ਰਾਸ਼ਟਰੀ ਸਵੈਸੇਵਕ ਸੰਘ ਦੇ “ਦੇਸ਼ਪ੍ਰੇਮ” ਦਾ ਸੱਚ

5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਜਿਸ ਗੱਲ ਨੂੰ ਆਮ ਭਾਰਤੀ ਸਮਝਦਾ ਹੈ ਉਸ ਤੋਂ ਸੰਘ ਮੁੱਕਰਦਾ ਹੈ। ਅੱਜ ਇੱਕ ਆਮ ਬੰਦੇ ਤੋਂ ਪੁੱਛੀਏ ਕਿ ਇਸ ਦੇਸ਼ ਵਿੱਚ ਹਿੰਦੂ-ਮੁਸਲਮਾਨ ਦੇ ਨਾਮ ‘ਤੇ ਲੋਕਾਂ ਨੂੰ ਵੰਡਣਾ ਠੀਕ ਹੈ? ਤਾਂ ਉਸਦਾ ਜਵਾਬ ਹੋਵੇਗਾ ਕਿ ਲੋਕਾਂ ਦਾ ਆਪਸੀ ਭਾਈਚਾਰੇ ਵਿੱਚ ਰਹਿਣਾ ਹੀ ਇਹਨਾਂ ਲੜਾਈਆਂ ਦਾ ਬਦਲ ਹੈ, ਕੁਝ ਲੋਕ ਆਪਣਾ ਉੱਲੂ ਸਿੱਧਾ ਰੱਖਣ ਲਈ ਇਹਨਾਂ ਵਿਚਕਾਰ ਦੰਗਿਆਂ ਨੂੰ ਭੜਕਾਉਂਦੇ ਹਨ ਤੇ ਲੋਕਾਂ ਨੂੰ ਵੰਡਦੇ ਹਨ। ਅਜ਼ਾਦੀ ਤੋਂ ਲੈ ਕੇ ਹੁਣ ਤੱਕ ‘ਹਿੰਦੂ ਮੁਸਲਿਮ ਸਿੱਖ ਇਸਾਈ, ਰਲ ਕੇ ਰਹੀਏ ਭਾਈ ਭਾਈ’ ਦੀ ਗੱਲ ਸਭ ਨੂੰ ਜਚਦੀ ਹੈ। ਜਦੋਂ ਇਨਕਲਾਬੀ ਸ਼ਹੀਦਾਂ ਨੇ ਅਜ਼ਾਦੀ ਵੇਲੇ ਲੋਕਾਂ ਨੂੰ ਫਿਰਕਾਪ੍ਰਸਤੀ ਦੇ ਖਤਰੇ ਤੋਂ ਜਾਣੂ ਕਰਾਉਂਦੇ ਹੋਏ ਲੋਕਾਂ ਨੂੰ ਮਿਲਕੇ ਅਜ਼ਾਦੀ ਦੀ ਲੜਾਈ ਲਈ ਸੰਘਰਸ਼ ਕਰਨ ਦੀ ਅਪੀਲ ਕੀਤੀ ਤਾਂ ਉਸ ਸਮੇਂ ਸੰਘ ਆਪਣੀ ਕੱਟੜ ਹਿੰਦੂ ਫਿਰਕੂ ਨੀਤੀ ਦਾ ਪ੍ਰਚਾਰ ਕਰ ਰਿਹਾ ਸੀ ਅਤੇ ਅੱਜ ਵੀ ਕਰ ਰਿਹਾ ਹੈ। ਸੰਘ ਲਈ ਦੇਸ਼ ਦਾ ਮਤਲਬ ਕੱਟੜ ਹਿੰਦੂ ਫਿਰਕੂ ਲੋਕਾਂ ਦਾ ਦੇਸ਼ ਹੈ ਅਤੇ ਇਸਦੇ ਘੇਰੇ ਵਿੱਚ ਹੋਰਾਂ ਧਰਮਾਂ ਨੂੰ ਮੰਨਣ ਵਾਲੇ ਤਾਂ ਦੂਰ ਆਮ ਹਿੰਦੂ ਅਬਾਦੀ ਵੀ ਨਹੀਂ ਹੈ। ਕਿਉਂਕਿ ਸੰਘ ਲਈ ਜੋ ‘ਮਨੂੰਸੰਮ੍ਰਿਤੀ’ ਸਭ ਤੋਂ ਬਿਹਤਰ ਸੰਵਿਧਾਨ ਹੈ ਉਸ ਵਿੱਚ ਦਲਿਤਾਂ ਅਤੇ ਔਰਤਾਂ ਦੀ ਸਥਿਤੀ ਗੁਲਾਮ ਦੀ ਸਥਿਤੀ ਤੋਂ ਵਧਕੇ ਨਹੀਂ ਹੈ।

