ਰਾਸ਼ਟਰੀ ਸਵੈਸੇਵਕ ਸੰਘ ਦੀ ਅਸਲੀ ਜਨਮ ਕੁੰਡਲੀ •ਸਿਮਰਨ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਆਰ.ਐੱਸ.ਐੱਸ. ਯਾਣੀ ਕਿ ਰਾਸ਼ਟਰੀ ਸਵੈ ਸੇਵਕ ਸੰਘ ਖੁਦ ਨੂੰ ਇੱਕ ਸੱਭਿਆਚਾਰਕ ਜਥੇਬੰਦੀ ਤੇ ”ਸੱਚੇ ਦੇਸ਼ਭਗਤਾਂ” ਦੀ ਜਥੇਬੰਦੀ ਦੱਸਦਾ ਹੈ। ਉਸਦਾ ਦਾਅਵਾ ਹੈ ਕਿ ਉਸਦੀ ਵਿਚਾਰਧਾਰਾ ਹਿੰਦੂਵਾਦੀ ਅਤੇ ”ਕੌਮਵਾਦੀ” ਹੈ। ਉਨਾਂ ਦੀ ਕੌਮ ਦੀ ਪਰਿਭਾਸ਼ਾ ਕੀ ਹੈ ਇਹ ਆਰ.ਅੈੱਸ.ਅੈੱਸ. ਦੀਆਂ ਸ਼ਾਖਾਵਾਂ ਵਿੱਚ ਪ੍ਰਚਲਿਤ ”ਪ੍ਰਾਰਥਨਾ” ਅਤੇ ”ਪ੍ਰਤਿੱਗਿਆ” ਨਾਲ਼ ਸਾਫ਼ ਹੋ ਜਾਂਦਾ ਹੈ। ਆਪਣੀ ”ਪ੍ਰਾਰਥਨਾ” ਅਤੇ ”ਪ੍ਰਤਿੱਗਿਆ” ਵਿੱਚ ਸੰਘੀ ਹਿੰਦੂ ਧਰਮ, ਹਿੰਦੂ ਸੱਭਿਆਚਾਰ ਅਤੇ ਹਿੰਦੂ ਸਮਾਜ ਦੀ ਰੱਖਿਆ ਦੀ ਗੱਲ ਕਰਦੇ ਹਨ। ਸਪੱਸ਼ਟ ਹੈ ਕਿ ਧਰਮ ਨਿਰਪੱਖਤਾ ਅਤੇ ਜਮਹੂਰੀਅਤ ਵਿੱਚ ਇਹਨਾਂ ਦਾ ਕੋਈ ਯਕੀਨ ਨਹੀਂ ਹੈ। ਹਿੰਦੂ ਸਮਾਜ ਦੀ ਵੀ ਸੰਘੀਆਂ ਦੀ ਆਪਣੀ ਪਰਿਭਾਸ਼ਾ ਹੈ। ਹਿੰਦੂਆਂ ਤੋਂ ਇਹਨਾਂ ਦਾ ਮਤਲਬ ਮੁੱਖ ਅਤੇ ਮੂਲ ਰੂਪ ਵਿੱਚ ਉੱਚ ਜਾਤ ਦੇ ਹਿੰਦੂ ਪੁਰਖ ਹਨ। ਸੰਘੀ ‘ਮਨੂੰਸਮ੍ਰਿਤੀ’ ਨੂੰ ਭਾਰਤ ਦੇ ਸੰਵਿਧਾਨ ਦੇ ਰੂਪ ਵਿੱਚ ਲਾਗੂ ਕਰਨਾ ਚਾਹੁੰਦੇ ਸਨ। ਉਹੀ ‘ਮਨੂੰਸਮ੍ਰਿਤੀ’ ਜਿਸਦੇ ਅਨੁਸਾਰ ਇੱਕ ਇਨਸਾਨ ਦੀ ਜਾਤ ਹੀ ਤੈਅ ਕਰਦੀ ਹੈ ਕਿ ਸਮਾਜ ਵਿੱਚ ਉਸਦਾ ਸਥਾਨ ਕੀ ਹੋਵੇਗਾ ਅਤੇ ਜੋ ਇਸ ਗੱਲ ਦੀ ਹਮਾਇਤੀ ਹੈ ਕਿ ਪਸ਼ੂ, ਸੂਦਰ ਅਤੇ ਨਾਰੀ ਸਾਰੇ ਝਿੜਕਣ ਦੇ ਅਧਿਕਾਰੀ ਹਨ। ਆਰ.ਐੱਸ.ਐੱਸ. ਦਾ ਢਾਂਚਾ ਲੰਬੇ ਸਮੇਂ ਤੱਕ ਸਿਰਫ ਪੁਰਸ਼ਾਂ ਲਈ ਹੀ ਖੁੱਲ੍ਹਾ ਸੀ। ਸੰਘ ਦੇ ”ਹਿੰਦੂ ਕੌਮ” ਦੀ ਮੈਂਬਰਸ਼ਿੱਪ ਉੱਚ ਵਰਣ ਦੇ ਹਿੰਦੂ ਪੁਰਸ਼ਾਂ ਲਈ ਹੀ ਖੁੱਲ੍ਹੀ ਹੈ, ਬਾਕੀਆਂ ਨੂੰ ਦੋਮ ਦਰਜੇ ਦੀ ਸਥਿਤੀ ਲਈ ਤਿਆਰ ਰਹਿਣਾ ਚਾਹੀਂਦਾ ਹੈ, ਯਾਣੀ, ਕਿ ਮੁਸਲਮਾਨਾਂ, ਇਸਾਈਆਂ, ਦਲਿਤਾਂ, ਔਰਤਾਂ ਆਦਿ ਨੂੰ। ਸੰਘ ਦੇ ਸਾਰੇ ਕਾਰਿਆਂ ‘ਤੇ ਚਰਚਾ ਕਰਨਾ ਇੱਥੇ ਸਾਡਾ ਮਕਸਦ ਨਹੀਂ ਹੈ ਕਿਉਂਕਿ  ਉਹਨਾਂ ਲਈ ਤਾਂ ਇੱਕ ਵੱਡੇ ਗ੍ਰੰਥ ਲਿਖਣ ਦੀ ਜ਼ਰੂਰਤ ਪਵੇਗੀ। ਸਾਡਾ ਮਕਸਦ ਹੈ ਉਨਾਂ ਸਾਰੇ ਕੰਮਾ ਦੇ ਪਿੱਛੇ ਕੰਮ ਕਰਨ ਵਾਲ਼ੀ ਵਿਚਾਰਧਾਰਾ ਅਤੇ ਸਿਆਸਤ ਦੀ ਇੱਕ ਸੰਖੇਪ ਰੂਪ ਰੇਖਾ ਦੇਣਾ।

ਰਾਸ਼ਟਰੀ ਸਵੈਸੇਵਕ ਸੰਘ ਦੀ ਵਿਚਾਰਧਾਰਾ ਕੀ ਹੈ? ਜੇ ਸੰਘ ਦੇ ਸਭ ਤੋਂ ਪਸੰਦੀਦਾ ਸਰਸੰਘਚਾਲਕ ਗੋਲਵਲਕਰ ਅਤੇ ਸੰਸਥਾਪਕ ਹੇਡਗੇਵਾਰ ਦੇ ਪ੍ਰੇਰਣਾ-ਸ੍ਰੋਤਾਂ ਵਿੱਚੋਂ ਇੱਕ ਮੁੰਜੇ ਦੀ ਜ਼ੁਬਾਨੀ ਸੁਣੀਏਂ ਤਾਂ ਸੰਘ ਦੀ ਵਿਚਾਰਧਾਰਾ ਸਪੱਸ਼ਟ ਤੌਰ ‘ਤੇ ਫਾਸੀਵਾਦ ਹੈ। ਗੋਲਵਲਕਰ ਨੇ ਆਪਣੀਆਂ ਕਿਤਾਬਾਂ ‘ਵੀ ਆਰ ਆਵਰ ਨੇਸ਼ਨਹੁੱਡ ਡਿਫਾਇੰਡ’ ਅਤੇ ‘ਬੰਚ ਆਫ ਥਾਟਸ’ ਵਿੱਚ ਸਪੱਸ਼ਟ ਸ਼ਬਦਾਂ ਵਿੱਚ ਇਟਲੀ ਦੇ ਫਾਸੀਵਾਦ ਅਤੇ ਜਰਮਨੀ ਦੇ ਨਾਜ਼ੀਵਾਦ ਦੀ ਹਮਾਇਤ ਕੀਤੀ। ਹਿਟਲਰ ਨੇ ਯਹੂਦੀਆਂ ਦੇ ਸਫਾਏ ਦੇ ਤੌਰ ‘ਤੇ ਜੋ ‘ਆਖਰੀ ਹੱਲ’ ਪੇਸ਼ ਕੀਤਾ, ਗੋਲਵਲਕਰ ਨੇ ਉਸਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਹੈ ਅਤੇ ਲਿਖਿਆ ਹੈ ਕਿ ਹਿੰਦੁਸਤਾਨ ਵਿੱਚ ਵੀ ਹਿੰਦੂ ਜਾਤੀ ਦੀ ਸ਼ੁੱਧਤਾ ਦੀ ਹਿਫ਼ਾਜਤ ਲਈ ਇਸ ਤਰ੍ਹਾਂ ਦਾ ‘ਆਖਰੀ ਹੱਲ’ ਕਰਨਾ ਪਵੇਗਾ। ਸੰਘ ਦਾ ਜਥੇਬੰਦਕ ਢਾਂਚਾ ਵੀ ਮੁਸੋਲਿਨੀ ਅਤੇ ਹਿਟਲਰ ਦੀ ਪਾਰਟੀ ਨਾਲ਼ ਹੂ-ਬ-ਹੂ ਮੇਲ਼ ਖਾਂਦਾ ਹੈ। ਇਟਲੀ ਦਾ ਫਾਸੀਵਾਦੀ ਆਗੂ ਮੁਸੋਲਿਨੀ ਲੋਕਤੰਤਰ ਦਾ ਕੱਟੜ ਵਿਰੋਧੀ ਸੀ ਅਤੇ ਤਾਨਾਸ਼ਾਹੀ ਵਿੱਚ ਆਸਥਾ ਰੱਖਦਾ ਸੀ। ਮੁਸੋਲਿਨੀ ਦੇ ਮੁਤਾਬਿਕ ”ਇੱਕ ਵਿਅਕਤੀ ਦੀ ਸਰਕਾਰ ਇੱਕ ਕੌਮ ਲਈ ਕਿਸੇ ਲੋਕਤੰਤਰ ਦੇ ਮੁਕਾਬਲੇ ਜਿਆਦਾ ਅਸਰਦਾਰ ਹੁੰਦੀ ਹੈ। ” ਫਾਸੀਵਾਦੀ ਪਾਰਟੀ ਵਿੱਚ ‘ਡਿਊਸ’ ਦੇ ਨਾਮ ‘ਤੇ ਸੌਹ ਖਾਧੀ ਜਾਂਦੀ ਸੀ, ਜਦੋਂ ਕਿ ਹਿਟਲਰ ਦੀ ਨਾਜ਼ੀ ਪਾਰਟੀ ਵਿੱਚ ‘ਫਿਊਹਰਰ’ ਦੇ ਨਾਮ ‘ਤੇ। ਸੰਘ ਦੀ ‘ਇੱਕ ਚਾਲਕ ਨਿਯਮਾਵਲੀ’ ਜਿਸਦੇ ਤਹਿਤ ਹਰ ਮੈਂਬਰ ਸਰਸੰਘਚਾਲਕ ਦੇ ਪ੍ਰਤੀ ਪੂਰੀ ਲਗਨ ਅਤੇ ਆਦਰਭਾਵ ਨਾਲ਼ ਹਰ ਹੁਕਮ ਦਾ ਪਾਲਣ ਕਰਨ ਦੀ ਸੌਂਹ ਖਾਂਦਾ ਹੈ, ਉਸੇ ਤਾਨਾਸ਼ਾਹੀ ਦਾ ਪ੍ਰਤੀਬਿੰਬਨ ਹੈ, ਜੋ ਸੰਘੀਆਂ ਨੇ ਆਪਣੇ ਜਰਮਨ ਅਤੇ ਇਤਾਲਵੀ ਪੁਰਖਿਆਂ ਤੋਂ ਸਿੱਖੀ ਹੈ। ਸੰਘ ‘ਕਮਾਂਡ ਸਟਰੱਕਚਰ’ ਯਾਣੀ ਕਿ ਇੱਕ ਕੇਂਦਰੀ ਕਾਰਜਕਾਰੀ ਮੰਡਲ, ਜਿਸਨੂੰ ਖੁਦ ਸਰਸੰਘਚਾਲਕ ਚੁਣਦਾ ਹੈ, ਦੇ ਜ਼ਰੀਏ ਕੰਮ ਕਰਦਾ ਹੈ, ਜਿਸ ਵਿੱਚ ਜਮਹੂਰੀਅਤ ਦੀ ਕੋਈ ਗੁੰਜਾਇਸ਼ ਨਹੀਂ ਹੈ। ਇਹੀ ਵਿਚਾਰਧਾਰਾ ਹੈ ਜਿਸਦੇ ਅਧੀਨ ਗੋਲਵਲਕਰ ( ਜੋ ਸੰਘ ਦੇ ਸਭ ਤੋਂ ਪੂਜਣਯੋਗ ਸਰਸੰਘਚਾਲਕ ਸਨ) ਨੇ 1961 ਵਿੱਚ ਕੌਮੀ ਏਕਤਾ ਪ੍ਰੀਸ਼ਦ ਦੇ ਪਹਿਲੇ ਇਜਲਾਸ ਨੂੰ ਭੇਜੇ ਆਪਣੇ ਪਹਿਲੇ ਸੰਦੇਸ਼ ਵਿੱਚ ਭਾਰਤ ਵਿੱਚ ਸੰਘੀ ਢਾਂਚੇ (ਫੈਡਰਲ ਸਟਰੱਕਚਰ) ਨੂੰ ਖ਼ਤਮ ਕਰਕੇ ਇਕਹਿਰੀ ਹਕੂਮਤੀ ਪ੍ਰਣਾਲ਼ੀ ਨੂੰ ਲਾਗੂ ਕਰਨ ਦਾ ਸੱਦਾ ਦਿੱਤਾ ਗਿਆ ਸੀ। ਸੰਘ ਮਜ਼ਦੂਰਾਂ ‘ਤੇ ਪੂਰਨ ਤਾਨਾਸ਼ਾਹੀ ਦੀ ਵਿਚਾਰਧਾਰਾ ਵਿੱਚ ਯਕੀਨ ਰੱਖਦਾ ਹੈ ਅਤੇ ਹਰ ਪ੍ਰਕਾਰ ਦੇ ਮਜ਼ਦੂਰ ਸੰਘਰਸ਼ਾਂ ਪ੍ਰਤੀ ਉਸਦਾ ਨਜ਼ਰੀਆ ਜ਼ਬਰ ਦਾ ਹੁੰਦਾ ਹੈ। ਇਹ ਸੰਯੋਗ ਨਹੀਂ ਕਿ ਇਟਲੀ ਅਤੇ ਜਰਮਨੀ ਦੀ ਹੀ ਤਰ੍ਹਾਂ ਨਰਿੰਦਰ ਮੋਦੀ ਨੇ ਗੁਜ਼ਰਾਤ ਵਿੱਚ ਮਜ਼ਦੂਰਾਂ ‘ਤੇ ਨੰਗੀ ਕਿਸਮ ਦੀ ਤਾਨਾਸ਼ਾਹੀ ਲਾਗੂ ਕਰ ਰੱਖੀ ਹੈ। ਹੁਣ ਹੜਤਾਲ਼ ਕਰਨ ‘ਤੇ ਕਨੂੰਨੀ ਰੋਕ ਤਾਂ ਨਹੀਂ ਹੈ, ਪਰ ਗੈਰ-ਰਸਮੀ ਤੌਰ ‘ਤੇ ਪਬੰਦੀ ਜਿਹੀ ਹੀ ਸਥਿਤੀ ਹੈ, ਕਿਰਤ ਮਹਿਕਮੇ ਨੂੰ ਲਗਭਗ ਖਤਮ ਕਰ ਦਿੱਤਾ ਗਿਆ ਹੈ ਅਤੇ ਮੋਦੀ ਖੁਦ ਕਹਿੰਦਾ ਹੈ ਕਿ ਗੁਜਰਾਤ ਵਿੱਚ ਉਸਨੂੰ ਕਿਰਤ ਮਹਿਕਮੇ ਦੀ ਲੋੜ ਨਹੀਂ ਹੈ। ਜ਼ਾਹਿਰ ਹੈ, ਮਜ਼ਦੂਰਾਂ ਲਈ ਡੰਡੇ-ਬੰਦੂਕਾਂ ਨਾਲ਼ ਲੈਸ ਪੁਲਿਸ ਅਤੇ ਹਥਿਆਰਬੰਦ ਤਾਕਤ ਤਾਂ ਹੈ ਹੀ। ਜਰਮਨੀ ਅਤੇ ਇਟਲੀ ਵਿੱਚ ਵੀ ਇਹਨਾਂ ਨੇ ਬੁਰਜੂਆਜ਼ੀ ਦੀ ਤਾਨਾਸ਼ਾਹੀ ਨੂੰ ਸਭ ਤੋਂ ਬਰਬਰ ਅਤੇ ਨੰਗੇ ਰੂਪ ਵਿੱਚ ਲਾਗੂ ਕੀਤਾ ਸੀ ਅਤੇ ਇੱਥੇ ਵੀ ਉਹਨਾਂ ਦੀ ਤਿਆਰੀ ਅਜਿਹੀ ਹੀ ਹੈ। ਜਰਮਨੀ ਅਤੇ ਇਟਲੀ ਦੀ ਹੀ ਤਰ੍ਹਾਂ ਔਰਤਾਂ ਨੂੰ ਅਨੁਸ਼ਾਸ਼ਿਤ ਕਰਕੇ ਰੱਖਣ, ਉਨਾਂ ਦੀ ਹਰ ਤਰ੍ਹਾਂ ਦੀ ਅਜ਼ਾਦੀ ਨੂੰ ਖਤਮ ਕਰਕੇ ਉਨਾਂ ਨੂੰ ਚੁੱਲ੍ਹੇ-ਚੌਂਕੇ ਅਤੇ ਬੱਚਿਆਂ ਨੂੰ ਪੈਦਾ ਕਰਨ ਅਤੇ ਪਾਲਣ-ਪੋਸ਼ਣ ਤੱਕ ਸੀਮਤ ਕਰ ਦੇਣ ਲਈ ਸੰਘ ਦੀਆਂ ਭਰਾਤਰੀ ਜਥੇਬੰਦੀਆਂ ਉਦੋਂ ਵੀ ਤਿਆਰ ਰਹਿੰਦੀਆਂ ਹਨ ਜਦੋਂ ਭਾਜਪਾ ਸੱਤ੍ਹਾ ਵਿੱਚ ਨਹੀਂ ਹੁੰਦੀ। ਸ਼੍ਰੀ ਰਾਮ ਸੈਨਾ, ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਗੁੰਡੇ ਕੁੜੀਆਂ ਨੂੰ ਪਿਆਰ ਕਰਨ, ਆਪਣਾ ਜੀਵਨ ਸਾਥੀ ਆਪਣੀ ਮਰਜ਼ੀ ਨਾਲ਼ ਚੁਣਨ, ਇੱਥੋਂ ਤੱਕ ਕਿ ਜੀਨਸ ਪਹਿਨਣ ਅਤੇ ਮੋਬਾਇਲ ਵਰਤਣ ਤੱਕ ‘ਤੇ ਪਬੰਦੀ ਲਾਉਣ ਦੀ ਗੱਲ ਕਰਦੇ ਹਨ। ਇਹ ਗੱਲ ਵੱਖਰੀ ਹੈ ਕਿ ਇਹੀ ਸਲਾਹ ਉਹ ਕਦੇ ਸ਼ੁਸ਼ਮਾ ਸਵਰਾਜ, ਵਸੁੰਦਰਾ ਰਾਜੇ, ਉਮਾ ਭਾਰਤੀ, ਜਾਂ ਮਿਨਾਕਸ਼ੀ ਲੇਖੀ ਨੂੰ ਨਹੀਂ ਦਿੰਦੇ ਜੋ ਕਿ ਔਰਤਾਂ ਨੂੰ ਗੁਲਾਮ ਬਣਾਕੇ ਰੱਖਣ ਦੇ ਮਿਸ਼ਨ ਵਿੱਚ ਉਨਾਂ ਨਾਲ਼ ਖੜ੍ਹੀਆਂ ਔਰਤਾਂ ਹਨ। ਗੋਲਵਲਕਰ ਨੇ ਖੁਦ ਔਰਤਾਂ ਬਾਰੇ ਅਜਿਹੇ ਵਿਚਾਰ ਪੇਸ਼ ਕੀਤੇ ਹਨ। ਉਨਾਂ ਵਿਚਾਰਾਂ ‘ਤੇ ਅਮਲ ਹੋਵੇ ਤਾਂ ਔਰਤਾਂ ਦਾ ਕੰਮ ”ਵੀਰ ਹਿੰਦੂ ਪੁਰਸ਼ਾਂ” ਨੂੰ ਪੈਦਾ ਕਰਨਾ ਹੋਣਾ ਚਾਹੀਦਾ ਹੈ।

ਜਿੱਥੋਂ ਤੱਕ ਗੱਲ ਇਨ੍ਹਾਂ ਦੇ ”ਕੌਮਵਾਦੀ ਹੋਣ” ਦੀ ਹੈ, ਤਾਂ ਭਾਰਤੀ ਅਜ਼ਾਦੀ ਸੰਗਰਾਮ ਦੇ ਇਤਿਹਾਸ ‘ਤੇ ਨਜ਼ਰ ਮਾਰਦੇ ਹੀ ਸਮਝ ਵਿੱਚ ਆ ਜਾਂਦਾ ਹੈ ਕਿ ਇਹ ਇੱਕ ਬੁਰੇ ਸਿਆਸੀ ਚੁਟਕਲੇ ਤੋਂ ਵੱਧ ਹੋਰ ਕੁੱਝ ਵੀ ਹੈ। ਸੰਘ ਦੇ ਕਿਸੇ ਵੀ ਆਗੂ ਨੇ ਕਦੇ ਵੀ ਬ੍ਰਿਟਿਸ਼ ਸਰਕਾਰ ਵਿਰੁੱਧ ਆਪਣਾ ਮੂੰਹ ਨਹੀਂ ਖੋਲ੍ਹਿਆ। ਜਦੋਂ ਵੀ ਸੰਘੀ ਕਿਸੇ ਕਾਰਨ ਫੜੇ ਗਏ ਤਾਂ ਉਨਾਂ ਨੇ ਬਿਨ੍ਹਾਂ ਕਿਸੇ ਝਿਜਕ ਦੇ ਮਾਫ਼ੀਨਾਮੇ ਲਿਖ ਕੇ, ਅੰਗਰੇਜ਼ੀ ਹਕੂਮਤ ਪ੍ਰਤੀ ਆਪਣੀ ਵਫ਼ਾਦਾਰੀ ਸਾਬਤ ਕੀਤੀ ਹੈ। ਖੁਦ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਰੀ ਵਾਜਪਾਈ ਨੇ ਵੀ ਇਹੀ ਕੰਮ ਕੀਤਾ ਸੀ। ਸੰਘ ਨੇ ਕਿਸੇ ਵੀ ਬਰਤਾਨਵੀ ਸਾਮਰਾਜਵਾਦ ਵਿਰੋਧੀ ਸੰਘਰਸ਼ ਵਿੱਚ ਹਿੱਸਾ ਨਹੀਂ ਲਿਆ। ‘ਭਾਰਤ ਛੱਡੋ ਅੰਦੋਲਨ’ ਦੇ ਦੌਰਾਨ ਸੰਘ ਨੇ ਉਨਾਂ ਦਾ ਬਾਈਕਾਟ ਕੀਤਾ। ਸੰਘ ਨੇ ਹਮੇਸ਼ਾਂ ਬਰਤਾਨਵੀ ਹਕੂਮਤ ਪ੍ਰਤੀ ਆਪਣੀ ਵਫ਼ਾਦਾਰੀ ਬਣਾਈ ਰੱਖੀ ਅਤੇ ਦੇਸ਼ ਵਿੱਚ ਫਿਰਕੂਪ੍ਰਸਤੀ ਫੈਲਾਉਣ ਦਾ ਆਪਣਾ ਕੰਮ ਬਖੂਬੀ ਨਿਭਾਇਆ। ਅਸਲ ਵਿੱਚ ਫਿਰਕਾਪ੍ਰਸਤੀ ਫੈਲਾਉਣ ਦੀ ਪੂਰੀ ਸ਼ਾਜਿਸ਼ ਤਾਂ ਬਰਤਾਨਵੀ ਬਸਤੀਵਾਦੀਆਂ ਦੇ ਹੀ ਦਿਮਾਗ ਦੀ ਉਪਜ ਸੀ ਅਤੇ ‘ਪਾੜੋ ਤੇ ਰਾਜ ਕਰੋ’ ਦੀ ਉਹਨਾਂ ਦੀ ਨੀਤੀ ਦਾ ਹਿੱਸਾ ਸੀ। ਇਸ ਕਰਕੇ, ਸੰਘ ਦੇ ਇਸ ਕੰਮ ਨਾਲ਼ ਬਸਤੀਵਾਦੀਆਂ ਨੂੰ ਵੀ ਕਿਤੇ ਕੋਈ ਸਮੱਸਿਆ ਨਹੀਂ ਸੀ। ਬਰਤਾਨਵੀ ਬਸਤੀਵਾਦੀ ਰਾਜ ਨੇ ਵੀ ਇਸ ਵਫ਼ਾਦਾਰੀ ਦਾ ਬਦਲਾ ਚੁਕਾਇਆ ਅਤੇ ਹਿੰਦੂ ਫਿਰਕਾਪ੍ਰਸਤ ਫਾਸੀਵਾਦੀਆਂ ਨੂੰ ਕਦੇ ਆਪਣਾ ਨਿਸ਼ਾਨਾ ਨਹੀਂ ਬਣਾਇਆ। ਆਰ.ਐਸ.ਐਸ. ਨੇ ਹਿੰਦੂਵਾਦ ਦੇ ਆਪਣੇ ਪ੍ਰਚਾਰ ਨਾਲ਼ ਸਿਰਫ ਅਤੇ ਸਿਰਫ ਸਾਮਰਾਜਵਾਦ ਦੇ ਵਿਰੁੱਧ ਹੋ ਰਹੇ ਦੇਸ਼ਵਿਆਪੀ ਸੰਘਰਸ਼ ‘ਚੋਂ ਉਪਜੀ ਕੌਮੀ ਇਕਜੁਟਤਾ ਨੂੰ ਤੋੜਨ ਦਾ ਯਤਨ ਕੀਤਾ। ਧਿਆਨ ਦੇਣ ਯੋਗ ਹੈ ਕਿ ਆਪਣੇ ਫਿਰਕੂ ਪ੍ਰਚਾਰ ਦੇ ਨਿਸ਼ਾਨੇ ‘ਤੇ ਆਰ.ਐੱਸ.ਐੱਸ. ਨੇ ਸਦਾ ਮੁਸਲਮਾਨਾਂ, ਕਮਿਉਨਿਸਟਾਂ ਅਤੇ ਟ੍ਰੇਡ ਯੂਨੀਅਨ ਆਗੂਆਂ ਨੂੰ ਰੱਖਿਆ ਅਤੇ ਬਰਤਾਨਵੀ ਹਕੂਮਤ ਦੀ ਸੇਵਾ ਵਿੱਚ ਹਾਜ਼ਰ ਰਹੇ। ਸੰਘ ਕਦੇ ਵੀ ਬਰਤਾਨਵੀ ਹਕੂਮਤ ਵਿਰੋਧੀ ਨਹੀਂ ਸੀ, ਇਹ ਗੱਲ ਗੋਲਵਲਕਰ ਦੇ 8 ਜੂਨ, 1942 ਵਿੱਚ ਆਰ.ਅੈੱਸ.ਐੱਸ ਦੇ ਨਾਗਪੁਰ ਹੈਡਕੁਆਟਰ ‘ਤੇ ਦਿੱਤੇ ਗਏ ਭਾਸ਼ਣ ਨਾਲ਼ ਸਾਫ਼ ਹੋ ਜਾਂਦੀ ਹੈ — ”ਸੰਘ ਕਿਸੇ ਵੀ ਵਿਅਕਤੀ ਨੂੰ ਸਮਾਜ ਦੇ ਮੌਜੂਦਾ ਸੰਕਟ ਦੇ ਲਈ ਜਿੰਮੇਵਾਰ ਨਹੀਂ ਠਹਿਰਾਉਣਾ ਚਾਹੁੰਦਾ। ਜਦੋਂ ਲੋਕ ਦੂਜਿਆਂ ‘ਤੇ ਦੋਸ਼ ਮੜ੍ਹਦੇ ਹਨ ਤਾਂ ਅਸਲ ਵਿੱਚ ਇਹ ਉਨਾਂ ਦੇ ਅੰਦਰ ਦੀ ਕਮਜ਼ੋਰੀ ਹੁੰਦੀ ਹੈ। ਸ਼ਕਤੀ ਹੀਣ ‘ਤੇ ਹੋਣ ਵਾਲ਼ੇ ਅਨਿਆਂ ਲਈ ਸ਼ਕਤੀਸ਼ਾਲੀ ਨੂੰ ਜਿੰਮੇਵਾਰ ਮੰਨਣਾ ਵਿਅਰਥ ਹੈ।…ਜਦੋਂ ਅਸੀਂ ਇਹ ਜਾਣਦੇ ਹਾਂ ਕਿ ਛੋਟੀਆਂ ਮੱਛੀਆਂ ਵੱਡੀਆਂ ਮੱਛੀਆਂ ਦਾ ਭੋਜਨ ਬਣਦੀਆਂ ਹਨ ਤਾਂ ਵੱਡੀ ਮੱਛੀ ਨੂੰ ਜਿੰਮੇਵਾਰ ਠਹਿਰਾਉਣਾ ਸਰਾਸਰ ਮੂਰਖਤਾ ਹੈ। ਕੁਦਰਤ ਦਾ ਨਿਯਮ ਚਾਹੇ ਚੰਗਾ ਹੋਵੇ ਜਾਂ ਬੁਰਾ ਸਾਰਿਆਂ ਲਈ ਸਦਾ ਸੱਚ ਹੁੰਦਾ ਹੈ। ਸਿਰਫ ਇਸ ਨਿਯਮ ਨੂੰ ਅਨਿਆਂਪੂਰਨ ਕਹਿ ਦੇਣ ਨਾਲ਼ ਇਹ ਬਦਲ ਨਹੀਂ ਜਾਵੇਗਾ।” ਆਪਣੀ ਗੱਲ ਨੂੰ ਸਪੱਸ਼ਟ ਕਰਨ ਲਈ ਇਤਿਹਾਸ ਦੇ ਉਸ ਦੌਰ ‘ਤੇ ਰੌਸ਼ਨੀ ਪਾਵਾਂਗੇ ਜਿੱਥੇ ਸੰਘ ਦੀ ਸਥਾਪਨਾ ਹੁੰਦੀ ਹੈ। ਇੱਥੇ ਹੀ ਸੰਘ ਦੀਆਂ ਜੜ੍ਹਾਂ ਵਿੱਚ ਵਸੀ ਪਿਛਾਖੜੀ ਵਿਚਾਰਧਾਰਾ ਸਪੱਸ਼ਟ ਹੋ ਜਾਵੇਗੀ।

ਆਰ.ਐਸ.ਐਸ. ਦੀ ਸਥਾਪਨਾ 1925 ਵਿੱਚ ਨਾਗਪੁਰ ਵਿੱਚ ਦੁਸਹਿਰੇ ਵਾਲ਼ੇ ਦਿਨ ਹੋਈ ਸੀ। ਕੇਸ਼ਵ ਬਲਰਾਮ ਹੇਡਗੇਵਰ ਆਰ.ਐਸ.ਐਸ. ਦਾ ਸੰਸਥਾਪਕ ਸੀ। ਭਾਰਤ ਵਿੱਚ ਫਾਸੀਵਾਦੀ ਦੀ ਜ਼ਮੀਨ ਇੱਕ ਲੰਬੇ ਅਰਸੇ ਤੋਂ ਮੌਜੂਦ ਸੀ। ਅਜ਼ਾਦੀ ਦੇ ਪਹਿਲੇ 1890 ਅਤੇ 1900 ਦੇ ਦਹਾਕੇ ਵਿੱਚ ਵੀ ਹਿੰਦੂ ਅਤੇ ਇਸਲਾਮੀ ਮੁੜ-ਸੁਰਜੀਤੀਵਾਦੀ ਤਾਕਤਾਂ ਮੌਜੂਦ ਸਨ ਪਰ ਉਸ ਸਮੇਂ ਕੁੱਝ ਅਗਾਂਹਵਧੂ ਕੌਮਵਾਦੀ ਆਗੂਆਂ ਦੇ ਯਤਨਾਂ ਸਦਕਾ ਹਿੰਦੂ ਅਤੇ ਇਸਲਾਮੀ ਮੁੜ-ਸੁਰਜੀਤੀਵਾਦੀ ਪਿਛਾਖੜਵਾਦ ਨੇ ਕੋਈ ਖਾੜਕੂ ਰੂਪ ਨਹੀਂ ਲਿਆ। ਫਾਸੀਵਾਦੀ ਉਭਾਰ ਦੀ ਜ਼ਮੀਨ ਸਦਾ ਸਰਮਾਏਦਾਰੀ ਵਿਕਾਸ ‘ਚੋਂ ਪੈਦਾ ਹੋਣ ਵਾਲ਼ੀ ਬੇਰੁਜ਼ਗਾਰੀ, ਗਰੀਬ, ਭੁੱਖਮਰੀ, ਅਸਥਿਰਤਾ, ਅਸੁਰੱਖਿਆ, ਅਤੇ ਆਰਥਿਕ ਸੰਕਟ ਨਾਲ਼ ਤਿਆਰ ਹੁੰਦੀ ਹੈ। ਭਾਰਤ ਬਰਤਾਨਵੀ ਸਾਮਰਾਜ ਦੀ ਬਸਤੀ ਸੀ। ਇੱਥੇ ਸਰਮਾਏਦਾਰੀ ਅੰਗਰੇਜ਼ਾਂ ਦੁਆਰਾ ਥੋਪੇ ਬਸਤੀਵਾਦੀ ਢਾਂਚੇ ਅੰਦਰ ਪੈਦਾ ਹੋਈ। ਇੱਕ ਬਸਤੀ ਹੋਣ ਕਰਕੇ ਭਾਰਤ ਨੂੰ ਸਰਮਾਏਦਾਰੀ ਬਰਤਾਨੀਆਂ ਤੋਂ ਗੁਲਾਮੀ ਦੇ ਤੋਹਫ਼ੇ ਦੇ ਤੌਰ ‘ਤੇ ਮਿਲ਼ੀ। ਭਾਰਤ ਵਿੱਚ ਸਰਮਾਏਦਾਰੀ ਕਿਸੇ ਬੁਰਜੂਆ ਜਮਹੂਰੀ ਇਨਕਲਾਬ ਦੇ ਜ਼ਰੀਏ ਨਹੀਂ ਆਈ। ਇਸ ਤਰ੍ਹਾਂ ਆਈ ਸਰਮਾਏਦਾਰੀ ਵਿੱਚ ਜਮਹੂਰੀਅਤ, ਆਧੁਨਿਕਤਾ, ਤਰਕਸ਼ੀਲਤਾ ਜਿਹੇ ਗੁਣ ਨਹੀਂ ਸਨ ਜੋ ਯੂਰਪ ਵਿੱਚ ਇਨਕਲਾਬੀ ਰਾਹੇ ਆਈ ਸਰਮਾਏਦਾਰੀ ਵਿੱਚ ਸਨ। ਇਸ ਰੂਪ ਵਿੱਚ ਇੱਥੋਂ ਦੀ ਬੁਰਜੂਆਜ਼ੀ ਵੀ ਬੇਹੱਦ ਪਿਛਾਖੜੀ, ਮੌਕਾਪ੍ਰਸਤ ਅਤੇ ਕਾਇਰ ਕਿਸਮ ਦੀ ਸੀ ਜੋ ਹਰ ਪ੍ਰਕਾਰ ਦੇ ਪਿਛਾਖੜ ਨੂੰ ਆਸਰਾ ਦੇਣ ਨੂੰ ਤਿਆਰ ਸੀ। ਅਜ਼ਾਦੀ ਤੋਂ ਬਾਅਦ ਇੱਥੇ ਹੋਏ ਕ੍ਰਮਵਾਰ ਭੂਮੀ ਸੁਧਾਰਾਂ ਕਾਰਨ ਯੁੰਕਰਾਂ ਜਿਹੀ ਇੱਕ ਸਰਮਾਏਦਾਰੀ ਜਗੀਰਦਾਰ ਜਮਾਤ ਮੌਜੂਦ ਸੀ। ਪਿੰਡਾਂ ਵਿੱਚ ਵੀ ਤਬਦੀਲੀ ਦੀ ਪ੍ਰਕਿਰਿਆ ਬੇਹੱਦ ਧੀਮੀ ਅਤੇ ਬੋਝਲ ਰਹੀ ਜਿਸਨੇ ਸੱਭਿਆਚਾਰ ਅਤੇ ਸਮਾਜਿਕ ਮਨੋਵਿਗਿਆਨ ਦੇ ਪੱਧਰ ‘ਤੇ ਪਿਛਾਖੜ ਲਈ ਇੱਕ ਉਪਜਾਉ ਜ਼ਮੀਨ ਮੁਹੱਈਆ ਕਰਵਾਈ। ਨਿਸ਼ਚਿਤ ਤੌਰ ‘ਤੇ, ਉੱਨਤ ਸਰਮਾਏਦਾਰੀ ਦੇਸ਼ਾਂ ਵਿੱਚ ਵੀ, ਇੱਥੇ ਸਰਮਾਏਦਾਰੀ ਜਮਹੂਰੀ ਇਨਕਲਾਬ ਹੋਏ ਸਨ, ਫਾਸੀਵਾਦੀ ਉਭਾਰ ਹੋ ਸਕਦਾ ਹੈ ਅਤੇ ਅੱਜ ਹੋ ਵੀ ਰਿਹਾ ਹੈ। ਪਰ ਨਿਸ਼ਚਿਤ ਤੌਰ ‘ਤੇ ਫਾਸੀਵਾਦੀ ਉਭਾਰ ਦੀ ਜ਼ਮੀਨ ਉਨ੍ਹਾਂ ਸਮਾਜਾਂ ਵਿੱਚ ਜਿਆਦਾ ਮਜ਼ਬੂਤ ਹੋਵੇਗੀ ਜਿੱਥੇ ਆਧੁਨਿਕ ਸਰਮਾਏਦਾਰੀ ਵਿਗਾੜਾਂ, ਰੋਗਾਂ, ਬਰਬਾਦੀ ਅਤੇ ਤਬਾਹੀ ਨਾਲ਼ ਮੱਧਯੁੱਗੀ ਜਗੀਰੂ ਬਰਬਰਤਾ, ਨਿਰੰਕੁਸ਼ਤਾ ਅਤੇ ਪਛੜੇਪਣ ਮਿਲ਼ ਗਿਆ ਹੋਵੇ। ਭਾਰਤ ਵਿੱਚ ਅਜਿਹੀ ਜ਼ਮੀਨ ਅਜ਼ਾਦੀ ਤੋਂ ਬਾਅਦ ਸਰਮਾਏਦਾਰੀ ਵਿਕਾਸ ਸ਼ੁਰੂ ਹੋਣ ਨਾਲ਼ ਫਾਸੀਵਾਦੀ ਤਾਕਤਾਂ ਨੂੰ ਮਿਲ਼ੀ। ਕੌਮੀ ਸਵੈਸੇਵਕ ਸੰਘ ਦਾ ਹਿੰਦੂਵਾਦੀ ਫਾਸੀਵਾਦ ਇਸੇ ਜ਼ਮੀਨ ‘ਤੇ ਪਲ਼ਿਆ-ਵਧਿਆ ਹੈ।

ਅੱਜ ਜਦੋਂ ਸਰਮਾਏਦਾਰੀ ਆਪਣੇ ਸੰਕਟ ਦਾ ਬੋਝ ਮਜ਼ਦੂਰ ਜਮਾਤ ਅਤੇ ਆਮ ਕਿਰਤੀ ਲੋਕਾਈ ‘ਤੇ ਪਾ ਰਹੀ ਹੈ ਅਤੇ ਮਹਿੰਗਾਈ, ਬੇਰੁਜ਼ਗਾਰੀ ਅਤੇ ਭੁੱਖ ਨਾਲ਼ ਉਹਨਾਂ ‘ਤੇ ਕਹਿਰ ਵਰ੍ਹਾ ਰਹੀ ਹੈ, ਤਾਂ ਲੋਕ ਲਹਿਰਾਂ ਵੀ ਸੜਕਾਂ ‘ਤੇ ਫੁੱਟ ਰਹੀਆਂ ਹਨ। ਚਾਹੇ ਉਹ ਮਜ਼ਦੂਰਾਂ ਦੇ ਘੋਲ਼ ਹੋਣ, ਠੇਕੇ ‘ਤੇ ਰੱਖੇ ਗਏ ਅਧਿਆਪਕਾਂ, ਨਰਸਾਂ ਅਤੇ ਹੋਰ ਕਰਮਚਾਰੀਆਂ ਦੇ ਘੋਲ਼ ਹੋਣ, ਜਾਂ ਫਿਰ ਸਿੱਖਿਆ ਅਤੇ ਰੁਜ਼ਗਾਰ ਦੇ ਹੱਕਾਂ ਲਈ ਵਿਦਿਆਰਥੀਆਂ-ਨੌਜਵਾਨਾਂ ਦੇ ਘੋਲ਼ ਹੋਣ। ਜੇ ਕੋਈ ਇਨਕਲਾਬੀ ਬਦਲ ਨਾ ਹੋਵੇ ਤਾਂ ਸਰਮਾਏਦਾਰੀ ਦੇ ਇਸ ਸੰਕਟ ਨਾਲ਼ ਸਮਾਜ ਵਿੱਚ ਉਜੜੀ ਹੋਈ ਨਿੱਕ-ਬੁਰਜੂਆ ਜਮਾਤ ਲੁੰਪਨ ਪ੍ਰੋਲੇਤਾਰੀ ਜਮਾਤ ਫਾਸੀਵਾਦੀ ਪਿਛਾਖੜ ਦਾ ਅਧਾਰ ਬਣਦੇ ਹਨ। ਬਰਤਾਨਵੀ ਭਾਰਤ ਵਿੱਚ ਵੀ ਫਾਸੀਵਾਦੀ ਵਿਚਾਰਧਾਰਾ ਦਾ ਸਮਾਜਿਕ ਅਧਾਰ ਇਹਨਾਂ ਜਮਾਤਾਂ ਜ਼ਰੀਏ ਪੈਦਾ ਹੋਇਆ ਸੀ।

ਭਾਰਤ ਦੇ ਮਹਾਂਰਾਸ਼ਟਰ ਵਿੱਚ ਅਜਿਹੀ ਨਿੱਕ ਬੁਰਜੂਆ ਜਮਾਤ ਮੌਜੂਦ ਸੀ। ਮਹਾਂਰਾਸ਼ਟਰ ਦੇ ਵਪਾਰੀ ਅਤੇ ਬ੍ਰਾਹਮਣ ਹੀ ਆਰ.ਐਸ.ਐਸ. ਦਾ ਸ਼ੁਰੂਆਤੀ ਅਧਾਰ ਬਣੇ। 1916 ਦੇ ਲਖਨਊ ਸਮਝੌਤੇ ਅਤੇ ਖਿਲਾਫ਼ਤ ਲਹਿਰ ਦੇ ਮਿਲਣ ਨਾਲ਼ ਧਾਰਮਿਕ ਮੇਲ਼ਜੋਲ਼ ਦੀ ਹਾਲਤ ਬਣੀ ਰਹੀ। ਪਰ ਇਸ ਦੌਰਾਨ ਵੀ ‘ਹਿੰਦੂ ਮਹਾਂਸਭਾ’ ਜਿਹੀਆਂ ਹਿੰਦੂ ਫਿਰਕੂ ਜਥੇਬੰਦੀਆਂ ਮੌਜੂਦ ਸਨ। ਗਾਂਧੀ ਦੁਆਰਾ ਨਾ ਮਿਲਵਰਤਣ ਲਹਿਰ ਦੇ ਅਚਾਨਕ ਵਾਪਸ ਲਏ ਜਾਣ ਨਾਲ਼ ਇੱਕ ਬੇਚੈਨੀ ਫੈਲੀ ਅਤੇ ਖੜੋਤ ਦੀ ਸਥਿਤੀ ਆਈ। ਇਤਿਹਾਸ ਗਵਾਹ ਹੈ ਕਿ ਅਜਿਹੀ ਬੇਚੈਨੀ ਅਤੇ ਖੜੋਤ ਦੀਆਂ ਹਾਲਤਾਂ ਵਿੱਚ ਪਿਛਾਖੜੀ ਤਾਕਤਾਂ ਸਿਰ ਚੁੱਕਦੀਆਂ ਰਹੀਆਂ ਹਨ ਅਤੇ ‘ਲੋਕਾਂ ਨੂੰ ਗਲਤ ਰਾਹ ‘ਤੇ ਲੈ ਜਾਣ ਵਿੱਚ ਸਫਲ ਹੋ ਰਹੀਆਂ ਹਨ’ ਜਿਵੇਂ ਕਿ ਭਗਤ ਸਿੰਘ ਨੇ ਕਿਹਾ ਸੀ। ਭਾਰਤ ਦੀ ਸਰਮਾਏਦਾਰ ਜਮਾਤ ਇੱਕ ਪਾਸੇ ਸਾਮਰਾਜਵਾਦ ਤੋਂ ਸਿਆਸੀ ਅਜ਼ਾਦੀ ਚਾਹੁੰਦੀ ਸੀ, ਤਾਂ ਉੱਥੇ ਉਹ ਮਜ਼ਦੂਰਾਂ ਦੇ ਜਾਗ ਜਾਣ ਦੇ ਅਤੇ ਵਿਦਰੋਹ ਦਾ ਰਾਹ ਅਖਤਿਆਰ ਕਰਨ ਕਰਕੇ ਲਗਾਤਾਰ ਡਰੀ ਵੀ ਰਹਿੰਦੀ ਸੀ। ਇਸ ਲਈ ਗਾਂਧੀ ਨੇ ਕਦੇ ਮਜ਼ਦੂਰਾਂ ਨੂੰ ਜਥੇਬੰਦ ਕਰਨ ਦਾ ਯਤਨ ਨਹੀਂ ਕੀਤਾ, ਉਲਟਾ ਜਦੋਂ ਗੁਜਰਾਤ ਦੇ ਮਜ਼ਦੂਰਾਂ ਨੇ ਗਾਂਧੀ ਨੂੰ ਜੁਝਾਰੂ ਤਰੀਕੇ ਨਾਲ਼ ਸਾਥ ਦੇਣ ਦੀ ਪੇਸ਼ਕਸ਼ ਕੀਤੀ ਤਾਂ ਗਾਂਧੀ ਨੇ ਉਨਾਂ ਨੂੰ ਸ਼ਾਂਤੀ ਪੂਰਵਕ ਕੰਮ ਕਰਨ ਦੀ ਹਦਾਇਤ ਦਿੱਤੀ ਅਤੇ ਕਿਹਾ ਕਿ ਮਜ਼ਦੂਰ ਜਮਾਤ ਨੂੰ ਸਿਆਸੀ ਤੌਰ ‘ਤੇ ਛੇੜਿਆ ਨਹੀਂ ਜਾਣਾ ਚਾਹੀਦਾ। ਇਹੀ ਕਾਰਨ ਸੀ ਕਿ ਨਾ-ਮਿਲਵਰਤਨ ਲਹਿਰ ਦੇ ਇਨਕਲਾਬੀ ਦਿਸ਼ਾ ਵਿੱਚ ਮੁੜਨ ਤੋਂ ਪਹਿਲਾਂ ਸੰਕੇਤ ਮਿਲ਼ਦੇ ਹੀ ਗਾਂਧੀ ਨੇ ਕਦਮ ਪਿੱਛੇ ਹਟਾ ਲਏ ਅਤੇ ਅੰਗਰੇਜ਼ਾਂ ਨਾਲ਼ ਸਮਝੌਤਾ ਕਰ ਲਿਆ। ਭਾਰਤੀ ਰੋਗੀ ਸਰਮਾਏਦਾਰੀ ਜਮਾਤ ਦਾ ਸਿਆਸੀ ਖਾਸਾ ਹੀ ਦੋਗਲ਼ਾ ਸੀ। ਇਸ ਲਈ ਉਸਨੇ ਪੂਰੀ ਅਜ਼ਾਦੀ ਦੀ ਲੜਾਈ ਵਿੱਚ ਕਦੇ ਬੁਨਿਆਦੀ ਰਾਹ ਅਖਤਿਆਰ ਨਹੀਂ ਕੀਤਾ ਅਤੇ ਸਦਾ ‘ਦਬਾਅ-ਸਮਝੌਤਾ-ਦਬਾਅ’ ਦੀ ਯੁੱਧਨੀਤੀ ਅਪਣਾਈ ਤਾਂ ਕਿ ਲੋਕਾਂ ਦੀ ਇਨਕਲਾਬੀ ਪਹਿਲਕਦਮੀ ਨੂੰ ਬੇਰੋਕ ਕੀਤੇ ਬਿਨ੍ਹਾਂ, ਇੱਕ ਸਮਝੌਤੇ ਦੇ ਰਾਹੀਂ ਇੱਕ ਸਰਮਾਏਦਾਰੀ ਸਿਆਸੀ ਅਜ਼ਾਦੀ ਮਿਲ਼ ਜਾਵੇ। ਗਾਂਧੀ ਅਤੇ ਕਾਂਗਰਸ ਦੀ ਇਹ ਯੁੱਧਨੀਤੀ ਵੀ ਭਾਰਤ ਵਿੱਚ ਫਾਸੀਵਾਦ ਦੇ ਜਨਮ ਲਈ ਜਿੰਮੇਵਾਰ ਸੀ। ਮਿਸਾਲ ਦੇ ਤੌਰ ‘ਤੇ ਨਾ- ਮਿਲਵਰਤਨ ਲਹਿਰ ਦੇ ਵਾਪਸ ਲਏ ਜਾਣ ਤੋਂ ਬਾਅਦ ਜੋ ਬੇਚੈਨੀ ਫੈਲੀ ਉਸਦੇ ਕਾਰਨ ਪਿਛਾਖੜੀ ਤਾਕਤਾਂ ਹਿੰਦੂ-ਮੁਸਲਿਮ ਏਕਤਾ ਤੋੜਨ ਵਿੱਚ ਕਾਮਯਾਮ ਹੋਈਆਂ। ਇੱਕ ਪਾਸੇ ਇਸਲਾਮੀ ਕੱਟੜਪੰਥ ਤਾਂ ਦੂਜੇ ਪਾਸੇ ਹਿੰਦੂ ਮੁੜ ਸੁਰਜੀਤੀਵਾਦ ਦੀ ਲਹਿਰ ਚੱਲ ਪਈ। ਸਾਵਰਕਰ ਭਰਾਵਾਂ ਦਾ ਸਮਾਂ ਇਹੀ ਸੀ ਆਰ.ਅੱੈਸ.ਐੱਸ. ਦੀ ਸਥਾਪਨਾ ਇਨ੍ਹਾਂ ਸਾਰੀਆਂ ਘਟਨਾਵਾਂ ਦੀ ਪਿੱਠਭੂਮੀ ਵਿੱਚ ਹੋਈ।

ਸੰਘ ਦੇ ਸੰਸਥਾਪਕ ਹੇਡਗੇਵਾਰ ਸੰਘ ਦੀ ਉਸਾਰੀ ਤੋਂ ਪਹਿਲਾਂ ਕਾਂਗਰਸ ਨਾਲ਼ ਜੁੜੇ ਸਨ। 1921 ਵਿੱਚ ਖਿਲਾਫ਼ਤ ਲਹਿਰ ਦੀ ਹਮਾਇਤ ਵਿੱਚ ਦਿੱਤੇ ਆਪਣੇ ਭਾਸ਼ਣ ਕਾਰਨ ਉਨਾਂ ਨੂੰ ਇੱਕ ਸਾਲ ਦੀ ਜੇਲ੍ਹ ਹੋਈ। ਆਰ.ਐੱਸ.ਅੈੱਸ. ਦੁਆਰਾ ਹੀ ਛਾਪੀ ਗਈ ਉਹਨਾਂ ਦੀ ਜੀਵਨੀ ‘ਸੰਘ ਬ੍ਰਿਸ਼ ਕੇ ਬੀਜ’ ਵਿੱਚ ਲਿਖਿਆ ਹੈ ਕਿ ਜੇਲ੍ਹ ਵਿੱਚ ਰਹਿੰਦੇ ਹੋਏ ਅਜ਼ਾਦੀ ਸੰਗਰਾਮ ਵਿੱਚ ਹਾਸਲ ਹੋਏ ਤਜ਼ਰਬਿਆਂ ਨੇ ਉਨਾਂ ਦੇ ਦਿਮਾਗ ਵਿੱਚ ਕਈ ਸਵਾਲ ਪੈਦਾ ਕੀਤੇ ਅਤੇ ਉਨਾਂ ਨੂੰ ਲੱਗਿਆ ਕਿ ਕੋਈ ਹੋਰ ਰਾਹ ਭਾਲ਼ਿਆ ਜਾਣਾ ਚਾਹੀਦਾ ਹੈ। ਇਸੇ ਕਿਤਾਬ ਵਿੱਚ ਇਹ ਵੀ ਲਿਖਿਆ ਹੈ ਕਿ ਹਿੰਦੂਵਾਦ ਵੱਲ ਹੇਡਗੇਵਾਰ ਦਾ ਰੁਝਾਨ 1925 ਵਿੱਚ ਸ਼ੁਰੂ ਹੋਇਆ। ਗੱਲ ਸਾਫ਼ ਹੈ, ਜੇਲ੍ਹ ਜਾਣ ਤੋਂ ਬਾਅਦ ਜੋ ”ਬੌਧਿਕ ਗਿਆਨ” ਉਨਾਂ ਨੂੰ ਹਾਸਲ ਹੋਇਆ। ਉਸ ਤੋਂ ਬਾਅਦ ਉਨਾਂ ਨੇ ਆਰ.ਅੈੱਸ.ਐੱਸ ਦੀ ਸਥਾਪਨਾ ਕਰ ਦਿੱਤੀ। ਹੇਡਗੇਵਾਰ ਜਿਸ ਵਿਅਕਤੀ ਦੇ ਸੰਪਰਕ ਵਿੱਚ ਫਾਸੀਵਾਦੀ ਵਿਚਾਰਾਂ ਤੋਂ ਪ੍ਰਭਾਵਿਤ ਹੋਏ ਉਹ ਸੀ ਮੁੰਜੇ। ਮੁੰਜੇ ਉਹ ਤਾਰ ਹੈ ਜੋ ਆਰ.ਐੱਸ.ਅੈੱਸ. ਦੇ ਸੰਸਥਾਪਕ ਹੇਡਗੇਵਾਰ ਅਤੇ ਮੁਸੋਲਿਨੀ ਦੇ ਫਾਸੀਵਾਦੀ ਵਿਚਾਰਾਂ ਨਾਲ਼ ਸੰਘ ਦੀ ਵਿਚਾਰਧਾਰਾ ਨੂੰ ਜੋੜਦਾ ਹੈ। ਮਰਜੀਆ ਕਸੋਲਰੀ ਨਾਮ ਦੀ ਇੱਕ ਇਤਾਲਵੀ ਖੋਜ ਨੇ ਆਰ.ਐੱਸ.ਐੱਸ. ਦੇ ਸੰਸਥਾਪਕਾਂ ਅਤੇ ਨਾਜ਼ੀਆਂ ਤੇ ਇਤਾਲਵੀ ਫਾਸੀਵਾਦੀਆਂ ਵਿਚਲੇ ਸੰਪਰਕਾਂ ‘ਤੇ ਡੂੰਘੀ ਖੋਜ ਕੀਤੀ। ਕਸੋਲਰੀ ਦੇ ਅਨੁਸਾਰ ਹਿੰਦੂ ਕੌਮਵਾਦੀਆਂ ਦੀ ਫਾਸੀਵਾਦ ਅਤੇ ਮੁਸੋਲਿਨੀ ਵਿੱਚ ਰੁਚੀ ਕੋਈ ਅਚਾਨਕ  ਹੋਣ ਵਾਲ਼ੀ ਘਟਨਾ ਨਹੀਂ ਹੈ, ਜੋ ਸਿਰਫ ਕੁੱਝ ਲੋਕਾਂ ਤੱਕ ਸੀਮਤ ਸੀ, ਸਗੋਂ ਇਹ ਹਿੰਦੂ ਕੌਮਵਾਦੀਆਂ, ਖਾਸ ਕਰਕੇ ਮਹਾਂਰਾਸ਼ਟਰ ਵਿੱਚ ਰਹਿਣ ਵਾਲ਼ੇ ਹਿੰਦੂ ਕੌਮਵਾਦੀਆਂ ਦੇ ਇਤਾਲਵੀ ਤਾਨਾਸ਼ਾਹੀ ਅਤੇ ਆਗੂਆਂ ਦੀ ਵਿਚਾਰਧਾਰਾ ਨਾਲ਼ ਸਹਿਮਤੀ ਦਾ ਨਤੀਜਾ ਸੀ। ਇਹਨਾਂ ਮੁੜ-ਸੁਰਜੀਤੀਵਾਦੀਆਂ ਨੂੰ ਫਾਸੀਵਾਦ ਇੱਕ ”ਰੂੜੀਵਾਦੀ ਇਨਕਲਾਬ” ਦੀ ਤਰ੍ਹਾਂ ਲਗਦਾ ਹੁੰਦਾ ਸੀ। ਇਸ ਧਾਰਨਾ ‘ਤੇ ਮਰਾਠੀ ਪ੍ਰੈੱਸ ਨੇ ਇਤਾਲਵੀ ਤਾਨਾਸ਼ਾਹੀ ਦੀ ਸ਼ੁਰੂਆਤੀ ਦਿਨਾਂ ਤੋਂ ਹੀ ਖੂਬ ਚਰਚਾ ਕੀਤੀ। 