ਰਾਸ਼ਟਰੀ ਸਵੈਸੇਵਕ ਸੰਘ ਦੀ ਦੇਸ਼ਭਗਤੀ ਦਾ ਸੱਚ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸੰਘ-ਭਾਜਪਾ ਵੱਲੋਂ ਜਾਰੀ ‘ਦੇਸ਼ ਭਗਤੀ’ ਦੇ ਰੌਲੇ ਵਿੱਚ ਸਾਨੂੰ ਖੁਦ ਨੂੰ ਇਹ ਸਵਾਲ ਪੁੱਛਣਾ ਚਾਹੀਦਾ ਕਿ ਦੇਸ਼ ਹੈ ਕੀ? ਤੇ ਦੇਸ਼ ਭਗਤੀ ਕਿਸ ਨੂੰ ਕਹਿੰਦੇ ਹਨ? ਦੇਸ਼ ਕੋਈ ਕਾਗਜ ‘ਤੇ ਬਣਿਆ ਨਕਸ਼ਾ ਨਹੀਂ ਹੁੰਦਾ, ਇਹ ਉੱਥੋਂ ਦੇ ਲੋਕਾਂ ਨਾਲ਼ ਬਣਦਾ ਹੈ। ਅਤੇ ਦੇਸ਼ ਭਗਤੀ ਦੇ ਅਸਲ ਮਾਅਨੇ ਹਨ ਲੋਕਾਂ ਨਾਲ਼ ਪਿਆਰ, ਉਹਨਾਂ ਦੇ ਦੁੱਖ ਤਕਲੀਫਾਂ ਨਾਲ਼ ਸਰੋਕਾਰ ਅਤੇ ਉਹਨਾਂ ਦੇ ਹੱਕੀ ਸੰਘਰਸ਼ਾਂ ਵਿੱਚ ਸਾਥ ਦੇਣਾ। ਦੇਸ਼ ਭਗਤੀ ਦੀ ਗੱਲ ਕਰਦਿਆਂ ਜੇ ਦੇਸ਼ ਦੀ ਅਜ਼ਾਦੀ ਦੀ ਲੜਾਈ ‘ਤੇ ਨਿਗਾਹ ਮਾਰੀ ਜਾਵੇ ਤਾਂ ਅੱਜ ਵੀ ਸਾਡੇ ਜਿਹਨ ‘ਚ ਜੋ ਨਾਮ ਆਉਣਗੇ ਉਹ ਹਨ: ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰਸ਼ੇਖਰ ਅਜ਼ਾਦ, ਅਸ਼ਫਾਕ ਉੱਲਾ, ਰਾਮ ਪ੍ਰਸਾਦ ਬਿਸਮਿਲ। ਦੇਸ਼ ਭਗਤੀ ਲਈ ਦੇਸ਼ ਦੇ ਅਰਥ ਨੂੰ ਸਮਝਣਾ ਬੇਹੱਦ ਜਰੂਰੀ ਹੈ ਅਤੇ ਇਹ ਵੀ ਜਾਨਣਾ ਜਰੂਰੀ ਹੈ ਕਿ ਦੇਸ਼ ਲਈ ਕੁਰਬਾਨ ਹੋਣ ਵਾਲ਼ੇ ਸ਼ਹੀਦਾਂ ਨੇ ਕਿਸ ਲਈ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ ਸੀ? ਅੱਜ ਇਹ ਇੱਕ ਆਮ ਆਦਮੀ ਵੀ ਸਮਝ ਸਕਦਾ ਹੈ ਕਿ ਦੇਸ਼ ਕਾਗਜ਼ ‘ਤੇ ਬਣਿਆ ਮਹਿਜ ਇੱਕ ਨਕਸ਼ਾ ਨਹੀਂ ਹੁੰਦਾ। ਨਾ ਹੀ ਸਿਰਫ ਜਮੀਨ ਦਾ ਟੁਕੜਾ ਹੁੰਦਾ ਹੈ। ਦੇਸ਼ ਬਣਦਾ ਹੈ ਉੱਥੇ ਰਹਿਣ ਵਾਲ਼ੇ ਲੋਕਾਂ ਨਾਲ਼। ਉਹ ਲੋਕ ਜੋ ਦੇਸ਼ ਦੀਆਂ ਲੋੜਾਂ ਦੀ ਹਰ ਇੱਕ ਚੀਜ਼ ਪੈਦਾ ਕਰਦੇ ਹਨ, ਉਹ ਕਿਸਾਨ ਅਤੇ ਖੇਤ ਮਜ਼ਦੂਰ ਜੋ ਅਨਾਜ ਪੈਦਾ ਕਰਦੇ ਹਨ, ਉਹ ਲੋਕ ਜੋ ਦੇਸ਼ ਨੂੰ ਚਲਾਉਂਦੇ ਹਨ। ਕੀ ਇਹਨਾਂ ਲੋਕਾਂ ਦੇ ਦੁੱਖ ਤਕਲੀਫਾਂ ਵਿੱਚ ਸ਼ਾਮਲ ਹੋਏ ਬਿਨਾਂ, ਉਹਨਾਂ ਦੇ ਸੰਘਰਸ਼ ਵਿੱਚ ਹਿੱਸਾ ਲਏ ਬਿਨਾਂ ਕੋਈ ਦੇਸ਼ ਭਗਤ ਕਹਾ ਸਕਦਾ ਹੈ? ਭਗਤ ਸਿੰਘ ਲਈ ਇਨਕਲਾਬ ਦਾ ਕੀ ਮਤਲਬ ਸੀ? ਉਹ ਕਿਸ ਤਰਾਂ ਦੇ ਸਮਾਜ ਲਈ ਲੜ ਰਹੇ ਸਨ? 6 ਜੂਨ 1929 ਨੂੰ ਦਿੱਲੀ ਦੇ ਸ਼ੈਸ਼ਨ ਜੱਜ ਦੀ ਅਦਾਲਤ ਵਿੱਚ ਦਿੱਤੇ ਬਿਆਨ ਤੋਂ ਸਪੱਸ਼ਟ ਹੁੰਦਾ ਹੈ: “ਇਨਕਲਾਬ ਤੋਂ ਸਾਡਾ ਮਤਲਬ ਹੈ- ਬੇਇਨਸਾਫੀ ‘ਤੇ ਟਿਕੇ ਮੌਜੂਦਾ ਸਮਾਜੀ-ਢਾਂਚੇ ਵਿੱਚ ਮੁਕੰਮਲ ਬਦਲਾਅ। ਸਮਾਜ ਦਾ ਮੁੱਖ ਅੰਗ ਹੁੰਦੇ ਹੋਏ ਵੀ ਅੱਜ ਮਜ਼ਦੂਰਾਂ ਨੂੰ ਉਹਨਾਂ ਦੇ ਮੁੱਢਲੇ ਹੱਕਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ ਅਤੇ ਉਹਨਾਂ ਦੀ ਖੂਨ-ਪਸੀਨੇ ਦੀ ਕਮਾਈ ਦਾ ਸਾਰਾ ਪੈਸਾ ਲੋਟੂ ਸਰਮਾਏਦਾਰ ਹੜੱਪ ਜਾਂਦੇ ਹਨ। ਦੂਜਿਆਂ ਦੇ ਅੰਨਦਾਤਾ ਕਿਸਾਨ ਅੱਜ ਆਪਣੇ ਪਰਿਵਾਰ ਸਹਿਤ ਦਾਣੇ-ਦਾਣੇ ਲਈ ਮੋਹਤਾਜ ਹਨ। ਦੁਨੀਆਂ ਭਰ ਦੀਆਂ ਮੰਡੀਆਂ ਨੂੰ ਕੱਪੜਾ ਮੁਹੱਈਆ ਕਰਾਉਣ ਵਾਲ਼ੇ ਜੁਲਾਹੇ ਆਪਣੇ ਤੇ ਆਪਣੇ ਜਵਾਕਾਂ ਦੇ ਤਨ ਢਕਣ ਨੂੰ ਵੀ ਕੱਪੜਾ ਨਹੀਂ ਲੈ ਸਕਦੇ। ਸੋਹਣੇ ਮਹਿਲ ਬਨਾਉਣ ਵਾਲ਼ੇ ਰਾਜਗੀਰ, ਲੁਹਾਰ ਅਤੇ ਤਰਖਾਣ ਖੁਦ ਗੰਦੀਆਂ ਥਾਵਾਂ ‘ਤੇ ਰਹਿ ਕੇ ਆਪਣੀ ਜੀਵਨ ਲੀਲਾ ਖਤਮ ਕਰ ਜਾਂਦੇ ਹਨ। ਇਸ ਤੋਂ ਉਲਟ ਸਮਾਜ ਦੀਆਂ ਜੋਕਾਂ ਲੋਟੂ ਸਰਮਾਏਦਾਰ ਮਾੜੀ-ਮੋਟੀ ਗੱਲ ਲਈ ਵੀ ਲੱਖਾਂ ਦੇ ਵਾਰੇ-ਨਿਆਰੇ ਲੈਂਦੇ ਹਨ। ਇਹ ਭਿਆਨਕ ਪਾੜਾ ਅਤੇ ਜਬਰਦਸਤੀ ਲੱਦਿਆ ਗਿਆ ਭੇਦਭਾਵ ਦੁਨੀਆਂ ਨੂੰ ਇੱਕ ਬਹੁਤ ਵੱਡੀ ਉਥਲ-ਪੁਥਲ ਵੱਲ ਲਿਜਾ ਰਿਹਾ ਹੈ। ਇਹ ਹਾਲਤ ਬਹੁਤੇ ਦਿਨਾਂ ਤੱਕ ਨਹੀਂ ਰਹਿ ਸਕਦੇ। ਸਪੱਸ਼ਟ ਹੈ ਕਿ ਅੱਜ ਦਾ ਧਨੀ ਸਮਾਜ ਇੱਕ ਭਿਆਨਕ ਜਵਾਲਾਮੁਖੀ ਦੇ ਮੂੰਹ ‘ਤੇ ਬੈਠਕੇ ਰੰਗਰਲੀਆਂ ਮਨਾਂ ਰਿਹਾ ਹੈ ਅਤੇ ਮਜ਼ਲੂਮਾਂ ਦੇ ਮਾਸੂਮ ਬੱਚੇ ਅਤੇ ਕਰੋੜਾਂ ਲੁੱਟੇ ਜਾ ਰਹੇ ਲੋਕ ਇੱਕ ਭਿਆਨਕ ਖੱਡ ਦੀ ਕਗਾਰ ਤੇ ਜਾ ਰਹੇ ਹਨ।”(ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਉਪਲਬਧ ਸੰਪੂਰਨ ਦਸਤਾਵੇਜ਼, ਹਿੰਦੀ, ਸੰਪ- ਸੱਤਿਅਮ, ਸਫਾ-338)

ਭਗਤ ਸਿੰਘ ਲਈ ਦੇਸ਼ਭਗਤੀ ਦਾ ਮਤਲਬ ਸੀ-ਲੋਕਾਂ ਲਈ ਲੁੱਟ ਰਹਿਤ ਸਮਾਜ ਬਨਾਉਣ ਦਾ ਸੰਕਲਪ। ਅਜ਼ਾਦੀ ਦੀ ਲੜਾਈ ਵਿੱਚ ਇਨਕਲਾਬੀਆਂ ਦੀ ਸ਼ਹਾਦਤ ਇੱਕ ਅਜਿਹੇ ਮੁਲਕ ਦੇ ਸੁਪਨੇ ਲਈ ਸੀ ਜੋ ਲੁੱਟ, ਜ਼ਬਰ, ਗੈਰ-ਬਰਾਬਰੀ ਤੋਂ ਮੁਕਤ ਹੋਵੇ। ਜਿੱਥੇ ਲੀਡਰ ਅਤੇ ਸਰਮਾਏਦਾਰ ਘਪਲਿਆਂ-ਘੁਟਾਲਿਆਂ ਨਾਲ਼ ਦੇਸ਼ ਦੇ ਲੋਕਾਂ ਨੂੰ ਨਾ ਲੁੱਟਣ।

ਪਰ ਭਾਜਪਾ ਦੇ ‘ਦੇਸ਼ਭਗਤ’ ਕੀ ਕਰ ਰਹੇ ਹਨ? ਕੀ ਇਸ ਦੇਸ਼ ਦੇ ਲੋਕਾਂ ਨੂੰ ਯਾਦ ਨਹੀਂ ਹੈ ਕਿ ਕਾਰਗਿਲ ਦੇ ਸ਼ਹੀਦਾਂ ਦੇ ਤਾਬੂਤਾਂ ਤੱਕ ਦੇ ਘੁਟਾਲੇ ਵਿੱਚ ਇਸੇ ਭਾਜਪਾ ਦੇ ਅਖੌਤੀ ਦੇਸ਼ ਭਗਤ ਫਸੇ ਹੋਏ ਹਨ। ਫੌਜ ਲਈ ਖਰੀਦ ਵਿੱਚ ਦਲਾਲੀ ਅਤੇ ਰਿਸ਼ਵਤ ਲੈਂਦੇ ਹੋਏ ਭਾਜਪਾ ਮੈਂਬਰ ਬੰਗਾਰੂ ਲਕਸ਼ਮਣ ਫੜੇ ਗਏ ਸਨ। ਮੱਧ ਪ੍ਰਦੇਸ਼ ਵਿੱਚ ਵਿਆਪਮ ਘੁਟਾਲਾ ਅਤੇ ਇਸ ਨਾਲ਼ ਜੁੜੇ ਕਤਲ ਦੇਸ਼ ਦੇ ਲੋਕਾਂ ਨੂੰ ਭੁੱਲੇ ਨਹੀਂ ਹੋਣੇ। ਭਾਜਪਾ ਆਗੂ ਦਿਲੀਪ ਸਿੰਘ ਜੁਦੇਵ ਕੈਮਰੇ ਵਿੱਚ ਰਿਸ਼ਵਤ ਲੈ ਕੇ ਇਹ ਕਹਿੰਦੇ ਵੀ ਫੜੇ ਗਏ ਕਿ ‘ਪੈਸਾ ਖੁਦਾ ਨਹੀਂ ਤੋ ਖੁਦਾ ਸੇ ਕਮ ਵੀ ਨਹੀਂ’। ਕੀ ਜਦ ਦੇਸ਼ ਦੇ ਲੋਕ ਮਹਿੰਗਾਈ ਦੀ ਮਾਰ ਨਾਲ਼ ਪ੍ਰੇਸ਼ਾਨ ਸਨ ਤਾਂ ਮੋਦੀ ਸਰਕਾਰ ਨੇ ਸਰਮਾਏਦਾਰਾਂ ਦੇ ਕਰਜੇ ਮਾਫ ਕਰਨ ਦੇ ਐਲਾਨ ਨਹੀਂ ਕੀਤੇ? ਇਹੋ ਜਿਹੇ ਹਨ ਇਹ ‘ਕੌਮਵਾਦੀ’ ਅਤੇ ਇਹੀ ਹੈ ਸੰਘ ਅਤੇ ਭਾਜਪਾ ਦੀ ‘ਦੇਸ਼ਭਗਤੀ’।

ਅੱਜ ਗੱਲ-ਗੱਲ ‘ਤੇ ਦੇਸ਼ ਭਗਤੀ ਦਾ ਸਰਟੀਫਿਕੇਟ ਵੰਡਣ ਵਾਲ਼ੀ ਸੰਘ-ਭਾਜਪਾ ਗਿਰੋਹ ਦੀ ਅਸਲੀਅਤ ਜਾਨਣ ਲਈ ਸਾਨੂੰ ਇੱਕ ਵਾਰ ਫੇਰ ਅਜ਼ਾਦੀ ਦੀ ਲਹਿਰ ਵਿੱਚ ਇਹਨਾਂ ਦੀਆਂ ਕਰਤੂਤਾਂ ਦੇ ਇਤਿਹਾਸ ‘ਤੇ ਨਿਗਾਹ ਮਾਰ ਲੈਣੀ ਚਾਹੀਦੀ ਹੈ।

ਅਜ਼ਾਦੀ ਦੀ ਲਹਿਰ ਨਾਲ਼ ਗੱਦਾਰੀ:

1925 ਵਿੱਚ ਦੁਸਹਿਰੇ ਦੇ ਦਿਨ ਆਪਣੀ ਸਥਾਪਨਾ ਤੋਂ ਲੈ ਕੇ 1947 ਤੱਕ ਸੰਘ ਨੇ ਅੰਗਰੇਜ਼ਾਂ ਖਿਲਾਫ ਚੂੰ ਵੀ ਨਹੀਂ ਕੀਤੀ। ਜਦ ਅੰਗਰੇਜਾਂ ਖਿਲਾਫ ਦੇਸ਼ ਦੇ ਲੋਕ ਲੜ ਰਹੇ ਸਨ ਤਾਂ ਸੰਘੀਂ ਲੋਕਾਂ ਨੂੰ ਡਾਂਗ ਚਲਾਉਣੀ ਸਿਖਾ ਰਹੇ ਸਨ ਅਤੇ ਉਹ ਵੀ ਅੰਗਰੇਜਾਂ ਖਿਲਾਫ ਨਹੀਂ ਆਪਣੇ ਹੀ ਦੇਸ਼ ਦੇ ਭਰਾਵਾਂ ਖਿਲਾਫ। ਰ.ਸ.ਸ. (ਰਾਸ਼ਟਰੀ ਸਵੈਸੇਵਕ ਸੰਘ) ਦੇ ਸੰਸਥਾਪਕ ਸਰਸੰਘਚਾਲਕ ਕੇਸ਼ਵ ਬਲਰਾਮ ਹੇਡਗੇਵਰ, ਦੂਜੇ ਸਰਸੰਘਚਾਲਕ ਐੱਮ.ਐੱਸ ਗੋਲਵਲਕਰ ਅਤੇ ਹਿੰਦੁਤਵ ਦੇ ਪ੍ਰਚਾਰਕ ਵਿਨਾਇਕ ਦਮੋਦਰ ਸਾਵਰਕਰ ਨੇ ਅਜ਼ਾਦੀ ਦੀ ਲੜਾਈ ਤੋਂ ਹਮੇਸ਼ਾਂ ਦੂਰੀ ਬਣਾਈ ਰੱਖੀ। ਇਹੀ ਨਹੀਂ ਜਦੋਂ ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਅੰਗਰੇਜ ਸਰਕਾਰ ਤੋਂ ਇਹ ਮੰਗ ਕਰ ਰਹੇ ਸਨ ਕਿ ਉਹਨਾਂ ਨੂੰ ਫਾਂਸੀ ਨਾਲ਼ ਨਹੀਂ ਸਗੋਂ ਗੋਲੀ ਮਾਰੀ ਜਾਵੇ ਤਾਂ ਸਾਵਰਕਰ ਅੰਗਰੇਜ਼ੀ ਹਕੂਮਤ ਨੂੰ ਮਾਫੀਨਾਮੇ ‘ਤੇ ਮਾਫੀਨਾਮਾ ਲਿਖ ਰਿਹਾ ਸੀ। ਜਦੋਂ ਦੇਸ਼ ਵਿੱਚ ਲੱਖਾਂ ਲੋਕਾਂ ਦੀ ਚੇਤਨਾ ਵਿੱਚ ਅਜ਼ਾਦੀ ਦੀ ਲੜਾਈ ਵਿੱਚ ਸ਼ਰੀਕ ਹੋਣ ਦਾ ਵਿਚਾਰ ਸਭ ਤੋਂ ਅਹਿਮ ਸੀ ਉਸ ਸਮੇਂ ਰ.ਸ.ਸ. ਨੇ ਨਾ ਤਾਂ ਅਜ਼ਾਦੀ ਦੀ ਲਹਿਰ ਵਿੱਚ ਹਿੱਸਾ ਪਾਇਆ ਤੇ ਨਾ ਹੀ ਹਿੱਸਾ ਪਾਉਣ ਦੀ ਇੱਛਾ ਰੱਖਣ ਵਾਲ਼ਿਆਂ ਨੂੰ ਉਤਸ਼ਾਹਿਤ ਕੀਤਾ। ਸੰਘ ਦੇ ਕਾਰਕੁੰਨ ਅਤੇ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਤਾਂ ਬਰਤਾਨਵੀ ਹਕੂਮਤ ਦਾ ਵਿਰੋਧ ਕਰਨ ਵਾਲ਼ਿਆਂ ਦੀ ਮੁਖਬਰੀ ਵਿੱਚ ਸ਼ਾਮਲ ਸਨ। ਸੋਚਣ ਵਾਲ਼ੀ ਗੱਲ ਇਹ ਹੈ ਕਿ ਅੱਜ ਇਹਨਾਂ ਲੋਕਾਂ ਨੂੰ ਦੇਸ਼ ਭਗਤੀ ਦੇ ਸਰਟੀਫਿਕੇਟ ਵੰਡਣ ਦਾ ਠੇਕਾ ਕਿਸਨੇ ਦੇ ਦਿੱਤਾ?

ਰ.ਸ.ਸ. ਦੀ ਅਜ਼ਾਦੀ ਦੇ ਸੰਘਰਸ਼ ਤੋਂ ਗੱਦਾਰੀ ਨੂੰ ਸਮਝਣ ਲਈ ਅਸੀਂ ਇੱਕ ਵਾਰ ਉਹਨਾਂ ਦੇ ਲੀਡਰਾਂ ਦੇ ਲੇਖਾਂ ਅਤੇ ਭਾਸ਼ਣਾਂ ਨੂੰ ਦੇਖੀਏ। ਅਸਹਿਯੋਗ ਅੰਦੋਲਨ (1920-21) ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਇੱਕ ਵੱਡਾ ਅੰਦੋਲਨ ਸੀ ਜਿਸਨੇ ਇੱਕ ਵਾਰ ਦੇਸ਼ ਦੇ ਲੋਕਾਂ ਦੀ ਅਜ਼ਾਦੀ ਦੀ ਇੱਛਾ ਨੂੰ ਅਵਾਜ਼ ਦਿੱਤੀ ਪਰ ‘ਗੁਰੂਜੀ’ ਦੇ ਨਾਂ ਨਾਲ਼ ਜਾਣਿਆ ਜਾਂਦਾ ਸਰਸੰਘਚਾਲਕ ਇਸ ਸੰਘਰਸ਼ ਵਿੱਚ ਸ਼ਾਮਲ ਨੌਜਵਾਨਾਂ ਦੇ ਪੱਖ ਦੀ ਥਾਂ ਅਮਨ-ਕਨੂੰਨ ਦੀ ਚਿੰਤਾ ਜਾਹਿਰ ਕਰਦਾ ਸੀ। ਜਿਵੇਂ ਕੋਈ ਅੰਗਰੇਜ਼ ਅਧਿਕਾਰੀ ਜਾਂ ਹਾਕਮ ਚਿੰਤਾ ਕਰ ਰਿਹਾ ਹੋਵੇ। ਉਸਦਾ ਕਹਿਣਾ ਸੀ:

‘ਸੰਘਰਸ਼ ਦੇ ਨਤੀਜੇ ਮਾੜੇ ਹੀ ਹੁੰਦੇ ਹਨ। 1920-21 ਦੇ ਅੰਦੋਲਨ (ਅਸਹਿਯੋਗ ਅੰਦੋਲਨ) ਤੋਂ ਬਾਅਦ ਮੁੰਡਿਆਂ ਨੇ ਵਿਗੜਣਾ ਸ਼ੁਰੂ ਕੀਤਾ ਹੈ, ਇਹ ਲੀਡਰਾਂ ‘ਤੇ ਚਿੱਕੜ ਉਛਾਲੀ ਦਾ ਯਤਨ ਨਹੀਂ ਹੈ। ਪਰ ਸੰਘਰਸ਼ ਤੋਂ ਬਾਅਦ ਪੈਦਾ ਹੋਣ ਵਾਲ਼ੇ ਇਹ ਜਰੂਰੀ ਨਤੀਜੇ ਹਨ। ਗੱਲ ਇੰਨੀ ਹੀ ਹੈ ਕਿ ਉਹਨਾਂ ਨਤੀਜਿਆਂ ਨੂੰ ਕਾਬੂ ਵਿੱਚ ਰੱਖਣ ਲਈ ਅਸੀਂ ਠੀਕ ਪ੍ਰਬੰਧ ਨਹੀਂ ਕਰ ਸਕੇ। ਲੋਕ ਆਮ ਹੀ ਇਹ ਸੋਚਣ ਲੱਗੇ ਹਨ ਕਿ 1942 ਤੋਂ ਬਾਅਦ ਤਾਂ ਕਨੂੰਨ ਨੂੰ ਵਿਚਾਰਨ ਦੀ ਜਰੂਰਤ ਹੀ ਨਹੀਂ।’ (ਸ਼੍ਰੀ ਗੁਰੂ ਜੀ ਸੰਪੂਰਨ ਦਰਸ਼ਨ, ਹਿੰਦੀ, ਖੰਡ-4, ਪੰਨਾ 41, ਭਾਰਤੀ ਵਿਚਾਰ ਸਾਧਨਾ ਨਾਗਪੁਰ, 1981)

ਗੋਲਵਲਕਰ ਅਨੁਸਾਰ ‘ਸੰਘਰਸ਼ ਦੇ ਨਤੀਜੇ ਬੁਰੇ’ ਹੀ ਹੁੰਦੇ ਹਨ। ਤਾਂ ਕੀ ਭਾਰਤੀ ਲੋਕ ਅਜ਼ਾਦੀ ਲਈ ਸੰਘਰਸ਼ ਨਾ ਕਰਦੇ? ਆਪਣੇ ਉੱਪਰ ਜੁਲਮ ਢਾਹੁਣ ਵਾਲ਼ੇ ਕਨੂੰਨ ਪ੍ਰਤੀ ਭਾਰਤੀ ਨੌਜਵਾਨ ਚੁੱਪ ਬੈਠੇ ਰਹਿੰਦੇ? ਉਹਨਾਂ ਦਾ ਸਨਮਾਨ ਕਰਦੇ? ਅੰਗਰੇਜਾਂ ਦੇ ਕਨੂੰਨ ਅਤੇ ਪ੍ਰਬੰਧਾਂ ਦੀ ਚਿੰਤਾ ਕਰਨ ਵਾਲ਼ੇ ਗੋਲਵਲਕਰ ਘੱਟੋ-ਘੱਟ ਇਹੀ ਰਾਇ ਰੱਖਦੇ ਹਨ। ਗੋਲਵਲਕਰ ਨੇ ਸੰਘ ਦੀ ਅਜ਼ਾਦੀ ਦੀ ਲਹਿਰ ਤੋਂ ਵੱਖ ਰਹਿਣ ਦੀ ਨੀਤੀ ‘ਤੇ ਚਾਲਾਕੀ ਨਾਲ਼ ਅਮਲ ਕੀਤਾ। 1942 ਦੇ ਭਾਰਤ ਛੱਡੋ ਅੰਦੋਲਨ ਦੇ ਸਮੇਂ ਵੀ ਉਸ ਨੇ ਇਹੋ ਰੁਖ ਅਪਣਾਇਆ:

‘1942 ਵਿੱਚ ਵੀ ਕਈਆਂ ਦੇ ਮਨ ਵਿੱਚ ਤਿੱਖਾ ਸੰਘਰਸ਼ ਸੀ। ਉਸ ਸਮੇਂ ਤਾਂ ਵੀ ਸੰਘ ਦਾ ਲਗਾਤਾਰ ਕੰਮ ਚੱਲਦਾ ਰਿਹਾ। ਪ੍ਰਤੱਖ ਰੂਪ ਨਾਲ਼ ਸੰਘ ਨੇ ਕੁਝ ਨਾ ਕਰਨ ਦਾ ਸੰਕਲਪ ਲਿਆ। ਪਰ ਸੰਘ ਦੇ ਸਵੈ-ਸੇਵਕਾਂ ਦੇ ਮਨਾਂ ਵਿੱਚ ਉੱਥਲ-ਪੁੱਥਲ ਚੱਲ ਹੀ ਰਹੀ ਸੀ। ਇਹ ਸੰਘ ਆਲਸੀ ਲੋਕਾਂ ਦੀ ਸੰਸਥਾ ਹੈ, ਇਹਨਾਂ ਦੀਆਂ ਗੱਲਾਂ ਦਾ ਕੋਈ ਮਤਲਬ ਨਹੀਂ, ਅਜਿਹਾ ਸਿਰਫ ਬਾਹਰੀ ਲੋਕਾਂ ਨੇ ਹੀ ਨਹੀਂ, ਕਈ ਆਪਣੇ ਸਵੈ ਸੇਵਕਾਂ ਨੇ ਵੀ ਕਿਹਾ। ਉਹ ਬੜੇ ਰੁੱਸੇ ਵੀ।'(‘ਸ਼੍ਰੀ ਗੁਰੂ ਜੀ ਸੰਪੂਰਨ ਦਰਸ਼ਨ’, ਹਿੰਦੀ, ਖੰਡ-4, ਪੰਨਾਂ 40, ਭਾਰਤੀ ਵਿਚਾਰ ਸਾਧਨਾ, ਨਾਗਪੁਰ,1981)

1942 ਦੇ ਅੰਦੋਲਨ ਸਮੇਂ ਗੋਲਵਲਕਰ ਸੰਘ ਸੰਚਾਲਕ ਸੀ। ਜਦੋਂ ਦੇਸ਼ ਦੇ ਲੋਕਾਂ ਦਾ ਦੇਸ਼ਪ੍ਰੇਮ, ਅਜ਼ਾਦੀ ਦੇ ਸੰਘਰਸ਼ ਵਿੱਚ ਆਪਣਾ ਸਾਰਾ ਕੁਝ ਬਲਿਦਾਨ ਕਰਨ ਦੀ ਤੀਬਰ ਇੱਛਾ ਸੀ। ਲੋਕ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਅਜ਼ਾਦ ਹੋਣ ਲਈ ਲੜ ਰਹੇ ਸਨ ਤਾਂ ਸੰਘ ਨੇ ਕੀ ਕੀਤਾ? ਸੰਘ ਨੇ ਕੁਝ ਨਾ ਕਰਨ ਦਾ ਸੰਕਲਪ ਲਿਆ। ਕਿਉਂਕਿ ਅੰਗਰੇਜ ਭਗਤੀ ਹੀ ਉਹਨਾਂ ਦੀ ਦੇਸ਼ ਭਗਤੀ ਸੀ। 9 ਮਾਰਚ 1960 ਨੂੰ ਇੰਦੌਰ, ਮੱਧ ਪ੍ਰਦੇਸ਼ ਵਿੱਚ ਰ.ਸ.ਸ. ਦੇ ਕਾਰਕੁੰਨਾਂ ਦੀ ਇੱਕ ਬੈਠਕ ਨੂੰ ਸੰਬੋਧਨ ਕਰਦਿਆਂ ਗੋਲਵਲਕਰ ਨੇ ਕਿਹਾ:

