ਸਹਾਰਨਪੁਰ ਵਿੱਚ ਦਲਿਤ-ਵਿਰੋਧੀ ਹਿੰਸਾ : ਸੰਘ ਦੇ ਕਹਿਣੇ ‘ਚ ਰਹੋ, ਨਹੀਂ ਤਾਂ ਸਿੱਟੇ ਭੁਗਤਣ ਲਈ ਤਿਆਰ ਰਹੋ! •ਪਰਮਜੀਤ

6

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

20 ਅਪ੍ਰੈਲ ਤੋਂ 9 ਮਈ ਤੱਕ, ਸਹਾਰਨਪੁਰ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਤਿੰਨ ਵਾਰ ਹਿੰਸਾ ਹੋ ਚੁੱਕੀ ਹੈ, ਪਰ ਪੂਰੇ ਦਾ ਪੂਰਾ ਘਟਨਾਕ੍ਰਮ ਲੱਗਭੱਗ ਸਮੁੱਚੇ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਵਿੱਚੋਂ ਗਾਇਬ ਹੈ। ਜੇ ਕੋਈ ਖਬਰ ਨਸ਼ਰ ਹੋ ਵੀ ਰਹੀ ਹੈ ਤਾਂ ਬੇਹੱਦ ਚੁਣ-ਚੁਣ ਕੇ ਅਤੇ ਉਹਨਾਂ ਖ਼ਬਰਾਂ ਵਿੱਚ ਜਾਂ ਤਾਂ ਦੋ ਜਾਤੀ-ਸਮੂਹਾਂ ਦੀ ਲੜਾਈ ਹੈ, ਜਾਂ ਫਿਰ ਸਿੱਧਾ-ਸਿੱਧਾ ਦਲਿਤਾਂ ਉੱਤੇ ਦੋਸ਼ ਮੜਨ ਦੇ ਝੂਠ ਹਨ। ਜਿਸ ਸਮੇਂ ਗਰੀਬਾਂ ਦੀ ਘਰ ਜਲਾਏ ਜਾ ਰਹੇ ਸਨ, ਮੀਡੀਆ ਜਸਟਿਨ ਬੀਬਰ ਦੇ ਸ਼ੋਅ ਦੀਆਂ ਵਿਸ਼ੇਸ਼ ਰਿਪੋਰਟਾਂ ਦੇ ਚਿੱਕੜ ਵਿੱਚ ਲੋਟਣੀਆਂ ਲਗਾ ਰਿਹਾ ਸੀ, ਅਤੇ ਭਾਰਤ ਦਾ ਮੱਧਵਰਗ “ਰੀਪਬਲਿਕ” ਦੀ ਪਰੋਸੀ ਜੂਠ ਉੱਤੇ ਲੱਟੂ ਹੋ ਰਿਹਾ ਸੀ। ਖੈਰ, ਸੱਚਾਈ ਬਾਹਰ ਆ ਚੁੱਕੀ ਹੈ। ਪੂਰੇ ਘਟਨਾਕ੍ਰਮ ਪਿੱਛੇ ਭਾਜਪਾ ਅਤੇ ਸੰਘ ਦੇ ਹੱਥ ਹਨ, ਜਿਸਦਾ ਦਲਿਤਾਂ ਨੂੰ ਸਪੱਸ਼ਟ ਸੰਦੇਸ਼ ਹੈ  “ਸਾਡੇ ਗ਼ੁਲਾਮ ਬਣਕੇ ਰਹੋ, ਨਹੀਂ ਤਾਂ ਮੁਸਲਿਮਾਂ ਦੇ ਨਾਲ਼-ਨਾਲ਼ ਤੁਹਾਡੇ ਘਰ ਵੀ ਜਲ਼ਾਏ ਜਾਣਗੇ।” ਇਹਨਾਂ ਦੀ ਲਗਾਈ ਅੱਗ ਉੱਤੇ ਆਪਣੀਆਂ ਰੋਟੀਆਂ ਸੇਕਣ ਲਈ ਹੁਣ ਸਾਰਾ ਵੋਟ-ਬਟੋਰੂ ਗੈਂਗ ਲੱਗਾ ਹੋਇਆ ਹੈ। ਕਿਉਂਕਿ ਸਮੁੱਚੇ ਘਟਨਾਕ੍ਰਮ ਨੂੰ ਆਮ ਲੋਕਾਂ ਦੀਆਂ ਨਜ਼ਰਾਂ ਤੋਂ ਲੁਕਾਉਣ ਦੀਆਂ ਕਮੀਨੀਆਂ ਚਾਲਾਂ ਹੋ ਰਹੀਆਂ ਹਨ, ਇਸ ਲਈ ਅਸੀਂ ਪਹਿਲਾਂ ਘਟਨਾਵਾਂ ਦਾ ਬਿਉਰਾ ਕੁਝ ਵਿਸਥਾਰ ਵਿੱਚ ਦੇਖਾਂਗੇ।

ਸਹਾਰਨਪੁਰ ਪਿਛਲੇ ਕਈ ਸਾਲਾਂ ਤੋਂ ਮੁਸਲਿਮ-ਵਿਰੋਧੀ ਹਿੰਸਾ ਤੇ ਦੰਗੇ-ਫਸਾਦਾਂ ਦਾ ਸ਼ਿਕਾਰ ਰਿਹਾ ਹੈ, ਜਿਸ ਪਿੱਛੇ ਕਿਸ ਦੇ ਹੱਥ ਹਨ, ਇਹ ਦੁਬਾਰਾ ਦੁਹਰਾਉਣ ਦੀ ਸਾਨੂੰ ਲੋੜ ਨਹੀਂ। ਇਸ ਵਾਰ ਵੀ ਨਿਸ਼ਾਨਾ ਉਹੀ ਸਨ, ਪਰ ਸੰਘ ਦੀਆਂ ਯੋਜਨਾਵਾਂ ਅਸਫਲ ਹੋ ਗਈਆਂ। ਅਸਲ ਵਿੱਚ ਹਿੰਸਾ ਦਾ ਮੁੱਢ 20 ਅਪ੍ਰੈਲ ਨੂੰ ਬੱਝਾ ਜਦੋਂ ਭਾਜਪਾ ਨੇ ਡਾ। ਅੰਬੇਦਕਰ ਦਾ ਜਨਮਦਿਨ ਮਨਾਉਣ ਲਈ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ। ਸਹਾਰਨਪੁਰ ਸ਼ਹਿਰ ਦੇ ਸੜਕਦੁਧਲੀ ਪਿੰਡ ਦੇ ਇਲਾਕੇ ਵਿੱਚ ਭਾਜਪਾ ਦੇ ਸਥਾਨਕ ਪਾਰਲੀਮੈਂਟ ਮੈਂਬਰ ਰਾਘਵ ਲਖਨਪਾਲ ਦੀ ਅਗਵਾਈ ਵਿੱਚ ਦਲਿਤਾਂ ਪ੍ਰਤੀ ਝੂਠਾ ਹੇਜ ਦਿਖਾਉਣ ਅਤੇ ਇਸ ਰਾਹੀਂ ਇਲਾਕੇ ਦੇ ਮੁਸਲਮਾਨਾਂ ਤੇ ਦਲਿਤਾਂ ਵਿੱਚ ਟਕਰਾਅ ਪੈਦਾ ਕਰਨ ਦੇ ਮਨਸ਼ੇ ਲੈ ਕੇ ਸੰਘੀਆਂ ਦਾ ਗਿਰੋਹ ਮਾਰਚ ਕੱਢਣ ਚੱਲਿਆ ਪਰ ਇਸ ਮਾਰਚ ਨੂੰ ਸਥਾਨਕ ਪੁਲਿਸ ਨੇ ਵੀ ਇਜ਼ਾਜ਼ਤ ਨਹੀਂ ਦਿੱਤੀ। ਭਾਜਪਾ ਦਾ ਇਹ ਲੀਡਰ ਆਪਣੇ ਕਾਰਨਾਮਿਆਂ ਕਰਕੇ ਪਹਿਲਾਂ ਹੀ ਪੂਰਾ ਬਦਨਾਮ ਹੈ, ਇਹ ਸਖਸ਼ ਲਗਾਤਾਰ ਇਹ ਐਲਾਨ ਕਰਦਾ ਰਹਿੰਦਾ ਹੈ ਕਿ ਉਹ ਸਹਾਰਨਪੁਰ ਵਿੱਚ ਕਸ਼ਮੀਰ ਨਹੀਂ ਬਣਨ ਦੇਵੇਗਾ। ਸੜਕਧੁਲੀ ਇਲਾਕਾ ਦਲਿਤ ਤੇ ਮੁਸਲਿਮ ਆਬਾਦੀ ਦਾ ਇਲਾਕਾ ਹੈ। ਜਦੋਂ ਭਾਜਪਾ ਐਮਪੀ ਵੱਲੋਂ ਇਕੱਠੀ ਕੀਤੀ ਭੀੜ ਇੱਥੇ ਪੁੱਜੀ ਤਾਂ ਮੁਸਲਮਾਨ ਅਬਾਦੀ ਨੇ ਇਸ ਦਾ ਵਿਰੋਧ ਕੀਤਾ। ਅਸਲ ਵਿੱਚ ਇਹ ਭੀੜ ਅੰਬੇਦਕਰ ਜਯੰਤੀ ਦੇ ਨਾਮ ਥੱਲੇ ਹਿੰਦੂਤਵੀ ਫ਼ਾਸੀਵਾਦੀ ਨਾਹਰੇ ਲਗਾ ਰਹੇ ਸਨ। ਅੰਬੇਦਕਰ ਦੇ ਨਾਮ ਦੀ ਇਸ ਕੰਮ ਲਈ ਵਰਤੋਂ ਦਾ ਦਲਿਤ ਭਾਈਚਾਰੇ ਨੇ ਵੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਅਸਲ ਵਿੱਚ ਦਲਿਤਾਂ ਵੱਲੋਂ 14 ਅਪ੍ਰੈਲ ਨੂੰ ਅੰਬੇਦਕਰ ਦੀ ਯਾਦ ਵਿੱਚ ਸ਼ੋਭਾਯਾਤਰਾ ਕੱਢਣ ਨੂੰ ਵੀ ਪ੍ਰਸ਼ਾਸ਼ਨ ਨੇ ਪ੍ਰਵਾਨਗੀ ਨਹੀਂ ਦਿੱਤੀ ਸੀ ਅਤੇ ਉਹ ਸਥਾਨਕ ਪੱਧਰ ਉੱਤੇ ਅੰਬੇਦਕਰ ਜਯੰਤੀ ਮਨਾ ਵੀ ਚੁੱਕੇ ਸਨ। ਇਸ ਕਰਕੇ ਭਾਜਪਾ ਵੱਲੋਂ ਇੱਕ ਹਫ਼ਤੇ ਬਾਅਦ, ਅੰਬੇਦਕਰ ਦੀ “ਯਾਦ” ਮਾਰਚ ਕੱਢਣ ਤੇ ਉੱਥੇ ਲੱਗ ਰਹੇ ‘ਜੈ ਸ਼੍ਰੀਰਾਮ” ਦੇ ਨਾਹਰਿਆਂ ਨੇ ਕਪਟੀ ਚਾਲ ਦਲਿਤਾਂ ਕੋਲੋਂ ਛੁਪੀ ਨਾ ਰਹੀ। ਸੜਕਦੁਧਲੀ ਪਿੰਡ ਦੇ ਦਲਿਤ ਤੇ ਮੁਸਲਮਾਨਾਂ ਵੱਲੋਂ ਇੱਕਜੁੱਟ ਵਿਰੋਧ ਅੱਗੇ ਖਾਕੀ-ਨਿੱਕਰਾਂ ਦਾ ਮਾਰਚ ਖਿੰਡ ਗਿਆ ਤੇ ਪ੍ਰਸ਼ਾਸ਼ਨ ਵੱਲੋਂ ਵੀ ਸੰਘੀ ਟੋਲੇ ਨੂੰ ਕੋਈ ਮਦਦ ਨਾ ਮਿਲ਼ੀ। ਗੁੱਸੇ ਨਾਲ਼ ਭਰਿਆ ਤੇ ਯੋਗੀ ਦੇ ਮੁੱਖਮੰਤਰੀ ਬਣਨ ਉੱਤੇ ਚਾਂਭਲ਼ਿਆ ਸੰਘੀ ਟੋਲਾ ਜਦੋਂ ਦਲਿਤਾਂ ਤੇ ਮੁਸਲਮਾਨਾਂ ਦਾ ਕੁਝ ਨਾ ਵਿਗਾੜ ਸਕਿਆ ਤਾਂ ਉਹਨਾਂ ਨੇ ਕੁਝ ਲਫੰਗੇ ਇਕੱਠੇ ਕਰਕੇ ਪੁਲਿਸ ਉੱਤੇ ਹਮਲਾ ਕਰ ਦਿੱਤਾ। ਸਹਾਰਨਪੁਰ ਦੇ ਐੱਸਪੀ ਦੀ ਰਿਹਾਇਸ਼ ਉੱਤੇ ਸੰਘੀਆਂ ਨੇ ਪੱਥਰਬਾਜ਼ੀ ਕੀਤੀ, ਇਸ ਦੌਰਾਨ ਐਸਪੀ ਦੀ ਪਤਨੀ ਨੂੰ ਆਪਣੇ ਦੋ ਬੱਚਿਆਂ ਸਮੇਤ ਪਸ਼ੂਆਂ ਦੇ ਛੱਪਰ ਵਿੱਚ ਲੁਕ ਕੇ ਜਾਨ ਬਚਾਉਣੀ ਪਈ।

