ਪੰਜਾਬੀ ਯੂਨੀਵਰਸਿਟੀ ਵਿਖੇ ਵਿਦਿਆਰਥੀ ਸੰਘਰਸ਼ ਦੀ ਜਿੱਤ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਲੰਘੀ 1 ਅਕਤੂਬਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇੱਕ 11 ਸਾਲਾ ਬੱਚੇ ਜਤਿਨ ਸੇਨ ਨੂੰ ਇੱਕ ਕਾਰ ਵੱਲੋਂ ਕੁਚਲੇ ਜਾਣ ਕਾਰਨ ਮੌਤ ਹੋ ਗਈ ਜਿਸ ਮਗਰੋਂ ਯੂਨੀਵਰਸਿਟੀ ਵਿੱਚ ਕੈਂਪਸ ਅੰਦਰ ਚਾਰ ਪਹੀਆ ਵਾਹਨਾਂ ਤੇ ਬੁਲੇਟ ਮੋਟਰਸਾਈਕਲ ਉੱਪਰ ਪਾਬੰਦੀ ਲਾਉਣ ਲਈ ਵਿਦਿਆਰਥੀ ਜਥੇਬੰਦੀਆਂ ਨੇ ਇੱਕ ਸੰਘਰਸ਼ ਵਿੱਢਿਆ ਜੋ 8 ਦਿਨਾਂ ਦੀ ਜੱਦੋ-ਜਹਿਦ ਮਗਰੋਂ ਇਤਿਹਾਸਕ ਜਿੱਤ ਨਾਲ਼ ਸਮਾਪਤ ਹੋਇਆ।

ਉਪਰੋਕਤ ਘਟਨਾ ਤੋਂ ਬਾਅਦ ‘ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ)’ ਤੇ ਡੈਮੋਕ੍ਰੇਟਿਕ ਸਟੂਡੈਂਟਸ ਆਗਰੇਨਾਈਜੇਸ਼ਨ ਨੇ ‘ਵਾਹਨ ਮੁਕਤ ਕੈਂਪਸ ਸੰਘਰਸ਼ ਕਮੇਟੀ’ ਬਣਾ ਕੇ ਮੋਮਬੱਤੀ ਮਾਰਚ ਕੱਢਿਆ ਤੇ ਕੈਂਪਸ ਵਿੱਚੋਂ ਚਾਰ ਪਹੀਆ ਵਾਹਨਾਂ ਤੇ ਬੁਲੇਟ ਮੋਟਰਸਾਇਕਲਾਂ ਉੱਤੇ ਪਬੰਦੀ ਲਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ। ਇਸ ਮਾਰਚ ਨੂੰ ਵਿਦਿਆਰਥੀਆਂ ਤੇ ਕੈਂਪਸ ਵਾਸੀਆਂ ਦਾ ਭਰਪੂਰ ਤੇ ਰੋਹਮਈ ਹੁੰਘਾਰਾ ਦਿੱਤਾ। ਅਗਲੇ ਦਿਨ ਇਸ ਸੰਘਰਸ਼ ਕਮੇਟੀ ਵਿੱਚ ਪੀ.ਐੱਸ.ਯੂ ਤੇ ਏ.ਆਈ.ਐੱਸ.ਐੱਫ ਨੂੰ ਵੀ ਸ਼ਾਮਲ ਕਰ ਲਿਆ ਤੇ 5 ਅਕਤੂਬਰ (ਸੋਮਵਾਰ) ਤੋਂ ਸੰਘਰਸ਼ ਦਾ ਅਖਾੜਾ ਮਘ ਪਿਆ।