“ਰੋਜਾਨਾ ਹਮੇਸ਼ਾਂ ਜੁੜੇ ਰਹਿਣ ਦੇ ਵਿਚਾਰ ਦੀ ਜਰੂਰਤ ਦਾ ਇੱਕ ਹੋਰ ਵੀ ਕਾਰਨ ਹੈ। ਸਮੇਂ-ਸਮੇਂ ਤੇ ਦੇਸ਼ ਵਿੱਚ ਪੈਦਾ ਹੋ ਰਹੀਆਂ ਹਾਲਤਾਂ ਕਾਰਨ ਮਨ ਵਿੱਚ ਬਹੁਤ ਉੱਥਲ-ਪੁੱਥਲ ਹੁੰਦੀ ਹੀ ਰਹਿੰਦੀ ਹੈ। ਸੰਨ 1942 ਵਿੱਚ ਅਜਿਹੀ ਉੱਥਲ-ਪੁੱਥਲ ਹੋਈ ਸੀ। ਉਸ ਤੋਂ ਪਹਿਲਾਂ ਸੰਨ 1930-31 ਵਿੱਚ ਵੀ ਲਹਿਰ ਚੱਲੀ ਸੀ। ਉਸ ਸਮੇਂ ਕਈ ਲੋਕ ਡਾਕਟਰ ਜੀ (ਹੈਡਗੇਵਰ) ਕੋਲ ਗਏ। ਇਹਨਾਂ ‘ਡੈਲੀਗੇਟਾਂ’ ਨੇ ਡਾਕਟਰ ਜੀ ਨੂੰ ਕਿਹਾ ਕਿ ਇਸ ਲਹਿਰ ਨਾਲ਼ ਅਜ਼ਾਦੀ ਮਿਲ ਜਾਵੇਗੀ ਅਤੇ ਸੰਘ ਨੂੰ ਪਿੱਛੇ ਨਹੀਂ ਰਹਿਣ ਚਾਹੀਦਾ। ਉਸ ਸਮੇਂ ਜਦ ਇੱਕ ਸੱਜਣ ਨੇ ਡਾਕਟਰ ਜੀ ਨੂੰ ਕਿਹਾ ਕਿ ਉਹ ਜੇਲ ਜਾਣ ਨੂੰ ਵੀ ਤਿਆਰ ਹੈ, ਤਾਂ ਡਾਕਟਰ ਜੀ ਨੇ ਕਿਹਾ “ਜਰੂਰ ਜਾਉ। ਪਰ ਪਿੱਛੋਂ ਤੁਹਾਡੇ ਪਰਿਵਾਰ ਨੂੰ ਕੌਣ ਚਲਾਵੇਗਾ?” ਉਸ ਸੱਜਣ ਨੇ ਦੱਸਿਆ- ‘ਦੋ ਸਾਲ ਤੱਕ ਸਿਰਫ ਪਰਿਵਾਰ ਚਲਾਉਣ ਲਈ ਹੀ ਨਹੀਂ ਸਗੋਂ ਲੋੜ ਪੈਣ ‘ਤੇ ਜੁਰਮਾਨਾ ਭਰਨ ਦਾ ਲੋੜੀਂਦਾ ਪ੍ਰਬੰਧ ਉਸ ਨੇ ਕਰ ਰੱਖਿਆ ਹੈ।’ ਤਾਂ ਡਾਕਟਰ ਜੀ ਨੇ ਕਿਹਾ, ‘ਜੇ ਤੁਸੀਂ ਪੂਰਾ ਪ੍ਰਬੰਧ ਕਰ ਹੀ ਰੱਖਿਆ ਹੈ ਤਾਂ ਹੁਣ ਦੋ ਸਾਲ ਸੰਘ ਦਾ ਹੀ ਕੰਮ ਕਰਨ ਲਈ ਕੱਢੋ।’ ਘਰੇ ਜਾਣ ਤੋਂ ਬਾਅਦ ਉਹ ਸੱਜਣ ਨਾ ਜੇਲ ਗਏ ਨਾ ਸੰਘ ਦਾ ਕੰਮ ਕਰਨ ਲਈ ਬਾਹਰ ਨਿੱਕਲੇ।” (‘ਸ਼੍ਰੀ ਗੁਰੂ ਜੀ ਸੰਪੂਰਨ ਦਰਸ਼ਨ’, ਹਿੰਦੀ, ਖੰਡ-4, ਪੰਨਾਂ 39-40, ਭਾਰਤੀ ਵਿਚਾਰ ਸਾਧਨਾ, ਨਾਗਪੁਰ, 1981)

ਦਰਅਸਲ ਰ.ਸ.ਸ. ਦੇ ਸੰਸਥਾਪਕ ਹੇਡਗੇਵਰ, ਗੋਲਵਲਕਰ ਜਾਂ ‘ਹਿੰਦੁਤਵ’ ਦੇ ਪ੍ਰਚਾਰਕ ਇਸ ਗਿਰੋਹ ਦਾ ਕੋਈ ਆਗੂ ਹੋਵੇ ਉਸਨੇ ਅੰਗਰੇਜਾਂ ਖਿਲਾਫ ਅਜ਼ਾਦੀ ਦੀ ਲੜਾਈ ਵਿੱਚ ਇੱਕ ਪਾਸੇ ਨਾ ਤਾਂ ਖੁਦ ਭਾਗ ਲਿਆ ਤੇ ਦੂਜੇ ਪਾਸੇ ਉਹਨਾਂ ਨੇ ਆਮ ਭਾਰਤੀਆਂ ਨੂੰ ਵੀ ਜੋ ਉਹਨਾਂ ਦੇ ਸੰਪਰਕ ਵਿੱਚ ਸੀ ਆਪਣੀ ਪਾਸਿਉਂ ਪੂਰੀ ਕੋਸ਼ਿਸ਼ ਕੀਤੀ ਕਿ ਉਹ ਅੰਗਰੇਜਾਂ ਖਿਲਾਫ ਅਜ਼ਾਦੀ ਦੀ ਲੜਾਈ ਵਿੱਚ ਸ਼ਰੀਕ ਨਾ ਹੋਣ। ਹੈਡਗੇਵਰ ਨੇ ਇੱਕ ਵਾਰ ਸੰਘ ਵੱਲੋਂ ਨਹੀਂ ਪਰ ਨਿੱਜੀ ਤੌਰ ‘ਤੇ ਨਮਕ ਸੱਤਿਆਗ੍ਰਹਿ ਵਿੱਚ ਭਾਗ ਲਿਆ, ਪਰ ਇਸ ਤੋਂ ਬਾਅਦ ਉਸਨੇ ਅਜ਼ਾਦੀ ਲਈ ਚੱਲ ਰਹੇ ਕਿਸੇ ਵੀ ਸੰਘਰਸ਼ ਵਿੱਚ ਭਾਗ ਨਹੀਂ ਲਿਆ। ਗੋਲਵਲਕਰ ਅੰਗਰੇਜ ਸ਼ਾਸਕਾਂ ਨੂੰ ਜੇਤੂ ਮੰਨਦਾ ਸੀ ਅਤੇ ਉਸ ਦੇ ਨਜ਼ਰੀਏ ਮੁਤਾਬਕ ਜੇਤੂਆਂ ਦਾ ਵਿਰੋਧ ਨਾ ਕਰਕੇ ਉਹਨਾਂ ਨਾਲ਼ ਅਪਣੱਤ ਬਣਾ ਕੇ ਰੱਖਣੀ ਚਾਹੀਦੀ ਹੈ।

“ਇੱਕ ਵਾਰ ਇੱਕ ਨਾਮੀ ਬਜ਼ੁਰਗ ਆਪਣੀ ਸ਼ਾਖਾ ਵਿੱਚ ਆਏ। ਉਹ ਸੰਘ ਦੇ ਸਵੈ-ਸੇਵਕਾਂ ਲਈ ਇੱਕ ਨਵਾਂ ਸੁਨੇਹਾ ਲੈ ਕੇ ਆਏ ਸਨ। ਉਹਨਾਂ ਨੂੰ ਸ਼ਾਖਾ ਦੇ ਸਵੈ-ਸੇਵਕਾਂ ਸਾਹਮਣਾ ਬੋਲਣ ਦਾ ਮੌਕਾ ਦਿੱਤਾ ਤਾਂ ਬਹੁਤ ਹੀ ਸੰਜੀਦਾ ਸੁਰ ਵਿੱਚ ਬੋਲੇ- ‘ਹੁਣ ਸਿਰਫ ਇੱਕੋ ਕੰਮ ਕਰੋ। ਅੰਗਰੇਜਾਂ ਨੂੰ ਫੜੋ ਤੇ ਕੁੱਟ-ਕੁੱਟ ਕੇ ਬਾਹਰ ਕੱਢੋ। ਇਸ ਤੋਂ ਬਾਅਦ ਫੇਰ ਦੇਖਿਆ ਜਾਵੇਗਾ।’ ਇੰਨਾ ਹੀ ਕਹਿਕੇ ਬਹਿ ਗਏ। ਇਸ ਵਿਚਾਰਧਾਰਾ ਪਿੱਛੇ ਹੈ- ਰਾਜਸੱਤਾ ਵਿਰੁੱਧ ਨਫਰਤ ਅਤੇ ਗੁੱਸੇ ਦੀ ਭਾਵਨਾ ਅਤੇ ਬੇਹੱਦ ਪਿਛਾਖੜੀ ਰੁਝਾਨ ਹੈ। ਅੱਜ ਦੀ ਸਿਆਸੀ ਭਾਵਨਾ ਦਾ ਇਹੀ ਦੋਸ਼ ਹੈ ਕਿ ਉਸਦਾ ਅਧਾਰ ਹੈ ਪ੍ਰਤੀਕਿਰਿਆ, ਨਫਰਤ ਅਤੇ ਗੁੱਸਾ ਅਤੇ ਅਪਣੱਤ ਛੱਡਕੇ ਜੇਤੂਆਂ ਦਾ ਵਿਰੋਧ।” (‘ਸ਼੍ਰੀ ਗੁਰੂ ਜੀ ਸੰਪੂਰਨ ਦਰਸ਼ਨ’, ਹਿੰਦੀ, ਖੰਡ-4, ਪੰਨਾਂ 109-110, ਭਾਰਤੀ ਵਿਚਾਰ ਸਾਧਨਾ, ਨਾਗਪੁਰ, 1981)

ਗੋਲਵਲਕਰ ਦੀ ਨਿਗਾਂ ਵਿੱਚ, ਜੋ ਕਿ ਰ.ਸ.ਸ. ਦੇ ‘ਦਾਰਸ਼ਨਿਕ-ਗੁਰੂ’ ਵਾਂਗ ਮੰਨੇ ਜਾਂਦੇ ਹਨ, ਬਰਤਾਨਵੀ ਹਕੂਮਤ ਪ੍ਰਤੀ ਭਾਰਤੀ ਲੋਕਾਂ ਦਾ ਮਨ ਵਿੱਚ ਨਫਰਤ ਰੱਖਣਾ ਠੀਕ ਨਹੀਂ ਹੈ!! ਇਹ ਸੱਜਣ ਨਾ ਹੀ ਉਹਨਾਂ ਦਾ ਵਿਰੋਧ ਕਰਨ ਨੂੰ ਕਹਿੰਦੇ ਹਨ, ਤਾਂ ਕੀ ਆਪਣੇ ਉੱਤੇ ਜਬਰ-ਜੁਲਮ ਕਰਨ ਵਾਲੀ ਅੰਗਰੇਜ਼ੀ ਸੱਤਾ ਨਾਲ਼ ਭਾਰਤ ਦੇ ਲੋਕ ਪਿਆਰ ਕਰਦੇ, ਉਹਨਾਂ ਨੂੰ ਗਲੇ ਲਾਉਂਦੇ?

ਅਜ਼ਾਦੀ ਦੀ ਲੜਾਈ ਦੌਰਾਨ ਜਦ ਰ.ਸ.ਸ. ਨੇ ਲਗਾਤਾਰ ਲੋਕਾਂ ਨੂੰ ਅਜ਼ਾਦੀ ਦੀ ਲੜਾਈ ਤੋਂ ਦੂਰ ਰਹਿਣ ਅਤੇ ਖੁਦ ਸੰਘਰਸ਼ ਵਿੱਚ ਭਾਗ ਨਾ ਲੈਣ ਦਾ ਫੈਸਲਾ ਕੀਤਾ ਉਸੇ ਸਮੇਂ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਦੇਸ਼ ਦੇ ਨੌਜਵਾਨਾਂ ਨੂੰ ਅਜ਼ਾਦੀ ਦੇ ਲਈ ਅਲ਼ਖ ਜਗਾਉਣ ਅਤੇ ਇਨਕਲਾਬ ਦਾ ਸੁਨੇਹਾ ਦੇਸ਼ ਦੇ ਹਰ ਕੋਨੇ ਤੱਕ ਪਹੁੰਚਾਉਣ ਦੀ ਅਪੀਲ ਕਰ ਰਹੇ ਸਨ।

ਹਿੰਦੁਤਵ ਦੇ ਪ੍ਰਚਾਰਕ ਅਤੇ ਰ.ਸ.ਸ. ਦੇ ਕਰੀਬੀ ਸੰਘ ਭਾਜਪਾ ਗਿਰੋਹ ਦਾ ਪੂਜਨੀਕ ਸਾਵਰਕਰ ਅੰਗਰੇਜਾਂ ਨੂੰ ਮਾਫੀਨਾਮੇ ‘ਤੇ ਮਾਫੀਨਾਮਾ ਲਿਖ ਰਿਹਾ ਸੀ। ਭਗਤ ਸਿੰਘ ਅਤੇ ਬੁਟਕੇਸ਼ਵਰ ਦੱਤ ਨੇ ਜੇਲ ਤੋਂ ਨੌਜਵਾਨਾਂ ਦੇ ਨਾਮ ਇੱਕ ਸੁਨੇਹਾ ਭੇਜਿਆ ਜੋ 19 ਅਕਤੂਬਰ 1929 ਨੂੰ ਪੰਜਾਬ ਸਟੂਡੈਂਟ ਯੂਨੀਅਨ ਦੇ ਦੂਜੇ ਸ਼ੈਸ਼ਨ ਵਿੱਚ ਪੜਕੇ ਸੁਣਾਇਆ ਗਿਆ, ਜਿਸਦੀ ਅਗਵਾਈ ਨੇਤਾ ਜੀ ਸੁਭਾਸ਼ ਚੰਦਰ ਬੋਸ ਕਰ ਰਹੇ ਸਨ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ:

“ਨੌਜਵਾਨਾਂ ਨੇ ਇਨਕਲਾਬ ਦਾ ਇਹ ਸੁਨੇਹਾ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਹੈ, ਫੈਕਟਰੀਆਂ, ਕਾਰਖਾਨਿਆਂ ਵਿੱਚ, ਗੰਦੀਆਂ ਬਸਤੀਆਂ ਅਤੇ ਪਿੰਡਾਂ ਦੀਆਂ ਗੰਦੀਆਂ ਝੌਂਪੜੀਆਂ ਵਿੱਚ ਰਹਿਣ ਵਾਲ਼ੇ ਕਰੋੜਾਂ ਲੋਕਾਂ ਵਿੱਚ ਇਸ ਇਨਕਲਾਬ ਦੀ ਅਲਖ ਜਗਾਉਣੀ ਹੈ ਜਿਸ ਨਾਲ਼ ਅਜ਼ਾਦੀ ਆਵੇਗੀ ਅਤੇ ਉਦੋਂ ਹੀ ਮਨੁੱਖ ਦੁਆਰਾ ਮਨੁੱਖ ਦੀ ਲੁੱਟ ਅਸੰਭਵ ਹੋ ਜਾਵੇਗੀ।”(‘ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਸੰਪੂਰਨ ਉਪਲਬਧ ਦਸਤਾਵੇਜ’, ਹਿੰਦੀ, ਸੰ-ਸੱਤਿਅਮ, ਪੰਨਾ-359)

ਅੱਜ ਇਹੋ ਸੰਘ ਭਾਜਪਾ ਲਾਣਾ ਇੱਕ ਪਾਸੇ ਲੋਕਾਂ ਨੂੰ ਦੇਸ਼ਪ੍ਰੇਮ ਦਾ ਸਰਟੀਫਿਕੇਟ ਦੇ ਰਿਹਾ ਹੈ ਉਹੀ ਦੂਜੇ ਪਾਸੇ ਦੇਸ਼ ਦੇ ਸੱਚੇ ਸ਼ਹੀਦਾਂ ਦੇ ਵਿਚਾਰਾਂ ਨੂੰ ਲੋਕਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਖੁਦ ਨੂੰ ਸਭ ਤੋਂ ਵੱਡਾ ‘ਰਾਸ਼ਟਰਵਾਦੀ’ ਦੱਸ ਰਿਹਾ ਹੈ। ਦੇਸ਼ ਦੇ ਆਮ ਲੋਕ ਇੰਨੇ ਮੂਰਖ ਨਹੀਂ ਹਨ। ਦੇਸ਼ ਦੇ ਨੌਜਵਾਨ ਇਸ ਸੰਘ ਵੱਲੋਂ ਬੋਲੇ ਜਾਣ ਵਾਲ਼ੇ ਝੂਠਾਂ ਤੇ ਕਦੇ ਯਕੀਨ ਨਹੀਂ ਕਰਨਗੇ।

ਅਜ਼ਾਦੀ ਦੇ ਸ਼ਹੀਦਾਂ ਦਾ ਨਿਰਾਦਰ:

