‘ਸਾਡੇ ਸਮੇਂ ਦਾ ਨਾਇਕ’ •ਗੁਰਪ੍ਰੀਤ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

1840 ਦੀਆਂ ਗਰਮੀਆਂ ‘ਚ ਮਾਸਕੋ ਦੀਆਂ ਦੁਕਾਨਾਂ ‘ਤੇ ‘ਸਾਡੇ ਸਮੇਂ ਦਾ ਨਾਇਕ’ ਸਿਰਲੇਖ ਵਾਲ਼ਾ ਇੱਕ ਨਾਵਲ ਹਾਜ਼ਰ ਹੁੰਦਾ ਹੈ। ਲੋਕ ਇਹ ਜਾਨਣ ਲਈ ਉਤਸਕ ਹਨ ਕਿ ਸਾਡੇ ਸਮੇਂ ਦਾ ਨਾਇਕ ਕਿਸਨੂੰ ਕਿਹਾ ਗਿਆ ਹੈ। ਨਾਵਲ ਪੜ੍ਹਿਆ ਜਾਂਦਾ ਹੈ ਤੇ ਅਲੋਚਕ ਹਾਏ-ਬੂ, ਹਾਏ-ਬੂ ਕਰਦੇ ਹਨ ਕਿ ਸਾਡੇ ਸਮੇਂ ਦੇ ਨਾਇਕ ਦੇ ਰੂਪ ਵਿੱਚ ਕਿਹੋ ਜਿਹੇ ਭੈੜੇ ਵਿਅਕਤੀ ਨੂੰ ਪੇਸ਼ ਕੀਤਾ ਗਿਆ ਹੈ। ਨਾਵਲ ਦੀ ਭੂਮਿਕਾ ‘ਚ ਲੇਖਕ ਲਿਖਦਾ ਹੈ ਕਿ ”ਸਾਡੇ ਸਮੇਂ ਦਾ ਨਾਇਕ ਇੱਕ ਰੇਖਾ-ਚਿੱਤਰ ਹੈ, ਪਰ ਇਹ ਕਿਸੇ ਇੱਕ ਵਿਅਕਤੀ ਦਾ ਰੇਖਾ-ਚਿੱਤਰ ਨਹੀਂ। ਇਹ ਸਾਡੀ ਪੀੜ੍ਹੀ ਦੀਆਂ ਸਾਰੀਆਂ ਬੁਰਾਈਆਂ ਨੂੰ ਉਹਨਾਂ ਦੇ ਪੂਰੇ ਵਿਕਾਸ ਵਿੱਚ ਮਿਲ਼ਾ ਕੇ ਬਣਦਾ ਰੇਖਾ-ਚਿੱਤਰ ਹੈ।” ਖ਼ੈਰ, ਨਾਵਲ ਪੜ੍ਹਿਆ, ਸਮਝਿਆ ਤੇ ਸਲਾਹਿਆ ਜਾਂਦਾ ਹੈ ਤੇ ਲੋਕਾਂ ‘ਚ ਹਰਮਨ-ਪਿਆਰਾ ਹੋ ਜਾਂਦਾ ਹੈ। ਨਾਵਲ ਦਾ ਲੇਖਕ 26 ਸਾਲਾ ਨੌਜਵਾਨ ਮਿਖ਼ਾਇਲ ਲਰਮਨਤੋਵ ਸੀ।

ਨਾਵਲ ਦੀ ਕਹਾਣੀ ਨੌਜਵਾਨ ਪਿਚਰੋਵ ਦੁਆਲ਼ੇ ਘੁੰਮਦੀ ਹੈ ਜੋ ਕਿ ਜ਼ਾਰਸ਼ਾਹੀ ਫ਼ੌਜ ਵਿੱਚ ਅਫ਼ਸਰ ਹੈ। ਪਿਚੋਰਿਨ ਇੱਕ ਪੜ੍ਹਿਆ-ਲਿਖਿਆ, ਬੁੱਧੀਮਾਨ ਤੇ ਤੇਜ਼-ਤਰਾਰ, ਸੋਹਣਾ ਤੇ ਅਮੀਰ ਨੌਜਵਾਨ ਹੈ। ਪਰ ਫਿਰ ਵੀ ਉਸਦੇ ਜੀਵਨ ਦਾ ਕੋਈ ਉਦੇਸ਼ ਨਹੀਂ ਹੈ, ਉਸਦਾ ਕਿਸੇ ਚੀਜ਼ ਵਿੱਚ ਦ੍ਰਿੜ ਵਿਸ਼ਵਾਸ ਨਹੀਂ, ਉਸਦੀਆਂ ਕੋਈ ਡੂੰਘੀਆਂ ਇੱਛਾਵਾਂ ਨਹੀਂ ਹਨ, ਉਸਨੂੰ ਪਿਆਰ ਜਾਂ ਦੋਸਤੀ ਵਿੱਚੋਂ ਖੁਸ਼ੀ ਨਹੀਂ ਦਿਸਦੀ ਤੇ ਆਪਣੀ ਜ਼ਿੰਦਗੀ ਦੇ ਕੀਮਤੀ ਵਰ੍ਹੇ ਉਹ ਅਜਾਈਂ ਹੀ ਲੰਘਾ ਦਿੰਦਾ ਹੈ।  