ਸਹਾਰਾ (ਅਫਰੀਕਾ) ਦੀ ਲੁਕਵੀਂ ਜੰਗ- ‘ਦਹਿਸ਼ਤਗਰਦੀ ਖਿਲਾਫ਼ ਜੰਗ’ ਦੇ ਪਰਦੇ ਹੇਠ ਦੁਨੀਆਂ ਭਰ ਦੇ ਸਰਮਾਏਦਾਰਾਂ ਦੀ, ਕੁਦਰਤੀ ਖਜ਼ਾਨਿਆਂ ਨੂੰ ਹੜੱਪਣ ਦੀ ਜੰਗ •ਡਾ. ਸੁਖਦੇਵ ਹੁੰਦਲ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅਫਰੀਕਾ ਮਹਾਂਦੀਪ ਦੇ ਕਈ ਦੇਸ਼ਾਂ ਵਿੱਚ ਅਕਾਲ ਅਤੇ ਭੁੱਖਮਰੀ ਦੀ ਹਾਲਤ ਬਣੀ ਹੋਈ ਹੈ। ਇਹਨਾਂ ਦਿਨਾਂ ਵਿੱਚ, ਸੁਡਾਨ ਵਿੱਚ ਅਕਾਲ ਨਾਲ਼ ਹੋਣ ਵਾਲ਼ੀਆਂ ਮੌਤਾਂ ਦੀਆਂ ਦਿਲ ਕੰਬਾਊ ਖ਼ਬਰਾਂ, ਟੈਲੀਵਿਜ਼ਨ ‘ਤੇ ਆ ਰਹੀਆਂ ਹਨ। ਸੁਡਾਨ, ਸੋਮਾਲੀਆ, ਈਥੋਪੀਆ ਤੇ ਮਾਲਾਵੀ ਸਮੇਤ ਲਗਭਗ ਸਾਰੇ ਹੀ ਸਬ-ਸਹਾਰਾ ਖੇਤਰ ਵਿੱਚ ਆਮ ਲੋਕਾਂ ਲਈ ਭੁੱਖਮਰੀ ਦੀ ਹਾਲਤ ਬਣੀ ਹੋਈ ਹੈ। ਇਸ ਖਿੱਤੇ ਦਾ ਕੁਦਰਤੀ ਦੌਲਤ ਨਾਲ਼ ਭਰਭੂਰ ਹੋਣਾ ਹੀ ਏਥੋਂ ਦੇ ਗਰੀਬ ਲੋਕਾਂ ਲਈ ਸਜ਼ਾ ਬਣ ਗਿਆ ਹੈ। ਸੰਸਾਰ ਸਰਮਾਏਦਾਰੀ ਦੇ ਪੀਲ਼ੇ ਦੈਂਤ ਦੇ ਹੱਥ ਹਰ ਉਸ ਜਗਾ ਪਹੁੰਚ ਜਾਂਦੇ ਹਨ ਜਿੱਥੇ ਵੀ ਇਹਨਾਂ ਨੂੰ ਮੁਨਾਫ਼ੇ ਦੀ ਸੰਭਾਵਨਾ ਨਜ਼ਰ ਆਉਂਦੀ ਹੈ। ਲੱਖਾਂ ਕਰੋੜਾਂ ਕਿਰਤੀ ਲੋਕਾਂ ਨੂੰ ਮੌਤ ਦੇ ਮੂੰਹ ਧੱਕ ਕੇ ਇਤਿਹਾਸਕ ਤੌਰ ‘ਤੇ ਮਰਨ ਕੰਢੇ ਪਹੁੰਚੇ ਸਰਮਾਏਦਾਰੀ ਢਾਂਚੇ ਨੂੰ ਜਿਉਂਦਾ ਰੱਖਣ ਦਾ ਜੁਗਾੜ ਕੀਤਾ ਜਾਂਦਾ ਹੈ। 

ਅਲਜਜੀਰਾ ਚੈਨਲ ਦੀ ਇੱਕ ਰਿਪੋਰਟ ਮੁਤਾਬਕ ਅਮਰੀਕਾ ਦੀ ਖੁਫੀਆ ਏਜੰਸੀ ਸੀ.ਆਈ.ਏ. ਦੀ ਫੈਕਟਬੁੱਕ ਵਿੱਚ ਨੋਟ ਕੀਤਾ ਗਿਆ ਹੈ ਕਿ- 

ਪ੍ਰਤੱਖ ਵਿਦੇਸ਼ੀ ਨਿਵੇਸ਼ ਦੇ ਮਾਮਲੇ ਵਿੱਚ ਅਫਰੀਕਾ ਸੰਸਾਰ ਦਾ ਸਭ ਤੋਂ ਤੇਜ ਵਿਕਾਸ ਵਾਲ਼ਾ ਖਿੱਤਾ ਹੈ। 

2036 ਤੱਕ, ਅਫਰੀਕਨ ਤੇਲ ਤੇ ਗੈਸ ਦੇ ਮਾਮਲੇ ਵਿੱਚ ਲਗਭਗ 20 ਖਰਬ ਡਾਲਰ ਦੇ ਨਿਵੇਸ਼ ਦੀਆਂ ਸੰਭਾਵਨਾਵਾਂ ਹਨ।

2050 ਤੱਕ ਅਫਰੀਕਾ ਮਹਾਂਦੀਪ ਦੀ ਅਬਾਦੀ ਦੁੱਗਣੀ (2 ਅਰਬ 30 ਕਰੋੜ ਤੋਂ ਵੱਧ) ਹੋ ਜਾਵੇਗੀ।

ਸੰਸਾਰ ਦੇ ਬਚੇ ਹੋਏ ਖਣਿਜ ਪਦਾਰਥਾਂ ਦੇ ਲਗਭਗ 30 ਫੀਸਦੀ ਸੋਮੇਂ ਅਫਰੀਕਾ ਵਿੱਚ ਹਨ।

ਇਕ ਹੋਰ ਰਿਪੋਰਟ ਮੁਤਾਬਕ ਦੁਨੀਆਂ ਦੇ ਸਭ ਤੋਂ ਤੇਜ ਵਿਕਾਸ ਕਰ ਰਹੇ 10 ਅਰਥਚਾਰਿਆਂ ਵਿੱਚੋਂ 6 ਅਫਰੀਕਾ ਦੇ ਸਬ ਸਹਾਰਾ ਖੇਤਰ ਵਿੱਚ ਆਉਂਦੇ ਹਨ। ਤੇਲ ਤੇ ਗੈਸ ਦੇ ਵਿਸ਼ਾਲ ਭੰਡਾਰਾਂ ਤੋਂ ਇਲਾਵਾ, ਪ੍ਰਮਾਣੁ ਖਣਿਜ, ਕੌਲਟਨ, ਤਾਂਬੇ ਅਤੇ ਸੋਨੇ ਵਰਗੀਆਂ ਧਾਤਾਂ ਦੇ ਵਿਸ਼ਾਲ ਭੰਡਾਰਾਂ ਨਾਲ਼ ਵੀ ਇਹ ਅਭਾਗੀ ਧਰਤੀ ਮਾਲਾਮਾਲ ਹੈ।