ਅੱਜ ਪੂਰੇ ਦੇਸ਼ ਵਿੱਚ ਕੱਛਾਂ ਵਜਾਉਂਦੇ ਹੋਏ ਬੇਵਕੂਫੀ ਭਰੀਆਂ ਗੱਲਾਂ ਕਰਨਾ, ਸਭਾਵਾਂ ਵਿੱਚ ਭੜਕਾਊ ਭਾਸ਼ਣ ਦੇਣਾ ਰ.ਸ.ਸ. ਤੇ ਭਾਜਪਾ ਦਾ ਸਭ ਤੋਂ ਪਿਆਰਾ ਕੰਮ ਬਣ ਗਿਆ ਹੈ। ਦੇਸ਼ ਦੇ ਆਮ ਲੋਕਾਂ ਦੀ ਸਿੱਖਿਆ, ਸਿਹਤ, ਰਿਹਾਇਸ਼ ਅਤੇ ਮਹਿੰਗਾਈ ਦੇ ਮੁੱਦਿਆਂ ਨੂੰ ਛੱਡ ਕੇ ਪਤਾ ਨਹੀਂ ਇਹ ਕਿਹੜੇ ਵਿਕਾਸ ਦਾ ਤੋਤਾ ਰਟਦੇ ਰਹਿੰਦੇ ਹਨ। ਅੱਜ ਇਹ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਅਤੇ ਜਨਮ ਦਿਨ ਇਸ ਲਈ ਮਨਾਉਂਦੇ ਨੇ ਤਾਂ ਕਿ ਲੋਕਾਂ ਦੇ ਅੱਖੀਂ ਘੱਟਾ ਪਾ ਸਕਣ। ਪਰ ਕੀ ਕਦੇ ਸੱਚੀਂ ਸ਼ਹੀਦਾਂ ਦੀ ਇੱਜ਼ਤ ਕੀਤੀ ਹੈ? ਕੀ ਜਦੋਂ ਸਾਰੇ ਇਨਕਲਾਬੀ ਜ਼ੇਲਾਂ ਦੀਆਂ ਕੋਠੜੀਆਂ ‘ਚ ਕੋਹੜੇ ਖਾ ਰਹੇ ਸਨ ਦੇਸ਼ ਦੀ ਅਜ਼ਾਦੀ ਲਈ ਫਾਂਸੀ ਦਾ ਰੱਸਾ ਚੁੰਮ ਰਹੇ ਸਨ, ਤਾਂ ਸੰਘੀ ਬਹਾਦਰਾਂ ਨੇ ਕਦੇ ਉਹਨਾਂ ਦਾ ਸਨਮਾਨ ਕੀਤਾ, ਕਦੇ ਵੀ ਉਹਨਾਂ ਦਾ ਸਾਥ ਦਿੱਤਾ? ਇਸਦਾ ਸਪੱਸ਼ਟ ਉੱਤਰ ਹੈ, ਨਹੀਂ! ਸੰਘ ਦੀ ਪੂਰਾ ਜਥੇਬੰਦੀ ਅਤੇ ਸੋਚ ਝੂਠ ਅਤੇ ਕੂੜ ਪ੍ਰਚਾਰ ਦੀ ਪੰਡ ਹੈ। ਭਗਤ ਸਿੰਘ, ਰਾਜਗੁਰੂ, ਅਸ਼ਫਾਕ ਉੱਲਾ, ਰਾਮਪ੍ਰਸਾਦ ‘ਬਿਸਮਿਲ’ ਦੀ ਜੋ ਸ਼ਹਾਦਤ ਅੱਜ ਵੀ ਦੇਸ਼ ਦੇ ਹਰ ਇੱਕ ਇਨਸਾਨ ਲਈ ਦੇਸ਼ ਭਗਤੀ ਦਾ ਇੱਕ ਆਦਰਸ਼ ਹੈ, ਦੇਖੋ ਗੋਲਵਲਕਰ ਉਸ ਬਾਰੇ ਕੀ ਕਹਿੰਦਾ ਹੈ:
‘ਸਾਡੀ ਭਾਰਤੀ ਸੱਭਿਅਤਾ ਨੂੰ ਛੱਡ ਕੇ ਹੋਰ ਸਾਰੀਆਂ ਸੱਭਿਅਤਾਵਾਂ ਨੇ ਅਜਿਹੀਆਂ ਕੁਰਬਾਨੀਆਂ ਦੀ ਸ਼ਲਾਘਾ ਕੀਤੀ ਅਤੇ ਉਸਨੂੰ ਆਦਰਸ਼ ਮੰਨਿਆਂ ਅਤੇ ਇੰਝ ਸਾਰੇ ਕੁਰਬਾਨੀ ਦੇਣ ਵਾਲਿਆਂ ਨੂੰ ਰਾਸ਼ਟਰੀ ਨਾਇਕ ਦੇ ਰੂਪ ਵਿੱਚ ਪ੍ਰਵਾਨ ਕੀਤਾ ਪਰ ਅਸੀਂ ਭਾਰਤੀ ਸੰਸਕਾਰਾਂ ਵਿੱਚ ਇਸ ਕੁਰਬਾਨੀ ਨੂੰ ਸਰਵਉੱਚ ਆਦਰਸ਼ ਨਹੀਂ ਮੰਨਦੇ।’ (ਗੋਲਵਲਕਰ,’ਵਿਚਾਰ ਨਵਨੀਤ’, ਪੰਨਾ-280-281)

ਜਿਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਆਪਣੇ ਦਿਲ ਵਿੱਚ ਦੇਸ਼ ਦਾ ਹਰ ਬੱਚਾ ਰੱਖਦਾ ਹੋਵੇ ਉਸਨੂੰ ਘੱਟ ਦੱਸ ਕੇ ਗੋਲਵਲਕਰ ਕਿਹੜੇ ਭਾਰਤੀ ਸੰਸਕਾਰਾਂ ਦੀ ਗੱਲ ਕਰ ਰਿਹਾ ਹੈ। ਦਰਅਸਲ ਰ.ਸ.ਸ. ਅਤੇ ਉਸਦੇ ਨੇਤਾਵਾਂ ਦੀ ਸੱਭਿਅਤਾ ਹੈ ਕੱਟੜਤਾ ਅਤੇ ਨਫਰਤ ਫੈਲਾਉਣਾ, ਲੋਕਾਂ ਨੂੰ ਹਿੰਦੂ-ਮੁਸਲਮਾਨ ਦੇ ਨਾਮ ਤੇ ਵੰਡਣਾ, ਨਹੀ ਤਾਂ ਜੋ ਇਨਕਲਾਬੀ ਲੋਕਾਂ ਦੇ ਦਿਲਾਂ ਨੂੰ ਬੇਇਨਸਾਫੀ ਨਾਲ਼ ਲੜਣ ਲਈ ਪ੍ਰੇਰਿਤ ਕਰਦੇ ਹੋਣ ਉਹਨਾਂ ਬਾਰੇ ਇੰਝ ਸੋਚਣਾ ਕੀ ਸਾਬਿਤ ਕਰਦਾ ਹੈ। ਗੋਲਵਲਕਰ ਨੇ ਜਿੱਥੇ ਅੰਗਰੇਜਾਂ ਨੂੰ ‘ਜੇਤੂ’ ਕਹਿਕੇ ਸਨਮਾਨ ਨਾਲ਼ ਦੇਖਣ ਦੀ ਗੱਲ ਕਹੀ ਉੱਥੇ ਹੀ ਉਸਨੇ ਇਨਕਲਾਬੀ ਸ਼ਹੀਦਾਂ ਨੂੰ ਅਸਫਲ ਵਿਅਕਤੀਆਂ ਦੇ ਰੂਪ ਵਿੱਚ ਦੇਖਿਆ ਅਤੇ ਉਹਨਾਂ ਦੀ ਕੁਰਬਾਨੀ ਨੂੰ ਮਹਾਨ ਨਹੀਂ ਕਿਹਾ। ਸ਼ਹਾਦਤ ਦੀ ਪੂਰੀ ਪ੍ਰੰਪਰਾ ਦੀ ਨਿੰਦਿਆਂ ਕਰਦਾ ਹੋਇਆ ਉਹ ਕਹਿੰਦਾ ਹੈ:

‘ਬੇਸ਼ੱਕ ਅਜਿਹੇ ਲੋਕ ਜੋ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੇ ਹਨ, ਮਹਾਨ ਲੋਕ ਹਨ ਅਤੇ ਉਹਨਾਂ ਦਾ ਜੀਵਨ ਦਾ ਨਜਰੀਆ ਮੁੱਖ ਤੌਰ ‘ਤੇ ਹੈ। ਉਹ ਆਮ ਲੋਕਾਂ ਨਾਲ਼ੋਂ, ਜੋ ਚੁੱਪਚਾਪ ਕਿਸਮਤ ਅੱਗੇ ਸਮਰਪਿਤ ਕਰ ਦਿੰਦੇ ਹਨ ਅਤੇ ਡਰਪੋਕ ਅਤੇ ਆਲਸੀ ਬਣੇ ਰਹਿੰਦੇ ਹਨ, ਬਹੁਤ ਉੱਚੇ ਹਨ। ਫਿਰ ਵੀ ਅਸੀਂ ਅਜਿਹੇ ਲੋਕਾਂ ਨੂੰ ਸਮਾਜ ਦੇ ਸਾਹਮਣੇ ਆਦਰਸ਼ ਦੇ ਰੂਪ ਵਿੱਚ ਨਹੀਂ ਰੱਖਿਆ। ਅਸੀਂ ਕੁਰਬਾਨੀ ਨੂੰ ਮਹਾਨਤਾ ਦਾ ਸਰਵਉੱਚ ਨੁਕਤਾ, ਜਿਸਦੀ ਮਨੁੱਖ ਇੱਛਾ ਕਰੇ, ਨਹੀਂ ਮੰਨਿਆ ਹੈ। ਕਿਉਂਕਿ ਉਹ ਆਖਰ ਆਪਣਾ ਉਦੇਸ਼ ਪ੍ਰਾਪਤ ਕਰਨ ਵਿੱਚ ਅਸਫਲ ਹੋਏ ਹਨ ਅਤੇ ਅਸਫਲਤਾ ਦਾ ਅਰਥ ਹੈ ਕਿ ਉਹਨਾਂ ਵਿੱਚ ਕੋਈ ਗੰਭੀਰ ਗਲਤੀ ਸੀ।’ (ਐੱਮ.ਐੱਸ ਗੋਲਵਲਕਰ, ਵਿਚਾਰ ਨਵਨੀਤ, ਜੈਪੁਰ, ਪੰਨਾਂ-281)

ਗੋਲਵਲਕਰ ਲਈ ਮਹਾਨ ਆਦਰਸ਼ ਦਾ ਮਤਲਬ ਹੈ ਸਾਵਰਕਰ ਵਰਗੇ ਲੋਕ, ਜੋ ਅੰਗਰੇਜਾਂ ਖਿਲਾਫ ਮਾਫੀਨਾਮੇ ਲਿਖਦੇ ਹਨ ਅਤੇ ਲੋਕਾਂ ਵਿੱਚ ਹਿੰਦੂ ਫਿਰਕਾਪ੍ਰਸਤੀ ਦਾ ਜ਼ਹਿਰ ਘੋਲਦੇ ਸਨ। ਜਦ ਅੰਗ੍ਰੇਜ਼ੀ ਹਕੂਮਤ ਦੇ ਖਿਲਾਫ ਲੋਕ ਲੜ ਰਹੇ ਸਨ ਤਾਂ ਸਰਕਾਰ ਲੋਕਾਂ ਨੂੰ ਫੜਕੇ ਜੇਲ ਵਿੱਚ ਕਰ ਦਿੰਦੀ ਸੀ। ਗੋਲੀਆਂ ਨਾਲ਼ ਭੁੰਨ ਦਿੰਦੀ ਸੀ, ਫਾਂਸੀ ਤੇ ਚੜਾ ਦਿੰਦੀ ਸੀ। ਉਸ ਸਮੇਂ ਅੰਗਰੇਜ਼ੀ ਹਕੂਮਤ ਖਿਲਾਫ ਲੜਣਾ ਸਾਹਸ ਅਤੇ ਜੋਖਿਮ ਬੇਸ਼ੱਕ ਸੀ। ਅਤੇ ਜਿੰਨਾਂ ਦੇ ਦਿਲ਼ਾਂ ਵਿੱਚ ਦੇਸ਼ ਲਈ ਪਿਆਰ ਸੀ ਉਹਨਾਂ ਨੇ ਜਿੰਦਗੀ ਦਾ ਖਤਰਾ ਮੁੱਲ ਲਿਆ। ਪਰ ਇਹਨਾਂ ਸਭ ਨੂੰ ਰ.ਸ.ਸ. ਘ੍ਰਿਣਾ ਨਾਲ਼ ਵੇਖਦੀ ਹੈ। ਜੇਲ ਜਾਣਾ ਉਸ ਲਈ ਠੀਕ ਨਹੀਂ ਸੀ ਅਤੇ ਉਸ ਸਮੇਂ ਉਹ ਲੋਕਾਂ ਨੂੰ ਲੰਮਾਂ ਜੀਵਨ ਜਿਉਣ ਦਾ ਉਪਦੇਸ਼ ਦੇ ਰਿਹਾ ਸੀ। ਹੇਡਗੇਵਰ ਦੀ ਜੀਵਨੀ ਅਨੁਸਾਰ:

