ਸਾਡਾ ਸਿੱਖਿਆ ਢੰਗ ਅਤੇ ਗਿਆਨ ਪ੍ਰਾਪਤੀ ਦੀ ਦਵੰਦਵਾਦੀ-ਪਦਾਰਥਵਾਦੀ ਵਿਧੀ •ਅਵਤਾਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਜਦੋਂ ਢਾਈ-ਢਾਈ, ਤਿੰਨ-ਤਿੰਨ ਸਾਲਾਂ ਦੇ ਬੱਚਿਆਂ ਨੂੰ ਸਵੇਰੇ ਛੇ-ਛੇ ਵਜੇ ਪੈਂਟਾਂ-ਸ਼ਰਟਾਂ, ਬੂਟਾਂ-ਟਾਈਆਂ ‘ਚ ਨੂੜੇ, ਭਾਰੇ-ਭਾਰੇ ਬਸਤਿਆਂ ਨੂੰ ਪਿੱਠਾਂ ‘ਤੇ ਲੱਦੀ ਜਾਂਦੇ ਦੇਖਦੇ ਹਾਂ ਤਾਂ ਸਾਡੇ ਦੇਸ਼ ਦੇ ਸਿੱਖਿਆ ਪ੍ਰਬੰਧ ਅਤੇ ਸਿੱਖਿਆ ਬਾਰੇ ਸਮਾਜ ਦੀ ਸੋਚ ‘ਤੇ ਕੋਫ਼ਤ ਆਉਣ ਲਗਦੀ ਹੈ ਕਿ ਜਿਸ ਬੱਚੇ ਨੂੰ ਅਜੇ ਸਕੂਲ ਦਾ ਸੰਕਲਪ ਹੀ ਨਹੀਂ ਪਤਾ, ਉਸਨੂੰ ਇਹ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ। ਦਰਅਸਲ ਸਿੱਖਿਆ ਬਾਰੇ ਸਮਾਜ ਦੀ ਅਜਿਹੀ ਸਮਝ ਸੁੰਗੜਦੇ ਰੁਜ਼ਗਾਰ, ਅੰਨ੍ਹੇ ਮੁਕਾਬਲੇ ਅਤੇ ਅਸੁਰੱਖਿਅਤ ਭਵਿੱਖ ਦੀ ਰਲ਼ੀ-ਮਿਲ਼ੀ ਅਗਾਊਂ ਚਿੰਤਾ ਵਿੱਚੋਂ ਪੈਦਾ ਹੋਈ ਹੈ, ਜਿਸਨੇ ਸਾਰਾ ਬੋਝ ਛੋਟੇ ਬੱਚਿਆਂ ‘ਤੇ ਲੱਦ ਦਿੱਤਾ ਹੈ। ਇਸੇ ਕਰਕੇ ਅੱਜ ਬੱਚਿਆਂ ਦੇ ਪਾਲਣ-ਪੋਸ਼ਣ ਤੇ ਪੜਾਈ ਬਾਰੇ ਕੋਈ ਵੀ ਸਹੀ ਪਹੁੰਚ ਮਾਪਿਆਂ ਨੂੰ ਮੁਕਾਬਲੇ ‘ਚੋਂ ਪਿੱਛੇ ਰਹਿ ਜਾਣ ਦੀ ਸਲਾਹ ਲਗਦੀ ਹੈ। ਬੱਚੇ ਡਰੇ-ਸਹਿਮੇ, ਬਿੱਟਰੇ-ਬਿੱਟਰੇ ਸਕੂਲ ਜਾਂਦੇ ਹਨ। ਸਕੂਲ ਉਨ੍ਹਾਂ ਨੂੰ ਇੱਕ ਜੇਲ੍ਹ ਵਾਂਗ ਲਗਦਾ ਹੈ, ਜਿੱਥੇ ਬੱਚੇ ਦੀਆਂ ਨਿਗਾਹਾਂ ਨੂੰ ਕਿਤਾਬ ਤੇ ਬਲੈਕ ਬੋਰਡ ‘ਤੇ ਟਿਕੇ ਰਹਿਣ ਲਈ ਪਬੰਦ ਰਹਿਣਾ ਪੈਂਦਾ ਹੈ ਅਤੇ ਸ਼੍ਰੇਣੀ ਦੇ ਬੰਦ ਕਮਰੇ ‘ਚ ਕਿਸੇ ਖੁਸ਼ਕ ਜਿਹੇ ਬੰਦੇ ਤੋਂ ਲਗਾਤਾਰ ਪੰਜ-ਛੇ ਘੰਟੇ ਇੱਕ ਅਕਾਊ ਤੇ ਅਮੂਰਤਨ ਕਿਸਮ ਦਾ ਵਿਖਿਆਨ ਸੁਣਨਾ ਹੁੰਦਾ ਹੈ। ਕਿਸੇ ਨੇ ਬਿਲਕੁਲ ਠੀਕ ਕਿਹਾ ਹੈ ਕਿ ਸਾਡੇ ਦੇਸ਼ ਵਿੱਚ ਬੱਚਿਆਂ ਦੇ ਦਿਮਾਗਾਂ ਨੂੰ ਇੱਕ ਖਾਲੀ-ਡਰੰਮ ਵਾਂਗ ਸਮਝਿਆ ਜਾਂਦਾ ਹੈ, ਜਿਸ ਵਿੱਚ ਗਿਆਨ ਦੇ ਬੱਠਲ ਭਰ-ਭਰ ਕੇ ਪਾਉਣੇ ਹੁੰਦੇ ਹਨ। ਇੱਕ ਬਾਲ-ਮਨ ਦੀ ਸੰਵੇਦਨਸ਼ੀਲਤਾ, ਸਮਰੱਥਾ, ਰੁਚੀਆਂ, ਖੁਸ਼ੀਆਂ ਅਤੇ ਵਿੱਦਿਆ-ਵਿਗਿਆਨ ਦੀ ਅਣਮੁੱਲੀ ਵਿਰਾਸਤ, ਸਭ ਸਮੇਂ ਦੇ ਨ੍ਹੇਰ ‘ਚ ਗੁਆਚ ਗਏ ਹਨ। ਇਸ ਮਾਮਲੇ ‘ਚ ਮੂਰਖਤਾ ਅਤੇ ਸੰਵੇਦਨਹੀਣਤਾ ਦੇ ਸਾਰੇ ਹੱਦਾਂ-ਬੰਨ੍ਹੇ ਟੱਪੇ ਜਾ ਚੁੱਕੇ ਹਨ।

ਦੂਜੇ ਪਾਸੇ, ਕਿਹਾ ਜਾਂਦਾ ਹੈ ਕਿ ਬੱਚਿਆਂ ਲਈ ਗਿਆਨ ਅਚੰਭੇ ਜਾਂ ਹੈਰਾਨੀ ਤੋਂ ਸ਼ੁਰੂ ਹੁੰਦਾ ਹੈ। ਅਚੰਭੇ ਦਾ ਸਰੋਤ ਪ੍ਰਕਿਰਤੀ ਜਾਂ ਮਨੁੱਖ ਦੁਆਰਾ ਬਣਾਈਆਂ ਵਸਤਾਂ ਹੋ ਸਕਦੀਆਂ ਹਨ, ਨਾ ਕਿ ਇੱਕ ਸ਼੍ਰੇਣੀ ਕਮਰੇ ਦਾ ਸੀਮਤ ਸੰਸਾਰ। ਪਰ ਅਸੀਂ ਬੱਚਿਆਂ ਨੂੰ ਪ੍ਰਕਿਰਤੀ ਨਾਲੋਂ ਬਿਲਕੁਲ ਹੀ ਵੱਖ ਕਰ ਲਿਆ ਹੈ। ਅਸੀਂ ਬੱਚਿਆਂ ਨੂੰ ਰੋਜ਼ਾਨਾ ਅੰਬਾਂ, ਅੰਗੂਰਾਂ ਅਤੇ ਸਬਜ਼ੀਆਂ ਦੇ ਖੇਤਾਂ ਕੋਲ਼ ਦੀ ਤਾਂ ਬੱਸਾਂ ਵਿੱਚ ਬੰਦ ਕਰਕੇ ਲਿਆਉਂਦੇ ਹਾਂ ਤੇ ਇੱਕ ਸ਼੍ਰੇਣੀ ਕਮਰੇ ਦੇ ਸਖਤ ਅਨੁਸ਼ਾਸ਼ਨ ਹੇਠ, ਇੱਕ ਕਿਤਾਬ ਵਿੱਚ, ਉਹਨਾਂ ਦੀ ਫੋਟੋ ਨਾਲ਼, ਉਹਨਾਂ ਬਾਰੇ ਦੱਸਦੇ ਹਾਂ ਜੋ ਅੱਗੋਂ, ਉਹ ਅੰਬ ਜਾਂ ਅੰਗੂਰ ਦੀ ਬਜਾਏ ਮੈਂਗੋ (Mango) ਅਤੇ ਗਰੇਪਸ (Grapes) ਵੀ ਬਣ ਜਾਂਦੇ ਹਨ। ਸਾਡੇ ਆਸ-ਪਾਸ ਪ੍ਰਤੱਖ ਦਿਸਦੀ ਚੀਜ਼ ਨੂੰ (ਜੋ ਪੌਦੇ, ਮਿੱਟੀ, ਪਾਣੀ ਨਾਲ਼ ਅੰਤਰ-ਸਬੰਧਿਤ ਵੀ ਦਿਸਦੀ ਹੈ) ਅਸੀਂ ਕਿੰਨੇ ਦੂਰ ਦੀ ਚੀਜ਼ ਬਣਾ ਕੇ ਪੇਸ਼ ਕਰ ਰਹੇ ਹਾਂ। ਉਹ ਵੀ ਉਸ ਭਾਸ਼ਾ ਵਿੱਚ ਜਿਹੜੀ ਬੱਚੇ ਦੇ ਪਰਿਵਾਰ ਜਾਂ ਸਮਾਜ ‘ਚ ਆਮ ਤੌਰ ‘ਤੇ ਨਹੀਂ ਬੋਲੀ ਜਾਂਦੀ। ਇਹ ਸਥਿਤੀ ਉਦੋਂ ਹੋਰ ਵੀ ਗੁੰਝਲ਼ਦਾਰ ਤੇ ਤਕਲੀਫਦੇਹ ਬਣ ਜਾਂਦੀ ਹੈ, ਜਦੋਂ ਇੱਕ ਹੀ ਚੀਜ਼ ਦੇ ਇੱਕੋ ਸਮੇਂ ਦੋ-ਦੋ ਜਾਂ ਕਈ ਵਾਰ ਤਾਂ ਤਿੰਨ ਨਾਂਮ ਬੱਚੇ ਨੂੰ ਸੁਣਨ ਨੂੰ ਮਿਲ਼ਦੇ ਹਨ। ਜਦ ਕਿ ਛੋਟੇ ਬੱਚੇ ਨੂੰ ਹਾਲੇ ਭਾਸ਼ਾਵਾਂ ਦਾ ਸੰਕਲਪ ਹੀ ਸਪੱਸ਼ਟ ਨਹੀਂ ਹੋ ਸਕਿਆ ਹੁੰਦਾ (ਜਾਂ ਸਕਦਾ)। ਬੱਚਿਆਂ ਲਈ ਗਿਆਨ ਸਧਾਰਨ ਤੋਂ ਗੁੰਝਲਦਾਰ ਵੱਲ ਨੂੰ ਸਫ਼ਰ ਕਰਦਾ ਹੋਣਾ ਚਾਹੀਦਾ ਹੈ। ਪਰ ਅਸੀਂ ਛੋਟੇ ਬੱਚਿਆਂ ਨੂੰ ਸ਼ੁਰੂਆਤ ਵਿੱਚ ਕਈ ਅਜਿਹੇ ਪਸ਼ੂ-ਪੰਛੀਆਂ ਜਾਂ ਚੀਜ਼ਾਂ ਬਾਰੇ ਦੱਸਦੇ ਹਾਂ ਜੋ ਜਾਂ ਤਾਂ ਬੱਚੇ ਨੇ ਕਦੇ ਉੱਕਾ ਹੀ ਨਹੀਂ ਦੇਖੀਆਂ ਹੁੰਦੀਆਂ ਜਾਂ ਫਿਰ ਉਹ ਕਿਸੇ ਹੋਰ ਚੀਜ਼ ਨਾਲ਼ ਮਿਲਦੀਆਂ-ਜੁਲ਼ਦੀਆਂ ਹੁੰਦੀਆਂ ਹਨ, ਜਿਵੇਂ ਇੱਕ ਪੰਜਾਬੀ ਬੱਚਾ ਜਿਸਨੇ ਕਦੇ ਗਿੱਦੜ (Jackal) ਦੇਖਿਆ ਹੀ ਨਹੀਂ, ਉਹ ਇਹਨੂੰ ਕੁੱਤਾ (Dog) ਹੀ ਕਹੇਗਾ ਕਿਉਂਕਿ ਦੋਹਾਂ ਦੀ ਸ਼ਕਲ ਲਗਭਗ ਮਿਲ਼ਦੀ-ਜੁਲ਼ਦੀ ਹੈ। ਫਿਰ ਅਜਿਹੀ ਸਥਿਤੀ ਵਿੱਚ ਜੇ (J) ਫ਼ਾਰ ਜੈਕਲ (Jackal) ਹੀ ਪੜ੍ਹਾਉਣਾ ਕੀ ਜ਼ਰੂਰੀ ਹੈ? ਇਸੇ ਤਰ੍ਹਾਂ (A) ਫ਼ਾਰ ਐਲੀਗੇਟਰ (Alligator) ਅਤੇ ਸੀ (C) ਫ਼ਾਰ ਕਰੋਕੋਡਾਈਲ (Crocodile) ਪੜਾਉਣ ਦੀ ਕੀ ਨੌਬਤ ਹੈ, ਜਦੋਂ ਕਿ ਦੋਨਾਂ ਜਾਨਵਰਾਂ ਦੀ ਦਿੱਖ ਵਿੱਚ ਬਹੁਤ ਮਹੀਨ ਅੰਤਰ ਹੈ? ਅਜਿਹਾ ਗਿਆਨ ਛੋਟੇ ਬੱਚਿਆਂ ਨੂੰ ਖਾਹ-ਮ-ਖਾਹ ਉਲ਼ਝਣ ਵਿੱਚ ਪਾਉਂਦਾ ਹੈ। ਛੋਟੇ ਬੱਚਿਆਂ ਲਈ ਅਜਿਹਾ ਗਿਆਨ ਕੋਈ ਬਾਅਦ ਦਾ ਪੜਾਅ ਹੋ ਸਕਦਾ ਹੈ। ਦਰਅਸਲ ਸਾਡੇ ਗੈਰ-ਪਦਾਰਥਵਾਦੀ ਅਤੇ ਗੈਰ-ਦਵੰਦਵਾਦੀ ਵਿੱਦਿਅਕ ਢੰਗ ਨੇ, ਕਿਤਾਬ ਅਤੇ ਕਲਾਸ ਰੂਮ ਨੂੰ ਬਾਹਰੀ ਸੰਸਾਰ ਨਾਲ਼ੋਂ ਬਿਲਕੁਲ ਵੱਖ ਕਰ ਲਿਆ ਹੈ। ਸਿੱਖਿਆ ਨਾਲ਼ ਸਬੰਧਿਤ, ਬੱਚਿਆਂ ਦੇ ਸੰਤਾਪ ਦੀ ਸਾਰੀ ਕਹਾਣੀ ਹੀ ਇਥੋਂ ਤੁਰਦੀ ਹੈ।

ਗਿਆਨ ਹੈ ਕੀ, ਇਹ ਮਨੁੱਖ ਦਾ, ਬਾਹਰਮੁਖੀ ਪਦਾਰਥ ਦੀ ਵੰਨ-ਸੁਵੰਨਤਾ ਬਾਰੇ, ਇਹਦੀ ਅੰਤਰ-ਨਿਰਭਰਤਾ ਅਤੇ ਗਤੀ ਬਾਰੇ ਗਿਆਨ ਹੈ, ਸਮਾਜ ਜਿਸਦਾ ਲਾਜ਼ਮੀ ਹਿੱਸਾ ਹੈ। ਚਿੰਤਨ ਮਨੁੱਖੀ ਦਿਮਾਗ ਦਾ ਇੱਕ ਗੁਣ ਹੈ। ਮਨੁੱਖੀ ਦਿਮਾਗ ਵੀ ਇੱਕ ਉੱਨਤ ਕਿਸਮ ਦਾ ਪਦਾਰਥ ਹੀ ਹੈ। ਚਿੰਤਨ ਦਾ ਸਰੋਤ ਬਾਹਰਮੁਖੀ ਪਦਾਰਥ ਹੈ। ਇਸ ਤਰ੍ਹਾਂ ਕੋਈ ਬੰਦਾ, ਜਿੰਨ੍ਹੀਆਂ ਵੱਧ ਤੋਂ ਵੱਧ ਵੰਨ-ਸੁਵੰਨੀਆਂ ਵਸਤਾਂ-ਵਰਤਾਰਿਆਂ ਦੇ ਸੰਪਰਕ ਵਿੱਚ ਹੋਵੇਗਾ, ਇਹ ਵਸਤਾਂ-ਵਰਤਾਰੇ, ਵੱਖ-ਵੱਖ ਮਾਤਰਾ ‘ਚ, ਮਨੁੱਖੀ ਦਿਮਾਗ ‘ਤੇ ਪ੍ਰਭਾਵ ਪਾਉਣਗੇ ਤੇ ਮਨੁੱਖੀ ਦਿਮਾਗ ਇਨ੍ਹਾਂ ਨੂੰ ਸਮਝਣ ਲਈ ਖੌਝਲੇਗਾ ਤੇ ਸੋਚ ਮੁੜ ਪਦਾਰਥ ਵੱਲ ਪਰਤੇਗੀ, ਇਸ ਪ੍ਰਕਿਰਿਆ ‘ਚ ਬੰਦਾ ਲਗਾਤਾਰ ਗਿਆਨਵਾਨ ਹੁੰਦਾ ਰਹੇਗਾ। ਮੂਲ ਰੂਪ ‘ਚ ਗਿਆਨ ਪ੍ਰਾਪਤੀ ਦਾ ਇਹੋ ਇੱਕੋ-ਇੱਕ ਵਿਗਿਆਨਕ ਢੰਗ ਹੈ, ਜਿਸਨੂੰ ਗਿਆਨ ਦਾ ਦਵੰਦਵਾਦੀ-ਪਦਾਰਥਵਾਦੀ ਢੰਗ ਕਿਹਾ ਜਾਂਦਾ ਹੈ। ਇਸ ਪ੍ਰਕਿਰਿਆ ਤੋਂ ਪਾਸੇ ਰਹਿ ਕੇ ਕਿਸੇ ਵੀ ਕਿਸਮ ਦੀ ਗਿਆਨ ਪ੍ਰਾਪਤੀ ਹੋ ਹੀ ਨਹੀਂ ਸਕਦੀ। ਮਾਓ-ਜੇ-ਤੁੰਗ ਨੇ ਆਪਣੇ ਲੇਖ ‘ਅਭਿਆਸ ਬਾਰੇ’ ਵਿੱਚ ਗਿਆਨ ਪ੍ਰਾਪਤੀ ਦੇ ਉਪਰੋਕਤ ਢੰਗ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਹੈ, ”ਗਿਆਨ ਦੀ ਪ੍ਰਕਿਰਿਆ ‘ਚ ਪਹਿਲਾ ਕਦਮ ਬਾਹਰੀ ਦੁਨੀਆਂ ਦੀਆਂ ਵਸਤਾਂ ਨਾਲ਼ ਸੰਬੰਧ ਕਾਇਮ ਕਰਨਾ ਹੈ ; ਇਹ ਕਦਮ ਗਿਆਨ ਦੇ ਅਨੁਭਵੀਂ ਪੜਾਅ ਨਾਲ ਸੰਬੰਧਿਤ ਹੈ। ਦੂਸਰਾ ਕਦਮ ਤੱਥਾਂ ਨੂੰ ਤਰਤੀਬ ਦੇ ਕੇ ਅਤੇ ਇਹਨਾਂ ਦਾ ਮੁੜ ਨਿਰਮਾਣ ਕਰਕੇ ਸੰਸਲੇਸ਼ਣ ਕਰਨਾ ਹੈ, ਇਹ ਕਦਮ ਸੰਕਲਪ ਬਣਾਉਣ, ਨਿਰਣੇ ਕਰਨ ਅਤੇ ਦਲੀਲ ਉਸਾਰੀ ਕਰਨ ਨਾਲ ਸੰਬੰਧਿਤ ਹੈ। ਜਦੋਂ ਅਨੁਭਵੀਂ ਗਿਆਨ ਦੇ ਤੱਥ ਭਰਪੂਰ ਹੋਣ (ਖਿੰਡੇ-ਪੁੱਡੇ ਨਾ ਹੋਣ) ਅਤੇ ਹਕੀਕਤ ਨਾਲ ਮੇਲ ਖਾਂਦੇ ਹੋਣ (ਮਨੋਕਲਪਿਤ ਨਾ ਹੋਣ) ਤਾਂ ਹੀ ਉਹ ਦਰੁਸਤ ਸੰਕਲਪਾਂ ਅਤੇ ਸਿਧਾਂਤਾਂ ਨੂੰ ਘੜਨ ਦਾ ਆਧਾਰ ਬਣ ਸਕਦੇ ਹਨ।