ਰਾਜਧਾਨੀ ਦੇ ਸਫਾਈ ਕਾਮਿਆਂ ਦਾ ਮੰਦੜਾ ਹਾਲ •ਰੌਸ਼ਨ

8

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਕੀ ਤੁਸੀਂ ਕਦੇ ਬੰਬਈਆ ਫਿਲਮਾਂ ਵਿੱਚ ਰਾਜਧਾਨੀ ਦਿੱਲੀ ਦੇ ਅਮੀਰਾਂ ਦੀ ਜ਼ਿੰਦਗੀ ਵੇਖੀ ਹੈ? ਆਲੀਸ਼ਾਨ ਇਮਾਰਤਾਂ, ਖੁੱਲੀਆਂ ਸੜਕਾਂ, ਬਿਜਲੀ-ਪਾਣੀ ਦੀ ਤੋਟ ਨਹੀਂ, ਵੱਡੇ ਸ਼ਾਪਿੰਗ ਕੰਪਲੈਕਸ, ਸਿਨੇਮਾ ਹਾਲ, ਸਕੂਲ, ਹਸਪਤਾਲ, ਗੱਡੀਆਂ ਤੇ ਜ਼ਿੰਦਗੀ ਦੀਆਂ ਸਭ ਆਧੁਨਿਕ ਸਹੂਲਤਾਂ। ਇਹਨਾਂ ਦਾ ਅਨੰਦ ਮਾਨਣ ਵਾਲ਼ਿਆਂ ਵਿੱਚ ਸ਼ਾਮਲ ਹਨ ਕਾਰੋਬਾਰੀ, ਵਪਾਰੀ, ਵੱਖੋ-ਵੱਖਰੀਆਂ ਪਾਰਟੀਆਂ ਦੇ ਸਿਆਸਤਦਾਨ, ਅਫਸਰਸ਼ਾਹੀ, ਨੌਕਰਸ਼ਾਹੀ ਤੇ ਸਮਾਜ ਦੇ ਹੋਰ ਸਰਦੇ-ਪੁੱਜਦੇ ਤਬਕੇ। ਪਰ ਇਹਨਾਂ ਫਿਲਮਾਂ ਵਿੱਚ ਕਦੇ ਇਹ ਨਹੀਂ ਦੱਸਿਆਂ ਜਾਂਦਾ ਕਿ ਇਸ ਰਾਜਧਾਨੀ ਵਿੱਚ ਹਰ ਸਾਲ ਸੈਂਕੜੇ ਲੋਕਾਂ ਨੂੰ ਇਸ ਕਰਕੇ ਜਾਨ ਗਵਾਉਣੀ ਪੈਂਦੀ ਹੈ ਤਾਂ ਕਿ ਇਹਨਾਂ ਧਨ-ਪਸ਼ੂਆਂ ਵੱਲੋਂ ਨਾਲ਼ੀਆਂ ‘ਚ ਵਹਾਈ ਗੰਦਗੀ ਦਾ ਚੰਗੀ ਤਰ੍ਹਾਂ ਨਿਕਾਸ ਹੁੰਦਾ ਰਹੇ ਤੇ ਇਹਨਾਂ ਨੂੰ ਹੱਗਣ-ਮੂਤਣ ‘ਚ ਕੋਈ ਤਕਲੀਫ ਨਾ ਆਵੇ, ਇਹਨਾਂ ਵੱਲੋਂ ਖਿਲਾਰੇ ਗੰਦ ਦੀ ਬਦਬੂ ਇਹਨਾਂ ਤੱਕ ਨਾ ਪਹੁੰਚੇ ਤੇ ਇਹਨਾਂ ਤੱਕ ਪਾਣੀ ਦੀ ਸਪਲਾਈ ਬੇਰੋਕ ਪਹੁੰਚਦੀ ਰਹੇ। ਹਾਂ ਬਿਲਕੁਲ, ਅਸੀਂ ਰਾਜਧਾਨੀ ਦੀਆਂ ਨਾਲ਼ੀਆਂ, ਸੀਵਰੇਜ, ਗਟਰ ਤੇ ਪਾਈਪਾਂ ਸਾਫ ਕਰਨ ਵਾਲ਼ੇ ਕਾਮਿਆਂ ਦੀ ਹੀ ਗੱਲ ਕਰ ਰਹੇ ਹਾਂ। ਦਿੱਲੀ ਵਿੱਚ 1996 ਤੋਂ 2015 ਤੱਕ ਅੰਦਾਜਨ 3500 ਕਾਮਿਆਂ ਦੀ ਸੀਵਰੇਜ, ਗਟਰ ਆਦਿ ਅੰਦਰ ਮੌਤ ਹੋਈ ਹੈ ਤੇ ਬਾਕੀ ਜਿਉਂਦੇ ਹਜ਼ਾਰਾਂ ਕਾਮਿਆਂ ਦੀ ਜ਼ਿੰਦਗੀ ਮੌਤ ਨਾਲ਼ੋਂ ਵੀ ਬਦਤਰ ਹੈ।