ਪੁਲਿਸ ਨੇ ਭਾਜਪਾ ਦੇ ਐਮਪੀ ਰਾਘਵ ਲਖਨਪਾਲ, ਉਸਦੇ ਭਾਈ ਰਾਹੁਲ ਅਤੇ ਹੋਰਨਾਂ ਖਿਲਾਫ਼ ਪਰਚਾ ਦਰਜ ਕੀਤਾ ਪਰ ਗ੍ਰਿਫ਼ਤਾਰੀ ਕੋਈ ਨਾ ਹੋਈ, ਜਦਕਿ ਮਜ਼ਦੂਰਾਂ, ਵਿਦਿਆਰਥੀਆਂ, ਕਿਸਾਨਾਂ ਤੇ ਹੋਰ ਕਿਰਤੀ ਲੋਕਾਂ ਦੇ ਆਗੂਆਂ ਖਿਲਾਫ਼ ਦੇਸ਼ਧ੍ਰੋਹ ਦੇ ਪਰਚੇ ਦਰਜ ਕਰਕੇ ਜੇਲ• ਦੀਆਂ ਸੀਖਾਂ ਪਿੱਛੇ ਸੁੱਟਣ ਵਿੱਚ ਪੁਲਿਸ ਪ੍ਰਸ਼ਾਸ਼ਨ ਬਿੰਦ ਨਹੀਂ ਲਾਉਂਦਾ। ਗ੍ਰਿਫ਼ਤਾਰੀ ਜਾਂ ਕਾਰਵਾਈ ਤਾਂ ਕੀ ਹੋਣੀ ਸੀ, ਉਲਟਾ ਸੰਘੀਆਂ ਦੇ ਹਮਲੇ ਦਾ ਸ਼ਿਕਾਰ ਐੱਸਪੀ ਬਦਲ ਕੇ ਯੋਗੀ ਸਰਕਾਰ ਨੇ ਨੋਇਡਾ ਭੇਜ ਦਿੱਤਾ। ਭਾਵ ਅਧਿਕਾਰੀਆਂ ਨੂੰ ਵੀ ਸਾਫ਼ ਸੰਕੇਤ ਹਨ ਕਿ ਜਿਆਦਾ ਕਨੂੰਨ ਝਾੜੋਗੇ ਤਾਂ ਤੁਸੀਂ ਵੀ ਲੋਹੇ ਦੇ ਕਿਲੇ ਵਿੱਚ ਨਹੀਂ ਬੈਠੇ!! ਪ੍ਰਸ਼ਾਸ਼ਨ ਨੂੰ ਸਬਕ ਸਿਖਾਉਣ ਤੋਂ ਬਾਅਦ ਹੁਣ ਦਲਿਤਾਂ ਨੂੰ ਨਾ-ਫੁਰਮਾਨੀ ਕਰਨ ਲਈ ਸਬਕ ਸਿਖਾਉਣਾ ਸੀ। 5 ਮਈ ਨੂੰ ਸਹਾਰਨਪੁਰ ਦੇ ਨਾਲ਼ ਲੱਗਦੇ ਇੱਕ ਹੋਰ ਪਿੰਡ ਸਬੀਰਪੁਰ ਵਿੱਚ ਸੰਘ ਨਾਲ਼ ਜੁੜੀਆਂ ਜਥੇਬੰਦੀਆਂ ਨੇ ਮਹਾਰਾਣਾ ਪ੍ਰਤਾਪ ਦਾ ਜਨਮਦਿਨ ਮਨਾਉਣ ਦਾ ਪ੍ਰੋਗਰਾਮ ਰੱਖ ਲਿਆ ਅਤੇ ਯਾਤਰਾ ਕੱਢਣ ਦੇ ਬਹਾਨੇ ਹੇਠ ਦਲਿਤਾਂ ਨੂੰ ਧਮਕਾਉਣ ਦੇ ਮਨਸੂਬੇ ਨਾਲ ਤਲਵਾਰਾਂ, ਲਾਠੀਆਂ ਤੇ ਹੋਰ ਅਜਿਹੇ ਹਥਿਆਰਾਂ ਨਾਲ ਲੈਸ ਨੌਜਵਾਨਾਂ ਦਾ ਟੋਲਾ ਮੋਟਰਸਾਈਕਲਾਂ ਉੱਤੇ ਨਿੱਕਲ਼ ਤੁਰਿਆ। ਸਬੀਰਪੁਰ ਵਿੱਚ 1000 ਦੇ ਕਰੀਬ ਦਲਿਤਾਂ ਦੀ ਅਬਾਦੀ ਹੈ, ਇੱਥੇ ਦਲਿਤਾਂ ਕੋਲ਼ ਜ਼ਮੀਨ ਹੈ ਤੇ ਉਹ ਆਰਥਿਕ ਪੱਖੋਂ ਕੁਝ ਬਿਹਤਰ ਸਥਿਤੀ ਵਿੱਚ ਹਨ ਅਤੇ ਇਸ ਪਿੰਡ ਦੇ ਦਲਿਤ ਸਿਆਸੀ-ਸਮਾਜਿਕ ਪੱਖੋਂ ਵੀ ਜਿਆਦਾ ਸਰਗਰਮ ਹਨ। ਇਸ ਇਲਾਕੇ ਵਿੱਚ ਪਹਿਲਾਂ ਹੀ ਦਲਿਤਾਂ ਤੇ ਠਾਕੁਰਾਂ ਦਾ ਵਿਰੋਧ ਬਣਿਆ ਹੋਇਆ ਸੀ ਕਿਉਂਕਿ ਦਲਿਤਾਂ ਵੱਲੋਂ ਆਪਣੇ ਇੱਕ ਸਥਾਨਕ ਮੰਦਰ ਵਿੱਚ ਡਾ। ਅੰਬੇਦਕਰ ਦੀ ਮੂਰਤੀ ਲਗਾਉਣ ਨੂੰ ਠਾਕਰਾਂ ਨੇ ਗੈਰ-ਕਨੂੰਨੀ ਐਲਾਨ ਕੇ ਰੁਕਵਾ ਰੱਖਿਆ ਸੀ। ਜ਼ਿਕਰਯੋਗ ਹੈ ਕਿ ਇਸ ਮਾਰਚ ਨੂੰ ਵੀ ਪ੍ਰਸ਼ਾਸ਼ਨ ਨੇ ਪ੍ਰਵਾਨਗੀ ਦੇਣ ਤੋਂ ਨਾਂਹ ਕਰ ਦਿੱਤੀ ਸੀ, ਪਰ ‘ਜਬ ਸਈਆਂ ਭਏ ਥਾਨੇਦਾਰ, ਫਿਰ ਡਰ ਕਾਹੇ ਕਾ’…… ਡੀਜੇ ਲਗਾ ਕੇ ਖਰੂਦ ਪਾਉਂਦੀ ਤੇ ‘ਅੰਬੇਦਕਰ ਮੁਰਦਾਬਾਦ’ ਦੇ ਨਾਹਰੇ ਲਗਾਉਂਦੀ ਗੁੰਡਿਆਂ ਦੀ ਭੀੜ ਦਾ ਦਲਿਤਾਂ ਦੇ ਇਲਾਕੇ ਵਿੱਚ ਪਹੁੰਚਣ ਉੱਤੇ ਡੀਜੇ ਦੀ ਅਵਾਜ਼ ਘੱਟ ਕਰਨ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ। ਸੰਘੀ ਬਦਮਾਸ਼ਾਂ ਨੇ ਤਲਵਾਰਾਂ ਨਾਲ਼ ਦਲਿਤਾਂ ਉੱਤੇ ਹਮਲਾ ਕਰ ਦਿੱਤਾ, ਜਿਸ ਦੇ ਜਵਾਬ ਵਿੱਚ ਦਲਿਤਾਂ ਨੇ ਇੱਟਾਂ-ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ। ਪੁਲਿਸ ਨੇ ਦਲਿਤਾਂ ਨੂੰ ਪਿੱਛੇ ਧੱਕ ਦਿੱਤਾ, ਪਰ ਸੰਘੀ ਟੋਲਾ ਵੀ ਇੱਕ ਵਾਰ ਖਿੰਡ ਗਿਆ। ਵਾਪਸ ਮੁੜ ਕੇ ਇਸ ਟੋਲੇ ਨੇ ਰਾਜਪੂਤਾਂ ਦੇ ਦੋ ਨੌਜਵਾਨਾਂ ਦੀ ਦਲਿਤਾਂ ਵੱਲੋਂ ਕਾਤਲ ਕਰਨ ਦੀ ਅਫ਼ਵਾਹ ਉਡਾ ਦਿੱਤੀ। ਝਗੜੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋਈ ਜ਼ਰੂਰ, ਪਰ ਉਸ ਮੌਤ ਦੇ ਕਾਰਨਾਂ ਨੂੰ ਪੁਲਿਸ ਅਜੇ ਤੱਕ ਸਪੱਸ਼ਟ ਨਹੀਂ ਕਰ ਸਕੀ ਹੈ, ਵੱਧ ਸੰਭਾਵਨਾ ਇਹੋ ਸਾਹਮਣੇ ਆ ਰਹੀ ਹੈ ਕਿ ਸੰਘੀਆਂ ਦੀ ਆਪਸੀ ਅਫਰਾ-ਤਫਰੀ ਦੌਰਾਨ ਉਸ ਨੌਜਵਾਨ ਦੀ ਦਮ ਘੁਟਣ ਕਾਰਨ ਮੌਤ ਹੋਈ। ਅਫ਼ਵਾਹ ਜੰਗਲ਼ ਦੀ ਅੱਗ ਵਾਂਗ ਫੈਲੀ ਅਤੇ ਅਖੌਤੀ ਉੱਚ ਜਾਤੀ ਨਾਲ਼ ਸਬੰਧਿਤ ਸੈਂਕੜੇ ਵਿਅਕਤੀਆਂ ਦੀ ਭੀੜ ਹਥਿਆਰਾਂ ਨਾਲ਼ ਲੈਸ ਹੋ ਕੇ ਦਲਿਤਾਂ ਉੱਤੇ ਹਮਲੇ ਲਈ ਆ ਪਹੁੰਚੀ। ਦਲਿਤਾਂ ਦੇ ਘਰਾਂ, ਮਰਦ-ਔਰਤਾਂ-ਬੱਚਿਆਂ-ਬਜ਼ੁਰਗਾਂ ਅਤੇ ਸਮਾਨ ਤੇ ਪਸ਼ੂਆਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਗਿਆ। 16 ਦਲਿਤ ਹਮਲੇ ਵਿੱਚ ਗੰਭੀਰ ਜ਼ਖਮੀ ਹੋ ਗਏ ਅਤੇ 60 ਘਰ ਜਲ਼ਾ ਦਿੱਤੇ ਗਏ। ਸੋਸ਼ਲ ਮੀਡੀਆ ਰਾਹੀਂ ਬਾਹਰ ਆਈਆਂ ਵੀਡੀਓ ਰਾਹੀਂ ਹਮਲੇ ਅਤੇ ਜ਼ਬਰ ਦੀ ਕਹਾਣੀ ਸਾਫ਼ ਬਿਆਨ ਹੁੰਦੀ ਸੀ; ਲੋਕਾਂ ਦੇ ਹੱਥ ਵੱਢੇ ਗਏ, ਪਸ਼ੂਆਂ ਤੱਕ ਉੱਤੇ ਤੇਜ਼ਧਾਰ ਹਥਿਆਰਾਂ ਨਾਲ਼ ਵਾਢੇ ਮਾਰੇ ਗਏ, ਕਈ ਦਿਨਾਂ ਬਾਅਦ ਵੀ ਘਰਾਂ ਵਿੱਚੋਂ ਧੂੰਆਂ ਨਿੱਕਲ਼ ਰਿਹਾ ਸੀ ਅਤੇ ਸੰਘ ਦੇ ਗੁੰਡੇ ਤੇਜ਼ਧਾਰ ਹਥਿਆਰ ਲੈ ਕੇ ਪੁਲਿਸ ਦੇ ਸਾਹਮਣੇ ਸ਼ਰੇਆਮ ਘੁੰਮਦੇ ਰਹੇ। ਲੁੱਟਮਾਰ 2-3 ਘੰਟਿਆਂ ਤੱਕ ਚੱਲਦੀ ਰਹੀ, ਫਸਾਦੀਆਂ ਨੇ ਫ਼ਾਇਰ ਬ੍ਰਿਗੇਡ ਅਤੇ ਐਂਬੂਲੈਂਸ ਨੂੰ ਪ੍ਰਭਾਵਿਤ ਇਲਾਕਿਆਂ ਤੱਕ ਪਹੁੰਚਣ ਨਹੀਂ ਦਿੱਤਾ। ਸਥਾਨਕ ਇਲਾਕੇ ਵਿੱਚ ਪਹਿਲਾਂ ਹੀ ਸੰਵੇਦਨਸ਼ੀਲ ਹਾਲਤਾਂ ਅਤੇ ਉਸ ਤੋਂ ਬਾਅਦ ਹੋਏ ਝਗੜੇ ਤੋਂ ਬਾਅਦ ਵੀ ਪ੍ਰਸ਼ਾਸ਼ਨ ਨੇ ਹਾਲਤਾਂ ਨੂੰ ਕਾਬੂ ਵਿੱਚ ਰੱਖਣ ਲਈ ਬਾਹਰੋਂ ਸੁਰੱਖਿਆ ਦਸਤੇ ਨਹੀਂ ਮੰਗਵਾਏ ਸਨ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਪੁਲਿਸ ਦੀ ਮਨਸ਼ਾ ਇਸ ਵਾਰ “ਚੁੱਪ” ਰਹਿਣ ਦੀ ਸੀ। ਜਦੋਂ “ਮਕਸਦ” ਪੂਰਾ ਹੋ ਗਿਆ ਤਾਂ ਹੋਰ ਪੁਲਿਸ ਪਹੁੰਚ ਗਈ ਤੇ ਉਸ ਨੇ ਦੰਗੇ ਰੁਕਵਾ ਦਿੱਤੇ ਅਤੇ 17 ਵਿਅਕਤੀਆਂ ਨੂੰ ਜਿਨਾਂ ਵਿੱਚੋਂ 8 ਦਲਿਤ ਸਨ, ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ।

ਇਸ ਜਾਬਰਾਨਾ ਹਮਲੇ ਤੋਂ ਬਾਅਦ ਦਲਿਤ ਅਬਾਦੀ ਵਿੱਚ ਰੋਹ ਸੀ ਅਤੇ ਇਸ ਇਲਾਕੇ ਵਿੱਚ ਦਲਿਤ-ਪਛਾਣ ਅਧਾਰਤ ਬਣੀ ਇੱਕ ਜਥੇਬੰਦੀ ‘ਭੀਮ ਆਰਮੀ’ ਨੇ ਦਲਿਤਾਂ ਦੀ ਅਗਵਾਈ ਸਾਂਭ ਲਈ। ‘ਭੀਮ ਆਰਮੀ’ ਨੇ ਦਲਿਤਾਂ ਉੱਤੇ ਹਮਲੇ ਲਈ ਜ਼ਿੰਮੇਵਾਰ ਲੋਕਾਂ ਉੱਤੇ ਕਾਰਵਾਈ ਕਰਨ ਅਤੇ ਦਲਿਤਾਂ ਨੂੰ ਮੁਆਵਜ਼ਾ ਦੇਣ ਵਾਸਤੇ ਪ੍ਰਸ਼ਾਸ਼ਨ ਉੱਤੇ ਦਬਾਅ ਬਣਾਉਣ ਲਈ 9 ਮਈ ਨੂੰ ਪੰਚਾਇਤ ਬੁਲਾ ਲਈ। ਇਹ ਪੰਚਾਇਤ ਪਹਿਲਾਂ ਰਵਿਦਾਸ ਭਵਨ ਰੱਖੀ ਗਈ, ਉੱਥੇ ਪ੍ਰਸ਼ਾਸ਼ਨ ਨੇ ਇਕੱਠ ਕਰਨ ਤੋਂ ਮਨਾਂ ਕਰ ਦਿੱਤਾ ਅਤੇ ਇੱਕ ਹੋਰ ਖੁੱਲੀ ਜਗਾ, ਗਾਂਧੀ ਮੈਦਾਨ ਵਿਖੇ, ਇਕੱਠ ਕਰਨ ਲਈ ਆਖ ਦਿੱਤਾ। ਜਦੋਂ ਦਲਿਤ ਉੱਥੇ ਪਹੁੰਚੇ ਤਾਂ ਪੁਲਿਸ ਨੇ ਦਲਿਤਾਂ ਨੂੰ ਉੱਥੇ ਵੀ ਇਕੱਠੇ ਹੋਣ ਤੋਂ ਰੋਕ ਦਿੱਤਾ ਤੇ ਖਿੰਡਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਬਿਲਕੁਲ ਇਹੀ ਪੁਲਿਸ ਭਾਜਪਾਈ ਤੇ ਸੰਘ ਦੇ ਗੈਰ-ਕਾਨੂੰਨੀ ਮਾਰਚਾਂ ਨੂੰ ਰੋਕਣ ਵਿੱਚ “ਨਾਕਾਮ” ਸੀ! ਜਦੋਂ ਪ੍ਰਸ਼ਾਸ਼ਨ ਨੇ  ਦਲਿਤਾਂ ਨੂੰ ਦੰਗੇ-ਫਸਾਦਾਂ ਦੇ ਦੋਸ਼ੀਆਂ ਉੱਤੇ ਮੰਗ ਕਰਨ ਤੋਂ ਵੀ ਰੋਕ ਦਿੱਤਾ ਤਾਂ ਦਲਿਤ ਅਬਾਦੀ ਭੜਕ ਉੱਠੀ। ਭੜਕੇ ਹੋਏ ਲੋਕਾਂ ਨੇ ਸ਼ਹਿਰ ਵਿੱਚ ਜਾਮ ਲਗਾ ਦਿੱਤਾ ਜਿਸਨੂੰ ਖੁਲਵਾਉਣ ਲਈ ਇੱਕ ਵਾਰ ਪੁਲਿਸ ਨੇ ਡੰਡੇ ਦੇ ਜ਼ੋਰ ਨੂੰ ਵਰਤਣਾ ਚਾਹਿਆ। ਇਸ ਨੇ ਬਲਦੀ ‘ਤੇ ਤੇਲ ਦਾ ਕੰਮ ਕੀਤਾ ਅਤੇ ਲੋਕਾਂ ਨੇ ਪੱਥਰਬਾਜ਼ੀ ਕੀਤੀ ਗਈ ਤੇ ਪੁਲਿਸ ਉੱਤੇ ਹਮਲੇ ਦੇ ਨਾਲ਼-ਨਾਲ਼ ਭੰਨ-ਤੋੜ ਵੀ ਹੋਈ। ਪਰ ਸਾਰੇ ਘਟਨਾਕ੍ਰਮ ਤੋਂ ਸਪੱਸ਼ਟ ਹੈ ਕਿ ਪ੍ਰਸ਼ਾਸ਼ਨ ਵੱਲੋਂ ਵਾਰ-ਵਾਰ ਭਾਜਪਾਈਆਂ ਨੂੰ ਖੁੱਲੀ ਛੁੱਟ ਦਿੱਤੀ ਗਈ ਤੇ ਦਲਿਤਾਂ ਵੱਲੋਂ ਵਿਰੋਧ ਕਰਨ ਉੱਤੇ ਉਹਨਾਂ ਨੂੰ ਅਮਨ-ਕਨੂੰਨ ਦੇ ਬਹਾਨੇ ਹੇਠ ਨਿਸ਼ਾਨਾ ਬਣਾਇਆ ਗਿਆ। ਪ੍ਰਸ਼ਾਸ਼ਨ ਦਾ ਪੱਖਪਾਤੀ ਰਵੱਈਆ ਤੇ ਭਾਜਪਾ ਨਾਲ਼ ਮਿਲ਼ੀਭੁਗਤ ਉਦੋਂ ਜ਼ਾਹਿਰ ਹੋ ਗਈ ਜਦੋਂ 9 ਮਈ ਦੀਆਂ ਘਟਨਾਵਾਂ ਤੋਂ ਬਾਅਦ 31 ਦਲਿਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਹੋਰ ਕਈ ਦਲਿਤਾਂ ਉੱਤੇ ਪਰਚੇ ਠੋਕ ਦਿੱਤੇ ਜਿਹਨਾਂ ਵਿੱਚ ‘ਭੀਮ ਆਰਮੀ’ ਦਾ ਆਗੂ ਚੰਦਰਸ਼ੇਖਰ ਵੀ ਸ਼ਾਮਲ ਹੈ। ਪਰ ਹੁਣ ਪੁਲਿਸ ਦਲਿਤਾਂ ਦੀ ਇਸ ਕਾਰਵਾਈ ਪਿੱਛੇ ‘ਅੱਤਵਾਦੀ ਤੌਰ-ਤਰੀਕਿਆਂ” ਵਾਲ਼ੇ ਸੰਗਠਨ ਦਾ ਹੱਥ ਹੋਣ ਦੇ ਬਿਆਨ ਦਾਗ ਰਹੀ ਹੈ, ਭੀਮ ਆਰਮੀ ਦੇ ਬੈਂਕ-ਖਾਤਿਆਂ ਦੀ ਪੜਤਾਲ ਕਰਨ ਅਤੇ ਇਸ ਨੂੰ “ਮਾਓਵਾਦੀ” ਸੰਗਠਨ ਐਲਾਨ ਕੇ ਜਾਬਰ ਹੱਥਕੰਢੇ ਅਪਣਾਉਣ ਦੇ ਸੰਕੇਤ ਦੇ ਰਹੀ ਹੈ। ਪਰ ਜਦੋਂ ਭਾਜਪਾ ਦੇ ਲੋਕਾਂ ਨੇ ਪੁਲਿਸ ਉੱਤੇ ਹਮਲਾ ਕੀਤਾ ਤਾਂ ਕੋਈ ਗ੍ਰਿਫ਼ਤਾਰੀ ਨਹੀਂ ਹੋਈ, ਬੈਂਕ-ਖਾਤੇ ਜਾਂਚਣ ਜਾਂ “ਅੱਤਵਾਦੀ” ਕਹਿਣ ਦੀ ਗੱਲ ਹੀ ਦੂਰ ਰਹੀ। ਇਹ ਹੈ ਭਾਰਤੀ ਜਮਹੂਰੀਅਤ ਦਾ ਅਸਲ ਚਿਹਰਾ! ਜਿਹੜਾ ਮੀਡੀਆ ਦਲਿਤਾਂ ਉੱਤੇ ਹੋ ਰਹੇ ਹਮਲਿਆਂ ਵੇਲ਼ੇ ਜੀਭ ਨੂੰ ਲਕਵਾ ਮਾਰ ਕੇ ਬੈਠਾ ਸੀ, ਹੁਣ ਪੁਲਿਸ ਦੀ ਸੁਰ ਵਿੱਚ ਸੁਰ ਮਿਲਾਉਂਦਾ ਹੋਇਆ ਦਲਿਤਾਂ ਨੂੰ ਅੱਤਵਾਦੀ ਕਹਿ ਰਿਹਾ ਹੈ ਅਤੇ ਉਹਨਾਂ ਨੂੰ ਅਪਰਾਧੀ ਸਾਬਤ ਕਰਨ ਵਿੱਚ ਲੱਗਿਆ ਹੋਇਆ ਹੈ।

ਦਲਿਤਾਂ ਉੱਤੇ ਹਮਲੇ ਭਾਵੇਂ ਭਾਰਤ ਵਿੱਚ ਨਵੇਂ ਨਹੀਂ ਹਨ, ਅਜ਼ਾਦੀ ਤੋਂ ਬਾਅਦ ਲਗਾਤਾਰ ਦਲਿਤ ਉੱਚ-ਜਾਤੀਆਂ ਵੱਲੋਂ ਹਮਲਿਆਂ ਦੇ ਸ਼ਿਕਾਰ ਹੁੰਦੇ ਰਹੇ ਹਨ। “ਅਜ਼ਾਦੀ” ਤੋਂ ਤੁਰੰਤ ਬਾਅਦ ਤੇਲੰਗਾਨਾ ਲੋਕ-ਲਹਿਰ ਦੌਰਾਨ ਨਹਿਰੂ ਦੀ ਭੇਜੀ ਫ਼ੌਜ ਅਤੇ ਉੱਚ-ਜਾਤੀ ਸਬੰਧਿਤ ਜਗੀਰਦਾਰਾਂ ਦੀਆਂ ਹਥਿਆਰਬੰਦ ਟੁਕੜੀਆਂ ਨੇ ਦਲਿਤਾਂ ਉੱਤੇ ਜ਼ਬਰ ਦੀਆਂ ਹੱਦਾਂ ਮੁਕਾ ਦਿੱਤੀਆਂ। 