ਭਾਰਤ ਵਿੱਚ ਕੌਮ ਦਾ ਸੰਕਲਪ ਬਸਤੀ ਗੁਲਾਮੀ ਤੋਂ ਅਜ਼ਾਦੀ ਲਈ ਉਸਦੇ ਸੰਘਰਸ਼ ਕਰਨ ਦੌਰਾਨ ਵਿਕਸਤ ਹੋਇਆ ਹੈ। ਆਮ ਆਦਮੀ ਵੀ ਜਾਣਦਾ ਹੈ ਕਿ ਪਹਿਲਾਂ ਭਾਰਤ ਵਿੱਚ ਰਜਵਾੜੇ ਅਤੇ ਵੱਖ-ਵੱਖ ਰਿਆਸਤਾਂ ਸਨ। ਪੁਰਾਤਨ ਭਾਰਤ ਵਿੱਚ ਵੀ ਜੈਨ, ਬੁੱਧ ਅਤੇ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕ ਸਨ। ਹਿੰਦੂ ਧਰਮ ਵਿੱਚ ਵੀ ਕਈ ਫਿਰਕੇ ਸਨ ਅਤੇ ਹੁਣ ਵੀ ਹਨ ਜੋ ਵੱਖ ਵੱਖ ਮਾਨਤਾਵਾਂ ਨੂੰ ਮੰਨਦੇ ਹਨ। ਕੋਈ ਇੱਕੋ ਪ੍ਰਮਾਣਿਕ ਸੱਭਿਅਤਾ ਦੀ ਬਜਾਏ ਵੱਖ-ਵੱਖ ਸੱਭਿਅਤਾਵਾਂ ਪੁਰਾਤਨ ਦੌਰ ਤੋਂ ਹੁਣ ਤੱਕ ਚੱਲੀਆਂ ਆ ਰਹੀਆਂ ਹਨ। ਪਰ ਸੰਘ ਆਪਣੀ ਝੂਠੀ ਅਤੇ ਮਨਘੜਤ ਕੌਮ ਦੀ ਪਰਿਭਾਸ਼ਾ ਵਿੱਚ ਨੰਗੀਆਂ ਅੱਖਾਂ ਨਾਲ਼ ਦਿਖਣ ਵਾਲੇ ਸਮਾਜ ਦੀ ਭੌਤਿਕ ਸੱਚਾਈ ਨੂੰ ਨਕਾਰਦਿਆਂ ਇੱਕ ‘ਹਿੰਦੂ ਕੌਮ’ ਦੀ ਗੱਲ ਕਰਦਾ ਹੈ ਜੋ ਇਤਿਹਾਸਕ ਸੱਚਾਈ ਤੋਂ ਨਾ ਸਿਰਫ ਦੂਰ ਹੈ ਸਗੋਂ ਪੂਰੇ ਦੇਸ਼ ਨੂੰ ਵੰਡਣ, ਟੁਕੜੇ-ਟੁਕੜੇ ਕਰਨ ਅਤੇ ਦੰਗਿਆਂ ਦੀ ਅੱਗ ਵਿੱਚ ਸਾੜ ਕੇ ਸਰਮਾਏਦਾਰਾਂ ਦੀ ਸੇਵਾ ਵਿੱਚ ਹਾਜਰ ਹੈ।

ਰਾਸ਼ਟਰੀ ਸਵੈਸੇਵਕ ਸੰਘ ਦੀ ਕਿਹੜੀ ਕੌਮ?

ਭਾਰਤ ਬਾਰੇ ਸੰਘ ਮੁਖੀ ਗੋਲਵਲਕਰ ਸ਼ਹੀਦਾਂ ਦੇ ਉਲਟ ਜਾਂਦਿਆਂ ਇੱਕ ਵੱਖਰਾ ਹੀ ਰਾਗ ਅਲਾਪਦਾ ਹੈ। ਉਹੀ ਫਿਰਕੂ ਸੋਚ, ਅਲਿਹਦਗੀ ਪੈਦਾ ਕਰਨ ਦੀ ਸੋਚ ਉਸ ਦੀ ਕੌਮ ਦੀ ਪ੍ਰੀਭਾਸ਼ਾ ਵਿੱਚ ਵੀ ਦਿਖਦੀ ਹੈ। ਉਹ ਕਹਿੰਦਾ ਹੈ:

“ਇਸ ਤਰ੍ਹਾਂ ਆਪਣੀਆਂ ਵਰਤਮਾਨ ਹਾਲਤਾਂ ਵਿੱਚ ਕੌਮ ਦੀ ਆਧੁਨਿਕ ਸਮਝ ਲਾਗੂ ਕਰਦਿਆਂ ਜੋ ਨਿਰਵਿਵਾਦ ਨਤੀਜਾ ਸਾਡੇ ਸਾਹਮਣੇ ਆਉਂਦਾ ਹੈ ਉਹ ਇਹ ਹੈ ਕਿ ਇਸ ਦੇਸ਼, ਹਿੰਦੁਸਤਾਨ ਵਿੱਚ ਹਿੰਦੂ ਨਸਲ ਆਪਣੇ ਹਿੰਦੂ ਧਰਮ, ਹਿੰਦੂ ਸੱਭਿਅਤਾ ਅਤੇ ਹਿੰਦੂ ਭਾਸ਼ਾ (ਸੱਭਿਅਤਾ ਦਾ ਕੁਦਰਤੀ ਪਰਿਵਾਰ ਅਤੇ ਉਸਦੀਆਂ ਵਿਉਂਤਪਤੀਆਂ) ਵਿੱਚ ਕੌਮੀ ਵਿਚਾਰ ਨੂੰ ਪੂਰਾ ਕਰਦੀ ਹੈ।” (ਗੋਲਵਲਕਰ, ‘ਵੀ ਆਰ ਅਵਰ ਨੇਸ਼ਨਹੁਡ ਡਿਫਾਇੰਡ’ ਭਾਰਤ ਪਬਲਿਕੇਸ਼ਨ ਨਾਗਪੁਰ, 1939 ਦਾ ਹਿੰਦੀ ਅਨੁਵਾਦ,  ਪੰਨਾ- 148)

ਇਸ ਤਰ੍ਹਾਂ ਹਿੰਦੂ ਮਹਾਂਸਭਾ ਦੀ 19 ਵੀ ਬੈਠਕ (ਸੰਨ 1937, ਅਹਿਮਦਾਬਾਦ) ਵਿੱਚ ਸਾਵਰਕਰ ਨੇ ਆਪਣੇ ਭਾਸ਼ਣ ਵਿੱਚ ਕਿਹਾ:

