ਦਾ ਫਾਇਦਾ ਹਕੂਮਤ ਕਰ ਰਹੀ ਜਮਾਤ ਨੂੰ ਹੁੰਦਾ ਰਿਹਾ ਹੈ ਕਿਉਂਕਿ ਹਰ ਚੀਜ਼ ਨੂੰ ਨਿਰਧਾਰਤ ਜੀਨ ਕਰਦੇ ਹਨ, ਅਮੀਰ ਪਰਿਵਾਰ ਅਪਣੇ ਜੀਨ ਕਰਕੇ ਅਮੀਰ ਹਨ ਗਰੀਬ ਲੋਕ ਆਪਣੀ ਗਰੀਬੀ ਦੇ ਜੀਨਾਂ ਕਰਕੇ ਗਰੀਬ ਹਨ। ਮਤਲਬ ਸਮਾਜਿਕ ਗੈਰਬਰਾਬਰੀ ਕੁਦਰਤੀ ਹੈ, ਇਸਦੇ ਖਿਲਾਫ ਹੋਣ ਦਾ ਮਤਲਬ ਕੁਦਰਤ ਦੇ ਇੱਕ ਪ੍ਰਬੰਧ ਖਿਲਾਫ ਬੋਲ਼ਣਾ ਹੈ। ਇਹ ਬੇਅਰਥ ਵਿਚਾਰ ਰਿਚਰਡ ਡਾਅਕਿੰਸ ਦੁਆਰਾ ਪੇਸ਼ ਕੀਤਾ ਗਿਆ। ਇਸ ਤਰ੍ਹਾਂ ਇਸ ਜੈਨੇਟਿਕ ਨਿਰਧਾਰਨਵਾਦ ਨੇ ਹਰ ਸਮਾਜਿਕ ਸਮੱਸਿਆ ਨੂੰ ਜੀਨ ਤੱਕ ਘਟਾਉਣ ਦਾ ਕੰਮ ਕੀਤਾ। ਫਰਵਰੀ 1995 ਨੂੰ ਲੰਡਨ ਵਿੱਚ ਇੱਕ ਸੈਮੀਨਾਰ ਹੋਇਆ ਜਿਸਦਾ ਵਿਸ਼ਾ “ਅਪਰਾਧੀ ਅਤੇ ਸਮਾਜਿਕ ਪ੍ਰਬੰਧ-ਵਿਰੋਧੀ ਵਿਹਾਰ ਦਾ ਜੈਨੇਟਿਕਸ” ਸੀ ਜਿਸ ਵਿੱਚ 13 ਵਿੱਚੋਂ 10 ਬੁਲਾਰੇ ਅਮਰੀਕੀ ਸਨ। ਇਸੇ ਤਰ੍ਹਾਂ ਦੀ ਇੱਕ ਹੋਰ ਕਾਨਫਰੰਸ 1992 ’ਚ ਅਮਰੀਕਾ ਜੈਨੇਟਿਕ ’ਚ ਲੋਕਾਂ ਦੇ ਵਿਰੋਧ ਕਾਰਨ ਰੱਦ ਕਰਨੀ ਪਈ। ਇਸਦੇ ਚੇਅਰਪਰਸਨ ਸ੍ਰੀ ਮਾਈਕਲ ਰਟਰ (ਲੰਡਨ ਇੰਚਟੀਟਿਊਟ ਆਫ ਸਾਈਕੈਟਰੀ) ਨੇ ਕਿਹਾ ਕਿ ਇਹੋ ਜਿਹਾ ਕੋਈ ਜੀਨ ਨਹੀਂ ਹੈ ਜੋ ਅਪਰਾਧ ਕਰਵਾਉਣ ਲਈ ਕੰਮ ਕਰਦਾ ਹੋਵੇ। ਪਰ ਇੱਕ ਹੋਰ ਮੈਂਬਰ ਡਾ. ਗਰੈਗਰੀ ਕੈਰੇ (ਕੋਲੋਰਾਡੋ ਵਿਸ਼ਵਵਿਦਿਆਲਾ) ਨੇ ਕਿਹਾ ਕਿ 40-50% ਅਪਰਾਧਿਕ ਮਾਮਲਿਆਂ ’ਚ ਜੀਨ ਜ਼ਿੰਮੇਵਾਰ ਹੁੰਦੇ ਹਨ। ਕੈਰੇ ਨੇ ਆਪਣੇ ਸਿਆਣਪ ਦੇ ਝੋਲੇ ’ਚੋਂ ਸੁਝਾਅ ਵੀ ਦਿੱਤੇ ਕਿ ਜਿਵੇਂ ਲੋਕਾਂ ਚ ਵਧ ਰਹੇ ਗੁੱਸੇ ਨੂੰ ਦਵਾਈਆਂ ਰਾਹੀ ਕਾਬੂ ਕੀਤਾ ਜਾਣਾ ਚਾਹੀਦਾ ਹੈ, ਗਰਭਧਾਰਨ ਦੌਰਾਨ ਬੱਚੇ ਦੇ ਜੀਨ ਟੈਸਟ ਕੀਤੇ ਜਾਣੇ ਚਾਹੀਦੇ ਹਨ ਤੇ ਜੇਕਰ ਇਹ ਜੀਨ ਦੇਸ਼-ਵਿਰੋਧੀ ਜਾਂ ਸਮਾਜ ਵਿਰੋਧੀ ਹੋਣ ਤਾਂ ਗਰਭਪਾਤ ਕਰਵਾ ਦਿੱਤਾ ਜਾਣਾ ਚਾਹੀਦਾ ਹੈ।

ਸਰਮਾਏਦਾਰ ਜਮਾਤ ਨੇ ਇਸ ਤਰਾਂ ਦੇ ਮੱਤਾਂ ਦਾ ਬਹੁਤ ਫਾਇਦਾ ਲਿਆ। ਸਰਮਾਏਦਾਰ ਇੱਕ ਦੂਜੇ ਨਾਲ਼ ਮੁਕਾਬਲਾ ਕਰਦੇ ਹਨ, ਇੱਕ ਦੂਜੇ ਨੂੰ ਪਛਾੜਨ ਲਈ ਠੱਗੀ, ਚੋਰੀ, ਝੂਠ, ਧੋਖਾਧੜੀ ਆਦਿ ਨੂੰ ਜਾਇਜ ਠਹਿਰਾਉਂਦੇ ਹਨ। ਇਹੀ ਸਰਮਾਏਦਾਰ ਜਮਾਤ ਜੋ ਖੁੱਲ੍ਹੇ ਮੁਕਾਬਲੇ ਦਾ ਨਾਹਰਾ ਦਿੰਦੀ ਹੈ ਉਹ ਜਿਉਂਦੇ ਰਹਿਣ ਲਈ ਸੰਘਰਸ਼, ਯੋਗਤਮ ਦਾ ਬਚਾਅ (ਡਾਰਵਿਨ) ਦੇ ਸਿਧਾਂਤ ਨੂੰ ਤੋੜ-ਮਰੋੜ ਕੇ ਆਪਣੇ ਪੱਖ ’ਚ ਵਰਤਦੀ ਹੈ। ਪਰ ਆਮ ਕਿਰਤੀ ਲੋਕਾਂ ਦੇ ਸੰਘਰਸ਼ ਇਹਨਾਂ ਨੂੰ ਜੁਰਮ ਲੱਗਦੇ ਹਨ , ਸਮਾਜ-ਵਿਰੋਧੀ ਵਿਹਾਰ ਲੱਗਦੇ ਹਨ। ਫਿਰ ਇਹਨਾਂ ਕਾਰਨਾਂ ਪਿੱਛੇ ਇਹ ਜੀਨ ਲੱਭਣ ਬੈਠ ਜਾਂਦੇ ਹਨ।

ਜੀਵ ਵਿਕਾਸ ’ਚ ਜੀਨ ਅਤੇ ਵਾਤਾਵਰਣ ਦੀ ਭੂਮਿਕਾ

ਜੀਵ ਵਿਕਾਸ ’ਚ ਸਿਰਫ ਜੀਨ ਹੀ ਨਹੀਂ ਸਗੋਂ ਸੈੱਲ ਦੀ ਪੂਰੀ ਕਾਰਜਪ੍ਰਣਾਲੀ ਅਤੇ ਵਾਤਾਵਰਣ ਰਲ਼-ਮਿਲ਼ ਕੇ ਖਾਸ ਅਨੁਪਾਤ ’ਚ ਯੋਗਦਾਨ ਪਾਉਂਦੇ ਹਨ। ਜੀਨ ਦਾ ਮੁੱਖ ਕੰਮ ਹੈ ਸੈੱਲਾਂ ਦੀ ਬਣਤਰ ਅਤੇ ਕਾਰਜਪ੍ਰਣਾਲੀ ਨੂੰ ਚਲਾਉਣਾ ਹੈ, ਵਾਤਾਵਰਣ ਉਹ ਕਾਰਕ ਹੈ ਜੋ ਕਿ ਲਗਾਤਾਰ ਬਦਲਣਸ਼ੀਲ ਰਹਿੰਦਾ ਹੈ। ਤਾਪਮਾਨ ’ਚ ਬਦਲਾਅ, ਰੁੱਤਾਂ-ਮੌਸਮਾਂ ’ਚ ਬਦਲਾਅ, ਹੁੰਮਸ ਜਾਂ ਸੋਕਾ ਆਦਿ ਵਾਤਾਵਰਣ ਦੇ ਮਹੱਤਵਪੂਰਨ ਕਾਰਕ ਹਨ ਜਿਹਨਾਂ ਅਨੁਸਾਰ ਜੀਵ ਲਗਾਤਾਰ ਜਿਉਂਦੇ ਰਹਿਣ ਲਈ ਜੱਦੋ ਜਹਿਦ ਕਰਦੇ ਹਨ। ਬਦਲ ਰਹੇ ਹਾਲਾਤਾਂ ਅਨੁਸਾਰ ਬਦਲਣ ਵਾਲ਼ੇ ਜੀਵ ਜਿਉਂਦੇ ਰਹਿੰਦੇ ਹਨ, ਜੋ ਨਹੀਂ ਬਦਲਦੇ ਕੁਦਰਤੀ ਹਲਾਤ ਉਹਨਾਂ ਦਾ ਸਫਾਇਆ ਕਰ ਦਿੰਦੇ ਹਨ।

ਸਾਰਾ ਕੁੱਝ ਜੀਨ ਦੀ ਇੱਛਾ ਅਨੁਸਾਰ ਹੁੰਦਾ ਹੈ ਇਹ ਕਹਿਣਾ ਬਿਲਕੁਲ ਗਲਤ ਹੈ। “ਜੀਨ ਇੱਛਾ ਜਗਾਉਂਦੇ ਹਨ ਅਤੇ ਪੂਰੀਆਂ ਵੀ ਕਰਵਾਉਂਦੇ ਹਨ” (ਮੇਰਾ ਲਿਖਿਆ ਜਾਣਾ /ਤੁਹਾਡਾ ਪੜ ਰਹੇ ਹੋਣਾ)” ਇਹ ਬਿਆਨ ਕਿੰਨਾ ਕੁ ਦਮਦਾਰ ਹੈ? ਕੀ ਵਾਤਾਵਰਣ ਦਾ ਪ੍ਰਭਾਵ ਕਬੂਲ ਕਰ ਸਕਣਾ ਵੀ ਜੀਨ ੳੁੱਪਰ ਨਿਰਭਰ ਕਰਦਾ ਹੈ? ਇਸ ਪੰਕਤੀ ਨੂੰ ਪੜ੍ਹ ਕੇ ਤਾਂ ਲੱਗਦਾ ਕਿ ਸਜੀਵ ਵਸਤੂ ਸੈੱਲ ਨਹੀਂ ਸਗੋਂ ਜੀਨ ਹਨ। ਅਸਲ ’ਚ ਤਾਂ ਹੁੰਦਾ ਹੀ ਇਹ ਹੈ ਕਿ ਜੀਨ ’ਚ ਜੋ ਬਦਲਾਅ ਆਉਂਦੇ ਹਨ ਉਹ ਕਿਸੇ ਦੀ ਇੱਛਾ ਅਨੁਸਰ ਨਹੀਂ ਸਗੋਂ ਦੋ ਪਦਾਰਥਾਂ ਦੀ ਆਪਸੀ ਕਿਰਿਆ ਕਰਕੇ ਆਉਂਦੇ ਹਨ, ਪਹਿਲਾ ਪਦਾਰਥ ਹੈ ਡੀ.ਐਨ.ਏ ਜਿਸ ਤੋਂ ਜੀਨ ਬਣਿਆ ਹੁੰਦਾ ਹੈ ਦੂਜਾ ਵਾਤਾਵਰਣ ਦੇ ਪਦਾਰਥਕ ਕਾਰਕ ਜਿਵੇਂ ਕਿ ਕੁੱਝ ਰਸਾਇਣਕ ਕਾਰਕ (ਮਿਸਾਲ ਵਜੋਂ ਤੰਬਾਕੂ ਜੋ ਕਿ ਸੈੱਲ ਦੀ ਕਾਰਜਪ੍ਰਣਾਲੀ ਤਬਦੀਲ ਕਰ ਦਿੰਦਾ ਹੈ ਜਿਸ ਕਰਕੇ ਜੀਨ ਦੇ ਕੰਮ-ਕਾਰ ’ਚ ਬਦਲਾਅ ਆ ਜਾਂਦੇ ਹਨ) ਅਤੇ ਭੌਤਿਕ ਕਾਰਕ (ਜਿਵੇਂ ਐਕਸ-ਰੇ ਕਿਰਨਾਂ, ਇਨਫਰਾਰੈੱਡ ਕਿਰਨਾਂ ਜੋ ਕਿ ਡੀ.ਐਨ.ਏ ਨੂੰ ਤੋੜਨ ਦਾ ਕੰਮ ਕਰਦੀਆਂ ਹਨ)। ਇਹ ਭੌਤਿਕ/ਰਸਾਇਣਕ ਕਾਰਕ ਜੀਨ ਨੂੰ ਇੱਛਾ ਨਹੀਂ ਪੁੱਛਦੇ ਸਗੋਂ ਪਦਾਰਥਕ ਪੱਧਰ ਤੋਂ ਇੱਕ ਦੂਜੇ ਨਾਲ਼ ਕਿਰਿਆ ਕਰਦੇ ਹਨ। ਮੋੜਵੇ ਰੂਪ ’ਚ ਸੈੱਲ ਦੀ ਕਾਰਜਪ੍ਰਣਾਲੀ ਜੀਨ ਦੀ ਰੱਖਿਆ ਕਰਨ ਦਾ ਜਰੂਰ ਕੰਮ ਕਰਦੀ ਹੈ (ਵਿਸਥਾਰ ਲਈ ਪੜ੍ਹੋ- ਰਿਪੇਅਰ ਮੈਕਾਨਿਜ਼ਮ ਆਫ ਡੀ.ਐਨ.ਏ)।

“ਜੀਨ ਹੀ ਸਭ ਕੁੱਝ ਹੈ” ਇਹ ਵਿਚਾਰ ਵੀ ਰਿਚਰਡ ਡਾਅਕਿੰਸ ਦੇ ਹੀ ਹਨ। ਰਿਚਰਡ ਨੇ 1976 ’ਚ “ਸੈਲਫਿਸ਼ ਜੀਨ” ਕਿਤਾਬ ਲਿਖੀ ਜਿਸ ’ਚ ਜੀਨ ਸਬੰਧੀ ਗਿਆਨ ਝੋਲੇ ’ਚੋਂ ਉਸਨੇ ਇਹ ਵੀ ਦਾਅਵਾ ਕੀਤਾ ਕਿ “ਸਭ ਕੁੱਝ ਜੀਨ ਹੀ ਹਨ, ਜੀਵ ਸਿਰਫ ਜੀਨ ਦੇ ਲਈ ਇੱਕ ਸਾਧਨ ਹਨ ਤਾਂ ਕਿ ਜੀਨ ਪੀੜੀ ਦਰ ਪੀੜੀ ਅੱਗੇ ਜਾਂਦੇ ਰਹਿਣ”। ਇਸ ’ਚ ਵਾਧਾ ਕੀਤਾ ਸੈਮੁਅਲ ਬਟਲਰ ਨੇ, ਜਿਸ ਅਨੁਸਾਰ “ਮੁਰਗੀ ਆਂਡੇ ਤੋਂ ਇਸ ਲਈ ਬਣਦੀ ਹੈ ਤਾਂ ਕਿ ਅਗਲਾ ਆਂਡਾ ਦੇ ਸਕੇ”। ਮਤਲਬ ਮੁਰਗੀ ਦੇ ਹੋਣ ਦਾ ਕੋਈ ਮਤਲਬ ਨਹੀਂ ਮਤਲਬ ਸਿਰਫ ਜੀਨ ਦਾ ਹੈ। ਉਦੇਸ਼ਵਾਦੀ ਵਿਚਾਰ ਨਾਲ਼ ਗ੍ਰਸਤ ਰਿਚਰਡ ਦਾ ਮੰਨਣਾ ਸੀ ਕਿ ਡੀ.ਐਨ.ਏ ਸਿਰਫ ਡੀ.ਐਨ.