ਸਰਮਾਏਦਾਰੀ ਦੀ ਚੜਤ ਦੇ ਦੌਰ ਵਿੱਚ ਇਸੇ ਮਹਾਂਦੀਪ ਦੇ ਭੋਲ਼ੇ ਭਾਲ਼ੇ ਕਿਰਤੀ ਲੋਕਾਂ ਨੂੰ ਗੁਲਾਮ ਬਣਾ ਕੇ ਪਸ਼ੂਆਂ ਵਾਂਗ ਸਮੁੰਦਰੀ ਜਹਾਜਾਂ ਵਿੱਚ ਲੱਦ ਕੇ ਯੂਰੋਪ ਤੇ ਖਾਸ ਕਰਕੇ ਅਮਰੀਕਾ ਦੀਆਂ ਮੰਡੀਆਂ ਵਿੱਚ ਵੇਚਿਆ ਜਾਂਦਾ ਸੀ। ਅਮਰੀਕਾ ਵਿੱਚ ਬਸਤੀਆਂ ਅਬਾਦ ਕਰਨ ਦੇ ਦੌਰ ਸਬੰਧੀ ਇਤਿਹਾਸਕਾਰ ਐਸ.ਕੇ.ਪੈਡੋਵਰ ਲਿਖਦੇ ਹਨ,“ਮਸ਼ੀਨਰੀ ਤੇ ਕ੍ਰੈਡਿਟ ਵਗੈਰਾ ਵਾਂਗ ਹੀ ਸਿੱਧੀ ਗੁਲਾਮਦਾਰੀ ਸਾਡੇ ਅਜੋਕੇ ਸੱਨਅਤੀਕਰਨ ਦਾ ਧੁਰਾ ਹੈ। ਗੁਲਾਮਦਾਰੀ ਤੋਂ ਬਿਨਾਂ ਤੁਹਾਡੇ ਕੋਲ਼ ਕਪਾਹ ਤੇ ਕਪਾਹ ਤੋਂ ਬਿਨਾਂ ਤੁਹਾਡੀ ਆਧੁਨਿਕ ਸੱਨਅਤ ਨਹੀਂ ਹੋ ਸਕਦੀ। ਇਹ ਗੁਲਾਮਦਾਰੀ ਹੈ ਜਿਸ ਨੇ ਬਸਤੀਆਂ ਦੀ ਕੀਮਤ ਬਣਾਈ, ਅਤੇ ਇਹ ਬਸਤੀਆਂ ਹਨ ਜਿਹਨਾਂ ਨੇ ਸੰਸਾਰ ਵਪਾਰ ਪੈਦਾ ਕੀਤਾ। ਇਹ ਸੰਸਾਰ ਵਪਾਰ ਵੱਡੇ ਪੱਧਰ ਦੀ ਮਸ਼ੀਨੀ ਸੱਨਅਤ ਦੀ ਜਰੂਰਤ ਹੈ।” ਮਹਾਨ ਇਨਕਲਾਬੀ ਅਤੇ ਮਜ਼ਦੂਰ ਜਮਾਤ ਦੇ ਅਧਿਆਪਕ ਕਾਰਲ ਮਾਰਕਸ ਨੇ ਵੀ, ਅਫਰੀਕਾ ਦੇ ਕਿਰਤੀ ਲੋਕਾਂ ਨੂੰ ਗੁਲਾਮ ਬਣਾ ਕੇ, ਸਰਮਾਏਦਾਰੀ ਸੱਨਅਤ ਵਿੱਚ, ਸਥਿਰ ਮਨੁੱਖੀ ਸਰਮਾਏ ਦੇ ਤੌਰ ‘ਤੇ ਵਰਤੋਂ ਕਰਨ ਦੇ ਗੈਰ ਮਨੁੱਖੀ ਕਾਰੇ ਦਾ ਜਿਕਰ ਕੀਤਾ ਹੈ। ਉਹਨਾਂ ਨੇ ਅਮਰੀਕਨ ਘਰੇਲੂ ਜੰਗ ਸਮੇਂ ਅਮਰੀਕਾ ਦੀ ਮਜ਼ਦੂਰ ਜਮਾਤ ਨੂੰ ਆਪਣੇ ਸਭ ਤੋਂ ਨੇੜੇ ਦੇ ਸਾਥੀ ਗੁਲਾਮ ਮਜ਼ਦੂਰਾਂ ਦੀ ਮੁਕਤੀ ਲਈ ਲੜਨ ਦਾ ਸੱਦਾ ਦਿੱਤਾ ਸੀ। ਆਪਣੇ ਜਨਮ ਸਮੇਂ ਤੋਂ ਹੀ ਸਿਰ ਤੋਂ ਪੈਰਾਂ ਤੱਕ ਲਹੂ ਲਿੱਬੜਿਆ ਸਰਮਾਏਦਾਰੀ ਦਾ ਇਤਿਹਾਸ ਆਪਣੇ ਇਸ ਅੰਤਮ ਦੌਰ ਵਿੱਚ ਹੋਰ ਵੀ ਬਦਹਵਾਸ ਅਤੇ ਖੂੰਖਾਰ ਹੋ ਗਿਆ ਹੈ। ਸਾਮਰਾਜਵਾਦੀ ਸਰਮਾਏ ਦੇ ਇਸ ਦੌਰ ਵਿਚ ਇਸ ਦੇ ਦਿਲ ਦੀ ਧੜਕਨ ਨੂੰ ਚਲਦਾ ਰੱਖਣ ਦੀ ਲਾਜਮੀ ਸ਼ਰਤ ਹੈ ਕਿ ਇਸ ਵਾਸਤੇ ਦੁਨੀਆਂ ਭਰ ਦੇ ਕਿਰਤੀਆਂ ਦੇ ਖੂਨ ਦੀ ਸਪਲਾਈ ਯਕੀਨੀ ਬਣੀ ਰਹੇ। ਪ੍ਰੰਤੂ ਦੂਜੇ ਪਾਸੇ, ਸਰਮਾਏਦਾਰੀ ਪ੍ਰਬੰਧ ਦੇ ਸੰਚਾਲਕਾਂ ਨੇ ਆਪਣੇ ਗੈਰ-ਮਨੁੱਖੀ, ਹਿੰਸਕ ਅਤੇ ਬੇਕਿਰਕ ਕਾਰਨਾਮਿਆਂ ਨੂੰ ਹਮੇਸ਼ਾਂ ਹੀ ਬੜੇ ਸਾਫ਼ ਸੁਥਰੇ ਪਵਿੱਤਰ ਅਤੇ ਲੋਕ-ਭਲਾਈ ਦੇ ਕਾਰਜਾਂ ਦੇ ਰੂਪ ਵਿੱਚ ਪ੍ਰਚਾਰਿਆ ਹੈ। ਬਸਤੀਵਾਦੀ ਦੌਰ ਵਿੱਚ ਉਹਨਾਂ ਦਾ ਨਾਅਰਾ ਸੀ ਕਿ ਉਹ ਅਸੱਭਿਅਕ ਕੌਮਾਂ ਅਤੇ ਜਾਤੀਆਂ ਨੂੰ ਸੱਭਿਅਕ ਬਣਾਉਣ ਦੇ ਪਵਿੱਤਰ ਮਿਸ਼ਨ ਤਹਿਤ ਉਹਨਾਂ ਨੂੰ ਗੁਲਾਮ ਬਣਾ ਰਹੇ ਹਨ। ਜਦੋਂ ਕਿ ਲੁਕਵਾਂ ਮਕਸਦ ਕੱਚੇ ਮਾਲ ਅਤੇ ਸਸਤੀ ਕਿਰਤ ਦੀ ਲੁੱਟ ਸੀ ਤੇ ਨਾਲ਼ ਹੀ ਆਪਣਾ ਤਿਆਰ ਮਾਲ ਵੇਚਣ ਲਈ ਮੰਡੀਆਂ ਦੀ ਭਾਲ਼ ਸੀ।

1917 ਦੇ ਮਹਾਨ ਅਕਤੂਬਰ ਇਨਕਲਾਬ ਨਾਲ਼ ਸੰਸਾਰ ਵਿੱਚ, ਮਜ਼ਦੂਰ ਜਮਾਤ ਦੇ ਕਿਲੇ ਦੇ ਰੂਪ ਵਿੱਚ ਸਮਾਜਵਾਦੀ ਖੇਮਾ ਹੋਂਦ ਵਿੱਚ ਆ ਗਿਆ। ਦੁਨੀਆਂ ਵਿੱਚੋਂ ਕਮਿਊਨਿਜ਼ਮ ਨੂੰ ਵਧਣੋ ਰੋਕਣ ਅਤੇ ਉਸ ਨੂੰ ਖਤਮ ਕਰਨ ਦਾ ਪਵਿੱਤਰ ਮਿਸ਼ਨ ਸੰਸਾਰ ਸਰਮਾਏਦਾਰੀ ਦਾ ਨਵਾਂ ਨਾਹਰਾ ਬਣ ਗਿਆ। ਸਾਮਰਾਜੀ ਪ੍ਰਚਾਰ ਮਾਧਿਅਮ, ਸਮਾਜਵਾਦ ਵਿਰੁੱਧ ਕੂੜ ਪ੍ਰਚਾਰ ਉੱਤੇ ਕਰੋੜਾਂ ਡਾਲਰ ਖਰਚਣ ਲੱਗ ਪਿਆ। ਸਮਾਜਵਾਦੀ ਦੇਸ਼ਾਂ ਅਤੇ ਕਮਿਊਨਿਜ਼ਮ ਦੇ ਵਧਦੇ ਅਸਰ ਨੂੰ ਇਕ ਹਊਏ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਸੀ। ਖੁਦ ਸਰਮਾਏਦਾਰੀ ਦੇਸ਼ਾਂ ਵਿੱਚ ਉਹਨਾਂ ਦੇਸ਼ਾਂ ਦੇ ਮਜ਼ਦੂਰਾਂ ਤੇ ਕਿਰਤੀ ਲੋਕਾਂ ਨੂੰ ਗੁਮਰਾਹ ਕਰਨ ਲਈ ਵੱਡੀ ਪਧਰ ‘ਤੇ ਪ੍ਰਚਾਰ ਕੀਤਾ ਜਾਂਦਾ ਸੀ। ਅਮਰੀਕਾ ਵਿੱਚ ਬਦਨਾਮ ‘ਮੈਕਾਰਥੀ’ ਦੌਰ ਵਿੱਚ ਸਮਾਜਵਾਦ ਦੇ ਹਮਾਇਤੀ ਬੁੱਧੀਜੀਵੀਆਂ ‘ਤੇ ਵੱਡੇ ਪੱਧਰ ‘ਤੇ ਜ਼ੁਲਮ ਢਾਹੇ ਗਏ।

20ਵੀਂ ਸਦੀ ਦਾ ਕਿਰਤ ਅਤੇ ਸਰਮਾਏ ਵਿਚਲਾ ਇਹ ਮਹਾਂਸੰਗ੍ਰਾਮ ਇੱਕ ਵੱਖਰਾ ਵਿਸ਼ਾ ਹੈ ਜਿਸ ਵਿਚ ਫਾਸੀਵਾਦ ਦਾ ਉਭਾਰ ਅਤੇ ਮਜ਼ਦੂਰ ਜਮਾਤ ਵੱਲੋਂ ਇਸ ਨੂੰ ਤਬਾਹ ਕਰਨਾ, ਮਜ਼ਦੂਰ ਜਮਾਤ ਦਾ ਇਕ ਸ਼ਾਨਦਾਰ ਕਾਂਡ ਹੈ।

1956 ਤੱਕ ਸਮਾਜਵਾਦੀ ਸੋਵੀਅਤ ਸੰਘ ਵਿੱਚ ਸਰਮਾਏਦਾਰੀ ਦੀ ਮੁੜਬਹਾਲੀ ਹੋ ਜਾਂਦੀ ਹੈ। ਇਸ ਦੌਰ ਵਿਚ ਸਾਮਰਾਜੀ ਦੇਸ਼ਾਂ ਦੀ ਖਹਿਭੇੜ ਕਈ ਰੂਪਾਂ ਵਿੱਚ ਚਲਦੀ ਰਹੀ। ਸੋਵੀਅਤ ਸਮਾਜਕ ਸਾਮਰਾਜ ਅਤੇ ਅਮਰੀਕਾ ਦੀ ਅਗਵਾਈ ਵਾਲ਼ੇ ਸਾਮਰਾਜੀ ਧੜੇ ਦੀ ਟੱਕਰ ਦੇ ਇਸ ਦੌਰ ਨੂੰ ਠੰਡੀ ਜੰਗ ਦੇ ਦੌਰ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਸਾਮਰਾਜੀ ਧੜਿਆਂ ਨੇ ਦੁਨੀਆਂ ਭਰ ਵਿੱਚ ਆਪਣੇ ਦਾਬੇ ਨੂੰ ਕਾਇਮ ਰੱਖਣ ਲਈ ਆਪਣੀਆਂ ਸਾਜਸ਼ੀ ਸਰਗਰਮੀਆਂ ਦੀਆਂ ਨਿਵਾਣਾਂ ਛੂਹੀਆਂ। ਅਮਰੀਕਾ ਦੀ ਅਗਵਾਈ ਵਾਲ਼ੇ ਸਾਮਰਾਜੀ ਖੇਮੇ ਨੇ ਸੀ.ਆਈ.ਏ. ਵਰਗੀਆਂ ਖੁਫੀਆ ਜਥੇਬੰਦੀਆਂ ਨੂੰ ਸਰਗਰਮ ਕਰਕੇ, ਨਵੇਂ ਅਜ਼ਾਦ ਹੋਏ ਦੇਸ਼ਾਂ ਵਿੱਚ ਕਠਪੁਤਲੀ ਹਕੂਮਤਾਂ ਕਾਇਮ ਕਰਨ, ਰਾਜਪਲਟੇ ਤੇ ਕਤਲਾਂ ਦੇ ਸਿਲਸਿਲੇ ਨੂੰ ਚਲਾਉਂਦੇ ਹੋਏ, ਦੁਨੀਆਂ ਭਰ ਦੀਆਂ ਅਤਿ ਪਿਛਾਖੜੀ ਅਤੇ ਧਾਰਮਿਕ ਮੂਲਵਾਦੀ ਤਾਕਤਾਂ ਨੂੰ ਹਵਾ ਦਿੱਤੀ। ਵਰਤਮਾਨ ਸਮੇਂ ਵਿੱਚ, ਸੰਸਾਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਰਗਰਮ, ਧਾਰਮਿਕ ਮੂਲਵਾਦੀ ਦਹਿਸ਼ਤਗਰਦ ਟੋਲਿਆਂ ਦੀਆਂ ਜੜਾਂ ਲਾਉਣ ਵਿੱਚ ਇਸ ਦੌਰ ਵਿੱਚ ਦਿੱਤੀ ਗਈ ਸਾਮਰਾਜੀਆਂ ਦੀ ਫੌਜੀ ਸਿਖਲਾਈ ਤੇ ਮਾਇਕ ਸਹਾਇਤਾ ਦੀ ਬਹੁਤ ਮਹੱਤਵਪੂਰਨ ਭੂਮਿਕਾ ਰਹੀ ਹੈ। ਭਾਵੇਂ ਹਰ ਖਿੱਤੇ ਵਿਚ ਦਹਿਸ਼ਤਗਰਦੀ ਦੇ ਪੈਦਾ ਹੋਣ ਦੇ ਬੁਨਿਆਦੀ ਕਾਰਨ, ਉੱਥੋਂ ਦੀਆਂ ਅੰਦਰੂਨੀ ਹਾਲਤਾਂ ‘ਤੇ ਵੀ ਨਿਰਭਰ ਹੁੰਦੇ ਹਨ। ਅਰਬ ਦੇਸ਼ਾਂ ਦੇ ਤੇਲ ਭੰਡਾਰਾਂ ਨੂੰ ਹੜੱਪਣ ਲਈ ਅਤੇ ਅਫਗਾਨਿਸਤਾਨ ਵਿੱਚੋਂ ਸੋਵੀਅਤ ਪੱਖੀ ਹਕੂਮਤ ਨੂੰ ਖਤਮ ਕਰਨ ਦੇ ਮਕਸਦ ਨਾਲ਼, ਅਮਰੀਕਾ ਨੇ, ਤਾਲਿਬਾਨ ਅਤੇ ਅਲ-ਕਾਇਦਾ ਵਰਗੇ ਦਹਿਸ਼ਤਗਰਦ ਗਰੁੱਪਾਂ ਨੂੰ ਹਥਿਆਰਾਂ ਦੀ ਸਿਖਲਾਈ ਅਤੇ ਹਰ ਤਰਾਂ ਦੀ ਮਾਇਕ ਸਹਾਇਤਾ ਦੇ ਕੇ ਮਜ਼ਬੂਤ ਕੀਤਾ। 

20ਵੀਂ ਸਦੀ ਦੇ ਅੰਤ ਤੱਕ ਆਉਂਦਿਆਂ ਬਹੁਤ ਕੁਝ ਬਦਲ ਗਿਆ। ਪਹਿਲੀ ਵੱਡੀ ਮਹਾਂਮੰਦੀ ਤੋਂ ਬਾਅਦ, ਸਰਮਾਏਦਾਰੀ ਪ੍ਰਬੰਧ ਲਈ ਇਤਿਹਾਸਕ ਰਾਹਤ ਦੇ ਰੂਪ ਵਿਚ ਬਹੁੜਿਆ ਕੀਨਜ਼ ਦੇ ਕਲਿਆਣਕਾਰੀ ਰਾਜ ਵਾਲ਼ਾ ਨੁਸਖਾ ਬੇਅਸਰ ਹੋਣ ਲੱਗ ਪਿਆ। ਇਸ ਦੀਆਂ ਸਾਰੀਆਂ ਸੰਭਾਵਨਾਂਵਾਂ ਤ੍ਰਿਪਤ ਹੋ ਚੁੱਕੀਆਂ ਸਨ। ਦੂਜੇ ਪਾਸੇ 1976 ਵਿੱਚ ਕਾਮਰੇਡ ਮਾਓ ਦੀ ਮੌਤ ਤੋਂ ਬਾਅਦ ਮਜ਼ਦੂਰ ਜਮਾਤ ਦਾ ਆਖਰੀ ਕਿਲਾ ਚੀਨ ਵੀ ਸਰਮਾਏਦਾਰਾਂ ਦੇ ਹੱਥਾਂ ਵਿੱਚ ਆ ਚੁੱਕਾ ਸੀ। 1992 ਤੱਕ, ਅਖੌਤੀ ਸਮਾਜਵਾਦੀ ਖੇਮਾ ਜੋ ਹਕੀਕਤ ਵਿੱਚ, ਸੋਵੀਅਤ ਸੰਘ ਦੀ ਅਗਵਾਈ ਵਿੱਚ ਸਮਾਜਕ ਸਾਮਰਾਜੀ ਖੇਮਾ ਸੀ ਵੀ ਖੁੱਲੀ ਮੰਡੀ ਦੇ ਰਾਹ ਪੈ ਚੁੱਕਾ ਸੀ। 21ਵੀਂ ਸਦੀ ਦੇ ਸ਼ੁਰੂ ਤੋਂ ਹੀ ਸੰਸਾਰੀਕਰਨ ਦੇ ਦੌਰ ਦਾ ਸੰਸਾਰ ਅਰਥਚਾਰਾ ਨਾ ਹੱਲ ਹੋਣ ਵਾਲ਼ੇ ਸਰਮਾਏਦਾਰਾ ਸੰਕਟ ਦੇ ਦੌਰ ਵਿੱਚ ਦਾਖਲ ਹੋ ਗਿਆ। ਹੁਣ ਸੰਸਾਰ ਸਰਮਾਏਦਾਰੀ ਦੇ ਦੁਨੀਆਂ ਦਾ ਭਲਾ ਕਰਨ ਵਾਲ਼ੇ ਪੁਰਾਣੇ ਨਾਹਰਿਆਂ ਦੀ ਪੋਲ ਪੂਰੀ ਤਰਾਂ ਖੁੱਲ ਚੁੱਕੀ ਸੀ।