1968 ਵਿੱਚ ਤਮਿਲਨਾਡੂ ਦੇ ਪਿੰਡ ਕਿਲਵੇਂਮਾਨੀ ਵਿੱਚ ਦਲਿਤ ਖੇਤ ਮਜ਼ਦੂਰਾਂ ਵੱਲੋਂ ਦਿਹਾੜੀ ਵਧਾਉਣ ਦੀ ਮੰਗ ਕਰਨ ਉੱਤੇ ਜ਼ਮੀਨ ਮਾਲਕਾਂ ਨੇ 44 ਦਲਿਤਾਂ ਦਾ ਕਤਲ ਕਰ ਦਿੱਤਾ। ਤਸੁੰਦਰ ਕਤਲੇਆਮ 1991, ਬਥਾਨੀ ਟੋਲਾ ਕਤਲੇਆਮ 1996, ਲਕਸ਼ਮਨਪੁਰ ਬਾਠੇ ਕਤਲੇਆਮ 1997, ਖੈਰਲਾਂਜੀ ਕਤਲੇਆਮ 2006, ਮਿਰਚਪੁਰ ਹਿਸਾਰ 2010  ਇਹ ਕੁਝ ਕੁ ਦਿਲਕੰਬਾਊ ਘਟਨਾਵਾਂ ਹਨ ਦਲਿਤਾਂ ਉੱਤੇ ਜ਼ਬਰ ਦੀਆਂ, ਪਰ ਸੂਚੀ ਬਹੁਤ ਲੰਬੀ ਹੈ। ਮਈ, 2014 ਵਿੱਚ ਮੋਦੀ-ਯੁੱਗ ਸ਼ੁਰੂ ਹੋਣ ਨਾਲ ਇਹ ਸੂਚੀ ਤੇਜ਼ੀ ਨਾਲ਼ ਹੋਰ ਲੰਬੀ ਹੋ ਰਹੀ ਹੈ। 2015 ਦੇ ਸਾਲ ਵਿੱਚ ਹੀ ਦਲਿਤ-ਵਿਰੋਧੀ ਹਿੰਸਾ ਤੇ ਜੁਰਮਾਂ ਦੀਆਂ ਵਾਰਦਾਤਾਂ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ। ਸਭ ਤੋਂ ਤਿੱਖਾ ਵਾਧਾ ਮੋਦੀ ਦੀ ਪ੍ਰਯੋਗਸ਼ਾਲਾ ਗੁਜਰਾਤ ਵਿੱਚ ਦਰਜ ਹੋਇਆ ਹੈ, ਇੱਥੇ 2015 ਵਿੱਚ ਦਲਿਤ-ਵਿਰੋਧੀ ਜੁਰਮਾਂ ਦਰ 163% ਰਹੀ, ਇਸ ਇੱਕ ਸਾਲ ਵਿੱਚ ਅਜਿਹੀਆਂ 6,655 ਵਿੱਚ ਘਟਨਾਵਾਂ ਹੋਈਆਂ। ਇੱਥੇ ਹੀ 2016 ਵਿੱਚ ਊਨਾ ਵਿਖੇ ਸੱਤ ਦਲਿਤ ਨੌਜਵਾਨਾਂ ਨਾਲ ਗਊਰੱਖਿਅਕਾਂ ਦੇ ਨਾਮ ਹੇਠ ਸੰਘੀ ਗੁੰਡਿਆਂ ਬੇਰਹਿਮ ਕੁੱਟਮਾਰ ਦੀ ਘਟਨਾ ਹੋਈ ਜਿਸਦੀ ਵੀਡੀਓ ਰਿਕਾਰਡਿੰਗ ਇਸ ਫ਼ਾਸੀ ਗਿਰੋਹ ਸੋਸ਼ਲ ਮੀਡੀਆ ਉੱਤੇ ਪਾਈ। ਇਸ ਵੀਡੀਓ ਨੂੰ ਦੇਖ ਪੂਰੇ ਦੇਸ਼ ਵਿੱਚ ਲੋਕਾਂ ਦੇ ਬੁੱਲ• ਸੀਤੇ ਗਏ। ਇਹ ਘਟਨਾ ਇੰਨੀ ਅਣਮਨੁੱਖੀ ਸੀ ਕਿ ਇਸ ਵਿੱਚੋਂ ਉਪਜੇ ਰੋਸ ਨੇ ਗੁਜਰਾਤ ਵਿੱਚ ਹੀ ਨਹੀਂ, ਸਗੋਂ ਪਿਛਲੇ 2-3 ਦਹਾਕਿਆਂ ਦੇ ਅਰਸੇ ਵਿੱਚ ਪੂਰੇ ਦੇਸ਼ ਦੀ ਸਭ ਤੋਂ ਵੱਡੀ ਦਲਿਤ ਲੋਕ-ਲਹਿਰ ਨੂੰ ਪੈਦਾ ਕੀਤਾ ਜਿਸਨੂੰ ਦੇਖ ਕੇ ਇੱਕ ਵਾਰ ਸੰਘ ਨੂੰ ਵੀ ਤੌਣੀਆਂ ਆ ਗਈਆਂ ਸਨ। ਦਲਿਤ-ਵਿਰੋਧੀ ਜੁਰਮਾਂ ਦੀ ਦਰ ਪੱਖੋਂ ਇਸ ਤੋਂ ਬਾਅਦ ਛੱਤੀਸਗੜ•, ਰਾਜਸਥਾਨ, ਬਿਹਾਰ ਤੇ ਉੱਤਰਪ੍ਰਦੇਸ਼ਦਾ ਨੰਬਰ ਆਉਂਦਾ ਹੈ।