“ਫਿਲਹਾਲ ਹਿੰਦੁਸਤਾਨ ਵਿੱਚ ਦੋ ਵਿਰੋਧੀ ਕੌਮਾਂ ਨਾਲ਼-ਨਾਲ਼ ਰਹਿ ਰਹੀਆਂ ਹਨ… ਹਿੰਦੁਸਤਾਨ ਵਿੱਚ ਮੁੱਖ ਤੌਰ ‘ਤੇ ਦੋ ਕੌਮਾਂ ਹਨ ਹਿੰਦੂ ਅਤੇ ਮੁਸਲਮਾਨ” (ਸੰਪੂਰਨ ਸਾਵਰਕਰ ਸਾਹਿਤ, ਪੂਨਾ, 1963, ਪੰਨਾ-296)

ਭਾਰਤ ਵੰਡ ਲਈ ਗਾਂਧੀ ਅਤੇ ਮੁਸਲਿਮ ਲੀਗ ਨੂੰ ਗਾਲ਼ਾਂ ਕੱਢਣ ਵਾਲਾ ਸੰਘ ਖੁਦ ਮੁਸਲਿਮ ਲੀਗ ਵਾਂਗ ਕਿਵੇਂ ਧਰਮ ਦੇ ਅਧਾਰ ‘ਤੇ ਭਾਰਤ ਨੂੰ ਵੰਡਣ ਦਾ ਪੱਖੀ ਰਿਹਾ ਹੈ ਇਸ ਤੋਂ ਸਾਫ ਸਪੱਸ਼ਟ ਹੁੰਦਾ ਹੈ।

ਸੰਘ ਜਦ ਪੂਰੇ ਦੇਸ਼ ਵਿੱਚ ਧਰਮ ਦੇ ਨਾਮ ‘ਤੇ ਵੰਡਣ ਦੀ ਆਪਣੀ ਘ੍ਰਿਣਤ ਸਿਆਸਤ ਕਰ ਰਿਹਾ ਸੀ ਤਾਂ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਦੇਸ਼ ਦੇ ਲੋਕਾਂ ਨੂੰ ਇੱਕਜੁੱਟ ਹੋਣ ਅਤੇ ਫਿਰਕੂ ਝਗੜਿਆਂ ਨਾਲ਼ ਸਿੱਝਣ ਦਾ ਇਹ ਰਾਹ ਸੁਝਾਇਆ। ਫਿਰਕੂ ਦੰਗਿਆਂ ਤੇ ਸੰਨ 1938 ਵਿੱਚ ‘ਕਿਰਤੀ’ ਵਿੱਚ ਉਹਨਾਂ ਦਾ ਲੇਖ ਛਪਿਆ। ਉਹਨਾਂ ਨੇ ਲਿਖਿਆ:

“ਲੋਕਾਂ ਨੂੰ ਆਪਸ ਵਿੱਚੋਂ ਲੜਣ ਤੋਂ ਰੋਕਣ ਲਈ ਜਮਾਤੀ ਚੇਤਨਾ ਦੀ ਲੋੜ ਹੈ। ਗਰੀਬ, ਕਿਰਤੀਆਂ ਅਤੇ ਕਿਸਾਨਾਂ ਨੂੰ ਸਪੱਸ਼ਟ ਸਮਝਾ ਦੇਣਾ ਚਾਹੀਦਾ ਹੈ ਕਿ ਤੁਹਾਡੇ ਅਸਲ ਦੁਸ਼ਮਣ ਸਰਮਾਏਦਾਰ ਹਨ, ਇਸ ਲਈ ਤੁਹਾਨੂੰ ਉਹਨਾਂ ਦੇ ਹੱਥਕੰਡਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਅਤੇ ਉਹਨਾਂ ਦੇ ਹੱਥੀਂ ਚੜ ਕੇ ਕੁਝ ਨਹੀਂ ਕਰਨਾ ਚਾਹੀਦਾ। ਸੰਸਾਰ ਦੇ ਸਾਰੇ ਗਰੀਬਾਂ ਦੇ, ਚਾਹੇ ਉਹ ਕਿਸੇ ਵੀ ਜਾਤ, ਰੰਗ, ਧਰਮ ਜਾਂ ਕੌਮ ਦੇ ਹੋਣ, ਹੱਕ ਇੱਕ ਹੀ ਹਨ। ਤੁਹਾਡੀ ਭਲਾਈ ਇਸੇ ਵਿੱਚ ਹੈ ਧਰਮ, ਰੰਗ, ਨਸਲ ਅਤੇ ਕੌਮੀਅਤ ਅਤੇ ਦੇਸ਼ ਦੇ ਭੇਦਭਾਵ ਨੂੰ ਮਿਟਾਕੇ ਇੱਕਜੁੱਟ ਹੋ ਜਾਉ ਅਤੇ ਸਰਕਾਰ ਦੀ ਤਾਕਤ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕਰੋ।”

ਸ਼ਹੀਦ ਭਗਤ ਸਿੰਘ ਜਿੱਥੇ ਧਰਮ, ਜਾਤ ਅਤੇ ਰੰਗ ਦੇ ਝਗੜੇ ਮਿਟਾਕੇ ਦੁਨੀਆਂ ਭਰ ਦੇ ਕਿਰਤੀ ਲੋਕਾਂ ਨੂੰ ਇੱਕ ਹੋਣ ਦੀ ਅਪੀਲ ਕਰ ਰਹੇ ਸਨ ਉੱਥੇ ਰ.ਸ.ਸ. ਅਤੇ ਹਿੰਦੂ ਮਹਾਂਸਭਾ ਲੋਕਾਂ ਨੂੰ ਧਰਮ ਦੇ ਨਾਮ ‘ਤੇ ਵੰਡ ਰਹੇ ਸਨ। ਅੱਜ ਉਸੇ ਨੀਤੀ ‘ਤੇ ਚੱਲਦਿਆਂ ਭਾਜਪਾ ਦਾ ਪ੍ਰਧਾਨ ਮੰਤਰੀ ਮੋਦੀ ਦੁਨੀਆਂ ਭਰ ਦੇ ਸਰਮਾਏਦਾਰਾਂ ਅਤੇ ਦੇਸੀ ਸਰਮਾਏਦਾਰਾਂ ਦੀ ਸੇਵਾ ਕਰਨ ਵਿੱਚ ਲੱਗਿਆ ਹੋਇਆ ਹੈ ਤਾਂ ਸੰਘ ਲੋਕਾਂ ਨੂੰ ਵੰਡਣ ਦੀ ਅਤੇ ਦੰਗੇ ਕਰਾਉਣ ਦੀ ਨੀਤੀ ‘ਤੇ ਡਟ ਗਿਆ ਹੈ। ਸਾਨੂੰ ਤੈਅ ਕਰਨਾ ਪਵੇਗਾ ਕਿ ਅਸੀਂ ਭਗਤ ਸਿੰਘ ਦੀ ਗੱਲ ਮੰਨਣੀ ਹੈ ਜਾਂ ਸੰਘ ਦੀ।

