‘ਰੈਂਕ ਐਂਡ ਫਾਈਲ ਬਾਲਸ਼ਵਿਕ’ : ਇੱਕ ਬਾਲਸ਼ਵਿਕ ਦੀਆਂ ਘਾਲਣਾਵਾਂ ਦੀ ਦਾਸਤਾਨ •ਛਿੰਦਰਪਾਲ

ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ

ਇਨਕਲਾਬ ਕੋਈ ਕਸੀਦਾ ਕੱਢਣਾ ਨਹੀਂ ਹੁੰਦਾ, ਇਹ ਜਮਾਤਾਂ ਦਾ ਆਪਸੀ ਭੇੜ ਹੁੰਦਾ ਹੈ। ਅਕਤੂਬਰ 1917 ਦਾ ਰੂਸੀ ਇਨਕਲਾਬ ਵੀ ਇਸ ਧਾਰਨਾ ਦੀ ਪੁਸ਼ਟੀ ਕਰਦਾ ਹੈ। ਪਹਿਲਾਂ ਰੂਸ ਵਿੱਚ ਸਮਾਜਵਾਦ ਤੇ ਫਿਰ ਮਗਰੋਂ ਸੋਵੀਅਤ ਯੂਨੀਅਨ ਦਾ ਹੋਂਦ ਵਿੱਚ ਆਉਣਾ, ਉਹ ਲੰਬੇ ਸੰਘਰਸ਼ ਤੇ ਕੁਰਬਾਨੀਆਂ ਦਾ ਹੀ ਸਿੱਟਾ ਸਨ। ਇਸ ਇਨਕਲਾਬ ਦੇ ਮਹਾਨ ਆਗੂਆਂ ਦੇ ਤੌਰ ’ਤੇ ਅਸੀਂ ਲੈਨਿਨ, ਸਤਾਲਿਨ, ਸਵੇਰਦੋਲੋਵ ਅਤੇ ਕਿਰੋਵ ਆਦਿ ਨੂੰ ਜਾਣਦੇ ਹਾਂ। ਪਰ ਇਸਤੋਂ ਬਿਨ੍ਹਾਂ ਹਜ਼ਾਰਾਂ ਜ਼ਮੀਨੀ ਕੰਮ ਕਰਨ ਵਾਲ਼ੇ ਕਮਿਊਨਿਸਟ ਕਾਰਕੁੰਨਾਂ, ਜਿਹਨਾਂ ਪਿੰਡਾਂ-ਸ਼ਹਿਰਾਂ ਦੇ ਮਜ਼ਦੂਰਾਂ ਨਾਲ਼ ਸਾਂਝ ਗੰਢਕੇ ਉਹਨਾਂ ਨੂੰ ਲਾਮਬੰਦ-ਜਥੇਬੰਦ ਕੀਤਾ, ਉਹਨਾਂ ਜੁਝਾਰੂ ਕਾਰਕੁੰਨਾਂ ਦੇ ਸਮਪਰਣ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ। ਇਹ ਉਹ ਹਜਾਰਾਂ ਲੋਕ ਸਨ- ਜਿਹਨਾਂ ਦੇ ਜਿਹਨ ’ਚ ਇਹ ਅਟੱਲ਼ ਭਰੋਸਾ ਸੀ ਕਿ ਮੌਜੂਦਾ ਵੇਲੇ ਦੀਆਂ ਦੁਸ਼ਵਾਰੀਆਂ ਨੂੰ ਲੋਕ ਤਾਕਤ ਦੇ ਦਮ ਤੇ ਇਨਕਲਾਬ ਨਾਲ਼ ਬਦਲਕੇ ਲੋਕਾਂ ਦੀ ਪੁੱਗਤ ਵਾਲ਼ਾ ਸਮਾਜ ਬਣਾਇਆ ਜਾ ਸਕਦਾ ਹੈ।

ਇਹਨਾਂ ਜ਼ਮੀਨੀ ਕਮਿਊਨਿਸਟ ਕਾਰਕੁੰਨਾਂ ’ਚੋਂ ਇੱਕ ਨਾਂ ਸਿਸਿਲਿਆ ਬੋਬਰੋਵਸਕਾਇਆ (1873-1960 ਈਸਵੀ) ਦਾ ਵੀ ਆਉਂਦਾ ਹੈ- ਜਿਸਨੇ ਆਵਦੀ ਪੂਰੀ ਜ਼ਿੰਦਗੀ ਇਨਕਲਾਬ ਦੇ ਲ਼ੇਖੇ ਲਾਈ। ‘ਰੈਂਕ-ਐਂਡ-ਫਾਈਲ ਬਾਲਸ਼ਵਿਕ’ ਪੁਸਤਕ ਕਾਮਰੇਡ ਸਿਸਿਲਿਆ ਦੀਆਂ ਇਹਨਾਂ ਘਾਲਣਾਵਾਂ ਦਾ ਦਸਤਾਵੇਜ ਹੈ। ਬੇਲਾਰੂਸ-ਰੂਸੀ ਹੱਦ ’ਤੇ ਪੈਂਦੇ ਪਿੰਡ ਵਿੱਚ ਪੈਦਾ ਹੋਈ ਸਿਸਿਲਿਆ ਜਵਾਨੀ ਸਮੇਂ ਵਾਰਸਾ ਸ਼ਹਿਰ ਵਿੱਚ ਸਮਾਜਵਾਦੀ ਵਿਚਾਰਾਂ ਦੇ ਪ੍ਰਭਾਵ ਵਿੱਚ ਆਕੇ ਇੱਕ ਕਮਿਊਨਿਸਟ ਬਣੀ। ਸਮਾਜ ਬਦਲਣ ’ਚ ਉਸਦੀ ਲਗਨ, ਤੰਗੀਆਂ-ਤੁਰਸ਼ੀਆਂ ਪ੍ਰਤੀ ਨਫਰਤ, ਮਜ਼ਦੂਰ ਜਮਾਤ ਨਾਲ਼ ਪਿਆਰ ਅਤੇ ਪੜ੍ਹਨ-ਲਿਖਣ ਦੀਆਂ ਰੁਚੀਆਂ ਕਰਕੇ ਉਹ ਕਮਿਊਨਿਸਟ ਲਹਿਰ ਵਿੱਚ ਸਰਗਰਮ ਹੋ ਗਈ। ਪਹਿਲਾਂ ਉਹ ਰੂਸੀ ਸਮਾਜਿਕ ਜਮਹੂਰੀ ਮਜ਼ਦੂਰ ਪਾਰਟੀ ਤੇ ਫਿਰ ਉਸਦੇ ਬਾਲਸ਼ਵਿਕ ਧੜੇ ਵਿੱਚ ਸਰਗਰਮ ਰਹੀ। ਕਾਮਰੇਡ ਸਿਸਿਲਿਆ ਉਹਨਾਂ ਹਜਾਰਾਂ ਮਜ਼ਦੂਰ ਕਾਰਕੁੰਨਾਂ ’ਚੋਂ ਇੱਕ ਸੀ- ਜਿਹਨਾਂ ਇਨਕਲਾਬ ਲਈ ਕੁਲਵਕਤੀ ਵਜੋਂ ਕੰਮ ਕਰਨ ਦਾ ਫੈਸਲਾ ਲਿਆ। ਉਹਨਾਂ ਆਵਦੀ ਸਮੁੱਚੀ ਸਿਆਸੀ ਜ਼ਿੰਦਗੀ ’ਚੋਂ ਅੱਡ-ਅੱਡ ਮੋਰਚਿਆਂ ’ਤੇ ਵੀਹ ਸਾਲ ਰੂਪੋਸ਼ ਹੋਕੇ ਕੰਮ ਕੀਤਾ, ਜੇਲ੍ਹਾਂ-ਜਲਾਵਤਨੀਆਂ ਕੱਟੀਆਂ।

ਕਾਮਰੇਡ ਸਿਸਿਲਿਆ ਦੀਆਂ ਇਹ ਜੀਵਨ ਯਾਦਾਂ ’ਚੋਂ ਸਾਨੂੰ ਕਈ ਅਣਗੌਲੇ ਕਮਿਊਨਿਸਟਾਂ ਦੇ ਜੀਵਨ ਬਾਰੇ ਜਾਣਕਾਰੀ ਮਿਲ਼ਦੀ ਹੈ- ਜਿਹਨਾਂ ਸਮਾਜਵਾਦ ਦੇ ਕਾਜ ਨੂੰ ਜ਼ਿੰਦਗੀ ਦੇ ਆਖਰੀ ਸਾਹ ਤੱਕ ਪਿਆਰ ਕੀਤਾ। ਪੁਸਤਕ ਦਾ ਪਹਿਲਾ ਪਾਠ ਉਹਨਾਂ ਕਮਿਊਨਿਸਟਾਂ ਦੀਆਂ ਸੰਖੇਪ ਜੀਵਨ-ਝਾਕੀਆਂ ਸਾਡੇ ਸਾਹਮਣੇ ਪੇਸ਼ ਕਰਦਾ ਹੈ। ਜਿਵੇਂ ਲੱਕੜ ਦੇ ਮਿਸਤਰੀਆਂ ਦਾ ਅਧਿਐਨ ਮੰਡਲ ਚਲਾਉਣ ਵਾਲਾ ਫਿਉਦੋਰ ਲੁਬਿੰਮਸਕੀ- ਜੋ ਇੱਕ ਉੱਚ ਘਰਾਣੇ ’ਚ ਪੈਦਾ ਹੋਣ ਦੇ ਬਾਵਜੂਦ ਆਵਦੇ ਵਿਦਿਆਰਥੀ ਜੀਵਨ ਤੋਂ ਹੀ ਮਜ਼ਦੂਰ ਲਹਿਰ ’ਚ ਸਰਗਰਮ ਰਿਹਾ। ਫਿਉਦੋਰ ਮਜ਼ਦੂਰਾਂ ’ਚ ਇੱਕ ਹਰਮਨ ਪਿਆਰਾ ਪ੍ਰਚਾਰਕ ਤੇ ਨਿੱਤਦਿਨ ਦੇ ਸ਼ੰਘਰਸ਼ਾਂ ’ਚ ਅਗਵਾਈ ਕਰਨ ਵਾਲ਼ਾ ਆਗੂ ਸੀ। ਫੀਤਾ ਬਨਾਉਣ ਵਾਲ਼ਿਆਂ ਦੇ ਅਧਿਐਨ ਮੰਡਲ ਚਲਾਉਣ ਵਾਲ਼ਾ ਸ਼ਾਸ਼ਾ- ਜੋ ਜਨਤਕ ਮੁਜਾਹਰਿਆਂ, ਹੜਤਾਲਾਂ, ਜਨਤਕ ਕੰਮਾਂ ਤੇ ਵਿਦਰੋਹ ਦੀਆਂ ਸਕੀਮਾਂ ਬਨਾਉਂਣ ’ਚ ਸਰਗਰਮ ਰਹਿੰਦਾ। ਉਹ ਭੂਮੀਗਤ ਕੰਮਾਂ, ਖਾਸਕਰ ਗੁਪਤ ਛਾਪੇਖਾਨੇ ਦੇ ਕੰਮਾਂ ਦਾ ਮਾਹਰ ਸੀ। ਗੁਪਤ ਛਾਪੇਖਾਨੇ ਦੇ ਕੰਮਾਂ ਵਿੱਚ ਉਸਨੇ ਪਹਿਲੀ ਵਾਰ ਸਿਸਿਲਿਆ ਨੂੰ ਸ਼ਾਮਲ ਕੀਤਾ। ਲਿਥੂਆਨੀ ਦਸਤਕਾਰਾਂ ਦੇ ਮੰਡਲ ਦਾ ਆਗੂ ਗਰੀਸ਼ਾ ਜਾਰੋਵ। ਖਾਰਕੋਵ ਰੇਲਵੇ ਫੈਕਟਰੀ ਦਾ ਸਿਮੋਨੋਵ, ਇਵਾਨੋਵੋ-ਵੋਜਨੇਸਿੰਸਕ ਦਾ ਮਾਖੋਵ, ਗਰੀਬ ਕਿਸਾਨ ਦਾ ਪੁੱਤਰ ਵੇਲੰਤਾਈਨ ਤੇ ਇਵਾਨ ਬਬੂਸ਼ਕਿਨ ਵਰਗਾ ਮਜ਼ਦੂਰ ਬੁੱਧੀਜੀਵੀ ਤੇ ਯੋਧਾ ਅਤੇ ਇਸ ਤਰ੍ਹਾਂ ਹੋਰ ਦਰਜਨਾਂ ਮਜ਼ਦੂਰ ਕਾਰਕੁੰਨਾਂ-ਜਥੇਬੰਦਕਾਂ ਅਤੇ ਹਮਦਰਦਾਂ, ਜਿਹਨਾਂ ਜਾਰਸ਼ਾਹੀ ਜਬਰ ਦੀ ਪਰਵਾਹ ਨਾ ਕਰਦਿਆਂ ਪਾਰਟੀ ਕੰਮਾਂ ਲਈ ਤਨ-ਧਨ-ਮਨ ਨਾਲ਼ ਆਵਦੇ ਆਪ ਨੂੰ ਕੁਰਬਾਨ ਕੀਤਾ, ਬਾਰੇ ਕਾਮਰੇਡ ਸਿਸਿਲਿਆ ਦੀਆਂ ਇਹਨਾਂ ਜੀਵਨ ਯਾਦਾਂ ਵਿੱਚ ਜ਼ਿਕਰ ਮਿਲ਼ਦਾ ਹੈ। ਇਹਨਾਂ ਕਾਰਕੁੰਨਾਂ ਨੇ ਮਾਰਕਸਵਾਦੀ ਸਿੱਖਿਆਵਾਂ ਤੇ ਲੈਨਿਨ ਦੀ ਅਗਵਾਈ ਦੇ ਇਰਦ ਗਿਰਦ ਲੋਕਾਂ ਨੂੰ ਜਥੇਬੰਦ ਕਰਨ ਅਤੇ ਉਹਨਾਂ ਦੇ ਨਿੱਤਦਿਨ ਦੇ ਘੋਲਾਂ ’ਚ ਅਗਵਾਈ ਕਰਨ ਦੇ ਵਡਮੁੱਲੇ ਕਾਜ ’ਚ ਯੋਗਦਾਨ ਪਾਇਆ। ਭਾਵੇਂ ਇਹਨਾਂ ਕਾਰਕੁੰਨਾਂ ਦਾ ਸਫਰ ਕੰਮ-ਖੇਤਰ ਤੋਂ ਜੇਲ੍ਹ ਜਾਂ ਸਾਇਬੇਰੀਆ ਦੀ ਜਲਾਵਤਨੀ ਤੱਕ ਹਮੇਸ਼ਾ ਜਾਰੀ ਰਿਹਾ। ਪਰ ਇਹ ਸਭ ਵੀ ਉਹਨਾਂ ਦੀ ਇਨਕਲਾਬੀ ਸਪਿਰਟ ਨੂੰ ਢਾਹ ਨਾ ਸਕਿਆ ਤੇ ਜੇਲ੍ਹ ਜਾਂ ਸਾਇਬੇਰੀਆ ਦੇ ਖੇਤਰ ਨੂੰ ਵੀ ਉਹਨਾਂ ਮਾਰਕਸਵਾਦ ਦੇ ਅਧਿਐਨ ਅਤੇ ਰੋਜ਼ਾਨਾ ਕੰਮ ਦੀਆਂ ਠੋਸ ਸਮੱਸਿਆਵਾਂ ਦੇ ਵਿਸ਼ਲੇਸ਼ਣ ਲਈ ਵਰਤਿਆ।

ਬੋਬਰੋਵਸਕਾਇਆ ਦੀਆਂ ਜੀਵਨ ਯਾਦਾਂ ਇਸ ਗੱਲ਼ੋਂ ਵੀ ਮਹੱਤਵਪੂਰਨ ਹਨ ਕਿ ਇਸ ਵਿੱਚ ਉਹ ਵਿਖਾਉਂਦੀ ਹੈ ਕਿ ਰੂਸੀ ਇਨਕਲਾਬੀਆਂ ਵਿੱਚ ਔਰਤਾਂ ਦੀ ਵੱਡੀ ਗਿਣਤੀ ਸਰਗਰਮ ਸੀ। ਆਵਦੀਆਂ ਜੀਵਨ ਯਾਦਾਂ ਵਿੱਚ ਸਿਸਿਲਿਆ ਕਈ ਔਰਤ ਇਨਕਲਾਬੀਆਂ ਅਤੇ ਕਈ ਕਈ ਮਜ਼ਦੂਰ ਕਾਰਕੁੰਨਾਂ ਦੀਆਂ ਪਤਨੀਆਂ ਦੇ ਜੀਵਨ ਦੀ ਵੀ ਚਰਚਾ ਕਰਦੀ ਹੈ, ਜੋ ਕਿਸੇ ਗੱਲੋਂ ਵੀ ਕੁਰਬਾਨੀ ਤੇ ਜਜ਼ਬੇ ਪੱਖੋਂ ਊਣੀਆਂ ਨਹੀਂ ਸਨ।

ਸਿਸਿਲਿਆ ਬੋਬਰੋਵਸਕਾਇਆ ਇੱਕ ਜ਼ਮੀਨੀ ਕਾਰਕੁੰਨ ਹੋਣ ਦੇ ਨਾਲ਼ ਨਾਲ਼ ਸਿਧਾਂਤਕ ਸਪੱਸ਼ਟਤਾ ਪੱਖੋਂ ਵੀ ਪ੍ਰਪੱਕਤਾ ਵਿਖਾਉਂਦੀ ਰਹੀ। ਅੱਢੋ-ਅੱਢ ਸਮਿਆਂ ਤੇ ਰੂਸੀ ਸਮਾਜਿਕ ਜਮਹੂਰੀ ਪਾਰਟੀ ਅੰਦਰ ਉਠੱਦੇ ਸਵਾਲਾਂ ਤੇ ਜਦੋਂ ਬਾਲਸ਼ਵਿਕਾਂ ਤੇ ਮੈਨਸ਼ਵਿਕਾਂ ਦਰਮਿਆਨ ਭੇੜ ਹੁੰਦਾ ਤਾਂ ਸਿਸਿਲਿਆ ਨੇ ਆਵਦੀ ਸਿਧਾਂਤਕ ਸੂਝ ਸਦਕਾ ਹਮੇਸ਼ਾ ਬਾਲਸ਼ਵਿਕ ਧੜੇ ਦਾ ਸਾਥ ਦਿੱਤਾ। ਚਾਹੇ ਮਸਲਾ ਬਰਨਸਟਾਈਨ ਦੇ ਸੋਧਵਾਦ ਦਾ ਹੋਵੇ ਜਾਂ ਬਾਲਸ਼ਵਿਕਾਂ ਮੈਨਸ਼ਵਿਕਾਂ ’ਚ ਪਾਰਟੀ ਮੈਂਬਰਸ਼ਿਪ ਤੇ ਪਾਰਟੀ ਢਾਂਚੇ ਨੂੰ ਲੈਕੇ ਚੱਲੀ ਬਹਿਸ ਹੋਵੇ ਜਾਂ ਆਰਥਕਤਾਵਾਦੀਆਂ, ਸੋਧਵਾਦੀਆਂ ਤੇ ਕਨੂੰਨੀ ਮਾਰਕਸਵਾਦੀਆਂ ਪ੍ਰਤੀ ਸਹੀ ਪਹੁੰਚ ਦਾ ਹੋਵੇ, ਕਿਸਾਨੀ ਪ੍ਰਤੀ ਪਹੁੰਚ ਦਾ ਮਸਲਾ ਹੋਵੇ, ਦੂਮਾ ਚੋਣਾਂ ਦੇ ਦਾਅਪੇਚਕ ਇਸਤੇਮਾਲ ਦਾ ਮਸਲਾ ਹੋਵੇ, ਕਾਮਰੇਡ ਸਿਸਿਲਿਆ ਆਵਦੀ ਅਜ਼ਾਦ ਸੂਝ ਸਦਕਾ ਦਰੁਸਤ ਪੈਂਤੜੇ ’ਤੇ ਰਹੀ ਹੈ। ਪਾਰਟੀ ’ਚ ਬਾਲਸ਼ਵਿਕਾਂ-ਮੈਨਸ਼ਵਿਕਾਂ ’ਚ ਪਈ ਫੁੱਟ ਵੇਲੇ ਸਿਸਿਲਿਆ ਨੇ ਬਾਲਸ਼ਵਿਕ ਧੜੇ ਨਾਲ਼ ਰਹਿਣ ਦਾ ਫੈਸਲਾ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ‘ਅਸੀਂ ਜ਼ਮੀਨੀ ਕਾਰਕੁੰਨਾਂ ਨੇ ਮਹਿਸੂਸ ਕੀਤਾ, ਕਿ ਇਨਕਲਾਬੀਆਂ ਲਈ ਸਹੀ ਥਾਂ ਲੈਨਿਨ ਵਾਲ਼ੇ ਪਾਸੇ ਹੀ ਹੈ’।

