ਰੂਸ ਵਿੱਚ ਕੋਲ਼ਾ ਖਾਣ ਵਿਸਫੋਟ •ਮਾਨਵ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

25-28 ਫ਼ਰਵਰੀ ਦਰਮਿਆਨ ਰੂਸ ਦੀ ਰਾਜਧਾਨੀ ਮਾਸਕੋ ਤੋਂ 1600 ਕਿ.ਮੀ. ਉੱਤਰ-ਪੂਰਬ ਵਿੱਚ ਸਥਿਤ ਕੌਮੀ ਪ੍ਰਾਂਤ ਦੀ ਸੇਵੇਰਨਾਇਆ ਕੋਲ਼ਾ ਖਾਣ ਵਿੱਚ ਵਿਸਫ਼ੋਟ ਹੋਣ ਨਾਲ ਤਕਰੀਬਨ 36 ਲੋਕ ਮਾਰੇ ਗਏ ਹਨ। ਇਹਨਾਂ ਸਭਨਾਂ ਦੀ ਉਮਰ 24 ਤੋਂ 55 ਸਾਲ ਦੇ ਵਿਚਕਾਰ ਦੱਸੀ ਜਾਂਦੀ ਹੈ।  ਮੌਕੇ ਉੱਤੇ ਪਹੁੰਚੇ ਰੂਸੀ ਉਪ-ਪ੍ਰਧਾਨ ਮੰਤਰੀ ਆਰਕੇਡੀ ਦਵੋਰਕੋਵਿਚ ਅਤੇ ਕੰਪਨੀ ਮੈਨੇਜਰ ਅਨੁਸਾਰ ਇਹ ਹਾਦਸਾ ਕੁਦਰਤੀ ਕਾਰਨਾਂ ਕਰਕੇ ਹੋਇਆ ਹੈ। ਦਵੋਰਕੋਵਿਚ ਅਨੁਸਾਰ ਸਰਕਾਰੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਖਾਣ ਵਿੱਚ ਮੀਥੇਨ ਗੈਸ ਦਾ ਪੱਧਰ ਖ਼ਤਰੇ ਦੇ ਪੱਧਰ ਤੋਂ ਹੇਠਾਂ ਸੀ, ਇਸ ਲਈ ਕਾਰਨ ਦੇ ਤੌਰ ‘ਤੇ ਕੋਈ ਅਣਗਹਿਲੀ ਨਜ਼ਰ ਨਹੀਂ ਆ ਰਹੀ। ਪਰ ਅਜਿਹੇ ਵਿਸਫੋਟਾਂ ਦੇ ਮਾਹਿਰ ਮੰਨੇ ਜਾਂਦੇ ਅਲੇਕਸਾਂਦਰ ਗੇਰੂਸੋਵ ਅਨੁਸਾਰ ਜੇਕਰ ਸਾਰੇ ਸੁਰੱਖਿਆ ਪ੍ਰਬੰਧ ਸਹੀ ਕੰਮ ਕਰ ਰਹੇ ਹੋਣ ਤਾਂ ਹਾਦਸਿਆਂ ਦੀ ਸੰਭਾਵਕਤਾ ਸਿਫ਼ਰ ਹੋ ਜਾਂਦੀ ਹੈ। ਉਸ ਅਨੁਸਾਰ 90% ਖਾਣ ਹਾਦਸੇ ਮਨੁੱਖੀ ਕਾਰਕਾਂ ਕਰਕੇ ਹੁੰਦੇ ਹਨ।

ਹਾਦਸੇ ਵਿੱਚ ਮਾਰੇ ਗਏ ਮਜਦੂਰਾਂ ਦੇ ਪਰਿਵਾਰ ਵਾਲ਼ਿਆਂ ਅਤੇ ਬਚੇ ਹੋਏ ਮਜਦੂਰ ਇਹਨਾਂ ਸਰਕਾਰੀ ਦਾਅਵਿਆਂ ਨੂੰ ਸਹੀ ਨਹੀਂ ਮੰਨਦੇ। ਇੱਕ ਮਜਦੂਰ ਜੋ ਉਹਨਾਂ ਦਿਨਾਂ ਵਿੱਚ ਛੁੱਟੀ ਉੱਤੇ ਸੀ, ਉਸ ਅਨੁਸਾਰ, “ਹਰ ਕੋਈ ਜਾਣਦਾ ਹੈ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਉਸ ਜਗ੍ਹਾ ਮੀਥੇਨ ਗੈਸ ਦੀ ਭਾਰੀ ਮਾਤਰਾ ਇੱਕਠੀ ਹੋ ਚੁੱਕੀ ਸੀ ਪਰ ਕੰਪਨੀ ਪ੍ਰਸ਼ਾਸਨ ਵੱਲੋਂ ਇਸ ਬਾਬਤ ਕੁੱਝ ਵੀ ਨਹੀਂ ਕੀਤਾ ਗਿਆ।”

