ਰਾਜ ਕੁਮਾਰ ਰਵਿੰਦਰ ਕੁਮਾਰ ਟੈਕਸਟਾਈਲ, ਲੁਧਿਆਣਾ ਦੇ ਮਜ਼ਦੂਰ ਫਿਰ ਤੋਂ ਸੰਘਰਸ਼ ਦੀ ਰਾਹ ‘ਤੇ •ਪੱਤਰ ਪ੍ਰੇਰਕ

phhoto

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਇਸ ਸਾਲ ਮਈ ਮਹੀਨੇ ਵਿੱਚ ਰਾਜਕੁਮਾਰ ਰਵਿੰਦਰਕੁਮਾਰ ਟੈਕਸਟਾਈਲ, ਇੰਡਸਟਰੀਅਲ ਏਰੀਆ-ਏ, ਲੁਧਿਆਣਾ ਦੇ ਮਜ਼ਦੂਰਾਂ ਨੇ ਇਕਮੁੱਠ ਹੋ ਕੇ ਮਾਲਕ ਵੱਲੋਂ ਉਹਨਾਂ ਦੀ ਕੀਤੀ ਜਾ ਰਹੀ ਤਿੱਖੀ ਲੁੱਟ ਖਿਲਾਫ਼ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੀ ਅਗਵਾਈ ਵਿੱਚ ਸੰਘਰਸ਼ ਸ਼ੁਰੂ ਕੀਤਾ ਸੀ। ਸੱਤ ਦਿਨ ਦੀ ਹੜਤਾਲ ਤੋਂ ਬਾਅਦ ਮਾਲਕ ਮਜ਼ਦੂਰਾਂ ਨੂੰ ਪੱਕੇ ਕਰਨ, ਈ.ਐਸ.ਆਈ., ਈ.ਪੀ.ਐਫ. ਤੇ ਹੋਰ ਸਹੂਲਤਾਂ ਦੇਣ ਦੀਆਂ ਮੰਗਾਂ ਮੰਨਣ ‘ਤੇ ਮਜ਼ਬੂਰ ਹੋ ਗਿਆ ਸੀ। ਮਾਲਕ ਨੇ ਮਜ਼ਦੂਰਾਂ ਨਾਲ਼ ਲਿਖਤੀ ਸਮਝੌਤਾ ਕੀਤਾ ਸੀ ਪਰ ਉਸਨੇ ਸਮਝੌਤਾ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਤੇ ਮਜ਼ਦੂਰਾਂ ਨੇ ਮਾਲਕ ਦਾ ਜ਼ੋਰਦਾਰ ਵਿਰੋਧ ਕੀਤਾ ਤੇ ਮਾਲਕ ‘ਤੇ ਦਬਾਅ ਪਾ ਕੇ ਮੰਗਾਂ ਲਾਗੂ ਕਰਵਾਈਆਂ। ਪਰ ਮਾਲਕ ਯੂਨੀਅਨ ਤੋੜਨ ਲਈ ਪੂਰਾ ਜ਼ੋਰ ਲਾ ਰਿਹਾ ਹੈ ਤਾਂ ਕਿ ਬਾਅਦ ਵਿੱਚ ਮਜ਼ਦੂਰਾਂ ਵੱਲੋਂ ਹਾਸਿਲ ਹੱਕਾਂ ਨੂੰ ਫਿਰ ਤੋਂ ਖੋਹ ਸਕੇ। ਉਸਨੇ ਛੁੱਟੀ ਤੋਂ ਵਾਪਿਸ ਆਏ ਮਜ਼ਦੂਰਾਂ ਦੇ ਆਗੂ ਰਾਜੇਸ਼ ਨੂੰ ਕੰਮ ‘ਤੇ ਰੱਖਣ ਤੋਂ ਇਨਕਾਰ ਕਰ ਦਿੱਤਾ। ਇਸਤੇ ਮਜ਼ਦੂਰਾਂ ਨੇ ਕੰਮ ਠੱਪ ਕਰ ਦਿੱਤਾ। ਉਹ ਇਹ ਚੰਗੀ ਤਰ੍ਹਾਂ ਜਾਣਦੇ-ਸਮਝਦੇ ਹਨ ਕਿ ਜੇਕਰ ਮਾਲਕ ਰਾਜੇਸ਼ ਕੁਮਾਰ ਨੂੰ ਕੰਮ ਤੋਂ ਕੱਢਣ ‘ਤੇ ਕਾਮਯਾਬ ਹੋ ਗਿਆ ਤਾਂ ਹੋਰ ਆਗੂ ਮਜ਼ਦੂਰਾਂ ਦੀ ਵੀ ਛਾਂਟੀ ਕਰੇਗਾ ਤੇ ਇਸ ਤਰ੍ਹਾਂ ਯੂਨੀਅਨ ਤੋੜੇਗਾ ਜੋ ਕਿ ਮਜ਼ਦੂਰਾਂ ਨੂੰ ਹਰਗਿਜ਼ ਮਨਜ਼ੂਰ ਨਹੀਂ ਹੈ। ਮਜ਼ਦੂਰ 26-27 ਜੁਲਾਈ ਨੂੰ ਕੰਮ ਰੋਕ ਕੇ ਕਾਰਖਾਨੇ ਦੇ ਅੰਦਰ ਹੀ ਰਹੇ। 28 ਜੁਲਾਈ ਨੂੰ ਮਾਲਕ ਨੇ ਸਾਰੇ ਮਜ਼ਦੂਰਾਂ ਲਈ ਗੇਟ ਬੰਦ ਕਰ ਦਿੱਤਾ ਅਤੇ ਸ਼ਰਤ ਰੱਖੀ ਕਿ ਉਹ ਰਾਜੇਸ਼ ਕੁਮਾਰ ਨੂੰ ਛੱਡ ਕੇ ਬਾਕੀ ਸਾਰੇ ਮਜ਼ਦੂਰਾਂ ਨੂੰ ਤਦ ਹੀ ਕਾਰਖਾਨੇ ਅੰਦਰ ਦਾਖਲ ਕਰੇਗਾ ਜਦ ਉਹ ਹੜਤਾਲ ਕਰਨ ਲਈ ਮਾਲਕ ਤੋਂ ਲਿਖਤੀ ਰੂਪ ਵਿੱਚ ਮਾਫ਼ੀ ਮੰਗਣਗੇ ਤੇ ਇਹ ਵੀ ਲਿਖ ਕੇ ਦੇਣਗੇ ਕਿ ਉਹ ਭਵਿੱਖ ਵਿੱਚ ਕਦੇ ਵੀ ਹੜਤਾਲ ਨਹੀਂ ਕਰਨਗੇ। ਮਜ਼ਦੂਰਾਂ ਨੇ ਮਾਲਕ ਦੀਆਂ ਸ਼ਰਤਾਂ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਮੰਗ ਕੀਤੀ ਕਿ ਉਹਨਾਂ ਦੇ ਆਗੂ ਰਾਜੇਸ਼ ਕੁਮਾਰ ਸਮੇਤ ਸਾਰੇ ਮਜ਼ਦੂਰਾਂ ਨੂੰ ਕੰਮ ‘ਤੇ ਵਾਪਿਸ ਲਏ।

