ਸ਼ਬਦਾਂ ਦੇ ਬਚਾਅ ‘ਚ •ਏਦੁਆਰਦੋ ਗਾਲਿਆਨੋ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਜਦੋਂ ਕੋਈ ਲਿਖਦਾ ਹੈ ਤਾਂ ਉਹ ਸੰਵਾਦ ਸਥਾਪਤ ਕਰਨ ਅਤੇ ਦੂਜਿਆਂ ਨਾਲ਼ ਦਿਲ ਖੋਲਣ ਲਈ ਲਿਖਦਾ ਹੈ, ਉਸ ਚੀਜ਼ ਦੀ ਨਿੰਦਾ ਕਰਨ ਲਈ ਲਿਖਦਾ ਹੈ ਜੋ ਉਸਨੂੰ ਤਕਲੀਫ ਦਿੰਦੀ ਹੈ ਅਤੇ ਉਸਨੂੰ ਸਾਂਝੀ ਕਰਨ ਲਈ ਜੋ ਉਸਨੂੰ ਖੁਸ਼ੀ ਦਿੰਦੀ ਹੈ। ਉਹ ਆਪਣੀ ਇਕੱਲਤਾ ਤੇ ਦੂਜਿਆਂ ਦੇ ਇਕੱਲਤਾ ਵਿਰੁੱਧ ਲਿਖਦਾ ਹੈ। ਉਹ ਇਹ ਮੰਨਕੇ ਚਲਦਾ ਹੈ ਕਿ ਸਾਹਿਤ ਗਿਆਨ ਦਾ ਪਸਾਰ ਕਰਦਾ ਹੈ ਅਤੇ ਉਹਨਾਂ ਦੀ ਭਾਸ਼ਾ ਅਤੇ ਵਿਹਾਰ ਨੂੰ ਪ੍ਰਭਾਵਿਤ ਕਰਦਾ ਹੈ ਜੋ ਉਸਨੂੰ ਪੜ੍ਹਦੇ ਹਨ… ਉਹ, ਅਸਲ ਵਿੱਚ ਉਹਨਾਂ ਲੋਕਾਂ ਲਈ ਲਿਖਦਾ ਹੈ ਜਿਹਨਾਂ ਦੀ ਕਿਸਮਤ ਤੇ ਬਦਕਿਸਮਤੀ ਨਾਲ਼ ਉਹ ਖੁਦ ਨੂੰ ਜੋੜਦਾ ਹੈ ਦੁਨੀਆਂ ਦੇ ਭੁੱਖੇ, ਅਣਗੌਲੇ, ਵਿਦਰੋਹੀ ਤੇ ਬਦਕਿਸਮਤੇ ਲੋਕ… ਅਤੇ ਉਹਨਾਂ ਵਿੱਚੋਂ ਜਿਆਦਾਤਰ ਅਨਪੜ੍ਹ ਹਨ।

…ਤਾਂ ਸਾਡੇ ਵਿੱਚੋਂ ਉਹ ਲੋਕ ਇਸ ਹਕੀਕਤ ਦੇ ਸੰਦਰਭ ਵਿੱਚ ਕਿਵੇਂ ਆਪਣਾ ਕੰਮ ਕਰ ਸਕਦੇ ਹਨ ਜੋ ਇੱਕ ਅਜਿਹੇ ਸਾਹਿਤ ਦੇ ਖੇਤਰ ਵਿੱਚ ਕੰਮ ਕਰਨਾ ਚਾਹੁੰਦੇ ਹਨ ਜੋ ਬੇਅਵਾਜ਼ ਲੋਕਾਂ ਦੀ ਅਵਾਜ਼ ਸੁਣਨ ਵਿੱਚ ਮਦਦ ਕਰਦਾ ਹੈ? ਕੀ ਅਸੀਂ ਇਸ ਗੂੰਗੇ-ਬੋਲੇ ਸੱਭਿਆਚਾਰ ਦੇ ਦੌਰ ਵਿੱਚ ਆਪਣੀ ਗੱਲ ਕਹਿ ਸਕਦੇ ਹਾਂ? ਲੇਖਕਾਂ ਨੂੰ ਜੋ ਥੋੜੀ-ਬਹੁਤ ਛੋਟ ਹਾਸਲ ਹੈ ਕੀ ਇਹ ਕਦੇ-ਕਦੇ ਸਾਡੀ ਅਸਫਲਤਾ ਦਾ ਸਬੂਤ ਨਹੀਂ ਬਣ ਜਾਂਦੀ? ਅਸੀਂ ਕਿੰਨੀ ਦੂਰ ਜਾ ਸਕਦੇ ਹਾਂ? ਅਸੀਂ ਕਿਹੜੇ ਲੋਕਾਂ ਤੱਕ ਪਹੁੰਚ ਸਕਦੇ ਹਾਂ?