ਏ ਬਣਾਉਣ ਲਈ ਹੈ, ਇਹ ਜੀਵ ਨੂੰ ਮਸ਼ੀਨ ਦੀ ਤਰ੍ਹਾਂ ਵਰਤਦਾ ਹੈ। ਰਿਚਰਡ ਨੇ ਡਾਰਵਿਨ ਦੇ ਸਿਧਾਂਤ ਵੀ ਨਹੀਂ ਬਖਸੇ ਉਸਦੇ ਅਨੁਸਾਰ ਜੀਵ ਨਹੀਂ ਸਗੋਂ ਜੀਨ ਸੰਘਰਸ਼ ਕਰਦੇ ਹਨ, ਜੀਨ ਸੰਘਰਸ਼ ਕਰਨ ਲਈ ਜੀਵ ਦੀ ਵਰਤੋਂ ਕਰਦੇ ਹਨ। ਕੁੱਲ ਮਿਲ਼ਾ ਕੇ ਸ਼ੇਰ ਤੇ ਹਿਰਨ ’ਚ ਨਹੀਂ ਸਗੋਂ ਉਹਨਾਂ ਦੇ ਜੀਨਾਂ ’ਚ ਟੱਕਰ ਹੋ ਰਹੀ ਹੈ। ਇਸੇ ਸਿਧਾਂਤ ਨੂੰ ਮਨੁੱਖੀ ਸਮਾਜ ’ਤੇ ਵੀ ਲਾਗੂ ਕਰਦਿਆਂ ਇਹੋ ਨਤੀਜੇ ਕੱਢੇ ਕਿ ਮਨੁੱਖੀ ਗੁੱਸੇ, ਅਪਰਾਧ, ਗਰੀਬੀ, ਅਮੀਰੀ ਆਦਿ ਹਰ ਚੀਜ਼ ਲਈ ਵੀ ਜੀਨ ਹੀ ਜ਼ਿੰਮੇਵਾਰ ਹਨ। ਜੇਕਰ ਜੀਨ ਹੀ ਸਭ ਕੁੱਝ ਹਨ ਤਾਂ ਫਿਰ ਵਿਗਾਸ ਨਹੀਂ ਹੋ ਸਕਦਾ, ਕਿਉਂਕਿ ਵਿਗਾਸ ਦੀ ਪ੍ਰਕਿਰਿਆ ਨੂੰ ਹੁਲਾਰਾ ਦੇਣ ਵਾਲ਼ੇ ਲਾਜਮੀ ਕਾਰਕਾਂ ’ਚੋਂ ਵਾਤਾਵਰਣ ਮੁੱਖ ਕਾਰਕ ਹੈ। ਇਸ ਲਈ ਜੀਨ ਤੱਕ ਸੀਮਤ ਨਜ਼ਰੀਆ ਵਿਗਾਸ ਵਿਰੋਧੀ ਵੀ ਹੈ। ਜੀਨ ਬਿਨਾਂ ਜੀਵ ਨਹੀਂ ਹੋ ਸਕਦਾ ਇਹ ਗੱਲ ਬਿਲਕੁਲ ਠੀਕ ਹੈ, ਪਰ ਨਾਲ਼ ਦੀ ਨਾਲ਼ ਇਹ ਵੀ ਸਮਝਣਾ ਜਰੂਰੀ ਹੈ ਕਿ ਸਹੀ ਵਾਤਾਵਰਣ ਤੋਂ ਬਿਨਾਂ ਵੀ ਜੀਨ ਬਿਲਕੁਲ ਵੀ ਨਹੀਂ ਹੋ ਸਕਦਾ। ਜੀਨ ਵਾਤਾਵਰਣ ਨਾਲ਼ ਤਾਲਮੇਲ ਬਣਾਉਂਦੇ ਹੋਏ ਲਗਾਤਾਰ ਜੀਵ ਵਿਕਾਸ ’ਚ ਯੋਗਦਾਨ ਪਾਉਂਦੇ ਹਨ। ਜੇਕਰ ਜੱਦ 100 ਫੀਸਦੀ ਹੋਵੇ ਤਾਂ ਫਿਰ ਵਿਗਾਸ ਵਰਗੇ ਸੰਕਲਪ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ।

ਕੀ ਜੀਨ ਮਨੁੱਖੀ ਸ਼ਖਸੀਅਤ ਦੀ ਉਸਾਰੀ ਵੀ ਕਰਦੇ ਹਨ ?

ਇਹ ਇੱਕ ਬਹੁਤ ਵੱਡਾ ਭਰਮ ਹੈ। ਸਖਸ਼ੀਅਤ ਉਸਾਰੀ, ਵਿਅਕਤੀਆਂ ਦੀ ਸਮਰੱਥਾ, ਹੁਨਰ ਆਦਿ ਲਈ ਜੀਨ ਨੂੰ ਅਕਸਰ ਹੀ ਜ਼ਿੰਮੇਵਾਰ ਐਲਾਨਿਆ ਜਾਂਦਾ ਹੈ। ਜੀਨ ਸਿਰਫ ਸਾਡੇ ਸਰੀਰਕ ਗੁਣਾਂ (ਜਿਵੇਂ ਰੰਗ, ਅਕਾਰ, ਨੈਣ-ਨਕਸ਼, ਕੱਦ ਆਦਿ) ਨੂੰ ਜੱਦ ਰਾਹੀਂ ਅਗਲੀ ਪੀੜ੍ਹੀ ਤੱਕ ਲਿਜਾਂਦੇ ਹਨ ਪਰ ਮਨੁੱਖ ਦੀ ਸਖਸ਼ੀਅਤ (ਆਤਮਕ ਜੀਵਨ, ਹੁਨਰ, ਕਲਾਤਮਕ ਸਮਰੱਥਾ, ਬੌਧਿਕ ਸਮਰੱਥਾ ਆਦਿ) ਵਿੱਚ ਜੀਨ ਦੀ ਕੋਈ ਵੀ ਭੂਮਿਕਾ ਨਹੀਂ ਹੁੰਦੀ ਹੈ। ਤਾਂ ਫਿਰ ਸਖਸ਼ੀਅਤ ਦੇ ਇਹ ਗੁਣ ਕਿੱਥੋਂ ਆਉਂਦੇ ਹਨ?