ਰਿਪੋਰਟ ਲਿਖੇ ਜਾਣ ਤੱਕ (11 ਅਗਸਤ) ਮਜ਼ਦੂਰ ਸੰਘਰਸ਼ ਵਿੱਚ ਪੂਰੀ ਤਰ੍ਹਾਂ ਡਟੇ ਹੋਏ ਹਨ। ਮਾਲਕ ਕੁੱਝ ਮਜ਼ਦੂਰਾਂ ਨੂੰ ਡਰਾ-ਧਮਕਾ ਕੇ ਅਤੇ ਪੈਸੇ ਦਾ ਲਾਲਚ ਦੇ ਕੇ ਯੂਨੀਅਨ ਤੋਂ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਇੱਕ-ਦੋ ਮਜ਼ਦੂਰ ਮਾਲਕ ਦੀ ਬੋਲੀ ਬੋਲਦੇ ਵੀ ਨਜ਼ਰ ਆ ਰਹੇ ਹਨ ਪਰ ਬਾਕੀ ਮਜ਼ਦੂਰਾਂ ਦੀ ਇਕਮੁੱਠਤਾ ਅੱਗੇ ਮਾਲਕ ਦੀਆਂ ਕੋਝੀਆਂ ਸਾਜਿਸ਼ਾਂ ਕਾਮਯਾਬ ਨਹੀਂ ਹੋ ਪਾ ਰਹੀਆਂ ਹਨ। ਮਜ਼ਦੂਰਾਂ ਨੇ ਫੈਸਲਾ ਕੀਤਾ ਹੈ ਕਿ ਜੇਕਰ ਮਾਲਕ ਉਹਨਾਂ ਦੀਆਂ ਮੰਗਾਂ ਨਹੀਂ ਮੰਨਦਾ ਤਾਂ ਉਹ ਇਸ ਕਾਰਖਾਨੇ ਵਿੱਚ ਕੰਮ ‘ਤੇ ਵਾਪਿਸ ਨਹੀਂ ਜਾਣਗੇ। ਇਸ ਕਾਰਖਾਨੇ ਦੀ ਥਾਂ ਕਿਸੇ ਹੋਰ ਕਾਰਖਾਨੇ ‘ਚ ਕੰਮ ਕਰ ਲੈਣਗੇ ਪਰ ਮਾਲਕ ਦੀਆਂ ਨਜ਼ਾਇਜ਼ ਸ਼ਰਤਾਂ ਕਰਦੇ ਵੀ ਨਹੀਂ ਮੰਨਣਗੇ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 59, 16 ਅਗਸਤ 2016 ਵਿੱਚ ਪ੍ਰਕਾਸ਼ਤ

Advertisements