ਆਰ.ਐੱਸ.ਐੱਸ.- ਭਾਜਪਾ ਦੇ ਵਿਕਾਸ ਦਾ ਸੱਚ

13

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਇਸ ਮੁਲਕ ਦੇ ਲੋਕਾਂ ਨੇ 2014 ਲੋਕ ਸਭਾ ਚੋਣਾਂ ਵਿੱਚ ਮੋਦੀ ਲਾਣੇ ਨੂੰ ਵਿਕਾਸ-ਵਿਕਾਸ ਕਹਿੰਦਿਆਂ ਸੁਣਿਆ ਸੀ। ਕਾਲ਼ੇ ਧਨ ਤੋਂ ਆਉਂਣ ਆਲੇ 15 ਲੱਖ ਹਰੇਕ ਨਾਗਰਿਕ ਦੇ ਖਾਤੇ ‘ਚ ਪਾਉਂਣ ਦਾ ਵਾਅਦਾ ਕੀਤਾ ਸੀ। “ਅੱਤਵਾਦ” ਦੀ ਸਮੱਸਿਆ ਨੂੰ ਅੱਖਾਂ ਮੀਚਦਿਆਂ ਹੀ ਹੱਲ ਕਰਨ ਦੀ ਗੱਲ ਆਖੀ ਗਈ ਸੀ। ਹਰੇਕ ਨੌਜਵਾਨ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ। ਮੋਦੀ ਹਰੇਕ ਨੂੰ ਕਹਿੰਦਾ ਸੀ ‘ਅੱਛੇ ਦਿਨ ਆਏਂਗੇ’ ਬਿਲਕੁਲ ਉਵੇਂ ਹੀ ਜਿਵੇਂ ਹਿਟਲਰ ਕਹਿੰਦਾ ਸੀ ‘ਗੁਡ ਟਾਇਮਸ ਵਿਲ ਕਮ’। ਪਰ ਲੋਕਾਂ ਤੋਂ ਵੋਟਾਂ ਲੈਣ ਤੋਂ ਬਾਅਦ ਏਸ ਵਿਕਾਸ ਪੁਰਸ਼ ਬਾਰੇ ਇੱਥੋਂ ਤੱਕ ਚੁਟਕਲਾ ਚੱਲਿਆ ਕਿ “ਵਿਕਾਸ ਦਾ ਭਾਪਾ ਗਵਾਚ ਗਿਆ ਹੈ” ਕਿਉਂਕਿ ਮੋਦੀ ਫੇਰ ਵਿਦੇਸ਼ੀ ਦੌਰਿਆਂ ਵੱਲ ਨੂੰ ਹੋ ਗਿਆ। ਆਖਰ ਲੈਣ ਕੀ ਜਾਂਦਾ ਸੀ ਮੋਦੀ ਵਿਦੇਸ਼ਾਂ ਵਿੱਚ? ਉੱਥੇ ਜਾ ਕੇ ਮੋਦੀ ਕਹਿੰਦਾ ਹੈ ਕਿ, ਹੇ ਸਰਮਾਏਦਾਰੋ! ਤੁਸੀਂ ਆਉ ਇੱਥੇ ਪੈਸੇ ਲਾਉ, ਸਾਡੇ ਦੇਸ਼ ਦੇ ਸਾਧਨਾਂ ਤੇ ਗਰੀਬ ਲੋਕਾਂ ਦੀ ਸਸਤੀ ਕਿਰਤ ਨੂੰ ਲੁੱਟੋ ਤੇ ਆਪਣੀਆਂ ਤਿਜ਼ੋਰੀਆਂ ਭਰੋ। ਏਸੇ ਨੂੰ ਮੁੜ ਕੇ ‘ਮੇਕ ਇਨ ਇੰਡੀਆ’ ਦਾ ਨਾਮ ਦਿੱਤਾ ਗਿਆ। ਯਾਨਿ ਭਾਰਤ ‘ਚ ਬਣਾਉ ਮੁਨਾਫਾ ਕਮਾਉ। ਮਹਿੰਗਾਈ ਦੀ ਹਾਲਤ ਤਾਂ ਇਹ ਆ ਕਿ ਦਾਲ ਜਿਹੜੀ 70 ਰੁ ਕਿੱਲੋ ਸੀ 200 ਤੱਕ ਪਹੁੰਚੀ ਤੇ ਹੁਣ 160 ਤੇ ਮਸੀਂ ਅੱਪੜੀ ਹੈ। ਪਿਆਜ ਜਿਹੜੇ ਅਟਲ ਸਰਕਾਰ ਦੇ ਸਮੇਂ ਅਨਾਰ ਹੋ ਗਏ ਸਨ ਹੁਣ ਫੇਰ ਭਗਵੇਂ ਪ੍ਰਧਾਨ ਮੰਤਰੀ ਦੇ ਆਉਂਦਿਆਂ ਇਹਨੇ ਆਵਦਾ ਰਵੱਈਆ ਬਦਲਿਆ ਤੇ ਮਹਿੰਗੇ ਹੋ ਗਏ। ਸਸਤੇ ਪੈਟ੍ਰੋਲ ਦੇ ਬਾਵਜੂਦ ਆਮ ਬੰਦਾ ਅੱਜ ਵੀ ਮਹਿੰਗਾਈ ਤੋਂ ਔਖਾ ਹੈ। ਮੁਲਕ ਦੇ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਦਾ ਇਹ ਹਸ਼ਰ ਹੈ ਕਿ ਲੋਕ ਪਹਿਲਾਂ ਤੋਂ ਵੀ ਜ਼ਿਆਦਾ ਬੇਰੁਜ਼ਗਾਰੀ ਤੇ ਮੰਦੀ ਦੀ ਮਾਰ ਝੱਲ ਰਹੇ ਨੇ ਤੇ ਸਕਿੱਲ ਇੰਡੀਆ ਦੇ ਨਾਮ ਹੇਠ ਕਿਰਤ ਕਨੂੰਨਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਸਿੱਖਿਆ ਦੇ ਨਾਮ ਤੇ ਹਾਲਤ ਇਹ ਹੈ ਕਿ ਵਿਦਿਆਰਥੀਆਂ ਤੇ ਖੋਜਾਰਥੀਆਂ ਨੂੰ ਮਿਲ਼ਣ ਵਾਲ਼ਾ ਵਜ਼ੀਫਾ ਖ਼ਤਮ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਸਿੱਖਿਆ ਬਜਟ ਵਿੱਚ ਲਗਭਗ 17 ਫੀਸਦੀ ਕਟੌਤੀ ਕੀਤੀ ਗਈ ਤੇ ਐਂਤਕੀਂ ਉੱਚ ਸਿਖਿਆ ਵਿੱਚ 55 ਫੀਸਦੀ ਬਜਟ ਦੀ ਕਟੌਤੀ ਕੀਤੀ ਗਈ। ਸਰਕਾਰੀ ਸਿੱਖਿਆ ਨੂੰ ਜਿਵੇਂ ਇਹ ਬਰਬਾਦ ਕਰਕੇ ਪ੍ਰਾਈਵੇਟ ਸਿੱਖਿਆ ਨੂੰ ਇਹ ਸਰਕਾਰ ਵਧਾ ਰਹੀ ਹੈ ਆਉਣ ਵਾਲ਼ੇ ਦਿਨਾਂ ਵਿੱਚ ਆਮ ਗਰੀਬ ਬੰਦੇ ਦੀ ਗੱਲ ਤਾਂ ਦੂਰ ਉਹ ਲੋਕ ਜੋ ਸੋਚਦੇ ਨੇ ਕਿ ਸਾਡੇ ਜਵਾਕ ਤਾਂ ਪੈਸਿਆਂ ਦੇ ਦਮ ਤੇ ਪੜ ਲੈਣਗੇ; ਅਜਿਹੇ ਖਾਂਦੇ ਪੀਂਦੇ ਮੱਧਵਰਗੀ ਵੀ ਹੁਣ ਸੁਨਹਿਰੇ ਸੁਪਨੇ ਦੇਖਣੇ ਬੰਦ ਕਰ ਦੇਣ। ਹੁਣ ਤੱਕ ਤਾਂ ਗਰੀਬ ਕਿਸਾਨ ਮਜ਼ਦੂਰ ਆਪਣੀਆਂ ਮੰਗਾਂ ਨਾਲ਼ ਸੜਕਾਂ ਤੇ ਉੱਤਰਦੇ ਸਨ ਪਰ ਮੋਦੀ ਸਰਕਾਰ ਸਮੇਂ ਹੀਰਿਆਂ ਤੇ ਗਹਿਣਿਆਂ ਦੇ ਵਪਾਰੀ  ਵੀ ਆਪਣਿਆਂ ਕੰਮਾਂ ਤੇ ਮੰਡਰਾਉਂਦੇ ਖਤਰਿਆਂ ਨੂੰ ਭਾਂਪਦਿਆਂ ਸੜਕਾਂ ਤੇ ਹੜਤਾਲ ਕਰਨ ਉੱਤਰ ਗਏ। ਜਿਨਾਂ ਛੋਟੇ ਵਪਾਰੀਆਂ ਤੇ ਕਾਰੋਬਾਰੀਆਂ ਦੀ ਪਾਰਟੀ ਭਾਜਪਾ ਮੰਨੀ ਜਾਂਦੀ ਸੀ ਅਤੇ ਜਿੰਨਾਂ ਨੇ ਲਗਾਤਾਰ ਇਸਨੂੰ ਸੱਤਾ ਤੱਕ ਪਹੁੰਚਾਉਣ ਲਈ ਕੰਮ ਕੀਤਾ।

ਸੱਤਾ ‘ਚ ਆਉਣ ਤੋਂ ਪਹਿਲੋਂ ਸੰਘ ਭਾਜਪਾ ਦਾ ਨਾਅਰਾ ਸੀ- ‘ਪ੍ਰਚੂਨ ਵਪਾਰ ਵਿੱਚ ਐਫ.ਡੀ.ਆਈ ਨਹੀਂ ਚੱਲੇਗੀ’ ਹੁਣ ਮੋਦੀ ਸਰਕਾਰ ਨੇ ਪ੍ਰਚੂਨ ਵਪਾਰ ਦੇ ਇੱਕ ਖੇਤਰ ਵਿੱਚ ਸੌ ਫੀਸਦੀ ਐਫ.ਡੀ.ਆਈ. ਲਾਗੂ ਕਰ ਦਿੱਤੀ ਹੈ। ਇਹੋ ਨਹੀਂ ਦੇਸ਼ ਦੀ ਸੁਰੱਖਿਆ ਤੇ ਕੌਮਵਾਦ ਦਾ ਹੁੰਗਾਰਾ ਭਰਨ ਵਾਲ਼ੀ ਇਸ ਸਰਕਾਰ ਨੇ ਤਾਂ ਫੌਜ ਵਿੱਚ ਵੀ 49 ਫੀਸਦੀ ਐਫ.ਡੀ.ਆਈ. ਨੂੰ ਮਨਜ਼ੂਰੀ ਦਿੱਤੀ ਹੈ। ਇਹਨਾਂ ਦੀ ਬੇਸ਼ਰਮੀ ਦੀ ਹੱਦ ਤਾਂ ਦੇਖੋ ਜਦੋਂ ਹਰੇਕ ਵਸਨੀਕ ਦੇ ਖਾਤੇ ਵਿੱਚ 15 ਲੱਖ ਰੁਪਏ ਦੇ ਇਹਨਾਂ ਦੇ ਚੋਣ ਵਾਅਦੇ ਆਲੀ ਗੱਲ ਇਹਨਾਂ ਤੋਂ ਪੁੱਛੀ ਗਈ ਤਾਂ ਅਮਿਤ ਸ਼ਾਹ ਨੇ ਉਸਨੂੰ ‘ਚੁਣਾਵੀ ਛੁਰਲਾ’ ਕਹਿ ਦਿੱਤਾ। ਖੁਦ ਇਹਨਾਂ ਦੇ ਗੁਰੂ ਗੋਲਵਲਕਰ ਇਹਨਾਂ ਨੂੰ ਸਿਖਾਉਂਦੇ ਰਹੇ ਹਨ ਕਿ ਜੇ ਕੋਈ ਸਵੈ ਸੇਵਕ ਸਿਆਸਤ ਵਿੱਚ ਜਾਂਦਾ ਹੈ ਤਾਂ ਉਹ ਸੰਘ ਦੇ ਏਜੰਡੇ ਨੂੰ ਹੀ ਲਾਗੂ ਕਰੇ। ਇਹਨਾਂ ਲਈ ਸਿਆਸਤ ਲੋਕ ਸੇਵਾ ਨਹੀਂ ਸਗੋਂ ਸੰਘ ਦੇ ਕੱਟੜ ਹਿੰਦੂ ਕੌਮ ਦੇ ਅਭਿਆਨ ਦਾ ਹੀ ਇੱਕ ਅੰਗ ਹੈ ਜਿੱਥੇ ਇੱਕ ਮਦਾਰੀ ਦੇ ਬਾਂਦਰ ਵਾਂਗ ਨਾਟਕ ਕਰਨਾ ਹੁੰਦਾ ਹੈ। 