ਸੜਕਾਂ ਤੇ ਰੁਲਦੇ ਆਲੂ ਅਤੇ ਭੁੱਖੇ ਮਰਦੇ ਲੋਕ •ਅਵਤਾਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅਕਸਰ ਹੀ ਸਮਾਜ ਦੇ ਆਮ ਸਧਾਰਨ ਬੰਦਿਆਂ ਦੇ ਇਹ ਗੱਲ ਪੱਲੇ ਨਹੀਂ ਪੈਂਦੀ ਕਿ ਆਲੂ ਵਰਗੀ ਖਾਣ ਵਾਲੀ ਚੀਜ ਜੋ ਬਹੁ-ਗਿਣਤੀ ਲੋਕਾਂ ਦੀ ਰੋਜ਼ਾਨਾ ਖੁਰਾਕ ਦਾ ਹਿੱਸਾ ਹੈ, ਏਨੀ ਜ਼ਿਆਦਾ ਪੈਦਾ ਹੋਣ ਦੇ ਬਾਵਜੂਦ ਕਿ ਇਹ ਸੜਕਾਂ ਤੇ ਰੁਲਦੀ ਹੈ ਤਾਂ ਫਿਰ ਦੇਸ਼ ਦੀ ਕਰੋੜਾਂ ਜਨਤਾ ਭੁੱਖਣ-ਭਾਣੀ ਕਿਉਂ ਸੌਂਦੀ ਹੈ। ਇਸ ਰਹੱਸ ਨੂੰ ਸਮਝਣਾ ਅਤੇ ਇਸ ਤੋਂ ਪਰਦਾ ਚੁੱਕਣਾ ਹੀ ਇਸ ਸਮਾਜ ਨੂੰ ਸਮਝਣਾ ਹੈ ਜਿਸ ਵਿੱਚ ਅਸੀਂ ਰਹਿ ਰਹੇ ਹਾਂ। ਹੁਣ ਪਹਿਲਾਂ ਆਪਾਂ ਆਲੂ ਦੀ ਪੈਦਾਵਾਰ ਵਿੱਚ ਭਾਰਤ ਦੇ ਪਹਿਲੇ ਦਸ ਰਾਜਾਂ ਨੂੰ ਦੇਖਦੇ ਹਾਂ ਜਿਸ ਵਿੱਚ ਉੱਤਰ ਪ੍ਰਦੇਸ਼ , ਪੱਛਮੀ ਬੰਗਾਲ, ਬਿਹਾਰ , ਗੁਜਰਾਤ, ਮੱਧ-ਪ੍ਰਦੇਸ਼, ਪੰਜਾਬ, ਅਸਾਮ, ਕਰਨਾਟਕਾ, ਹਰਿਆਣਾ ਤੇ ਝਾਰਖੰਡ ਸ਼ਾਮਿਲ ਹਨ। ਆਲੂ ਦੀ ਕਾਸ਼ਤ ਵਿੱਚ ਉੱਤਰ ਪ੍ਰਦੇਸ਼ ਦਾ ਸਥਾਨ ਸਭ ਤੋਂ ਉੱਪਰ ਹੈ। ਇਹ 6,03,760 ਹੈਕਟੇਅਰ ਵਿੱਚ 1 ਕਰੋੜ 44 ਲੱਖ 30 ਹਜ਼ਾਰ 2 ਸੌ 80 ਟਨ ਆਲੂ ਪੈਦਾ ਕਰਦਾ ਹੈ। ਪੰਜਾਬ ਵਿੱਚ ਆਲੂ ਦੀ ਕਾਸ਼ਤ 85,250 ਹੈਕਟੇਅਰ ਵਿੱਚ ਹੁੰਦੀ ਹੈ ਜੋ 21 ਲੱਖ 32 ਹਜ਼ਾਰ 3 ਸੌ 20 ਟਨ ਆਲੂ ਪੈਦਾ ਕਰਦਾ ਹੈ। ਇਹ ਡਿਪਾਰਟਮੈਂਟ ਆਫ ਐਗਰੀਕਲਚਰ ਐਂਡ ਕਾਰਪੋਰੇਸ਼ਨ ਦੇ ਅੰਕੜੇ ਦਸਦੇ ਹਨ। ਇੱਕ ਪਾਸੇ ਅਨਾਜ਼ ਦੇ ਅੰਬਾਰ ਹਨ ਪਰ ਦੂਸਰੇ ਪਾਸੇ ਕਰੋੜਾਂ ਬੱਚੇ ਅਤੇ ਵੱਡੇ ਕੁਪੋਸ਼ਨ ਤੇ ਭੁੱਖਮਰੀ ਨਲ਼ ਦਮ ਤੋੜ ਰਹੇ ਹਨ। ਟਾਇਮਸ ਆਫ ਇੰਡੀਆ ਅਨੁਸਾਰ 20 ਕਰੋੜ ਭਾਰਤੀ ਭੁੱਖੇ ਸੋਂਦੇ ਹਨ, 3000 ਬੱਚੇ ਰੋਜ਼ਾਨਾ ਮਾੜੀ ਖੁਰਾਕ ਦੀ ਵਜਾ ਨਾਲ਼ ਬਿਮਾਰ ਹੋ ਕੇ ਮਰ ਜਾਂਦੇ ਹਨ। 30 ਫੀਸਦੀ ਬੱਚੇ ਜੰਮਣ ਸਾਰ ਮਰ ਜਾਂਦੇ ਹਨ ਅਤੇ 24 ਫੀਸਦੀ ਪੰਜ ਸਾਲ ਦੀ ਉਮਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਮਰ ਜਾਂਦੇ ਹਨ । ਇੱਕ ਪਾਸੇ ਸੜਕਾਂ, ਸਟੋਰਾਂ ਤੇ ਗੁਦਾਮਾਂ ਵਿੱਚ ਲੱਖਾਂ ਟਨ ਅਨਾਜ਼ ਗਲ ਸੜ ਰਿਹਾ ਹੈ ਅਤੇ ਦੂਜੇ ਪਾਸੇ ਭੁੱਖੇ ਢਿੱਡ ਦਾਣੇ-ਦਾਣੇ ਨੂੰ ਤਰਸਦੇ ਕਰੋੜਾ ਬੱਚਿਆਂ ਦੀਆਂ ਲਾਸ਼ਾਂ ਦੇ ਢੇਰ । ਇਹ ਰਹੱਸ ਹੈ ਕੀ ਤੇ ਕਿਉਂ ਹੈ, ਇਸਨੂੰ ਸਮਝਣਾ ਬਹੁਤ ਜ਼ਰੂਰੀ ਹੈ।

ਜਿਹੜੇ ਸਮਾਜ ਵਿੱਚ ਅਸੀਂ ਰਹਿ ਰਹੇ ਹਾਂ, ਅਰਥਸ਼ਾਸਤਰ ਦੀ ਭਾਸ਼ਾ ਵਿੱਚ ਇਸਨੂੰ ਸਰਮਾਏਦਾਰੀ ਕਿਹਾ ਜਾਂਦਾ ਹੈ ਜੋ ਪੈਦਾਵਾਰ ਦਾ ਅਜਿਹਾ ਪ੍ਰਬੰਧ ਹੈ ਜਿੱਥੇ ਪੈਦਾਵਾਰ ਲੋਕਾਂ ਲਈ ਨਹੀਂ ਸਗੋਂ ਮੰਡੀ ਲਈ ਹੁੰਦੀ ਹੈ ਭਾਵ ਮੁਨਾਫੇ ਲਈ ਹੁੰਦੀ ਹੈ।  ਹੁਣ ਕਿਸ ਚੀਜ ਦੀ ਪੈਦਾਵਾਰ ਕਰਨੀ ਹੈ ਅਤੇ ਕਿੰਨੀ ਕਰਨੀ ਹੈ, ਇਸ ਨੂੰ ਲੈ ਕੇ ਸਰਮਾਏਦਾਰਾਂ ਵਿੱਚ ਹਮੇਸ਼ਾ ਹਫੜਾ ਦਫੜੀ ਬਣੀ ਰਹਿੰਦੀ ਹੈ। ਮੰਡੀ ਵਿੱਚ ਪਹੁੰਚ ਕੇ ਪੈਦਾਕਾਰ ਨੂੰ ਪਤਾ ਚਲਦਾ ਹੈ ਕਿ ਉਸਨੇ ਜੋ ਪੈਦਾ ਕੀਤਾ ਉਹਦੀ ਲੋੜ ਵੀ ਸੀ ਜਾਂ ਨਹੀਂ।  