1924-1935 ਵਿੱਚ ਆਰ.ਐੱਸ.ਐੱਸ. ਨਾਲ਼ ਨੇੜਤਾ ਰੱਖਣ ਵਾਲ਼ੇ ਅਖ਼ਬਾਰ ‘ਕੇਸਰੀ’ ਨੇ ਇਟਲੀ ਵਿੱਚ ਫਾਸੀਵਾਦ ਅਤੇ ਮੁਸੋਲਿਨੀ ਦੀ ਸਿਫਤ ਵਿੱਚ ਕਈ ਸੰਪਾਦਕੀਆਂ ਅਤੇ ਲੇਖ ਲਿਖੇ। ਜੋ ਤੱਥ ਮਰਾਠੀ ਪੱਤਰਕਾਰਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਸੀ ਉਹ ਸੀ ਫਾਸੀਵਾਦ ਦਾ ”ਸਮਾਜਵਾਦ” ਦੇ ਉੱਭਰਨ, ਜਿਸਨੇ ਇਟਲੀ ਨੂੰ ਇੱਕ ਪਿਛੜੇ ਦੇਸ਼ ਤੋਂ ਇੱਕ ਸੰਸਾਰ-ਤਾਕਤ ਦੇ ਰੂਪ ਵਿੱਚ ਬਦਲ ਦਿੱਤਾ। ਆਪਣੀਆਂ ਸੰਪਾਦਕੀਆਂ ਦੀ ਇੱਕ ਲੜੀ ਵਿੱਚ ਕੇਸਰੀ ਨੇ ਇਟਲੀ ਦੇ ਉਦਾਰਵਾਦੀ ਹਕੂਮਤ ਤੋਂ ਤਾਨਾਸ਼ਾਹੀ ਤੱਕ ਦੀ ਯਾਤਰਾ ਨੂੰ ਅਰਾਜਕਤਾ ਤੋਂ ਇੱਕ ਅਨੁਸ਼ਾਸ਼ਿਤ ਸਥਿਤੀ ਦੀ ਸਥਾਪਨਾ ਦੱਸਿਆ। ਮਰਾਠੀ ਅਖ਼ਬਾਰਾਂ ਨੇ ਆਪਣਾ ਪੂਰਾ ਧਿਆਨ ਮੁਸੋਲਿਨੀ ਦੁਆਰਾ ਕੀਤੇ ਗਏ ਸਿਆਸੀ ਸੁਧਾਰਾਂ ‘ਤੇ ਕੇਂਦਰਤ ਰੱਖਿਆ, ਖਾਸ ਤੌਰ ‘ਤੇ ਸੰਸਦ ਨੂੰ ਹਟਾ ਕੇ ਉਸਦੀ ਜਗ੍ਹਾ ‘ਗ੍ਰੇਟ ਕਾਉਂਸਿਲ ਆਫ ਫਾਸਿਜ਼ਮ’ ਦੀ ਸਥਾਪਨਾ। ਇਨਾਂ ਸਾਰੇ ਤੱਥਾਂ ਤੋਂ ਇਹ ਸਾਬਤ ਹੋ ਜਾਂਦਾ ਹੈ ਕਿ 1920 ਦੇ ਅੰਤ ਤੱਕ ਮਹਾਂਰਾਸ਼ਟਰ ਵਿੱਚ ਮੁਸੋਲਿਨੀ ਦੀ ਫਾਸੀਵਾਦੀ ਸੱਤ੍ਹਾ ਅਖ਼ਬਾਰਾਂ ਰਾਹੀਂ ਬਾਕੀ ਪ੍ਰਸਿੱਧੀ ਪ੍ਰਾਪਤ ਕਰ ਰਹੀ ਸੀ। ਫਾਸੀਵਾਦ ਦਾ ਜੋ ਪੱਖ ਹਿੰਦੂ ਕੌਮਵਾਦੀਆਂ ਨੂੰ ਸਭ ਤੋਂ ਵੱਧ ਦਿਲ-ਖਿੱਚਵਾਂ ਲੱਗ ਰਿਹਾ ਸੀ ਉਹ ਸੀ ਸਮਾਜ ਦਾ ਫੌਜੀਕਰਨ ਜਿਸਨੇ ਇੱਕ ਤਾਨਾਸ਼ਾਹ ਦੀ ਅਗਵਾਈ ਵਿੱਚ ਸਮਾਜ ਨੂੰ ਬਦਲ ਦਿੱਤਾ ਸੀ। ਇਸ ਲੋਕਤੰਤਰ ਵਿਰੋਧੀ ਢਾਂਚੇ ਨੂੰ ਹਿੰਦੂ ਕੌਮਵਾਦੀਆਂ ਦੁਆਰਾ ਬ੍ਰਿਟਿਸ਼ ਕਦਰਾਂ ਕੀਮਤਾਂ ਵਾਲ਼ੇ ਲੋਕਤੰਤਰ ਦੇ ਮੁਕਾਬਲੇ ਇੱਕ ਸਕਾਰਾਤਮਕ ਬਦਲ ਦੇ ਰੂਪ ਵਿੱਚ ਦੇਖਿਆ ਗਿਆ।

ਪਹਿਲਾ ਹਿੰਦੂ ਕੌਮਵਾਦੀ ਜੋ ਫਾਸੀਵਾਦੀ ਸੱਤ੍ਹਾ ਦੇ ਸੰਪਰਕ ਵਿੱਚ ਆਇਆ ਉਹ ਸੀ ਹੇਡਗੇਵਾਰ ਦਾ ਉਸਤਾਦ ਮੁੰਜੇ। ਮੁੰਜੇ ਨੇ ਸੰਘ ਨੂੰ ਮਜ਼ਬੂਤ ਕਰਨ ਅਤੇ ਉਸਨੂੰ ਦੇਸ਼-ਵਿਆਪੀ ਸੰਸਥਾ ਬਣਾਉਣ ਦੀ ਆਪਣੀ ਇੱਛਾ ਪ੍ਰਗਟ ਕੀਤੀ, ਜੋ ਜੱਗ ਜਾਹਿਰ ਹੈ। 1931 ਫਰਬਰੀ-ਮਾਰਚ ਵਿੱਚ ਮੁੰਜੇ ਨੇ ਗੋਲ਼ ਮੇਜ਼ ਕਾਨਫਰੰਸ ਤੋਂ ਮੁੜਦੇ ਹੋਏ ਯੂਰਪ ਦੀ ਯਾਤਰਾ ਕੀਤੀ, ਜਿਸ ਦੌਰਾਨ ਉਸਨੇ ਮੁਸੋਲਿਨੀ ਨਾਲ਼ ਮੁਲਾਕਾਤ ਵੀ ਕੀਤੀ। ਮੁੰਜੇ ਨੇ ਰੋਮ ਵਿੱਚ ਇਤਾਲਵੀ ਫਾਸੀਵਾਦੀਆਂ ਦੇ ਮਿਲਟਰੀ ਕਾਲਜ – ਫਾਸਿਸਟ ਅਕੈਡਮੀ ਆਫ ਫਿਜੀਕਲ ਐਜੂਕੇਸ਼ਨ, ਸੈਂਟਰਲ ਮਿਲਟਰੀ ਸਕੂਲ ਆਫ ਫਿਜੀਕਲ ਐਜੂਕੇਸ਼ਨ ਅਤੇ ਇਹਨਾਂ ਸਾਰਿਆਂ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਬਲਿੱਲਾ ਅਤੇ ਏਵਾਂ ਗਾਰਡਿਸਟ ਆਰਗੇਨਾਈਜੇਸ਼ਨ ਦੇ ਗੜ੍ਹਾਂ ਵਿੱਚ ਜਾ ਕੇ ਬਹੁਤ ਬਰੀਕੀ ਨਾਲ਼ ਦੇਖਿਆ। ਇਸ ਤੋਂ ਮੁੰਜੇ ਬਹੁਤ ਪ੍ਰਭਾਵਿਤ ਹੋਇਆ। ਇਹ ਸਕੂਲ ਜਾਂ ਕਾਲਜ ਸਿੱਖਿਆ ਦੇ ਕੇਂਦਰ ਨਹੀਂ ਸਨ ਸਗੋਂ ਮਾਸੂਮ ਬੱਚਿਆਂ ਅਤੇ ਲੜਕਿਆਂ ਦੇ ਦਿਮਾਗਾਂ ਵਿੱਚ ਜ਼ਹਿਰ ਘੋਲ਼ਕੇ, ‘ਬ੍ਰੇਨਵਾਸ਼’ ਕਰਨ ਦੇ ਸੈਂਟਰ ਸਨ। ਇੱਥੇ 6 ਸਾਲ ਤੋਂ 18 ਸਾਲ ਦੀ ਉਮਰ ਤੱਕ ਦੇ ਨੌਜਵਾਨਾਂ ਦੀ ਭਰਤੀ ਕਰਕੇ ਉਨਾਂ ਨੂੰ ਫਾਸੀਵਾਦੀ ਵਿਚਾਰਧਾਰਾ ਦੇ ਅਧੀਨ ਕਰਨ ਦੇ ਪੂਰੇ ਇੰਤਜ਼ਾਮ ਸਨ। ਆਰ.ਐੱਸ.ਐੱਸ. ਦਾ ਇਹ ਦਾਅਵਾ ਕਿ ਇਸਦਾ ਢਾਂਚਾ ਹੇਡਗੇਵਾਰ ਦੇ ਕੰਮ ਅਤੇ ਸੋਚ ਦਾ ਨਤੀਜਾ ਸੀ, ਇੱਕ ਸਫੈਦ ਝੂਠ ਹੈ ਕਿਉਂਕਿ ਸੰਘ ਦੇ ਸਕੂਲ ਤੇ ਹੋਰ ਸੰਸਥਾਵਾਂ ਅਤੇ ਖੁਦ ਸੰਘ ਦਾ ਪੂਰਾ ਢਾਂਚਾ ਇਤਾਲਵੀ ਫਾਸੀਵਾਦ ‘ਤੇ ਅਧਾਰਿਤ ਹੈ ਅਤੇ ਉਹਨਾਂ ਨਾਲ਼ ਹੂ-ਬ-ਹੂ ਮੇਲ਼ ਖਾਂਦਾ ਹੈ। ਭਾਰਤ ਵਾਪਸ ਆਉਂਦੇ ਹੀ, ਮੁੰਜੇ ਨੇ ਹਿੰਦੂਆਂ ਦੇ ਫੌਜੀਕਰਨ ਦੀ ਆਪਣੀ ਯੋਜਨਾ ਅਮਲ ਵਿੱਚ ਲਿਆਉਣੀ ਸ਼ੁਰੂ ਕਰ ਦਿੱਤੀ। ਪੂਨੇ ਪਹੁੰਚ ਕੇ ਮੁੰਜੇ ਨੇ ”ਦ ਮਰਾਠਾ” ਨੂੰ ਦਿੱਤੀ ਗਈ ਇੱਕ ਇਟਰਵਿਊ ਵਿੱਚ ਹਿੰਦੂਆਂ ਦੇ ਫੌਜੀਕਰਨ ਦੇ ਬਾਰੇ ਹੇਠ ਲਿਖਿਆ ਬਿਆਨ ਦਿੱਤਾ, ”ਲੀਡਰਾਂ ਨੂੰ ਜਰਮਨੀ ਦੀ ਨੌਜਵਾਨ ਲਹਿਰ, ਬਲਿੱਲਾ ਅਤੇ ਇਟਲੀ ਦੀਆਂ ਫਾਸੀਵਾਦੀ ਜਥੇਬੰਦੀਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ।”