ਅਮੀਰ ਵਰਗ ਦੀਆਂ ਚਕਾਚੌਂਧ, ਦਾਅਵਤਾਂ, ਦਿਖਾਵੇ ਭਰੀ ਜ਼ਿੰਦਗੀ ਵੀ ਉਸ ਲਈ ਬੇਰਸ ਤੇ ਅਕਾਊ ਹੈ ਤੇ ਉਸਨੂੰ ਉਹ ਡੂੰਘੀ ਨਫ਼ਰਤ ਕਰਦਾ ਹੈ। ਉਸਦੇ ਨੇੜੇ ਜਾਣ ਵਾਲ਼ੇ ਲੋਕਾਂ ਨੂੰ ਉਸਦੇ ਹੱਥੋਂ ਬੱਸ ਦੁੱਖ ਹੀ ਮਿਲ਼ਦੇ ਹਨ, ਜਾਂ ਫਿਰ ਮੌਤ। ਉਹ ਖੁਸ਼ੀ ਤੇ ਸਕੂਨ ਦੀ ਭਾਲ਼ ਵਿੱਚ ਕੋਈ ਨਵਾਂ ਉਦੇਸ਼ ਮਿੱਥਦਾ ਹੈ ਤੇ ਮੁੜ ਉਸਨੂੰ ਹਾਸਲ ਕਰਨ ਲਈ ਜਜ਼ਬੇ, ਬਹਾਦਰੀ ਤੇ ਦ੍ਰਿੜਤਾ ਨਾਲ਼ ਆਪਣੀ ਪੂਰੀ ਵਾਹ ਲਾ ਦਿੰਦਾ, ਪਰ ਉਸ ਉਦੇਸ਼ ਨੂੰ ਹਾਸਲ ਕਰਨ ਮਗਰੋਂ ਉਸਨੂੰ ਜ਼ਿੰਦਗੀ ਫਿਰ ਪਹਿਲਾਂ ਵਾਂਗ ਸੱਖਣੀ ਤੇ ਬੇਰਸ ਪ੍ਰਤੀਤ ਹੋਣ ਲੱਗਦੀ ਹੈ। ਦੌਲਤ ਕਮਾਉਣ, ਸਮਾਜ ਦੇ ਉੱਚ ਘਰਾਣਿਆਂ ਵਿੱਚ ਸ਼ੁਹਰਤ ਹਾਸਲ ਕਰਨ, ਅਮੀਰ ਸੁੰਦਰੀਆਂ ਨੂੰ ਪਿਆਰ ਕਰਨ, ਪੜ੍ਹਨ-ਲਿਖਣ ਤੇ ਗਿਆਨ-ਵਿਗਿਆਨ ਦੇ ਡੂੰਘੇ ਅਧਿਐਨ, ਲੜਾਈਆਂ ਵਿੱਚ ਸ਼ਾਮਲ ਹੋ ਕੇ ਸ਼ੂਕਦੀਆ ਗੋਲ਼ੀਆਂ ਦਾ ਸਾਹਮਣਾ ਕਰਨ ਅਤੇ ਫਿਰ ਬੇਲਾ ਨੂੰ ਪਿਆਰ ਕਰਨ ਤੇ ਉਸਨੂੰ ਹਾਸਲ ਕਰਨ ਦੇ ਉਸਦੇ ਜ਼ਿੰਦਗੀ ਦੇ ਅਨੇਕਾਂ ਉਦੇਸ਼ਾਂ ਦੀ ਪੂਰਤੀ ਮਗਰੋਂ ਸਭ ਕੁੱਝ ਉਸ ਲਈ ਬੇਰੰਗ ਹੋਣ ਲੱਗਦਾ ਤੇ ਜ਼ਿੰਦਗੀ ਪਹਿਲਾਂ ਨਾਲ਼ੋਂ ਵੀ ਅਕਾਊ ਹੋ ਜਾਂਦੀ ਤੇ ਉਸਦਾ ਦਿਲ ਵਧੇਰੇ ਸੁੰਨਾਪਣ ਮਹਿਸੂਸ ਕਰਨ ਲੱਗਦਾ ਹੈ।

ਨਾਵਲ ਵਿਚਲੇ ਇਹ ਸ਼ਬਦ ਉਸਦੀ ਇਸ ਹਾਲਤ ਨੂੰ ਸਹੀ ਢੰਗ ਨਾਲ਼ ਬਿਆਨਦੇ ਹਨ— ”ਤੇ ਹੁਣ ਇਸ ਕਿਲੇ ਵਿੱਚ ਬੈਠਾ ਮੈਂ ਬੀਤੇ ‘ਤੇ ਨਜ਼ਰ ਮਾਰ ਰਿਹਾ ਹਾਂ। ਅਕਸਰ ਆਪਣੇ-ਆਪ ਤੋਂ ਪੁੱਛਦਾ ਹਾਂ: ਮੈਂ ਉਸ ਰਸਤੇ ਉੱਤੇ ਕਿਉਂ ਨਾ ਚੱਲਣਾ ਚਾਹਿਆ, ਜਿਹੜਾ ਕਿਸਮਤ ਨੇ ਮੇਰੇ ਲਈ ਖੋਲ੍ਹਿਆ ਹੋਇਆ ਸੀ ਤੇ ਜਿਸ ਵਿੱਚ ਸ਼ਾਂਤ ਖੁਸ਼ੀਆਂ ਤੇ ਮਨ ਦੀ ਸ਼ਾਂਤੀ ਯਕੀਨੀ ਸੀ? ਨਹੀਂ, ਇਸ ਤਰ੍ਹਾਂ ਦੀ ਹੋਣੀ ਨੂੰ ਮੈਂ ਕਦੀ ਸਵੀਕਾਰ ਨਹੀਂ ਸਾਂ ਕਰ ਸਕਦਾ। ਮੈਂ ਉਹ ਜਹਾਜ਼ੀ ਵਾਂਗ ਹਾਂ, ਜਿਹੜਾ ਕਿਸੇ ਬੁਕਾਨੀਰ ਬ੍ਰਿਗੇਡ (ਸਮੁੰਦਰੀ ਡਾਕੂਆਂ) ਦੇ ਜਹਾਜ਼  ਉੱਤੇ ਜੰਮਿਆ-ਪਲ਼ਿਆ ਹੋਵੇ। ਜਿਸ ਦੀ ਆਤਮਾ ਤੂਫ਼ਾਨ ਤੇ ਜੱਦੋ-ਜਹਿਦ ਦੀ ਏਨੀ ਆਦੀ ਹੋ ਗਈ ਹੁੰਦੀ ਹੈ ਕਿ ਜੇ ਸਾਗਰ ਤੱਟ ਉੱਤੇ ਉਸ ਨੂੰ ਲਾਹ ਦਿੱਤਾ ਜਾਏ ਤਾਂ ਉਹ ਅੱਕ ਜਾਏਗਾ ਤੇ ਨਿਸੱਤਾ ਹੋ ਜਾਏਗਾ, ਭਾਵੇਂ ਕਿ ਛਾਂ-ਦਾਰ ਬੇਲੇ ਕਿੰਨੇ ਵੀ ਲੁਭਾਉਣੇ ਕਿਉਂ ਨਾ ਹੋਣ ਤੇ ਸੂਰਜ ਕਿੰਨਾ ਵੀ ਸ਼ਾਂਤੀ ਦੇਣ ਵਾਲ਼ਾ ਕਿਉਂ ਨਾ ਹੋਵੇ। ਸਾਰਾ-ਸਾਰਾ ਦਿਨ ਉਹ ਰੇਤਲੇ ਤੱਟ ਉੱਤੇ ਟਹਿਲਦਾ ਰਹਿੰਦਾ ਹੈ, ਲਹਿਰਾਂ ਦੀ ਇਕਸਾਰ ਗਰਜ਼ ਨੂੰ ਸੁਣਦਾ ਰਹਿੰਦਾ ਹੈ ਤੇ ਧੁੰਦ ਭਰੇ ਫਾਸਲਿਆਂ ਵਿੱਚ ਦੇਖਦਾ ਰਹਿੰਦਾ ਹੈ ਤਾਂ ਕਿ ਕਿਸੇ ਹਲਕੇ ਰੰਗ ਦੀ ਲਕੀਰ ਦਿਸ ਪਵੇ, ਜਿਹੜੀ ਨੀਲੀਆਂ ਸਮੁੰਦਰੀ ਡੂੰਘਾਣਾਂ ਨੂੰ ਭੂਰੇ ਬੱਦਲ਼ਾਂ ਤੋਂ ਨਿਖੇੜਦੀ ਹੈ ਤੇ ਜੋ ਐਸੇ ਬਾਦਬਾਨ ਦੀ ਝਲਕ ਦਿਖਾਉਂਦੀ ਹੈ, ਜਿਸ ਦੀ ਬਹੁਤ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ ਤੇ ਜਿਹੜੀ ਸ਼ੁਰੂ ਵਿੱਚ ਹੀ ਇੱਕ ਸਮੰੁੰਦਰੀ ਮੁਰਗ਼ਾਬੀ ਦੇ ਪਰ ਜਿਹੀ ਲੱਗਦੀ ਹੈ ਤੇ ਫਿਰ ਹੌਲ਼ੀ-ਹੌਲ਼ੀ ਆਪਣੀ ਖ਼ਾਲੀ ਬੰਦਰਗਾਹ ਵਿੱਚ ਜਾ ਟਿਕਦੀ ਹੈ। …”

