ਪੰਜਾਬ ‘ਚ ਹਾਲੇ ਵੀ ਕੁੜੀਆਂ ਨਾਲ਼ ਵਿਤਕਰਾ ਵੱਡੇ ਪੱਧਰ ‘ਤੇ ਜਾਰੀ •ਰੌਸ਼ਨ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪੰਜਾਬ ਭਾਰਤ ਦੇ ਉਹਨਾਂ ਸੂਬਿਆਂ ‘ਚੋਂ ਇੱਕ ਹੈ ਜਿੱਥੇ ਔਰਤ ਨੂੰ ਪੈਰ ਦੀ ਜੁੱਤੀ, ਚੁੱਲ੍ਹੇ-ਚੌਂਕੇ ਦਾ ਕੰਮ ਸਾਂਭਣ ਵਾਲੀ ਇੱਕ ਗੁਲਾਮ ਸਮਝਣ ਦੀ ਜਗੀਰੂ ਮਾਨਸਿਕਤਾ ਕਾਫੀ ਪਸਰੀ ਹੋਈ ਹੈ। ਇਹ ਤਾਂ ਅਕਸਰ ਹੀ ਕਿਹਾ ਜਾਂਦਾ ਹੈ ਕਿ ਪੰਜਾਬ ਵਿੱਚ ਹੀਰ ਗਾਈ ਵੀ ਜਾਂਦੀ ਹੈ ਤੇ ਮਾਰੀ ਵੀ ਜਾਂਦੀ ਹੈ, ਪਰ ਇੱਥੇ ਹੀਰਾਂ ਜੰਮਣ ਤੋਂ ਲੈ ਕੇ ਜਿੰਦਗੀ ਦੇ ਹਰ ਕਦਮ ‘ਤੇ ਵੀ ਵਿਤਕਰੇ ਦਾ ਸ਼ਿਕਾਰ ਹੁੰਦੀਆਂ ਹਨ। ਭਾਵੇਂ ਪਿਛਲੇ ਦਹਾਕਿਆਂ ‘ਚ ਹੋਏ ਸਰਮਾਏਦਾਰਾ ਵਿਕਾਸ ਨਾਲ਼ ਪੰਜਾਬ ‘ਚ ਔਰਤਾਂ ਨੂੰ ਘਰੋਂ ਬਾਹਰ ਨਿਕਲ ਕੇ ਪੜ੍ਹਨ, ਕੰਮ-ਕਾਰ ਕਰਨ ਦੇ ਮੌਕੇ ਮਿਲੇ ਹਨ ਪਰ ਇਸਦੇ ਬਾਵਜੂਦ ਵੀ ਔਰਤਾਂ ਨਾਲ਼ ਇੱਥੇ ਵੱਡੇ ਪੱਧਰ ‘ਤੇ ਵਿਤਕਰਾ ਮੌਜੂਦ ਹੈ। ਕੁੜੀਆਂ ਨੂੰ ਪੜ੍ਹਾਉਣ ਤੇ ਨੌਕਰੀ ਕਰਨ ਦੇਣ ਦਾ ਕਾਰਨ ਹਾਲੇ ਵੀ ਔਰਤਾਂ ਨੂੰ ਸਤਿਕਾਰ ਜਾਂ ਬਰਾਬਰੀ ਦਾ ਦਰਜਾ ਦੇਣਾ ਨਹੀਂ ਹੈ ਸਗੋਂ ਹਾਲੇ ਵੀ ਇਸਦਾ ਇੱਕ ਵੱਡਾ ਕਾਰਨ ਇਹੋ ਹੈ ਵਿਆਹ ਦੇ ਰੂਪ ‘ਚ ਹੁੰਦੇ ਸੌਦਿਆਂ ‘ਚ ਉਸਦੀ ਪੜ੍ਹਾਈ, ਰੁਜਗਾਰ ਨਾਲ਼ ਉਸਦਾ ਚੰਗਾ ਮੁੱਲ ਪੈ ਸਕੇ। ਕੁੜੀਆਂ ਦੇ ਜੰਮਣ, ਪਾਲਣ-ਪੋਸ਼ਣ ਤੋਂ ਲੈ ਕੇ ਉਹਨਾਂ ਦੀ ਸਿਹਤ, ਸਿੱਖਿਆ, ਰੁਜਗਾਰ ਤੇ ਵਿਆਹ ਆਦਿ ਸਭ ਮਾਮਲਿਆਂ ‘ਚ ਸੂਬੇ ਦੀ ਹਾਲਤ ਅਜੇ ਵੀ ਤਰਸਯੋਗ ਹੀ ਹੈ। ਕੁੜੀ ਜੰਮਣ ‘ਤੇ ਪੰਜਾਬ ‘ਚ ਹਾਲੇ ਵੀ ਲੋਕਾਂ ਦੇ ਮੂੰਹ ਸੁੱਜ ਜਾਂਦੇ ਹਨ ਤੇ ਸੋਗਮਈ ਮਹੌਲ ਬਣ ਜਾਂਦਾ ਹੈ। ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰਨਾ ਹਾਲੇ ਵੀ ਮੌਜੂਦ ਹੈ। ਪਰਿਵਾਰ ‘ਚ ਹੁੰਦੇ ਵਿਤਕਰੇ ਨਾਲ਼ ਬਚਪਨ ਤੋਂ ਹੀ ਕੁੜੀਆਂ ਨੂੰ ਦੱਬੂ ਤੇ ਮੁੰਡੇ ਨੂੰ ਲਾਡਲਾ, ਮਨਮਰਜੀ ਕਰਨ ਵਾਲਾ ਬਣਾ ਕੇ ਪਾਲਿਆ ਜਾਂਦਾ ਹੈ, ਮੁੜ ਇਹੋ ਕੁੜੀਆਂ ਵੱਡੀਆਂ ਹੋ ਕੇ ਆਪਣੇ ਨਾਲ਼ ਹੁੰਦੇ ਵਿਤਕਰੇ ਖਿਲਾਫ ਬੋਲਣ ਜੋਗੀਆਂ ਨਹੀਂ ਰਹਿੰਦੀਆਂ ਤੇ ਲਾਡਲੇ ਮੁੰਡਿਆਂ ਲਈ ਔਰਤਾਂ ਸਾਰੀ ਜਿੰਦਗੀ ਖਿਡੌਣਾ ਜਾਂ ਸੇਵਾ ਕਰਨ ਵਾਲੀਆਂ ਗੁਲਾਮ ਬਣੀਆਂ ਰਹਿੰਦੀਆਂ ਹਨ। 