ਇਸ ਵਿੱਚ ਕਾਰਾਂ ਤੇ ਬੁਲੇਟ ਨੂੰ ਬੰਦ ਕਰਵਾਉਣ ਪਿੱਛੇ ਤਰਕ ਇਹ ਸੀ ਕਿ (1) ਇਹਨਾਂ ਨਾਲ਼ ਕੈਂਪਸ ਵਿੱਚ ਆਵਾਜਾਈ, ਭੀੜ, ਰੌਲੇ-ਰੱਪੇ ਤੇ ਪ੍ਰਦੂਸ਼ਣ ਵਿੱਚ ਵਾਧਾ ਹੁੰਦਾ ਹੈ। (2) ਕੁੜੀਆਂ ਨਾਲ਼ ਛੇੜ-ਛਾੜ ਦੀਆਂ ਘਟਨਾਵਾਂ ਵਿੱਚ ਵੀ ਕਾਰਾਂ ਤੇ ਬੁਲੇਟਾਂ ਵਾਲੇ ਅੱਗੇ ਹਨ। (3) ਕੈਂਪਸ ਵਿੱਚ ਹੋਏ ਹਾਦਸਿਆਂ ਵਿੱਚੋਂ ਬਹੁਤੇ ਚਾਰ ਪਹੀਆ ਵਾਹਨਾਂ ਤੇ ਬੁਲੇਟ ਮੋਟਰਸਾਇਲਕਾਂ ਨਾਲ਼ ਹੀ ਹੋਏ ਹਨ। (4) ਕਾਰਾਂ ਤੇ ਬੁਲੇਟ ਸਮਾਜ ਦੇ ਉੱਪਰਲੇ ਤਬਕੇ ਦੇ ਨਿਘਾਰਮੁਖੀ, ਮਨੁੱਖਦੋਖੀ ਤੇ ਸਮਾਜਕ ਸਰੋਕਾਰਾਂ ਵਿਹੂਣੇ ਸੱਭਿਆਚਾਰ ਦਾ ਅਟੁੱਟ ਅੰਗ ਤੇ “ਸਟੇਟਸ ਸਿੰਬਲ” ਵੀ ਬਣ ਚੁੱਕੇ ਹਨ। ਗੀਤਾਂ ਵਿੱਚ ਇਹਨਾਂ ਦਾ ਗੁਣਗਾਣ ਆਮ ਹੈ। ਇਸ ਕਰਕੇ ਇਹਨਾਂ ਵਾਹਨਾਂ ਦੀ ਆਮਦ ਨਾਲ਼ ਕੈਂਪਸ ਬਾਕੀ ਵਿਦਿਆਰਥੀਆਂ ਵਿੱਚ ਵੀ ਇੱਕ ਸੱਭਿਆਚਰਕ, ਨੈਤਿਕ ਨਿਘਾਰ ਪੈਦਾ ਹੁੰਦਾ ਹੈ।

ਅਸਲ ਵਿੱਚ 2013 ਤੋਂ ਹੀ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਯੂਨੀਵਰਸਿਟੀ ਵਿੱਚ ਕਾਰਾਂ, ਬੁਲੇਟਾਂ ਦਾ ਦਾਖ਼ਲਾ ਬੰਦ ਕਰਨ ਅਤੇ ਯੂਨੀਵਰਸਿਟੀ ਗੇਟ ਉੱਤੇ ਪਾਰਕਿੰਗ ਦਾ ਪ੍ਰਬੰਧ ਕਰਨ ਲਈ ਲੜ ਰਹੀਆਂ ਸਨ। ਆਪਣੀ ਅੱਯਾਸ਼ੀ, ਗੁੰਡਾਗਰਦੀ, ਛੇੜਛਾੜ ਨੂੰ ਆਪਣਾ ਹੱਕ ਸਮਝਦੀ ਕਾਕੇਸ਼ਾਹੀ ਨੇ ਇਸ ਤੋਂ ਗੁੱਸੇ ਵਿੱਚ ਆਕੇ ਵਿਦਿਆਰਥੀ ਆਗੂਆਂ ਉੱਤੇ ਹਮਲਾ ਵੀ ਕੀਤਾ। ਪਰ ਯੂਨੀਵਰਸਿਟੀ ਪ੍ਰਸ਼ਾਸ਼ਨ ਨੇ ਕਦੇ ਵੀ ਇਸ ਮਾਮਲੇ ਪ੍ਰਤੀ ਕੋਈ ਸੰਜੀਦਗੀ ਨਹੀਂ ਵਿਖਾਈ। 11 ਅਗਸਤ ਨੂੰ ਵੀ ਇੱਕ ਹੋਰ ਹਾਦਸੇ ਵਿੱਚ 11ਵੀਂ ਜਮਾਤ ਦੇ ਵਿਦਿਆਰਥੀ ਹਬੀਬ ਸਿੰਘ ਦੀ ਮੌਤ ਹੋ ਗਈ ਸੀ। ਇਸ ਮਗਰੋਂ 12 ਸਤੰਬਰ ਤੋਂ ਵਿਦਿਆਰਥੀ ਜਥੇਬੰਦੀਆਂ ਨੇ ਵੀ.ਸੀ. ਦਫਤਰ ਅੱਗੇ ਧਰਨਾ ਲਾਇਆ ਜਿਸ ਮਗਰੋਂ 13 ਅਗਸਤ ਨੂੰ ਯੂਨੀਵਰਸਿਟੀ ਪ੍ਰਸ਼ਾਸ਼ਨ ਨੇ ਇਹ ਲਿਖਤੀ ਸਮਝੌਤਾ ਕੀਤਾ ਕਿ (1) ਵਿਦਿਆਰਥੀਆਂ ਦੀਆਂ ਗੱਡੀਆਂ ਨੂੰ ਕੈਂਪਸ ‘ਚੋਂ ਬੰਦ ਕਰਕੇ ਗੇਟ ‘ਤੇ ਪਾਰਕ ਕੀਤਾ ਜਾਵੇਗਾ ਤੇ ਇਸ ਲਈ ਪੁੱਛਗਿੱਛ ਵਿਭਾਗ ਕੋਲ਼ ਪਈ ਖਾਲੀ ਥਾਂ ਵਿੱਚ ਪਾਰਕਿੰਗ ਉਸਾਰੀ ਜਾਵੇਗੀ। (2) ਇੰਜਨਿਅਰਿੰਗ ਕਾਲਜ ਵਾਲ਼ੀਆਂ ਗੱਡੀਆਂ ਵੀ ਬਾਹਰ ਖੜੀਆਂ ਕੀਤੀਆਂ ਜਾਣ ਤੇ ਉਹਨਾਂ ਦਾ ਆਉਣਾ-ਜਾਣਾ ਸਿਰਫ਼ ਪਿਛਲੇ ਗੇਟ ਤੋਂ ਹੀ ਕੀਤਾ ਜਾਵੇਗਾ। (3) ਕੈਂਪਸ ਵਿੱਚ ਵਿਦਿਆਰਥੀਆਂ, ਨਾਗਰਿਕਾਂ ਦੀ ਸਹੂਲਤ ਲਈ ਸਾਰਾ ਦਿਨ ਮੁਫ਼ਤ ਚਲਦੀਆਂ ਬੱਸਾਂ ਦਾ ਪ੍ਰਬੰਧ ਕੀਤਾ ਜਾਵੇਗਾ। (4) ਟੀਚਿੰਗ ਤੇ ਨਾਨ-ਟੀਚਿੰਗ ਦੇ ਕਰਮਚਾਰੀਆਂ ਤੇ ਅੰਗਹੀਣ ਵਿਦਿਆਰਥੀਆਂ ਦੇ ਨਾਂ ਇੱਕ ਗੱਡੀ ਰਜਿਸਟਰ ਕਰਕੇ ਉਹਨਾਂ ਨੂੰ ਸਟਿੱਕਰ ਜਾਰੀ ਕੀਤੇ ਜਾਣਗੇ।

