ਰਾਮ ਮੰਦਰ ਉਸਾਰੀ ਬਹਾਨੇ ਫਿਰਕੂ ਤਣਾਅ ਪੈਦਾ ਕਰਨ ਦੀਆਂ ਸਾਜਿਸ਼ਾਂ ਤੇਜ਼ •ਰਣਬੀਰ

7

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

6 ਦਸੰਬਰ ਨੂੰ ਬਾਬਰੀ ਮਸਜਿਦ ਡੇਗੇ ਜਾਣ ਦੇ 23 ਸਾਲਾਂ ਬਾਅਦ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਹੋਰ ਹਿੰਦੂਤਵੀ ਕੱਟੜਪੰਥੀ ਫਿਰਕੂ ਜੱਥੇਬੰਦੀਆਂ ਨੇ ”ਬਹਾਦਰੀ ਦਿਵਸ” ਦੇ ਰੂਪ ਵਿੱਚ ਮਨਾਇਆ ਹੈ । ਉੱਥੇ ਹੀ ਮੁਸਲਿਮ ਕੱਟੜਪੰਥੀਆਂ ਨੇ ਇਸ ਮੁੱਦੇ ਨੂੰ ਆਪਣੇ ਸੌੜੇ ਫਿਰਕੂ ਹਿੱਤਾਂ ਦੇ ਪੱਖ ਵਿੱਚ ਭੁਗਤਾਉਣ ਲਈ ਜਲਸੇ-ਜਲੂਸ ਕੀਤੇ। ਧਰਮ-ਨਿਰਪੱਖ ਤਾਕਤਾਂ ਨੇ ਦੋਨਾਂ ਹੀ ਫਿਰਕੂ ਤਾਕਤਾਂ ਤੋਂ ਵੱਖਰੇ ਪੈਂਤੜੇ ਤੋਂ ਲੋਕਾਂ ਵਿੱਚ ਆਪਸੀ ਸਦਭਾਵਨਾ ਕਾਇਮ ਕਰਨ ਲਈ ਤੇ ਫਿਰਕੂ ਤਾਕਤਾਂ ਵਿਰੁੱਧ ਲੋਕਾਂ ਨੂੰ ਸੁਚੇਤ ਕਰਨ ਲਈ ਇਸ ਦਿਨ ਨੂੰ ਫਿਰਕਾਪ੍ਰਸਤੀ ਵਿਰੋਧੀ ਦਿਵਸ ਆਦਿ ਰੂਪਾਂ ਵਿੱਚ ਮਨਾਇਆ। 23 ਸਾਲ ਪਹਿਲਾਂ 6 ਦਸੰਬਰ ਨੂੰ ਹਿੰਦੂਤਵੀ ਕੱਟੜਪੰਥੀਆਂ ਨੇ ਰ.ਸ.ਸ. ਅਤੇ ਇਸਦੇ ਅੰਗ ਵਿਸ਼ਵ ਹਿੰਦੂ ਪ੍ਰੀਸ਼ਦ, ਭਾਜਪਾ ਆਦਿ ਜੱਥੇਬੰਦੀਆਂ ਦੀ ਅਗਵਾਈ ਵਿੱਚ ਬਾਬਰੀ ਮਸਜਿਦ ਨੂੰ ਡੇਗ ਦਿੱਤਾ ਸੀ। ਇਹ ਦਿਨ ਸੱਚਮੁੱਚ ਹੀ ਭਾਰਤੀ ਇਤਿਹਾਸ ਦਾ ਕਾਲ਼ਾ ਦਿਨ ਸੀ। ਹਿੰਦੂਤਵੀ ਕੱਟੜਪੰਥੀਆਂ ਦੀ ਇਹ ਕਾਲ਼ੀ ਕਰਤੂਤ ਲੋਕਾਂ ਦੀ ਇਕਮੁੱਠਤਾ ਤੇ ਧਰਮ ਨਿਰਪੱਖਤਾ ਉੱਪਰ ਬਹੁਤ ਵੱਡਾ ਹਮਲਾ ਸੀ। ਬਾਬਰੀ ਮਸਜਿਦ ਡੇਗ ਦਿੱਤੀ ਗਈ ਸੀ ਪਰ ਇਸਦੀ ਥਾਂ ਰਾਮ ਮੰਦਰ ਬਣਾਉਣ ਦਾ ਕੰਮ ਅਜੇ ਨਹੀਂ ਹੋਇਆ ਹੈ। ਇਸਨੂੰ ਇਨ੍ਹਾਂ ਹਿੰਦੂਤਵਵਾਦੀਆਂ ਨੇ ਆਪਣੀ ਕਾਰਜਸੂਚੀ ਵਿੱਚ ਪ੍ਰਮੁੱਖਤਾ ਨਾਲ਼ ਰੱਖਿਆ ਹੋਇਆ ਹੈ। ਅਯੋਧਿਆ ਵਿੱਚ ਰਾਮ ਮੰਦਿਰ ਬਣਾਉਣ ਅਤੇ ਹੋਰ ਅਨੇਕਾਂ ਹਿੰਦੂਤਵੀ ਨਾਅਰਿਆਂ ਦੇ ਦਮ ‘ਤੇ ਭਾਜਪਾ ਵੱਡੇ ਪੱਧਰ ‘ਤੇ ਵੋਟਾਂ ਬਟੋਰਨ ਵਿੱਚ ਕਾਮਯਾਬ ਹੋਈ ਹੈ। ਅਤੀਤ ਵਿੱਚ ਭਾਜਪਾ ਨੇ ਅਨੇਕਾਂ ਵਾਰ ਅਯੋਧਿਆ ਵਿੱਚ ਬਾਬਰੀ ਮਸਜਿਦ ਵਾਲ਼ੀ ਥਾਂ ‘ਤੇ ਰਾਮ ਮੰਦਰ ਬਣਾਉਣ ਦੇ ਵਾਅਦੇ ਕੀਤੇ ਹਨ। ਹੁਣ ਕੇਂਦਰ ਵਿੱਚ ਭਾਜਪਾ ਦੀ ਬਹੁਮਤ ਦੀ ਸਰਕਾਰ ਹੈ। ਹਿੰਦੂਤਵੀਆਂ ਨੂੰ ਆਪਣਾ ਸੁਪਨਾ ਹੁਣ ਸਾਕਾਰ ਹੁੰਦਾ ਨਜ਼ਰ ਆ ਰਿਹਾ ਹੈ। ਕਨੂੰਨੀ ਢੰਗ ਨਾਲ਼ ਤਾਂ ਇਹ ਕੰਮ ਹੁੰਦਾ ਫਿਲਹਾਲ ਨਜ਼ਰ ਨਹੀਂ ਆ ਰਿਹਾ, ਪਰ ਗੈਰਕਨੂੰਨੀ ਢੰਗ ਨਾਲ਼ ਇਸਨੂੰ ਨੇਪਰੇ ਚਾੜ੍ਹਨ ਦੀਆਂ ਕੋਸ਼ਿਸ਼ਾਂ ਵਿੱਚ ਤੇਜ਼ੀ ਆ ਗਈ ਹੈ। ਅਯੋਧਿਆ ਵਿੱਚ ਮੰਦਰ ਉਸਾਰੀ ਲਈ ਵੱਡੀ ਮਾਤਰਾ ਵਿੱਚ ਪੱਥਰ ਪਹੁੰਚਾਏ ਜਾ ਰਹੇ ਹਨ। ਕਹਿਣ ਦੀ ਲੋੜ ਨਹੀਂ ਕਿ ਇਸ ਸਾਜਿਸ਼ ਪਿੱਛੇ ਮੋਦੀ ਸਰਕਾਰ ਦਾ ਪੂਰਾ ਹੱਥ ਹੈ। ਰਾਮ ਮੰਦਰ ਬਣਦਾ ਹੈ ਜਾਂ ਨਹੀਂ ਇਹ ਵੱਖਰੀ ਗੱਲ ਹੈ। ਪਰ ਜੋ ਕੁੱਝ ਅਯੋਧਿਆ ਵਿੱਚ ਚੱਲ ਰਿਹਾ ਹੈ ਉਸ ਨਾਲ਼ ਦੇਸ਼ ਵਿੱਚ ਫਿਰਕੂ ਤਣਾਅ ਪੈਦਾ ਕਰਨ ਵਿੱਚ ਭਾਜਪਾ ਨੂੰ ਪੂਰੀ ਮਦਦ ਮਿਲ਼ੇਗੀ। ਦੂਜੇ ਪਾਸੇ ਉੱਤਰ ਪ੍ਰਦੇਸ਼ ਦੀ ਅਖਿਲੇਸ਼ ਸਰਕਾਰ ਨੂੰ ਇਸ ਬਹਾਨੇ ਮੁਸਲਮਾਨਾਂ ‘ਚ ਵੋਟ ਬੈਂਕ ਮਜ਼ਬੂਤ ਕਰਨ ਵਿੱਚ ਮਦਦ ਮਿਲ਼ੇਗੀ। ਨੇੜੇ ਢੁਕੀਆਂਂ ਵਿਧਾਨ ਸਭਾ ਚੋਣਾਂ ਵਿੱਚ ਮਸਜਿਦ-ਮੰਦਰ ਬਹਾਨੇ ਲਾਹਾ ਲੈਣ ਲਈ ਸਾਰੇ ਵੋਟ ਬਟੋਰੂ ਪੱਬਾਂ ਭਾਰ ਹਨ। ਹਿੰਦੂਤਵੀ ਕੱਟੜਪੰਥੀਆਂ ਦੇ ਨਾਲ਼ ਹੀ ਵੱਖ-ਵੱਖ ਮੁਸਲਿਮ ਕੱਟੜਪੰਥੀ ਲੀਡਰਾਂ ਤੇ ਜੱਥੇਬੰਦੀਆਂ ਨੂੰ ਵੀ ਇੱਕ ਵਾਰ ਫਿਰ ਇਸ ਬਹਾਨੇ ਆਪਣੀ ਗੰਦੀ ਫਿਰਕੂ ਖੇਡ ਤੇਜ ਕਰਨ ਦਾ ਮੌਕਾ ਮਿਲ਼ੇਗਾ। 

ਬੇਸ਼ੱਕ ਇਸ ਪੂਰੇ ਮਾਹੌਲ ਦਾ ਸਭ ਤੋਂ ਵੱਧ ਫਾਇਦਾ ਹਿੰਦੂਤਵੀ ਕੱਟੜਪੰਥੀਆਂ ਨੂੰ ਹੋਣਾ ਹੈ। ਪਹਿਲਾਂ ਹੀ ਦੇਸ਼ ਵਿੱਚ ਹਿੰਦੂਤਵੀ ਫਾਸੀਵਾਦ ਦਾ ਖਤਰਾ ਦੇਸ਼ ਵਿੱਚ ਮੂੰਹ ਅੱਡੀ ਖੜਾ ਹੈ। ਕੇਂਦਰ ਸਰਕਾਰ ਅਤੇ ਵੱਖ-ਵੱਖ ਸੂਬਿਆਂ ਵਿੱਚ ਸਰਕਾਰਾਂ ਬਣਾਉਣ ਵਿੱਚ ਕਾਮਯਾਬ ਹੋਈ ਫਾਸੀਵਾਦੀ ਭਾਜਪਾ ਲੋਕਾਂ ਦੇ ਆਰਥਿਕ-ਸਿਆਸੀ-ਸਮਾਜਿਕ ਜਮਹੂਰੀ ਹੱਕਾਂ ‘ਤੇ ਡਾਕਾ ਤੇਜ਼ ਕਰ ਚੁੱਕੀ ਹੈ। ਸਰਮਾਏਦਾਰਾ ਜਮਹੂਰੀਅਤ ਦੀ ਥਾਂ ‘ਤੇ ਫਾਸੀਵਾਦੀ ਨਿਜਾਮ ਕਾਇਮ ਕਰਨਾ ਇਸਦਾ ਸੁਪਨਾ ਹੈ। ਭਾਰਤ ਦੇ ਸਰਮਾਏਦਾਰ ਹਾਕਮ ਲੋਕਾਂ ਦੇ ਹੱਕਾਂ ‘ਤੇ ਡਾਕੇ ਦਾ ਸਿਲਸਿਲਾ ਹੁਣ ਪੁਰਾਣੇ ਢੰਗਾਂ ਨਾਲ਼, ਸਰਮਾਏਦਾਰਾ ਜਮਹੂਰੀਅਤ ਦੇ ਪਖੰਡ ਨਾਲ਼, ਅੱਗੇ ਵਧਾਉਣ ਵਿੱਚ ਅਸਮਰੱਥ ਹਨ। ਉਹਨਾਂ ਨੂੰ ਭਾਰਤ ਵਿੱਚ ਹੁਣ ਇੱਕ ਫਾਸੀਵਾਦੀ ਨਿਜ਼ਾਮ ਦੀ ਲੋੜ ਹੈ। ਇਹ ਕੰਮ ਹਿੰਦੂਤਵੀ ਫਿਰਕਾਪ੍ਰਸਤ ਤਾਕਤਾਂ ਦੇ ਦਮ ‘ਤੇ ਹੀ ਹੋ ਸਕਦਾ ਹੈ, ਜਿਸਦੀ ਅਗਵਾਈ ਰ.ਸ.ਸ. ਕਰਦਾ ਹੈ ਤੇ ਭਾਜਪਾ ਜਿਸਦਾ ਸਿਆਸੀ (ਚੁਣਾਵੀ) ਵਿੰਗ ਹੈ। ਰਾਮ ਮੰਦਰ ਉਸਾਰੀ ਦੇ ਮੁੱਦੇ ਸਹਾਰੇ ਅਤੀਤ ਵਿੱਚ ਜਿਸ ਤਰਾਂ ਭਾਜਪਾ ਨੇ ਵੱਡੀਆਂ ਮੱਲਾਂ ਮਾਰੀਆਂ ਹਨ, ਇੱਕ ਵਾਰ ਫੇਰ ਇਸ ਬਹਾਨੇ ਇਹ ਵੱਡਾ ਲਾਹਾ ਖੱਟਣ ਦੀ ਸਾਜਿਸ਼ ਰਚ ਰਹੀ ਹੈ। 

ਰਾਮ ਮੰਦਰ ਉਸਾਰੀ ਬਹਾਨੇ ਫਿਰਕੂ ਤਣਾਅ ਪੈਦਾ ਕਰਨ ਦੀਆਂ ਸਾਜਿਸ਼ਾਂ ਦੇਸ਼ ਦੇ ਕਿਰਤੀ ਲੋਕਾਂਂ ਲਈ ਅਤੀਤ ਦੀ ਤਰ੍ਹਾਂ ਹੁਣ ਵੀ ਬੇਹੱਦ ਮਾਰੂ ਸਾਬਤ ਹੋਣਗੀਆਂ। ਫਿਰਕੂ ਵੰਡੀਆਂ ਪਾ ਕੇ ਲੋਕਾਂ ਦੇ ਆਰਥਿਕ-ਸਿਆਸੀ ਜਮਹੂਰੀ ਹੱਕ ਵੱਡੇ ਪੱਧਰ ‘ਤੇ ਖੋਹ ਲਏ ਗਏ ਹਨ। ਜਿੰਨਾ ਵੱਡਾ ਹਮਲਾ ਲੋਕਾਂ ਦੇ ਹਿੱਤਾਂ ਉੱਤੇ ਹੋਇਆ ਹੈ, ਉਸ ਮੁਤਾਬਿਕ ਲੋਕਾਂ ਵੱਲੋਂ ਜਵਾਬੀ ਟਾਕਰਾ ਕਾਰਵਾਈ ਜੱਥੇਬੰਦ ਨਹੀਂ ਹੋ ਸਕੀ ਹੈ। ਜੇਕਰ ਲੋਕਾਂ ਨੇ ਫਿਰਕੂ ਤਾਕਤਾਂ ਦੀਆਂ ਇਹਨਾਂ ਸਾਜਿਸ਼ਾਂ ਦਾ ਜਵਾਬ ਢੁੱਕਵੇਂ ਰੂਪ ਵਿੱਚ ਨਾ ਦਿੱਤਾ ਤਾਂ ਆਉਣ ਵਾਲ਼ਾ ਸਮਾਂ ਲੋਕ ਹਿੱਤਾਂ ‘ਤੇ ਹੋਰ ਵਡੇਰੇ ਤਿੱਖੇ ਹਮਲੇ ਲੈ ਕੇ ਆਵੇਗਾ। ਇਸ ਲਈ ਇਨਕਲਾਬੀ, ਜਮਹੂਰੀ, ਧਰਮਨਿਰਪੱਖ ਤਾਕਤਾਂ ਨੂੰ ਲੋਕਾਂ ਨੂੰ ਹਿੰਦੂਤਵੀ ਫਾਸੀਵਾਦੀ ਤਾਕਤਾਂ ਖਿਲਾਫ਼ ਜੱਥੇਬੰਦ ਕਰਨ ਦਾ ਕੰਮ ਬੇਹੱਦ ਗੰਭੀਰਤਾ ਨਾਲ਼ ਕਰਨਾ ਚਾਹੀਦਾ ਹੈ। ਹਿੰਦੂਤਵੀ ਫਾਸੀਵਾਦੀਆਂ ਦੇ ਕਾਲ਼ੇ ਕਾਰਿਆਂ ਦਾ ਫਾਇਦਾ ਉਠਾ ਕੇ ਮੁਸਲਿਮ ਕੱਟੜਪੰਥੀ ਆਮ ਮੁਸਲਿਮ ਅਬਾਦੀ ਨੂੰ ਆਪਣੇ ਫਿਰਕੂ ਜਾਲ਼ ਵਿੱਚ ਫਸਾਉਣ ਦੀਆਂ ਸਾਜਿਸਾਂ ਤੇਜ਼ ਕਰ ਰਹੇ ਹਨ। ਇਹਨਾਂ ਦਾ ਵੀ ਡਟ ਕੇ ਵਿਰੋਧ ਕਰਨਾ ਪਵੇਗਾ। ਆਮ ਮੁਸਲਿਮ ਅਬਾਦੀ ਨੂੰ ਸਮਝਾਉਣਾ ਪਵੇਗਾ ਕਿ ਉਹਨਾਂ ਦੇ ਧਾਰਮਿਕ ਜਮਹੂਰੀ ਹੱਕਾਂ ਦੀ ਰਾਖੀ ਵੀ ਤਦ ਹੀ ਹੋ ਸਕਦੀ ਹੈ, ਜਦ ਉਹ ਸਮੁੱਚੀ ਕਿਰਤੀ ਲੋਕਾਈ ਦਾ ਅੰਗ ਬਣ ਕੇ ਧਰਮ ਨਿਰਪੱਖ ਤੇ ਜਮਹੂਰੀ ਪੈਂਤੜੇ ਤੋਂ ਹਿੰਦੂਤਵੀ ਕੱਟੜਪੰਥੀਆਂ ਸਮੇਤ ਮੁਸਲਿਮ ਕੱਟੜਪੰਥੀਆਂ ਦੇ ਵੀ ਵਿਰੋਧ ਵਿੱਚ, ਭਾਵ ਸਮੁੱਚੀ ਫਿਰਕਾਪ੍ਰਸਤੀ ਖਿਲਾਫ਼ ਲੜਾਈ ਲੜਨਗੇ। ਉਹਨਾਂ ਨੂੰ ਸਮੁੱਚੀ ਲੋਕਾਈ ਦਾ ਅੰਗ ਬਣ ਕੇ ਭਾਰਤ ਦੇ ਸਮਰਾਏਦਾਰਾ ਹਾਕਮਾਂ ਦੇ ਲੋਕਾਂ ਉੱਤੇ ਹੋ ਰਹੇ ਆਰਥਿਕ-ਸਿਆਸੀ ਹਮਲਿਆਂ ਦਾ ਡਟ ਕੇ ਵਿਰੋਧ ਕਰਨਾ ਪਵੇਗਾ, ਭਾਵ ਕਿਰਤੀ ਲੋਕਾਂ ਦੀ ਹਾਕਮ ਸਰਮਾਏਦਾਰ ਜਮਾਤ ਖਿਲਾਫ਼ ਜਮਾਤੀ ਲੜਾਈ ਨੂੰ ਮਜ਼ਬੂਤ ਬਣਾਉਣਾ ਪਵੇਗਾ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 47, ਜਨਵਰੀ 2016 ਵਿਚ ਪਰ੍ਕਾਸ਼ਤ

Advertisements