ਸਵਦੇਸ਼ੀ ਰ.ਸ.ਸ. ਦੀਆਂ ਵਿਦੇਸ਼ੀ ਜੜ੍ਹਾਂ

ਰਾਸ਼ਟਰੀ ਸਵੈ ਸੇਵਕ ਸੰਘ ਝੂਠ ਦੇ ਪ੍ਰਚਾਰ ਵਿੱਚ ਹਿਟਲਰ ਦੇ ਪ੍ਰਚਾਰ ਮੰਤਰੀ ਗੋਲਬੇਜ ਵਾਂਗ ਹੀ ਇਹ ਚਾਹੁੰਦਾ ਹੈ ਕਿ ਇੱਕ ਝੂਠ ਨੂੰ ਸੌ ਵਾਰ ਬੋਲੋ ਤਾਂ ਲੋਕ ਉਸਨੂੰ ਸੱਚ ਮੰਨਣਗੇ। ਲੋਕਾਂ ਦਾ ਜੀਵਨ ਮਹਿੰਗਾਈ ਨੇ ਔਖਾ ਕੀਤਾ ਹੈ ਤਾਂ ਲੋਕਾਂ ਦੇ ਕੰਨਾਂ ਵਿੱਚ ਵਿਕਾਸ ਦਾ ਭੌਂਪੂ ਵਜਾਉ। ਲੋਕਾਂ ਨੂੰ ਜੇ ਰੁਜਗਾਰ ਨਾ ਦੇ ਸਕੋ ਤਾਂ ਲੋਕਾਂ ਨੂੰ ‘ਸਕਿੱਲ ਇੰਡੀਆਂ’ ਦੇ ਰਾਗ ਸੁਣਾਉ। ਵਿਦੇਸ਼ ਤੋਂ ਸਰਮਾਇਆ ਲਿਆਉ, ਸਰਮਾਏਦਾਰਾਂ ਲਈ ਕਿਰਤ ਕਨੂੰਨਾਂ ਦੀਆਂ ਧੱਜੀਆਂ ਉਡਾਉ ਤੇ ਲੋਕਾਂ ਨੂੰ ‘ਸਵਦੇਸ਼ੀ’ ਦੀ ਧੁਨ ਸੁਣਾਉ। ਦੰਗੇ ਕਰਾਉ, ਹਿੰਦੂ ਮੁਸਲਮਾਨਾਂ ਨੂੰ ਵੰਡੋ ਤੇ ਲੋਕਾਂ ਦੇ ਸਾਹਮਣੇ ਸ਼ਾਂਤੀ ਦੇ ਮਾਰਗ ਦਾ ਨਾਟਕ ਕਰੋ। ਦਲਿਤਾਂ ‘ਤੇ ਜ਼ੁਲਮ ਕਰੋ ਅਤੇ ਆਪਸੀ ਭਾਈਚਾਰੇ ਤੇ ਏਕਤਾ ਦੀ ਗੱਲ ਕਰੋ। ਔਰਤਾਂ ‘ਤੇ ਜੁਲਮ ਕਰੋ ਤੇ ‘ਬੇਟੀ ਬਚਾਉ- ਬੇਟੀ ਪੜਾਉ’ ਦਾ ਜਾਪ ਕਰੋ।

“ਸਵਦੇਸ਼” (ਇਸਨੂੰ ਕੱਟੜ ਹਿੰਦੂ ਦੇਸ਼ ਪੜ੍ਹੋ) ਅਤੇ “ਰਾਸ਼ਟਰਪ੍ਰੇਮ” ਦੀ ਜੁਗਾਲੀ ਕਰਨ ਵਾਲ਼ੇ ਸੰਘ ਦੀ ਪੈਦਾਇਸ਼ ਸਮੇਂ ਹੀ ਇਸਦੇ ਆਦਰਸ਼ ਮੁਸੋਲਿਨੀ ਅਤੇ ਹਿਟਲਰ ਰਹੇ ਹਨ ਜੋ ਮਨੁੱਖਤਾ ਦੇ ਦੁਸ਼ਮਣ ਅਤੇ ਦੂਜੀ ਸੰਸਾਰ ਜੰਗ ਵਿੱਚ ਲੱਖਾਂ ਲੋਕਾਂ ਦੇ ਕਤਲ ਲਈ ਜੁੰਮੇਵਾਰ ਸਨ। ਬੀ.ਐੱਸ ਮੁੰਜੇ ਰਾਸ਼ਟਰੀ ਸਵੈਸੇਵਕ ਸੰਘ ਨਾਲ਼ ਡੂੰਘਾ ਸੰਬੰਧ ਰੱਖਣ ਵਾਲ਼ਾ ਅਤੇ ਹੇਡਗੇਵਰ ਦਾ ਸਲਾਹਕਾਰ ਸੀ। ਰ.ਸ.ਸ. ਨੂੰ ਮਜ਼ਬੂਤ ਕਰਨ ਅਤੇ ਦੇਸ਼ ਵਿੱਚ ਫੈਲਾਉਣ ਵਿੱਚ ਉਸਦੀ ਭੂਮਿਕਾ ਰਹੀ। 1931 ਵਿੱਚ ਗੋਲਮੇਜ ਕਾਨਫਰੰਸ ਤੋਂ ਮੁੜਣ ਤੋਂ ਬਾਅਦ ਉਸਨੇ ਯੂਰਪ ਘੁੰਮਿਆ ਅਤੇ ਇਟਲੀ ਦੀ ਵੀ ਯਾਤਰਾ ਕੀਤੀ। ਇੱਥੇ ਉਸਨੇ ਕੁਝ ਮਹੱਤਵਪਰਨ ਫੌਜੀ ਸਕੂਲਾਂ ਅਤੇ ਸਿੱਖਿਆ ਸੰਸਥਾਵਾਂ ਨੂੰ ਵੀ ਦੇਖਿਆ- ਫਾਸੀਵਾਦੀ ਜੱਥੇਬੰਦੀਆਂ ਤੋਂ ਉਹ ਪ੍ਰਭਾਵਿਤ ਹੋਇਆ ਉਸਨੇ ਲਿਖਿਆ:

