‘ਰਾਸ਼ਟਰੀਯਾ ਸੇਵੀਕਾ ਸਮਿਤੀ’ ਵਰਗੇ ਔਰਤਾਂ ਦੇ ਵਿੰਗ ਰਾਹੀਂ ਸੰਘ ਦੇ ਔਰਤਾਂ ਨੂੰ ਆਗਿਆਕਾਰੀ ਆਧੁਨਿਕ ਗ਼ੁਲਾਮਾਂ ਵਿੱਚ ਬਦਲਣ ਦੇ ਕੋਝੇ ਯਤਨ •ਕੁਲਦੀਪ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

‘ਰਾਸ਼ਟਰੀ ਸਵੈ-ਸੇਵਕ ਸੰਘ’ ਘੋਰ ਦਲਿਤ ਵਿਰੋਧੀ, ਮਜ਼ਦੂਰ ਵਿਰੋਧੀ, ਕਮਿਊਨਿਸਟ ਵਿਰੋਧੀ, ਤਰਕਸ਼ੀਲਤਾ ਵਿਰੋਧੀ, ਮੁਸਲਮਾਨਾਂ ਤੇ ਇਸਾਈਆਂ ਆਦਿ ਵਿਰੋਧੀ ਜਥੇਬੰਦੀ ਤਾਂ ਹੈ ਹੀ ਸਗੋਂ ਇਹ ਜਥੇਬੰਦੀ ਘੋਰ-ਔਰਤ ਵਿਰੋਧੀ ਵੀ ਹੈ ਜੋ ਔਰਤ ਨੂੰ ਮਰਦ ਦੀ ਆਗਿਆਕਾਰ ਅਤੇ ਬੱਚਿਆਂ ਦੀ ਸਾਂਭ-ਸੰਭਾਲ ਕਰਨ ਵਾਲ਼ੀ ਕਿਸੇ ਦਾਸੀ ਤੋਂ ਵੱਧ ਕੁਝ ਨਾ ਸਮਝਦੀ ਹੋਈ ਹਿੰਦੂ ਉੱਚ-ਜਾਤ ਦੇ ਮਰਦ ਦੀ ਸ਼ਾਵਨਵਾਦੀ ਅਹਿੰ ਨੂੰ ਪੱਠੇ ਪਾਉਂਦੀ ਹੈ। ਇਸੇ ਕਰਕੇ ‘ਰਾਸ਼ਟਰੀ ਸਵੈ-ਸੇਵਕ ਸੰਘ’ (ਰ.ਸ.ਸ.) ਦੇ ਜਥੇਬੰਦਕ ਢਾਂਚੇ ਵਿੱਚ ਇਸਦੇ ਪੂਰੇ ਇਤਿਹਾਸ ਦੌਰਾਨ ਕਿਸੇ ਅਹੁਦੇਦਾਰੀ ਵਿੱਚ ਤਾਂ ਦੂਰ ਦੀ ਗੱਲ ਸਗੋਂ ਰ.ਸ.ਸ. ਜਥੇਬੰਦੀ ਵਿੱਚ ਕੋਈ ਔਰਤ ਨਹੀਂ ਰਹੀ (ਭਾਵੇਂ ਕਿ ਦਲਿਤ ਵੀ ਸੰਘ ਦੀ ਕਿਸੇ ਅਹੁਦੇਦਾਰੀ ਵਿੱਚ ਸ਼ਾਮਲ ਨਹੀਂ ਹੋ ਸਕਦੇ)। ਰ.ਸ.ਸ. ਸਿਧਾਂਤਕ ਤੌਰ ‘ਤੇ ਔਰਤ-ਮਰਦ ਵਿਚਕਾਰ ਗ਼ੈਰ-ਬਰਾਬਰੀ ਜਿਸ ਵਿੱਚ ਮਰਦ ਦਾ ਔਰਤ ‘ਤੇ ਗਲਬਾ ਹੋਵੇ – ਨੂੰ ਮੰਨਦਾ ਹੈ ਅਤੇ ਆਪਣੇ ਅਭਿਆਸ ਵਿੱਚ ਵੀ ਇਸਨੂੰ ਲਾਗੂ ਕਰਦਾ ਹੈ। ਇਸੇ ਕਰਕੇ ਰ.ਸ.