ਮੁੰਜੇ ਅਤੇ ਆਰ.ਐੱਸ.ਅੈੱਸ. ਦੇ ਕਰੀਬੀ ਅਤੇ ਇਹਨਾਂ ਦੀ ਫਾਸੀਵਾਦੀ ਵਿਚਾਰਧਾਰਾ ਦੀ ਪੁਸ਼ਟੀ 1933 ਵਿੱਚ ਬਰਤਾਨਵੀ ਸੂਤਰਾਂ ਵਿੱਚ ਛਪੀ ਖੁਫੀਆ ਵਿਭਾਗ ਦੀ ਰਿਪੋਰਟ ਨਾਲ਼ ਹੋ ਜਾਂਦੀ ਹੈ। ਇਸ ਰਿਪੋਰਟ ਦਾ ਸਿਰਲੇਖ ਸੀ ”ਰਾਸ਼ਟਰੀ ਸਵੈਸੇਵਕ ਸੰਘ ‘ਤੇ ਟਿੱਪਣੀ” ਜਿਸ ਵਿੱਚ ਸੰਘ ਦੇ ਮਰਾਠੀ ਭਾਸ਼ੀ ਖੇਤਰਾਂ ਵਿੱਚ ਮੁੜ-ਉਸਾਰੀ ਦਾ ਜਿੰਮੇਵਾਰ ਮੁੰਜੇ ਨੂੰ ਠਹਿਰਾਇਆ ਗਿਆ ਹੈ। ਇਸ ਰਿਪੋਰਟ ਵਿੱਚ ਆਰ.ਐੱਸ.ਐੱਸ. ਦੇ ਖਾਸੇ, ਇਹਨਾਂ ਦੀਆਂ ਸਰਗਰਮੀਆਂ ਬਾਰੇ ਕਿਹਾ ਗਿਆ ਸੀ ਕਿ – ”ਇਹ ਕਹਿਣਾ ਸੰਭਵ ਤੌਰ ‘ਤੇ ਅਤਿਕਥਨੀ ਨਹੀਂ ਹੋਵੇਗੀ ਕਿ ਸੰਘ ਭਵਿੱਖ ਵਿੱਚ ਭਾਰਤ ਲਈ ਉਹ ਬਣਨਾ ਚਾਹੁੰਦਾ ਹੈ ਜੋ ਫਾਸੀਵਾਦੀ ਇਟਲੀ ਲਈ ਹਨ ਅਤੇ ਨਾਜ਼ੀ ਲੋਕ ਜਰਮਨੀ ਲਈ ਹਨ।” (ਨੈਸ਼ਨਲ ਆਰਕਾਇਵ ਆਫ ਇੰਡੀਆ) 1934 ਵਿੱਚ ਮੁੰਜੇ ਨੇ ਆਪਣੀ ਇੱਕ ਸੰਸਥਾ ”ਭੋਂਸਲਾ ਮਿਲਟਰੀ ਸਕੂਲ” ਦੀ ਨੀਂਹ ਰੱਖੀ, ਉਸੇ ਸਾਲ ਮੁੰਜੇ ਨੇ ”ਕੇਂਦਰੀ ਹਿੰਦੂ ਫੌਜ ਸਿੱਖਿਆ ਸਮਾਜ” , ਜਿਸਦਾ ਮੁੱਖ ਉਦੇਸ਼ ਹਿੰਦੂਆਂ ਦੇ ਫੌਜੀ ਉਥਾਨ ਅਤੇ ਹਿੰਦੂ ਨੌਜਵਾਨਾਂ ਨੂੰ ਆਪਣੀ ਮਾਤਭੂਮੀ ਦੀ ਰੱਖਿਆ ਕਰਨ ਯੋਗ ਬਣਾਉਣਾ ਸੀ, ਦੀ ਨੀਂਹ ਵੀ ਰੱਖੀ। ਜਦੋਂ ਵੀ ਮੁੰਜੇ ਨੂੰ ਹਿੰਦੂ ਸਮਾਜ ਦੇ ਫੌਜੀਕਰਨ ਲਈ ਅਮਲ ਦਾ ਉਦਾਹਰਨ ਦੇਣ ਦੀ ਜਰੂਰਤ ਮਹਿਸੂਸ ਹੋਈ ਤਾਂ ਉਸਨੇ ਇਟਲੀ ਦੀ ਫੌਜ ਅਤੇ ਅਰਧ ਫੌਜੀ ਢਾਂਚੇ ਬਾਰੇ ਜੋ ਖੁਦ ਦੇਖਿਆ ਸੀ, ਉਹ ਦੱਸਿਆ। ਮੁੰਜੇ ਨੇ ਬਲਿੱਲਾ ਅਤੇ ਏਂਵਾਂ ਗਾਰਡਿਸਟਾਂ ਬਾਰੇ ਵਿਸਥਾਰ ਸਹਿਤ ਵਰਨਣ ਦਿੱਤੇ। ਜੂਨ 1938 ਵਿੱਚ ਮੁੰਬਈ ਵਿੱਚ ਸਥਿਤ ਇਤਾਲਵੀ ਵਪਾਰਕ ਦੂਤਘਰ ਨੇ ਭਾਰਤੀ ਵਿਦਿਆਰਥੀਆਂ ਨੂੰ ਇਤਾਲਵੀ ਭਾਸ਼ਾ ਸਿੱਖਣ ਲਈ ਭਰਤੀ ਸ਼ੁਰੂ ਕੀਤੀ, ਜਿਸਦੇ ਪਿੱਛੇ ਮੁੱਖ ਉਦੇਸ਼ ਨੌਜਵਾਨਾਂ ਨੂੰ ਇਟਲੀ ਦੇ ਫਾਸੀਵਾਦੀ ਪ੍ਰਚਾਰ ਦਾ ਹਮਾਇਤੀ ਬਣਾਉਣਾ ਸੀ। ਮਾਰੀਉ ਕਰੇਲੀ ਨਾਮ ਦੇ ਇੱਕ ਵਿਅਕਤੀ ਨੂੰ ਇਸ ਕੰਮ ਲਈ ਰੋਮ ਤੋਂ ਭਾਰਤ ਭੇਜਿਆ ਗਿਆ। ਭਰਤੀ ਕੀਤੇ ਗਏ ਵਿਦਿਆਰਥੀਆਂ ਵਿੱਚ ਇੱਕ ਮਾਧਵ ਕਾਸ਼ੀਨਾਥ ਦਾਮਲੇ, ਨੇ ਕਰੇਲੀ ਦੇ ਸੁਝਾਅ ਤੋਂ ਬਾਅਦ ਮੁਸੋਲਿਨੀ ਦੀ ਕਿਤਾਬ ”ਫਾਸੀਵਾਦ ਦਾ ਸਿਧਾਂਤ” ਦਾ ਮਰਾਠੀ ਵਿੱਚ ਅਨੁਵਾਦ ਕੀਤਾ ਅਤੇ ਉਸਨੂੰ 1939 ਵਿੱਚ ਇੱਕ ਲੜੀਬੱਧ ਤਰੀਕੇ ਨਾਲ਼ ਲੋਹਖੰਡੀ ਮੋਰਚਾ (ਆਇਰਨ ਫਰੰਟ) ਨਾਮ ਦੇ ਰਸਾਲੇ ਵਿੱਚ ਛਾਪਿਆ ਗਿਆ। ਮਹਾਂਰਾਸ਼ਟਰ ਵਿੱਚ ਫੈਲੈ ਫਾਸੀਵਾਦੀ ਪ੍ਰਭਾਵ ਦਾ ਇੱਕ ਹੋਰ ਉਦਾਹਰਨ ਐਮ.ਆਰ. ਜੈਕਰ, ਜੋ ਹਿੰਦੂ ਮਹਾਂਸਭਾ ਦੇ ਇੱਕ ਵਫਾਦਾਰ ਆਗੂ ਸਨ, ਦੁਆਰਾ ਉਸਾਰੀ ‘ਸਵਾਸਤਿਕ ਲੀਗ’ ਸੀ। 1940 ਵਿੱਚ ਨਾਜ਼ੀਆਂ ਦੇ ਅਸਲੀ ਖਾਸਾ ਦੇ ਸਾਹਮਣੇ ਆਉਣ ਨਾਲ਼ ਇਸ ਲੀਗ ਨੇ ਖੁਦ ਨੂੰ ਨਾਜ਼ੀਵਾਦ ਤੋਂ ਵੱਖ ਕਰ ਲਿਆ।

1930 ਦੇ ਅੰਤ ਤੱਕ, ਆਰ.ਐੱਸ.ਐੱਸ ਦੀ ਪਹੁੰਚ ਮਹਾਂਰਾਸ਼ਟਰ ਦੇ ਬ੍ਰਾਹਮਣ ਸਮਾਜ ਵਿੱਚ ਬਣ ਗਈ ਸੀ। ਹੇਡਗੇਵਾਰ ਨੇ ਮੁੰਜੇ ਦੇ ਵਿਚਾਰਾਂ ਨਾਲ਼ ਸਹਿਮਤੀ ਜਾਹਰ ਕਰਦੇ ਹੋਏ, ਸੰਘ ਦੀਆਂ ਸ਼ਾਖਾਵਾਂ ਵਿੱਚ ਫਾਸੀਵਾਦੀ ਪ੍ਰਣਾਲ਼ੀ ਦੀ ਸ਼ੁਰੂਆਤ ਕੀਤੀ। ਲਗਭਗ ਇਸ ਸਮੇਂ ਵਿਨਾਇਕ ਦਾਮੋਦਰ ਸਾਵਰਕਰ, ਜਿਸਦੇ ਵੱਡੇ ਭਰਾ ਰਾਸ਼ਟਰੀ ਸਵੈਸੇਵਕ ਸੰਘ ਦੇ ਸੰਸਥਾਪਕਾਂ ਵਿੱਚੋਂ ਇੱਕ ਸਨ, ਨੇ ਜਰਮਨੀ ਦੇ ਨਾਜ਼ੀਆਂ ਦੁਆਰਾ ਯਹੂਦੀਆਂ ਦੇ ਸਫਾਏ ਨੂੰ ਸਹੀ ਠਹਿਰਾਇਆ ਅਤੇ ਭਾਰਤ ਵਿੱਚ ਮੁਸਲਮਾਨਾਂ ਦੀ ”ਸਮੱਸਿਆ” ਦਾ ਵੀ ਇਹੀ ਹੱਲ ਸੁਝਾਇਆ। ਜਰਮਨੀ ਵਿੱਚ ”ਯਹੂਦੀ ਸਵਾਲ” ਦਾ ਆਖਰੀ ਹੱਲ ਸਾਵਰਕਰ ਦੇ ਲਈ ਮਾਡਲ ਸੀ। ਸੰਘੀਆਂ ਲਈ ਦੇਸ਼ ਦੇ ਸਭ ਤੋਂ ਵੱਡੇ ਦੁਸ਼ਮਣ ਸਨ, ਮੁਸਲਮਾਨ! ਬਰਤਾਨਵੀ ਸਾਮਰਾਜ ਉਨਾਂ ਦੀ ਨਿੰਦਿਆ ਜਾਂ ਗੁੱਸੇ ਦਾ ਕਦੇ ਪਾਤਰ ਨਹੀਂ ਸੀ। ਆਰ.ਐੱਸ.