“ਪੂਰੀ ਜੱਥੇਬੰਦੀ ਅਤੇ ਬਲਿਲਾ (ਨਾਜੀ ਪਾਰਟੀ ਦਾ ਨੌਜਵਾਨ ਵਿੰਗ- ਸੰਪਾ:) ਦੇ ਸੰਕਲਪ ਨੇ ਮੈਨੂੰ ਖਿੱਚਿਆ… ਇਟਲੀ ਦੇ ਫੌਜੀ ਮੁੜ-ਜਾਗਰਣ ਲਈ ਇਹ ਸਮੁੱਚਾ ਵਿਚਾਰ ਮੁਸੋਲਿਨੀ ਦੀ ਦੇਣ ਹੈ।…. ਫਾਸੀਵਾਦ ਦਾ ਵਿਚਾਰ ਸਪੱਸ਼ਟ ਤੌਰ ‘ਤੇ ਲੋਕਾਂ ਵਿਚਕਾਰ ਏਕਤਾ ਦਾ ਵਿਚਾਰ ਲਿਆਉਂਦਾ ਹੈ….. ਭਾਰਤ ਨੂੰ ਅਤੇ ਖਾਸਕਰ ਹਿੰਦੂ ਭਾਰਤ ਨੂੰ ਹਿੰਦੂਆਂ ਦੇ ਫੌਜੀ ਮੁੜ-ਜਾਗਰਣ ਲਈ ਅਜਿਹੀ ਹੀ ਕਿਸੇ ਜਥੇਬੰਦੀ ਦੀ ਲੋੜ ਹੈ… ਡਾਕਟਰ ਹੇਡਗੇਵਰ ਦੇ ਤਹਿਤ ਨਾਗਪੁਰ ਦੀ ਸਾਡੀ ਰਾਸ਼ਟਰੀ ਸਵੈ ਸੇਵਕ ਸੰਘ ਸੰਸਥਾ ਇਸੇ ਤਰ੍ਹਾਂ ਦੀ ਹੀ ਹੈ, ਭਾਵੇਂ ਉਸਦੀ ਕਲਪਨਾ ਅਜ਼ਾਦ ਰੂਪ ਨਾਲ਼ ਕੀਤੀ ਗਈ ਹੈ। ਮੈਂ ਆਪਣੀ ਬਾਕੀ ਜ਼ਿੰਦਗੀ ਡਾ. ਹੇਡਗੇਵਰ ਦੀ ਇਸ ਸੰਸਥਾ ਦੇ ਵਿਕਾਸ ਅਤੇ ਇਸਨੂੰ ਪੂਰੇ ਮਹਾਂਰਾਸ਼ਟਰ ਅਤੇ ਹੋਰਾਂ ਸੂਬਿਆਂ ਵਿੱਚ ਫੈਲਾਉਣ ‘ਤੇ ਲਾ ਦੇਵਾਂਗਾ।” (ਮਾਰੀਆ ਕਾਸੋਲਾਰੀ- ਹਿੰਦ ਰਾਸ਼ਟਰਵਾਦ ਦੀਆਂ ਵਿਦੇਸ਼ੀ ਜੜ੍ਹਾਂ- ਨਹਿਰੂ ਮੈਮੋਰੀਅਲ ਮਿਊਜੀਅਮ ਅਤੇ ਲਾਈਬ੍ਰੇਰੀ, ਮੁੰਜੇ ਪੇਪਰਜ, ਮਾਈਕ੍ਰਫਿਲਮ ਐੱਮ 1)
ਅੱਗੇ ਮੁੰਜੇ ਨੇ ਮੁਸੋਲਿਨੀ ਬਾਰੇ ਲਿਖਿਆ-

“ਮਹਾਂਪੁਰਖ ਡਾ.ਮੁੰਜੇ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ।”(ਨਹਿਰੂ ਮੈਮੋਰੀਅਲ ਮਿਊਜੀਅਮ ਅਤੇ ਲਾਈਬ੍ਰੇਰੀ, ਮੁੰਜੇ ਪੇਪਰਜ, ਮਾਈਕ੍ਰਫਿਲਮ ਐੱਮ 1)

ਭਾਰਤ ਵਾਪਸ ਆਉਣ ‘ਤੇ ਮੁੰਜੇ ਨੇ ‘ਦੀ ਮਰਾਠਾ’ ਨੂੰ ਇੰਟਰਵਿਊ ਵਿੱਚ ਕਿਹਾ-

“ਅਸਲ ਵਿੱਚ ਲੀਡਰਾਂ ਨੂੰ ਜਰਮਨੀ ਦੀ ਨੌਜਵਾਨ ਲਹਿਰ ਅਤੇ ਇਟਲੀ ਦੇ ਬਲਿਲਾ ਅਤੇ ਫਾਸੀਵਾਦੀ ਜਥੇਬੰਦੀਆਂ ਦੀ ਪੈਰਵਈ ਕਰਨੀ ਚਾਹੀਦੀ ਹੈ- ਮੈਂ ਸੋਚਦਾ ਕਿ ਖਾਸ ਹਾਲਤਾਂ ਨੂੰ ਅਨੁਕੂਲ ਬਣਾ ਕੇ ਭਾਰਤ ਵਿੱਚ ਲਾਗੂ ਕੀਤੇ ਜਾਣ ਲਈ ਉਹ ਬਹੁਤ ਜਰੂਰੀ ਹਨ।” (‘ਦੀ ਮਰਾਠਾ’, 12 ਅਪ੍ਰੈਲ 1931)

