ਰਿਸਦੇ ਜਖਮਾਂ ਦਾ ਪਰਤੌਅ : ਕਸ਼ਮੀਰ ਦਾ ਵਿਦਿਆਰਥੀ ਉਭਾਰ •ਛਿੰਦਰਪਾਲ

5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

15 ਅਪ੍ਰੈਲ ਨੂੰ ਡਿਗਰੀ ਕਾਲਜ ਪੁਲਵਾਨਾ ਵਿੱਚ ਭਾਰਤੀ ਫੌਜ ਵੱਲੋਂ ਵਿਦਿਆਰਥੀਆਂ ਤੇ ਕੀਤੇ ਤਸ਼ੱਦਦ ਦੇ ਵਿਰੋਧ ‘ਚ ਪੂਰੀ ਕਸ਼ਮੀਰ ਵਾਦੀ ‘ਚ ਵਿਦਿਆਰਥੀ ਸੜਕਾਂ ਤੇ ਹਨ। ਇਸ ਘਟਨਾ ਦਾ ਮੁੱਢ ਇਸ ਘਟਨਾ ਤੋਂ ਤਿੰਨ ਦਿਨ ਪਹਿਲਾਂ ਬੱਝਦਾ ਹੈ ਜਦੋਂ ਪੁਲਵਾਨਾ ਡਿਗਰੀ ਕਾਲਜ ਵਿੱਚ ਭਾਰਤੀ ਫੌਜ ‘ਸਦਭਾਵਨਾ ਮਿਸ਼ਨ’ ਤਹਿਤ ਚਿੱਤਰਕਲਾ ਪ੍ਰਦਰਸਨੀ ਲਗਾਉਣ ਆਉਂਦੀ ਹੈ। ਵਿਦਿਆਰਥੀ ਫੌਜ ਦੁਆਰਾ ਕਸ਼ਮੀਰੀ ਲੋਕਾਂ ‘ਤੇ ਕੀਤੇ ਜਾਂਦੇ ਤਸ਼ੱਦਦ ਤੇ ਦੂਜੇ ਪਾਸੇ ਵਿਖਾਈ ਜਾਂਦੀ ਅਖੌਤੀ “ਸਦਭਾਵਨਾ” ਦਾ ਮੌਕੇ ਤੇ ਹੀ ਵਿਰੋਧ ਕਰਦੇ ਹਨ ਤੇ ਮੁਜ਼ਾਹਰਾ ਕਰਦੇ ਹੋਏ ਗੁੱਸੇ ਵਿੱਚ ਆਏ ਨੌਜਵਾਨ ਪੁਲਸ ਦੀਆਂ ਗੱਡੀਆਂ ਤੇ ਪੱਥਰਬਾਜੀ ਕਰਦੇ ਹਨ। ਤਿੰਨ ਦਿਨਾਂ ਬਾਦ ਪੁਲਸ, ਸੀਆਰਪੀਐਫ ਤੇ ਫੌਜ ਨਾਲ਼ ਕਾਲਜ ਵਿੱਚ ਦਾਖਲ ਹੁੰਦੀ ਹੈ ਤੇ 12 ਅਪ੍ਰੈਲ ਨੂੰ ਪੱਥਰਬਾਜੀ ਕਰਨ ਵਾਲੇ ਵਿਦਿਆਰਥੀਆਂ ਨੂੰ ਫੜਨ ਲਈ ਹਿੰਸਕ ਕਾਰਵਾਈ ਕਰਦੀ ਹੈ। ਜਦੋਂ ਵਿਦਿਆਰਥੀ ਇਸ ਕਾਰਵਾਈ ਦਾ ਕੱਠੇ ਹੋਕੇ ਵਿਰੋਧ ਕਰਦੇ ਹਨ ਤਾਂ ਵਿਦਿਆਰਥੀਆਂ ਨੂੰ ਖਿੰਡਾਉਣ ਲਈ ਫੌਜ ਵੱਲੋਂ ਅੱਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਹਨ, ਪੈਲੇਟ ਗੰਨਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ, ਵਿਦਿਆਰਥੀਆਂ ਨੂੰ “ਸਬਕ” ਸਿਖਾਉਣ ਲਈ ਭਿਅੰਕਰ ਲਾਠੀਚਾਰਜ ਕੀਤਾ ਜਾਂਦਾ ਹੈ, ਕਲਾਸਾਂ ‘ਚੋਂ ਕੱਢਕੇ ਮੁੰਡੇ ਤੇ ਕੁੜੀਆਂ ਨੂੰ ਕੁੱਟਿਆਂ ਜਾਂਦਾ ਹੈ। ਜਿਸ ਵਿੱਚ ਇੱਕ 17 ਸਾਲਾਂ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੇ 60 ਦੇ ਕਰੀਬ ਵਿਦਿਆਰਥੀ ਬੁਰੀ ਤਰਾਂ ਫੱਟੜ ਹੋ ਜਾਂਦੇ ਹਨ।