ਮਾਰੇ ਗਏ ਇੱਕ ਮਜਦੂਰ ਦੀ ਲੜਕੀ ਦਾਰੀਆ ਤਰਿਆਸੁਖੋ ਨੇ ਇੰਟਰਨੈੱਟ ‘ਤੇ ਹਾਦਸੇ ਤੋਂ 2 ਹਫਤੇ ਪਹਿਲਾਂ ਪਾਈ ਫੋਟੋ ਵਿੱਚ ਦਿਖਾਇਆ ਕਿ ਮੀਥੇਨ ਗੈਸ ਦਾ ਪੱਧਰ 2.5 ਸੀ ਜਦਕਿ ਰੂਸੀ ਪੈਮਾਨਿਆਂ ਅਨੁਸਾਰ ਜੇਕਰ ਇਹ ਪੱਧਰ 1 ਤੋਂ ਉੱਪਰ ਹੋ ਜਾਵੇ ਤਾਂ ਖਤਰੇ ਦੇ ਦਾਇਰੇ ਵਿੱਚ ਮੰਨਿਆ ਜਾਂਦਾ ਹੈ। ਇਸੇ ਮਜਦੂਰ ਦੀ ਪਤਨੀ ਨੇ ਦੱਸਿਆ, “ਹਾਦਸੇ ਤੋਂ ਕੁੱਝ ਹੀ ਦਿਨ ਪਹਿਲਾਂ ਮੇਰੇ ਪਤੀ ਨੇ ਦੱਸਿਆ ਸੀ ਕਿ ਚੱਟਾਨ ਫਟਣ ਦਾ ਖ਼ਤਰਾ ਹੈ। ਹਵਾ ਵਿੱਚ ਗੈਸ ਦਾ ਪੱਧਰ ਬੇਹੱਦ ਜ਼ਿਆਦਾ ਸੀ ਲੇਕਿਨ ਪ੍ਰਸ਼ਾਸਨ ਨੇ ਗੈਸ ਸੁਰੱਖਿਆ ਯੰਤਰਾਂ ਨੂੰ ਕੰਮ ਕਰਨੋਂ ਰੋਕਣ ਲਈ ਹਰ ਹਰਬਾ ਵਰਤਿਆ ਹੋਇਆ ਸੀ। ਉਹਨਾਂ ਯੰਤਰਾਂ ਨੂੰ ਲਪੇਟ ਕੇ ਦੱਬ ਰੱਖਿਆ ਸੀ। ਉਹਨਾਂ ਇਸ ਤਰ੍ਹਾਂ ਇਸ ਲਈ ਕੀਤਾ ਸੀ ਕਿਉਂਕਿ ਪੂਰਾ ਪ੍ਰਬੰਧ ਆਟੋਮੈਟਿਕ ਸੀ ਅਤੇ ਜਦੋਂ ਸੈਂਸਰ ਚਾਲੂ ਹੋ ਜਾਂਦੇ ਸਨ ਤਾਂ ਕੰਮ ਆਪਣੇ-ਆਪ ਬੰਦ ਹੋ ਜਾਂਦਾ ਸੀ। ਉਹਨਾਂ ਨੂੰ ਸਿਰਫ ਪੈਦਾਵਾਰ ਚਾਹੀਦੀ ਸੀ, ਹੋਰ ਕੁੱਝ ਨਹੀਂ। ਸੁਰੱਖਿਆ ਬਾਰੇ ਕੋਈ ਚਿੰਤਿਤ ਨਹੀਂ ਸੀ।”