ਦੂਜੇ ਪਾਸੇ ਸੰਕਟ ਏਨਾ ਗੰਭੀਰ ਹੁੰਦਾ ਜਾ ਰਿਹਾ ਸੀ ਕਿ ਕਿਰਤੀ ਲੋਕਾਂ ਦੀ ਕਿਰਤ ਦੀ ਨੰਗੀ-ਚਿੱਟੀ ਲੁੱਟ ਅਤੇ ਦੁਨੀਆਂ ਭਰ ਦੇ ਕੁਦਰਤੀ ਸ੍ਰੋਤਾਂ ਤੇ ਕਬਜਾ, ਸਰਮਾਏਦਾਰੀ ਢਾਂਚੇ ਨੂੰ ਜਿਉਂਦਾ ਰੱਖਣ ਦੀ ਲਾਜ਼ਮੀ ਸ਼ਰਤ ਬਣ ਗਿਆ ਸੀ। ਪਰ ਹਾਕਮ ਜਮਾਤਾਂ ਤਾਂ ਹਮੇਸ਼ਾਂ ਲੋਕ ਭਲਾਈ ਤੇ ਮਨੁੱਖਤਾ ਦੀ ਸੇਵਾ ਕਰਨ ਦੇ ਉੱਚੇ ਆਸਣ ‘ਤੇ ਬਿਰਾਜਮਾਨ ਰਹਿੰਦੀਆਂ ਹਨ। ਹਮੇਸ਼ਾ ਵਾਂਗ ਇੱਕ ਨਵਾਂ ਮੁਖੌਟਾ ਪਹਿਨ ਲਿਆ ਤਾਂਕਿ ਆਪਣੇ ਕੁਕਰਮਾਂ ‘ਤੇ ਖੂਨੀ ਚਿਹਰੇ ਨੂੰ ਲੁਕਾਇਆ ਜਾ ਸਕੇ। ਇਸ ਵਾਰ ਮਨੁੱਖ ਹਿਤੈਸ਼ੀ ਨਜ਼ਰ ਆਉਣ ਵਾਲ਼ੇ ਇਸ ਮੁਖੌਟੇ ‘ਤੇ ਲਿਖਿਆ ਹੈ ‘ਦਹਿਸ਼ਤਗਰਦੀ ਵਿਰੁੱਧ ਜੰਗ।’ ਦਹਿਸ਼ਤਗਰਦੀ ਵਿਰੁੱਧ ਜੰਗ ਦੇ ਪਵਿੱਤਰ ਕਾਰਜ ਦੇ ਨਾਹਰੇ ਹੇਠ ਸੰਸਾਰ ਪੱਧਰ ‘ਤੇ ਧਰਮ, ਜਾਤ ਅਤੇ ਕੌਮ ਆਦਿ ਦੇ ਨਾਵਾਂ ਦੀ ਪਛਾਣ ਆਦਿ ਨੂੰ ਹਵਾ ਦੇ ਕੇ ਅੰਨੇ ਕੌਮਵਾਦ ਅਤੇ ਫਾਸੀਵਾਦ ਦਾ ਉਨਮਾਦ ਫੈਲਾਇਆ ਜਾ ਰਿਹਾ ਹੈ। ਏਸ਼ੀਆ, ਲਾਤੀਨੀ ਅਮਰੀਕਾ ਅਤੇ ਅਫਰੀਕਾ ਦੀਆਂ ਸਰਮਾਏਦਾਰ ਹਾਕਮ ਜਮਾਤਾਂ ਸਾਮਰਾਜੀ ਸਰਮਾਏ ਦੇ ਛੋਟੇ ਭਿਆਲ਼ ਦੀ ਭੂਮਿਕਾ ਲਈ ਜੋੜ-ਤੋੜ ਵਿੱਚ ਰੁੱਝੀਆਂ ਹੋਈਆਂ ਹਨ। ਇਸ ਦਾ ਇਹ ਮਤਲਬ ਇਹ ਨਹੀਂ ਹੈ ਕਿ ਸਰਮਾਏਦਾਰ ਸੰਸਾਰ ਵਿੱਚ ਦੁਸ਼ਮਣੀਆਂ ਖਤਮ ਹੋ ਗਈਆਂ ਹਨ ਜਾਂ ਬਿਲਕੁਲ ਮੱਠੀਆਂ ਪੈ ਗਈਆਂ ਹਨ। ਹਕੀਕਤ ਵਿੱਚ ਇਸ ਪ੍ਰਬੰਧ ਵਿੱਚ ਹਰੇਕ ਇੱਕ ਦੂਜੇ ਦਾ ਦੁਸ਼ਮਣ ਹੈ।

ਇਸ ਸੰਦਰਭ ਵਿਚ ਸਹਾਰਾ ਖੇਤਰ ਵਿੱਚ, ਦਹਿਸ਼ਤਗਰਦੀ ਵਿਰੁੱਧ ਜੰਗ ਦੇ ਲੁਕਵੇਂ ਮਕਸਦ ਨੂੰ ਸਮਝਿਆ ਜਾ ਸਕਦਾ ਹੈ। ਇਉਂ ਲਗਦਾ ਹੈ ਕਿ ਇਹ ਖੇਤਰ 21ਵੀਂ ਸਦੀ ਵਿੱਚ ਕੁਦਰਤੀ ਸਰੋਤਾਂ ਲਈ ਹੋਣ ਵਾਲ਼ੀ ਜੰਗ ਦਾ ਮੁੱਖ ਅਖਾੜਾ ਬਣ ਗਿਆ ਹੈ। ਪਿੱਛੇ ਮੁੜ ਕੇ ਵੇਖੀਏ ਤਾਂ 1885 ਵਿੱਚ, ਬਰਲਿਨ ਕਾਨਫ਼ਰੰਸ ਵਿੱਚ, ਬਰਤਾਨੀਆ, ਬੈਲਜੀਅਮ, ਪੁਰਤਗਾਲ, ਸਪੇਨ, ਜਰਮਨੀ, ਇਟਲੀ ਅਤੇ ਫਰਾਂਸ ਨੇ, ਇਸ ਖੇਤਰ ਦੀ ਹਿੱਸੇਵੰਡ ਕਰ ਲਈ ਸੀ। ਫਰਾਂਸੀਸੀ ਬਸਤੀਵਾਦੀਆਂ ਨੇ ਪੱਛਮੀ ਤੇ ਉੱਤਰੀ ਅਫਰੀਕਾ ਵਿੱਚ ਆਪਣੀ ਪਕੜ ਮਜ਼ਬੂਤ ਕਰ ਲਈ ਸੀ। 20ਵੀਂ ਸਦੀ ਦੇ ਅੱਧ ਵਿੱਚ ਬਸਤੀਵਾਦ ਵਿਰੋਧੀ ਮੁਕਤੀ ਘੋਲਾਂ ਦੇ ਉਭਾਰ ਸਮੇਂ ਫ਼ਰਾਂਸ ਹੱਥੋਂ ਜ਼ਿਆਦਾਤਰ ਬਸਤੀਆਂ ਖੁੱਸ ਗਈਆਂ ਸਨ। ਪਰ ਫਿਰ ਵੀ ਬਸਤੀਵਾਦੀ ਦਖਲਅੰਦਾਜੀ ਬੰਦ ਨਹੀਂ ਹੋਈ। ਆਪਣੀਆਂ ਸਾਬਕਾ ਬਸਤੀਆਂ ਵਿੱਚ ਫੌਜੀ ਅੱਡੇ ਸਥਾਪਤ ਕਰਕੇ ਅਤੇ ਕਈ ਹੋਰ ਤਰੀਕਿਆਂ ਨਾਲ਼ ਅਫਰੀਕਨ ਲੋਕਾਂ ਅਤੇ ਏਥੋਂ ਦੇ ਕੁਦਰਤੀ ਸ੍ਰੋਤਾਂ ਦੀ ਲੁੱਟ ਜਾਰੀ ਰਹੀ। ਫ਼ਰਾਂਸ ਯੂਰਪੀ ਹਿੱਤਾਂ ਦੇ ਰਖਵਾਲੇ ਦੇ ਤੌਰ ‘ਤੇ ਅਫਰੀਕਨ ਲੋਕਾਂ ‘ਤੇ ਪੁਲਸੀਆ ਬਣਿਆ ਹੋਇਆ ਸੀ।