ਕੁਲਵਕਤੀ ਵਜੋਂ ਕੰਮ ਕਰਦਿਆਂ ਪੇਸ਼ ਆਉਂਦੀਆਂ ਔਖਾਂ ਦੀ ਚਰਚਾ ਕਰਦਿਆਂ ਕਾਮਰੇਡ ਸਿਸਿਲਿਆ ਦੱਸਦੀ ਹੈ ਕਿ 1899 ਦੀਆਂ ਗਰਮੀਆਂ ਵਿੱਚ ਖਾਰਕੋਵ ’ਚ ਕੰਮ ਕਰਦਿਆਂ ਸਾਰਾ ਦਿਨ ਛਾਪੇਖਾਨੇ ਦੀਆਂ ਤਕਨੀਕੀ ਜ਼ਿੰਮੇਵਾਰੀਆਂ, ਗੁਪਤ ਤੌਰ ਤੇ ਸਾਹਿਤ-ਪਰਚੇ ਵੰਡਣ, ਮੀਟਿਂਗਾਂ ਲਈ ਹੈਡਕੁਆਰਟਰ ਦਾ ਪ੍ਰਬੰਧ ਕਰਨ, ਗੈਰਕਨੂੰਨੀ ਇਕੱਤਰਤਾਵਾਂ ਕਰਨ, ਸਿਆਸੀ ਅਤੇ ਆਰਥਿਕ ਰਿਪੋਰਟਾਂ ਤਿਆਰ ਕਰਨ ਦੇ ਕੰਮ ਕਰਦਿਆਂ ਕੁਲਵਕਤੀਆਂ ਦੀ ਹਾਲਤ ਅਜਿਹੀ ਸੀ ਕਿ ਸਾਡੇ ਕੋਲ ਨਾ ਤਾਂ ਰਹਿਣ ਲਈ ਕੋਈ ਟਿਕਾਣਾ ਹੁੰਦਾ ਨਾ ਹੀ ਭੋਜਨ ਖਰੀਦਣ ਜੋਗਰੇ ਆਰਥਕ ਸ੍ਰੋਤ ਹੁੰਦੇ ਸਨ। ਕਈ ਵਾਰ ਲਗਾਤਾਰ ਜਥੇਬੰਦਕ ਕੰਮਾਂ ਦੇ ਰੁਝੇਵਿਆਂ ਮਗਰੋਂ ਉਹਨਾਂ ਕੋਲ ਪੀਣ ਲਈ ਸਿਰਫ ਪਾਣੀ ਹੁੰਦਾ ਤੇ ਭੋਜਨ ਦਾ ਟੁਕੜਾ ਖਰੀਦਣ ਨੂੰ ਵੀ ਪੈਸਾ ਨਾ ਹੁੰਦਾ। ਇੱਕ ਵਾਰ ਕਾਮਰੇਡ ਸਿਸਿਲਿਆ ਨੂੰ ਵੀ ਲਗਾਤਾਰ ਤਿੰਨ ਦਿਨ ਭੁੱਖੇ ਰਹਿਣਾ ਪਿਆ ਤੇ ਉਸਨੂੰ ਆਵਦੀ ਭੁੱਖ ਮਿਟਾਉਣ ਵਾਸਤੇ ਮਕਾਨ ਮਾਲਕਣ ਦੀ ਰਸੋਈ ’ਚੋਂ ਬਰੈੱਡ ਤੇ ਸੂਪ ਚੋਰੀ ਕਰਨਾ ਪਿਆ। ਕਾਮਰੇਡ ਸਿਸਿਲਿਆ ਸਮੇਤ ਅਨੇਕਾਂ ਕੁਲਵਕਤੀ ਕਾਮਰੇਡਾਂ ਨੂੰ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਪਰ ਇਨਕਲਾਬ ’ਚ ਅਟੁੱਟ ਭਰੋਸੇ ਸਦਕਾ ਇਹ ਸਮੱਸਿਆਵਾਂ ਕਾਰਕੁੰਨਾਂ ਨੂੰ ਆਵਦੇ ਪੰਧ ਤੋਂ ਡੁਲਾ ਨਾ ਸਕੀਆਂ।

ਕਾਮਰੇਡ ਸਿਸਿਲਿਆ ਦੀਆਂ ਜੀਵਨ ਯਾਦਾਂ ਕਈ ਦਿਲਚਸਪ ਕਿੱਸਿਆਂ ਦਾ ਵੀ ਜਿਕਰ ਆਉਂਦਾ ਹੈ। ਇੱਕ ਵਾਰ ਸਿਸਿਲਿਆ ਦੀ ਮੁਲਾਕਾਤ ਐਕਸੋਲਰੋਦ ਦੇ ਘਰ ਪਲੈਖਾਨੇਵ ਨਾਲ਼ ਹੋਈ। ਪਲੈਖਾਨੋਵ ਉਸ ਵੇਲੇ ਸੰਸਾਰ ਮਜ਼ਦੂਰ ਲਹਿਰ ਦੀ ਸਿਰਕੱਢ ਹਸਤੀ ਸੀ। ਪਲੈਖਾਨੋਵ ਨੇ ਸਿਸਿਲਿਆ ਤੋਂ ਕੰਮਾਂ-ਕਾਰਾਂ ਬਾਰੇ ਵਿਸਥਾਰ ਨਾਲ਼ ਪੁੱਛਿਆ ਤੇ ਕੁੱਝ ਸੁਝਾਅ ਦਿੱਤੇ। ਪਲੈਖਾਨੋਵ ਨੇ ਪੁੱਛਿਆ ਕਿ ਤੁਸੀਂ ਹੱਥ-ਪਰਚੇ ਕਿਵੇਂ ਵੰਡਦੇ ਹੋ? ਉਹਨਾਂ ਕਿਹਾ ਕਿ ਤੁਸੀਂ ਕਦੇ ਜਨਤਕ ਗੁਸਲਖਾਨਿਆਂ ਨੂੰ ਇਸ ਕਾਜ ਲਈ ਵਰਤਿਆ ਹੈ? ਕਿ ਨਹਾਉਂਦੇ ਲੋਕਾਂ ਦੇ ਲਾਹੇ ਕੋਟਾਂ ਵਿੱਚ ਬੋਚਕੇ ਜਿਹੇ ਹੱਥ-ਪਰਚਾ ਪਾ ਦਿੱਤਾ ਜਾਵੇ? ਇਸ ਗੱਲ ਨੇ ਸਿਸਿਲਿਆ ਨੂੰ ਪਲੈਖਾਨੋਵ ਦੀ ਹਸਤੀ ਬਾਰੇ ਸੋਚੀਂ ਪਾ ਦਿੱਤਾ ਕਿ ਅਜਿਹਾ ਵੱਡਾ ਵਿਦਵਾਨ ਜਿਸ ਕੋਲ ਪਾਰਟੀ ਨੂੰ ਸਿਆਸੀ ਸੇਧ ਦੇਣ ਦਾ ਕੰਮ ਹੈ ਉਹ ਰੋਜ਼ਾਨਾ ਦੇ ਜਨਤਕ ਕੰਮਾਂ ਬਾਰੇ ਏਨੀ ਕੱਚੀ ਸਮਝ ਰੱਖਦਾ ਹੈ। ਇਸ ਤਰ੍ਹਾਂ ਦੇ ਪ੍ਰਗਟਾਵੇ ਜੋ ਅਸਲ ’ਚ ਪਲੈਖਾਨੋਵ ਦੀ ਮਜ਼ਦੂਰ ਲਹਿਰ ਤੋਂ ਦੂਰੀ ਦਾ ਸਿੱਟਾ ਸਨ, ਦਾ ਜ਼ਿਕਰ ਹੈ।

ਸਿਸਿਲਿਆ ਬੋਬਰੋਵਸਕਾਇਆ ਭੂਮੀਗਤ ਕੰਮਾਂ, ਗੁਪਤ ਛਾਪਾਖਾਨਾ ਸਥਾਪਤ ਕਰਨਾ, ਗੁਪਤ ਪਾਰਟੀ ਸਾਹਿਤ, ਅਖ਼ਬਾਰਾਂ ਪਰਚਿਆਂ ਦੇ ਵੰਡ ਵੰਡਾਵੇ, ਖੁਫੀਆ ਪੁਲਸ ਨੂੰ ਝਕਾਨੀ ਦੇਣ ’ਚ ਮਾਹਰ ਸੀ। ਵੱਖ-ਵੱਖ ਥਾਈਂ ਕੰਮ ਕਰਦਿਆਂ ਉਹਨਾਂ ਇਹਨਾਂ ਕੰਮਾਂ ਵਿੱਚ ਮੁਹਾਰਤ ਦਾ ਸਬੂਤ ਦਿੱਤਾ ਅਤੇ ਇੱਕ ਕਮਿਊਨਿਸਟ ਕਾਰਕੁੰਨਾਂ ਲਈ ਇੱਕ ਮਿਸਾਲ ਸਥਾਪਤ ਕੀਤੀ। ਉਹਨਾਂ ਦੀ ਇਸੇ ਖੂਬੀ ਕਰਕੇ ਉਹਨਾਂ ਨੂੰ ਅੱਡ-ਅੱਡ ਥਾਈਂ ਪਾਰਟੀ ਵੱਲੋਂ ਜ਼ਿੰਮੇਵਾਰੀ ਵਾਲ਼ੇ ਅਹੁਦੇ ਸੰਭਾਏ ਗਏ। ਉਹਨਾਂ ਕਈ ਥਾਈਂ ਖੇਤਰੀ ਪਾਰਟੀ ਇਕਾਈ ਦੇ ਸੈਕਟਰੀ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਈਆਂ।

ਕੰਮ ਕਰਦਿਆਂ ਉਹਨਾਂ ਲੈਨਿਨ ਨਾਲ਼ ਆਵਦੀ ਮੁਲਾਕਾਤ ਦੀ ਵੀ ਚਰਚਾ ਕੀਤੀ ਹੈ। ਇਸਕਰਾ ਅਖ਼ਬਾਰ ਜ਼ਰੀਏ ਸਿਸਿਲਿਆ ਉੱਤੇ ਲੈਨਿਨ ਦੇ ਵਿਚਾਰਾਂ ਦਾ ਪ੍ਰਭਾਵ ਤਾਂ ਪਹਿਲਾਂ ਤੋਂ ਹੀ ਸੀ। ਜਨੇਵਾ ਵਿੱਚ ਲੈਨਿਨ ਨਾਲ਼ ਨਿੱਜੀ ਮੁਲਾਕਾਤ ਦੀ ਚਰਚਾ ਕਰਦਿਆਂ ਸਿਸਿਲਿਆ ਦੱਸਦੀ ਹੈ ਕਿ ਉੱਥੇ ਦੋ ਮੰਜਲਾ ਘਰ ਵਿੱਚ, ਆਵਦੀ ਪਤਨੀ ਕਰੁਪਸਕਾਇਆ ਤੇ ਉਸਦੀ ਮਾਤਾ ਨਾਲ਼ ਰਹਿੰਦਿਆਂ ਉੱਪਰਲੀ ਮੰਜਲ ’ਤੇ ਛੋਟਾ ਜਿਹਾ ਕਮਰਾ ਲੈਨਿਨ ਦਾ ਸੀ, ਜੋ ਹਮੇਸ਼ਾ ਕਿਤਾਬਾਂ, ਰਸਾਲਿਆਂ, ਅਖ਼ਬਾਰਾਂ ਨਾਲ਼ ਤੂੜਿਆ ਰਹਿੰਦਾ ਸੀ। ਲੈਨਿਨ ਲਗਾਤਾਰ ਉਹਨਾਂ ਦਰਮਿਆਨ ਡੂੰਘੇ ਅਧਿਐਨ ਵਿੱਚ ਗੁਆਚਿਆ ਵਿਖਾਈ ਦਿੰਦਾ। ਸਿਸਿਲਿਆ ਲੈਨਿਨ ਦੇ ਹਸਮੁਖ ਤੇ ਖੁੱਲ੍ਹੇ ਸੁਭਾਅ ਦੀ ਚਰਚਾ ਕਰਦਿਆਂ ਜ਼ਿਕਰ ਕਰਦੀ ਹੈ ਕਿ ਜਨੇਵਾ ਵਿੱਚ ਰਹਿੰਦਿਆਂ ਲੈਨਿਨ ਨੂੰ ਲਗਾਤਾਰ ਮਿਲ਼ਣ ਲਈ ਕਮਿਊਨਿਸਟ ਕਾਰਕੁੰਨ ਆਉਂਦੇ ਰਹਿੰਦੇ ਸਨ। ਪਰ ਕੰਮਾਂ ’ਚ ਰੁੱਝੇ ਹੋਣ ਦੇ ਬਾਵਜੂਦ ਲੈਨਿਨ ਕਦੇ ਉਹਨਾਂ ਤੇ ਗੁੱਸਾ ਨਾ ’ਹੁੰਦੇ ਤੇ ਨਿੱਘੀ ਆਉ-ਭਗਤ ਕਰਦੇ ਤੇ ਆਏ ਮਹਿਮਾਨ ਨਾਲ਼ ਡੂੰਘੀਆਂ ਸਿਆਸੀ-ਜਥੇਬੰਦਕ ਵਿਚਾਰਾਂ ਵਿੱਚ ਰੁੱਝ ਜਾਂਦੇ।

ਸਿਸਿਲਿਆ ਦੀ ਲੈਨਿਨ ਨਾਲ਼, ਕੁਲਵਕਤੀ ਇਨਕਲਾਬੀ ਕੌਣ ਹੋਵੇ? ਮਸਲੇ ’ਤੇ ਵੀ ਇੱਕ ਸੰਖੇਪ ਚਰਚਾ ਦਾ ਜਿਕਰ ਹੈ- ਜਿਸ ਵਿੱਚ ਸਿਸਿਲਿਆ ਦੀ ਦੁਵਿਧਾ ਸੀ ਕਿ ਸ਼ਾਇਦ ਗੂੜ੍ਹ ਗਿਆਨੀ ਹੀ ਪੇਸ਼ੇਵਰ ਇਨਕਲਾਬੀ ਹੋਣਾ ਚਾਹੀਦਾ ਹੈ, ਪਰ ਲੈਨਿਨ ਨੇ ਸਿਸਿਲਿਆ ਦੇ ਵਿਚਾਰਾਂ ਨਾਲ਼ ਅਸਹਿਮਤੀ ਪੇਸ਼ ਕਰਦਿਆਂ ਕਿਹਾ ਕਿ ਸਿਰਫ ਗੂੜ੍ਹ ਗਿਆਨੀ ਹੋਣਾ ਇਨਕਲਾਬੀ ਹੋਣ ਦਾ ਸਬੂਤ ਨਹੀਂ, ਸਗੋਂ ਲੈਨਿਨ ਨੇ ਮਜ਼ਦੂਰ ਜਮਾਤ ਤੇ ਇਨਕਲਾਬੀ ਕਾਜ ਪ੍ਰਤੀ ਸਮਰਪਣ, ਕੁਰਬਾਨੀ ਤੇ ਧਿਰ ਮੱਲ਼ਣ ਦੀ ਭਾਵਨਾ ਤੇ ਜੋਰ ਦਿੱਤਾ। ਪੁਸਤਕ ਵਿੱਚੋਂ ਇਹ ਮੁਲਾਕਾਤ ਦੇ ਅੰਸ਼ ਲਾਜਮੀ ਹੀ ਪੜ੍ਹਨ ਯੋਗ ਹਨ। ਇਸਤੋਂ ਬਿਨਾਂ ਸਿਸਿਲਿਆ ਦੀਆਂ ਜੀਵਨ ਯਾਦਾਂ ਵਿੱਚ ਕਲਾਰਾ ਜੈਟਕਿਨ ਤੇ ਅਗਸਤ ਬੇਬੇਲ ਨਾਲ਼ ਹੋਈ ਸੰਖੇਪ ਮੁਲਾਕਾਤ ਦੀ ਚਰਚਾ ਸ਼ਾਮਲ ਹੈ।