ਪਰ ਕਾਂਗਰਸ ਤੇ ਹੋਰਾਂ ਪਾਰਟੀਆਂ ਦੇ ਰਾਜ ਸਮੇਂ ਹੁੰਦੀ ਦਲਿਤ-ਵਿਰੋਧੀ ਹਿੰਸਾ ਅਤੇ ਭਾਜਪਾ ਦੇ ਰਾਜ ਸਮੇਂ ਹੁੰਦੀ ਦਲਿਤ-ਵਿਰੋਧੀ ਹਿੰਸਾ ਵਿੱਚ ਬੁਨਿਆਦੀ ਅੰਤਰ ਹੈ, ਇਸੇ ਕਰਕੇ ਹੀ ਇੰਨਾ ਤਿੱਖਾ ਵਾਧਾ ਹੋ ਰਿਹਾ ਹੈ। ਦਲਿਤਾਂ, ਧਾਰਮਿਕ ਘੱਟਗਿਣਤੀਆਂ, ਔਰਤਾਂ ਤੇ ਆਪਣੇ ਸਿਆਸੀ ਵਿਰੋਧੀਆਂ ਖਿਲਾਫ਼ ਜਥੇਬੰਦ ਅਤੇ ਯੋਜਨਾਬੱਧ ਹਿੰਸਾ ਭਾਜਪਾ ਤੇ ਸੰਘ ਦੀ ਕਾਰਜਨੀਤੀ ਦੀ ਹਿੱਸਾ ਹੈ। ਦਲਿਤਾਂ ਨੂੰ ਸੰਘ ਨੇ ਆਪਣੀਆਂ ਕਪਟੀ ਚਾਲਾਂ ਰਾਹੀਂ “ਹਿੰਦੂ ਪਛਾਣ” ਦਾ ਲਿਬਾਦਾ ਪਵਾ ਕੇ ਮੁਸਲਮਾਨਾਂ ਤੇ ਹੋਰਨਾਂ ਖਿਲਾਫ਼ ਆਪਣੀ ਹਿੰਸਕ ਨੀਤੀ ਲਈ ਵਰਤਣਾ ਚਾਹਿਆ ਹੈ, ਪਰ ਉਸਨੂੰ ਅੰਸ਼ਕ ਕਾਮਯਾਬੀ ਹੀ ਮਿਲ਼ੀ ਹੈ। ਇਸੇ ਕਰਕੇ ਜੇ ਦਲਿਤ ਉਸਦੇ “ਕਹਿਣੇ” ਵਿੱਚ ਨਹੀਂ ਰਹਿੰਦੇ, ਤਾਂ ਉਹ ਵੀ ਉਸੇ ਹਿੰਸਕ ਨੀਤੀ ਦਾ ਸ਼ਿਕਾਰ ਹੋਣਗੇ ਜਿਹੜੀ ਮੁਸਲਮਾਨਾਂ ਤੇ ਹੋਰਨਾਂ ਧਾਰਮਿਕ ਘੱਟਗਿਣਤੀਆਂ ਲਈ ਹੈ। ਸਹਾਰਨਪੁਰ ਹਿੰਸਾ ਇਸਦੀ ਇੱਕ ਉਦਾਹਰਨ ਹੈ। ਕਿਉਂਕਿ ਦਲਿਤ ਅਬਾਦੀ ਜ਼ਿਆਦਾਤਰ ਮਜ਼ਦੂਰ ਆਬਾਦੀ ਹੈ, ਇਸ ਲਈ ਇਸ ਅਬਾਦੀ ਦਾ ਸੰਘ ਦੀ ਨੰਗੀ-ਚਿੱਟੀ ਸਰਮਾਏਦਾਰਾ ਲੁੱਟ-ਖਸੁੱਟ ਪੱਖੀ ਨੀਤੀ ਨਾਲ਼ ਇਸਦਾ ਮੇਲ਼ ਬੈਠਣਾ ਅਸੰਭਵ ਹੈ; ਦੂਸਰਾ ਜਾਤੀ ਭੇਦਭਾਵ ਕਰਕੇ ਵੀ ਇਸ ਅਬਾਦੀ ਦਾ ਸੰਘ ਦੇ ਵਧੇਰੇ ਸਥਿਰ ਸਮਾਜਿਕ ਅਧਾਰ ਮੱਧਵਰਗ ਤੇ ਮਾਲਕ ਜਮਾਤਾਂ ਨਾਲ਼ ਵੀ ਗੁਲਾਮਾਂ ਵਾਲ਼ਾ ਸਬੰਧ ਹੀ ਕਾਇਮ ਰਹਿ ਸਕਦਾ ਹੈ, ਅਤੇ ਗ਼ੁਲਾਮ ਲਗਾਤਾਰ ਗੁਲਾਮੀ ਕਰਦਾ ਰਹੇਗਾ, ਇਹ ਸੰਭਵ ਨਹੀਂ। ਇਸ ਲਈ ਆਉਣ ਵਾਲ਼ੇ ਸਮੇਂ ਵਿੱਚ ਜਿਵੇਂ-ਜਿਵੇਂ ਦਲਿਤ ਅਬਾਦੀ ਸੰਘੀ ਫ਼ਾਸੀਵਾਦ ਦਾ ਵਿਰੋਧ ਕਰੇਗੀ, ਦਲਿਤਾਂ ਉੱਤੇ ਸੰਘ ਦੀ ਹਿੰਸਕ-ਮਸ਼ੀਨਰੀ ਹੋਰ ਜ਼ੁਲਮ ਢਾਹੇਗੀ। ਪਰ ਸਦੀਆਂ ਤੋਂ ਦੱਬੇ-ਕੁਚਲੇ ਦਲਿਤ ਇਸਦਾ ਸਰਗਰਮ ਵਿਰੋਧ ਕਰਨਗੇ। ਗੁਜਰਾਤ ਵਿੱਚ ਊਨਾ ਦੀ ਘਟਨਾ ਤੋਂ ਬਾਅਦ ਉੱਠਿਆ ਦਲਿਤ ਵਿਰੋਧ, ਅਤੇ ਹੁਣ ਸਹਾਰਨਪੁਰ ਵਿੱਚ ਹਿੰਸਾ ਖਿਲਾਫ਼ ਉੱਠਿਆ ਦਲਿਤ ਵਿਰੋਧ ਇਸ ਗੱਲ ਦੀ ਗਵਾਹੀ ਭਰਦਾ ਹੈ। ਅਜਿਹੇ ਸਮੇਂ ਫ਼ਾਸੀਵਾਦ ਦਾ ਵਿਰੋਧ ਕਰ ਰਹੀਆਂ ਸਾਰੀਆਂ ਅਗਾਂਹਵਧੂ ਤੇ ਜਮਹੂਰੀ ਤਾਕਤਾਂ ਲਈ ਇਸ ਵੱਡੀ ਲੋਕ-ਤਾਕਤ ਨੂੰ ਵਿਆਪਕ ਫ਼ਾਸੀਵਾਦ-ਵਿਰੋਧੀ ਮੋਰਚੇ ਦਾ ਹਿੱਸਾ ਬਣਾਉਣਾ ਇੱਕ ਅਹਿਮ ਕਾਰਜਭਾਰ ਬਣ ਰਿਹਾ ਹੈ।

”ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 8, 1 ਤੋਂ 15 ਜੂਨ 2017 ਵਿੱਚ ਪ੍ਰਕਾਸ਼ਿਤ

Advertisements