5 ਮਾਰਚ 1960 ਨੂੰ ਇੰਦੌਰ ਵਿੱਚ ਰ.ਸ.ਸ ਦੇ ਵਿਭਾਗੀ ਤੇ ਉੱਚ ਪੱਧਰੀ ਕਾਰਕੁੰਨਾਂ ਦੇ ਇੱਕ ਕੁੱਲ ਭਾਰਤੀ ਸੰਮੇਲਨ ਵਿੱਚ “ਦਾਰਸ਼ਨਿਕ ਗੋਲਵਲਕਰ” (ਗੁਰੂ ਜੀ) ਨੇ ਕਿਹਾ ਕਿ:

“ਸਾਨੂੰ ਇਹ ਪਤਾ ਹੈ ਕਿ ਆਪਣੇ ਕੁੱਝ ਸਵੈ ਸੇਵਕ ਸਿਆਸਤ ਵਿੱਚ ਕੰਮ ਕਰਦੇ ਨੇ। ਉੱਥੇ ਉਹਨਾਂ ਨੂੰ ਇਸ ਕੰਮ ਦੀਆਂ ਜਰੂਰਤਾਂ ਦੇ ਅਨੁਕੂਲ ਜਲਸੇ, ਜਲੂਸ ਕਰਨੇ ਪੈਂਦੇ ਨੇ ਨਾਅਰੇ ਲਾਉਣੇ ਪੈਂਦੇ ਨੇ। ਇਹਨਾਂ ਸਾਰੀਆਂ ਗੱਲਾਂ ਦਾ ਸਾਡੇ ਕੰਮਾਂ ‘ਚ ਕੋਈ ਮਤਲਬ ਨਹੀਂ। ਪਰ ਨਾਟਕ ਦੇ ਪਾਤਰ ਵਾਂਗੂ ਜੋ ਭੂਮਿਕਾ ਲਈ ਹੈ ਉਸਨੂੰ ਯੋਗਤਾ ਨਾਲ਼ ਨਿਭਾਉਣਾ ਹੀ ਚਾਹੀਦਾ ਹੈ। ਪਰ ਇਸ ਨਾਟਕ ਦੀ ਭੂਮਿਕਾ ਨੂੰ ਅੱਗੇ ਵਧ ਕੇ ਕੰਮ ਕਰਦਿਆਂ ਕਦੇ ਕਦੇ ਲੋਕਾਂ ਦੇ ਮਨ ਵਿੱਚ ਅਜਿਹੇ ਕੰਮ ਲਈ ਮੋਹ ਪੈਦਾ ਹੋ ਜਾਂਦਾ ਹੈ। ਇੱਥੋਂ ਤੱਕ ਕਿ ਇਸ ਕਾਰਜ ਵਿੱਚ ਆਉਣ ਲਈ ਅਪਾਤਰ ਸਿੱਧ ਹੋ ਜਾਂਦੇ ਨੇ। ਇਹ ਚੰਗੀ ਗੱਲ ਨਹੀਂ ਹੈ। ਅੰਤ ਸਾਨੂੰ ਆਪਣੇ ਕੰਮ ਦੀ ਦ੍ਰਿੜਤਾ ਦਾ ਭਲੀ ਭਾਂਤੀ ਧਿਆਨ ਰੱਖਣਾ ਪਵੇਗਾ। ਜਰੂਰਤ ਪਵੇ ਤਾਂ ਅਸੀਂ ਅਸਮਾਨ ਤੱਕ ਵੀ ਛਲਾਂਗ ਮਾਰ ਸਕਦੇ ਹਾਂ, ਪਰ ਜੇ ਦਕਸ਼ ਦਿੱਤੀ ਤਾਂ ਦਕਸ਼ ‘ਚ ਹੀ ਖੜੇ ਹੋਵਾਂਗੇ।” (ਐਮ.ਐਸ ਗੋਲਵਲਕਰ ਸ਼੍ਰੀ ਗੁਰੂ ਜੀ ਸੰਪੂਰਨ ਦਰਸ਼ਨ, ਭਾਰਤੀ ਵਿਚਾਰ ਸਾਧਨਾ, ਨਾਗਪੁਰ ਭਾਗ-4, ਪੰਨਾਂ 4-5)