ਸਿਸਿਲਿਆ ਦੀਆਂ ਜੀਵਨ ਯਾਦਾਂ ਵਿੱਚ 1905 ਦੇ ਇਨਕਲਾਬ ਦੀ ਤਿਆਰੀ, ਸੰਘਰਸ਼ ਤੇ ਮਗਰੋਂ ਉਸਦੀ ਅਸਫਲਤਾ ਦਾ ਵੀ ਜ਼ਿਕਰ ਆਉਂਦਾ ਹੈ। 1905 ਦੇ ਇਨਕਲਾਬ ਦੀ ਅਸਫਲਤਾ ਤੋਂ ਮਗਰੋਂ ਜਾਰਸ਼ਾਹੀ ਜਬਰ ਦਾ ਕੁਹਾੜਾ ਚੱਲ਼ਿਆ। ਜੇਲ੍ਹਾਂ, ਪੁਲਸ ਥਾਣੇ ਇਨਕਲਾਬੀਆਂ ਦੀਆਂ ਗਿ੍ਰਫਤਾਰੀਆਂ ਨਾਲ਼ ਭਰ ਗਏ। ਪੁਲਸ ਥਾਣੇ ਤਸ਼ੱਦਦ ਦੇ ਅੱਡੇ ਬਣ ਗਏ। ਕਾਲ਼ੇ ਸੌ ਤੇ ਜਾਰਸ਼ਾਹੀ ਫੌਜੀ-ਟੋਲਿਆਂ ਨੇ ਇਨਕਲਾਬੀਆਂ ’ਤੇ ਬੇਹੱਦ ਕਹਿਰ ਢਾਹੇ।

ਇਸ ਵਜ੍ਹਾ ਕਰਕੇ ਲਹਿਰ ਵਿੱਚ ਨਿਰਾਸ਼ਾ ਦਾ ਇੱਕ ਦੌਰ ਆਇਆ। ਮਜ਼ਦੂਰਾਂ ਦਾ ਉਤਸ਼ਾਹ ਢਹਿੰਦੀ ਕਲਾ ’ਚ ਹੋ ਗਿਆ। ਦੁਬਾਰਾ ਮਜ਼ਦੂਰ ਉਭਾਰ ਦੀਆਂ ਸੰਭਾਵਨਾਵਾਂ ਮੱਧਮ ਲੱਗ ਰਹੀਆਂ ਸਨ। ਇਹੀ ਉਹ ਵੇਲਾ ਸੀ, ਜਦੋਂ ਕਾਮਰੇਡ ਸਿਸਿਲਿਆ ਨੂੰ ਕੁਲਵਕਤੀ ਇਨਕਲਾਬੀ ਵਜੋਂ ਕੰਮ ਦੇ ਸੰਕਲ਼ਪ ਦੀ ਸਮਝ ਹੋਰ ਜ਼ਿਆਦਾ ਡੂੰਘੀ ਹੋਈ। ਜਦੋਂ ਹਮਦਰਦ ਸਾਥ ਛੱਡ ਚੁੱਕੇ ਸਨ, ਸਮੁੱਚੀ ਪਾਰਟੀ ਢਹਿੰਦੀ ਕਲਾ ਵਿੱਚ ਸੀ, ਸਿਸਿਲਿਆ ਨੇ ਖੁਦ ਬੜੇ ਸਖ਼ਤ ਸ਼ਬਦਾਂ ’ਚ ਕਿਹਾ ਕਿ ‘ਸਾਡਾ ਵੇਲਾ ਹੁਣ ਲੰਘ ਗਿਆ ਹੈ’। ਪਰ ਕੁਲਵਕਤੀ ਇਨਕਲਾਬੀ ਜਿਹਨਾਂ ’ਚੋਂ ਜ਼ਿਆਦਾ ਮਜ਼ਦੂਰ ਪਿਛੋਕੜ ਦੇ ਸਨ- ਉਹਨਾਂ ਨੂੰ ਹਾਲੇ ਵੀ ਅਟੁੱਟ ਭਰੋਸਾ ਸੀ ਕਿ 1905 ਦੀ ਹਾਰ ਥੋੜ੍ਹਚਿਰੀ ਹੈ ਤੇ ਸਮਾਜਵਾਦ ਦੀ ਸਥਾਪਨਾ ਹੋਣੀ ਅਟੱਲ ਹੈ, ਤੇ ਉਹਨਾਂ ਦੇ ਯਤਨਾਂ ਸਦਕਾ ਹੀ ਪਾਰਟੀ ਇਸ ਦੌਰ ਵਿੱਚ ਵੀ ਇੱਕਮੁੱਠ ਰਹੀ। ਇਹ ਲਹਿਰ ਦੀ ਰੀੜ੍ਹ ਦੀ ਹੱਡੀ ਸਾਬਤ ਹੋਏ। ਇਸ ਸਿਦਕ ਤੇ ਦਲੇਰੀ ਸਦਕਾ 12 ਸਾਲਾਂ ਮਗਰੋਂ ਲਾਲ ਪਰਚਮ ਅਸਮਾਨੀ ਲਹਿਰਾਇਆ ਗਿਆ- ਰੂਸ ਵਿੱਚ ਸਮਾਜਵਾਦ ਦੀ ਸਥਾਪਨਾ ਹੋਈ।