‘ਦੇਸ਼ਭਗਤੀ ਦਾ ਮਤਲਬ ਸਿਰਫ ਜੇਲ ਜਾਣਾ ਨਹੀਂ ਹੈ। ਇਸ ਤਰਾਂ ਦੀ ਦਿਖਾਵਟੀ ਦੇਸ਼ ਭਗਤੀ ਵਿੱਚ ਵਹਿ ਜਾਣਾ ਸਹੀ ਨਹੀਂ ਹੈ। ਉਹ (ਹੇਡਗੇਵਰ) ਅਕਸਰ ਇਹ ਕਿਹਾ ਕਰਦੇ ਸਨ ਕਿ ਸਮਾਂ ਆਉਣ ਤੇ ਦੇਸ਼ ਦੇ ਲਈ ਮਰਨ ਦੇ ਲਈ ਹਮੇਸ਼ਾਂ ਤਿਆਰ ਰਹਿਣ ਦੇ ਨਾਲ਼ ਨਾਲ਼ ਦੇਸ਼ ਦੀ ਅਜ਼ਾਦੀ ਦੇ ਲਈ ਜੱਥੇਬੰਦ ਹੁੰਦੇ ਹੋਏ ਜਿਉਂਦੇ ਰਹਿਣਾ ਵੀ ਬਹੁਤ ਜਰੂਰੀ ਹੈ’ (ਸੀ.ਪੀ ਬਿਜਕਰ, ‘ਸੰਘ ਦਰੱਖਤ ਦਾ ਬੀਜ਼: ਡਾ ਕੇਸ਼ਵ ਰਾਵ ਹੇਡਗੇਵਰ’, ਪੰਨਾ-21, ਸੁਰੂਚੀ, ਦਿੱਲੀ, 1994)

ਤੇ ਹੇਡਗੇਵਰ ਅਤੇ ਗੋਲਵਲਕਰ ਦਾ ਮਤਲਬ ਜਿਸ ਜਥੇਬੰਦ ਹੋਣ ਤੋਂ ਸੀ ਉਹ ਸੀ ਸੰਘ ਜਿਸ ਨੇ ਅਜ਼ਾਦੀ ਦੀ ਲੜਾਈ ਵਿੱਚ ਸ਼ਮੂਲੀਅਤ ਤੋਂ ਦੂਰ ਰਹਿੰਦੇ ਹੋਏ ਜਿਉਂਦੇ ਰਹਿਣਾ ਅਤੇ ਮਾਫੀਨਾਮੇ ਲਿਖਣ ਵਿੱਚ ਆਪਣੀ ਭੂਮਿਕਾ ਨਿਭਾਈ।

ਮਾਫੀਨਾਮੇ ਅਤੇ ਮੁਖਬਰੀ ਦਾ ਇਤਿਹਾਸ:

ਅਜ਼ਾਦੀ ਦੀ ਪੂਰੀ ਲੜਾਈ ਵਿੱਚ ਸੰਘ ਦੇ ਲੋਕਾਂ ਦਾ ਇਤਿਹਾਸ ਅੰਗਰੇਜਾਂ ਨੂੰ ਮਾਫੀਨਾਮੇ ਦੇਣ ਅਤੇ ਇਨਕਲਾਬੀਆਂ ਦੀ ਮੁਖਬਰੀ ਕਰਨ ਦਾ ਰਿਹਾ ਹੈ। ਜਦੋਂ ਅਜ਼ਾਦੀ ਦੇ ਸਮੇਂ ਤਮਾਮ ਲੋਕ ਆਪਣੀ ਜਾਨ ਦੀ ਬਾਜ਼ੀ ਲਾ ਕੇ ਲੜ ਰਹੇ ਸਨ ਤਾਂ ਅੰਗਰੇਜਾਂ ਦੀ ਕੁੱਟ ਤੋਂ ਘਬਰਾਇਆ ਸਾਵਰਕਰ (ਜਿਸਨੂੰ ਸੰਘ ਵੀਰ ਸਾਵਰਕਰ ਕਹਿੰਦਾ ਹੈ!!?) ਅੰਡੇਮਾਨ ਦੀ ਜੇਲ ਤੋਂ ਮਾਫੀਨਾਮੇ ਤੇ ਮਾਫੀਨਾਮਾ ਲਿਖ ਰਿਹਾ ਸੀ। ਜੇਲ ਵਿੱਚ ਰਹਿੰਦਿਆਂ ਸਾਵਰਕਰ ਨੇ ਇੱਕ ਨਹੀਂ ਚਾਰ-ਚਾਰ ਮਾਫੀਨਾਮੇ ਲਿਖੇ। ਅੰਡੇਮਾਨ ਜੇਲ ਵਿੱਚ ਆਉਣ ਤੋਂ ਬਾਅਦ 30 ਅਗਸਤ 1911 ਨੂੰ ਸਾਵਰਕਰ ਨੇ ਆਪਣੀ ਪਹਿਲੀ ਰਹਿਮ ਦੀ ਅਪੀਲ ਪਾਈ ਜਿਸ ਨੂੰ ਖਾਰਿਜ ਕਰ ਦਿੱਤਾ ਗਿਆ। ਸਾਵਰਕਰ ਨੇ ਆਪਣਾ ਦੂਜਾ ਮਾਫੀਨਾਮਾ 14 ਨਵੰਬਰ 1913 ਨੂੰ ਲਿਖਿਆ। ਗਵਰਨਰ ਜਨਰਲ ਕਾਊਂਸਲ ਨੇ ਗ੍ਰਹਿ ਮੈਂਬਰ ਨੂੰ ਲਿਖੇ ਆਪਣੇ ਮਾਫੀਨਾਮੇ ਵਿੱਚ ਭਾਰਤੀ ਦੀ ਅਜ਼ਾਦੀ ਦੀ ਲਹਿਰ ਦੇ ਸਨਮਾਨ ਦੀ ਭੋਰਾ ਵੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਨਿੱਜੀ ਜੀਵਨ ਲਈ ਬ੍ਰਿਟਿਸ਼ ਹਕੂਮਤ ਲਈ ਕੁਝ ਵੀ ਕਰਨ ਨੂੰ ਤਿਆਰ ਸੀ। ਉਹਨੇ ਕਿਹਾ ਕਿ:

‘ਜੇਲ ਵਿੱਚ ਮੇਰਾ ਸੁਭਾਅ ਹਮੇਸ਼ਾ ਅਸਾਧਾਰਨ ਰੂਪ ‘ਚ ਚੰਗਾ ਸੀ ਇਸਦੇ ਬਾਵਜੂਦ ਛੇ ਮਹੀਨੇ ਤੋਂ ਬਾਅਦ ਵੀ ਮੈਨੂੰ ਜੇਲ ਚੋਂ ਬਾਹਰ ਨਹੀਂ ਭੇਜਿਆ ਗਿਆ ਜਦ ਕਿ ਹੋਰ ਮੁਜ਼ਰਮਾਂ ਨੂੰ ਭੇਜਿਆ ਗਿਆ। ਜੇਲ ਵਿੱਚ ਆਉਣ ਦੇ ਦਿਨ ਤੋਂ ਲੈ ਕੇ ਅੱਜ ਤੱਕ ਮੈਂ ਆਪਣੇ ਸੁਭਾਅ ਨੂੰ ਜਿੰਨਾ ਹੋ ਸਕਿਆ ਚੰਗਾ ਬਣਾਉਣ ਦਾ ਯਤਨ ਕੀਤਾ…. ਮੈਂ ਸਰਕਾਰ ਦੀ ਕਿਸੇ ਵੀ ਤਰਾਂ ਦੀ ਸਮਰੱਥਾ (ਬ੍ਰਿਟਿਸ਼ ਸਰਕਾਰ) ਅਨੁਸਾਰ ਸੇਵਾ ਕਰਨ ਨੂੰ ਤਿਆਰ ਹਾਂ ਜਿਵੇਂ ਵੀ ਉਹ ਚਾਹੁਣ । ਮੇਰੇ ਸੁਭਾਅ ਵਿੱਚ ਇਮਾਨਦਾਰੀ ਭਰਪੂਰ ਬਦਲਾਅ ਹੋਇਆ ਹੈ ਤੇ ਮੈਨੂੰ ਆਸ ਹੈ ਕਿ ਭਵਿੱਖ ਵਿੱਚ ਵੀ ਅਜਿਹਾ ਹੀ ਹੋਵੇਗਾ… ਮੈਨੂੰ ਆਸ ਹੈ ਕਿ ਸਤਿਕਾਰਯੋਗ ਸ਼੍ਰੀਮਾਨ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਣਗੇ’

ਇਸਤੋਂ ਬਾਅਦ ਸਾਵਰਕਰ ਨੇ 1917 ਵਿੱਚ ਇੱਕ ਹੋਰ ਮਾਫੀਨਾਮਾ ਭੇਜਿਆ ਸੀ। 30 ਮਾਰਚ 1920 ਨੂੰ ਸਾਵਰਕਰ ਨੇ ਚੌਥਾ ਮਾਫੀਨਾਮਾ ਭੇਜਿਆ ਸੀ ਜਿਸ ਵਿੱਚ ਉਸਨੇ ਕਿਹਾ ਕਿ:

“ਨਾ ਤਾਂ ਮੈਨੂੰ ਅਤੇ ਨਾ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਸਰਕਾਰ ਤੋਂ ਕੋਈ ਸ਼ਿਕਾਇਤ ਹੈ….. ਨਾ ਹੀ ਮੇਰੇ ਪਰਿਵਾਰ ‘ਤੇ 1890 ਤੋਂ ਹੁਣ ਤੱਕ ਕੋਈ ਦੋਸ਼ ਲੱਗਾ ਹੈ….”