ਸੇਵੇਰਨਾਇਆ ਦੇ ਇੱਕ ਹੋਰ ਵਸਨੀਕ ਮਾਡਲੇਨਾ ਨੇ ਦੱਸਿਆ ਕਿ ਪਿਛਲੇ ਕੁੱਝ ਹਫ਼ਤਿਆਂ ਤੋਂ ਲੋਕੀਂ ਜਦੋਂ ਖਾਣਾਂ ਵਿੱਚੋਂ ਕੰਮ ਕਰਕੇ ਆਉਂਦੇ ਸਨ ਤਾਂ ਉਲ਼ਟੀ, ਨੱਕ ਵਗਣਾ ਆਦਿ ਸਮੱਸਿਆਵਾਂ ਪੇਸ਼ ਆਉਂਦੀਆਂ ਸਨ। ਲੋਕਾਂ ਨੇ ਹੋਰ ਦੱਸਿਆ ਕਿ 2013 ਵਿੱਚ ਇਸਦੇ ਨਾਲ ਲਗਦੀ ਖਾਣ ਵਿੱਚ ਵਿਸਫ਼ੋਟ ਕਰਕੇ 19 ਲੋਕਾਂ ਦੀ ਜਾਨ ਚਲੀ ਗਈ ਸੀ। ਉਸ ਜਗ੍ਹਾ ਸੁਰੱਖਿਆ ਮਾਮਲੇ ਦਾ ਜੋ ਇੰਚਾਰਜ ਸੀ, ਉਸੇ ਵਿਅਕਤੀ ਨੂੰ ਉਸ ਹਾਦਸੇ ਤੋਂ ਬਾਅਦ ਸੇਵੇਰਨਾਇਆ ਕੋਲ਼ਾ ਖਾਣ ਵਿੱਚ ਇਹੀ ਜੁੰਮੇਂਵਾਰੀ ਉੱਤੇ ਲਗਾ ਦਿੱਤਾ ਗਿਆ ਸੀ।

ਭਾਵ ਅਜੇ ਤਕ ਜਿੰਨੇ ਵੀ ਤੱਥ ਸਾਹਮਣੇ ਆ ਰਹੇ ਉਹਨਾਂ ਉਸ ਤੋਂ ਇਹੀ ਸਾਫ਼ ਹੋ ਰਿਹਾ ਹੈ ਕਿ ਕਿਸ ਤਰ੍ਹਾਂ ਕੰਪਨੀ ਪ੍ਰਸ਼ਾਸਨ ਦਾ ਸਾਰਾ ਜ਼ੋਰ ਆਪਣੀ ਪੈਦਾਵਾਰ ਅਤੇ ਮੁਨਾਫ਼ਾ ਵਧਾਉਣ ਉੱਤੇ ਲੱਗਿਆ ਹੋਇਆ ਸੀ ਅਤੇ ਇਸ ਮਕਸਦ ਲਈ ਉਹ ਹਰ ਅੜਿੱਕਾ ਦੂਰ ਕਰਨਾ ਚਾਹੁੰਦੇ ਸਨ, ਜਿਵੇਂ ਕਿ ਸੁਰੱਖਿਆ ਸੈਂਸਰਾਂ ਨਾਲ ਛੇੜਖਾਨੀ, ਭਲੇ ਹੀ ਇਸ ਨਾਲ ਲੋਕਾਂ ਦੀ ਜਾਨ ਨੂੰ ਖ਼ਤਰਾ ਹੋਵੇ। 2010 ਵਿੱਚ ਰੂਸ ਦੇ ਹੀ ਇੱਕ ਹੋਰ ਇਲਾਕੇ ਵਿੱਚ ਵੀ ਜਦੋਂ ਅਜਿਹਾ ਵਿਸਫ਼ੋਟ ਹੋਇਆ ਸੀ ਤਾਂ ਇਸੇ ਤਰ੍ਹਾਂ ਦੇ ਤੱਥ ਸਾਹਮਣੇ ਆਏ ਸਨ। ਉਸ ਘਟਨਾ ਵਿੱਚ 100 ਤੋਂ ਉੱਪਰ ਲੋਕ ਮਾਰੇ ਗਏ ਸਨ।