1905 ਦੇ ਇਨਕਲਾਬ ਦੀ ਅਸਫਲਤਾ ਤੋਂ ਮਗਰੋਂ ਮੈਂਬਰਸ਼ਿਪ ਹੇਠਾਂ ਆਈ, ਹਮਦਰਦਾਂ ਦਾ ਘੇਰਾ ਸੁੰਗੜ ਗਿਆ- ਏਨੇ ਕੁ ਲੋਕ ਬਚੇ ਸਨ ਕਿ ਉਂਗਲਾ ਤੇ ਗਿਣੇ ਜਾ ਸਕਦੇ ਸਨ। ਇਹਨਾਂ ਮੁੱਠੀ ਭਰ ਲੋਕਾਂ ਲਈ ਨਵੇਂ ਸਿਰੇ ਤੋਂ ਲਹਿਰ ਨੂੰ ਉਸਾਰਨ ਲਈ ਅਖ਼ਬਾਰ ਦੀ ਭੂਮਿਕਾ ਨੂੰ ਕਾਮਰੇਡ ਸਿਸਿਲਿਆ ਨੇ ਬਖੂਬੀ ਪਛਾਣਿਆ ਅਤੇ ਅਖ਼ਬਾਰ ਪ੍ਰਕਾਸ਼ਨ ’ਤੇ ਜੋਰ ਦਿੱਤਾ। ਹਮਦਰਦਾਂ ਆਰਥਕ ਮਦਦ ਦੇਣੀ ਬੰਦ ਕਰ ਦਿੱਤੀ, ਰਹਿਣ ਰੁਕਣ ਲਈ ਥਾਂ ਦੇਣ ਤੋਂ ਨਾਂਹ ਕਰ ਦਿੰਦੇ। ਚਰਚਾ ਕਰਦਿਆਂ ਸਿਸਿਲਿਆ ਨੇ ਇੱਕ ਘਟਨਾ ਦਾ ਜਿਕਰ ਕੀਤਾ ਹੈ ਜਦੋਂ ਉਸਨੂੰ ਕਿਸੇ ਨਿਰਾਸ਼ ਹੋ ਚੁੱਕੇ ਮਜ਼ਦੂਰ ਹਮਦਰਦ ਨੇ ਘਰ ਤੋਂ ਬਾਹਰ ਕੱਢ ਦਿੱਤਾ ਸੀ ਤੇ ਸਾਰੀ ਰਾਤ ਉਸਨੂੰ ਬਾਹਰ ਕੱਟਣੀ ਪਈ। ਇਸ ਘਟਨਾ ਨੇ ਭਾਵੇਂ ਸਿਸਿਲਿਆ ਨੂੰ ਭਾਵੁਕ ਤੌਰ ’ਤੇ ਕਾਫੀ ਝੰਜੋੜ ਦਿੱਤਾ ਪਰ ਇਹ ਘਟਨਾ ਉਸਦੀ ਸਪਿਰਟ ਨੂੰ ਨਾ ਤੋੜ ਸਕੀ। ਅਜਿਹੀ ਹੀ ਘਟਨਾ ਦਾ ਜਿਕਰ ਸਿਸਿਲਿਆ ਇੱਕ ਹੋਰ ਮਹਿਲਾ ਕਾਮਰੇਡ ਬਾਰੇ ਵੀ ਕੀਤਾ ਹੈ।

ਇਹ ਸਭ ਦੇ ਸਮੇਤ ਕਾਮਰੇਡ ਸਿਸਿਲਿਆ ਦੀਆਂ ਇਹ ਜੀਵਨ ਯਾਦਾਂ ਅੱਜ ਕੰਮ ਕਰ ਰਹੇ ਕਮਿਊਨਿਸਟ ਕਾਰਕੁੰਨਾਂ ਲਈ ਅਮਲੀ ਕੰਮਾਂ ਨਾਲ਼ ਜੁੜੀਆਂ ਕਈ ਮਹੱਤਵਪੂਰਨ ਗੱਲਾਂ ਦਾ ਜਿਕਰ ਵੀ ਆਉਂਦਾ ਹੈ। ਜਿਵੇਂ ਇਵਾਨੋਵੋ ਜਿਲ੍ਹੇ ’ਚ ਕੰਮ ਕਰਦਿਆਂ ਸਿਸਿਲਿਆ ਨੇ ਦੱਸਿਆ ਕਿ ਉਹਨਾਂ ਆਵਦੇ ਤਜਰਬੇ ’ਚੋਂ ਸਿੱਖਿਆ ਕਿ ਕੁਲਵਕਤੀ ਪਾਰਟੀ ਕਾਰਕੁੰਨਾਂ ਨੂੰ ਆਵਦੀ ਠਾਹਰ ਦਾ ਪ੍ਰਬੰਧ ਹਮੇਸ਼ਾ ਫੈਕਟਰੀ ਕਾਮਿਆਂ ਵਿੱਚ ਹੀ ਕਰਨਾ ਚਾਹੀਦਾ ਹੈ। ਤਾਂਕਿ ਉਹ ਸੱਤ੍ਹਾ ਦੀ ਨਿਗਾਹ ਤੋਂ ਬਚ ਸਕਣ। ਇਸਦੇ ਸਮੇਤ ਹੜਤਾਲ ਜਥੇਬੰਦ ਕਰਨ ਦੇ ਢੰਗ ਤਰੀਕਿਆਂ, ਗੁਪਤ ਕੰਮਢੰਗ ਦੇ ਤੌਰ-ਤਰੀਕਿਆਂ ਦੀ ਚਰਚਾ ਵੀ ਕਾਮਰੇਡ ਸਿਸਿਲਿਆ ਦੀਆਂ ਜੀਵਨ ਯਾਦਾਂ ’ਚ ਆਉਂਦੀ ਹੈ।

ਬੋਬਰੋਵਸਕਾਇਆ ਦੀ ਇਹ ਕਿਤਾਬ 1917 ਦੇ ਅਕਤੂਬਰ ਇਨਕਲਾਬ ਦੀ ਦੇਹਲੀ ’ਤੇ ਖਤਮ ਹੁੰਦੀ ਹੈ। ਕਾਮਰੇਡ ਸਿਸਿਲਿਆ ਇਨਕਲਾਬ ਤੋਂ ਪਹਿਲਾਂ ਹੀ ਨਹੀਂ, ਸਗੋਂ ਮਗਰੋਂ ਵੀ ਸਮਾਜਵਾਦ ਦੀ ਪ੍ਰਪੱਕਤਾ ਤੇ ਕਮਿਊਨਿਜ਼ਮ ਵੱਲ ਤਬਦੀਲੀ ਦੀ ਜੱਦੋ-ਜਹਿਦ ਵਿੱਚ ਵੀ ਸ਼ਾਮਲ ਰਹੀ। ਉਸਨੇ 1919-1920 ਤੱਕ ਬਾਲਸ਼ਵਿਕ ਪਾਰਟੀ ਦੀ ਮਾਸਕੋ ਸ਼ਾਖਾ ਵਿੱਚ ਫੌਜੀ ਮਸਲਿਆਂ ਦੀ ਜ਼ਿੰਮੇਵਾਰੀ ਸਾਂਭੀ। 1918-1940 ਤੱਕ ਕੌਮਿੰਟਰਨ ਸਕੱਤਰੇਤ ਵਿੱਚ ਸਰਗਰਮ ਰਹੀ। ਸਿਸਿਲਿਆ ਕੋਲ ਇਨਕਲਾਬ ਤੋਂ ਮਗਰੋਂ ਦੇ ਕੰਮਾਂ ਦੇ ਤਜ਼ਰਬਿਆਂ ਦਾ ਵੀ ਅਥਾਹ ਖਜਾਨਾ ਸੀ, ਪਰ ਇਸ ਕਿਤਾਬ ਵਿੱਚ ਉਹਨਾਂ ਅਕਤੂਬਰ ਇਨਕਲਾਬ ਤੋਂ ਪਹਿਲਾਂ ਤੱਕ ਦੀ ਜੱਦੋਜਹਿਦ ਨੂੰ ਹੀ ਵਿਸ਼ਾ ਬਣਾਇਆ ਹੈ।