ਇਸਤੋਂ ਮਗਰੋਂ ਕਸ਼ਮੀਰ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਵੱਲੋਂ ਵਿਦਿਆਰਥੀਆਂ ਦੀ ਹੜਤਾਲ ਦਾ ਸੱਦਾ ਦਿੱਤਾ ਜਾਂਦਾ ਹੈ ਤਾਂ ਇਸ ਘਟਨਾ ਦੇ ਵਿਰੋਧ ਵਿੱਚ ਪੂਰੀ ਵਾਦੀ ਵਿੱਚ ਵਿਦਿਆਰਥੀ ਸੜਕਾਂ ‘ਤੇ ਆ ਜਾਂਦੇ ਹਨ। ਇਸ ਉਭਾਰ ਮਗਰੋਂ ਇਸ ਵਰੇ ਨੂੰ ਭਾਰਤੀ ਕਬਜੇ ਵਾਲੇ ਕਸ਼ਮੀਰ ‘ਚ ਵਿਦਿਆਰਥੀ ਉਭਾਰ ਦਾ ਵਰਾ ਕਿਹਾ ਜਾ ਸਕਦਾ ਹੈ। ਇਸ ਮਹੀਨੇ ਦੇ ਮੁੱਢ ਤੋਂ ਹੀ ਵੱਖੋਂ ਵੱਖਰੀਆਂ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀ ਭਾਰਤੀ ਫੌਜ ਦੇ ਵਿਰੋਧ ਵਿੱਚ ਮੁਜਾਹਰੇ ਕਰ ਰਹੇ ਹਨ। ਵੈਸੇ ਤਾਂ ਕਸ਼ਮੀਰ ਵਿੱਚ ਭਾਰਤੀ ਫੌਜ ਦਾ ਵਿਰੋਧ ਕਿਸੇ ਨਾ ਕਿਸੇ ਰੂਪ ਵਿੱਚ ਪਿਛਲੇ ਲੰਮੇ ਸਮੇਂ ਤੋਂ ਹੁੰਦਾ ਹੀ ਆਉਂਦਾ ਹੈ, ਪਰ ਇਸ ਵਾਰ ਵਿਦਿਆਰਥੀਆਂ ਦਾ ਇਹ ਵਿਰੋਧ ਇਤਿਹਾਸਕ ਤਬਦੀਲੀ ਹੈ, ਕਿਉਂਕਿ ਹੁਣ ਤੱਕ ਵਿਦਿਆਰਥੀਆਂ ਨੇ ਕਦੇ ਵੀ ਇਸ ਤਰਾਂ ਸਮੂਹਿਕ ਤੌਰ ਤੇ ਸ਼ਰੇਆਮ ਸਾਹਮਣੇ ਆਕੇ ਫੌਜ ਦੁਆਰਾ ਕੀਤੇ ਜਾਂਦੇ ਜਬਰ ਦਾ ਵਿਰੋਧ ਨਹੀਂ ਕੀਤਾ ਸੀ। ਪਰ ਹੁਣ ਇਹ ਵਿਦਿਆਰਥੀ ਵਰਦੀ ਪਾਕੇ, ਮੌਢਿਆਂ ਤੇ ਬਸਤੇ ਟੰਗੀਂ ਤੇ ਹੱਥਾਂ ‘ਚ ਰੋੜੇ ਫੜੀ ਸੜਕਾਂ ਤੇ ਆ ਗਏ ਹਨ। ਵਿਰੋਧ ਕਰ ਰਹੇ ਇਹ ਵਿਦਿਆਰਥੀ ਅੱਜ ਕਸ਼ਮੀਰ ਦੀ ਮੁਕਤੀ ਦਾ ਇੱਕ ਪ੍ਰਤੀਕ ਬਣ ਚੁੱਕੇ ਹਨ। ਇਹਨਾਂ ਨੌਜਵਾਨ ਵਿਦਿਆਰਥੀਆਂ ਦੀ ਬਹਾਦਰੀ ਭਾਰਤੀ ਸੱਤਾ ਵਿਰੁੱਧ ਜੂਝ ਰਹੇ ਇਹਨਾਂ ਦੇ ਪੁਰਖਿਆਂ ਦੇ ਸੰਘਰਸ਼ਾਂ ਦਾ ਅਨੁਭਵ, ਦਰਦ ਤੇ ਅਜ਼ਾਦੀ ਦੀ ਤਾਂਘ ਬਿਆਨ ਕਰਦੀ ਹੈ ਤੇ ਇਹ ਵਿਦਿਆਰਥੀ ਹਥਿਆਰਬੰਦ ਭਾਰਤੀ ਫੌਜੀਆਂ ਸਾਹਮਣੇ ਕਿਸੇ ਡਰ-ਭੈਅ ਤੋਂ ਬਿਨਾਂ ਇਵੇਂ ਵਿਚਰ ਰਹੇ ਹਨ, ਜਿਵੇ ਕਲਾਸ ਵਿੱਚ ਕਿਸੇ ਵਿਸ਼ੇ ਦੇ ਨੋਟਸ ਲੈ ਰਹੇ ਹੋਣ। ਕਸ਼ਮੀਰ ਦੀ ਨੌਜਵਾਨ ਪੀੜੀ ਲਈ ਭਾਰਤੀ ਰਾਜਸੱਤਾ ਦੁਆਰਾ ਕੀਤੇ ਜਾਂਦੇ ਜਬਰ ਦਾ ਵਿਰੋਧ ਕਰਨਾ ਹੀ ਜਿਉਣ ਦਾ ਢੰਗ ਬਣ ਗਿਆ ਹੈ। ਹੁਣ ਤੱਕ ਪੁਲਸ ਤੇ ਵਿਦਿਆਰਥੀਆਂ ਦਰਮਿਆਨ ਹੋਈਆਂ ਝੜਪਾਂ ਵਿੱਚ ਸੈਂਕੜੇ ਵਿਦਿਆਰਥੀ ਬੁਰੀ ਤਰਾਂ ਫੱਟੜ ਹੋ ਚੁੱਕੇ ਹਨ। ਪਰ ਹਾਲੇ ਵੀ ਵਿਦਿਆਰਥੀਆਂ ਵਿਚਲਾ ਰੋਹ ਮੱਠਾ ਨਹੀਂ ਪੈ ਰਿਹਾ। ਸੋਮਵਾਰ 19 ਅਪ੍ਰੈਲ ਨੂੰ ਪੁਲਸ ਨੇ ਵਿਦਿਆਰਥੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਤੇ ਰਬੜ ਦੀਆਂ ਗੋਲੀਆਂ ਚਲਾਈਆਂ, ਪਰ ਵਿਦਿਆਰਥੀਆਂ ਅੰਦਰਲਾ ਇਹ ਗੁੱਸਾ ਖਿੰਡਣ ਦੀ ਬਜਾਏ ਹੋਰ ਜਿਆਦਾ ਤੀਬਰ ਤੇ ਜਥੇਬੰਦ ਰੂਪ ਵਿੱਚ ਸਾਹਮਣੇ ਆਇਆ ਹੈ ਤੇ ਵਿਦਿਆਰਥੀਆਂ ਅੰਦਰਲਾ ਰੋਹ ਹੋਰਾਂ ਇਲਾਕਿਆਂ ਵਿੱਚ ਵੀ ਫੈਲਿਆ ਹੈ। ਸਭ ਤੋਂ ਵੱਡੀ ਗੱਲ ਇਸ ਵਾਰ ਸਮੁੱਚੇ ਵਿਦਰੋਹ ਦੀ ਅਗਵਾਈ ਕਿਸੇ ਧਾਰਮਿਕ ਜਨੂਨੀ ਜਾਂ ਕਿਸੇ ਸਮਝੌਤਾਪ੍ਰਸਤ ਦੇ ਹੱਥ ਹੋਣ ਦੀ ਬਜਾਏ ਵਿਦਿਆਰਥੀਆਂ ਦੇ ਹੱਥਾਂ ਵਿੱਚ ਆਈ ਹੈ ਤੇ ਜਿਸਨੂੰ ਸਮੁੱਚੀ ਵਾਦੀ ਚੋਂ ਭਰਵਾਂ ਹੁੰਗਾਰਾ ਮਿਲ਼ਿਆ ਹੈ।

ਵਿਦਿਆਰਥੀਆਂ ਦੇ ਇਸ ਉਭਾਰ ਦੀ ਦੂਜੀ ਜੋ ਇਤਿਹਾਸਕ ਗੱਲ ਹੈ ਉਹ ਹੈ ਕੁੜੀਆਂ ਵੀ ਇਸ ਵਿਦਰੋਹ ਵਿੱਚ ਵਿਦਿਆਰਥੀ ਮੁੰਡਿਆਂ ਨਾਲ਼ ਮੋਢੇ ਨਾਲ਼ ਮੋਢਾ ਜੋੜ ਕੇ ਸੰਘਰਸ਼ ਵਿੱਚ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ। ਸਲਵਾਰ-ਕਮੀਜ ਤੇ ਕਾਲੇ ਬੁਰਕੇ ਪਹਿਨੀ ਇਹ ਕੁੜੀਆਂ ਨੇ ਕਸ਼ਮੀਰੀ ਸਮਾਜ ਅੰਦਰ ਔਰਤਾਂ ‘ਤੇ ਮੜੀਆਂ ਜਾਂਦੀਆਂ ਪਿਛਾਂਹਖਿੱਚੂ ਰੋਕਾਂ ਨੂੰ ਵੀ ਤੋੜਿਆ ਹੈ। ਅੱਜ ਇਹ ਵਿਦਿਆਰਥਣਾਂ ਜਿੱਥੇ ਇੱਕ ਪਾਸੇ ਹਕੂਮਤੀ ਦਹਿਸ਼ਤ ਵਿਰੁੱਧ ਭਿੜ ਰਹੀਆਂ ਹਨ ਤਾਂ ਦੂਜੇ ਪਾਸੇ ਔਰਤ ਵਿਰੋਧੀ ਰਸਮਾਂ-ਰਿਵਾਜਾਂ ਨੂੰ ਤੋੜਕੇ ਕਸ਼ਮੀਰ ਅੰਦਰ ਔਰਤਾਂ ਦੀ ਭਵਿੱਖੀ ਲਹਿਰ ਵਿੱਚ ਨਵਾਂ ਅਧਿਆਇ ਜੋੜ ਰਹੀਆਂ ਹਨ। ਅਜ਼ਾਦੀ ਦਾ ਨਾਹਰਾ ਅੱਜ ਹਰੇਕ ਕਸ਼ਮੀਰੀ ਵਿਦਿਆਰਥੀ ਦੀ ਜੁਬਾਨ ‘ਤੇ ਹੈ। ਕਸ਼ਮੀਰ ਦੇ ਵਿਦਿਆਰਥੀ ਨਾਹਰੇ ਲਾ ਰਹੇ ਹਨ- ‘ਅਸੀਂ ਜੁਲਮ ਦੇ ਖਿਲਾਫ ਹਾਂ’, ‘ਖਿਲਾਫ ਹਾਂ’, ‘ਕਾਲਜਾਂ ਵਿੱਚ ਘੁਸਣਾ ਬੰਦ ਕਰੋ’, ‘ਅਵਾਜ ਦੋ, ਹਮ ਏਕ ਹੈਂ’। ਸੜਕਾਂ ਤੇ ਉੱਤਰੇ ਇਹ ਵਿਦਿਆਰਥੀ ਕਸ਼ਮੀਰ ਦੇ ਮੁਕਤੀ ਸੰਗਰਾਮ ਵਿੱਚ ਇੱਕ ਨਵਾਂ ਪੰਨਾ ਜੋੜ ਰਹੇ ਹਨ। ਇਹ ਹੈ ਕਸ਼ਮੀਰ ਵਾਦੀ ਦੀ ਅੱਜ ਦੀ ਨਵੀਂ ਤਸਵੀਰ। ਵਿਰੋਧ ਕਰਦੇ ਵਿਦਿਆਰਥੀਆਂ ਦੀਆਂ ਪੁਲਸ ਤੇ ਫੌਜ ਨਾਲ਼ ਲਗਾਤਾਰ ਝੜਪਾ ਜਾਰੀ ਹਨ। ਸਕੂਲੀ-ਕਾਲਜਾਈ ਵਰਦੀਆਂ ਪਾਈ ਸੜਕਾਂ ‘ਤੇ ਪੱਥਰਬਾਜੀ ਕਰਦੇ ਵਿਦਿਆਰਥੀਆਂ ਨੂੰ ਪੁਲਸ-ਫੌਜ ਦੀ ਦਰਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਣੀ ਦੀ ਬੁਛਾੜਾਂ, ਅੱਥਰੂ ਗੈਸ, ਪੈਲੇਟ ਗੰਨਾਂ ਦੇ ਵਾਰ ਝੱਲਣੇ ਪੈਂਦੇ ਹਨ। ਪਰ ਇਹ ਸਭ ਵੀ ਇਹਨਾਂ ਵਿਦਿਆਰਥੀਆਂ ਦੇ ਇਰਾਦੇ ਨੂੰ ਭੰਨਣ ‘ਚ ਨਾਕਾਫੀ ਸਿੱਧ ਹੋ ਰਿਹਾ ਹੈ।

ਰਾਜਧਾਨੀ ਸ਼੍ਰੀਨਗਰ ਤੋਂ 40 ਕਿਲੋਮੀਟਰ ਦੂਰ ਪੁਲਵਾਮਾ ਜਿਲੇ ਦੇ ਕਾਲਜ ਤੋਂ ਸ਼ੁਰੂ ਹੋਕੇ ਵਿਦਿਆਰਥੀਆਂ ਦਾ ਇਹ ਵਿਦਹੋਰ ਲਗਭਗ ਸਾਰੀ ਵਾਦੀ ਵਿੱਚਲੀਆਂ ਵਿੱਦਿਅਕ ਸੰਸਥਾਵਾਂ ‘ਚ ਫੈਲ ਚੁੱਕਾ ਹੈ। ਪਿਛਲ਼ੇ ਸਾਲ ਜੁਲਾਈ ਮਹੀਨੇ ‘ਚ ਬੁਰਹਾਨ ਵਾਨੀ ਦੀ ਮੌਤ ਤੋਂ ਮਗਰੋਂ ਕਸ਼ਮੀਰ ‘ਚ ਉੱਠਿਆ ਇਹ ਵੱਡਾ ਵਿਦਰੋਹ ਹੈ। ਵਾਨੀ ਦੀ ਮੌਤ ਤੋਂ ਮਗਰੋਂ ਵਾਨੀ ਇੱਕ ਤਰਾਂ ਨਾਲ਼ ਕਸ਼ਮੀਰੀ ਲੋਕਾਂ ਦੀ ਮੁਕਤੀ ਦਾ ਚਿਹਰਾ ਬਣ ਗਿਆ। ਵਾਨੀ ਦੀ ਮੌਤ ਨੇ ਕਸ਼ਮੀਰ ਦੇ ਹਰ ਉਮਰ ਵਰਗ ਦੇ ਲੋਕਾਂ ਨੂੰ ਸੜਕਾਂ ‘ਤੇ ਆਉਣ ਲਈ ਪ੍ਰੇਰਿਆ, ਜਿਸ ਵਿਰੁੱਧ ਭਾਰੀ ਪੁਲਸ ਫੌਜ ਦਾ ਬੰਦੋਬਸਤ ਕਰਕੇ ਤਿੰਨ ਮਹੀਨਿਆਂ ਦਾ ਕਰਫਿਉ ਲਾਇਆ ਗਿਆ। ਇਸ ਦੌਰਾਨ ਹੋਈਆਂ ਘਟਨਾਵਾਂ ਵਿੱਚ ਤਕਰੀਬਨ 100 ਦੇ ਕਰੀਬ ਕਸ਼ਮੀਰੀ ਮਾਰੇ ਗਏ ਤੇ 15000 ਤੋਂ ਜ਼ਿਆਦਾ ਬੁਰੀ ਤਰਾਂ ਫੱਟੜ ਹੋਏ। ਲੋਕਾਂ ਦੇ ਇਸ ਸੰਘਰਸ਼ ਨੂੰ ਦਬਾਉਣ ਲਈ ਭਾਰਤੀ ਫੌਜ ਦੁਆਰਾ ਇਸਤੇਮਾਲ ਕੀਤੀਆਂ ਗਈਆਂ ਪੈਲੇਟ ਗੰਨਾਂ ਨੇ 6000 ਤੋਂ ਜ਼ਿਆਦਾ ਲੋਕਾਂ ਨੂੰ ਦੋਵੇਂ ਅੱਖਾਂ ਤੋਂ ਜਖ਼ਮੀ ਕਰ ਦਿੱਤਾ । ਭਾਰਤੀ ਫੌਜ ਦੁਆਰਾ ਉਹ ਲੋਕ ਵੀ ਤਸ਼ੱਦਦ ਦਾ ਨਿਸ਼ਾਨਾ ਬਣਾਏ ਗਏ ਜੋ ਕਿਸੇ ਤਰਾਂ ਦੇ ਮੁਜਾਹਰਿਆਂ ਦਾ ਹਿੱਸਾ ਹੀ ਨਹੀਂ ਸਨ। ਉਦੋਂ ਤੋਂ ਲੈਕੇ ਹੁਣ ਤੱਕ ਕਸ਼ਮੀਰ ਦੀ ਨੌਜਵਾਨੀ ਅੰਦਰ ਇੱਕ ਅੱਗ ਬਲ ਰਹੀ ਸੀ ਜੋ ਪੁਲਵਾਮਾ ਕਾਲਜ ਦੀ ਘਟਨਾ ਤੋਂ ਮਗਰੋਂ ਵਿਦਿਆਰਥੀਆਂ ਦੇ ਇੱਕ ਵੱਡੇ ਉਭਾਰ ਦੇ ਰੂਪ ਵਿੱਚ ਸਾਹਮਣੇ ਆਈ ਹੈ।

ਭਾਰਤੀ ਹਕੂਮਤ ਮੁੱਢ ਤੋਂ ਹੀ ਕਸ਼ਮੀਰ ਦੇ ਲੋਕਾਂ ਦੇ ਸਵੈ-ਨਿਰਣੈ ਦੇ ਹੱਕ ਨੂੰ ਹਕੂਮਤੀ ਦਹਿਸ਼ਤ ਨਾਲ਼ ਦਬਾਉਂਦੀ ਆਈ ਹੈ ਤੇ ਆਵਦੀ ਇਸ ਦਬਸ਼ ਨੂੰ ਕਾਇਮ ਰੱਖਣ ਲਈ ਲੋਕਾਂ ਦੇ ਉੱਠਣ ਵਾਲੇ ਰੋਹ ਨੂੰ ਗਲਤ ਢੰਗ ਨਾਲ਼ ਬਿਆਨ ਕਰਦੀ ਆਈ ਹੈ। ਜਿਵੇਂ ਪਿੱਛੇ ਜਿਹੇ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਕਸ਼ਮੀਰੀ ਲੋਕਾਂ ਦੇ ਵਿਦਰੋਹ ਬਾਰੇ ਬਿਆਨ ਦਿੰਦਿਆਂ ਕਿਹਾ ਕਿ ਫੌਜ-ਪੁਲਸ ‘ਤੇ ਰੋੜੇ ਮਾਰਨ ਵਾਲੇ ਨੌਜਵਾਨਾਂ ਨੂੰ ਵੱਖਵਾਦੀਆਂ ਨੇ 500 ਰੁਪਏ ਦਿਹਾੜੀ ‘ਤੇ ਲਿਆਂਦਾ ਹੈ। ਜਾਂ ਭਾਰਤੀ ਫੌਜ ਦੁਆਰਾ ਵਾਨੀ ਦੇ ਕਤਲ ਮਗਰੋਂ ਉੱਠੇ ਵਿਦਰੋਹ ‘ਤੇ ਬਿਆਨ ਦਿੱਦਿਆ ਕਿਹਾ ਸੀ ਕਿ ਵਿਦਿਆਰਥੀ ਇਹਨਾਂ ਮੁਜਾਹਰਿਆਂ ਵਿੱਚ ਸ਼ਾਮਲ ਨਾ ਹੋਣ, ਉਹ ਸਕੂਲ ਕਾਲਜ ਜਾਣ, ਇਹ ਮਸਲਾ ਉਹਨਾਂ ਦੇ ਵੱਸ ਦਾ ਨਹੀਂ ਹੈ। ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਹੈ ਕਿ ਪੱਥਰ ਚੱਕਣ ਵਾਲੇ ਹੱਥਾਂ ‘ਚ ਮੈਂ ਲੈਪਟਾਪ ਦੇ ਦੇਵਾਂਗਾ। ਭਾਰਤੀ ਹਕੂਮਤ ਹਮੇਸ਼ਾ ਹੀ ਕਸ਼ਮੀਰ ਦੇ ਸਵੈ-ਨਿਰਣੈ ਦੇ ਮਸਲੇ ਨੂੰ ਇੱਕ ਸਿਆਸੀ ਮਸਲੇ ਵਜੋਂ ਲੈਣ ਦੀ ਬਜਾਏ ਇਸਨੂੰ ਕੁਝ ਵੱਖਵਾਦੀਆਂ ਜਾਂ ਪਾਕਿਸਤਾਨੀਆਂ ਦੀ ਸਾਜਿਸ਼ ਕਹਿਕੇ ਪੇਸ਼ ਕਰਦੀ ਆਈ ਹੈ। ਭਾਰਤੀ ਹਕੂਮਤ ਦੇ  ਸੰਦਰਭਾਂ ‘ਚ ਕਸ਼ਮੀਰ ਦੀ ਸਵੈ ਨਿਰਣੈ ਦੀ ਅਜ਼ਾਦੀ ਨੂੰ ਹਮੇਸ਼ਾ ਹੀ ਘੱਟ ਕਰਕੇ ਤੇ ਗਲਤ ਤਰੀਕੇ ਨਾਲ਼ ਪੇਸ਼ ਕੀਤਾ ਗਿਆ ਹੈ। ਵਿਰੋਧ ਕਰ ਰਹੇ ਲੋਕਾਂ ਬੇਰੁਜ਼ਗਾਰ ਅਵਾਰਾਗਰਦ, ਨਸ਼ੇੜੀ, ਜਾਂ ਪਾਕਿਸਤਾਨ ਦੇ ਏਜੰਟ ਕਹਿਕੇ ਭੰਡਿਆ ਜਾਂਦਾ ਹੈ। ਕਸ਼ਮੀਰ ਦੀ ਅਜ਼ਾਦੀ ਲਈ ਜੂਝ ਰਹੇ ਕਸ਼ਮੀਰੀਆਂ ਲਈ ਵਰਤੀ ਜਾਂਦੀ ਦਹਿਸ਼ਤਗਰਦਾਂ ਦੀ ਧਾਰਨਾ ਵੀ ਕਸ਼ਮੀਰੀ ਲੋਕਾਂ ਦੇ ਹੱਕੀ ਸੰਘਰਸ਼ ਨੂੰ ਸੰਸਾਰ ਦਹਿਸ਼ਤਗਰਦੀ ਦੇ ਇੱਕ ਲੜ ਵਜੋਂ ਪੇਸ਼ ਕਰਦੀ ਹੈ, ਜੋ ਕਿ ਸਰਾਸਰ ਗਲਤ ਹੈ।

ਕਸ਼ਮੀਰ ਦੇ ਆਪਾ-ਨਿਰਣਐ ਦੀ ਮੰਗ ਨੂੰ ਲੈਕੇ ਭਾਰਤੀ ਹਕੂਮਤ ਦੁਆਰਾ ਕੀਤੀ ਜਾਂਦੀ ਅਣਦੇਖੀ ਤੇ ਹਕੂਮਤੀ ਜਬਰ ਕਸ਼ਮੀਰ ਦੀ ਨਵੀਂ ਪੀੜੀ ਨੂੰ ਉੱਠਣ ਵਾਸਤੇ ਮਜ਼ਬੂਰ ਕਰ ਰਿਹਾ ਹੈ। ਕਸ਼ਮੀਰ ਦੇ ਇਹ ਨੌਜਵਾਨ ਹੁਣ ਮੌਤ ਤੋਂ, ਜਖਮੀ ਹੋਣ ਤੋਂ ਜੇਲ ਜਾਣ ਤੋਂ ਜਾਂ ਪੈਲੇਟ ਗੰਨਾਂ ਤੋਂ ਨਹੀਂ ਡਰਦੇ। ਇਹ ਲੋਕੀਂ ਫੌਜੀਆਂ ਦੁਆਰਾ ਕੀਤੇ ਜਾਂਦੇ ਝੂਠੇ ਪੁਲਸ ਮੁਕਾਬਲਿਆਂ ਤੋਂ ਵੀ ਹੁਣ ਭੈਅਭੀਤ ਨਹੀਂ ਹੁੰਦੇ। ਇਸੇ ਕਰਕੇ ਭਾਰਤੀ ਹਕੂਮਤ ਦੇ ਵਿਰੋਧ ਚੋਂ ਕਸ਼ਮੀਰੀ ਮਰਦ, ਔਰਤਾਂ, ਬੱਚੇ ਭਾਰਤੀ ਫੌਜ ਨੂੰ ਬੁਰੀ ਤਰਾਂ ਨਫਰਤ ਕਰਦੇ ਹਨ, ਤੇ ਕਿਤੇ ਨਾ ਕਿਤੇ ਫੌਜ ਦੇ ਵਿਰੋਧ ‘ਚ ਹੋਣ ਵਾਲੀਆਂ ਦਹਿਸ਼ਤਗਰਦ ਕਾਰਵਾਈਆਂ ਦੀ ਹਾਮੀ ਵੀ ਭਰਦੇ ਹਨ, ਤੇ ਉਹ ਹਰ ਉਹ ਕੰਮ ਬਿਨਾ ਕਿਸੇ ਦੇ ਡਰ ਦੇ ਕਰਨ ਨੂੰ ਤਿਆਰ ਹਨ, ਜੋ ਉਹਨਾਂ ਦੀ ਅਜ਼ਾਦੀ ਦੀ ਸਿਆਸੀ ਮੰਗ ਨੂੰ ਬਲ ਬਖਸ਼ਦੀ ਹੈ। ਕਸ਼ਮੀਰ ਵਿੱਚ ਪਿੱਛੇ ਜਿਹੇ ਹੋਈਆਂ ਜਿਮਨੀ ਚੋਣਾਂ ਨੇ ਵੀ ਕਸ਼ਮੀਰ ਦੇ ਲੋਕਾਂ ਅੰਦਰ ਪਲ ਰਹੀ ਅੱਗ ਨੂੰ ਕਾਫੀ ਬਿਆਨ ਕਰ ਦਿੱਤਾ ਹੈ, ਜਿਸ ਵਿੱਚ ਸਿਰਫ 2 ਫੀਸਦੀ ਵੋਟਾਂ ਹੀ ਪਈਆਂ ਤੇ ਇਸ ਦੌਰਾਨ 200 ਥਾਵਾਂ ਤੇ ਝੜਪਾਂ ਹੋਈਆਂ ਤੇ 8 ਲੋਕਾਂ ਦੀ ਮੌਤ ਹੋ ਗਈ।

ਜਦੋਂ ਤੱਕ ਅਸੀਂ ਇਹ ਲੇਖ ਲਿਖ ਚੁੱਕੇ ਹਾਂ ਵਿਦਿਆਰਥੀਆਂ ਤੇ ਭਾਰਤੀ ਫੌਜੀਆਂ ਦਰਮਿਆਨ ਝੜਪਾਂ ਚੱਲ ਰਹੀਆ ਹਨ। ਸੋਸ਼ਲ ਮੀਡੀਆਂ ਸੇਵਾਵਾਂ ਇੱਕ ਵਾਰ ਫਿਰ ਤੋਂ ਬੰਦ ਕਰ ਦਿੱਤੀਆਂ ਗਈਆਂ ਹਨ। ਪਰ ਸੰਘਰਸ਼ ਹਾਲੇ ਜਾਰੀ ਹੈ। ਕਸ਼ਮੀਰ ਦੀ 70 ਫੀਸਦੀ ਅਬਾਦੀ 35 ਸਾਲਾਂ ਤੋਂ ਹੇਠਾਂ ਦੀ ਉਮਰ ਵਾਲੀ ਹੈ। ਇਹਨਾਂ ਚੋਂ ਜਿਆਦਾਤਰ ਨੇ ਆਵਦੀ ਜ਼ਿੰਦਗੀ ਵਿੱਚ ਭਾਰਤੀ ਹਕੂਮਤ ਦੁਆਰਾ ਕਸ਼ਮੀਰੀ ਲੋਕਾਂ ‘ਤੇ ਕੀਤੇ ਜਾਂਦੇ ਜਬਰ ਤੋਂ ਬਿਨਾ ਕਦੇ ਕੁਝ ਨਹੀਂ ਵੇਖਿਆ। 1989 ਤੋਂ ਲੈਕੇ ਹੁਣ ਤੱਕ ਦੇ ਤਿੰਨ ਦਹਾਕੇ ਭਾਰਤੀ ਹਕੂਮਤ ਦੁਆਰਾ ਕੀਤੇ ਜਾਂਦੇ ਭਿਅੰਕਰ ਤਸ਼ੱਦਦ ਦੇ ਰਹੇ ਹਨ। ਜਿਸ ਵਿੱਚ 70,000 ਲੋਕ ਮਾਰੇ ਜਾ ਚੁੱਕੇ ਹਨ। ਭਾਰਤੀ ਹਕੂਮਤ ਦਾ ਜੁਲਮ ਸਹਿੰਦਿਆਂ ਕਸ਼ਮੀਰ ਵਾਦੀ ਦੀਆਂ ਦੋ ਪੀੜੀਆਂ ਲੰਘ ਗਈਆ ਹਨ ਤੇ ਹੁਣ ਸੰਘਰਸ਼ਾਂ ਦੀ ਵਾਗਡੋਰ ਸਾਂਭਣ ਦਾ ਬੀੜਾ ਵਾਦੀ ਦੀ ਇਸ ਤੀਜੀ ਪੀੜੀ ਨੇ ਚੁੱਕਿਆ ਹੈ। ਜੋ ਅਜ਼ਾਦੀ ਹਾਸਲ ਕਰਨ ਦੀ ਭਾਵਨਾ ਨਾਲ਼ ਨੱਕੋ ਨੱਕ ਭਰੀ ਹੋਈ ਹੈ, ਜਿਹੜੀ ਕਿਸੇ ਤਰਾਂ ਦਾ ਡਰ ਭੈਅ ਨਹੀਂ ਮੰਨਦੀ। ਜਿਹਨਾਂ ਨੇ ਸ਼ਾਂਤਮਈ ਸੰਘਰਸ਼ਾਂ ਨੂੰ ਬੁਰੀ ਤਰਾਂ ਜ਼ਬਰ ਨਾਲ਼ ਕੁਚਲੇ ਜਾਂਦੇ ਦੇਖਿਆ ਹੈ। ਉਹਨਾਂ 2008, 2009 ਤੇ 2010 ਦੇ ਲੋਕਾਂ ਦੇ ਵਿਦਰੋਹ ਨੂੰ ਲਾਸ਼ਾਂ ਦੇ ਢੇਰ ਨਾਲ਼ ਦਬਾਏ ਜਾਂਦੇ ਦੇਖਿਆ ਹੈ। ਉਹ ਚਾਹੁੰਦੇ ਹਨ ਕਿ ਜੋ ਕੁੱਝ ਉਹਨਾਂ ਤੇ ਉਹਨਾਂ ਤੋਂ ਪਹਿਲੀਆਂ ਪੀੜੀਆਂ ਨੇ ਝੱਲਿਆ ਹੈ ਉਹ ਆਉਣ ਵਾਲੀ ਪੀੜੀ ਨੂੰ ਨਾ ਝੱਲਣਾ ਪਵੇ। ਅਗਲੀ ਪੀੜੀ ਲਈ ਇਹੋ ਜਿਹੀਆਂ ਹਾਲਤਾਂ ਬਰਕਰਾਰ ਰਹਿਣ ਦੇਣ ਨਾਲੋਂ ਕਿਸੇ ਵੀ ਕੀਮਤ ‘ਤੇ ਇਹਨਾਂ ਨੂੰ ਬਦਲਣ ਲਈ ਤਿਆਰ ਹਨ। ਇਸ ਲਈ ਕਸ਼ਮੀਰ ਦੀ ਅਜ਼ਾਦੀ ਦੇ ਸੰਘਰਸ਼ ਦੀ ਲੜਾਈ ਨੂੰ ਉਹ ਕਿਸੇ ਵੀ ਕੀਮਤ ਤੇ ਜਾਰੀ ਰੱਖਣ ਲਈ ਤਿਆਰ ਹਨ।

ਇੱਕ 21 ਸਾਲਾ ਕਸ਼ਮੀਰੀ ਵਿਦਿਆਰਥਣ ਆਪਣੇ ਜਜਬਿਆਂ ਨੂੰ ਇੰਝ ਬਿਆਨਦੀ ਹੈ – “ਅਸੀਂ ਕਿਉਂ ਡਰੀਏ? ਕਸ਼ਮੀਰ ਵਿੱਚ ਹਲਾਤ ਜਿੰਨੇ ਬਦਤਰ ਹੋ ਚੁੱਕੇ ਹਨ ਇਸ ਨਾਲੋਂ ਹੋਰ ਕੀ ਭੈੜੇ ਹੋਣਗੇ? ਅਸੀਂ ਕਤਲ ਕੀਤੀਆਂ ਤੇ ਬਦਖੋਈ ਕੀਤੀਆਂ ਲਾਸ਼ਾਂ ਦੇਖੀਆਂ ਹਨ। ਅਸੀਂ ਆਪਣੇ ਬਹੁਤ ਸਾਰੇ ਭੈਣਾਂ ਤੇ ਭਰਾਵਾਂ ਦਾ ਪੈਲੇਟ ਗੰਨਾਂ ਨਾਲ਼ ਵਿੰਨਿਆ ਚਿਹਰਾ ਵੇਖਿਆ ਹੈ। ਵੱਧ ਤੋਂ ਵੱਧ ਇਹੋ ਹੋ ਸਕਦਾ ਹੈ ਕਿ ਅਸੀਂ ਮਰ ਜਾਈਏ।”

ਕਸ਼ਮੀਰ ਦੀ ਅਜ਼ਾਦੀ ਦੀ ਲੜਾਈ ਲੜ ਰਹੇ ਇਹਨਾਂ ਧੀਆਂ-ਪੁੱਤਾਂ ਨੂੰ ਇਨਕਲਾਬੀ ਸਲਾਮ।

– 10 ਮਈ, 2017

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 7, 16 ਤੋਂ 31 ਮਈ, 2017 ਵਿੱਚ ਪ੍ਰਕਾਸ਼ਤ