ਦਿੱਲੀ ਦੇ ਸਫਾਈ ਕਾਮੇ 1.68 ਕਰੋੜ ਅਬਾਦੀ ਦਾ 6000 ਕਿਲੋਮੀਟਰ ‘ਚ ਫੈਲੇ ਸੀਵਰੇਜ ਦਾ 9000 ਟਨ ਗੰਦ ਸਾਫ ਕਰਦੇ ਹਨ। ਇਹਨਾਂ ਹਜ਼ਾਰਾਂ ਕਾਮਿਆਂ ਨੂੰ ਬਿਨਾਂ ਸੁਰੱਖਿਆ ਦਸਤਾਨੇ, ਸੇਫਟੀ ਸੂਟ, ਹੈਲਮਟ, ਆਕਸੀਜਨ ਪਾਈਪ ਤੋਂ ਸੀਵਰਜ ‘ਚ ਕੰਮ ਕਰਨਾ ਪੈਂਦਾ ਹੈ। ਜਿਸ ਕਾਰਨ ਉਹਨਾਂ ਨੂੰ ਹਮੇਸ਼ਾਂ ਜਾਨ ਖਤਰੇ ਵਿੱਚ ਪਾਕੇ ਕੰਮ ਕਰਨਾ ਪੈਂਦਾ ਹੈ ਤੇ ਹਰ ਸਾਲ ਸੈਂਕੜੇ ਮਾਰੇ ਵੀ ਜਾਂਦੇ ਹਨ। 15 ਫੁੱਟ ਤੱਕ ਡੂੰਘੇ ਇਹਨਾਂ ਸੀਵਰੇਜਾਂ ਦੇ ਗੰਦੇ ਤੇ ਜਹਿਰੀਲੇ ਮਲਬੇ ਤੇ ਪਾਣੀ ਦੇ ਸੰਪਰਕ ਵਿੱਚ ਆਉਣ ਕਾਰਨ ਅਨੇਕਾਂ ਤਰ੍ਹਾਂ ਦੇ ਚਮੜੀ ਰੋਗ ਲੱਗ ਜਾਂਦੇ ਹਨ। ਸੀਵਰੇਜ ਅੰਦਰ ਪਏ ਕੱਚ ਜਾਂ ਧਾਤ ਦੇ ਟੁਕੜੇ ਵੀ ਇਹਨਾਂ ਕਾਮਿਆਂ ਦੇ ਪੈਰਾਂ ਵਿੱਚ ਖੁਭਣੇ ਆਮ ਗੱਲ ਹੈ। ਰੌਸ਼ਨੀ ਦਾ ਲੋੜੀਂਦਾ ਪ੍ਰਬੰਧ ਨਾ ਹੋਣ ਕਾਰਨ ਸੀਵਰੇਜ ‘ਚ ਚੜਦੇ-ਉੱਤਰਦੇ ਝਰੀਟਾਂ, ਟੱਕ ਲਗਦੇ ਰਹਿੰਦੇ ਹਨ। ਬਿਨਾਂ ਕਿਸੇ ਮਸ਼ੀਨੀ ਮਦਦ ਦੇ ਕਾਮਿਆਂ ਨੂੰ ਸੀਵਰੇਜ ਵਿੱਚੋਂ ਕੁਇੰਟਲਾਂ ਦੇ ਹਿਸਾਬ ਨਾਲ਼ ਗਾਰਾ ਢੋਅ ਕੇ ਬਾਹਰ ਕੱਢਣਾ ਪੈਂਦਾ ਹੈ ਜਿਸ ਨਾਲ਼ ਉਹਨਾਂ ਦੀ ਪਿੱਠ, ਲੱਕ ਤੇ ਰੀੜ ਦੀ ਹੱਡੀ ਵਿੱਚ ਨੁਕਸ ਪੈ ਜਾਂਦਾ ਹੈ। ਇਹਨਾਂ ਕਾਮਿਆਂ ਵਿੱਚ ਨਿਗ੍ਹਾ ਕਮਜ਼ੋਰ ਹੋਣਾ, ਸੁਣਨ ਸ਼ਕਤੀ ਘਟਣਾ, ਰੀੜ ਦੀ ਹੱਡੀ ਦਾ ਨੁਕਸ ਜਿਹੀਆਂ ਬਿਮਾਰੀਆਂ ਆਮ ਹਨ।

ਸੀਵਰੇਜ ਅੰਦਰ ਕਈ ਵਾਰ ਜਹਿਰੀਲੀ ਗੈਸ ਪੈਦਾ ਹੁੰਦੀ ਰਹਿੰਦੀ ਹੈ ਜਿਸ ਨਾਲ਼ ਮੌਤ ਹੋਣ ਦਾ ਜੋਖਿਮ ਖੜਾ ਰਹਿੰਦਾ ਹੈ। ਪਰ ਇਸ ਗੈਸ ਦੀ ਮਾਤਰਾ ਦੀ ਜਾਂਚ ਕਰਨ ਲਈ ਵੀ ਇਹਨਾਂ ਕਾਮਿਆਂ ਨੂੰ ਕੋਈ ਸਾਧਨ ਮੁਹੱਈਆ ਨਹੀਂ ਕਰਵਾਇਆ ਜਾਂਦਾ। ਇਸ ਕਰਕੇ ਕਾਮੇ ਕਾਕਰੋਚਾਂ ਭਰੋਸੇ ਰਹਿੰਦੇ ਹਨ। ਭਾਵ ਜੇ ਸੀਵਰੇਜ ਵਿੱਚ ਕਾਕਰੋਚ ਮਰੇ ਹੋਣ ਤਾਂ ਸਮਝਿਆ ਜਾਂਦਾ ਹੈ ਕਿ ਸੀਵਰੇਜ ਅੰਦਰ ਜਹਿਰੀਲੀ ਗੈਸ ਹੈ ਤੇ ਜੇ ਉਹ ਜਿਉਂਦੇ ਹੋਣ ਤਾਂ ਇਸਦਾ ਮਤਲਬ ਹੈ ਕੋਈ ਜਹਿਰੀਲੀ ਗੈਸ ਨਹੀਂ ਹੈ। ਪਰ ਇਹ ਕੋਈ ਵਿਗਿਆਨਕ ਪੈਮਾਨਾ ਨਹੀਂ ਹੈ। ਜੇ ਕਿਸੇ ਸੀਵਰੇਜ ਵਿੱਚ ਕਾਕਰੋਚ ਹੋਣ ਹੀ ਨਾ ਤਾਂ ਉਸ ਹਾਲਤ ਵਿੱਚ ਅੰਦਰ ਵੜਨਾ ਜੂਆ ਖੇਡਣ ਵਾਂਗ ਹੁੰਦਾ ਹੈ ਜਿਸ ਵਿੱਚ ਆਪਣੀ ਜ਼ਿੰਦਗੀ ਦਾਅ ‘ਤੇ ਲਾਉਣੀ ਪੈਂਦੀ ਹੈ। ਕਈ ਵਾਰ ਗੈਸ ਦੀ ਮਾਤਰਾ ਘੱਟ ਹੁੰਦੀ ਹੈ ਜਿਸ ਨਾਲ਼ ਕਾਕਰੋਚ ਜਾਂ ਕਾਮਿਆਂ ਦੀ ਮੌਤ ਤਾਂ ਨਹੀਂ ਹੁੰਦੀ ਪਰ ਉਹਨਾਂ ਨੂੰ ਸਾਹ, ਫੇਫੜੇ, ਚਮੜੀ ਆਦਿ ਦੀਆਂ ਹੋਰ ਬਿਮਾਰੀਆਂ ਲੱਗ ਜਾਂਦੀਆਂ ਹਨ। ਲਗਾਤਾਰ ਇਸ ਜਹਿਰੀਲੀ ਗੈਸ ਨਾਲ਼ ਵਾਹ ਪੈਂਦੇ ਰਹਿਣ ਕਾਰਨ ਜ਼ਿਆਦਾਤਰ ਕਾਮਿਆਂ ਦੀ ਉਮਰ ਤੇ ਕੰਮ ਕਰਨ ਦੀ ਸਮਰੱਥਾ ਗੁਆ ਬਹਿੰਦੇ ਹਨ।

