ਰਾਹਾਂ ਦੀ ਕਹਾਣੀ •ਪੋ. ਰਣਧੀਰ ਸਿੰਘ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅਸੀਂ ਮਨੁੱਖ,
ਬੇ-ਰੁਜ਼ਗਾਰ
ਬੇ-ਪਿਆਰ
ਬੇ-ਹਥਿਆਰ
ਉੱਠ ਰਹੇਂ ਹਾਂ ਆਪਣਿਆਂ ਪੈਰਾਂ ਉੱਤੇ-

ਅਸਾਂ ਮੁੜ ਮੁੜ ਛੂਹੀ ਜ਼ਮੀਨ,
ਚੁੱਪ ਤੇ ਗ਼ਮਗੀਨ
ਜ਼ਬਰ ਜੁਗਾਂ ਦੇ ਥੱਲੇ-ਐਪਰ
ਮੋੜਿਆ ਨਾ ਮੂੰਹ ਉਹਨੇ,

ਅਸਾਂ ਚੁੰਮੇ ਪ੍ਰੇਮਕਾਵਾਂ ਦੇ ਮੱਥੇ,
ਨਿੱਖਰੇ ਪਹੁ-ਫੁਟਾਲੇ ਵਾਂਗ-
ਪਰ ਪਰਛਾਵੇਂ ਚੜ੍ਹਦੇ ਹੀ ਆਏ,
ਪਿਆਰ ਨੇ ਨਫ਼ਰਤ ਮੰਗੀ,

ਅਸਾਂ ਰੱਜ ਰੱਜ ਗਾਹੀਆਂ ਪਟੜੀਆਂ,
ਬੇ-ਤਰਸ, ਬੇ-ਦਿਲ, ਬੇ-ਆਸ-
‘ਵਾਵਾਂ ਵਿੱਚ ਸੀ ਮੁਸ਼ਕ ਖੂਨ ਦੀ,
ਪੱਥਰਾਂ ਵਿਚ ਭੁੱਖਾਂ ਦਾ ਸੁਆਦ,

ਪਰਤ ਆਏ ਅਸੀਂ
ਘੁੱਟੇ ਹੌਕੇ ਵਾਂਗ-
ਅਸੀਂ ਲੀਡਰ ਦੇ ਦਰ ਪੁੱਜੇ,
ਬਿਆਨ, ਸਕੀਮਾਂ, ਵਹਿਦੇ, ਕਾਗਜ਼,
ਰੰਗੇ ਢੇਰ ਲਾ ਉਹਨੇ ਆਖਿਆ,
ਜਾਓ, ਜੀਓ ਇਹਨਾਂ ‘ਤੇ!

ਅਸੀਂ ਹਾਕਮ ਦੇ ਦਰ ਪੁੱਜੇ,
ਆਪਣੇ ਪਰਜਾ-ਰਾਜ ਦੇ ਮੋਢਿਆਂ
ਉੱਤੇ ਰੱਖ ਬੰਦੂਕਾਂ ਉਸ ਵੀ
ਦਿੱਤਾ ਦਾਗ਼ ਜਵਾਬ,

ਅਸੀਂ ਪਰਤ ਆਏ ਲੋਕਾਂ ਵੱਲੇ,
ਮੁੱਕ ਚੁੱਕੇ ਸਨ ਬੱਚਿਆਂ ਦੇ ਅੱਥਰੂ,
ਸੱਦ ਰਹੇ ਇਤਿਹਾਸ ਵਿੱਚੋਂ ਸੀ
ਕਈ ਇਸ਼ਾਰੇ ਲਾਲ,

ਅਸੀਂ ਉੱਠੇ ਤੁਰੇ
ਹਥਿਆਰਾਂ ਦੀ ਕਰਦੇ ਭਾਲ਼-

ਅਸੀਂ ਮਨੁੱਖ,
ਬੇ-ਰੁਜ਼ਗਾਰ
ਬੇ-ਪਿਆਰ
ਬੇ-ਹਥਿਆਰ
ਉੱਠ ਰਹੇ ਹਾਂ ਆਪਣਿਆਂ ਪੈਰਾਂ ਉੱਤੇ…

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 56, 16 ਜੂਨ 2016 ਵਿੱਚ ਪ੍ਰਕਾਸ਼ਤ

Advertisements