ਪੁਰਜੇ •ਮਿੰਦਰਪਾਲ ਭੱਠਲ

15

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪਰਮ ਸਤਿਕਾਰਯੋਗ ਪ੍ਰਧਾਨ ਜੀ
ਕੱਲ ਰਾਤੀਂ ਤੁਸੀਂ ਮੈਨੂੰ ਇੱਕ ਸਵਾਲ ਪੁੱਛਿਆ ਸੀ
ਪਰ ਮੈਂ ਤੁਹਾਨੂੰ ਉਸਦਾ ਉੱਤਰ ਨਹੀਂ ਦੱਸਿਆ ਸੀ
ਤੁਸੀਂ ਮੇਰੇ ਇੱਕ ਥੱਪੜੀ ਵੀ ਕਸਿਆ ਸੀ
ਪਰ ਤਾਂ ਵੀ ਮੈਂ ਤੁਹਾਨੂੰ ਉਸਦਾ ਉੱਤਰ ਨਹੀਂ ਦੱਸਿਆ ਸੀ।
ਫਿਰ ਤੁਸੀਂ ਉਸ ਲਈ ਇੱਕ ਇਨਾਮ ਵੀ ਰੱਖਿਆ ਸੀ
ਪਰ ਤਾਂ ਵੀ ਮੈਂ ਤੁਹਾਨੂੰ ਉਸ ਦਾ ਉੱਤਰ ਨਹੀਂ ਦੱਸਿਆ ਸੀ
ਕਿਉਂ ਜੋ ਕੱਲ ਰਾਤ ਦੇ ਹਨੇਰੇ ਵਿੱਚ ਤੁਸੀਂ ਹੋਸ਼ ਵਿੱਚ ਸਾਂਓ
ਤੇ ਮੈਂ ਖਾਮੋਸ਼ ਸਾਂ
ਤੇ ਹੁਣ ਦਿਨ ਚੜ੍ਹਨ ਤੋਂ ਬਾਅਦ
ਜਦੋ ਕਿ ਮੈਂ ਹੋਸ਼ ਵਿੱਚ ਹਾਂ
ਤੁਸੀਂ ਖਾਮੋਸ਼ ਹੋ?

ਮੈਂ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਦੇਵਾਂਗਾ
ਕੀ ਤੁਸੀਂ ਮੈਨੂੰ ਜਵਾਬ ਦਾ ਇਨਾਮ ਦੇਵੋਂਗੇ?
ਤੁਹਾਡਾ ਸਵਾਲ ਸੀ
ਪੁੱਤਰ! ਏਨ੍ਹਾਂ ਕਾਲਜਾਂ ਯੂਨੀਵਰਸਿਟੀਆਂ ਦੇ ਮਾਅਨੇ ਕੀ ਹੁੰਦੇ ਨੇ?
ਤੁਸੀਂ ਪੁੱਛਿਆ ਸੀ
ਕਾਕੇ! ਇਹਨਾਂ ਕਾਲਜਾਂ ਯੂਨੀਵਰਸਿਟੀਆਂ ਦੇ ਮਾਅਨੇ ਕੀ ਹੁੰਦੇ ਨੇ?
ਮੈਂ ਕਹਾਂਗਾ ਇਹ ਫ਼ੈਕਟਰੀਆਂ ਹੁੰਦੀਆਂ ਨੇ
ਜਾਂ ਕਾਰਖਾਨੇ ਹੁੰਦੇ ਨੇ
ਜਿੱਥੇ ਸਰਕਾਰੀ ਮਸ਼ੀਨਰੀ ਦੇ ਪੁਰਜ਼ੇ ਬਣਾਏ ਜਾਂਦੇ ਨੇ
ਪੈਕਿੰਗ ਕੀਤੀ ਜਾਂਦੀ ਏ
ਤੇ ਲੇਬਲ ਲਾਏ ਜਾਂਦੇ ਨੇ
ਪਰ ਜਦੋਂ ਇਹ ਪੁਰਜ਼ੇ ਵਿਕਣ ਲਈ ਮੰਡੀ ਵਿੱਚ ਜਾਂਦੇ ਨੇ
ਤਾਂ ਵਿਕ ਨਹੀਂ ਪਾਂਦੇ ਨੇ
ਸਿਰਫ਼ ਪੰਜ ਫੀਸਦ ਹੀ ਵਿਕ ਪਾਂਦੇ ਨੇ
ਬਾਕੀ ਅਣਫਿੱਟ ਹੋ ਜਾਂਦੇ ਨੇ
ਉਨ੍ਹਾਂ ਨੂੰ ਸਿਗਲੀਗਰ ਲੈ ਜਾਂਦੇ ਨੇ
ਉਨ੍ਹਾਂ ਦੇ ਬੱਠਲ਼ ਬਣਾਂਦੇ ਨੇ
ਬੱਠਲ਼ਾਂ ਵਿੱਚ ਗੋਹਾ ਪਾਂਦੇ ਨੇ
ਬੱਠਲ ਬਹੁਤ ਸ਼ਰਮਾਂਦੇ ਨੇ
ਪ੍ਰਧਾਨ ਜੀ! ਬੱਠਲ ਬਹੁਤ ਸ਼ਰਮਾਂਦੇ ਨੇ।
ਬੱਠਲ ਬਹੁਤ ਸ਼ਰਮਾਂਦੇ ਨੇ।
ਪਰ ਜੇ ਮੈਂ ਤੁਹਾਡੇ ਕੋਲ ਬੈਠੇ ਇਨ੍ਹਾਂ ਫੈਕਟਰੀਆਂ ਦੇ ਮਾਲਕਾਂ ਨੂੰ ਸਵਾਲ ਕਰਾਂ
ਮਾਲਕੋ! ਤੁਸੀਂ ਕਾਲਜਾਂ ਯੂਨੀਵਰਸਿਟੀਆਂ ਦੇ ਕੀ ਮਾਅਨੇ ਕੱਢਦੇ ਜੇ?
ਤਾਂ ਇ ਮੁਸਰਾਉਂਣਗੇ
ਮੈਂਨੂੰ ਸਮਝਾਉਣਗੇ
ਕਾਕੇ! ਵਿੱਦਿਆ ਤਾਂ ਵਿਚਾਰ ਹੁੰਦੀ ਏ
 ਪੁੱਤਰ ਵਿੱਦਿਆ ਤਾਂ ਪਰਉਪਕਾਰੀ ਹੁੰਦੀ ਏ
ਇਸ ਲਈ ਪੁੱਤਰ ਤੂੰ ਵੀ ਏਥੇ ਪੜ੍ਹਨ ਲਈ ਆ
ਤੇ ਸੇਵਾ ਲਈ ਜਾ
ਆ ਪੁੱਤਰ ਕਮ ਟੂ ਲਰਨ
ਜਾ ਪੁੱਤਰ ਗੋ ਟੂ ਸਰਵ
ਪਰ ਪ੍ਰਧਾਨ ਜੀ!
ਏਨਾਂ ਢਾਂਚਿਆਂ ਨੂੰ ਇਹ ਤਾਂ ਪੁੱਛੋ
ਕਿ ਇਨ੍ਹਾਂ ਫੈਕਟਰੀਆਂ ਦੇ ਬਣੇ ਪੁਰਜੇ ਬੇਕਾਰ ਕਿਉਂ ਹੁੰਦੇ ਨੇ?
ਚੌਦਾਂ ਸਾਲਾਂ ਪਿੱਛੋਂ ਬੇਰੁਜ਼ਗਾਰ ਕਿਉਂ ਹੁੰਦੇ ਨੇ?
ਤਾਂ ਇਹ ਬੋਲਣਗੇ ਨੀਂ
ਭੇਦ ਖੋਲਣਗੇ ਨੀਂ
ਇਹ ਤਾਂ ਸਾਨੂੰ ਸਰਕਾਰੀ ਮਸ਼ੀਨਰੀ ਦੇ ਸਾਂਚਿਆਂ ‘ਚ ਢਾਲ਼ਦੇ ਨੇ
ਤੇ ਆਪਣੇ ਪੇਟ ਪਾਲ਼ਦੇ ਨੇ