ਪੂਰੀ ਦੁਨੀਆਂ ਜਾਣਦੀ ਹੈ ਕਿ ਜਰਮਨੀ ਦੇ ਹਿਟਲਰ ਅਤੇ ਇਟਲੀ ਦੇ ਮੁਸੋਲਿਨੀ ਨੇ ਕਿਸ ਤਰ੍ਹਾਂ ਨਾਲ਼ ਇਹਨਾਂ ਜਥੇਬੰਦੀਆਂ ਦੀ ਵਰਤੋਂ ਕਰਕੇ ਆਪਣੇ ਦੇਸ਼ਾਂ ਵਿੱਚ ਕਤਲੇਆਮ ਕਰਵਾਇਆ ਸੀ। ਭਾਰਤ ਵਿੱਚ 1933 ਵਿੱਚ ਖੁਫੀਆ ਵਿਭਾਗ ਨੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਜਿਸ ਵਿੱਚ ਕਿਹਾ ਗਿਆ ਕਿ-

“ਇਸ ਗੱਲ ‘ਤੇ ਜੋਰ ਦੇਣਾ ਸ਼ਾਇਦ ਕੋਈ ਅਤਿਕਥਿਨੀ ਨਹੀਂ ਹੈ ਕਿ ਭਵਿੱਖ ਦੇ ਭਾਰਤ ਵਿੱਚ ਸੰਘ ਉਹੀ ਹੋਣਾ ਚਾਹੀਦਾ ਹੈ ਜੋ ਇਟਲੀ ਵਿੱਚ ਫਾਸੀਵਾਦ ਅਤੇ ਜਰਮਨੀ ਵਿੱਚ ‘ਨਾਜ਼ੀਵਾਦ’ ਹੈ।” (ਐੱਨ.ਆਈ ਏ., ਹੋਮ ਪੋਲ ਡਿਪਾਰਟਮੈਂਟ, 88/33, 1933)

ਸਾਵਰਕਰ 1937 ਵਿੱਚ ਆਪਣੀ ਰਿਹਾਈ ਤੋਂ ਬਾਅਦ ਹਿੰਦੂ ਮਹਾਂਸਭਾ ਦਾ ਮੈਂਬਰ ਬਣਿਆ। 1 ਅਗਸਤ 1938 ਨੂੰ ਪੁਣੇ ਵਿੱਚ ਸੰਬੋਧਿਤ ਕਰਦਿਆਂ ਉਸਨੇ ਕਿਹਾ:

“ਭਾਰਤੀ ਵਿਦੇਸ਼ ਨੀਤੀ ‘ਵਾਦਾਂ’ ‘ਤੇ ਆਧਾਰਿਤ ਨਹੀਂ ਹੋਣੀ ਚਾਹੀਦੀ। ਨਾਜ਼ੀਵਾਦ ਦਾ ਸਹਾਰਾ ਲੈਣ ਦਾ ਜਰਮਨੀ ਨੂੰ ਪੂਰਾ ਹੱਕ ਹੈ ਅਤੇ ਇਟਲੀ ਨੂੰ ਫਾਸੀਵਾਦ ਦਾ; ਅਤੇ ਘਟਨਾਵਾਂ ਨਾਲ਼ ਇਸਦਾ ਸਹੀ ਸਿੱਧ ਕਰ ਦਿੱਤਾ ਹੈ ਕਿ ਇਹ ਵਾਦ ਅਤੇ ਸਰਕਾਰਾਂ ਦੇ ਇੱਕ ਰੂਪ, ਉੱਥੇ ਪੈਦਾ ਹੋਈਆਂ ਹਾਲਤਾਂ ਤਹਿਤ ਜਰੂਰੀ ਸਨ ਅਤੇ ਫਾਇਦੇਮੰਦ ਵੀ।” (ਨਹਿਰੂ ਮੈਮੋਰੀਅਲ ਮਿਊਜੀਅਮ ਐਂਡ ਲਾਈਬ੍ਰੇਰੀ (ਐੱਮ ਐੱਮ ਐੱਮ ਐੱਲ), ਸਾਵਰਕਰ ਪੇਪਰਜ਼, ਮਾਈਕ੍ਰੋਫਿਲਮ, ਆਰ ਐੱਨ 23 ਪਾਰਟ 2)

24 ਅਕਤੂਬਰ 1938 ਨੂੰ ਸਾਵਰਕਰ ਨੇ ਇੱਕ ਭਾਸ਼ਣ ਵਿੱਚ ਕਿਹਾ-

“ਇੱਕ ਕੌਮ ਉਸਦੀ ਬਹੁਗਿਣਤੀ ਲੋਕਾਂ ਦੁਆਰਾ ਬਣਾਈ ਜਾਂਦੀ ਹੈ। ਜਰਮਨੀ ਵਿੱਚ ਯਹੂਦੀਆਂ ਨੇ ਕੀ ਕੀਤਾ? ਘੱਟ ਗਿਣਤੀ ਹੋਣ ਕਾਰਨ ਉਹਨਾਂ ਨੂੰ ਜਰਮਨੀ ਤੋਂ ਕੱਢ ਦਿੱਤਾ ਗਿਆ।” (ਐੱਮ ਐੱਮ ਏ ਡਿਪਾਰਟਮੈਂਟ, 60 ਡੀ, (ਜੀ) ਪਾਰਟ 3, 1938, ਟ੍ਰਾਂਸਲੇਸ਼ਨ ਆਫ ਦ ਵਰਟੇਬਿਮ ਸਪੀਚ ਮੇਡ ਬਾਏ ਵੀ ਡੀ ਸਾਵਰਕਰ ਆਨ ਅਕਤੂਬਰ 14, 1938)