ਅਕਸਰ ਲੋੜ ਹੁੰਦੀ ਵੀ ਹੈ ਪਰ ਫਿਰ ਵੀ ਉਹ ਲੋੜਵੰਦਾਂ ਤੱਕ ਨਹੀਂ ਪੁਹੰਚਦਾ ਕਿਉਂਕਿ ਮੰਡੀ ਵਿੱਚੋਂ ਹਰ ਚੀਜ ਮੁੱਲ਼ ਮਿਲ਼ਦੀ ਹੈ ਤੇ ਲੋੜਵੰਦਾਂ ਕੋਲ ਲੋੜੀਂਦਾ ਪੈਸਾ ਹੀ ਨਹੀਂ ਹੁੰਦਾ। ਇਹਨਾਂ ਅਰਥਾਂ ਵਿੱਚ ਹੀ ਉਹ ਵਾਧੂ ਪੈਦਾਵਾਰ ਹੁੰਦੀ ਹੈ। ਚੀਜਾਂ ਖਰਾਬ ਹੋ ਜਾਂਦੀਆਂ ਹਨ, ਗਲ-ਸੜ ਜਾਂਦੀਆਂ ਹਨ ਪਰ ਲੋੜਵੰਦਾਂ ਕੋਲ ਨਹੀਂ ਪਹੁੰਚ ਸਕਦੀਆਂ। ਜਦਕਿ ਪੈਦਾਵਾਰ ਕਰਨ ਵਿੱਚ ਉਨਾਂ ਦੀ ਹੀ ਵੱਡੀ ਭੂਮਿਕਾ ਹੁੰਦੀ ਹੈ ਜੋ ਚੀਜਾਂ ਹਾਸਿਲ ਨਹੀਂ ਕਰ ਸਕਦੇ। ਜੇਕਰ ਪੈਦਾਵਾਰ ਦੀ ਵੰਡ ਵੀ ਬਰਾਬਰ ਕਰ ਦਿੱਤੀ ਜਾਵੇ ਤਾਂ ਪੈਦਾ ਹੋਣ ਵਾਲ਼ੀਆਂ ਚੀਜਾਂ ਦੀ ਵਿਉਂਤਬੰਦੀ ਕਰੀ ਜਾ ਸਕਦੀ ਹੈ ਕਿ ਕੀ ਪੈਦਾ ਕਰਨਾ ਹੈ ਤੇ ਕਿੰਨਾਂ ਕਰਨਾ ਹੈ। ਪੈਦਾਵਾਰ ਦੀ ਇਸ ਤਰਾਂ ਦੀ ਵਿਉਂਤਬੰਦੀ ਵਾਲੇ ਪ੍ਰਬੰਧ ਨੂੰ ਸਮਾਜਵਾਦ ਕਿਹਾ ਜਾਂਦਾ ਹੈ। ਜੋ ਸਰਮਾਏਦਾਰੀ ਦਾ ਬਦਲ ਹੈ। ਸਮਾਜਵਾਦ ਤੋਂ ਬਿਨਾਂ ਮਨੁੱਖਤਾ ਦੀ ਵੱਡੀ ਅਬਾਦੀ ਖੁਦ ਚੀਜਾਂ ਪੈਦਾ ਕਰਕੇ ਉਹਨਾਂ ਲਈ ਤਰਸਦੀ ਹੀ ਰਹੇਗੀ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਸੰਯੁਕਤ ਅੰਕ 4-5, 1 ਤੋਂ 15 ਅਤੇ 16 ਤੋਂ 30 ਅਪ੍ਰੈਲ, 2017 ਵਿੱਚ ਪ੍ਰਕਾਸ਼ਤ

Advertisements