“ ਗਿਆਨ ਪ੍ਰਾਪਤ ਦੇ ਇਸ ਢੰਗ ਦਾ ਪ੍ਰਯੋਗ ਰੂਸ ਦਾ ਮਹਾਨ ਵਿੱਦਿਆ ਵਿਗਿਆਨੀ ਵਾਸਿਲੀ ਸੁਖੋਮਲਿੰਸਕੀ ਆਪਣੇ ਵਿਦਿਆਰਥੀਆਂ ਲਈ ਕਰਦਾ ਹੈ (ਸੀ)। ਉਹ ਆਪਣੇ ਬੱਚਿਆਂ ਨੂੰ ਦਿਨ ਚੜ੍ਹਨ ਤੋਂ ਪਹਿਲਾਂ ਹੀ ਪ੍ਰਕਿਰਤਕ ਮਾਹੌਲ਼ ਵਿੱਚ ਲੈ ਕੇ ਜਾਂਦਾ ਹੈ ਕਿਉਂਕਿ ਉਹ ਪ੍ਰਕਿਰਤੀ ਦੀਆਂ ਸਭ ਵਸਤਾਂ ਤੇ ਸਰਗਰਮੀਆਂ ਨੂੰ ਗਿਆਨ ਦਾ ਸਰੋਤ ਸਮਝਦਾ ਹੈ। ਪ੍ਰਕਿਰਤੀ ਨਾਲ਼ ਪਰਸਪਰ ਸਬੰਧਾਂ ਵਿੱਚੋਂ ਬੱਚੇ ਉਸਨੂੰ ਢੇਰਾਂ ਸਵਾਲ ਕਰਦੇ ਹਨ, ਜਿਵੇਂ, ਸਵੇਰੇ-ਸਾਝਰੇ ਸੂਰਜ ਲਾਲ ਤੇ ਦੁਪਹਿਰੇ ਲੂੰਹਣਾ ਕਿਉਂ ਹੁੰਦਾ ਹੈ? ਬੱਦਲ ਕਿਥੋਂ ਆਉਂਦੇ ਹਨ? ਭੱਖੜੇ ਦੇ ਫੁੱਲ ਸਵੇਰੇ ਕਿਉਂ ਖੁੱਲ੍ਹ ਜਾਂਦੇ ਹਨ ਅਤੇ ਸ਼ਾਮ ਨੂੰ ਬੰਦ ਕਿਉਂ ਹੋ ਜਾਂਦੇ ਹਨ? ਅਸਮਾਨੀ ਬਿਜਲੀ ਲਿਸ਼ਕਦੀ ਅਤੇ ਕੜਕਦੀ ਕਿਉਂ ਹੈ? ਪੱਛੋਂ ਦੀ ਹਵਾ ਮੀਂਹ ਤੇ ਪੂਰਬ ਦੀ ਸੋਕਾ ਕਿਉਂ ਲਿਆਉਂਦੀ ਹੈ ? ਸੂਰਜਮੁਖੀ ਦਾ ਫੁੱਲ ਸੂਰਜ ਦੇ ਨਾਲ਼ ਕਿਉਂ ਮੁੜਦਾ ਹੈ, ਕੀ ਉਹ ਸਾਡੇ ਵਾਂਗ ਵੇਖ ਸਕਦਾ ਹੈ? ਲੋਹੇ ਨੂੰ ਜੰਗ ਕਿਉਂ ਲਗਦੀ ਹੈ? ਪੰਛੀ ਜਦੋਂ ਦੂਰ ਚਲੇ ਜਾਂਦੇ ਹਨ ਤਾਂ ਆਪਣਾ ਰਾਹ ਕਿਵੇਂ ਲਭਦੇ ਹਨ? ਚੰਨ ਦੁਆਲੇ ਚਿੱਟਾ ਘੇਰਾ ਕਿਉਂ ਆਉਂਦਾ ਹੈ? ਮੀਂਹ ਤੋਂ ਪਹਿਲਾਂ ਸੂਰਜ ਉੱਗਣ ਤੇ ਡੁੱਬਣ ਸਮੇਂ ਅਸਮਾਨ ਲਾਲ ਕਿਉਂ ਹੋ ਜਾਂਦਾ ਹੈ? ਅਸਮਾਨ ਤੋਂ ਤਾਰੇ ਕਿਉਂ ਡਿੱਗਦੇ ਹਨ, ਕਿੱਥੇ ਡਿੱਗਦੇ ਹਨ?  