ਸੰਘ ਦੇ ਦੇਸ਼ ਵਿੱਚ ਸਿਰਫ ਉਹੋ ਰਹਿ ਸਕਦੇ ਨੇ ਜੋ ਕੱਟੜ ਸੰਘ-ਭਾਜਪਾ ਦੀ ਹਿੰਦੂ ਵਿਚਾਰਧਾਰਾ ਵਿੱਚ ਹਾਂ ਨਾਲ਼ ਹਾਂ ਮਿਲਾਉਣ ਨਹੀਂ ਤਾਂ ਸੰਘ ਦੇ ਵਿਚਾਰਕ ਇਹ ਸਪੱਸ਼ਟ ਰਾਇ ਰੱਖਦੇ ਹਨ ਕਿ ਘੱਟਗਿਣਤੀ ਚਾਹੇ ਉਹ ਮੁਸਲਮਾਨ ਹੋਣ ਜਾਂ ਜੈਨ, ਬੋਧੀ ਜਾਂ ਸਿੱਖ ਉਹਨਾਂ ਨਾਲ਼ ਅਜਿਹਾ ਹੀ ਸਲੂਕ ਕਰਨਾ ਚਾਹੀਦਾ ਜਿਵੇਂ ਯਹੂਦੀਆਂ ਨਾਲ ਹਿਟਲਰ ਨੇ ਕੀਤਾ- ਸੰਘ ਦਾ ਇਹ ਮੁਸੋਲਿਨੀ ਤੇ ਹਿਟਲਰ ਪ੍ਰੇਮ ਜੱਗ ਜਾਹਿਰ ਹੈ। ਭਾਰਤ ਦਾ ਹਰ ਇੱਕ ਸੁਚੇਤ ਨਾਗਰਿਕ ਕੀ ਭਾਰਤ ਨੂੰ ਹਿਟਲਰ ਦਾ ਜਰਮਨੀ ਬਣਨ ਦੇਵੇਗਾ?

ਗੋਲਵਲਕਰ ਜੋ ਸੰਘ ਦੇ ਦਾਰਸ਼ਨਿਕ (?) ਦੀ ਪਦਵੀ ਨਾਲ ਜਾਣਿਆ, ਨਵਾਜਿਆ ਜਾਂਦਾ ਹੈ ਅਤੇ ਗੁਰੂ ਜੀ ਦੇ ਨਾਮ ਨਾਲ਼ ਮਸ਼ਹੂਰ ਹੈ ਨੇ ਵੀ ਮੁੰਜੇ ਤੇ ਸਾਵਰਕਰ ਦੀ ਤਰ੍ਹਾਂ ਹੀ ਇਟਲੀ ਤੇ ਜਰਮਨੀ ਨੂੰ ਹੀ ਆਦਰਸ਼ ਮੰਨਿਆਂ ਭਾਰਤ ਵਿੱਚ ਇਹਨਾਂ ਦੀ “ਨਸਲ” ਚੇਤਨਾ ਦੇ ਆਦਰਸ਼ ਮੁਸਲਿਨੀ ਤੇ ਹਿਟਲਰ ਹੀ ਹਨ।

“ਇਟਲੀ ਨੂੰ ਦੇਖੀਏ। ਇੰਨੇ ਲੰਮੇ ਸਮੇਂ ਤੋਂ ਸੁੱਤੀ ਹੋਈ ਰੋਮਨ ਜਾਤ ਦੀ ਭੂ-ਮੱਧ ਸਾਗਰ ਕੋਲ ਜਾ ਕੇ ਆਸੇ ਪਾਸੇ ਦੇ ਸਾਰੇ ਇਲਾਕਿਆਂ ਨੂੰ ਜਿੱਤਣ ਵਾਲੀ ਚੇਤਨਾ ਜਾਗ ਗਈ ਹੈ ਅਤੇ ਉਸਨੇ ਉਸੇ ਮੁਤਾਬਕ ਆਪਣੀਆਂ ਨਸਲੀ ਕੌਮੀ ਇੱਛਾਵਾਂ ਨੂੰ ਢਾਲ ਲਿਆ ਹੈ। ਉਹੀ ਪੁਰਾਤਨ ਨਸਲੀ ਚੇਤਨਾ ਜਿਸਨੇ ਜਰਮਨੀ ਦੇ ਕਬੀਲਿਆਂ ਨੂੰ ਪੂਰੇ ਯੂਰਪ ਨੂੰ ਜਿੱਤ ਲੈਣ ਲਈ ਉਕਸਾਇਆ ਸੀ, ਆਧੁਨਿਕ ਜਰਮਨੀ ਵਿੱਚ ਮਿਲੀਆਂ ਪ੍ਰੰਪਰਾਵਾਂ ਤੋਂ ਪ੍ਰਭਾਵਿਤ ਇੱਛਾਵਾਂ ਦੀ ਪੈਰਵੀ ਕਰਨ ਲਈ ਵਚਨਬੱਧ ਹੈ।”(ਗੋਲਵਲਕਰ, ‘ਵੀ ਆਰ ਅਵਰ ਨੇਸ਼ਨਹੁਡ ਡਿਫਾਇੰਡ’ ਭਾਰਤ ਪਬਲਿਕੇਸ਼ਨ ਨਾਗਪੁਰ, 1939 ਦਾ ਹਿੰਦੀ ਅਨੁਵਾਦ, ਪੰਨਾ-140)