ਇਸ ਸਮਝੌਤੇ ਮੁਤਾਬਕ ਅਥਾਰਿਟੀ ਵੱਲੋਂ ਕੰਮ ਸ਼ੁਰੂ ਕਰਨ ਲਈ ਮਿੱਥੇ 20 ਦਿਨ 7 ਸਤੰਬਰ ਨੂੰ ਪੂਰੇ ਹੋਣ ਮਗਰੋਂ ਜਥੇਬੰਦੀਆਂ ਦੇ ਨੁਮਾਇੰਦੇ 4 ਵਾਰ ਜ਼ਿੰਮੇਵਾਰ ਅਹੁਦੇਦਾਰਾਂ ਨੂੰ ਮਿਲ਼ੇ ਪਰ ਉਹਨਾਂ ਦਾ ਰਵੱਈਆ ਨਮੋਸ਼ੀ ਵਾਲ਼ਾ ਹੀ ਰਿਹਾ। ਜਤਿਨ ਸੇਨ ਦੀ ਮੌਤ ਤੱਕ ਦੇ 50 ਦਿਨਾਂ ਵਿੱਚ ਪਾਰਕਿੰਗ ਵਾਲੀ ਥਾਂ ਉੱਤੇ ਮਿੱਟੀ ਪਾਉਣ ਦਾ ਕੰਮ ਵੀ ਪੂਰਾ ਨਹੀਂ ਸੀ ਹੋਇਆ ਤੇ ਨਾ ਹੀ ਇਸਨੂੰ ਪੱਕਾ ਕਰਨ ਸਬੰਧੀ ਕੋਈ ਟੈਂਡਰ ਪਾਸ ਹੋਇਆ ਸੀ। ਕੰਮ ਵਿੱਚ ਵਿੱਚ ਹੋ ਰਹੀ ਦੇਰੀ, ਢਿੱਲ-ਮੱਠ ਅਤੇ ਟਾਲ਼-ਮਟੋਲ਼ ਤੋਂ ਯੂਨੀਵਰਸਿਟੀ ਦਾ ਗੈਰ-ਗੰਭੀਰ ਰਵੱਈਆ ਝਲਕਦਾ ਹੈ। ਜੇ ਪਹਿਲੇ ਹਾਦਸੇ ਪਿੱਛੋਂ ਹੀ ਯੂਨੀਵਰਸਿਟੀ ਨੇ ਸੰਜ਼ੀਦਗੀ ਵਿਖਾਈ ਹੁੰਦੀ ਤਾਂ ਇੱਕ ਬੱਚੇ ਦੀ ਮੌਤ ਹੋਣੋਂ ਬਚ ਸਕਦੀ ਸੀ। ਇਸ ਕਰਕੇ ਯੂਨੀਵਰਸਿਟੀ ਪ੍ਰਸ਼ਾਸਨ ਜਤਿਨ ਸੇਨ ਦੇ ਕਤਲ ਲਈ ਜ਼ਿੰਮੇਵਾਰ ਹੈ।

5 ਅਕਤੂਬਰ ਸੰਘਰਸ਼ ਕਮੇਟੀ ਨੇ ਕਾਰਵਾਈ ਲਈ ਦੋ ਦਿਨਾਂ ਦਾ ਅਲਟੀਮੇਟਮ ਦਿੱਤਾ ਤੇ ਕੋਈ ਕਾਰਵਾਈ ਨਾ ਹੋਣ ਮਗਰੋਂ 7 ਅਕਤੂਬਰ ਨੂੰ ਵਾਈਸ ਚਾਂਸਲਰ ਦੇ ਦਫ਼ਤਰ ਨੂੰ ਤਾਲਾ ਲਾ ਕੇ ਸੰਘਰਸ਼ ਨੂੰ ਹੋਰ ਤੇਜ ਕਰ ਦਿੱਤਾ। ਪੂਰੇ ਮਸਲੇ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਯੂਨੀਵਰਸਿਟੀ ਵੱਲੋਂ ਚਾਰ ਪਹੀਆ ਵਾਹਨਾਂ ਉੱਪਰ ਪਬੰਦੀ ਲਾਉਣ ਦੇ ਐਲਾਨ ਮਗਰੋਂ “ਕਾਰਾਂ ਵਾਲੇ ਵਿਦਿਆਰਥੀਆਂ” ਨੇ “ਬਾਰਬਰੀ” ਦੇ “ਜਨਮ ਸਿੱਧ ਅਧਿਕਾਰ” ਦਾ ਰੌਲ਼ਾ ਪਾਉਂਦਿਆਂ ਕੈਂਪਸ ਵਿੱਚ ਕਾਰਾਂ ਦੇ ਦਾਖਲੇ ਦੀ ਮੰਗ ਨੂੰ ਲੈ ਕੇ 7 ਅਕਤੂਬਰ ਨੂੰ ਰੈਲੀ ਕਰਕੇ 8 ਅਕਤੂਬਰ ਨੂੰ ਮੁੱਖ ਗੇਟ ਬੰਦ ਕਰ ਦਿੱਤਾ। ਇਸ ਮਗਰੋਂ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਲਗਭਗ 12 ਸਾਲਾਂ ਬਾਅਦ ਯੂਨੀਵਰਸਿਟੀ ਪ੍ਰਸ਼ਾਸ਼ਨ ਨੇ 3 ਪੱਕੀਆਂ ਛੁੱਟੀਆਂ ਦੇ ਨਾਲ਼ ਹੀ ਦੋ ਦਿਨ ਲਈ ਯੂਨੀਵਰਸਿਟੀ ਆਪਣੇ ਵੱਲੋਂ ਬੰਦ ਕੀਤੀ ਤੇ ਇਸ ਤਰ੍ਹਾਂ ਲਗਾਤਾਰ ਪੰਜ ਦਿਨ ਯੂਨੀਵਿਰਸਿਟੀ ਨੂੰ ਬੰਦ ਕਰਕੇ ਇਸ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ।

9 ਅਕਤੂਬਰ ਨੂੰ, ਇਹ ਛੁੱਟੀਆਂ ਸ਼ੁਰੂ ਹੋਣ ਸਾਰ ਪੀ.ਐੱਸ.ਯੂ ਤੇ ਏ.ਆਈ.ਐੱਸ.ਐੱਫ ਨੇ ਸੰਘਰਸ਼ ਨੂੰ ਕਮਜ਼ੋਰ ਹੁੰਦਾ ਸਮਝ ਕੇ ਸੰਘਰਸ਼ ਕਮੇਟੀ ਦੀਆਂ ਕੁੱਝ ਮੰਗਾਂ ਉੱਪਰ ਅਮਲੀ ਕਾਰਵਾਈ ਸ਼ੁਰੂ ਹੋ ਜਾਣ ਮਗਰੋਂ, ਇਹਨਾਂ ਨੂੰ ਪੂਰਨ ਰੂਪ ਵਿੱਚ ਲਾਗੂ ਕੀਤੇ ਜਾਣ ਦਾ ਲਿਖਤੀ ਭਰੋਸਾ ਲੈਣ ਅਤੇ ਬੁਲੇਟ ਉੱਤੇ ਪਬੰਦੀ ਲਾਉਣ ਦੀ ਥਾਂ ਰੌਲਾ ਪਾਉਣ ਵਾਲੇ ਵਾਹਨਾਂ ਨੂੰ ਰੋਕਣ ਦੇ ਬਦਲਵੇਂ ਪ੍ਰਬੰਧ ਉੱਪਰ ਸਹਿਮਤ ਹੋਣ ਮਗਰੋਂ ਜਿੱਤ ਦਾ ਐਲਾਨ ਕਰਕੇ ਇਸ ਸੰਘਰਸ਼ ਵਿੱਚੋਂ ਬਾਹਰ ਹੋ ਗਈਆਂ। ਪਰ ‘ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ)’ ਅਤੇ ‘ਡੈਮੋਕ੍ਰਿਟਕ ਸਟੂਡੈਂਟਸ ਆਰਗੇਨਾਈਜੇਸ਼ਨ’ ਇਸ ਸੰਘਰਸ਼ ਵਿੱਚ ਡਟੀਆਂ ਰਹੀਆਂ। ਸੰਘਰਸ਼ ਨੂੰ ਜਾਰੀ ਰੱਖਣ ਪਿੱਛੇ ਕਾਰਨ ਸਨ ਕਿ ਭਾਵੇਂ ਸੰਘਰਸ਼ ਦੀ ਅੰਸ਼ਕ ਜਿੱਤ ਹੋ ਚੁੱਕੀ ਹੈ ਪਰ ਇਸਨੂੰ ਉੱਦੋਂ ਤੱਕ ਚਲਾਇਆ ਜਾਣਾ ਚਾਹੀਦਾ ਹੈ ਜਦੋਂ ਤੱਕ:

(1) ਸੰਘਰਸ਼ ਸਭ ਮੰਗਾਂ ਨਾ ਸਿਰਫ਼ ਮੰਨੇ ਜਾਣ ਸਗੋਂ ਪੂਰੀ ਤਰ੍ਹਾਂ ਲਾਗੂ ਕੀਤੇ ਜਾਣ ਦੇ ਐਲਾਨ ਨਾਲ਼ ਸ਼ਰੂ ਹੋਇਆ ਸੀ। ਯੂਨੀਵਰਸਿਟੀ ਵੱਲੋਂ ਚਾਰ ਪਹੀਆ ਵਾਹਨਾਂ ਉੱਪਰ ਪਬੰਦੀ ਲਾਉਣ ਦੇ ਬਾਵਜੂਦ ਕੈਂਪਸ ਅੰਦਰ 100 ਦੇ ਕਰੀਬ ਕਾਰਾਂ ਮੌਜੂਦ ਸਨ ਤੇ ਇਹਨਾਂ ਦੇ ਬਾਹਰ ਹੋਣ ਤੱਕ ਪਬੰਦੀ ਦੇ ਇਸ ਐਲਾਨ ਨੂੰ ਲਾਗੂ ਨਹੀਂ ਮੰਨਿਆ ਜਾ ਸਕਦਾ ਸੀ। (2) ਇਹਨਾਂ ਜਥੇਬੰਦੀਆਂ ਦੀ ਬੁਲੇਟ ਉੱਤੇ ਪੂਰਨ ਪਬੰਦੀ ਦੀ ਮੰਗ ਸੀ ਜਿਸ ਉੱਪਰ ਹਾਲੇ ਤੱਕ ਕੋਈ ਰਜ਼ਾਮੰਦੀ ਨਹੀਂ ਹੋਈ ਸੀ। (3) ਜਿੰਨਾ ਚਿਰ ਵਿਰੋਧੀ ਵਿਚਾਰਾਂ ਤੇ ਮੰਗਾਂ ਵਾਲਾ ਧੜਾ ਗੇਟ ਬੰਦ ਕਰੀ ਮੈਦਾਨ ਵਿੱਚ ਡਟਿਆ ਸੀ ਓਨਾਂ ਚਿਰ ਕਿਸੇ ਵੀ ਹਾਲ ਸੰਘਰਸ਼ ਦਾ ਮੈਦਾਨ ਛੱਡਕੇ ਜਿੱਤ ਨਹੀਂ ਐਲਾਨੀ ਜਾ ਸਕਦੀ ਅਤੇ ਮੁੱਖ ਗੇਟ ਖੁੱਲਣ ਤੇ ਯੂਨੀਵਰਸਿਟੀ ਦਾ ਕੰਮ ਮੁੜ ਚਾਲੂ ਹੋਣ ਮਗਰੋਂ ਹੀ ਕੋਈ ਫ਼ੈਸਲਾ ਲਿਆ ਜਾ ਸਕਦਾ ਸੀ।

ਇਸ ਮਗਰੋਂ 12 ਅਕਤੂਬਰ ਨੂੰ ਕਰੀਬ 12 ਵਜੇ ਸੰਘਰਸ਼ ਕਮੇਟੀ ਦਾ ਵੱਡਾ ਹਿੱਸਾ ਨੁੱਕੜ ਨਾਟਕਾਂ ਰਾਹੀਂ ਇਸ ਪੂਰੇ ਨੂੰ ਹੋਰਨਾਂ ਵਿਦਿਆਰਥੀਆਂ ਵਿੱਚ ਲਿਜਾ ਰਿਹਾ ਸੀ, ਜਿਸ ਕਾਰਨ ਵਾਈਸ ਚਾਂਸਲਰ ਦੇ ਦਫ਼ਤਰ ਨੂੰ ਜਿੰਦਾ ਲਾਉਣ ਵਾਲੀ ਥਾਂ ‘ਤੇ ਸਿਰਫ 4 ਵਿਦਿਆਰਥੀ ਰੁਕੇ ਸਨ। ਇਸ ਮੌਕੇ ਦਾ ਲਾਹਾ ਲੈਂਦਿਆਂ ਯੂਨੀਵਰਸਿਟੀ ਪ੍ਰਾਸ਼ਾਸ਼ਨ ਨੇ ਧੱਕੇ ਨਾਲ਼ ਆ ਕੇ ਤਾਲਾ ਖੋਲਣ ਦੀ ਕੋਸ਼ਿਸ਼ ਕੀਤੀ, ਵਿਦਿਆਰਥੀਆਂ ਨਾਲ਼ ਹੱਥੋਪਾਈ ਦਾ ਵੀ ਯਤਨ ਕੀਤਾ ਗਿਆ ਤੇ ਉਹਨਾਂ ਉੱਪਰ ਪੁਲਿਸ ਕਾਰਵਾਈ ਕਰਨ ਜਿਹੀਆਂ ਕਈ ਧਮਕੀਆਂ ਦਿੱਤੀਆਂ ਗਈਆਂ ਪਰ ਉਹਨਾਂ ਨੂੰ ਨਿਰਾਸ਼ ਮੁੜਨਾ ਪਿਆ।
ਇਸ ਪਿੱਛੋਂ ਸ਼ਾਮ ਕਰੀਬ 2:30 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਕਈ ਪੜਾਵਾਂ ਵਿੱਚ ਚੱਲੀ ਗੱਲਬਾਤ ਮਗਰੋਂ ਇਸ ਸੰਘਰਸ਼ ਦੀ ਮਿਸਾਲੀ ਜਿੱਤੀ ਹੋ ਗਈ। ਇਸ ਸੰਘਰਸ਼ ਦੀਆਂ ਕਈ ਮੰਗਾਂ ਪਹਿਲਾਂ ਹੀ ਮੰਨੀਆਂ ਜਾ ਚੁੱਕੀਆਂ ਸਨ ਤੇ ਇਸ ਗੱਲਬਾਤ ਰਾਹੀਂ ਸੰਘਰਸ਼ ਦੀਆਂ ਜੋ ਨਵੀਆਂ ਪ੍ਰਾਪਤੀਆਂ ਹਨ, ਉਹ ਹਨ:

(1) ਕੈਂਪਸ ਵਿੱਚ ਕਾਰਾਂ ਦੇ ਦਾਖ਼ਲੇ ਦੀ ਮੰਗ ਉੱਪਰ ਬੈਠੇ ਵਿਦਿਆਰਥੀਆਂ ਨੂੰ ਖਦੇੜ ਦਿੱਤਾ ਗਿਆ ਤੇ ਯੂਨੀਵਰਸਿਟੀ ਦਾ ਸਭ ਕੰਮ ਮੁੜ ਤੋਂ ਚਾਲੂ ਕਰ ਦਿੱਤਾ ਗਿਆ।