ਕਿਸੇ ਰੁਜਗਾਰ ‘ਤੇ ਲੱਗੀਆਂ ਔਰਤਾਂ ਨੂੰ ਵੀ ਅਨੇਕਾਂ ਤਰ੍ਹਾਂ ਦੇ ਵਿਤਕਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਔਰਤਾਂ ਨੂੰ ਘੱਟ ਮੌਕੇ ਦੇਣਾ, ਘੱਟ ਤਨਖਾਹ ਦੇਣਾ, ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤੇ ਜਾਣਾ ਤੇ ਛੇੜਛਾੜ ਆਦਿ ਲਗਭਗ ਹਰ ਨੌਕਰੀ ਕਰਨ ਵਾਲੀ ਔਰਤ ਦੇ ਹਿੱਸੇ ਆਉਂਦਾ ਹੈ। ਇਸਦੇ ਨਾਲ਼ ਹੀ ਨੌਕਰੀ ਕਰਨ ਦੇ ਨਾਲ਼-ਨਾਲ਼ ਘਰ ਦੇ ਰਵਾਇਤੀ ਕੰਮ ਵੀ ਔਰਤ ਨੂੰ ਹੀ ਕਰਨੇ ਪੈਂਦੇ ਹਨ ਤੇ ਉਸ ਸਿਰ ਦੂਹਰੇ ਕੰਮਾਂ ਦਾ ਬੋਝ ਆ ਪੈਂਦਾ ਹੈ। ਸਵੇਰੇ ਸਫਾਈ, ਰਸੋਈ ਤੇ ਬੱਚਿਆਂ ਨੂੰ ਤਿਆਰ ਕਰਨ ਦੇ ਕੰਮ ਕਰਨ ਤੋਂ ਬਾਅਦ ਹੀ ਔਰਤ ਨੌਕਰੀ ‘ਤੇ ਜਾਂਦੀ ਹੈ। ਜਦੋਂ ਸ਼ਾਮ ਨੂੰ ਪਤੀ-ਪਤਨੀ ਕੰਮਾਂ ਤੋਂ ਮੁੜਦੇ ਹਨ ਤਾਂ ‘ਥੱਕਿਆ’ ਹੋਇਆ ਪਤੀ ਸੋਫੇ ‘ਤੇ ਲੱਤਾ ਨਿਸਾਰ ਪਾਣੀ ਦਾ ਗਿਲਾਸ ਵੀ ਮੰਗਦਾ ਹੈ ਤੇ ਔਰਤ ਘਰ ਦੇ ਬਾਕੀ ਕੰਮਾਂ ਚ ਰੁੱਝ ਜਾਂਦੀ ਹੈ।

ਜੁਲਾਈ ਮਹੀਨੇ ਪੰਜਾਬ ਬਾਰੇ ਸੈਂਪਲ ਰਜਿਸਟ੍ਰੇਸ਼ਨ ਸਰਵੇ ਦੇ ਜਾਰੀ ਹੋਏ ਅੰਕੜੇ ਸੂਬੇ ਵਿੱਚ ਕੁੜੀਆਂ ਨਾਲ਼ ਵੱਡੇ ਪੱਧਰ ‘ਤੇ ਹੁੰਦੇ ਵਿਤਕਰੇ ਦੀ ਗਵਾਹੀ ਭਰਦੇ ਹਨ। ਇਸ ਸਰਵੇਖਣ ਮੁਤਾਬਕ ਪੰਜਾਬ ਦੀ ਹਾਲਤ ਭਾਰਤ ਦੇ ਜਿਆਦਾਤਰ ਸੂਬਿਆਂ ਤੋਂ ਮਾੜੀ ਹੈ। ਪੰਜਾਬ ਨਾ ਸਿਰਫ ਮੁਕਾਬਲਤਨ ਵਿਕਸਤ ਸੂਬਿਆਂ ਨਾਲ਼ੋਂ ਪਿੱਛੇ ਹੈ ਸਗੋਂ ਉੱਤਰ-ਪ੍ਰਦੇਸ਼, ਬਿਹਾਰ ਜਿਹੇ ਪੱਛੜੇ ਸੂਬਿਆਂ ਨਾਲ਼ੋਂ ਵੀ ਪੰਜਾਬ ਦਾ ਮਾੜਾ ਹਾਲ ਹੈ। ਇਹਨਾਂ ਵਿੱਚੋਂ ਕੁੱਝ ਅਹਿਮ ਅੰਕੜੇ ਇਸ ਤਰ੍ਹਾਂ ਹਨ:

1.) 5 ਸਾਲ ਘੱਟ ਉਮਰ ਵਿੱਚ ਬੱਚਿਆਂ ਦੀ ਮੌਤ ਦੀ ਦਰ ‘ਚ ਮੁੰਡੇ ਤੇ ਕੁੜੀ ਦੀ ਮੌਤ ਦਰ ਵਿੱਚ 10 ਅੰਕਾਂ ਦਾ ਫਰਕ ਹੈ, ਜਦਿਕ ਭਾਰਤ ਪੱਧਰ ਤੇ ਇਹ ਫਰਕ 2 ਅੰਕਾਂ ਦਾ ਹੈ। ਪੰਜਾਬ ‘ਚ ਹਰ 27 ਵਿੱਚੋਂ ਇੱਕ ਕੁੜੀ ਤੇ ਹਰ 38 ਵਿੱਚੋਂ 1 ਮੁੰਡਾ 5 ਸਾਲ ਤੋਂ ਘੱਟ ਉਮਰ ‘ਚ ਮਰ ਜਾਂਦਾ ਹੈ।

2.) ਮਨੁੱਖੀ ਵਿਕਾਸ ਸੂਚਕ ਅੰਕ ‘ਚ ਪੰਜਾਬ ਦਾ 4 ਸਥਾਨ ਹੈ ਪਰ ਲਿੰਗ ਅਧਾਰਤ ਵਿਕਾਸ ਸੂਚਕ ਅੰਕ ‘ਚ ਇਸਦਾ ਸਥਾਨ 16ਵਾਂ ਹੈ।

3.) ਭਾਰਤ ‘ਚ ਪ੍ਰਤੀ ਔਰਤ ਬੱਚੇ ਜੰਮਣ ਦੀ ਦਰ 2.1 ਹੈ, ਪਰ ਪੰਜਾਬ ‘ਚ ਇਹ 1.7 ਹੈ। ਇਹ ਜਾਪਦਾ ਹੈ ਕਿ ਪੰਜਾਬ ‘ਚ ਘੱਟ ਬੱਚੇ ਜੰਮ ਕੇ ਪਰਿਵਾਰ ਨਿਯੋਜਨ ਕੀਤਾ ਜਾਂਦਾ ਹੈ, ਪਰ ਇਹ ਪਰਿਵਾਰ ਨਿਯੋਜਨ ਅਸਲ ‘ਚ ਲਿੰਗ ਨਿਯੋਜਨ ਹੈ। ਪੰਜਾਬ ‘ਚ 2001 ਚ ਲਿੰਗ ਅਨੁਪਾਤ 874/1000 ਸੀ ਤੇ ਬੱਚਿਆਂ (0-6 ਸਾਲ) ‘ਚ ਇਹ 798/1000 ਸੀ। 2011 ‘ਚ ਭਾਵੇਂ ਕੁੱਝ ਸੁਧਾਰ ਆਇਆ ਹੈ ਤੇ ਲਿੰਗ ਅਨੁਪਾਤ 893/1000 ਹੈ ਤੇ ਬੱਚਿਆਂ ‘ਚ ਇਹ 846/1000 ਹੈ। ਪਰ ਹਾਲੇ ਵੀ ਇਹ ਦੇਸ਼ ਪੱਧਰ ਦੀ ਦਰ 940/1000 ਨਾਲ਼ੋਂ ਕਾਫੀ ਘੱਟ ਹੈ।

ਪੰਜਾਬ ਸਰਕਾਰ ਦੇ ਅੰਕੜੇ ਵੀ ਕੁੱਝ ਇਸ ਤਰ੍ਹਾਂ ਦੀ ਹੀ ਤਸਵੀਰ ਬਿਆਨ ਕਰਦੇ ਹਨ।

1.) 38 ਫੀਸਦੀ ਔਰਤਾਂ ਖੂਨ ਦੀ ਕਮੀ ਤੋਂ ਪੀੜਤ ਹਨ।

2.) 2011 ਦੀ ਜਨਗਣਨਾ ਮੁਤਾਬਕ ਕਾਮਿਆਂ ‘ਚ ਔਰਤਾਂ ਦੀ ਗਿਣਤੀ ਸਿਰਫ 12 ਫੀਸਦੀ ਹੈ।

3.) ਸੂਬੇ ਵਿੱਚ ਔਰਤਾਂ ਦੀ ਸਾਖਰਤਾ ਦਰ 70.7 ਫੀਸਦੀ ਹੈ ਜਦਕਿ ਮਰਦਾਂ ਲਈ ਇਹ 80.4 ਫੀਸਦੀ ਹੈ। ਹੁਸ਼ਿਆਰਪੁਰ ਵਿੱਚ ਔਰਤਾਂ ਦੀ ਸਾਖਰਤਾ ਦਰ ਸਭ ਤੋਂ ਵੱਧ (80.3 ਫੀਸਦੀ) ਹੈ ਤੇ ਮਾਨਸਾ ‘ਚ ਸਭ ਤੋਂ ਘੱਟ (55.7 ਫੀਸਦੀ) ਹੈ।

4.) ਪੰਜਾਬ ‘ਚ ਸਰਕਾਰੀ ਨੌਕਰੀਆਂ ਹਨ 2,71,000 ਹਨ ਪਰ ਇਹਨਾਂ ‘ਚ ਔਰਤਾਂ ਸਿਰਫ 25.4 ਫੀਸਦੀ ਹਨ।

5.) ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਚੋਂ ਸਿਰਫ 14 ਔਰਤਾਂ ਕੋਲ ਹਨ।

6.) ਪੰਚਾਇਤੀ ਪੱਧਰ ‘ਤੇ ਵੀ 28 ਫੀਸਦੀ ਔਰਤਾਂ ਮੈਂਬਰ ਪੰਚਾਇਤ ਤੇ 29.8 ਫੀਸਦੀ ਔਰਤਾਂ ਸਰਪੰਚ ਹਨ। ਪਰ ਜਮੀਨੀ ਪੱਧਰ ‘ਤੇ ਪੰਚਾਇਤ ‘ਚ ਔਰਤਾਂ ਦੀ ਇਹ ਸ਼ਮੂਲੀਅਤ ਨਾਂ ਦੀ ਹੀ ਹੈ, ਜਿਆਦਾਤਰ ਮਾਮਲਿਆਂ ‘ਚ ਔਰਤਾਂ ਦੇ ਪਤੀ ਹੀ ਉਹਨਾਂ ਦਾ ਅਹੁਦਾ ਸੰਭਾਲਦੇ ਹਨ।

7.) ਔਰਤਾਂ ਖਿਲਾਫ ਹੁੰਦੇ ਜੁਰਮਾਂ ‘ਚ 42.19 ਫੀਸਦੀ ਮਾਮਲੇ ਦਾਜ ਕਾਰਨ ਕਤਲ, 17.93 ਫੀਸਦੀ ਅਗਵਾ ਤੇ 13.67 ਫੀਸਦੀ ਬਲਤਾਕਾਰ ਦੇ ਹਨ। ਪਰ ਛੇੜਛਾੜ ਤੇ ਬਲਾਤਕਾਰ ਦੇ ਜਿਆਦਾਤਰ ਮਾਮਲੇ ਦਰਜ ਹੀ ਨਹੀਂ ਹੁੰਦੇ।

ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਕੰਨਿਆ ਜਾਗਰਤੀ ਜੋਤੀ ਸਕੀ, ਬਾਲੜੀ ਰੱਖਿਆ ਯੋਜਨਾ, ਧਨਲਕਸ਼ਮੀ ਯੋਜਨਾ, ਬੇਬੇ ਨਾਨਕੀ ਲਾਡਲੀ ਬੇਟੀ ਕਲਿਆਨ ਯੋਜਨਾ, ਸ਼ਗਨ ਸਕੀਮ ਜਿਹੀਆਂ ਅਨੇਕਾਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਜੋ ਚਿੱਟਾ ਹਾਥੀ ਸਾਬਤ ਹੋ ਰਹੀਆਂ ਹਨ। ਇਹਨਾਂ ‘ਚੋਂ ਬਹੁਤੀਆਂ ਸਿਰਫ ਦਿਖਾਵਾ ਬਣਕੇ ਰਹਿ ਚੁੱਕੀਆਂ ਹਨ, ਕਈਆਂ ਬਾਰੇ ਆਮ ਲੋਕਾਂ ਨੂੰ ਕੋਈ ਜਾਣਕਾਰੀ ਹੀ ਨਹੀਂ ਹੈ ਤੇ ਕਈ ਤਹਿਤ ਕੁੜੀਆਂ ਨੂੰ ਲੋੜੀਂਦੀ ਸਹਾਇਤਾ ਪੁੱਜਦੀ ਹੀ ਨਹੀਂ ਸਗੋਂ ਸਾਰਾ ਧਨ ਨੌਕਰਸ਼ਾਹੀ ਦੇ ਢਿੱਡਾ ‘ਚ ਚਲਿਆ ਜਾਂਦਾ ਹੈ। ਸਗੋਂ ਸਹੀ ਕਹਿਣ ਹੋਵੇ ਤਾਂ ਪੰਜਾਬ ‘ਚ ਕੁੜੀਆਂ ਦੀ ਇਹ ਮਾੜੀ ਹਾਲਤ ਲੀਡਰਾਂ, ਨੌਕਰਸ਼ਾਹਾਂ ਲਈ ਦਾਅਵਤ ਦਾ ਹੀ ਕੰਮ ਕਰ ਰਹੀ ਹੈ ਜਿਹਨਾਂ ਦੇ ਨਾਮ ‘ਤੇ ਚਲਦੀਆ ਯੋਜਨਾਵਾਂ ਦੇ ਸਿਰ ਉਹਨਾਂ ਦੇ ਸਿਆਸਤ ਚਲਦੀ ਹੈ, ਘਪਲੇਬਾਜੀ ਹੁੰਦੀ ਹੈ।

ਪੰਜਾਬ ਦੀ ਇਹ ਮੂੰਹੋ ਬੋਲਦੀ ਤਸਵੀਰ ਤੋਂ ਸਪੱਸ਼ਟ ਹੈ ਕਿ ਪੰਜਾਬ ‘ਚ ਔਰਤ ਵਿਰੋਧੀ ਮਾਨਸਿਕਤਾ ਤੇ ਵਿਤਕਰੇ ਖਿਲਾਫ ਹਾਲੇ ਇੱਕ ਲੰਮੀ ਲੜਾਈ ਦੀ ਲੋੜ ਹੈ। ਇਹ ਕੰਮ ਨਾ ਤਾਂ ਮੌਜੂਦਾ ਸਰਕਾਰਾਂ ਕਰਨਗੀਆਂ ਤੇ ਨਾ ਹੀ ਉਹਨਾਂ ਦੇ ਵੱਸ ਦਾ ਹੈ। ਇਹਦੇ ਲਈ ਔਰਤਾਂ ਨੂੰ ਹੀ ਆਪਣੀ ਮਜਬੂਤ ਲਹਿਰ ਉਸਾਰਨੀ ਪਵੇਗੀ ਤੇ ਇਸਨੂੰ ਕਿਰਤੀ ਲੋਕਾਂ ਦੀ ਮੁਕਤੀ ਦੀ ਲਹਿਰ ਨਾਲ਼ ਜੋੜਨਾ ਪਵੇਗਾ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 59, 16 ਅਗਸਤ 2016 ਵਿੱਚ ਪ੍ਰਕਾਸ਼ਤ

Advertisements