ਸਿਸਿਲਿਆ ਬੋਬਰੋਵਸਕਾਇਆ ਨੇ ਆਵਦੀ ਪੂਰੀ ਜ਼ਿੰਦਗੀ ਕਮਿਊਨਿਜ਼ਮ ਦੇ ਕਾਜ਼ ਨੂੰ ਸਮਰਪਿਤ ਕੀਤੀ ਅਤੇ ਕੁਰਬਾਨੀ ਤੇ ਸੰਘਰਸ਼ ਦੇ ਪੁੰਜ ਵਜੋਂ ਸਥਾਪਤ ਹੋਈ। 1921 ਵਿੱਚ ਲੈਨਿਨ ਸਿਸਿਲਿਆ ਬਾਰੇ ਮੇਤੇਲੋਵ ਨੂੰ ਇੱਕ ਚਿੱਠੀ ਵਿੱਚ ਲਿਖਦੇ ਹਨ ਕਿ ‘ਕਿਰਪਾ ਕਰਕੇ ਸਿਸਿਲਿਆ ਬੋਬਰੋਵਸਕਾਇਆ ਵਾਸਤੇ ਪਹਿਲੇ ਸੋਵੀਅਤ ਘਰ ਵਿੱਚ ਕਮਰੇ ਦਾ ਇੰਤਜਾਮ ਲਾਜਮੀ ਕਰ ਦਿੱਤਾ ਜਾਵੇ, ਜਿਹਨਾਂ ਨੂੰ ਮੈਂ ਪੁਰਾਣੇ ਪਾਰਟੀ ਕਾਰਕੁੰਨ ਦੇ ਤੌਰ ’ਤੇ ਜਾਣਦਾ ਹਾਂ। ਉਹ ਹੁਣ ਬਹੁਤ ਮਾੜੀਆਂ ਹਾਲਤਾਂ ਵਿੱਚ ਰਹਿ ਰਹੀ ਹੈ ਤੇ ਡਾਕਟਰਾਂ ਨੇ ਉਸਨੂੰ ਇਸੇ ਵੇਲੇ ਸੋਵੀਅਤ ਘਰ ਵਿੱਚ ਤਬਦੀਲ ਕਰਨ ਬਾਰੇ ਕਿਹਾ ਹੈ। ਅੰਤ ’ਚ ਲੈਨਿਨ ਨੇ ਲਿਖਿਆ ਕਿ ਮੈਂ ਸਿਸਿਲਿਆ ਨੂੰ 1905 ਤੋਂ ਪਹਿਲਾਂ ਤੋਂ ਜਾਣਦਾ ਹਾਂ ਤੇ ਜਾਣਦਾ ਹਾਂ ਕਿ ਉਹ ਔਖੀਆਂ ਤੋਂ ਔਖੀਆਂ ਹਾਲਾਤਾਂ ’ਚ ਰਹਿਣ ਦੇ ਵੀ ਸਮਰੱਥ ਹੈ ਤੇ ਇਸ ਮਾਮਲੇ ਵਿੱਚ ਬਹੁਤ ਸਬਰ ਵਾਲ਼ੀ ਹੈ-ਇਸੇ ਕਰਕੇ ਹੁਣ ਉਸਨੂੰ ਮਦਦ ਦੀ ਲੋੜ ਹੈ’।

ਲੈਨਿਨ ਦੀ ਸੰਖੇਪ ਜੀਵਨੀ ਇਸ ਪੁਸਤਕ ਦਾ ਦੂਜਾ ਹਿੱਸਾ ਹੈ। ਇਸ ਵਿੱਚ ਲੈਨਿਨ ਦੇ ਸ਼ੁਰੂਆਤੀ ਜੀਵਨ ਤੋਂ ਲੈਕੇ ਅਕਤੂਬਰ 1917 ਤੱਕ ਦਾ ਸਿਆਸੀ ਸਫਰ ਹੈ। ਇਸ ਦੌਰਾਨ ਲੈਨਿਨ ਦੁਆਰਾ ਅੱਡੋ ਅੱਡ ਮੁਹਾਜਾਂ ਤੇ ਲੜੇ ਗਏ ਸਿਆਸੀ-ਵਿਚਾਰਧਾਰਕ ਘੋਲਾਂ ਦੀ ਸੰਖੇਪ ਚਰਚਾ ਹੈ। ਇਹ ਪੁਸਤਕ ਕਾਮਰੇਡ ਸਿਸਿਲਿਆ ਬੋਬਰੋਵਸਕਾਇਆ ਦੀਆਂ ਜੀਵਨ ਯਾਦਾਂ ਤੇ ਕਾਮਰੇਡ ਲੈਨਿਨ ਦੀ ਸੰਖੇਪ ਸਿਆਸੀ ਜੀਵਨੀ ਹੋਣ ਦੇ ਨਾਲ਼ ਨਾਲ਼ ਇੱਕ ਨਮੂਨੇ ਦੀ ਸਾਹਿਤਕ ਰਚਨਾ ਵੀ ਹੈ। ਇਹ ਪੁਸਤਕ ਲਾਜਮੀ ਹੀ ਸਮਾਜਵਾਦ ਦੇ ਕਾਜ ਲਈ ਦਿ੍ਰੜਤਾ ਨਾਲ਼ ਸਰਗਰਮੀ ਵਿੱਚ ਲੱਗੇ ਹੋਏ ਕਾਰਕੁੰਨਾਂ, ਹਮਦਰਦਾਂ ਲਈ ਇੱਕ ਜਰੂਰੀ ਤੇ ਰਾਹ ਦਰਸਾਵਾ ਕਰਨ ਵਾਲ਼ੀ ਤੇ ਪ੍ਰੇਰਣਾਸ੍ਰੋਤ ਪੁਸਤਕ ਹੈ। ਅਸੀਂ ਲਲਕਾਰ ਦੇ ਪਾਠਕਾਂ ਤੇ ਲਹਿਰ ਦੇ ਸਰਗਰਮ ਕਾਰਕੁੰਨਾਂ ਨੂੰ ਲਾਜਮੀ ਹੀ ਇਹ ਪੁਸਤਕ ਪੜਨ ਦੀ ਸਿਫਾਰਸ਼ ਕਰਦੇ ਹਾਂ।

ਇਸ ਪੁਸਤਕ ਦੀ ਭਾਸ਼ਾ ਅੰਗਰੇਜ਼ੀ ਹੈ ਤੇ ਲੈਫਟਵਰਡ ਪਬਲੀਕੇਸ਼ਨ ਵੱਲੋਂ ਛਾਪੀ ਗਈ ਹੈ। ਇਸਦੇ ਪੰਨੇ 282 ਅਤੇ ਕੀਮਤ 275 ਰੁਪਏ ਹੈ। ਇਹ ਪੁਸਤਕ ਤੁਸੀਂ ਜਨਚੇਤਨਾ ਪੁਸਤਕ ਵਿਕਰੀ ਕੇਂਦਰ, ਦੁਕਾਨ ਨੰਬਰ 8, ਪੰਜਾਬੀ ਭਵਨ, ਲੁਧਿਆਣਾ (9815587807) ਤੋਂ ਹਾਸਲ ਕਰ ਸਕਦੇ ਹੋ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 8, ਅੰਕ 9, 16 ਜੂਨ 2019 ਵਿੱਚ ਪਰ੍ਕਾਸ਼ਿਤ