… ਕੀ ਇਸ ਦੌਰ ਵਿੱਚ ਸਾਹਿਤ ਚੇਤਨਾ ਨੂੰ ਜਗਾਉਣ, ਪਛਾਣ ਨੂੰ ਉਘਾੜਨ ਨਾਲੋਂ ਬਿਹਤਰ ਕੰਮ ਦਾ ਦਾਅਵਾ ਕਰ ਸਕਦਾ ਹੈ…? ਇਹਨਾਂ ਦੇਸ਼ਾਂ ਵਿੱਚ?

…. ਲਾਤੀਨੀ ਅਮਰੀਕਾ ਦੇ ਲੇਖਕਾਂ ਦੇ ਤੌਰ ‘ਤੇ ਸਾਡੀ ਆਪਣੀ ਕਿਸਮਤ ਇਹਨਾਂ ਗੰਭੀਰ ਸਮਾਜਿਕ ਤਬਦੀਲੀਆਂ ਨਾਲ਼ ਜੁੜੀ ਹੋਈ ਹੈ। ਆਪਣੀ ਗੱਲ ਕਹਿਣਾ ਖੁਦ ਨੂੰ ਗਵਾ ਦੇਣਾ ਹੈ – ਇਹ ਸਪੱਸ਼ਟ ਦਿਸਦਾ ਹੈ ਕਿ ਸੁਚਾਰੂ ਢੰਗ ਨਾਲ਼ ਸੰਵਾਦ ਰਚਾਉਣ ਦੀ ਕੋਸ਼ਿਸ਼ ਵਿੱਚ ਸਾਹਿਤ ਅੱਗੇ ਉਦੋਂ ਤੱਕ ਅੜਿੱਕਾ ਡਾਹੁਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੇਗੀ … ਜਦੋਂ ਤੱਕ ਅਨਪੜ੍ਹਤਾ ਅਤੇ ਗਰੀਬੀ ਬਰਕਰਾਰ ਹੈ ਅਤੇ ਜਦੋਂ ਤੱਕ ਸੱਤ੍ਹਾ ‘ਤੇ ਕਾਬਜ ਲੋਕ … ਸੰਚਾਰ ਸਾਧਨਾਂ ਜ਼ਰੀਏ ਆਪਣੀ ਸਮੂਹਿਕ ਜੜਬੁੱਧੀ ਨੀਤੀਆਂ ਨੂੰ ਲਗਾਤਾਰ ਥੋਪਦੇ ਰਹਿਣਗੇ।

… ਸਾਡੇ ਇਹਨਾਂ ਦੇਸ਼ਾਂ ਵਿੱਚ ਮਹਾਨ ਤਬਦੀਲੀਆਂ, ਵੱਡੀਆਂ ਢਾਂਚਾਗਤ ਤਬਦੀਲੀਆਂ, ਜਰੂਰ ਵਾਪਰਨਗੀਆਂ ਜੇ ਅਸੀਂ ਲੇਖਕ ਧਨਾਢ ਜਮਾਤ ਤੋਂ ਅੱਗੇ ਜਾਈਏ, ਜੇ ਅਸੀਂ ਖੁਦ ਨੂੰ ਪ੍ਰਗਟ ਕਰੀਏ… ਇੱਕ ਬੰਦ ਸਮਾਜ ਵਿੱਚ ਅਜ਼ਾਦ ਸਾਹਿਤ ਦੀ ਹੋਂਦ ਸਿਰਫ ਨਿੰਦਾ ਕਰਨ ਅਤੇ ਉਮੀਦ ਦੇ ਰੂਪ ‘ਚ ਹੀ ਕਾਇਮ ਰਹਿ ਸਕਦੀ ਹੈ।

… ਅਸੀਂ ਉਹੀ ਹਾਂ ਜੋ ਅਸੀਂ ਕਰਦੇ ਹਾਂ, ਖਾਸ ਤੌਰ ‘ਤੇ ਉਹ ਜੋ ਅਸੀਂ ਖੁਦ ਨੂੰ ਬਦਲਣ ਲਈ ਕਰਦੇ ਹਾਂ… ਇਸ ਸੰਦਰਭ ‘ਚ ਪਹਿਲਾਂ ਤੋਂ ਹੀ ਕਾਇਲ ਲੋਕਾਂ ਲਈ ਲਿਖਿਆ ਗਿਆ “ਇਨਕਲਾਬੀ” ਸਾਹਿਤ ਓਨਾ ਹੀ ਵਿਅਰਥ ਹੈ ਜਿੰਨਾ ਕਿ …. ਆਤਮ ਕੇਂਦਰਤ ਚਿੰਤਨ ਲਈ ਸਮਰਪਿਤ ਰੂੜੀਵਾਦੀ ਸਾਹਿਤ।

ਸਾਡਾ ਕਾਰਗਰ ਹੋਣਾ ਸਾਡੀ ਨਿਡਰਤਾ, ਚਲਾਕੀ, ਸਪੱਸ਼ਟਤਾ ਅਤੇ ਦੂਜਿਆਂ ਨੂੰ ਆਪਣੇ ਵੱਲ ਖਿੱਚਣ ਦੀ ਸਮਰੱਥਾ ‘ਤੇ ਨਿਰਭਰ ਕਰਦਾ ਹੈ। ਮੈਨੂੰ ਉਮੀਦ ਹੈ ਕਿ ਅਸੀਂ ਇੱਕ ਅਜਿਹੀ ਭਾਸ਼ਾ ਦੀ ਸਿਰਜਣਾ ਕਰ ਸਕਦੇ ਹਾਂ ਜੋ ਹਨ੍ਹੇਰੇ ਦਾ ਸਵਾਗਤ ਕਰਨ ਵਾਲ਼ੀ ਰਵਾਇਤੀ ਲੇਖਕਾਂ ਦੀ ਭਾਸ਼ਾ ਤੋਂ ਕਿਤੇ ਵਧੇਰੇ ਨਿਡਰ ਅਤੇ ਸੋਹਣੀ ਹੋਵੇਗੀ।

… ਲਾਤੀਨੀ ਅਮਰੀਕਾ ਵਿੱਚ ਇੱਕ ਸਾਹਿਤ ਅਕਾਰ ਲੈ ਰਿਹਾ ਹੈ ਅਤੇ ਮਜ਼ਬੂਤੀ ਹਾਸਲ ਕਰ ਰਿਹਾ ਹੈ, ਇੱਕ ਸਾਹਿਤ … ਜੋ ਸਾਡੇ ਮੁਰਦਿਆਂ ਨੂੰ ਦਫਨਾਉਣ ਦੀ ਗੱਲ ਨਹੀਂ ਕਰਦਾ ਸਗੋਂ ਉਹਨਾਂ ਨੂੰ ਅਮਰ ਕਰ ਦਿੰਦਾ ਹੈ, ਜੋ ਰਾਖ ਦੇ ਢੇਰ ਨੂੰ ਫਰੋਲ਼ਦਾ ਨਹੀਂ ਸਗੋਂ ਅੱਗ ਲਾਉਣ ਦੀ ਕੋਸ਼ਿਸ਼ ਕਰਦਾ ਹੈ… ਸ਼ਾਇਦ ਆਉਣ ਵਾਲ਼ੀਆਂ ਨਸਲਾਂ ਲਈ … “ਸਭ ਚੀਜ਼ਾਂ ਦੇ ਹਕੀਕੀ ਅਰਥ” ਸੁਰੱਖਿਅਤ ਰੱਖਣ ‘ਚ ਮਦਦ ਕਰੇਗਾ।

ਏਦੁਆਰਦੋ ਗਾਲਿਆਨੋ, 1978
ਡੇਜ ਐਂਡ ਨਾਈਟਸ ਆਫ ਲਵ ਐਂਡ ਵਾਰ (1983) ਵਿੱਚੋਂ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 20-21, ਸਾਲ 5, 1 ਦਸੰਬਰ ਤੇ 16 ਦਸੰਬਰ 2016 (ਸੰਯੁਕਤ ਅੰਕ)  ਵਿੱਚ ਪ੍ਰਕਾਸ਼ਤ

 

Advertisements