ਭਾਰਤ ਵਿੱਚ 1991 ਤੋਂ ਲਾਗੂ ਨਿੱਜੀਕਰਨ ਦੀਆਂ ਨੀਤੀਆਂ ਦੀ ਇਹਨਾਂ ਕਾਮਿਆਂ ਨੂੰ ਵੀ ਡੂੰਘੀ ਮਾਰ ਪਈ ਹੈ। ਸੀਵਰੇਜ ਸਫਾਈ ਦਾ ਬਹੁਤਾ ਕੰਮ ਹੁਣ ਨਿੱਜੀ ਕੰਪਨੀਆਂ, ਠੇਕੇਦਾਰਾਂ ਰਾਹੀਂ ਹੁੰਦਾ ਹੈ। 1999 ਤੋਂ ਨਗਰ ਨਿਗਮ ਤੇ ਦਿੱਲੀ ਜਲ ਵਿਭਾਗ ਨੇ ਕੋਈ ਪੱਕੀ ਭਰਤੀ ਨਹੀਂ ਕੀਤੀ। ਇਹ ਸਰਕਾਰੀ ਅਦਾਰੇ ਕਾਮਿਆਂ ਨੂੰ ਭਰਤੀ ਕਰਨ ਦੀ ਥਾਂ ਨਿੱਜੀ ਕੰਪਨੀਆਂ ਨਾਲ਼ ਠੇਕਾ ਕਰਦੇ ਹਨ, ਉਹ ਕੰਪਨੀਆਂ ਅੱਗੇ ਵੱਡੇ ਠੇਕੇਦਾਰਾਂ, ਛੋਟੇ ਠੇਕੇਦਾਰਾਂ, ਦਲਾਲਾਂ ਆਦਿ ਰਾਹੀਂ ਕਾਮਿਆਂ ਤੱਕ ਪਹੁੰਚਦੀਆਂ ਹਨ। ਇਸ ਤਰ੍ਹਾਂ ਨਾ ਤਾਂ ਕਾਮੇ ਨੂੰ ਪਤਾ ਹੁੰਦਾ ਹੈ ਕਿ ਉਹ ਅਸਲ ਵਿੱਚ ਕਿਸ ਅਧੀਨ ਕੰਮ ਕਰ ਰਿਹਾ ਹੁੰਦਾ ਹੈ ਤੇ ਨਾ ਹੀ ਪ੍ਰਸ਼ਾਸ਼ਨ ਜਾਂ ਕੰਪਨੀਆਂ ਨੂੰ ਮਜਦੂਰ ਬਾਰੇ ਕੋਈ ਜਾਣਕਾਰੀ ਹੁੰਦੀ ਹੈ। ਇਸ ਕਰਕੇ ਜੇ ਕਿਸੇ ਮਜਦੂਰ ਦੀ ਮੌਤ ਜਾਂ ਸ਼ਿਕਾਇਤ ਦੇ ਮਾਮਲੇ ਵਿੱਚ ਪੁਲਿਸ ਨੂੰ ਮਜਬੂਰੀ ਵੱਸ ਕੋਈ ਕਾਰਵਾਈ ਕਰਨੀ ਪੈ ਵੀ ਜਾਵੇ ਤਾਂ ਕੋਈ ਲੜ-ਸਿਰਾ ਹੱਥ ਹੀ ਨਹੀਂ ਆਉਂਦਾ। ਇੱਥੋਂ ਤੱਕ ਕਿ ਕਿਸੇ ਕਾਮੇ ਦੀ ਮੌਤ ‘ਤੇ ਇਹ ਵੀ ਆਖ ਦਿੱਤਾ ਜਾਂਦਾ ਹੈ ਕਿ “ਇਸਨੂੰ ਤਾਂ ਇਹ ਕੰਮ ਹੀ ਨਹੀਂ ਦਿੱਤਾ ਗਿਆ ਸੀ” ਜਾਂ “ਇੱਥੇ ਤਾਂ ਕੋਈ ਕੰਮ ਹੀ ਨਹੀਂ ਸੀ ਜੋ ਇਸਨੂੰ ਸੀਵਰੇਜ ਅੰਦਰ ਜਾਣ ਦੀ ਲੋੜ ਪਈ ਹੋਵੇ।” ਇਸ ਤਰਾਂ ਜਾਂ ਤਾਂ ਇਸ ਗੱਲੋਂ ਮੁੱਕਰਿਆ ਜਾਂਦਾ ਹੈ ਕਿ ਇਹ ਮਰ ਚੁੱਕਾ ਵਾਕਈ ਕੋਈ ਸਫਾਈ ਕਾਮਾ ਹੈ ਜਾਂ ਫੇਰ ਇਹ ਆਖ ਦਿੱਤਾ ਜਾਂਦਾ ਹੈ ਕਿ ਮੌਤ ਕੰਮ ਦੌਰਾਨ ਨਹੀਂ ਹੋਈ। ਇਸ ਤਰਾਂ ਕੰਮ ਦੌਰਾਨ ਹੋਈ ਮੌਤ ਨੂੰ ਕੋਈ ਚਾਣਚੱਕ ਹਾਦਸਾ, ਖੁਦਕੁਸ਼ੀ ਜਾਂ ਕਿਸੇ ਵੱਲੋਂ ਕਤਲ ਆਦਿ ਦੀ ਸੰਭਾਵਨਾ ਅਧੀਨ “ਸ਼ੱਕੀ” ਮਾਮਲਾ ਕਰਾਰ ਦੇ ਦਿੱਤਾ ਜਾਂਦਾ ਹੈ।