ਅੈੱਸ ਅਜਿਹੀਆਂ ਗਤੀਵਿਧੀਆਂ ਤੋਂ ਬਚਦੀ ਸੀ ਜੋ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਹੋਣ। ਸੰਘ ਦੁਆਰਾ ਹੀ ਛਪੀ ਹੇਡਗੇਵਾਰ ਦੀ ਜੀਵਨੀ ਜਿਸਦਾ ਜਿਕਰ ਪਹਿਲਾਂ ਵੀ ਲੇਖ ਵਿੱਚ ਕੀਤਾ ਜਾ ਚੁੱਕਿਆ ਹੈ, ਵਿੱਚ ‘ਡਾਕਟਰ ਸਾਹਬ’ ਦੀ ਅਜ਼ਾਦੀ ਸੰਗਰਾਮ ਵਿੱਚ ਭੂਮਿਕਾ ਦਾ ਵਰਨਣ ਕਰਦੇ ਹੋਏ ਦੱਸਿਆ ਗਿਆ ਹੈ ਕਿ ਸੰਘ ਦੀ ਸਥਾਪਨਾ ਤੋਂ ਬਾਅਦ ‘ਡਾਕਟਰ ਸਾਹਬ’ ਆਪਣੇ ਭਾਸ਼ਣਾਂ ਵਿੱਚ ਹਿੰਦੂ ਜਥੇਬੰਦੀ ਦੇ ਸਬੰਧ ਵਿੱਚ ਵੀ ਬੋਲਿਆ ਕਰਦੇ ਸਨ। ਸਰਕਾਰ ‘ਤੇ ਪ੍ਰਤੱਖ ਟਿੱਪਣੀ ਨਾ ਦੇ ਬਰਾਬਰ ਰਿਹਾ ਕਰਦੀ ਸੀ। ਹੇਡਗੇਵਾਰ ਨੇ ਮੌਤ ਤੋਂ ਪਹਿਲਾਂ ਗੋਲਵਲਕਰ ਨੂੰ ਆਪਣਾ ਵਾਰਸ ਨਿਯੁਕਤ ਕੀਤਾ। ਗੋਲਵਲਕਰ 1940 ਤੋਂ 1973 ਤੱਕ ਸੰਘ ਦੇ ਸੁਪਰੀਮੋ ਰਹੇ। ਗੋਲਵਲਕਰ ਦੀ ਹੀ ਅਗਵਾਈ ਵਿੱਚ ਸੰਘ ਦੀਆਂ ਉਹ ਸਾਰੀਆਂ ਜਥੇਬੰਦੀਆਂ ਹੋਂਦ ‘ਚ ਆਈਆਂ ਜਿਨਾਂ ਨੂੰ ਅਸੀਂ ਅੱਜ ਜਾਣਦੇ ਹਾਂ। ਗੋਲਵਲਕਰ ਨੇ ਸੰਘ ਦੀ ਫਾਸੀਵਾਦੀ ਵਿਚਾਰਧਾਰਾ ਨੂੰ ਇੱਕ ਵਿਉਂਤਬੱਧ ਰੂਪ ਦਿੱਤਾ ਅਤੇ ਇਸਦੀ ਪਹੁੰਚ ਨੂੰ ਮਹਾਂਰਾਸ਼ਟਰ ਦੇ ਬ੍ਰਾਹਮਣਾਂ ਤੋਂ ਬਾਹਰ ਕੱਢ ਕੇ ਸਰਵ ਭਾਰਤੀ ਜਥੇਬੰਦੀ ਦਾ ਰੂਪ ਦਿੱੱਤਾ। ਸੰਘ ਨੇ ਇਸੇ ਦੌਰਾਨ ਆਪਣੇ ਸਕੂਲਾਂ ਦਾ ਜਾਲ਼ ਦੇਸ਼ਭਰ ਵਿੱਚ ਫੈਲਾਇਆ। ਸੰਘ ਦੀਆਂ ਸ਼ਾਖਾਵਾਂ ਵੀ ਗੋਲਵਲਕਰ ਦੀ ਅਗਵਾਈ ਵਿੱਚ ਪੂਰੇ ਦੇਸ਼ ਵਿੱਚ ਵੱਡੇ ਪੈਮਾਨੇ ‘ਤੇ ਫੈਲੀਆਂ। ਇਹੀ ਕਾਰਨ ਹੈ ਕਿ ਸੰਘ ਦੇ ਲੋਕ ਉਨ੍ਹਾਂ ਨੂੰ ਗੁਰੂ ਜੀ ਕਹਿ ਕੇ ਸੰਬੋਧਿਤ ਕਰਦੇ ਹਨ।

ਇਨਾਂ ਦੇ ਕੀਤੇ ਕਰਾਏ ‘ਤੇ ਲਿਖਣਾ ਹੋਵੇ ਤਾਂ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ ਅਤੇ ਕਈ ਚੰਗੀਆਂ ਕਿਤਾਬਾਂ ਮੌਜੂਦ ਵੀ ਹਨ ਪਰ ਸਾਡਾ ਇਹ ਮਕਸਦ ਨਹੀਂ ਸੀ। ਸਾਡਾ ਇੱਥੇ ਸਿਰਫ ਇਹ ਮਕਸਦ ਸੀ ਕਿ ਇਹ ਦਿਖਾਇਆ ਜਾਵੇ ਕਿ ਸੰਘ ਦੀ ਵਿਚਾਰਧਾਰਾ, ਸਿਆਸਤ ਅਤੇ ਜਥੇਬੰਦਕ ਢਾਂਚਾ ਇੱਕ ਫਾਸੀਵਾਦੀ ਜਥੇਬੰਦੀ ਦਾ ਢਾਂਚਾ ਹੈ। ਇਸਦੀ ਵਿਚਾਰਧਾਰਾ ਫਾਸੀਵਾਦ ਹੈ। ਆਪਣੇ ਆਪ ਨੂੰ ਕੌਮਵਾਦੀ ਕਹਿਣ ਵਾਲ਼ੇ ਅਤੇ ਇਟਲੀ ਤੇ ਜਰਮਨੀ ਦੇ ਫਾਸੀਵਾਦੀਆਂ ਅਤੇ ਨਾਜ਼ੀਆਂ ਤੋਂ ਉਧਾਰ ਲਈ ਨਿੱਕਰ, ਕਮੀਜ਼ ਅਤੇ ਟੋਪੀ ਪਹਿਨ ਕੇ ਇਹਨਾਂ ਮਨੁੱਖਦੋਖੀਆਂ ਨੇ ਦੇਸ਼ ਅਤੇ ਧਰਮ ਦੇ ਨਾਮ ‘ਤੇ ਹੁਣ ਤੱਕ ਜੋ ਪਾਗਲਪਣ ਫੈਲਾਇਆ ਹੈ ਉਹ ਫਾਸੀਵਾਦੀ ਵਿਚਾਰਧਾਰਾ ਨੂੰ ਭਾਰਤੀ ਹਾਲਤਾਂ ਵਿੱਚ ਲਾਗੂ ਕਰਨ ਦਾ ਨਤੀਜਾ ਹੈ। ਭਾਰਤੀ ਸੱਭਿਆਚਾਰ, ਭਾਰਤੀ ਪਿਛੋਕੜ ਦੇ ਗੌਰਵ ਅਤੇ ਭਾਸ਼ਾ ਆਦਿ ਦੀ ਦੁਹਾਈ ਦੇਣਾ ਤਾਂ ਬਸ ਇੱਕ ਦਿਖਾਵਾ ਹੈ। ਸੰਘ ਪਰਿਵਾਰ ਨੇ ਆਪਣੀ ਵਿਚਾਰਧਾਰਾ, ਸਿਆਸਤ, ਜਥੇਬੰਦੀ ਅਤੇ ਇੱਥੋਂ ਤੱਕ ਕਿ ਪਹਿਰਾਵੇ ਤੋਂ ਵੀ ਪੱਛਮ ਪ੍ਰਸਤ ਹਨ! ਅਤੇ ਪੱਛਮ ਦੀ ਵਡਿਆਈ ਕਰਨ ਵਿੱਚ ਵੀ ਇਸ ਨੇ ਉੱਥੋਂ ਦੇ ਜਮਹੂਰੀ ਅਤੇ ਅਗਾਂਹਵਧੂ ਆਦਰਸ਼ਾਂ ਦਾ ਵਡਿਆਈ ਕਰਨ ਦੀ ਬਜਾਇ, ਉੱਥੋਂ ਦੀ ਸਭ ਤੋਂ ਵਿਗੜੇ, ਮਨੁੱਖਦੋਖੀ  ਅਤੇ ਬਰਬਰ ਵਿਚਾਰਧਾਰਾ, ਭਾਵ ਫਾਸੀਵਾਦ-ਨਾਜ਼ੀਵਾਦ ਦਾ ਪਾਲਣ ਕੀਤਾ ਹੈ। ਸਾਡਾ ਮਕਸਦ ‘ਸੱਭਿਆਚਾਰ’ , ‘ਧਰਮ’ ਅਤੇ ‘ਕੌਮ’ ਦੀ ਦੁਹਾਈ ਦੇਣ ਵਾਲ਼ੇ ਇਹਨਾਂ ਫਾਸੀਵਾਦੀਆਂ ਦੀ ਅਸਲੀ ਜਨਮ ਕੁੰਡਲ਼ੀ ਨੂੰ ਤੁਹਾਡੇ ਸਾਹਮਣੇ ਖੋਲ੍ਹ ਕੇ ਰੱਖਣਾ ਸੀ, ਕਿਉਂਕਿ ਪੜ੍ਹੀ-ਲਿਖੀ ਅਬਾਦੀ ਅਤੇ ਖਾਸਕਰਕੇ ਨੌਜਵਾਨਾਂ ਦਾ ਹਿੱਸਾ ਵੀ ਦੇਸ਼ ਭਗਤੀ ਕਰਨ ਦੇ ਮਹਾਨ ਉਦੇਸ਼ ਨਾਲ਼ ਇਨਾਂ ਦੇਸ਼ ਧ੍ਰੋਹੀਆਂ ਦੇ ਚੱਕਰ ਵਿੱਚ ਫਸ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਇਹਨਾਂ ਦੇ ਪੂਰੇ ਇਤਿਹਾਸ ਨੂੰ ਜਾਣਿਆਂ ਜਾਵੇ ਅਤੇ ਸਮਝਿਆ ਜਾਵੇ ਕਿ ਦੇਸ਼ਪਿਆਰ, ਨਾਲ਼ ਇਹਨਾਂ ਦਾ ਕਦੇ ਲੈਣਾ ਦੇਣਾ ਸੀ ਹੀ ਨਹੀਂ। ਇਹ ਦੇਸ਼ ਵਿੱਚ ਸਰਮਾਏਦਾਰਾਂ ਦੀ ਨੰਗੀ ਤਾਨਾਸ਼ਾਹੀ ਲਾਗੂ ਕਰਨ ਤੋਂ ਇਲਾਵਾ ਹੋਰ ਕੁੱਝ ਨਹੀਂ ਕਰਨਾ ਚਾਹੁੰਦੇ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 54, 16 ਮਈ 2016 ਵਿੱਚ ਪਰ੍ਕਾਸ਼ਤ

Advertisements