ਓਏ ਪੁਰਜ਼ਿਓ! ਨੀ ਪੁਰਜ਼ੀਓ!
ਜ਼ਰਾ ਸੋਚੋ!
ਕਿੱਥੇ ਗਈ ਸੰਵਿਧਾਨ ਦੀ ਉਨਤਾਲ਼ੀਵੀਂ ਧਾਰਾ
ਜੋ ਨਾ ਹੈ ਮਿੱਟੀ ਤੇ ਨਾ ਹੈ ਗਾਰਾ
ਸੱਜਣੋਂ ਕਿੰਝ ਹੋਵੇਗਾ ਪਾਰ ਉਤਾਰਾ
ਓਏ ਤੁਸੀਂ ਭਗਤ ਸਰਾਭੇ ਦਾ ਰਾਹ ਫੜ ਕਿਉਂ ਨੀ ਲੈਂਦੇ?
ਆਪਣ ਹੱਕਾਂ ਲਈ ਲੜ੍ਹ ਕਿਉਂ ਨਹੀਂ ਲੈਂਦੇ?
ਵੀਅਤਨਾਮੀ ਭੈਣਾਂ ਵਾਂਗ ਮਰ ਕਿਉਂ ਨੀ ਲੈਂਦੇ?
ਪ੍ਰਧਾਨ ਜੀ!
ਮੈਂ ਜੋ ਗੱਲ ਕਹੀ ਹੈ
ਉਹ ਸਹੀ ਹੈ
ਹੁਣ ਤੁਸੀਂ ਐਵੇਂ ਸ਼ਰਮਾਓ ਨਾ
ਮੇਰਾਇਨਾਮ ਦਿੱਤੇ ਬਿਨ੍ਹਾਂ ਜਾਓਨਾ
ਮੇਰੇ ਸਾਥੀ ਮੇਰੇ ਜਵਾਬ ਦੀ ਤਾਈਦ ਕਰਨਗੇ
ਉਹ ਮੇਰੇ ਇਨਾਮ ਲਈ ਤਾੜੀ ਮਾਰਨਗੇ
 ਤਾੜੀ ਮਾਰਨਗੇ
 ਤਾੜੀ ਮਾਰਨਗੇ
 ਤਾੜੀ ਮਾਰਨਗੇ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 53, 1 ਮਈ 2016 ਵਿੱਚ ਪਰ੍ਕਾਸ਼ਤ

Advertisements