ਵਿਗਾਸ ਦੀ ਪ੍ਰਕਿਰਿਆ ਨੂੰ ਜੀਨ ਅਤੇ ਵਾਤਾਵਰਣ ਵਿਚਲਾ ਦਵੰਦਾਤਮਕ ਰਿਸ਼ਤਾ ਤੈਅ ਕਰਦਾ ਹੈ। ਮਨੁੱਖ ਨੂੰ ਛੱਡ ਕੇ ਬਾਕੀ ਜੀਵਾਂ ਵਿੱਚ ਨਿਰੋਲ ਜੀਨ ਅਤੇ ਵਾਤਾਵਰਣ ਮਿਲ਼ਕੇ ਸਹੀ ਅਨੁਪਾਤ ’ਚ ਪ੍ਰਭਾਵ ਪਾਉਂਦੇ ਹਨ, ਹਰ ਜੀਵ ਜੀਨ ਅਤੇ ਵਾਤਾਵਰਣ ਵਿਚਲੇ ਰਿਸ਼ਤੇ ਦੀ ਵਿਕੋਲਿਤਰੀ ਪੈਦਾਵਾਰ ਹੁੰਦਾ ਹੈ। ਭਾਵ ਜੀਵਾਂ ਦੀਆਂ ਨਵੀਆਂ ਪੀੜ੍ਹੀਆਂ ਵਿੱਚ ਮੌਜੂਦ ਗੁਣਾਂ ਲਈ ਜੀਨ ਅਤੇ ਵਾਤਾਵਰਣ ਦੋਵੇਂ ਜ਼ਿੰਮੇਵਾਰ ਹੁੰਦੇ ਹਨ। ਪਰ ਮਨੁੱਖ ਕੋਲ ਜੀਨ ਅਤੇ ਵਾਤਾਵਰਣ ਤੋਂ ਇਲਾਵਾ ਵੀ ਕੁੱਝ ਹੋਰ ਵੀ ਵੱਧ ਮਹੱਤਵਪੂਰਨ ਹੈ ਜੋ ਮਨੁੱਖੀ ਵਿਕਾਸ ’ਚ ਅਹਿਮ ਯੋਗਦਾਨ ਪਾਉਂਦਾ ਹੈ ਤੇ ਉਹ ਹੈ ਮਨੁੱਖ ਦਾ ਸਮਾਜਿਕ ਜੀਵਨ। ਜਦੋਂ ਮਨੁੱਖ ਦੇ ਪੂਰਵਜਾਂ ਨੇ ਹੱਥਾਂ ਅਤੇ ਔਜਾਰਾਂ ਨੂੰ ਵਰਤਣਾ ਸਿੱਖ ਲਿਆ ਤੇ ਪਹਿਲਾਂ ਮਿੱਥੇ ਉਦੇਸ਼ਾਂ ਤਹਿਤ ਸਰਗਰਮੀ ਕਰਨੀ ਸ਼ੁਰੂ ਕਰ ਦਿੱਤੀ, ਭਾਵ ਜਦੋਂ ਮਨੁੱਖ ਨੇ ਕਿਰਤ ਕਰਨੀ ਸ਼ੁਰੂ ਕਰ ਦਿੱਤੀ ਤਾਂ ਨਾਲ਼ ਹੀ ਮਨੁੱਖ ਕੁਦਰਤੀ ਜੀਵਨ ਦੇ ਅਨੇਕਾਂ ਬੰਧਨਾਂ ਤੋਂ ਅਜ਼ਾਦ ਹੁੰਦਾ ਗਿਆ ਤੇ ਇੱਕ ਸਮਾਜਿਕ ਜੀਵਨ ਉੱਸਰਨਾ ਸ਼ੁਰੂ ਹੋਇਆ। ਮਨੁੱਖ ਤੋਂ ਬਿਨਾਂ ਕਿਸੇ ਵੀ ਜੀਵ ਕੋਲ ਇਹ ਸਮਾਜਿਕ ਜੀਵਨ ਨਹੀਂ ਹੈ ਕਿਉਂਕਿ ਕੋਈ ਵੀ ਹੋਰ ਜੀਵ ਕਿਰਤ ਨਹੀਂ ਕਰਦਾ।

ਇੰਝ ਮਨੁੱਖੀ ਵਿਕਾਸ ਜੈਵਿਕ ਅਤੇ ਸਮਾਜਿਕ ਜੀਵਨ ਦੇ ਤੱਤਾਂ ਵਿੱਚ ਇੱਕ ਪਰਸਪਰ ਸਬੰਧ ਦਾ ਨਤੀਜਾ ਹੈ ਜਿਸ ਵਿੱਚ ਮਨੁੱਖ ਦੀਆਂ ਸੁਚੇਤ ਕਾਰਵਾਈਆਂ ਲਈ ਚੇਤਨਾ ਜ਼ਿੰਮੇਵਾਰ ਹੈ। ਮਨੁੱਖੀ ਸਰੀਰ ਖਾਸ ਕਰਕੇ ਦਿਮਾਗ (ਜੀਨ) ਇੱਕ ਪੀੜੀ ਤੋਂ ਦੂਜੀ ਪੀੜੀ ’ਚ ਜੱਦ ਰਾਹੀ ਜਾਂਦਾ ਹੈ, ਪਰ ਹਰ ਪੀੜੀ ਨੂੰ ਯੋਗਤਾਵਾਂ ਸਿੱਖਣੀਆਂ ਪੈਂਦੀਆਂ ਹਨ ਜਿਵੇਂ ਕਿ ਭਾਸ਼ਾ, ਕਲਾਵਾਂ, ਹੁਨਰ ਆਦਿ ਜੋ ਕਿ ਮਨੁੱਖ ਨੇ ਹਜ਼ਾਰਾਂ ਸਾਲਾਂ ਦੀ ਕਿਰਤ ਦੀ ਪ੍ਰਕਿਰਿਆ ’ਚੋ ਹਾਸਿਲ ਕੀਤੀਆਂ ਹਨ (ਫ. ਏਂਗਲਜ)। ਇਸ ਕਰਕੇ ਇਹ ਯੋਗਤਾਵਾਂ ਜਾਂ ਸਖਸ਼ੀਅਤ ਦੇ ਗੁਣ ਸਮਾਜਿਕ ਜੀਵਨ ਵਿੱਚੋਂ ਹੀ ਸਿੱਖੇ ਜਾ ਸਕਦੇ ਹਨ ਕਿਉਂਕਿ ਇਹ ਸਮਾਜਿਕ ਜੀਵਨ ਦੀ ਹੀ ਉਪਜ ਹਨ। ਆਉ ਭਾਸ਼ਾ ਦੀ ਮਿਸਾਲ ਲਈਏ। ਜੇ ਜੀਨ ਹੀ ਸਭ ਕੁੱਝ ਕਰਦੇ ਹੋਣ ਤਾਂ ਕਿ ਭਾਸ਼ਾ ਸਿੱਖਣ ਵਾਲ਼ੇ ਜੀਨਾਂ ਨਾਲ਼ ਬੱਚਾ ਮਾਂ-ਪਿਓ ਦੀ ਭਾਸ਼ਾ ਹੀ ਸਿੱਖ ਸਕੇਗਾ, ਹੋਰ ਨਹੀਂ। ਜਦ ਇਹ ਕਿ ਇਸਦੇ ਉਲਟ ਇੱਕ ਬੱਚੇ ਨੂੰ ਜੇਕਰ ਜਨਮ ਤੋਂ ਬਾਅਦ ਜੰਗਲ ਵਿੱਚ ਛੱਡ ਦੇਈਏ ਤਾਂ ਉਹ ਕੋਈ ਵੀ ਭਾਸ਼ਾ ਨਹੀਂ ਸਿੱਖ ਸਕੇਗਾ, ਉਸਨੂੰ ਪਤਾ ਹੀ ਨਹੀਂ ਹੋਵੇਗਾ ਕਿ ਬੋਲਣਾ ਕਿਸ ਤਰ੍ਹਾਂ ਹੈ। ਕਿਉਂਕਿ ਇਹ ਜੀਨ ਨਹੀਂ ਸਗੋਂ ਸਮਾਜਿਕ ਜੀਵਨ ਤੈਅ ਕਰਦਾ ਹੈ। ਭਾਸ਼ਾ ਸਿੱਖਣ ਲਈ ਦਿਮਾਗ ਦਾ ਇੱਕ ਖਾਸ ਹਿੱਸਾ ਵਿਕਸਤ ਹੋਣਾ ਜਰੂਰੀ ਹੈ, ਇਹ ਵਿਕਾਸ ਦਾ ਕੰਮ ਜੀਨ ਕਰਦੇ ਹਨ। ਇਸ ਅੱਗੇ ਦਾ ਬਣਦਾ ਕਾਰਜ ਸਮਾਜਿਕ ਜੀਵਨ ਦਾ ਹੈ। ਇਸੇ ਤਰ੍ਹਾਂ ਹਰ ਤਰ੍ਹਾਂ ਦੀ ਬੌਧਿਕ ਸਮਰੱਥਾ, ਕਲਾਤਮਕ ਯੋਗਤਾ, ਮਨੁੱਖੀ ਸੰਵੇਦਨਾਵਾਂ ਆਦਿ ਲਈ ਸਮਾਜਿਕ ਜੀਵਨ ਹੀ ਜ਼ਿੰਮੇਵਾਰ ਹੈ ਜੀਨ ਨਹੀਂ, ਕਿਉਂਕਿ ਇਹ ਸਭ ਮਨੁੱਖ ਦੇ ਹਜਾਰਾਂ ਸਾਲਾਂ ਦੇ ਸਮਾਜਿਕ ਜੀਵਨ ਦੇ ਵਿਕਾਸ ਵਿੱਚੋਂ ਉਪਜੀਆਂ ਹਨ।

ਇਸ ਕਰਕੇ ਮਨੁੱਖ ਦਾ ਪਰਿਵਾਰਕ ਪਿਛੋਕੜ, ਪਾਲਣ-ਪੋਸ਼ਣ, ਆਲ਼ੇ-ਦੁਆਲ਼ੇ ਦਾ ਸਮਾਜਿਕ ਮਹੌਲ ਹੀ ਸਖਸ਼ੀਅਤ ਲਈ ਜ਼ਿੰਮੇਵਾਰ ਹੁੰਦਾ ਹੈ ਜੀਨ ਨਹੀਂ। ਅਸਲ ’ਚ ਆਪਣੇ ਜਿਉਣ ਦੇ ਵਸੀਲੇ ਪੈਦਾ ਕਰਨ ਲਈ ਮਨੁੱਖ ਪੈਦਾਵਾਰ ਦੇ ਜਿਹੜੇ ਸਮਾਜਿਕ ਸਬੰਧਾਂ ’ਚ ਰਹਿੰਦਾ ਹੈ ਉਹੀ ਸਮਾਜਿਕ ਜੀਵਨ ਦਾ ਅਧਾਰ ਹੁੰਦੇ ਹਨ। ਇਸ ਕਰਕੇ ਲੁੱਟ ਅਧਾਰਤ ਮੌਜੂਦਾ ਸਰਮਾਏਦਾਰਾ ਸਮਾਜ ਵਿੱਚ ਜਾਇਦਾਦ ਦੇ ਸਾਧਨਾਂ ਉੱਪਰ ਕਾਬਜ ਅਤੇ ਕਿਰਤ ਦੀ ਲੁੱਟ ਰਾਹੀਂ ਜਿਉਂਣ ਵਾਲ਼ੀ ਜਮਾਤ ਇਸ ਸਥਿਤੀ ਨੂੰ ਜਿਉਂ ਦੀ ਤਿਉਂ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਦੀ ਹੈ ਤੇ ਇਸ ਢਾਂਚੇ ਵਿੱਚ ਦੱਬੀ-ਕੁਚਲੀ ਜਾ ਰਹੀ ਮਜ਼ਦੂਰ, ਕਿਰਤੀ ਅਬਾਦੀ ਇਹਨਾਂ ਹਾਲਤਾਂ ਨੂੰ ਬਦਲਣ ਲਈ ਸੰਘਰਸ਼ ਕਰਦੀ ਹੈ। ਇਸ ਕਰਕੇ ਅਮੀਰੀ, ਗਰੀਬੀ ਅਤੇ ਉਹਨਾਂ ਵਿੱਚ ਟਕਰਾਅ ਦੇ ਕਾਰਨ ਸਮਾਜਿਕ ਜੀਵਨ ਵਿੱਚ ਹਨ, ਜੀਨ ਵਿੱਚ ਨਹੀਂ। ਇਹਨਾਂ ਨੂੰ ਜੀਨਾਂ ਸਿਰ ਮੜ੍ਹਨਾ ਅਸਲ ਵਿੱਚ ਕਿਰਤੀ ਲੋਕਾਂ ਦੇ ਸੰਘਰਸ਼ ਨੂੰ ਭੰਡਣਾਂ ਅਤੇ ਇਹਨਾਂ ਲੁੱਟ ਅਧਾਰਤ ਸਮਾਜਿਕ ਸਬੰਧਾਂ ਨੂੰ ਜਿਉਂ ਦਾ ਤਿਉਂ ਬਰਕਰਾਰ ਰੱਖਣਾ ਹੈ।