ਅਜਿਹਾ ਕਿਉਂ ਹੁੰਦਾ ਹੈ ਕਿ ਗਾਂ ਇੱਕ ਵੱਛਾ ਦਿੰਦੀ ਹੈ ਪਰ ਸੂਰਾਂ ਦੇ ਬਹੁਤ ਬਾਰੇ ਬੱਚੇ ਹੁੰਦੇ ਹਨ ? ਸੂਰਜ ਗਰਮੀ ‘ਚ ਉੱਚਾ ਤੇ ਸਰਦੀ ‘ਚ ਨੀਵਾਂ ਕਿਉਂ ਹੋ ਜਾਂਦਾ ਹੈ? ਤੇ ਇਸੇ ਤਰ੍ਹਾਂ ਬਹੁਤ ਹੋਰ ਸਵਾਲ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪ੍ਰਕਿਰਤੀ ਦੇ ਸੰਪਰਕ ਵਿੱਚ ਆਉਣਾ ਸਵਾਲਾਂ ਲਈ ਪਹਿਲੀ ਬੁਨਿਆਦੀ ਸ਼ਰਤ ਬਣਦੀ ਹੈ। ਸਵਾਲ, ਗਿਆਨ ਪ੍ਰਾਪਤੀ ਦੀ ਪਹਿਲੀ ਪੌੜੀ ਹਨ ਪਰ ਕਿਹੜੇ ਸਵਾਲ ਦਾ ਜਵਾਬ ਕਿੰਨਾ ਅਤੇ ਕਦੋਂ ਦੇਣਾ ਹੈ, ਇਹ ਇੱਕ ਚੰਗੇ ਅਧਿਆਪਕ ਦੀ ਮੁਹਾਰਤ ਦਾ ਮਸਲਾ ਹੈ ਪਰ ਧਿਆਨਯੋਗ ਤੱਥ ਇਹ ਹੈ ਕਿ ਬੱਚਿਆਂ ਦੇ ਇਹ ਸਵਾਲ ਸਨ। ਬੱਚਿਆਂ ਦੇ ਚਿੰਤਨ ਦਾ ਸਿਲਸਿਲਾ ਇੱਥੇ ਰੁਕ ਨਹੀਂ ਜਾਂਦਾ ਸਗੋਂ ਉਨ੍ਹਾਂ ਨੇ ਪ੍ਰਕਿਰਤੀ ਦੀਆਂ ਸਭ ਵਸਤਾਂ-ਵਰਤਾਰੇ ਅੰਤਰ-ਸੰਬੰਧਿਤ ਦੇਖੇ। ਉਹ ਆਪਸੀ ਵਿਚਾਰ-ਚਰਚਾ, ਬਹਿਸ-ਮੁਹਾਬਸੇ ਜ਼ਰੀਏ, ਉਸ ਸੱਚ ਤੱਕ ਅੱਪੜੇ ਜੋ ਇੱਕਦਮ ਪ੍ਰਤੱਖ ਤੇ ਸਪੱਸ਼ਟ ਨਹੀਂ ਸੀ। ਅਜਿਹੇ ਅਭਿਆਸ ਨੇ ਬੱਚਿਆਂ ‘ਚ ਇਹ ਧਾਰਨਾ ਪੱਕੀ ਕੀਤੀ ਕਿ ਸੱਚ ਤੱਕ ਪਹੁੰਚਣ ਵਾਲ਼ਾ ਰਾਹ ਸਿੱਧਾ-ਸਪਾਟ ਨਹੀਂ ਹੁੰਦਾ ਬਲਕਿ ਕਰੜੀ ਜਦੋ-ਜਹਿਦ ਰਾਹੀਂ ਉਸ ਤੱਕ ਪਹੁੰਚਣਾ ਪੈਂਦਾ ਹੈ। ਜਿਵੇਂ, ਬੱਚੇ, ਸਭ ਤੋਂ ਪਹਿਲਾਂ ਪ੍ਰਕਿਰਤੀ ਵਿਚਲੀਆਂ ਪ੍ਰਤੱਖ ਦਿਸਦੀਆਂ ਸਭ ਵਸਤਾਂ ਵਿੱਚ ਇੱਕ ਮੋਟਾ ਜਿਹਾ ਫ਼ਰਕ ਕਰਦੇ ਹਨ ਕਿ ਕੁਝ ਚੀਜ਼ਾਂ ਜਾਨਦਾਰ ਹਨ ਅਤੇ ਕੁਝ ਬੇਜਾਨ ਅਤੇ ਇਨ੍ਹਾਂ ਦੀ ਅਲੱਗ-ਅਲੱਗ ਸੂਚੀ ਬਣਾਉਂਦੇ ਹਨ। ਬੱਚਿਆਂ ਦੀ ਚਿੰਤਨ ਪ੍ਰਕਿਰਿਆ ‘ਤੇ ਅਧਿਆਪਕ ਦੀ ਪੂਰੀ ਨਜ਼ਰ ਰਹਿੰਦੀ ਹੈ ਅਤੇ ਉਹ ਸਮੇਂ-ਸਮੇਂ ‘ਤੇ ਬੱਚਿਆਂ ਨੂੰ ਸੋਚਣ ਲਈ ਉਕਸਾਉਂਦਾ ਹੈ। ਜਦੋਂ ਉਹ ਬੱਚਿਆਂ ਨੂੰ ਪੁੱਛਦਾ ਹੈ ਕਿ ਜਾਨਦਾਰ ਨੂੰ ਬੇਜਾਨ ਤੋਂ ਕੀ ਨਿਖੇੜਦਾ ਹੈ? ਤਾਂ ਇੱਕ ਵਾਰ ਚੁੱਪ ਛਾ ਜਾਂਦੀ ਹੈ, ਬੱਚੇ ਯਕਦਮ ਉੱਤਰ ਨਹੀਂ ਦੇ ਸਕਦੇ। ਪਰ ਇਸ ਸਵਾਲ ਦੇ ਸਨਮੁੱਖ ਬੱਚਿਆਂ ਦਾ ਧਿਆਨ ਫਿਰ ਵਸਤਾਂ ਵੱਲ ਪਰਤਦਾ ਹੈ ਅਤੇ ਜਾਨਦਾਰ ਤੇ ਬੇਜਾਨ ਵਿੱਚ ਫ਼ਰਕ ਨੋਟ ਕਰਨ ਲਈ ਉਹ ਦਿਮਾਗ ‘ਤੇ ਜ਼ੋਰ ਪਾਉਂਦੇ ਹਨ। ਇੱਕ ਬੱਚੇ ਨੇ ਕਿਹਾ ਕਿ ਜਾਨਦਾਰ ਚੀਜ਼ਾਂ ਚਲਦੀਆਂ ਅਤੇ ਹਿਲਦੀਆਂ ਹਨ ਪਰ ਬੇਜਾਨ ਨਹੀਂ, ਯਾਨੀ ਉਨ੍ਹਾਂ ਨੇ ‘ਹਰਕਤ’ ਨੂੰ ਮੁੱਖ ਫ਼ਰਕ ਦੱਸਿਆ। ਜਦੋਂ ਸਭ ਬੱਚਿਆਂ ਨੇ ਇਸ ਉੱਪਰ ਵਿਚਾਰ ਕੀਤੀ ਤਾਂ ਤੁਰੰਤ ਹੀ ਇਸ ਸਮਝ ਨੂੰ ਚੁਣੌਤੀ ਮਿਲ਼ ਗਈ। ਕੁਝ ਬੱਚਿਆਂ ਨੇ ਨੋਟ ਕੀਤਾ ਕਿ ਪਾਣੀ ਉੱਪਰ ਤੈਰਦੀ ਲੱਕੜ ‘ਹਰਕਤ’ ਵਿੱਚ ਹੈ ਪਰ ਜਿਉਂਦੀ ਨਹੀਂ, ਟਰੈਕਟਰ ਚਲਦਾ ਹੈ ਪਰ ਜਾਨਦਾਰ ਨਹੀਂ ਤੇ ਇਸੇ ਤਰ੍ਹਾਂ ਹੋਰ ਕਈ ਕੁੱਝ। ਫ਼ਰਕ ‘ਹਰਕਤ’ ਨਹੀਂ ਹੈ। ਫਿਰ ਕਿਸੇ ਬੱਚੇ ਨੇ ਦਿਮਾਗ ‘ਤੇ ਜ਼ੋਰ ਪਾਉਂਦਿਆਂ ਕਿਹਾ ਕਿ ਜਾਨਦਾਰ ਵਧਦਾ ਹੈ, ਬੇਜਾਨ ਨਹੀਂ। ਇਸ ਨਵੇਂ ਵਿਚਾਰ ਦੀ ਪ੍ਰਮਾਣਿਕਤਾ ਤੇ ਪੁਸ਼ਟੀ ਲਈ ਬੱਚੇ ਫਿਰ ਚੀਜ਼ਾਂ ਵੱਲ ਪਰਤਦੇ ਹਨ। ਆਪਣੇ ਮਾਹਿਰ ਅਧਿਆਪਕ ਦੀ ਹਾਜ਼ਰੀ ਵਿੱਚ ਬੱਚਿਆਂ ਦੀ ਇਹ ਚਰਚਾ ਤੇ ਜੱਦੋ-ਜ਼ਹਿਦ ਇਸ ਤੱਥ ਤੱਕ ਅੱਪੜਦੀ ਹੈ ਕਿ ਹਰ ਜਾਨਦਾਰ ਸ਼ੈਅ, ਬੇਜਾਨ ਉੱਪਰ ਨਿਰਭਰ ਹੈ ਅਤੇ ਸੂਰਜ ਤੇ ਪਾਣੀ ਜੀਵਨ ਦਾ ਅਧਾਰ ਹਨ। ਇਸੇ ਤਰ੍ਹਾਂ ਸੁਖੋਮਲਿੰਸਕੀ ਪ੍ਰਕਿਰਤੀ ਵਿਚਲੀਆਂ ਚੀਜ਼ਾਂ ਤੋਂ ਮਨੁੱਖ ਦੁਆਰਾ ਸਿਰਜਿਤ ਚੀਜ਼ਾਂ ਵੱਲ ਬੱਚਿਆਂ ਦਾ ਧਿਆਨ ਦਿਵਾਉਂਦਾ ਹੈ ਕਿ ਇਹ ਸਮਾਜ ਕਿਰਤ ਨਾਲ਼ ਚਲਦਾ ਹੈ। ਇਸੇ ਕਰਕੇ ਉਹ ਕਿਰਤ ਨੂੰ ਪੜ੍ਹਾਈ ਦੇ ਇੱਕ ਜ਼ਰੂਰੀ ਅੰਗ ਵਜੋਂ ਲੈਂਦਾ ਹੈ। ਉਹਦਾ ਮੰਨਣਾ ਹੈ ਕਿ ‘ਬੱਚਿਆਂ ਲਈ ਕਿਰਤ ਆਪਣੇ-ਆਪ ਵਿੱਚ ਮੰਤਵ ਨਹੀਂ, ਸਗੋਂ ਵਿੱਦਿਅਕ ਅਮਲ ਵਿੱਚ ਅਨੇਕ ਵੱਖ-ਵੱਖ ਮੰਤਵ (ਸਮਾਜੀ, ਵਿਚਾਰਧਾਰਕ, ਸਦਾਚਾਰਕ, ਬੌਧਿਕ, ਰਚਨਾਤਮਕ, ਸੁਹਜ-ਸੁਆਦ ਸੰਬੰਧੀ ਅਤੇ ਭਾਵੁਕਤਾ) ਪ੍ਰਾਪਤ ਕਰਨ ਦਾ ਸਾਧਨ ਹੈ।’