1960 ਵਿੱਚ, ਗਿੰਨੀ ਦੀ ਖਾੜੀ ਵਿੱਚ ਤੇਲ ਦੇ ਵਿਸ਼ਾਲ ਭੰਡਾਰਾਂ ਦਾ ਪਤਾ ਲੱਗਣ ‘ਤੇ ਠੰਢੀ ਜੰਗ ਦੇ ਸਾਮਰਾਜੀ ਸੰਸਾਰ ਦੇ ਸਭ ਤੋਂ ਵੱਡੇ ਸਰਗਨੇ ਅਮਰੀਕਾ ਨੂੰ ਅਫ਼ਰੀਕੀ ਲੋਕਾਂ ਦੇ ਹਿੱਤਾਂ ਦੀ ਚਿੰਤਾ ਸਤਾਉਣ ਲੱਗੀ। ਅਮਰੀਕਾ ਨੇ ਇਸ ਖਿੱਤੇ ਵਿਚ ਆਰਥਿਕ ਤੇ ਫੌਜੀ ਨਿਵੇਸ਼ ਵਧਾ ਦਿੱਤਾ। ਬਹੁਕੌਮੀ ਕੰਪਨੀਆਂ, ਸਾਮਰਾਜੀ ਸਰਮਾਏ ਦੇ ਫੌਜੀ ਅਤੇ ਵਿੱਤੀ ਅਦਾਰਿਆਂ ਨੇ ਇਹਨਾਂ ਦੇਸ਼ਾਂ ਵਿੱਚ ਭਿਆਨਕ ਤਬਾਹੀ ਤੇ ਕੰਗਾਲੀ ਨੂੰ ਜਨਮ ਦਿੱਤਾ। ਲੋਕਾਂ ਦੀ ਬੇਚੈਨੀ ਤੇ ਵਿਦਰੋਹ ਕਾਰਨ ਵੱਡੇ ਹਿੱਸੇ ਵਿੱਚ ਗ੍ਰਹਿ-ਯੁੱਧ ਵਰਗੇ ਹਾਲਤ ਬਣਦੇ ਰਹੇ। ਅਕਾਲ, ਭੁੱਖਮਰੀ ਅਤੇ ਗ੍ਰਹਿ-ਯੁੱਧ ਵਰਗੀਆਂ ਤ੍ਰਸਦੀਆਂ ਤੋਂ ਛੁਟਕਾਰਾ ਦੁਆਉਣ ਦੇ ਬਹਾਨੇ ਸਾਮਰਾਜੀ ਦੇਸ਼ ਫਿਰ ਮਸੀਹੇ ਬਣ ਕੇ ਆ ਹਾਜ਼ਰ ਹੁੰਦੇ ਹਨ। 1992 ਵਿੱਚ ਮਾਨਵਤਾ ਦੇ ਅਧਾਰ ‘ਤੇ ਅਮਰੀਕਾ ਨੇ, ‘ਹਾਰਨ ਆਫ਼ ਅਫਰੀਕਾ’ ਵਿਚ ਫੌਜੀ ਦਖਲ ਦਿੱਤਾ। ਸੋਮਾਲੀਆ ਦੇ ਗ੍ਰਹਿ-ਯੁੱਧ ਦੇ ਖਾਤਮੇ ਦੇ ਬਹਾਨੇ 28,000 ਫੌਜੀ ਇਸ ਦੇਸ਼ ਵਿਚ ਦਾਖਲ ਹੋਏ।

2001 ਵਿਚ ‘ਸੰਸਾਰ ਵਪਾਰ ਕੇਂਦਰ’ ‘ਤੇ ਹਮਲੇ ਤੋਂ ਬਾਅਦ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਦਾ ਐਲਾਨੀਆ ਮਿਸ਼ਨ ਦਹਿਸ਼ਤਗਰਦੀ ਵਿਰੁੱਧ ਜੰਗ ਹੋ ਗਿਆ। ਇਸ ਸਾਲ ਹੀ ਅਮਰੀਕਾ ਦੀ ਇਸ ਖਿੱਤੇ ਵਿਚ ਫੌਜੀ ਅੱਡੇ ਕਾਇਮ ਕਰਨ ਦੀ ਯੋਜਨਾ ਰਫਤਾਰ ਫੜ ਗਈ। ਇਸ ਨੇ ਆਪਣਾ ਪਹਿਲਾ ਫੌਜੀ ਅੱਡਾ ਜਿਬੂਤੀ ਬਣਾਇਆ। ਅਮਰੀਕੀ ਰੱਖਿਆ ਵਿਭਾਗ ਨੇ ਦੁਨੀਆਂ ਵਿੱਚ ਆਪਣੇ ਹਥਿਆਰਬੰਦ ਦਸਤਿਆਂ ਦੀ ਤੈਨਾਤੀ ਅਤੇ ਇਸ ਦੇ ਸੰਚਾਲਨ ਲਈ, ਮਿਲਟਰੀ ਕਮਾਂਡ ਦੇ 6 ਵੱਡੇ ਵਿਭਾਗ ਬਣਾਏ ਹਨ। ਅਮਰੀਕਾ ਦੇ ਸੁੱਰਖਿਆ ਹਿੱਤਾਂ ਦੇ ਨਾਂ ‘ਤੇ, ਦੂਸਰੇ ਮੁਲਕਾਂ ਵਿੱਚ, ਇਹ ਨੰਗੀ ਚਿੱਟੀ ਦਖਲਅੰਦਾਜੀ ਹੈ। ਹਕੀਕਤ ਵਿੱਚ ਇਹ ਸੰਸਾਰ ਸਰਮਾਏ ਦੇ ਹਿੱਤਾਂ ਦੀ ਪਹਿਰੇਦਾਰੀ ਹੈ। ਇਹਨਾਂ ਵਿੱਚੋਂ ਹੀ ਇੱਕ ਐਫ਼ਰੀਕੋਮ ਹੈ ਯਾਨੀਕਿ ਅਫਰੀਕਨ ਕਮਾਂਡ ਜੋ ਇਸ ਖੇਤਰ ਦੇ ਲਗਭਗ 53 ਦੇਸ਼ਾਂ ‘ਤੇ ਨਿਗਾਹ ਰੱਖਦੀ ਹੈ। ਭਾਰੀ ਜਨਤਕ ਵਿਰੋਧ ਤੋਂ ਡਰਦਿਆਂ ਇਸ ਦਾ ਮੁੱਖ ਹੈੱਡ-ਕੁਆਰਟਰ ਜਰਮਨੀ ਵਿੱਚ ਹੈ। ਇਸ ਖੇਤਰ ਦੇ ਹੀ ਇਕ ਹੋਰ ਦੇਸ਼ ‘ਮਾਲੀ’ ਤੋਂ ਵੀ ਸੀ.ਆਈ.ਏ. ਦੀਆਂ ਸਰਗਰਮੀਆਂ ਨੂੰ ਸੰਚਾਲਤ ਕੀਤਾ ਜਾਂਦਾ ਹੈ। ਅਲਜਜੀਰਾ ਦੀ ਇਕ ਰਿਪੋਰਟ ਮੁਤਾਬਕ, ਸੀ.ਆਈ.ਏ. ਦੇ ਇੱਕ ਅਧਿਕਾਰੀ ਰੁਡੋਲਫ ਅਤਾਲਾਹ (ਜੋ ਅਫਰੀਕਾ ਵਿੱਚ, ਅਮਰੀਕਨ ਰੱਖਿਆ ਵਿਭਾਗ ਦੇ ਦਹਿਸ਼ਤਵਾਦ ਵਿਰੋਧੀ ਵਿੰਗ ਦਾ ਡਾਇਰੈਕਟਰ ਹੈ) ਦਾ ਕਹਿਣਾ ਹੈ ਕਿ ‘ਸਾਹੇਲ’ ਦਾ ਇਲਾਕਾ, ਹਥਿਆਰਾਂ, ਵਿਦੇਸ਼ੀ ਲੜਾਕੂ ਹਵਾਈ ਜਹਾਜਾਂ ਦੀਆਂ ਸਰਗਰਮੀਆਂ ਤੇ ਜਨਤਕ ਅਪਰਾਧਾਂ ਦੀਆਂ ਘਟਨਾਵਾਂ ‘ਤੇ ਨਿਗਾਹ ਰੱਖਣ ਲਈ ਕੁੰਜੀਵਤ ਮਹੱਤਵ ਰੱਖਦਾ ਹੈ। ‘ਸਾਹੇਲ’ ਅਰਧ-ਖੁਸ਼ਕ ਮੌਸਮ ਵਾਲ਼ਾ ਚਰਾਗਾਹੀ ਇਲਾਕਾ ਹੈ ਜਿਸ ਦੇ ਉੱਤਰ ਵੱਲ ਸਹਾਰਾ ਰੇਗਿਸਤਾਨ ਅਤੇ ਦੱਖਣ ਵੱਲ ਵੱਧ ਨਮੀਂ ਵਾਲ਼ੀਆਂ ਚਰਾਂਦਾਂ ਵਾਲ਼ਾ ਸੂਡਾਨੀ ਖੇਤਰ ਹੈ। ਇਸ ਨੂੰ ਭੂਗੌਲਿਕ ਤੌਰ ‘ਤੇ ਸੂਡਾਨੀ ਖੇਤਰ ਕਿਹਾ ਜਾਂਦਾ ਹੈ, ਸੂਡਾਨ ਦੇਸ਼ ਦੇ ਅਰਥ ਵਿੱਚ ਨਹੀਂ। ਸੈਨੇਗਲ, ਮੌਰੀਤਾਨੀਂਆ, ਮਾਲੀ, ਬੁਰਕੀਨਾ ਫਾਸੋ, ਅਲਜੀਰੀਆ, ਨਾਈਗਰ, ਨਾਈਜੇਰੀਆ, ਚੈਡ, ਸੂਡਾਨ, ਐਰੀਟੇਰੀਆ, ਕੈਮੇਰਾਨ, ਕੇਂਦਰੀ ਅਫਰੀਕਨ ਗਣਰਾਜ ਅਤੇ ਇਥੋਪੀਆ ਇਸ ਖੇਤਰ ਦੇ ਦੇਸ਼ ਹਨ। ਅਫਰੀਕਨ ਦੇਸ਼ਾਂ ਵਿੱਚ, ਇੱਕ ਹੋਰ ਮੁੱਖ ਆਗੂ, ਲੀਬੀਆ ਦੇ ਸਾਬਕਾ ਰਾਸ਼ਟਰਪਤੀ ਕਰਨਲ ਗੱਦਾਫ਼ੀ ਨੂੰ, ਐਫਰੀਕੌਮ ਦੇ ਫੌਜੀ ਅਤੇ ਆਰਥਕ ਦਖਲਅੰਦਾਜੀ ਵਿਰੁੱਧ ਖੜੇ ਹੋਣ ਕਰਕੇ, ਸਾਬਕਾ ਅਮਰੀਕਨ ਰਾਸ਼ਟਰਪਤੀ ਰੌਨਲਡ ਰੀਗਨ ਨੇ ਉਸਨੂੰ ‘ਮੱਧ-ਪੂਰਬ ਦਾ ਪਾਗਲ ਕੁੱਤਾ’ ਕਿਹਾ ਸੀ। 2011 ਦੇ ਅਰਬ ਵਿਦਰੋਹ ਦੇ ਦੌਰ ਵਿੱਚ ਪੈਦਾ ਹੋਏ ਹਾਲਾਤਾਂ ਦਾ ਲਾਭ ਲੈਂਦੇ ਹੋਏ, ਐਫ਼ਰੀਕੋਮ ਨੇ ਕਰਨਲ ਗਦਾਫ਼ੀ ਦਾ ਤਖ਼ਤਾ ਪਲਟ ਕਰਵਾ ਦਿੱਤਾ। ਅਫਰਾਤਫਰੀ ਦੇ ਉਸ ਦੌਰ ਵਿੱਚ, ਇਨਕਲਾਬੀ ਬਦਲ ਦੀ ਅਣਹੋਂਦ ਕਾਰਨ, ਇਸਲਾਮੀ ਮੂਲਵਾਦੀਆਂ ਦੇ ਉਭਾਰ ਨਾਲ਼, ਉੱਤਰੀ ਮਾਲੀ ਵਿੱਚ ਇੱਕ ਕੱਟੜਪੰਥੀ ਇਸਲਾਮਿਕ ਰਾਜ ਹੋਂਦ ਵਿੱਚ ਆ ਗਿਆ। ਕੁਝ ਹਫਤਿਆਂ ਵਿੱਚ ਹੀ, ਫਰਾਂਸੀਸੀ ਫੌਜਾਂ ਦੀ ਕਾਰਵਾਈ ਨਾਲ਼ ਇਸ ਰਾਜ ਦਾ ਭੋਗ ਪਾ ਦਿੱਤਾ ਗਿਆ। ਫਰਾਂਸੀਸੀ ਸਾਮਰਾਜਵਾਦੀਆਂ ਨੇ, ਦਹਿਸ਼ਤਗਰਦੀ ਨਾਲ਼ ਨਜਿੱਠਣ ਦੇ ਨਾਂ ‘ਤੇ, ‘ਮਾਲੀ’ ਦੇ ਮੁਕਤੀਦਾਤਾ ਦੇ ਤੌਰ ‘ਤੇ ਆਪਣੀ ਪਿੱਠ ਥਾਪੜੀ। ਤੇਲ ਤੇ ਕੁਦਰਤੀ ਸ੍ਰੋਤਾਂ ਨਾਲ਼ ਭਰਭੂਰ ਇਸ ਖਿੱਤੇ ਦੀ ਲੁੱਟ ਲਈ ਅਮਰੀਕਾ ਅਤੇ ਚੀਨ ਸਮੇਤ ਸਾਰੇ ਸਾਮਰਾਜੀ ਦੇਸ਼ਾਂ ਦੇ ਹਿੱਤ ਉਹਨਾਂ ਦੇ ਏਜੰਡੇ ‘ਤੇ ਆ ਗਏ ਹਨ। 

ਇਹਨਾਂ ਦੇਸ਼ਾਂ ਵਿੱਚ, ਡਰੋਨ ਬੇਸ ਬਣਾਉਣ, ਫੌਜੀ ਅੱਡੇ ਕਾਇਮ ਕਰਨ ਅਤੇ ਮਹਾਂਦੀਪ ਦੇ ਫੌਜੀਕਰਨ ਵਿੱਚ ਲਗਾਤਾਰ ਵਾਧੇ ਪਿੱਛੋਂ , ਮਿਲਟਰੀ-ਸੱਨਅਤ ਦੇ ਮੁਨਾਫਿਆਂ ਤੋਂ ਬਿਨਾਂ, ਮੁਕਾਮੀ ਨਿੱਜੀ ਠੇਕੇਦਾਰਾਂ ਨਾਲ਼ ਗੱਠਜੋੜ ਕਰਕੇ, ਕਰੋੜਾਂ ਲੋਕਾਂ ਦੀ ਤਬਾਹੀ ਦੀ ਕੀਮਤ ‘ਤੇ ਸੰਸਾਰ ਸਰਮਾਏਦਾਰੀ ਆਪਣੀ ਭਵਿੱਖੀ ਬਰਬਾਦੀ ਨੂੰ ਬਚਾਉਣ ਲਈ ਸੰਘਰਸ਼ ਕਰ ਰਹੀ ਹੈ। ਤੇਲ, ਗੈਸ, ਤੇ ਕੁਦਰਤੀ ਖਣਿਜਾਂ ਤੋਂ ਬਿਨਾਂ ਮਾਰੂਥਲੀ ਰੇਤ ਦੇ ਹੇਠਾਂ ਮੌਜੂਦ ਪਾਣੀ ਨੂੰ ਹੜੱਪਣ ਦੀਆਂ ਯੋਜਨਾਵਾਂ ‘ਤੇ ਵੀ ਚਰਚਾ ਹੋ ਰਹੀ ਹੈ। 6 ਮਈ 2014 ਨੂੰ ਬਰਾਕ ਓਬਾਮਾ ਨੇ ਜਿਬੂਤੀ ਦੇ ਰਾਸ਼ਟਰਪਤੀ ਨਾਲ਼ ਇਸ ਦੇਸ਼ ਵਿੱਚ ਮਿਲਟਰੀ ਅੱਡਾ ਸਥਾਪਤ ਕਰਨ ਦਾ ਸਮਝੌਤਾ ਕੀਤਾ। ਅਲ-ਕਾਇਦਾ, ਅਲ-ਸ਼ਬਾਬ ਅਤੇ ਬੋਕੋ-ਹਰਮ ਵਰਗੇ ਦਹਿਸ਼ਤਗਰਦਾਂ ਵਿਰੁੱਧ ਕਾਰਵਾਈ ਦੇ ਨਾਂ ‘ਤੇ ਮੁਕਾਮੀ ਹਕੂਮਤਾਂ ਵੱਲੋਂ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਅਫਰੀਕਨ ਹਾਕਮਾਂ ਅਤੇ ਸਾਮਰਾਜੀ ਹਾਕਮਾਂ ਦੇ ਸਮਝੌਤੇ, ਬਹੁਗਿਣਤੀ ਅਫਰੀਕਨ ਕਿਰਤੀ ਲੋਕਾਂ ਦੇ ਹਿੱਤਾਂ ਵਿਰੁੱਧ ਸੇਧਤ ਹਨ। ਬੋਲਣ ਦੀ ਅਜ਼ਾਦੀ ਤੇ ਪਬੰਦੀਆਂ ਦਿਨੋ-ਦਿਨ ਵਧ ਰਹੀਆਂ ਹਨ। ਐਰੀਟੇਰੀਆ ਤੋਂ ਬਾਅਦ ਇਥੋਪੀਆ, ਪੱਤਰਕਾਰਾਂ ਦੀ ਸਭ ਤੋਂ ਵੱਡੀ ਜੇਲ ਬਣ ਗਿਆ ਹੈ। 

ਅਫਰੀਕਾ ਸਮੇਤ ਦੁਨੀਆਂ ਭਰ ਦੇ ਮਜ਼ਦੂਰਾਂ ਅਤੇ ਕਿਰਤੀ ਲੋਕਾਂ ਨੂੰ, ਬਾਹਰੋਂ ਦਿਸਦੀਆਂ ਅਤੇ ਪ੍ਰਚਾਰੀਆਂ ਜਾਂਦੀਆਂ ਘਟਨਾਵਾਂ ਦੀ ਤਹਿ ਹੇਠਲੀ ਸੱਚਾਈ ਨੂੰ ਸਮਝਣ ਦੀ ਲੋੜ ਹੈ। ਸੂਡਾਨ, ਸੋਮਾਲੀਆ ਤੇ ਯਮਨ ਵਿੱਚ ਫੈਲੀ ਹਿੰਸਾ, ਭੁੱਖਮਰੀ ਅਤੇ ਅਕਾਲ ਦੇ ਸ਼ਿਕਾਰ ਲੋਕਾਂ ਦੇ ਅਸਲ ਕਾਤਲਾਂ ਨੂੰ ਨੰਗਿਆਂ ਕਰਨ ਦੀ ਲੋੜ ਹੈ। ਇਹ ਸਰਮਾਏਦਾਰੀ ਪ੍ਰਬੰਧ, ਮੁਨਾਫ਼ੇ ਦੀ ਬੇਲਗਾਮ ਹਵਸ (ਜੋ ਇਸਦੇ ਦਿਲ ਦੀ ਧੜਕਨ ਨੂੰ ਚਲਦਾ ਰੱਖਣ ਦੀ ਜਰੂਰੀ ਸ਼ਰਤ ਹੈ) ਕਾਰਨ ਕਿਸ ਹੱਦ ਤੱਕ ਡਿੱਗ ਸਕਦਾ ਹੈ, ਸਹਾਰਾ ਦੀ ਲੁਕਵੀਂ ਜੰਗ ਇਸ ਦੀ ਪ੍ਰਮੁੱਖ ਮਿਸਾਲ ਹੈ।

-10 ਮਾਰਚ 2017 

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 3, 16 ਤੋਂ 31 ਮਾਰਚ, 2017 ਵਿੱਚ ਪ੍ਰਕਾਸ਼ਤ

 

Advertisements