ਠੇਕੇਦਾਰ ਇਹਨਾਂ ਕਾਮਿਆਂ ਦੀ ਪੂਰੀ ਲੁੱਟ ਕਰਦੇ ਹਨ। ਇੱਕ ਤਾਂ ਲੋੜ ਨਾਲ਼ੋਂ ਘੱਟ ਕਾਮੇ ਰੱਖਕੇ ਉਹਨਾਂ ਉੱਪਰ ਕੰਮ ਦਾ ਬੋਝ ਵਧਾਇਆ ਜਾਂਦਾ ਹੈ। ਦਿੱਲੀ ਵਿੱਚ ਅੰਦਾਜਨ 80,000 ਕਾਮਿਆਂ ਦੀ ਲੋੜ ਹੈ ਪਰ ਕੱਚੇ-ਪੱਕੇ ਰਲ਼ਾ ਕੇ 30,000 ਬਣਦੇ ਹਨ ਤੇ ਉਹਨਾਂ ਵਿੱਚੋਂ 2,500 ਤੋਂ ਵੀ ਘੱਟ ਹੀ ਪੱਕੇ ਹਨ। ਦੂਜੇ ਪਾਸੇ ਉਹਨਾਂ ਨੂੰ ਤਨਖਾਹ ਵੀ ਸਮੇਂ ਸਿਰ ਨਹੀਂ ਮਿਲ਼ਦੀ ਤੇ ਕਈ ਵਾਰ ਮਿਲ਼ਦੀ ਹੀ ਨਹੀਂ। ਠੇਕੇ ਦੌਰਾਨ ਇੱਕ ਆਮ ਕਾਮਾ ਮਸਾਂ 5,000 ਰੁਪਏ ਮਹੀਨਾ ਹਾਸਲ ਕਰਦਾ ਹੈ ਜਿਸ ਨਾਲ਼ ਰਾਜਧਾਨੀ ਵਿੱਚ ਗੁਜਾਰਾ ਸੰਭਵ ਨਹੀਂ ਹੈ। ਜਿੱਥੇ ਇੱਕ ਵੱਡਾ ਹਿੱਸਾ ਘੱਟ ਤਨਖਾਹ ‘ਤੇ ਕੰਮ ਕਰਨ ਵਾਲ਼ੇ ਇਹਨਾਂ ਕੱਚੇ ਕਾਮਿਆਂ ਦਾ ਹੈ ਉੱਥੇ ਇੱਕ ਹਿੱਸਾ ਹੋਰ ਵੀ ਹੈ ਜਿਨ੍ਹਾਂ ਦੀ ਹਾਲਤ ਇਹਨਾਂ ਨਾਲ਼ੋਂ ਵੀ ਬਦਤਰ ਹੈ। ਇਹਨਾਂ ਨੂੰ ਕੰਮ ਦਿਹਾੜੀ ਮੁਤਾਬਕ ਮਿਲ਼ਦਾ ਹੈ। ਅਚਾਨਕ ਕੋਈ ਕੰਮ ਆ ਪੈਣ, ਕੰਮ ਦਾ ਬੋਝ ਵਧਣ ਜਾਂ ਕਿਸੇ ਕਾਮੇ ਦੀ ਛੁੱਟੀ, ਬਿਮਾਰੀ ਆਦਿ ਦੀ ਹਾਲਤ ਵਿੱਚ ਇਹਨਾਂ ਨੂੰ ਕੰਮ ਮਿਲ਼ਦਾ ਹੈ। ਇਹਨਾਂ ਕਾਮਿਆਂ ਨੂੰ ਮਹੀਨੇ ਵਿੱਚ ਮਸਾਂ 10 ਦਿਨ ਕੰਮ ਮਿਲ਼ਦਾ ਹੈ।

ਆਮ ਤੌਰ ‘ਤੇ ਇੱਕ ਸੀਵਰੇਜ ਦੀ ਸਫਾਈ ਲਈ 7 ਕਾਮਿਆਂ ਦੀ ਟੀਮ ਦੀ ਲੋੜ ਹੁੰਦੀ ਹੈ ਜਿਨਾਂ ਵਿੱਚ ਵੱਖ-ਵੱਖ ਕੰਮ ਵੰਡੇ ਜਾਂਦੇ ਹਨ। ਪਰ ਠੇਕੇ ਅਧੀਨ ਇਹ 7 ਜਣਿਆਂ ਦੀ ਟੀਮ ਕਦੇ ਪੂਰੀ ਨਹੀਂ ਹੁੰਦੀ ਸਗੋਂ 3-4 ਜਣਿਆਂ ਨਾਲ਼ ਹੀ ਕੰਮ ਚਲਾਉਣਾ ਪੈਂਦਾ ਹੈ ਤੇ ਕਈ ਵਾਰ ਤਾਂ ਇਕੱਲੇ ਜਣੇ ਨੂੰ ਵੀ ਸੀਵੇਰਜ ‘ਚ ਵੜਨਾ ਪੈਂਦਾ ਹੈ, ਨਹੀਂ ਤਾਂ ਕੰਮ ਤੋਂ ਜੁਆਬ ਮਿਲ਼ ਜਾਂਦਾ ਹੈ ਤੇ ਇਹ ਉਹਨਾਂ ਦੀ ਜਾਨ ਜਾਣ ਦਾ ਕਾਰਨ ਬਣਦਾ ਹੈ। ਇਸ ਤੋਂ ਬਿਨਾਂ ਹਰ ਨਵਾਂ ਕਾਮਾ ਪਹਿਲਾਂ ਪੁਰਾਣਿਆਂ ਹੇਠ ਕੰਮ ਦੀ ਸਿਖਲਾਈ ਹਾਸਲ ਕਰਦਾ ਸੀ, ਪਰ ਠੇਕੇ ਅਧੀਨ ਅਜਿਹੀ ਸਿਖਲਾਈ ਦਾ ਕੋਈ ਮਤਲਬ ਨਹੀਂ, ਜੇ ਤਨਖਾਹ ਚਾਹੀਦੀ ਹੈ ਤਾਂ ਤੁਹਾਨੂੰ ਹਰ ਹਾਲ ਸਭ ਕੰਮ ਕਰਨੇ ਪੈਣਗੇ। ਇਸੇ ਕਾਰਨ ਅਨੇਕਾਂ ਕਾਮਿਆਂ ਦੀ ਤਜਰਬੇ ਤੇ ਸਿਖਲਾਈ ਦੀ ਘਾਟ ਕਾਰਨ ਵੀ ਸੀਵਰੇਜ ਅੰਦਰ ਹੀ ਮੌਤ ਹੋ ਜਾਂਦੀ ਹੈ। ਸੁਰੱਖਿਆ ਉਪਰਕਰਨਾਂ ਤੇ ਹੋਰ ਲੋੜੀਂਦੇ ਪ੍ਰਬੰਧਾਂ ਦੀ ਅਣਹੋਂਦ ਕਾਰਨ ਮਰਨ ਵਾਲ਼ਿਆਂ ਦੀ ਗਿਣਤੀ ਵੱਖਰੀ ਹੈ।

ਇਸੇ ਤਰਾਂ ਬੀਤੀ 12 ਨਵੰਬਰ ਨੂੰ ਦਿੱਲੀ ਦੇ ਕੇਸ਼ੋਪੁਰ ਇਲਾਕੇ ਦੇ ਸੀਵਰੇਜ ਵਿੱਚ 22 ਸਾਲਾ ਸਫਾਈ ਕਾਮੇ ਵਿਨੈ ਸਿਰੋਹੀ ਦੀ ਮੌਤ ਹੋ ਗਈ। ਉਸਨੂੰ ਕੰਮ ਦੀਆਂ ਉਪਰੋਕਤ ਮਜ਼ਬੂਰੀਆਂ ਕਾਰਨ ਇਕੱਲਿਆਂ ਹੀ ਸਵੇਰ 11 ਵਜੇ ਸੀਵਰੇਜ ਅੰਦਰ, ਬੇਸ਼ੱਕ ਬਿਨਾਂ ਕਿਸੇ ਸੁਰੱਖਿਆ ਸਾਧਨ ਦੇ, ਉੱਤਰਨਾ ਪਿਆ ਜਿੱਥੇ ਪੈਰ ਤਿਲਕਣ ਕਾਰਨ ਉਸਦੀ ਮੌਤ ਹੋ ਗਈ। ਉਸਦੀ ਮੌਤ ਨੂੰ ਵੀ ਫਿਰ ਇਹ ਆਖ ਕੇ ਸ਼ੱਕੀ ਕਰਾਰ ਦੇ ਦਿੱਤਾ ਗਿਆ ਕਿ ਉੱਥੇ ਤਾਂ ਕੋਈ ਕੰਮ ਸੀ ਤੇ ਨਾ ਹੀ ਉਸਦੇ ਇਕੱਲੇ ਜਾਣ ਦਾ ਕੋਈ ਮਤਲਬ ਬਣਦਾ ਹੈ। ਇੱਥੋਂ ਤੱਕ ਕਿ ਉਸਦੇ ਮੋਬਾਇਲ ਦਾ 2 ਦਿਨਾਂ ਦਾ ਕਾਲ ਰਿਕਾਰਡ ਹੀ ਡਿਲੀਟ ਕਰ ਦਿੱਤਾ ਗਿਆ ਤਾਂ ਜੋ ਇਹ ਪਤਾ ਹੀ ਨਾ ਲੱਗ ਸਕੇ ਕਿ ਉਸਨੂੰ ਕਿਸਨੇ ਕੰਮ ‘ਤੇ ਭੇਜਿਆ ਸੀ।