ਨਾਲ਼ ਹੀ ਸਾਵਰਕਰ ਨੇ ਆਪਣੀਆਂ ਸਰਗਰਮੀਆਂ ਨੂੰ, ਜਿਹਨਾਂ ਕਾਰਨ ਉਹਨੂੰ ਜੇਲ ਭੇਜਿਆ ਗਿਆ ਸੀ, ਬੀਤੇ ਦੀਆਂ ਗੱਲਾਂ ਆਖਿਆ ਅਤੇ ਪੂਰੀ ਤਰਾਂ ਬਰਤਾਨਵੀ ਸਰਕਾਰਰ ਦੇ ਕਨੂੰਨ ਅਤੇ ਸੰਵਿਧਾਨ ਪ੍ਰਤੀ ਆਸਥਾ ਜਤਾਈ। ਉਹਨੇ ਕਿਹਾ ਕਿ:

“ਮੇਰਾ ਦ੍ਰਿੜਤਾ ਨਾਲ਼ ਸੰਵਿਧਾਨ ਨਾਲ਼ ਬਣੇ ਰਹਿਣ ਦਾ ਇਰਾਦਾ ਹੈ ਜਿਸਦੀ ਮਾਂਟੇਗਿਊ ਦੁਆਰਾ ਹੁਣੇ ਹੀ ਸ਼ੁਰੂਆਤ ਕੀਤੀ ਗਈ ਹੈ।”
ਸ਼ਾਵਰਕਰ ਨੇ ਇੱਥੋਂ ਤੱਕ ਕਿਹਾ ਕਿ:

“ਜੇ ਸਰਕਾਰ ਸਾਡੇ ਵੱਲੋਂ ਕੋਈ ਵਾਅਦਾ ਚਾਹੁੰਦੀ ਹੈ ਤਾਂ ਮੈਂ ਤੇ ਮੇਰਾ ਭਰਾ ਸਰਕਾਰ ਵੱਲੋਂ ਤੈਅ ਕੀਤੇ ਗਏ ਕਿਸੇ ਵੀ ਮਿੱਥੇ ਸਮੇਂ ‘ਤੇ ਕਿਸੇ ਵੀ ਸਿਆਸੀ ਸਰਗਰਮੀ ਵਿੱਚ ਭਾਗ ਲੈਣ ਲਈ ਖੁਸ਼ੀ ਨਾਲ਼ ਆਪਣੀ ਇੱਛਾ ਜਾਹਿਰ ਕਰਦੇ ਹਾਂ।”

ਇਹ ਹੈ ਸੰਘ-ਭਾਜਪਾ ਦਾ ਵੀਰ ਸਾਵਰਕਰ ਜਿਸ ਨੇ ਆਪਣੀ ਜਿੰਦਗੀ ਨੂੰ ਬਚਾਉਣ ਲਈ ਕਿਸੇ ਵੀ ਤਰਾਂ ਨਾਲ਼ ਬ੍ਰਿਟਿਸ਼ ਸੱਤਾ ਦੇ ਵਿਰੋਧ ਵਿੱਚ ਭਾਗ ਲੈਣੋਂ ਮਨਾ ਕਰ ਦਿੱਤਾ ਸੀ।

ਅਟਲ ਬਿਹਾਰੀ ਵਾਜਪਾਈ ਨੇ ਜੋ ਸੰਘ ਦਾ ਮੈਂਬਰ ਅਤੇ ਭਾਰਤ ਦਾ ਪ੍ਰਧਾਨ ਮੰਤਰੀ ਸੀ ਇੱਕ ਵਾਰ ਕਿਹਾ ਸੀ ਕਿ ਉਸ ਨੇ ਸੰਨ 1942 ਦੇ ਭਾਰਤ ਛੱਡੋ ਅੰਦੋਲਨ ਵਿੱਚ ਭਾਗ ਲਿਆ ਸੀ। ਪਰ ਕਿਸ ਤਰਾਂ ਭਾਗ ਲਿਆ ਸੀ, ਇਸ ਸੰਘਰਸ਼ ਵਿੱਚ ਉਸ ਦੀ ਕੀ ਭੁਮਿਕਾ ਸੀ? ਇਸ ਤੇ ਉਹ ਕੁਝ ਨਾ ਬੋਲਿਆ। ਦਰਅਸਲ 1942 ਦੇ ਭਾਰਤ ਛੱਡੋ ਅੰਦੋਲਨ ਵਿੱਚ ਉਸ ਦੀ ਭੂਮਿਕਾ ਇੱਕ ਮੁਖਬਰ ਦੀ ਸੀ।

ਦਰਅਸਲ ਅਗਸਤ 1942 ਵਿੱਚ ਭੁਜਰਿਆ ਦੇ ਮੇਲੇ ਵਿੱਚ (ਉੱਤਰ ਪ੍ਰਦੇਸ਼) ਇੱਕ ਵੱਡੀ ਗਿਣਤੀ ਵਿੱਚ ਲੋਕ ਆਏ ਹੋਏ ਸਨ ਅਤੇ ਉੱਥੇ ਕੁਝ ਨੌਜਵਾਨਾਂ ਵੱਲੋਂ ਪੁਰਾਣੇ ਨਾਇਕਾਂ ਦੇ ਗੀਤ ਗਾਏ ਗਏ ਅਤੇ ਬਟੇਸ਼ਵਰ ਜੰਗਲਾਤ ਵਿਭਾਗ ਦੇ ਦਫਤਰ ਨੂੰ ਬਰਤਾਨਵੀ ਹਕੂਮਤ ਤੋਂ ਮੁਕਤ ਕਰਾਉਣ ਦਾ ਹੋਕਾ ਦਿੱਤਾ ਗਿਆ। ਇੱਥੋਂ ਮਾਰਚ ਕਰਦਿਆਂ ਭੀੜ ਨੇ ਬਟੇਸ਼ਵਰ ਜਾ ਕੇ ਦਫਤਰ ‘ਤੇ ਹਮਲਾ ਕਰ ਦਿੱਤਾ ਅਤੇ ਤਿਰੰਗਾ ਲਹਿਰਾਇਆ। ਇਸ ਜਲੂਸ ਵਿੱਚ ਅਟਲ ਬਿਹਾਰੀ ਵਾਜਪਾਈ ਅਤੇ ਉਹਨਾਂ ਦੇ ਭਰਾ ਪ੍ਰੇਮ ਬਿਹਾਰੀ ਵੀ ਸ਼ਾਮਲ ਸਨ। ਬਟੇਸ਼ਵਰ ਦੀ ਘਟਨਾ ਵਿੱਚ ਸ਼ਾਮਲ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਕੋਰਟ ਵਿੱਚ ਅਟਲ ਬਿਹਾਰੀ ਵਾਜਪਾਈ ਨੇ ਘਟਨਾ ਵਿੱਚ ਸ਼ਾਮਲ ਕਈ ਲੋਕਾਂ ਦੇ ਨਾਮ ਦੱਸੇ ਜੋ ਕਿ ਉਹ ਲੁਕੋ ਸਕਦਾ ਸੀ। ਉਸਨੇ ਆਪਣੀ ਗਵਾਹੀ ਵਿੱਚ ਕਿਹਾ ਕਿ-

“27 ਅਗਸਤ 1942 ਨੂੰ ਬਟੁਕੇਸ਼ਵਰ ਬਜ਼ਾਰ ਵਿੱਚ ਲਗਭਗ 2 ਵਜੇ ਦਿਨੇ ਪੁਰਾਣੇ ਨਾਇਕਾਂ ਦੇ ਗੀਤ ਗਾਏ ਗਏ। ਕਕੂਆਂ ਉਰਫ ਲੀਲਾਧਰ ਅਤੇ ਮਹੂਅਨ ਵੱਲੋਂ ਗੀਤ ਗਾਏ ਅਤੇ ਭਾਸ਼ਣ ਦਿੱਤਾ ਗਿਆ ਅਤੇ ਇਹਨਾਂ ਨੇ ਹੀ ਲੋਕਾਂ ਨੂੰ ਜੰਗਲਾਤ ਦੇ ਕਨੂੰਨ ਤੋੜਣ ਲਈ ਉਕਸਾਇਆ।”

ਅਟਲ ਬਿਹਾਰੀ ਦੁਆਰਾ ਇਹ ਅਜ਼ਾਦੀ ਦੀ ਜੰਗ ਵਿੱਚ ਉਹਨਾਂ ਲੋਕਾਂ ਖਿਲਾਫ ਦਿੱਤਾ ਗਿਆ ਬਿਆਨ ਸੀ ਜੋ ਲੋਕਾਂ ਨੁੰ ਅੰਗਰੇਜਾਂ ਖਿਲਾਫ ਲੜਣ ਲਈ ਕਹਿ ਰਹੇ ਸਨ। ਸਪੱਸ਼ਟ ਹੈ ਕਿ ਰ.ਸ.ਸ. ਜਿਸ ਦੇਸ਼ ਭਗਤੀ ਦਾ ਦਮ ਭਰਦੀ ਹੈ ਇਤਿਹਾਸ ਦੇ ਤੱਥ ਇਸ ਸਭ ਤੋਂ ਉਲਟ ਉਸਨੂੰ ਅਜ਼ਾਦੀ ਦੀ ਲੜਾਈ ਦਾ ਗੱਦਾਰ ਸਾਬਿਤ ਕਰਦੇ ਹਨ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 9, 16 ਤੋਂ 30 ਜੂਨ 2017 ਵਿੱਚ ਪ੍ਰਕਾਸ਼ਿਤ