ਪਿਛਲੇ ਦੋ ਸਾਲਾਂ ਵਿੱਚ ਲੋਕਾਂ ਦਾ ਨਾਮ ਲੈ ਕੇ, ਵਿਕਾਸ ਦਾ ਨਾਮ ਲੈ ਕੇ ਇਹਨਾਂ ਨਾਟਕ ਬਾਜ਼ਾਂ ਨੇ ਇਹੀ ਕੰਮ ਕੀਤਾ ਹੈ। ਲੋਕਾਂ ਨੂੰ ਲੁੱਟੋ ਤੇ ਬਰਬਾਦ ਕਰੋ ਅਤੇ ਸਰਮਾਏਦਾਰਾਂ ਨੂੰ ਪੂਜੋ ਤੇ ਆਬਾਦ ਕਰੋ। ਅੱਜ ਭਾਰਤ ਦੀ ਗਰੀਬ ਕਿਰਤੀ ਲੋਕਾਈ ਨੂੰ ਤਾਂ ਇਹ ਸਮਝਣਾ ਹੀ ਪਵੇਗਾ ਪਰ ਛੋਟੇ ਦੁਕਾਨਦਾਰਾਂ ਅਤੇ ਮੱਧਵਰਗ ਦੇ ਖਾਂਦੇ ਪੀਂਦੇ ਹਿੱਸਿਆਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਸੰਘ ਭਾਜਪਾ ਰਾਜ ਗਰੀਬਾਂ ਦੀ ਜ਼ਿੰਦਗੀ ਨੂੰ ਤਬਾਹ ਕਰੇਗਾ ਹੀ ਪਰ ਜਿਸ ਤਰਾਂ ਨਾਲ਼ ਅੱਜ ਦੀ ਸੰਸਾਰੀ ਸਰਮਾਏਦਾਰੀ ਦੇ ਯੁੱਗ ਵਿੱਚ ਇਹ ਵੱਡੇ ਸਰਮਾਏਦਾਰਾਂ ਦੇ ਨਾਲ਼ ਖੜਾ ਹੈ ਉਸ ਵਿੱਚ ਛੋਟੇ ਦੁਕਾਨਦਾਰ ਨੂੰ ਉਜਾੜਣਾ ਉਹਨਾਂ ਦੀ ਨੀਤੀ ਹੈ। ਮੱਧਵਰਗ ਦਾ ਇੱਕ ਵੱਡਾ ਹਿੱਸਾ ਇਸ ਦੰਗਾਈ ਸੰਘ ਭਾਜਪਾ ਦੇ ਰਾਜ ਵਿੱਚ ਬੇਰੁਜ਼ਗਾਰੀ, ਅਸਿੱਖਿਅਤ ਤੇ ਹੱਤਿਆਵਾਂ ਤੋਂ ਬਿਨਾਂ ਹੋਰ ਕੁਝ ਨਹੀਂ ਹਾਸਿਲ ਕਰ ਸਕੇਗਾ। ਦੰਗਿਆਂ ਦੇ ਹਮਲੇ ਤੇ ਸੰਘੀ ਹਮਲਾਵਰਾਂ ਤੋਂ ਉਹਨਾਂ ਦੇ ਵੀ ਧੀਆਂ ਪੁੱਤ ਸੁਰੱਖਿਅਤ ਨਹੀਂ ਹਨ। ਹੁਣ ਇਹ ਤੈਅ ਕਰ ਲੈਣ ਦਾ ਸਮਾਂ ਹੈ ਤੁਸੀਂ ਦੇਸ਼ ਨੂੰ ਸੰਘ ਦੇ ਦੰਗਾ ਫਸਾਦ ਕਰਨ ਲਈ ਛੱਡ ਦਿਉਂਗੇ ਜਾਂ ਆਪਣੀ ਸੁੱਤੀ ਪਈ ਚੇਤਨਾ ਨੂੰ ਜਗਾ ਕੇ ਬਰਾਬਰੀ ਨਿਆਂਬੋਧ ਅਤੇ ਇਤਿਹਾਸਬੋਧ ਨਾਲ਼ ਭਰਪੂਰ ਇੱਕ ਬਰਾਬਰੀ ਦਾ ਸਮਾਜ ਜਿਸਦਾ ਸੁਪਨਾ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਦੇਖਿਆ ਸੀ, ਨੂੰ ਬਣਾਉਣ ਲਈ ਅੱਗੇ ਆਉਗੇ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 7, ਅੰਕ 12, 1 ਤੋਂ 15 ਅਗਸਤ 2018 ਵਿੱਚ ਪ੍ਰਕਾਸ਼ਿਤ