ਪੰਜਾਬੀ ਯੂਨੀਵਰਸਿਟੀ ਚ ‘ਨਸਲਕੁਸ਼ੀ ਵਿਰੋਧ ਦਿਵਸ’ ਮਨਾਇਆ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

31 ਅਕਤੂਬਰ 1984 ਚ ਇੰਦਰਾ ਗਾਂਧੀ ਦੇ ਕਤਲ ਮਗਰੋਂ ਅਗਲੇ ਦਿਨਾਂ ਵਿੱਚ ਦਿੱਲੀ ਤੇ ਹੋਰਨਾਂ ਇਲਾਕਿਆਂ ਵਿੱਚ ਸਿੱਖਾਂ ਨੂੰ ਯੋਜਨਾਬੱਧ ਢੰਗ ਨਾਲ਼ ਕਤਲ ਕੀਤਾ ਗਿਆ। ਇਸ ਕਤਲੇਆਮ ਦੀ ਬਰਸੀ ਨੂੰ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਨੇ ਨਸਲਕੁਸ਼ੀ ਵਿਰੋਧੀ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ। ਇਸੇ ਤਹਿਤ 3 ਨਵੰਬਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ 1984 ਦੀ ਦਿੱਲੀ ਸਿੱਖ ਨਸਲਕੁਸ਼ੀ ਦੀ ਬਰਸੀ ਨੂੰ ਨਸਲਕੁਸ਼ੀ ਵਿਰੋਧੀ ਦਿਵਸ ਵਜੋਂ ਯਾਦ ਕਰਦੇ ਹੋਏ ਵਿਦਿਆਰਥੀਆਂ ਵਿੱਚ ਪਰਚਾ ਵੰਡਿਆ ਗਿਆ ਤੇ ਵਿਦਿਆਰਥੀਆਂ ਨਾਲ਼ 1984 ਦੀ ਸਿੱਖ ਨਸਲਕੁਸ਼ੀ ਤੇ ਮੌਜੂਦਾ ਸਮੇਂ ਧਰਮ ਦੇ ਨਾਮ ‘ਤੇ ਲੋਕਾਂ ਵਿੱਚ ਵੰਡੀਆਂ ਪਾਉਣ ਤੇ ਹਿੰਸਾ ਫੈਲਾਉਣ ਦੀ ਫਿਰਕੂ ਸਿਆਸਤ ਬਾਰੇ ਗੱਲਬਾਤ ਕੀਤੀ ਗਈ। ਇਸਦੇ ਨਾਲ਼ ਹੀ ਯੂਨੀਵਰਸਿਟੀ ਵਿੱਚ ਲਾਇਬ੍ਰੇਰੀ ਦੇ ਬਾਹਰ ਫਲੈਕਸਾਂ ਦੀ ਪ੍ਰਦਰਸ਼ਨੀ ਲਾਈ ਗਈ ਜਿਸ ਵਿੱਚ ਭਾਰਤ ਵਿੱਚ ਧਰਮ ਦੇ ਨਾਮ ‘ਤੇ ਨਸਲਕੁਸ਼ੀਆਂ, ਫਿਰਕੂ ਹਿੰਸਾ ਦੀਆਂ ਘਟਨਾਵਾਂ, ਰਾਸ਼ਟਰੀ ਸਵੈਸੇਵਕ ਸੰਘ ਦੇ ਫਿਰਕੂ ਵਿਚਾਰਾਂ ਤੇ ਮੌਜੂਦਾ ਸਮੇਂ ਵਧ ਰਹੀਆਂ ਫਿਰਕੂ ਘਟਨਾਵਾਂ ਸਬੰਧੀ ਜਾਣਕਾਰੀਆਂ ਸਨ। ਪੂਰਾ ਦਿਨ ਇਸਨੂੰ ਲੰਘਦੇ ਵਿਦਿਆਰਥੀ ਦੇਖਦੇ-ਪੜ੍ਹਦੇ ਰਹੇ।