ਸੇਵੇਰਨਾਇਆ ਕੋਲਾ ਖਾਣ, ਰੂਸ ਦੇ ਪੰਜਵੇਂ ਸਭ ਤੋਂ ਅਮੀਰ ਵਿਅਕਤੀ ਅਲੈਕਸੀ ਮੋਰਦਾਸ਼ੋਵ ਦੀ ਮਾਲਕੀ ਹੈ। ਉਸ ਦੀ ਕੁੱਲ ਜਾਇਦਾਦ 11.1 ਅਰਬ ਅਮਰੀਕੀ ਡਾਲਰ ਦੱਸੀ ਜਾਂਦੀ ਹੈ। ਇਸ ਲਈ ਮੁਸ਼ਕਿਲ ਹੀ ਹੈ ਕਿ ਉਸ ਉੱਪਰ ਕੋਈ ਕਾਰਵਾਈ ਹੋਵੇਗੀ। ਸਗੋਂ ਉਸ ਨੇ ਤਾਂ ਖਾਣ ਨੂੰ ਛੇ ਕੁ ਮਹੀਨਿਆਂ ਦੀ ਮੁਰੰਮਤ ਮਗਰੋਂ ਦੁਬਾਰਾ ਚਾਲੂ ਕਰ ਦੇਣ ਦਾ ਵੀ ਐਲਾਨ ਕੀਤਾ ਹੈ।

ਰੂਸ ਵਿੱਚ ਹੋਇਆ ਇਹ ਹਾਦਸਾ ਕੋਈ ਪਹਿਲਾ ਨਹੀਂ ਹੈ ਅਤੇ ਨਾ ਹੀ ਆਖ਼ਰੀ ਹੋਵੇਗਾ। ਹਰ ਸਾਲ ਸੰਸਾਰ ਵਿੱਚ ਕੋਲ਼ਾ ਖਾਣ ਹਾਦਸਿਆਂ ਵਿੱਚ 20,000 ਤੋਂ ਜ਼ਿਆਦਾ ਮਜਦੂਰਾਂ ਦੀ ਮੌਤ ਹੁੰਦੀ ਹੈ ਅਤੇ ਉਸ ਦਾ ਵੱਡਾ ਹਿੱਸਾ ਚੀਨ ਅੰਦਰ ਹੁੰਦਾ ਹੈ। ਲਗਾਤਾਰ ਅਜਿਹੇ ਹਾਦਸਿਆਂ ਦਾ ਪੇਸ਼ ਆਉਣਾ ਇਸ ਪੂਰੇ ਮੁਨਾਫ਼ੇ ਉੱਤੇ ਟਿਕੇ ਪ੍ਰਬੰਧ ਦਾ ਹਿੱਸਾ ਹੈ। ਹਾਦਸਿਆਂ ਤੋਂ ਬਾਅਦ ਪ੍ਰਸ਼ਾਸਨ ਅਤੇ ਸਰਕਾਰਾਂ ਵੱਲੋਂ ਸੁਰੱਖਿਆ ਨੂੰ ਲੈ ਕੇ ਫੋਕੇ ਜਿਹੇ ਫੈਸਲੇ-ਧਰਵਾਸੇ ਆਉਂਦੇ ਰਹਿੰਦੇ ਹਨ ਪਰ ਕੁੱਝ ਸਮੇਂ ਬਾਅਦ ਹੀ ਮੁਨਾਫ਼ੇ ਅੱਗੇ ਅਜਿਹੇ ਫੈਸਲਿਆਂ ਦੀ ਅਸਲ ਔਕਾਤ ਸਾਹਮਣੇ ਆ ਜਾਂਦੀ ਹੈ ਅਤੇ ਕੰਮ ਫਿਰ ਤੋਂ ਪਹਿਲਾਂ ਵਾਲੀਆਂ ਲੀਹਾਂ ਉੱਤੇ ਹੀ ਚਲਦਾ ਰਹਿੰਦਾ ਹੈ। ਇਸ ਮੁਨਾਫ਼ੇ ਉੱਤੇ ਟਿਕੇ ਪੂਰੇ ਪ੍ਰਬੰਧ ਨੂੰ ਉਖਾੜ ਕੇ ਹੀ ਅਜਿਹੇ ਹਾਦਸਿਆਂ ਦੀ ਅਣਹੋਣੀ ਨੂੰ ਬੇਹੱਦ ਘਟਾਇਆ ਜਾ ਸਕਦਾ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 50, 16 ਮਾਰਚ 2016 ਵਿਚ ਪਰ੍ਕਾਸ਼ਤ

Advertisements