ਹਿਟਲਰ ਨੇ ਯਹੂਦੀਆਂ ਦਾ ਕਤਲੇਆਮ ਕਰਵਾਇਆ ਸੀ, ਜਿਸ ਨੂੰ ਮਨੁੱਖਤਾ ਦੇ ਇਤਿਹਾਸ ਵਿੱਚ ਸਭ ਤੋਂ ਘਿਨਾਉਣਾ ਕਿਹਾ ਜਾਂਦਾ ਹੈ ਪਰ ਗੋਲਵਲਕਰ ਉਸੇ ਹਿਟਲਰ ਦੀਆਂ ਪੈੜਾਂ ‘ਤੇ ਚੱਲਣ ਦੀ ਗੱਲ ਕਰਦਾ ਹੈ। ਉਹ ਕਹਿੰਦਾ ਹੈ:

“ਜਰਮਨ ਨਸਲ ਦਾ ਮਾਣ ਅੱਜ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕੌਮ ਅਤੇ ਉਸਦੀ ਸੱਭਿਅਤਾ ਦੀ ਸ਼ੁੱਧਤਾ ਬਣਾਈ ਰੱਖਣ ਲਈ, ਦੇਸ਼ ਦੀਆਂ ਸਾਮੀ ਨਸਲਾਂ (ਯਹੂਦੀਆਂ) ਤੋਂ ਸ਼ੁੱਧ ਕਰਕੇ ਜਰਮਨੀ ਨੇ ਪੂਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਹੈ। ਇੱਥੇ ਨਸਲ ਦਾ ਮਾਣ ਆਪਣੇ ਸਭ ਤੋਂ ਉੱਚੇ ਰੂਪ ਵਿੱਚ ਪ੍ਰਗਟ ਹੋਇਆ ਹੈ। ਇਹ ਹਿੰਦੁਸਤਾਨ ਵਿੱਚ ਸਾਡੇ ਲਈ ਸਭ ਤੋਂ ਚੰਗਾ ਸਬਕ ਹੈ ਕਿ ਸਿੱਖੀਏ ਤੇ ਫਾਇਦਾ ਲਈਏ।(ਉਹੀ ਪੰਨਾਂ-142)

‘ਸਵਦੇਸ਼ੀ’, ਪੁਰਾਤਨ ਸੱਭਿਅਤਾ ਦਾ ਰਾਗ ਅਲਾਪਦੇ ਹੋਏ ਸੰਘ ਆਪਣੀ ਵਿਚਾਰ ਊਰਜਾ ਮੁਸੋਲਿਨੀ ਤੇ ਹਿਟਲਰ ਤੋਂ ਲੈਂਦਾ ਹੈ ਇਸਦੇ ਅਸਲੀ ਗੁਰੂ ਉਹੀ ਹਨ। ਇਹ ਮਹਿਜ ਭਾਰਤੀਅਤਾ ਦੀ ਦੁਹਾਈ ਪਾਉਂਦਾ ਹੈ ਇਸਨੂੰ ਇਸ ਦੇਸ਼ ਦੀ ਸੱਭਿਅਤਾ ਤੇ ਸੱਭਿਆਚਾਰ ਬਾਰੇ ਕੁਝ ਵੀ ਨਹੀਂ ਪਤਾ ਅਤੇ ਨਾਂ ਹੀ ਇਸ ਨੂੰ ਅੱਜ ਲੁੱਟੇ ਜਾ ਰਹੇ ਆਮ ਲੋਕਾਂ ਨਾਲ਼ ਕੋਈ ਸਰੋਕਾਰ ਹੈ। ਭਾਜਪਾ ਜਦੋਂ ਤੋਂ ਸੱਤਾ ਵਿੱਚ ਆਈ ਹੈ, ਮਹਿੰਗਾਈ ਹੋਰ ਵਧ ਗਈ ਹੈ ਦੇਸ਼ ਦੀ ਅਬਾਦੀ ਦਾ 33 ਫੀਸਦੀ ਹਿੱਸਾ ਹੁਣ ਤੱਕ ਦੇ ਭਿਅੰਕਰ ਸੋਕੇ ਨਾਲ਼ ਜੂਝ ਰਿਹਾ ਹੈ, ਲੋਕ ਗੰਦਾ ਪਾਣੀ ਪੀ ਰਹੇ ਹਨ ਅਤੇ ਆਪਣਾ ਘਰ-ਬਾਰ ਛੱਡ ਕੇ ਦੂਜੀਆਂ ਥਾਵਾਂ ‘ਤੇ ਜਾਣ ਲਈ ਮਜ਼ਬੂਰ ਹਨ, ਦੇਸ਼ ਅੰਦਰ ਸੰਕਟ ਕਾਰਨ ਉਜਾੜਾ ਵੱਡੇ ਪੱਧਰ ‘ਤੇ ਹੈ ਪਰ ਸੰਘ ਭਾਜਪਾ ਲੋਕਾਂ ਨੂੰ ਝੂਠੇ ਵਿਕਾਸ ਦੇ ਗੀਤ ਸੁਣਾ ਰਿਹਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆਂ ਭਰ ਦੇ ਸਰਮਾਏਦਾਰਾਂ ਨੂੰ ਸੱਦੇ ਦੇ ਰਿਹਾ ਹੈ ਕਿ ਆਉ ਤੇ ਦੇਸ਼ ਦੇ ਲੋਕਾਂ ਦੇ ਹੱਡ ਨਿਚੋੜ ਕੇ ਆਪਣੀਆਂ ਤਿਜੋਰੀਆਂ ਭਰੋ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 10-11, 1 ਤੋਂ 15 ਅਤੇ 16 ਤੋਂ 31 ਜੁਲਾਈ (ਸੰਯੁਕਤ ਅੰਕ)  2017 ਵਿੱਚ ਪ੍ਰਕਾਸ਼ਿਤ

Advertisements