‘ਪਿਆਰ ਅਤੇ ਜੰਗ ਦੇ ਦਿਨ ਅਤੇ ਰਾਤਾਂ’ •ਏਦੁਆਰਦੋ ਗੇਲੀਆਨੋ 

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

5 ਲੱਖ ਉਰੂਗੇਈ ਦੇਸ਼-ਬਦਰ ਹਨ। 10 ਲੱਖ ਪੇਰਾਗੂਈ ਤੇ 5 ਲੱਖ ਚਿੱਲੀ ਦੇ ਵਾਸੀ ਵੀ। ਜੇਲ੍ਹ, ਕਬਰ, ਜਾਂ ਭੁੱਖ ਤੋਂ ਬਚ ਕੇ ਭੱਜਦੇ ਨੌਜਵਾਨਾਂ ਦੀਆਂ ਭਰੀਆਂ ਕਿਸ਼ਤੀਆਂ ਬਾਹਰ ਜਾਂਦੀਆਂ ਹਨ। ਜ਼ਿੰਦਾ ਰਹਿਣਾ ਜ਼ੋਖਮ ਦਾ ਕੰਮ ਹੈ; ਸੋਚਣਾ ਪਾਪ ਹੈ; ਕੁਝ ਖਾ ਸਕਣਾ ਚਮਤਕਾਰ।

ਪਰ ਆਪਣੇ ਹੀ ਦੇਸ਼ ਦੀਆਂ ਸਰਹੱਦਾਂ ਦੇ ਅੰਦਰਵਾਰ ਕਿੰਨੇ ਲੋਕੀਂ ਸ਼ਰਨਾਰਥੀ ਹਨ? ਸਬਰ ਨਾਲ ਦੁੱਖ ਸਹਿਣ ਅਤੇ ਮੂੰਹ ਬੰਦ ਰੱਖਣ ਦੀ ਸਜ਼ਾ ਪਾਉਣ ਵਾਲਿਆਂ ਦੀ ਗਿਣਤੀ ਕਿਹੜੇ ਅੰਕੜਿਆਂ ਵਿੱਚ ਦਰਜ ਹੁੰਦੀ ਹੈ? ਕੀ ਉਮੀਦ ਰੱਖਣ ਦਾ ਗੁਨਾਹ ਲੋਕਾਂ ਦੇ ਗੁਨਾਹ ਨਾਲੋਂ ਵੱਡਾ ਨਹੀਂ ਹੈ?

ਤਾਨਾਸ਼ਾਹੀ ਇੱਕ ਬਦਨਾਮ ਸ਼ੈਅ ਹੈ: ਇੱਕ ਮਸ਼ੀਨ ਹੈ ਜਿਹੜੀ ਤੁਹਾਨੂੰ  ਗੂੰਗੇ ਤੇ ਬੋਲੇ, ਸੁਣਨ ਤੋਂ ਅਸਮਰੱਥ, ਬੋਲਣ ਸਮੇਂ ਨਪੁੰਸਕ ਅਤੇ ਜੋ ਚੀਜ਼ ਦੇਖਣ ਦੀ ਆਗਿਆ ਨਹੀਂ ਹੈ ਉਸ ਪ੍ਰਤੀ ਅੰਨ੍ਹੇ ਬਣਾ ਦਿੰਦੀ ਹੈ।

ਤਸ਼ੱਦਦ ਦੁਆਰਾ ਮਾਰਿਆ ਗਿਆ ਪਹਿਲਾ ਵਿਅਕਤੀ ਬਰਾਜ਼ੀਲ ਵਿੱਚ ਇੱਕ ਕੌਮੀ ਮੁੱਦਾ ਬਣ ਗਿਆ ਸੀ. ਤਸ਼ੱਦਦ ਕਾਰਨ ਮਰਨ ਵਾਲ਼ੇ ਦਸਵੇਂ ਵਿਅਕਤੀ ਦੀ ਖਬਰ ਅਖਬਾਰਾਂ ਤੱਕ ਮਸੀਂ ਪਹੁੰਚੀ। ਅਜਿਹਾ ਪੰਜਾਹਵਾਂ ਮਾਮਲਾ “ਨਾਰਮਲ” ਮੰਨਿਆ ਗਿਆ।

ਮਸ਼ੀਨ ਤੁਹਾਨੂੰ ਭਿਆਨਕਤਾ ਨੂੰ ਸਰਦੀਆਂ ਦੀ ਠੰਢ ਵਾਂਗ ਹੰਢਾਉਣਾ ਸਿਖਾਉਂਦੀ ਹੈ। 

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 12, 1 ਅਗਸਤ 2017 ਵਿੱਚ ਪ੍ਰਕਾਸ਼ਿਤ