ਸ. ਨੇ 1936 ਵਿੱਚ ਔਰਤਾਂ ਦੀ ਇੱਕ ਵੱਖਰੀ ਜਥੇਬੰਦੀ ‘ਰਾਸ਼ਟਰੀਯ ਸੇਵੀਕਾ ਸਮਿਤੀ’ ਸਥਾਪਿਤ ਕੀਤੀ ਸੀ। ਇਸਦੀ ਸਥਾਪਤੀ ਸਮੇਂ, ਜਿਸ ਔਰਤ ਲਕਸ਼ਮੀਬਾਈ ਕੇਲਕਰ – ਨੇ ਇਹ ਜਥੇਬੰਦੀ ਸੰਘ ਦੇ ਹੁਕਮਾਂ ‘ਤੇ ਫੁੱਲ ਚੜ੍ਹਾਉਂਦੇ ਹੋਏ ਸਥਾਪਿਤ ਕੀਤੀ ਸੀ, ਇੱਕ ਵਾਰ ਹੇਡਗੇਵਾਰ ਨੂੰ ਸਵਾਲ ਪੁੱਛਿਆ ਸੀ ਕਿ ਰ.ਸ.ਸ. ਵਿੱਚ ਹੀ ਔਰਤਾਂ ਤੇ ਮਰਦਾਂ ਨੂੰ ਇਕੱਠੇ ਸ਼ਾਮਲ ਕਿਉਂ ਨਹੀਂ ਕੀਤਾ ਜਾ ਸਕਦਾ? ਪਰ ਹੇਡਗੇਵਾਰ ਇਸ ਵਿਚਾਰ ਦੇ ਸਖ਼ਤ ਖ਼ਿਲਾਫ਼ ਸੀ ਅਤੇ ਉਸਨੇ ਪੁਰਾਤਨ ਭਾਰਤੀ ਸੱਭਿਆਚਾਰ ਤੇ ਵੇਦਾਂ ਦੀ ਦੁਹਾਈ ਦੇ ਕੇ ਕੇਲਕਰ ਨੂੰ ਸਹਿਮਤ ਕਰਵਾ ਲਿਆ ਸੀ।

ਭਾਵੇਂ ਕਿ ਕਹਿਣ ਨੂੰ ਇਹ ‘ਰਾਸ਼ਟਰੀਯ ਸੇਵੀਕਾ ਸਮਿਤੀ’ ਹੈ ਪਰ ਇਸਨੂੰ ਕੰਟਰੋਲ ਰ.ਸ.ਸ. ਹੀ ਕਰਦਾ ਹੈ। ਰ.ਸ.ਸ. ਦੇ ਜ਼ਿਆਦਾਤਰ ਮਰਦ ਆਪਣੀਆਂ ਔਰਤਾਂ ਨੂੰ ਇਸ ਸਮਿਤੀ ਵਿੱਚ ਭੇਜਦੇ ਹਨ ਤਾਂ ਜੋ ਔਰਤਾਂ ਨੂੰ “ਸੰਸਕਾਰ” ਸਿਖਾਏ ਜਾ ਸਕਣ ‘ਸੰਸਕਾਰ ਸਿਖਾਏ ਜਾਣ’ ਤੋਂ ਸੰਘ ਦਾ ਮਤਲਬ ਔਰਤਾਂ ਨੂੰ ਪਤੀ ਦੀ ਜੀ ਹਜ਼ੂਰੀ, ਬੱਚੇ ਤੇ ਘਰ ਦੀ ਸਾਂਭ-ਸੰਭਾਲ ਆਦਿ “ਸੰਸਕਾਰਾਂ” ਦੀ ਸਿੱਖਿਆ ਤੋਂ ਹੈ। ਇਸ ਤੋਂ ਬਿਨਾਂ ਇਹ ਸਮਿਤੀ ਔਰਤਾਂ ਨੂੰ ਮਾਸਾ ਵੀ ਹੱਕ ਦੇਣ ਦੇ ਹੱਕ ਵਿੱਚ ਨਹੀਂ ਕਿਉਂਕਿ ਸੰਘ ਨੂੰ ਇਹ ਮਨਜ਼ੂਰ ਨਹੀਂ। ‘ਰਾਸ਼ਟਰੀਯ ਸੇਵੀਕਾ ਸਮਿਤੀ’ ਦੇ ਗਿਲਾਫ਼ ਹੇਠ ਲੁਕੇ ਸੰਘ ਦੇ ਔਰਤ ਵਿਰੋਧੀ ਵਿਚਾਰਾਂ ਨੂੰ ਅਕਤੂਬਰ 2016 ਵਿੱਚ ਹੋਏ ‘ਰਾਸ਼ਟਰੀਯ ਸੇਵੀਕਾ ਸਮਿਤੀ’ ਦੇ ਇੱਕ ਟਰੇਨਿੰਗ ਕੈਂਪ ਅਜਿਹੇ ਕੈਂਪਾਂ ਵਿੱਚ ਵੀ ਉਹੀ “ਸੰਸਕਾਰ” ਸਿਖਾਏ ਜਾਂਦੇ ਹਨ – ਦੀਆਂ ਕੁਝ ਉਦਾਹਰਨਾਂ ਤੋਂ ਦੇਖਿਆ ਜਾ ਸਕਦਾ ਹੈ। ਦਿੱਲੀ ਵਿੱਚ ਹੋਏ ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਮੋਹਨ ਭਾਗਵਤ ਆਇਆ ਸੀ। ਉਸਨੇ ਇੱਕ ਘੰਟਾ ਭਾਸ਼ਣ ਦਿੱਤਾ ਜਿਸ ਵਿੱਚੋਂ ਸੰਘ ਦੀ ਔਰਤ ਸਬੰਧੀ ਪੂਰੀ ਪੋਜ਼ੀਸ਼ਨ ਦੇਖੀ ਜਾ ਸਕਦੀ ਹੈ। ਭਾਗਵਤ ਦੇ ਭਾਸ਼ਣ ਵਿੱਚ ਔਰਤ ਦੀ ਤਰਾਸਦਿਕ ਹਾਲਤ ਅਤੇ ਉਸਦੀਆਂ ਸਮੱਸਿਆਵਾਂ, ਉਸ ‘ਤੇ ਹੁੰਦੇ ਘਰੇਲੂ ਜ਼ਬਰ, ਬਲਾਤਕਾਰ, ਛੇੜ-ਛਾੜ ਆਦਿ ਜ਼ਬਰਾਂ ਸਬੰਧੀ ਜਾਂ ਇਹਨਾਂ ਦੇ ਹੱਲ ਸਬੰਧੀ – ਵੈਸੇ ਭਾਗਵਤ ਜੇਕਰ ਹੱਲ ਦੀ ਗੱਲ ਕਰਦਾ ਵੀ ਤਾਂ ਉਹ ਉਹੀ ਪੁਰਾਣਾ ਮੁੱਖਵਾਕ “ਅਗਰ ਔਰਤੇਂ ਲਕਸ਼ਮਣ ਰੇਖਾ ਪਾਰ ਕਰੇਂਗੀ ਤੋਂ ਬਲਾਤਕਾਰ ਤੋਂ ਹੋਗਾ ਹੀ” ਦੁਹਰਾਉਂਦਾ ਕਿਉਂਕਿ ਸਮੱਸਿਆ ਦਾ ਹੱਲ ਸਮੱਸਿਆ ਦੀ ਸਮਝ ਨਾਲ਼ ਸਬੰਧਿਤ ਹੁੰਦਾ ਹੈ – ਕੋਈ ਗੱਲ ਨਹੀਂ ਆਈ। ਉਸਦਾ ਕਹਿਣਾ ਸੀ, “ਜਦੋਂ ਤੱਕ ਭਾਰਤ ਦੀ ਮਾਤਰੀ ਸ਼ਕਤੀ (ਔਰਤ ਸ਼ਕਤੀ ਨਹੀਂ ਕਹਿੰਦਾ ਕਿਉਂਕਿ ਇਹਨਾਂ ਲਈ ਔਰਤ ਬਸ ਮਾਂ ਤੇ ਪਤਨੀ ਆਦਿ ਰੂਪਾਂ ਵਿੱਚ ਇੱਕ ਦਾਸੀ ਹੈ) ਸਰਗਰਮ ਹੋ ਕੇ ਅੱਗੇ ਨਹੀਂ ਆਉਂਦੀ ਉਦੋਂ ਤੱਕ ਭਾਰਤ ਆਪਣੀ ਤਾਕਤ ਅਤੇ ਸ਼ੁੱਧ ਗੌਰਵ ਰਾਹੀਂ ਸੰਸਾਰ ਦੀ ਦਿਸ਼ਾ-ਨਿਰਦੇਸ਼ਨਾ ਦਾ ਕੰਮ ਨਹੀਂ ਕਰ ਸਕਦਾ।” ਇੱਥੇ “ਅੱਗੇ ਆਉਣ” ਅਤੇ “ਸਰਗਰਮ ਹੋਣ” ਤੋਂ ਭਾਗਵਤ ਦਾ ਮਤਲਬ ਇੱਕ “ਸੰਸਕਾਰੀ” ਔਰਤ ਬਣ ਕੇ ਘਰ, ਬਾਲ-ਬੱਚੇ ਤੇ ਪਤੀ ਦੀ ਦੇਖ-ਰੇਖ ਲਈ ਅੱਗੇ ਆਉਣ ਤੋਂ ਸਿਵਾ ਹੋ ਕੁਝ ਨਹੀਂ ਹੈ। ਅੱਗੇ ਉਹ ਔਰਤਾਂ ਨੂੰ ਹੁਕਮੀਆ ਲਹਿਜੇ ਵਿੱਚ ਕਹਿੰਦਾ ਹੈ ਕਿ ਔਰਤਾਂ ਦਾ ਮੁੱਖ ਤੇ ਕੇਂਦਰੀ ਰੋਲ ਬੱਚਿਆਂ ਨੂੰ ਸੰਸਕਾਰ ਦੇਣਾ ਹੈ ਜਿਸ ਨਾਲ਼ ਸਮਾਜ ਅਤੇ ਰਾਸ਼ਟਰ ਨੂੰ ਤਾਕਤ ਮਿਲੇਗੀ ਅਤੇ ਸਾਡੀ ਕੁਟੁੰਬ ਵਿਵਸਥਾ ਸੰਸਾਰ ਦਾ ਧਿਆਣ ਖਿੱਚੇਗੀ। ਇਹ ਸੀ ਇਸ ਟਰੇਨਿੰਗ ਦਾ ਕੇਂਦਰੀ ਭਾਵ।

ਨਵੰਬਰ 2016 ਵਿੱਚ ਸਮਿਤੀ ਦੀ ਜਨਰਲ ਸੈਕਟਰੀ ਸੀਥਾ ਅੰਨਾਦਾਨਾਮ ਨੇ ਔਰਤਾਂ ਦੀਆਂ ਵੱਖਰੀਆਂ ਸ਼ਾਖਾਵਾਂ ਹੋਣ ਬਾਰੇ ਕਿਹਾ ਸੀ, “ਸਾਡਾ ਸੱਭਿਆਚਾਰ ਔਰਤ-ਮਰਦ ਦੀਆਂ ਇਕੱਠੀਆਂ ਸ਼ਾਖਾਵਾਂ ਦੀ ਆਗਿਆ ਨਹੀਂ ਦਿੰਦਾ, ਇਸ ਕਰਕੇ ਸਾਡੀਆਂ ਵੱਖਰੀਆਂ ਸ਼ਾਖਾਵਾਂ ਹਨ।” ਇਸ ਸਵਾਲ ‘ਤੇ ਕਿ ਹਿੰਦੂ ਔਰਤਾਂ ਨੂੰ ਜਾਇਦਾਦ ਵਿੱਚੋਂ ਹੱਕ ਕਿਉਂ ਨਹੀਂ ਮਿਲਦਾ? ਭਾਵੇਂ ਕਿ ਦੇਸ਼ ਦੀ ਹਰ ਔਰਤ ਦਾ ਇਹ ਮਹੱਤਵਪੂਰਨ ਹੱਕ ਕਾਗ਼ਜਾਂ ਵਿੱਚ ਮਹਿਫ਼ੂਜ਼ ਪਿਆ ਹੈ – ਤਾਂ ਉਸਨੇ ਕਿਹਾ, “ਸਾਡੀਆਂ ਰੀਤਾਂ ਅਤੇ ਔਰਤਾਂ ਵਿੱਚ ਇੱਕ ਸੰਤੁਲਨ ਹੋਣਾ ਚਾਹੀਦਾ ਹੈ ਜੋ ਸ਼ਾਸਤਰਾਂ ਅਨੁਸਾਰ ਹੋਵੇ। ਇਸ ਨਾਲ਼ ਪਰਿਵਾਰ ਟੁੱਟ ਜਾਣਗੇ ਅਤੇ ਭਰਾ ਭੈਣਾਂ ਦੇ ਵਿਰੁੱਧ ਹੋ ਜਾਣਗੇ।” ਇਹੀ ਨਹੀਂ ਉਸਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ, “ਮੈਰੀਟਲ ਰੇਪ ਨਾਂ ਦੀ ਕੋਈ ਚੀਜ਼ ਨਹੀਂ ਹੈ। ਵਿਆਹ ਇੱਕ ਪਵਿੱਤਰ ਰਿਸ਼ਤਾ ਹੈ। ਸਹਿਹੋਂਦ ਜਰੂਰ ਸੁੱਖ ਵੱਲ਼ ਲੈ ਜਾਵੇਗੀ। ਜੇ ਅਸੀਂ ‘ਸੁੱਖ’ ਦੇ ਇਸ ਸੰਕਲਪ ਨੂੰ ਸਮਝਣਯੋਗ ਹੋ ਗਏ ਤਾਂ ਹਰ ਚੀਜ਼ ਪੱਧਰ ਹੋ ਜਾਵੇਗੀ।” (ਇੰਡੀਅਨ ਐਕਸਪ੍ਰੈਸ ਅਖ਼ਬਾਰ, 11 ਨਵੰਬਰ, 2016) ਤਾਂ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸੀਥਾ ਅੰਨਾਦਾਨਾਮ ਦੇ ਮੂੰਹੋ ਗੋਲਵਲਕਰ ਬੋਲ ਰਿਹਾ ਹੋਵੇ। ਅਸਲ ਵਿੱਚ ‘ਰਾਸ਼ਟਰਯ ਸੇਵੀਕਾ ਸਮਿਤੀ’ ਅੱਜ ਵੀ ਗੋਲਵਲਕਰ ਦੀ ਕਿਤਾਬ ਬੰਚ ਆਫ਼ ਥਾਟਸ ਦੇ ਉਹਨਾਂ ਵਿਚਾਰਾਂ ‘ਤੇ ਪਹਿਰਾ ਦੇ ਰਹੀ ਹੈ “ਔਰਤਾਂ ਪੂਰੀ ਤਰ੍ਹਾਂ ਮਾਵਾਂ ਹਨ ਅਤੇ ਉਹਨਾਂ ਨੂੰ ਬੱਚਿਆਂ ਦੇ ਪਿੱਛੇ-ਪਿੱਛੇ ਰਹਿਣਾ ਚਾਹੀਦਾ ਹੈ।” ਯਾਨੀ ਸੰਘ ਔਰਤ ਨੂੰ ਇੱਕ ਹੱਡ-ਮਾਸ ਦਾ ਇਨਸਾਨ ਮੰਨਣ ਲਈ ਹੀ ਤਿਆਰ ਨਹੀਂ ਜਿਸਦੀਆਂ ਆਪਣੀਆਂ ਕੁਝ ਸੱਧਰਾਂ, ਰੀਝਾਂ ਤੇ ਇਛਾਵਾਂ ਹੁੰਦੀਆਂ ਹਨ। ਉਹ ਵੀ ਪੜ੍ਹ-ਲਿਖ ਕੇ ਆਪਣੇ ਪੈਰਾਂ ‘ਤੇ ਖੜ੍ਹਾ ਹੋਣਾ ਚਾਹੁੰਦੀਆਂ ਹਨ, ਆਪਣੀ ਇੱਛਾ ਨਾਲ਼ ਹੱਸਣਾ, ਖੇਡਣਾ ਚਾਹੁੰਦੀਆਂ ਹਨ। ਕਲਪਨਾ ਦੇ ਪਰ੍ਹਾਂ ਰਾਹੀਂ ਜੀਵਨ ਦੇ ਆਕਾਸ਼ ਵਿੱਚ ਅਜ਼ਾਦੀ ਨਾਲ਼ ਉੱਡਣਾ ਚਾਹੁੰਦੀਆਂ ਹਨ। ਪਰ ਸੰਘ ਉਹਨਾਂ ਦੇ ਪਰ੍ਹ ਕੁਤਰ ਕੇ ਉਹਨਾਂ ਨੂੰ ਪਿੰਜਰੇ ਵਿੱਚ ਬੰਦ ਕਰਣਾ ਚਾਹੁੰਦਾ ਹੈ। ਉੱਪਰਲੀਆਂ ਗੱਲਾਂ ਸੰਘ ਦੀ ਇਸੇ ਸੋਚ ਦੀ ਹਾਮੀ ਭਰਦੀਆਂ ਹਨ।
ਇਹਨਾਂ ਗੱਲਾਂ ਰਾਹੀਂ ਸੰਘ ਦੇ ਸੰਘ ਵਿੱਚੋਂ ਆਉਂਦੀ ਗੰਦੀ ਘੋਰ ਔਰਤ-ਵਿਰੋਧੀ ਬੋਅ ਨੂੰ ਸੁੰਘਿਆ ਜਾ ਸਕਦਾ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 10-11, 1 ਤੋਂ 15 ਅਤੇ 16 ਤੋਂ 31 ਜੁਲਾਈ (ਸੰਯੁਕਤ ਅੰਕ)  2017 ਵਿੱਚ ਪ੍ਰਕਾਸ਼ਿਤ

Advertisements