ਆਖ਼ਰ ਉਹ ਕਿਹੜੀ ਚੀਜ਼ ਸੀ ਜਿਸਨੇ ਪਿਚੋਰਿਨ ਜਿਹੇ ਜੋਸ਼ੀਲੇ ਨੌਜਵਾਨ ਨੂੰ ਉਮਰੋਂ ਪਹਿਲਾਂ ਬੁੱਢਾ ਕਰ ਦਿੱਤਾ ਸੀ? ਇਸਦਾ ਜਵਾਬ ਸਾਨੂੰ ਨਾਵਲ ਲਿਖੇ ਜਾਣ ਦੇ ਸਮੇਂ ਨੂੰ ਸਮਝਣ ‘ਤੇ ਮਿਲ਼ਦਾ ਹੈ। ਉਸ ਵੇਲ਼ੇ ਰੂਸ ‘ਤੇ ਜ਼ਾਰ ਨਿਕੋਲਸ ਪਹਿਲੇ ਦਾ ਨਿਰੰਕੁਸ਼ ਰਾਜ ਸੀ। ਦਸੰਬਰ, 1925 ਵਿੱਚ ਰੂਸ ਦੇ ਇਨਕਲਾਬੀਆਂ ਇੱਕ ਵੱਡੀ ਬਗ਼ਾਵਤ ਕੁਚਲ਼ ਦਿੱਤੀ ਗਈ, ਜਿਸਨੂੰ ਅੱਜ ਵੀ ‘ਦਸੰਬਰਵਾਦੀ ਬਗ਼ਾਵਤ’ ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਇਸ ਬਗ਼ਾਵਤ ਦੇ ਕੁਚਲੇ ਜਾਣ ਨਾਲ਼ ਚੰਗੇਰਾ ਭਵਿੱਖ ਸਿਰਜਣ ਦੀਆਂ ਆਸਾਂ ਦਾ ਵੀ ਅੰਤ ਹੋ ਗਿਆ। ਉਸ ਵੇਲ਼ੇ ਦੀ ਪੀੜ੍ਹੀ, ਖਾਸ ਤੌਰ ‘ਤੇ ਨੌਜਵਾਨ, ਅਗਲੇ ਕੁੱਝ ਸਾਲਾਂ ਲਈ ਵੱਡੀ ਪੱਧਰ ‘ਤੇ ਨਿਰਾਸ਼ਾ ਦਾ ਸ਼ਿਕਾਰ ਹੋ ਗਈ ਕਿਉਂਕਿ ਉਹਨਾਂ ਦੇ ਹਥਲੇ ਸੁਪਨੇ ਕੁਚਲ਼ ਦਿੱਤੇ ਗਏ ਸਨ ਤੇ ਨਵੇਂ ਸੁਪਨੇ ਅਜੇ ਦੇਖੇ ਨਹੀਂ ਗਏ ਸਨ। ਮਹਾਨ ਰੂਸੀ ਗਿਆਨ-ਪ੍ਰਸਾਰਕ ਤੇ ਚਿੰਤਕ ਹਰਜ਼ਨ ਨੇ ਇਸ ਸਮੇਂ ਬਾਰੇ ਲਿਖਿਆ ਸੀ ਕਿ ਉਹ ਦਸ ਸਾਲਾਂ ਦਾ ਸਮਾਂ ”ਸਿਰਫ਼ ਨੌਜਵਾਨਾਂ ਨੂੰ ਜਲਦੀ ਬੁੱਢੇ ਕਰਨ ਵਾਲ਼ਾ ਹੀ ਨਹੀਂ ਸੀ ਸਗੋਂ ਉਹਨਾਂ ਨੂੰ ਤੋੜ ਦੇਣ ਵਾਲ਼ਾ ਸੀ। ਉਹ ਗੁਲਾਮਾਂ ਵਾਂਗ ਬਿਨਾਂ ਕਿਸੇ ਡੂੰਘੀਆਂ ਰੁਚੀਆਂ ਦੇ ਮਨਹੂਸ, ਡਰਾਵਣੇ ਸਮਾਜ ਵਿੱਚ ਫ਼ਸ ਗਏ ਸਨ।”

ਇਸ ਤਰ੍ਹਾਂ ਪਿਚੋਰਿਨ ਇੱਕ ਪੂਰੇ ਯੁੱਗ ਦੀ ਆਤਮਾ ਦਾ ਚਿਤਰਣ ਹੈ ਜੋ ਸ਼ਰਮਨਾਕ ਗੁਲਾਮੀ ਦੀ ਹਾਲਤ ਵਿੱਚ ਫ਼ਸ ਚੁੱਕਾ ਸੀ, ਜਿਸਦੇ ਡੂੰਘੇ ਜਜ਼ਬੇ ਦਿਲ ਦੇ ਕਿਸੇ ਕੋਨੇ ਵਿੱਚ ਸੜ ਗਏ ਅਤੇ ਜਿਸਦਾ ਨਾ ਹੀ ਕਿਸੇ ਚੀਜ਼ ‘ਚ ਯਕੀਨ ਸੀ ਤੇ ਨਾ ਹੀ ਕੋਈ ਸੁਪਨਾ। ਇਸ ਤਰ੍ਹਾਂ ਉਹ ਆਤਮਕ ਸੱਖਣੇਪਣ ਦੀ ਹਾਲਤ ਵਿੱਚ ਪਹੁੰਚ ਗਿਆ। ਇਸੇ ਆਤਮਕ ਸੱਖਣੇਪਣ ਨੂੰ ਹੀ ਲਰਮਨਤੋਵ ਨੇ ‘ਸਾਡੇ ਸਮੇਂ ਦਾ ਨਾਇਕ’ ਦਾ ਨਾਮ ਦਿੱਤਾ ਹੈ।

