ਸਾਡਾ ਇਤਿਹਾਸ •ਅਲੈਗਜ਼ੈਂਡਰ ਹਰਜ਼ਨ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਰੂਸ ਦੇ ਲੋਕਾਂ ਦਾ ਅਤੀਤ ਹਨੇਰੇ ਵਿੱਚ ਲੁਕਿਆ ਹੈ, ਉਹਨਾਂ ਦਾ ਵਰਤਮਾਨ ਭਿਆਨਕ ਹੈ। ਪਰ ਭਵਿੱਖ ਉੱਤੇ ਉਹਨਾਂ ਦੇ ਦਾਅਵੇ ਨੂੰ ਕੋਈ ਖੋਹ ਨਹੀਂ ਸਕਦਾ। ਵਰਤਮਾਨ ਉਹਨਾਂ ਲਈ ਅਮਿੱਟ ਅਤੇ ਅਡਿੱਗ ਨਹੀਂ ਹੈ। ਸਾਹਸ ਨਾਲ਼ ਉਹ ਭਵਿੱਖ ਤੋਂ ਬਹੁਤ ਕੁਝ ਹਾਸਲ ਕਰਨ ਦੀ ਉਮੀਦ ਕਰਦੇ ਹਨ ਕਿਉਂਕਿ ਅਤੀਤ ਨੇ ਉਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਹੈ!

ਰੂਸ ਵਿੱਚ ਇੱਕ ਪਰੀ-ਕਹਾਣੀ ਕੋਨੇ-ਕੋਨੇ ਤੱਕ ਪ੍ਰਚਲਿਤ ਹੈ। ਇਹ ਕਹਾਣੀ ਇੱਕ ਜ਼ਾਰ ਬਾਰੇ ਹੈ। ਉਸ ਨੂੰ ਆਪਣੀ ਪਤਨੀ ਉੱਤੇ ਸ਼ੱਕ ਸੀ ਕਿ ਉਹ ਦੁਰਾਚਾਰੀ ਹੈ। ਉਸਨੇ ਉਸਨੂੰ ਅਤੇ ਉਸਦੇ ਪੁੱਤਰ ਨੂੰ ਇੱਕ ਪੀਪੇ ਵਿੱਚ ਬੰਦ ਕੀਤਾ, ਉੱਤੇ ਮੋਹਰ ਲਗਵਾਈ ਅਤੇ ਪੀਪੇ ਨੂੰ ਸਮੁੰਦਰ ਵਿੱਚ ਸੁੱਟਵਾ ਦਿੱਤਾ।

ਵਰ੍ਹਿਆਂ-ਬੱਧੀ ਪੀਪਾ ਸਮੁੰਦਰ ਦੀਆਂ ਲਹਿਰਾਂ ਦੇ ਥਪੇੜੇ ਖਾਂਦਾ ਰਿਹਾ ਅਤੇ ਵਹਿੰਦਾ ਰਿਹਾ।

ਇਸੇ ਦੌਰਾਨ, ਜ਼ਾਰੇਵਿਚ, ਜ਼ਾਰੀਨਾ ਦਾ ਪੁੱਤਰ, ਦਿਨੋ-ਦਿਨ ਨਹੀਂ, ਸਗੋਂ ਹਰ ਘੜੀ ਹਰ ਪਲ ਵੱਡਾ ਹੁੰਦਾ ਜਾ ਰਿਹਾ ਸੀ, ਅਤੇ ਉਸਦਾ ਸਿਰ ਤੇ ਪੈਰ ਪੀਪੇ ਵਿੱਚ ਸਮਾ ਨਹੀਂ ਰਹੇ ਸਨ। ਹਰ ਲੰਘਦੇ ਦਿਨ ਉਹ ਵਧੇਰੇ ਤੋਂ ਵਧੇਰੇ ਘੁਟਣ ਮਹਿਸੂਸ ਕਰਦਾ ਸੀ। ਅੰਤ ਵਿੱਚ ਉਸਨੇ ਆਪਣੀ ਮਾਂ ਨੂੰ ਕਿਹਾ:

“ਰਾਣੀ ਮਾਂ, ਮੈਨੂੰ ਪੈਰ ਪਸਾਰਨ ਅਤੇ ਖੁੱਲ੍ਹ ਕੇ ਸਾਹ ਲੈਣ ਦੀ ਆਗਿਆ ਦਿਓ।”

“ਮੇਰੇ ਲਾਲ!”  ਜ਼ਾਰੀਨਾ ਨੇ ਉੱਤਰ ਦਿੱਤਾ, “ਅਜਿਹਾ ਨਹੀਂ ਕਰਦੇ, ਪੀਪਾ ਟੁੱਟ ਜਾਵੇਗਾ ਅਤੇ ਸਮੁੰਦਰ ਦਾ ਖਾਰਾ ਪਾਣੀ ਤੈਨੂੰ ਨਿਗਲ ਜਾਵੇਗਾ।”

ਜ਼ਾਰੇਵਿਚ ਕੁਝ ਪਲ ਚੁੱਪ ਰਿਹਾ। ਫਿਰ ਕੁਝ ਸੋਚ ਕੇ ਉਸਨੇ ਕਿਹਾ:

“ਨਹੀਂ ਮਾਂ, ਮੈਥੋਂ ਹੁਣ ਰਿਹਾ ਨਹੀਂ ਜਾਂਦਾ। ਇੱਕ ਵਾਰ ਪੈਰ ਪਸਾਰ ਕੇ ਅਜ਼ਾਦੀ ਨਾਲ਼ ਸਾਹ ਤਾਂ ਲੈ ਲਵਾਂਗਾ, ਫਿਰ ਜਿਹੜਾ ਕੁਝ ਹੋਣਾ ਹੋਵੇ ਪਿਆ।”

ਇਸ ਛੋਟੀ ਕਹਾਣੀ ਵਿੱਚ… ਸਾਡਾ ਸਮੁੱਚਾ ਇਤਿਹਾਸ ਪਿਆ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 20-21, ਸਾਲ 5, 1 ਦਸੰਬਰ ਤੇ 16 ਦਸੰਬਰ 2016 (ਸੰਯੁਕਤ ਅੰਕ)  ਵਿੱਚ ਪ੍ਰਕਾਸ਼ਤ

 

Advertisements