ਨਸਲੀ ਸ਼ੁੱਧਤਾ ਅਤੇ ਅੰਨ੍ਹਾ ਕੌਮਵਾਦ

ਮਨੁੱਖੀ ਨਸਲ ਪੂਰੀ ਧਰਤੀ ਦੇ ਅਲੱਗ-ਅਲੱਗ ਭੂਗੋਲਿਕ ਖਿੱਤਿਆਂ ’ਚ ਵਸਣ ਕਰਕੇ ਅਤੇ ਖਾਸ ਖਿੱਤਿਆਂ ਦੇ ਵਾਤਾਵਰਣੀ ਕਾਰਨਾਂ ਕਰਕੇ ਰੰਗ ਰੂਪ ਵਜੋਂ ਕਾਫੀ ਵੰਨ-ਸੁਵੰਨੀ ਰਹੀ ਹੈ, ਜਿਵੇਂ ਅਫਰੀਕਾ ਮਹਾਂਦੀਪ ਦੇ ਵਾਸੀ ਕਾਲੇ ਹਨ, ਚੀਨੀ ਲੋਕ ਨੈਣ-ਨਕਸ਼ਾਂ ਦੇ ਆਧਾਰ ’ਤੇ ਕਾਫੀ ਭਿੰਨ ਹਨ। ਗੁਲਾਮਦਾਰੀ ਦੇ ਦੌਰ ਤੋਂ ਜਗੀਰਦਾਰੀ ਅਤੇ ਹੁਣ ਸਰਮਾਏਦਾਰੀ ’ਚ ਵੀ ਰਾਜ ਕਰਦੀਆਂ ਜਮਾਤਾਂ ਨੇ ਇਹਨਾਂ ਭਿੰਨਤਾਵਾਂ ਦਾ ਲਾਹਾ ਲੋਕਾਂ ਨੂੰ ਇਹਨਾਂ ਭਿੰਨਤਾਵਾਂ ਦੇ ਅਧਾਰ ’ਤੇ ਲੜਾਕੇ ਹਕੂਮਤ ਕਰਨ ’ਚ ਲਿਆ ਹੈ। ਨਸਲ ਦੇ ਆਧਾਰ ’ਤੇ ਸਭ ਤੋਂ ਵੱਧ ਕਤਲੇਆਮ ਜਰਮਨ ’ਚ ਅਡੋਲਫ ਹਿਟਲਰ ਨੇ ਕੀਤਾ, ਜਿਸਨੇ ਨਸਲੀ ਸ਼ੁੱਧਤਾ ਦੇ ਨਾਹਰੇ ਹੇਠ ਘੱਟ ਗਿਣਤੀਆਂ ਨੂੰ ਨਿਸ਼ਾਨਾਂ ਬਣਾਇਆ। ਉਸਦੀ ਵਾਰਸਿ ਰਾਸ਼ਟਰੀ ਸਵੈਸੇਵਕ ਸੰਘ, ਭਾਜਪਾ ਵੀ ਅੱਜ ਭਾਰਤ ’ਚ ਇਹੋ ਇਤਿਹਾਸ ਦੁਹਰਾਅ ਰਹੀ ਹੈ। ਜੀਨ ਅਧਾਰਿਤ ਉਪਰੋਕਤ ਭਰਮ ਇਸ ਨਸਲੀ ਸ਼ੁੱਧਤਾ ਲਈ ਅਧਾਰ ਬਣਦੇ ਆਏ ਹਨ। ਅੱਜ ਕਿਸੇ ਵੀ ਵਿਗਿਆਨ ਦੀ ਸਮਝ ਰੱਖਣ ਵਾਲ਼ੇ ਵਿਆਕਿਤੀ ਵੱਲੋਂ ਕੀਤੀ ਇੱਕ ਗਲਤ ਟਿੱਪਣੀ ਉਸ ਸਮਾਜ ਲਈ ਸ਼ਰਾਪ ਵਰਗੀ ਹੈ ਜਿੱਥੇ ਵਿਗਿਆਨ ਨਾਂ ਦੀ ਤਿੱਤਲੀ ਨੂੰ ਕਦੇ ਢੰਗ ਨਾਲ਼ ਖੰਭ ਨਹੀਂ ਖੋਲ੍ਹਣ ਦਿੱਤੇ ਗਏ। ਕਾਲ਼ੇ ਲੋਕਾਂ ਵੱਲੋਂ ਇਸ ਨਸਲੀ ਜਲਾਲਤ ਨੂੰ ਪਿੰਡੇ ਹੰਡਾਉਣ ਦੇ ਕਾਲ਼ੇ ਵਰਕੇ ਅੱਜ ਵੀ ਮਨੁੱਖਤਾ ਲਈ ਚੁੱਭਵੇਂ ਹਨ। ਜੇਕਰ ਜੀਨ ਅਧਾਰਿਤ ਕੁੱਝ ਖੁਲਾਸੇ ਹੀ ਕਰਨੇ ਹਨ ਤਾਂ ਉਹ ਧਰਮਾਂ, ਜਾਤਾਂ, ਫਿਰਕਿਆਂ ’ਚ ਵੰਡੇ ਲੋਕਾਂ ਨੂੰ ਇੱਕ ਕਰਨ ਲਈ ਕਰਨੇ ਚਾਹੀਦੇ ਹਨ, ਕਿਉਂਕਿ ਇਹਨਾਂ ਦਾ ਕੋਈ ਵਿਗਿਆਨਕ ਅਧਾਰ ਨਹੀਂ, ਅਲੱਗ-ਅਲੱਗ ਧਰਮ, ਜਾਤਾਂ ਮਨੁੱਖ ਨੇ ਬਣਾਈਆਂ ਹਨ, ਸਾਡਾ ਵਿਗਿਆਨਕ ਨਾਮ ਹੋਮੋ ਸੇਪਿਅਨਜ ਹੈ ਤੇ ਸਾਡੇ ਜੀਨ ਸਾਂਝੇ ਹਨ।