ਇਸਦੇ ਨਾਲ਼ ਹੀ ਡੈਮੋਕ੍ਰੈਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਅਤੇ ਪੰਜਾਬ ਸਟੂਡੈਂਸਟ ਯੂਨੀਅਨ ਨਾਲ਼ ਰਲ਼ ਕੇ ਤਿੰਨਾਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ ਇੱਕ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਇਹ ਕੋਈ ਦੋ ਫਿਰਕਿਆਂ ਵਿਚਕਾਰ ਭੜਕੇ ਦੰਗੇ ਨਹੀਂ ਸਨ ਸਗੋਂ ਯੋਜਨਾਬੱਧ ਢੰਗ ਨਾਲ਼ ਕੀਤੇ ਕਤਲ ਸਨ ਜਿਸ ਵਿੱਚ ਕਾਂਗਰਸੀ ਆਗੂਆਂ ਨੇ ਵੋਟਰ ਸੂਚੀਆਂ, ਪੈਟਰੌਲ ਆਦਿ ਕਾਤਲ ਗੁੰਡਿਆਂ ਨੂੰ ਵੰਡ ਕੇ ਕਤਲੇਆਮ ਕਰਵਾਇਆ ਸੀ। ਇਸ ਕਤਲੇਆਮ ਨੂੰ 32 ਸਾਲ ਬੀਤਣ ਮਗਰੋਂ ਵੀ ਕੋਈ ਇਨਸਾਫ ਨਹੀਂ ਮਿਲ਼ਿਆ ਜੋ ਇਸ ਢਾਂਚੇ ਦੇ ਲੋਕ ਵਿਰੋਧੀ ਹੋਣ ਦਾ ਸਬੂਤ ਹੈ।

ਇਸ ਕਤਲੇਆਮ ਪਿੱਛੇ ਅਸਲ ਵਿੱਚ ਸਿਆਸੀ-ਆਰਥਿਕ ਹਿੱਤ ਸਨ ਜਿਹਨਾਂ ਨੂੰ ਧਾਰਮਿਕ ਰੰਗਤ ਦਿੱਤੀ ਗਈ। ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਅਤੇ ਧਰਮ ਦੇ ਨਾਮ ਤੇ ਉਹਨਾਂ ਨੂੰ ਆਪਸ ਵਿੱਚ ਵੰਡਣ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਇਸ ਲਈ 1984 ਦੇ ਸਬਕਾਂ ਨੂੰ ਯਾਦ ਕਰਨਾ ਜਰੂਰੀ ਹੈ ਤਾਂ ਜੋ ਅੱਜ ਅਜਿਹੀਆਂ ਘਟਨਾਵਾਂ ਨੂੰ ਨੱਥ ਪਾਈ ਜਾ ਸਕੇ। ਇਸ ਲਈ ਜਰੂਰੀ ਹੈ ਕਿ ਅੱਜ ਲੋਕਾਂ ਨੂੰ ਧਰਮ, ਜਾਤ, ਖੇਤਰ ਤੇ ਨਸਲ ਆਦਿ ਦੀਆਂ ਵੰਡੀਆਂ ਤੋਂ ਉੱਪਰ ਉਠਾ ਕੇ ਇੱਕਜੁੱਟ ਕੀਤਾ ਜਾਵੇ, ਫਿਰਕੂ ਤਾਕਤਾਂ ਦੇ ਅਸਲ ਮਨਸ਼ਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ। ਭਾਜਪਾ ਦੀ ਹਕੂਮਤ ਆਉਣ ਮਗਰੋਂ ਲੋਕਾਂ ਨੂੰ ਧਰਮ ਦੇ ਨਾਮ ਤੇ ਪਾੜਨ ਤੇ ਕਤਲੇਆਮ ਕਰਨ ਦੀ ਇਸ ਫਿਰਕੂ ਸਿਆਸਤ ਹੋਰ ਵਧੇਰੇ ਪਸਰ ਰਹੀ ਹੈ ਇਸ ਲਈ 1984 ਦੀ ਬਰਸੀ ਨੂੰ ਨਸਲਕੁਸ਼ੀ ਵਿਰੋਧੀ ਦਿਵਸ ਵਜੋਂ ਮਨਾਉਣਾ ਹੋਰ ਵੀ ਜਰੂਰੀ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ ਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿੱਤਾ ਜਾਵੇ।

ਇਸ ਰੈਲੀ ਨੂੰ ਪੀਐੱਸਯੂ ਦੇ ਰਵੀ ਰਸੂਲਪੁਰ, ਡੀਐੱਸਓ ਦੇ ਅਮਨ ਬਾਜੇਕੇ ਤੇ ਪੀਐੱਸਯੂ (ਲਲਕਾਰ) ਦੇ ਜਸਮੀਤ ਨੇ ਸੰਬੋਧਨ ਕੀਤਾ ਤੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਲਖਵਿੰਦਰ ਨੇ ਨਿਭਾਈ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 63, 16 ਨਵੰਬਰ 2016 ਵਿੱਚ ਪ੍ਰਕਾਸ਼ਤ

Advertisements