ਭਾਵੇਂ ਇਹ ਨਾਵਲ ਇਤਿਹਾਸ ਦੀਆਂ ਹਨੇਰੀਆਂ ਗਲ਼ੀਆਂ ‘ਚ ਫਾਥੀ ਇੱਕ ਪੀੜ੍ਹੀ ਦਾ ਚਿਤਰਣ ਸੀ ਪਰ ਇਹ ਉਹਨਾਂ ਹਾਲਤਾਂ ਦੇ ਪ੍ਰਗਟਾਅ ਦੇ ਨਾਲ਼ੋ-ਨਾਲ਼ ਉਹਨਾਂ ਹਾਲਤਾਂ ਵਿਰੁੱਧ ਰੋਸ ਵੀ ਸੀ। ਉਸ ਯੁੱਗ ਦੀ ਸ਼ਰਮਨਾਕ ਗੁਲਾਮੀ ਦੇ ਚਿਤਰਣ ਰਾਹੀਂ ਲਰਮਨਤੋਵ ਨੇ ਇੱਕ ਤਰ੍ਹਾਂ ਉਸ ਗੁਲਾਮੀ ਨੂੰ ਨੰਗਾ ਵੀ ਕੀਤਾ ਸੀ। ਇਸ ਤਰ੍ਹਾਂ ਉਸਨੇ ਉਸ ਯੁੱਗ ਦੀਆਂ ਜਾਬਰ ਤਾਕਤਾਂ ਨੂੰ ਵੰਗਾਰਿਆ ਸੀ ਤੇ ਉਹਨਾਂ ਖਿਲਾਫ਼ ਜੂਝਿਆ ਵੀ ਸੀ। ਆਪਣੀ ਲੇਖਣੀ ਨਾਲ਼ ਵੇਲ਼ੇ ਦੀ ਰਾਜਸ਼ਾਹੀ ਤੇ ਗੁਲਾਮੀ ਨਾਲ਼ ਜੂਝਣ ਵਾਲ਼ਾ 26 ਸਾਲਾ ਮਿਖਾਇਲ ਲਰਮਨਤੋਵ ਨਾਵਲਕਾਰ ਤੇ ਨਾਲ਼-ਨਾਲ਼ ਉੱਚ ਕੋਟੀ ਦਾ ਚਿੱਤਰਕਾਰ ਤੇ ਕਵੀ ਵੀ ਸੀ। ਉਹ ਪਹਿਲਾਂ ਵੀ 1837 ‘ਚ ਮਹਾਨ ਕਵੀ ਅਲੈਗਜਾਂਦਰ ਪੁਸ਼ਕਿਨ ਦੇ ਇੱਕ ਰਾਜਸੀ ਸਾਜਿਸ਼ ਤਹਿਤ ਕੀਤੇ ਕਤਲ ਉੱਪਰ ਲਿਖੀ ਆਪਣੀ ਕਵਿਤਾ ‘ਇੱਕ ਕਵੀ ਦੀ ਮੌਤ’  ਕਾਰਨ ਜੇਲ੍ਹ ਜਾ ਚੁੱਕਾ ਸੀ। ਇਸ ਨਾਵਲ ਮਗਰੋਂ ਉਹ ਰਾਜਾਸ਼ਾਹੀ ਦੀਆਂ ਅੱਖਾਂ ਵਿੱਚ ਹੋਰ ਵੀ ਰੜਕਣ ਲੱਗਾ ਤੇ ਅਗਲੇ ਹੀ ਸਾਲ ਲੇਖਕ 27 ਸਾਲ ਦੀ ਉਮਰੇ ਇੱਕ ਰਾਜਸੀ ਸਾਜ਼ਿਸ਼ ਤਹਿਤ ਇੱਕ ਡੂਅਲ ਵਿੱਚ ਕਤਲ ਕਰ ਦਿੱਤਾ ਗਿਆ।

ਅੱਜ ਅਸੀਂ ਪਿਚੋਰਨ ਦੇ ਸਮੇਂ ਨਾਲ਼ ਕੁੱਝ ਅਰਥਾਂ ਵਿੱਚ ਮਿਲ਼ਦੇ-ਜੁਲਦੇ ਸਮੇਂ ਵਿੱਚ ਜਿਉਂ ਰਹੇ ਹਾਂ। ਇੱਕ ਪਾਸੇ ਸਮਾਜ ਵਿੱਚ ਨੌਜਵਾਨਾਂ ਲਈ ਬੇਰੁਜਗਾਰੀ, ਗਰੀਬੀ, ਮਹਿੰਗੀ ਹੋ ਰਹੀ ਸਿੱਖਿਆ ਜਿਹੀਆਂ ਸਮੱਸਿਆਵਾਂ ਵੱਧ ਰਹੀਆਂ ਹਨ ਤੇ ਉਹ ਕਿਸੇ ਰੌਸ਼ਨ ਭਵਿੱਖ ਪ੍ਰਤੀ ਬਹੁਤੇ ਆਸਵੰਦ ਨਹੀਂ ਹੋ ਸਕਦੇ, ਜਿਸ ਕਾਰਨ ਉਹਨਾਂ ਅੰਦਰ ਬੇਚੈਨੀ ਤੇ ਘੁਟਣ ਪੈਦਾ ਹੋ ਰਹੀ ਹੈ। ਦੂਜੇ ਪਾਸੇ ਅੱਜ ਪੂਰੇ ਸੰਸਾਰ ਵਿੱਚ ਇਨਕਲਾਬ ਉੱਪਰ ਉਲਟ-ਇਨਕਲਾਬ ਦੀ ਲਹਿਰ ਭਾਰੂ ਹੈ। ਭਾਰਤ ਸਮੇਤ ਸੰਸਾਰ ਭਰ ਵਿੱਚ ਇਨਕਲਾਬ ਦੀ ਕਾਂਗ ਲਹਾਅ ਵਿੱਚ ਹੋਣ ਕਾਰਨ ਉਹਨਾਂ ਨੂੰ ਜਲਦੀ ਕੋਈ ਬਦਲ ਵੀ ਨਹੀਂ ਵਿਖਾਈ ਦਿੰਦਾ। ਮੌਜੂਦਾ ਢਾਂਚੇ ਅੰਦਰ ਜੋ ਸੁਧਾਰਵਾਦੀ, ਐਨ.