ਸਭ ਆਧੁਨਿਕ ਸਹੂਲਤਾਂ ਨਾਲ਼ ਲੈਸ ਰਾਜਧਾਨੀ ਦਿੱਲੀ ਵਿੱਚ ਸੀਵਰੇਜ ਗਟਰਾਂ ਅਤੇ ਪਾਈਪਾਂ ਦੀ ਸਫਾਈ ਦਾ ਕੰਮ ਭਾਰਤ ਵਿੱਚ ਮੁੱਖ ਤੌਰ ‘ਤੇ ਅੱਜ ਵੀ ਬਿਨਾਂ ਮਸੀਨਾਂ ਤੋਂ ਹੀ ਹੁੰਦਾ ਹੈ। ਗਟਰ ਵਿੱਚ ਕਾਮਿਆਂ ਨੂੰ ਵਾੜ ਕੇ ਸਫਾਈ ਕਰਾਉਣੀ ਗੈਰ ਕਨੂੰਨੀ ਹੈ। ਇਸ ‘ਤੇ ਰੋਕ ਲਈ ਭਾਰਤ ਵਿੱਚ 1993 ਵਿੱਚ ਇੰਪਲਾਈਮੈਂਟ ਆਫ ਮੈਨੂਅਲ ਸਕੈਵੈਨਜਰਜ ਐਂਡ ਕੰਸਟ੍ਰਕਸਨ ਆਫ ਡ੍ਰਾਈ ਲੈਟਰੀਨਜ (ਪ੍ਰੋਹਿਬਿਸਨ) ਐਕਟ ਬਣਿਆ ਸੀ। ਪਰ ਇਹ ਕਨੂੰਨੀ ਰੋਕ ਲਾਗੂ ਨਹੀਂ ਹੈ। ਇਹਨਾਂ ਕਾਮਿਆਂ ਨੂੰ ਸੁਰੱਖਿਆ ਸਾਧਨ ਮੁਹੱਈਆ ਕਰਵਾਉਣੇ ਲਾਜ਼ਮੀ ਹਨ ਤੇ ਅਨੇਕਾਂ ਵਾਰ ਵੱਖ-ਵੱਖ ਸਰਕਾਰਾਂ ਨੂੰ ਅਦਾਲਤਾਂ ਨੇ ਇਹ ਸਾਧਨ ਮੁਹੱਈਆ ਕਰਵਾਉਣ ਲਈ ਹੁਕਮ ਜਾਰੀ ਕੀਤੇ ਹਨ, ਪਰ “ਆਮ ਆਦਮੀਆਂ” ਦੀ ਸਰਕਾਰ ਸਮੇਤ ਕਦੇ ਵੀ ਕਿਸੇ ਸਰਕਾਰ ਨੇ ਇਹਨਾਂ ਦੀ ਸਾਰ ਨਹੀਂ ਲਈ। ਸਗੋਂ ਅਕਸਰ ਸੰਦ ਵਗੈਰਾ ਵੀ ਕਾਮਿਆਂ ਨੂੰ ਆਪਣੇ ਹੀ ਖਰੀਦਣੇ ਪੈਂਦੇ ਹਨ।

ਰਾਜਧਾਨੀ ਦੇ ਇਹਨਾਂ ਸਫਾਈ ਕਾਮਿਆਂ ਨੇ ਅਨੇਕਾਂ ਵਾਰ ਹੜਤਾਲਾਂ, ਮੁਜਾਹਰੇ ਕਰਕੇ ਸੁਰੱਖਿਆ ਸਾਧਨਾਂ, ਕੱਚਿਆਂ ਨੂੰ ਪੱਕੇ ਕੀਤੇ ਜਾਣ, ਤਨਖਾਹ ਵਧਾਉਣ ਤੇ ਕੰਮ ਕਰਨ ਦੀ ਆਧੁਨਿਕ ਮਸ਼ੀਨਰੀ ਤੇ ਤਕਨੀਕ ਲਿਆਏ ਜਾਣ ਦੀ ਮੰਗ ਕੀਤੀ ਹੈ ਪਰ ਦਿੱਲੀ ਜਲ ਵਿਭਾਗ ਤੇ ਪ੍ਰਸ਼ਾਸ਼ਨ ਫੰਡਾਂ ਦੀ ਘਾਟ ਦਾ ਢੋਲ ਖੜਕਾਕੇ ਇਹਨਾਂ ਮੰਗਾਂ ਨੂੰ ਅਣਗੌਲ਼ਿਆਂ ਕਰ ਦਿੰਦਾ ਹੈ। ਧਿਆਨ ਰਹੇ “ਫੰਡਾਂ ਦੀ ਘਾਟ” ਦੇ ਬਾਵਜੂਦ ਪਿਛਲੇ ਦਿਨੀਂ ਕੇਜਰੀਵਾਲ ਸਰਕਾਰ ਨੂੰ ਦਿੱਲੀ ਦੇ ਮੰਤਰੀਆਂ, ਵਿਧਾਇਕਾਂ ਦੀਆਂ ਤਨਖਾਹਾਂ, ਭੱਤਿਆਂ ਵਿੱਚ ਕਈ ਗੁਣਾ ਵਾਧਾ ਕਰਨ ਵਿੱਚ ਕੋਈ ਤਕਲੀਫ ਨਹੀਂ ਹੋਈ।

ਸਫਾਈ ਕਾਮਿਆਂ ਦਾ ਸਿਰਫ ਰਾਜਧਾਨੀ ਵਿੱਚ ਹੀ ਨਹੀਂ ਸਗੋਂ ਸਮੁੱਚੇ ਭਾਰਤ ਵਿੱਚ ਇਹ ਹਾਲ ਹੈ। ਸਗੋਂ ਜੇ ਦੇਸ਼ ਦਾ ਸਭ ਤੋਂ ਵੱਧ ਮਹੱਤਵਪੂਰਨ ਅੰਗ ਕਹਾਈ ਜਾਂਦੀ ਰਾਜਧਾਨੀ ਦੇ ਕਾਮਿਆਂ ਦਾ ਇਹ ਹਾਲ ਹੈ ਤਾਂ ਬਾਕੀ ਥਾਵਾਂ ‘ਤੇ ਤਾਂ ਹਾਲਤ ਲਾਜ਼ਮੀ ਹੀ ਹੋਰ ਵੀ ਮਾੜੀ ਹੋਵੇਗੀ। ਇੱਥੇ ਇਹ ਵੀ ਯਾਦ ਦੁਆ ਦੇਈਏ ਕਿ ਮੋਦੀ ਵੱਲੋਂ ਸ਼ੁਰੂ ਕੀਤੇ ‘ਸਵੱਛ ਭਾਰਤ ਅਭਿਆਨ’ ਨੂੰ ਵੀ ਸਾਲ ਪੂਰਾ ਹੋ ਚੁੱਕਾ ਹੈ। ਜਿਸਦੇ ਤਹਿਤ ਅਨੇਕਾਂ ਸਰਕਾਰੀ ਸੰਸਥਾਵਾਂ ਵਿੱਚ ਅਫਸਰਾਂ, ਮੰਤਰੀਆਂ ਤੇ ਮੁਲਾਜਮਾਂ ਨੇ ਹੱਥ ਵਿੱਚ ਝਾੜੂ ਲੈਕੇ ਆਪਣੇ ਦੰਦ ਵਿਖਾਉਂਦਿਆਂ ਆਪਣੀਆਂ ਤਸਵੀਰਾਂ ਅਖਬਾਰਾਂ ਵਿੱਚ ਲੁਆਈਆਂ ਹਨ। ਸਫਾਈ ਕਾਮਿਆਂ ਦੀ ਹਾਲਤ ਤੋਂ ਸਾਫ ਹੈ ਕਿ ਇਹ ‘ਸਵੱਛ ਭਾਰਤ ਅਭਿਆਨ’ ਅਖਬਾਰਾਂ ਤੱਕ ਹੀ ਸੀਮਤ ਹੈ। ਰਾਜਧਾਨੀ ਦੇ ਕਾਮਿਆਂ ਦੀ ਇਹ ਹਾਲਤ ਇਸ ਸਰਮਾਏਦਾਰਾ ਪ੍ਰਬੰਧ ਦੇ ਮਨੁੱਖਦੋਖੀ ਕਿਰਦਾਰ ਦੀ ਹੋਰ ਗਵਾਹੀ ਪੇਸ਼ ਕਰਦੀ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 47, ਜਨਵਰੀ 2016 ਵਿਚ ਪਰ੍ਕਾਸ਼ਤ

Advertisements