(2) ਕੈਂਪਸ ਅੰਦਰ ਖੜ੍ਹੀਆਂ ਨਜਾਇਜ ਕਾਰਾਂ ਲਗਭਗ ਬਾਹਰ ਹੋ ਚੁੱਕੀਆਂ ਹਨ ਤੇ ਸਿਰਫ਼ 10-12 ਬਾਕੀ ਹਨ ਤੇ ਉਹ ਵੀ 1-2 ਦਿਨਾਂ ਅੰਦਰ ਬਾਹਰ ਕੀਤੀਆਂ ਜਾਣਗੀਆਂ।
(3) ਬੁਲੇਟ ਉੱਪਰ ਪਬੰਦੀ ਦੀ ਥਾਂ ਇਹ ਲਿਖਤੀ ਸਮਝੌਤਾ ਹੋਇਆ ਹੈ ਕਿ ਨਵੇਂ ਸਮੈਸਟਰ ਤੋਂ ਬੁਲੇਟ ਸਮੇਤ ਵਿਦਿਆਰਥੀਆਂ ਦੇ ਸਭ ਦੋ ਪਹੀਆ ਵਾਹਨ ਬੰਦ ਕਰ ਦਿੱਤੇ ਜਾਣਗੇ।
(4) ਕੁੜੀਆਂ ਨਾਲ਼ ਛੇੜਛਾੜ ਦੀਆਂ ਘਟਨਾਵਾਂ ਸ਼ਾਮ 5 ਵਜੇ ਤੋਂ ਬਾਅਦ ਕਾਫੀ ਵਧ ਜਾਂਦੀਆਂ ਹਨ। ਇਸ ਲਈ ਕੁੜੀਆਂ ਦੇ ਹੋਸਟਲ ਤੋਂ ਗੁਰਦੁਆਰੇ ਤੱਕ ਦੇ ਕਾਫੀ ਇਲਾਕੇ ਉੱਪਰ ਸ਼ਾਮ 5 ਤੋਂ 7 ਤੱਕ ਲਈ ਵਿਦਿਆਰਥੀਆਂ ਦੇ ਵਾਹਨਾਂ ਉੱਪਰ ਪਬੰਦੀ ਲਾਈ ਗਈ ਹੈ।

ਦੋਵਾਂ ਜਥੇਬੰਦੀਆਂ ਨੇ ਇਸ ਜਿੱਤ ਉੱਪਰ ਵਧਾਈ ਦਿੰਦਿਆਂ ਵਿਦਿਆਰਥੀਆਂ, ਅਧਿਆਪਕਾਂ ਕਰਮਚਾਰੀ ਤੇ ਕੈਂਪਸ ਵਾਸੀਆਂ ਦਾ ਉਹਨਾਂ ਦੇ ਵਡਮੁੱਲੇ ਸਹਿਯੋਗ ਲਈ ਧੰਨਵਾਦ ਕੀਤਾ। ਕੈਂਪਸ ਵਿੱਚ ਵਾਹਨਾਂ ਦੀ ਪਬੰਦੀ ਲਈ 2013 ਤੋਂ ਚੱਲ ਰਹੇ ਇੱਕ ਲੰਮਾ ਸੰਘਰਸ਼ ਇੱਕ ਵੱਡੀ ਇਤਿਹਾਸਿਕ ਜਿੱਤ ਹਾਸਲ ਕਰ ਚੁੱਕਾ ਹੈ। ਜੋ ਮਸਲਾ ਬਹੁਤੇ ਲੋਕਾਂ ਨੂੰ ਅਸੰਭਵ ਲੱਗਦਾ ਸੀ ਉਹ ਹੁਣ ਇੱਕ ਹਕੀਕਤ ਬਣ ਗਿਆ ਹੈ। ਇਹ ਵੱਡੀ ਜਿੱਤ ਪੰਜਾਬ ਅੰਦਰ ਵਿਦਿਆਰਥੀ ਲਹਿਰ ਦੇ ਮੁੜ ਉਭਾਰ ਵੱਲ ਵਧਣ ਦਾ ਸੰਕੇਤ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 45, ਨਵੰਬਰ 2015 ਵਿਚ ਪਰ੍ਕਾਸ਼ਤ

Advertisements