ਅਫਲਾਤੂਨ ਤੋਂ ਲੈਨਿਨ ਤੱਕ ਕਿਤਾਬ ’ਚ ਜਿਕਰ ਮਿਲ਼ਦਾ ਹੈ ਕਿ ਪੱਛਮੀ ਜਰਮਨੀ ਦੇ ਕੁੱਝ ਬੱਚਿਆਂ ਨੂੰ ਇਸ ਵਿਸ਼ੇ ਬਾਰੇ ਇੱਕ ਲੇਖ ਲਿਖਣ ਲਈ ਕਿਹਾ ਗਿਆ: ਜੇ ਮੈਂ ਜੋ ਮਰਜੀ ਕਰ ਸਕਦਾ ਤਾਂ ਮੈਂ ਕੀ ਕਰਦਾ? ਇਕ ਨੇ ਲਿਖਿਆ : “ਮੈਂ ਦੁਨੀਆਂ ਭਰ ਦੇ ਸਕੂਲਾਂ ਨੂੰ ਉਡਾ ਦੇਵਾਂਗਾ।” ਇੱਕ ਹੋਰ ਨੇ ਲਿਖਿਆ: “ ਮੈਂ ਥਾਂ-ਥਾਂ ਬੰਬ ਸੁੱਟਾਂਗਾ…. ਮੈਂ ਮਕਾਨ ਨੂੰ ਅੱਗ ਲਾ ਦੇਵਾਂਗਾ ਤੇ ਦਰਿਆ ਵਿੱਚ ਛਾਲ ਮਾਰ ਦਿਆਂਗਾ।” ਤੇ ਇਸ ਵਿਸ਼ੇ ੳੁੱਤੇ ਸਮਾਜਵਾਦੀ ਸੋਵੀਅਤ ਸਕੂਲਾਂ ਦੇ ਬੱਚਿਆਂ ਨੇ ਇਹ ਜਵਾਬ ਦਿੱਤੇ: “ਸਰਮਾਏਦਾਰਾਂ ਤੇ ਫੈਕਟਰੀਆਂ ਦੇ ਮਾਲਕਾਂ ਨੇ ਜਿਨ੍ਹਾਂ ਨੀਗਰੋ ਲੋਕਾਂ ਨੂੰ ਗੁਲਾਮ ਬਣਾ ਛੱਡਿਆ ਹੈ ਮੈਂ ਉਨ੍ਹਾਂ ਨੂੰ ਅਜ਼ਾਦ ਕਰ ਦਿਆਂਗਾ,” ਇੱਕ ਨੇ ਲਿਖਿਆ। ਤੇ ਦੂਜੇ ਨੇ ਇਸ ਸਵਾਲ ਦਾ ਜਵਾਬ ਇਹ ਦਿੱਤਾ: “ਸਭ ਤੋਂ ਪਹਿਲੀ ਗੱਲ ਮੈ ਇਹ ਕਰਾਂਗਾ ਕਿ ਪ੍ਰਮਾਣੂ ਤੇ ਹਈਡ੍ਰੋਜਨ ਬੰਬਾਂ ’ਤੇ ਪਾਬੰਦੀ ਲਾ ਦੇਵੇਗਾ।”

ਬੱਚਿਆਂ ਦੇ ਜਵਾਬਾਂ ਵਿੱਚ ਏਨਾ ਫਰਕ ਕਿਉਂ ਹੈ? ਕਾਰਨ ਇਹ ਹੈ ਕਿ ਬੱਚੇ ਵੱਖ-ਵੱਖ ਸਮਾਜਿਕ ਨਿਜ਼ਾਮ ਵਿੱਚ ਰਹਿ ਰਹੇ ਸਨ। ਇਹੋ ਹੈ ਸਮਾਜਿਕ ਜੀਵਨ ਦਾ ਸ਼ਖਸ਼ੀਅਤ ਦੀ ਉਸਾਰੀ ਉੱਤੇ ਅਸਰ। ਇਸ ਕਰਕੇ ਜੀਨ ਅਤੇ ਵਾਤਾਵਰਣ ਵਿਚਲਾ ਦਵੰਦਾਤਮਕ ਰਿਸ਼ਤਾ ਪਛਾਨਣ ਦੀ ਲੋੜ ਹੈ ਤੇ ਇਹ ਬਿਲਕੁਲ ਗਲਤ ਹੋਵੇਗਾ ਜੇਕਰ ਅਸੀਂ ਦੋਵਾਂ ਨੂੰ ਇਹਨਾਂ ਦੇ ਆਪਸੀ ਰਿਸ਼ਤੇ ਤੋਂ ਨਿਖੇੜ ਕੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਸੇ ਤਰ੍ਹਾਂ ਮਨੁੱਖੀ ਜੀਵਨ ਲਈ ਵੀ ਇਹ ਸਮਝਣਾ ਚਾਹੀਦਾ ਹੈ ਕਿ ਜੀਨ ਤੇ ਵਾਤਾਵਰਣ ਦੀ ਭੂਮਿਕਾ ਨੂੰ ਮਨੁੱਖ ਦੇ ਸਰੀਰਕ ਗੁਣਾਂ ਤੱਕ ਹੀ ਹੈ ਅਤੇ ਮਨੁੱਖੀ ਸਖਸ਼ੀਅਤ ਲਈ ਸਮਾਜਿਕ ਜੀਵਨ ਜ਼ਿੰਮੇਵਾਰ ਹੈ ਜੀਨ ਨਹੀਂ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 8, ਅੰਕ 22-23, ਜਨਵਰੀ 2020 (ਸੰਯੁਕਤ ਅੰਕ) ਵਿੱਚ ਪਰ੍ਕਾਸ਼ਿਤ