ਉਪਰੋਕਤ ਸੰਦਰਭ ਵਿੱਚ ਕੋਈ ਸ਼੍ਰੇਣੀ ਕਮਰਾ ਜਾਂ ਕਿਤਾਬ ਸਮੁੱਚੇ ਰੂਪ ‘ਚ ਅਜਿਹੇ ਗਿਆਨ ਦਾ ਬਦਲ ਨਹੀਂ ਹੋ ਸਕਦੀ ਜੋ ਪ੍ਰਕਿਰਤੀ ਤੇ ਸਮਾਜ ਦੇ ਸਿੱਧੇ ਸੰਪਰਕ ਵਿੱਚੋਂ ਹਾਸਲ ਹੁੰਦਾ ਹੈ, ਜਿੱਥੇ ਸਭ ਚੀਜ਼ਾਂ ਅੰਤਰ-ਸਬੰਧਿਤ ਦਿਸਦੀਆਂ ਹਨ। ਇਸ ਗੱਲ ਦਾ ਮਤਲਬ ਸ਼੍ਰੇਣੀ ਕਮਰੇ ਜਾਂ ਕਿਤਾਬ ਦੇ ਮਹੱਤਵ ਨੂੰ ਖਾਰਜ ਕਰਨਾ ਜਾਂ ਅਭਿਆਸਵਾਦ ਦੀ ਗਲਤੀ ਕਰਨਾ ਹਰਗਿਜ਼ ਨਹੀਂ। ਬਲਕਿ ਸੱਚ ਇਹ ਹੈ ਕਿ ਅਸੀਂ ਬਹੁਤ ਸਾਰੇ ਗਿਆਨ ਅਸਿੱਧੇ ਤਜ਼ਰਬਿਆਂ ਵਿੱਚੋਂ (ਜੋ ਕਿਸੇ ਨਾ ਕਿਸੇ ਦਾ ਸਿੱਧਾ ਤਜ਼ਰਬਾ ਹੁੰਦਾ ਹੈ) ਕਿਤਾਬਾਂ-ਭਾਸ਼ਾਵਾਂ ਰਾਹੀਂ ਹੀ ਹਾਸਲ ਕਰਦੇ ਹਾਂ। ਇਹ ਅਸਿੱਧੇ ਤਜ਼ਰਬੇ ਲਿਖਣਾ-ਪੜ੍ਹਨਾ ਸਿੱਖਣਾ, ਚਿੱਤਰ ਵਾਹੁਣੇ ਅਤੇ ਪ੍ਰਕਿਰਤੀ ਤੇ ਸਮਾਜ ਬਾਰੇ ਮਨ ਭਾਉਂਦੇ ਲੇਖ ਲਿਖਣ ਦੇ ਕੰਮ ਲਈ ਸ਼੍ਰੇਣੀ ਕਮਰਾ ਚੰਗੀ ਥਾਂ ਹੋ ਸਕਦੀ ਹੈ ਕਿਉਂਕਿ ਬੱਚਿਆਂ ਲਈ ਬੌਧਿਕ ਕਿਰਤ ਤੇ ਲੋੜੀਂਦਾ ਅਨੁਸ਼ਾਸ਼ਨ ਵੀ ਜ਼ਰੂਰੀ ਹੈ। ਪਰ ਅਸੀਂ ਇਸਦਾ ਤਾਲਮੇਲ ਅਤੇ ਅਨੁਪਾਤ ਬੁਰੀ ਤਰ੍ਹਾਂ ਵਿਗਾੜ ਦਿੱਤਾ ਹੈ। ਅੱਜ ਸਾਡੇ ਦੇਸ਼ ਵਿੱਚ ਸਕੂਲ ਦਾ ਅਰਥ ਉਹ ਇਮਾਰਤ ਹੈ, ਜਿੱਥੇ, ਬੱਚੇ ਦੀ ਆਤਮਕ ਦੁਨੀਆਂ ਦੇ ਸਭ ਪੱਖਾਂ ਨੂੰ ਮਧੋਲ਼ ਕੇ, ਅੰਨ੍ਹੇ ਮੁਕਾਬਲੇ ਅਤੇ ਮੁਨਾਫ਼ੇ ਲਈ, ਅਜਿਹਾ ‘ਜੀਵ’ ਤਿਆਰ ਕਰਨਾ ਹੁੰਦਾ ਹੈ, ਜੋ ਆਪਣੇ ਪੈਰਾਂ ਤੋਂ ਅੱਗੇ ਨਾ ਵੇਖ ਸਕਦਾ ਹੋਵੇ। ਅਜੋਕੀ ਸਰਮਾਏਦਾਰੀ ਦਾ ਰੀਂਘ ਰਿਹਾ ਰਥ, ਹੁਣ ਜਿੱਥੇ ਜਾ ਫਸਿਆ ਹੈ, ਉਥੋਂ ਇਸ ਤੋਂ ਇਹੀ ਉਮੀਦ ਕਰੀ ਜਾ ਸਕਦੀ ਹੈ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 48, ਫਰਵਰੀ 2016 ਵਿਚ ਪਰ੍ਕਾਸ਼ਤ

Advertisements