ਜੀ.ਓ. ਪੰਥੀ ਤੇ ਰੈਡੀਕਲ ਰਾਹ ਸਮੇਂ-ਸਮੇਂ ਸਾਹਮਣੇ ਆਉਂਦੇ ਵੀ ਹਨ ਉਹ ਇਸ ਢਾਂਚੇ ਦੀਆਂ ਵਲਗਣਾਂ ਨੂੰ ਤੋੜਨ ਦੇ ਕਾਬਲ ਨਾ ਹੋਣ ਕਾਰਨ ਹਰ ਵਾਰ ਅਸਫ਼ਲ ਹੁੰਦੇ ਹਨ ਤੇ ਉਹਨਾਂ ਅੰਦਰ ਹੋਰ ਵੀ ਡੂੰਘੀ ਨਿਰਾਸ਼ਾ ਭਰ ਦਿੰਦੇ ਹਨ। ਇਸ ਤਰ੍ਹਾਂ ਅੱਜ ਦਾ ਸਮਾਂ ਇਹਨਾਂ ਅਰਥਾਂ ਵਿੱਚ ਪਿਚੋਰਿਨ ਦੇ ਸਮੇਂ ਨਾਲ਼ ਮਿਲ਼ਦਾ ਹੈ ਕਿ ਇੱਕ ਪਾਸੇ ਨੌਜਵਾਨਾਂ ਅੰਦਰ ਮੌਜੂਦਾ ਸਮਾਜਕ ਢਾਂਚੇ ਦੀਆਂ ਸਮੱਸਿਆਵਾਂ ਕਾਰਨ ਬੇਚੈਨੀ ਤੇ ਘੁਟਣ ਦਾ ਮਹੌਲ ਹੈ ਤੇ ਦੂਜੇ ਪਾਸੇ ਉਹਨਾਂ ਨੂੰ ਮੁਕਤੀ ਦਾ ਕੋਈ ਰਾਹ ਵਿਖਾਈ ਨਾ ਦੇਣ ਕਾਰਨ ਉਹਨਾਂ ਅੰਦਰ ਨਿਰਾਸ਼ਾ ਵੀ ਹੈ। ਇਹਨਾਂ ਅਰਥਾਂ ਵਿੱਚ ਪਿਚੋਰਿਨ ਦਾ ਕਿਰਦਾਰ ਅੱਜ ਦੇ ਯੁੱਗ ਦੇ ਨੌਜਵਾਨਾਂ ਦੇ ਇੱਕ ਵੱਡੇ ਹਿੱਸੇ ਦੀ ਵੀ ਕਹਾਣੀ ਹੈ। ਇਸ ਤਰ੍ਹਾਂ ਇਹ ਨਾਵਲ ਆਪਣੇ ਸੁਹਜਾਤਮਕ ਅਨੰਦ ਦੇ ਨਾਲ਼-ਨਾਲ਼ ਅੱਜ ਦੇ ਨੌਜਵਾਨਾਂ ਅੰਦਰ ਝਾਕਣ, ਉਹਨਾਂ ਨੂੰ ਸਮਝਣ ਦੀ ਸੂਝ ਹਾਸਲ ਕਰਨ ਵਿੱਚ ਵੀ ਮਦਦਗਾਰ ਹੈ।

ਅੱਜ ਦੀਆਂ ਹਾਲਤਾਂ ਕਈ ਅਰਥਾਂ ਵਿੱਚ ਪਿਚੋਰਨ ਦੇ ਸਮੇਂ ਨਾਲ਼ੋਂ ਵੱਖਰੀਆਂ ਵੀ ਹਨ। ਬੇਸ਼ੱਕ ਅੱਜ ਇਨਕਲਾਬ ਦੀ ਲਹਿਰ ਇਤਿਹਾਸਕ ਪੱਖੋਂ ਮੁਕਾਬਲਤਨ ਖੜੋਤ ਦੀ ਸ਼ਿਕਾਰ ਹੈ ਪਰ ਇਤਿਹਾਸ ਦੀ ਸਿਰਜਣਹਾਰ ਮਜ਼ਦੂਰ ਜਮਾਤ ‘ਤੇ ਇਸ ਢਾਂਚੇ ਦਾ ਨਿਘਾਰ ਪਹਿਲਾਂ ਨਾਲ਼ੋਂ ਵਧਦਾ ਜਾ ਰਿਹਾ ਹੈ। ਅੱਜ ਪਿਚੋਰਨ ਦੇ ਸਮੇਂ ਵਾਂਗ ਮਨੁੱਖਤਾ ਆਪਣੀ ਮੁਕਤੀ ਦੇ ਨਵੇਂ ਰਾਹ ਦੀਆਂ ਜੰਮਣ ਪੀੜਾਂ ਵਿੱਚੋਂ ਨਹੀਂ ਲੰਘ ਰਹੀ। ਰੂਸੀ ਇਨਕਲਾਬ ਤੇ ਚੀਨੀ ਇਨਕਲਾਬ ਤੇ ਸੰਸਾਰ ਭਰ ਦੀਆਂ ਹੋਰ ਇਨਕਲਾਬੀ ਲਹਿਰਾਂ ਦੇ ਸ਼ਾਨਾਮੱਤੇ ਤਜ਼ਰਬੇ ਵਿੱਚੋਂ ਨਿੱਕਲ਼ਦਾ ਇਹ ਰਾਹ ਪਹਿਲਾਂ ਨਾਲ਼ੋਂ ਵੀ ਵੱਧ ਅਟੱਲਤਾ ਨਾਲ਼ ਮੌਜੂਦ ਹੈ। ਫ਼ਰਕ ਸਿਰਫ਼ ਇੰਨਾ ਹੈ ਕਿ ਸਾਮਰਾਜੀ ਚਾਟੜਿਆਂ ਦੇ ਭੰਡੀ-ਪ੍ਰਚਾਰ ਅਤੇ ਵਿਚਾਰਧਾਰਾ, ਸਿਆਸਤ ਦੇ ਸਵਾਲ ‘ਤੇ ਚਲਦੇ ਰੌਲ਼-ਘਚੌਲ਼ੇ ਕਾਰਨ ਸਭ ਨੌਜਵਾਨਾਂ ਸਾਹਮਣੇ ਇਹ ਰਾਹ ਸਪੱਸ਼ਟ ਨਹੀਂ ਹੈ। ਅੱਜ ਇਸ ਰਾਹ ਨੂੰ ਪਿਚੋਰਿਨ ਵਾਂਗ ਸ਼ਰਮਨਾਕ ਗੁਲਾਮੀ ਦੀ ਹਾਲਤ ਵਿੱਚ ਫ਼ਸੇ ਇਹਨਾਂ ਨੌਜਵਾਨਾਂ ਤੱਕ ਲਿਜਾਣ ਵਾਲ਼ੇ ਵਾਹਕਾਂ ਦੀਆਂ ਹੋਰ ਸਰਗਰਮ ਕੋਸ਼ਿਸ਼ਾਂ ਦੀ ਲੋੜ ਹੈ ਤੇ ਇਸ ਕੋਸ਼ਿਸ਼ ਵਿੱਚ ਬਾਕੀ ਹੋਰ ਬਿਹਤਰੀਨ ਸਾਹਿਤ ਵਾਂਗ ਇਹ ਨਾਵਲ ਵੀ ਕਾਫੀ ਮਦਦਗਾਰ ਹੈ।

ਇਸ ਨਾਵਲ ਦਾ ਪੰਜਾਬੀ ਤਰਜਮਾ ਗੁਰਬਖਸ਼ ਸਿੰਘ ਫਰੈਂਕ ਨੇ ਕੀਤਾ ਹੈ। ਉਹ ਸੋਧਵਾਦੀ ਸੋਵੀਅਤ ਯੂਨੀਅਨ ਦੇ ਵਿਦੇਸ਼ੀ ਭਾਸ਼ਾਵਾਂ ਦੇ ਪ੍ਰਕਾਸ਼ਨਾਂ ਵਿੱਚ ਬਤੌਰ ਪੰਜਾਬੀ ਅਨੁਵਾਦਕ ਦਾ ਕੰਮ ਕਰ ਚੁੱਕੇ ਹਨ ਤੇ ਉਹਨਾਂ ਨੇ ਰਸੂਲ ਹਮਜਾਤੋਵ ਦੀ ਪ੍ਰਸਿੱਧ ਪੁਸਤਕ ”ਮੇਰਾ ਦਾਗਿਸਤਾਨ” ਸਮੇਤ ਅਨੇਕਾਂ ਰੂਸੀ ਪੁਸਤਕਾਂ ਦੇ ਅਨੁਵਾਦ ਪੰਜਾਬੀ ਪਾਠਕਾਂ ਦੀ ਝੋਲ਼ੀ ਪਾਏ ਹਨ। ਉਹਨਾਂ ਦੇ ਬਾਕੀ ਅਨੁਵਾਦਾਂ ਦੇ ਪਾਠਕ ਉਹਨਾਂ ਦੇ ਅਨੁਵਾਦ ਦੀ ਸਮਰੱਥਾ ਤੋਂ ਚੰਗੀ ਤਰ੍ਹਾਂ ਵਾਕਫ਼ ਹਨ। ਉਹ ਅਨੁਵਾਦਕਾਂ ਦੀ ਉਸ ਪੀੜ੍ਹੀ ਵਿੱਚੋਂ ਹਨ ਜਿਨ੍ਹਾਂ ਨੇ ਰੂਸੀ ਭਾਸ਼ਾ ਦੀਆਂ ਪੁਸ਼ਕਿਨ, ਤੁਰਗੇਨੇਵੇ ਤੋਂ ਤਾਲਸਤਾਏ, ਚੈਖਵ, ਗੋਰਕੀ ਰਾਹੀਂ ਹੁੰਦਿਆਂ ਸ਼ੋਲ਼ੋਖੋਵ, ਫੇਦਿਨ ਤੇ ਬੋਰਿਸ ਪੋਲੇਵਈ ਤੱਕ ਦੀਆਂ ਅਨੇਕਾਂ ਪੀੜ੍ਹੀਆਂ ਦੇ ਮਹਾਨ ਸਾਹਿਤ ਨਾਲ਼ ਪੰਜਾਬੀ ਮਾਂ-ਬੋਲੀ ਦੇ ਖਜ਼ਾਨੇ ਨੂੰ ਅਮੀਰ ਕੀਤਾ ਹੈ। ਗੁਰਬਖਸ਼ ਸਿੰਘ ਫਰੈਂਕ, ਦਰਸ਼ਨ ਸਿੰਘ, ਕਰਨਜੀਤ ਸਿੰਘ, ਪ੍ਰੀਤਮ ਸਿੰਘ ਮਨਚੰਦਾ ਜਿਹੇ ਉਹਨਾਂ ਗਿਣਤੀ ਦੇ ਅਨੁਵਾਦਕਾਂ ਕਾਰਨ ਬਿਹਤਰੀਨ ਸਾਹਿਤ ਪੰਜਾਬ ਦੀ ਨੌਜਵਾਨੀ ਤੱਕ ਪਹੁੰਚਿਆ ਜਿਸ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਮਨੁੱਖਤਾ ਦੀ ਮੁਕਤੀ ਦੇ ਰਾਹ ਨੂੰ ਚੁਣਿਆ। ਇਹਨਾਂ ਅਨੁਵਾਦਕਾਂ ਵੱਲੋਂ ਕੀਤੀ ਇਸ ਅਥਾਹ ਘਾਲਣਾ ਲਈ ਪੰਜਾਬ ਦੀਆਂ ਅਨੇਕਾਂ ਪੀੜ੍ਹੀਆਂ ਇਹਨਾਂ ਦੀਆਂ ਅਹਿਸਾਨਮੰਦ ਹਨ ਤੇ ਆਉਣ ਵਾਲ਼ੀਆਂ ਕਈ ਪੀੜੀਆਂ ਵੀ ਧੰਨਵਾਦੀ ਰਹਿਣਗੀਆਂ। 1991 ਵਿੱਚ ਸੋਧਵਾਦੀ ਸੋਵੀਅਤ ਯੂਨੀਅਨ ਦੇ ਖਿੰਡਣ ਮਗਰੋਂ ਗੁਰਬਖਸ਼ ਸਿੰਘ ਫਰੈਂਕ ਵਾਪਸ ਪੰਜਾਬ ਆ ਗਏ, ਉਸ ਵੇਲ਼ੇ ਉਹ ‘ਸਾਡੇ ਸਮੇਂ ਦਾ ਨਾਇਕ’ ਨਾਵਲ ਦਾ ਅਨੁਵਾਦ ਕੰਮ ਕਰ ਰਹੇ ਸਨ। ਉਸ ਵੇਲ਼ੇ ਇਹ ਕੰਮ ਅਧੂਰਾ ਰਹਿ ਗਿਆ ਸੀ। ਪਰ ਨਾਵਲ ਦੀ ਜ਼ਬਰਦਸਤ ਤਾਕਤ ਤੇ ਇਸ ਤਾਕਤ ਨੂੰ ਪੰਜਾਬੀ ਪਾਠਕਾਂ ਦੇ ਸਨਮੁੱਖ ਕਰਨ ਦੀ ਸਿੱਕ ਨੇ ਉਹਨਾਂ ਨੂੰ ਇਸ ਅਨੁਵਾਦ ਦਾ ਕੰਮ ਪੂਰਾ ਕਰਨ ਲਈ ਮਜ਼ਬੂਰ ਕਰ ਦਿੱਤਾ। ਇਸ ਤਰ੍ਹਾਂ ਉਹਨਾਂ ਨੇ ਆਪਣੇ ਵੱਲੋਂ ਪੰਜਾਬੀ ਬੋਲੀ ਦੀ ਕੀਤੀ ਸੇਵਾ ਵਿੱਚ ਇੱਕ ਹੋਰ ਸ਼ਾਨਦਾਰ ਨਗੀਨਾ ਜੋੜਿਆ ਹੈ। ਇਸ ਨਾਵਲ ਦਾ ਪ੍ਰਕਾਸ਼ਨ ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ ਵੱਲੋਂ ਕੀਤਾ ਗਿਆ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 47, ਜਨਵਰੀ 2016 ਵਿਚ ਪਰ੍ਕਾਸ਼ਤ

Advertisements