ਪੰਜਾਬ ਯੂਨੀਵਰਸਿਟੀ ‘ਚ ‘ਭਾਰਤ ‘ਚ ਜਾਤ ਦਾ ਸਵਾਲ ਤੇ ਇਸਦਾ ਹੱਲ’ ਵਿਸ਼ੇ ‘ਤੇ ਵਿਚਾਰ-ਗੋਸ਼ਟੀ

5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮਿਤੀ 23 ਅਗਸਤ ਨੂੰ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਗਾਂਧੀ ਭਵਨ ਵਿਖੇ ‘ਭਾਰਤ ਵਿੱਚ ਜਾਤ ਦਾ ਸਵਾਲ ਅਤੇ ਇਸ ਦਾ ਹੱਲ’ ਵਿਸ਼ੇ ਉੱਤੇ ਵਿਚਾਰ-ਗੋਸ਼ਟੀ ਕਰਵਾਈ ਗਈ ਜਿਸ ਵਿੱਚ ਮੁੱਖ ਬੁਲਾਰੇ ਦੇ ਤੌਰ ‘ਤੇ ਸਮਾਜਿਕ ਕਾਰਕੁੰਨ ਅਤੇ ‘ਪ੍ਰਤੀਬੱਧ’ ਰਸਾਲੇ ਦੇ ਸੰਪਾਦਕ ਸੁਖਵਿੰਦਰ ਸ਼ਾਮਲ ਹੋਏ। ਬੁਲਾਰੇ ਨੇ ਆਪਣੀ ਗੱਲ ਭਾਰਤ ਵਿੱਚ ਜਾਤ-ਪਾਤ ਦੇ ਇਤਿਹਾਸ ਤੋਂ ਸ਼ੁਰੂ ਕਰਦਿਆਂ ਦੱਸਿਆ ਕਿ ਕਿਵੇਂ ਜਾਤ ਦਾ ਇਹ ਵਰਤਾਰਾ ਇਤਿਹਾਸ ਵਿੱਚ ਸਮਾਜਿਕ ਤਬਦੀਲੀਆਂ ਦੇ ਨਾਲ਼-ਨਾਲ਼ ਬਦਲਦਾ ਰਿਹਾ ਹੈ, ਕਿ ਭਾਰਤ ਵਿੱਚ 1947 ਤੋਂ ਬਾਅਦ ਹੋਏ ਸਰਮਾਏਦਾਰਾ ਵਿਕਾਸ ਨੇ ਇਸ ਵਿੱਚ ਗੁਣਾਤਮਕ ਤਬਦੀਲੀ ਪੈਦਾ ਕੀਤੀ ਹੈ। ਉਹਨਾਂ ਕਿਹਾ ਕਿ ਜਾਤ ਦੇ ਸਵਾਲ ਨੂੰ ਭਾਰਤ ਦੇ ਸਿਆਸੀ ਨਕਸ਼ੇ ਉੱਤੇ ਲਿਆਉਣ, ਭਾਰਤ ਦੇ ਦਲਿਤਾਂ ਨੂੰ ਇੱਕ ਅਵਾਜ਼ ਦੇਣ ਵਿੱਚ ਡਾ.ਅੰਬੇਡਕਰ ਦਾ ਯੋਗਦਾਨ ਰਿਹਾ ਹੈ ਪਰ ਜਿੱਥੋਂ ਤੱਕ ਜਾਤ ਦੇ ਖ਼ਾਤਮੇ ਦਾ ਸਵਾਲ ਹੈ ਤਾਂ ਡਾ.ਅੰਬੇਡਕਰ ਦੇ ਵਿਚਾਰ ਇਸ ਮਕਸਦ ਲਈ ਯੋਗ ਨਹੀਂ ਹਨ ਕਿ ਉਹ ਜਾਤ ਪ੍ਰਥਾ ਦਾ ਖ਼ਾਤਮਾ ਕਰ ਸਕਣ। ਬੁਲਾਰੇ ਨੇ ਕਿਹਾ ਕਿ ਅੱਜ ਦੇ ਸਰਮਾਏਦਾਰਾ ਭਾਰਤ ਵਿੱਚ ਜਾਤ ਦੇ ਖ਼ਾਤਮੇ ਦਾ ਇੱਕ ਬੇਹਤਰ ਆਰਥਿਕ ਅਧਾਰ ਮੌਜੂਦ ਹੈ ਪਰ ਇਸ ਪੂਰੇ ਸਰਮਾਏਦਾਰਾ ਢਾਂਚੇ ਨੂੰ ਉਖਾੜ ਕੇ ਇੱਕ ਨਵਾਂ ਸਮਾਜਵਾਦੀ ਢਾਂਚਾ ਕਾਇਮ ਕੀਤੇ ਬਗੈਰ ਜਾਤ-ਪਾਤ ਦਾ ਖ਼ਾਤਮਾ ਨਹੀਂ ਕੀਤਾ ਜਾ ਸਕਦਾ। ਪਰ ਨਾਲ਼ ਹੀ ਬੁਲਾਰੇ ਨੇ ਇਹ ਵੀ ਚਿਤਾਇਆ ਕਿ ਕਈ ਲੋਕ ਇਸ ਦੂਰਰਸ ਕਾਜ ਤੋਂ ਗ਼ਲਤ ਸਿੱਟਾ ਇਹ ਕੱਢਦੇ ਹਨ ਕਿ ਸਮਾਜਵਾਦੀ ਢਾਂਚਾ ਸਥਾਪਤ ਹੋਣ ਤੱਕ ਸਾਨੂੰ ਜਾਤ-ਪਾਤ ਬਾਰੇ ਕੁੱਝ ਖਾਸ ਨਹੀਂ ਕਰਨਾ ਚਾਹੀਦਾ। ਬੁਲਾਰੇ ਨੇ ਦੱਸਿਆ ਕਿ ਜਾਤ-ਪਾਤ ਖ਼ਿਲਾਫ਼ ਕਈ ਫੌਰੀ ਕਾਰਜ ਨਿੱਕਲਦੇ ਹਨ ਜਿਹਨਾਂ ਵਿੱਚੋਂ ਜਾਤ-ਪਾਤ ਤੋੜਕ ਮੰਡਲ ਬਣਾਉਣੇ, ਜਾਤ ਪ੍ਰਥਾ ਖ਼ਿਲਾਫ਼ ਲਗਾਤਾਰ ਲੋਕਾਂ ਵਿੱਚ ਵੱਖ-ਵੱਖ ਢੰਗਾਂ ਜ਼ਰੀਏ ਜਾਗਰੂਕਤਾ ਫ਼ੈਲਾਉਣੀ, ਅੰਤਰ-ਜਾਤੀ ਵਿਆਹ ਕਰਵਾਉਣ ਵਾਲਿਆਂ ਜੋੜਿਆਂ ਦਾ ਸਨਮਾਨ ਕਰਨਾ ਅਤੇ ਉਹਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣੀ ਆਦਿ। ਬੁਲਾਰੇ ਨੇ ਕਿਹਾ ਕਿ ਘਟ ਰਹੀਆਂ ਸਰਕਾਰੀ ਨੌਕਰੀਆਂ ਅਤੇ ਮਹਿੰਗੀ ਹੋ ਰਹੀ ਸਿੱਖਿਆ ਦੇ ਮੱਦੇਨਜ਼ਰ ਅੱਜ ਦੀ ਨੌਜਵਾਨ-ਵਿਦਿਆਰਥੀ ਲਹਿਰ ਨੂੰ ਰਿਜ਼ਰਵੇਸ਼ਨ ਵਧਾਉਣ-ਘਟਾਉਣ ਦੀ ਲੜਾਈ ਵਿੱਚ ਉਲਝਣ ਦੀ ਬਜਾਏ ‘ਸਭ ਲਈ ਸਿਖਿਆ ਅਤੇ ਸਭ ਲਈ ਰੁਜ਼ਗਾਰ’ ਦੀ ਮੰਗ ਉਠਾਉਣੀ ਚਾਹੀਦੀ ਹੈ।

ਮੁੱਖ ਭਾਸ਼ਣ ਤੋਂ ਬਾਅਦ ਸਵਾਲਾਂ-ਜਵਾਬਾਂ ਦਾ ਇੱਕ ਲੰਮਾਂ ਸਿਲਸਿਲਾ ਚੱਲਿਆ ਜਿਸ ਵਿੱਚ ਸ਼ਾਮਲ ਨੌਜਵਾਨਾਂ, ਵਿਦਿਆਰਥੀਆਂ ਨੇ ਬੇਹੱਦ ਉਤਸ਼ਾਹ ਦਿਖਾਇਆ। ਸਵਾਲਾਂ-ਜਵਾਬਾਂ ਦਾ ਇਹ ਸਿਲਸਿਲਾ 2ਘੰਟੇ ਤੋਂ ਵੀ ਵਧੇਰੇ ਚੱਲਿਆ। ਅੰਤ ਵਿੱਚ ਪ੍ਰੋਗਰਾਮ ਦੇ ਸੰਚਾਲਕ ਮਾਨਵ ਨੇ ਪੀ.ਐੱਸ.ਯੂ (ਲਲਕਾਰ) ਵੱਲੋਂ ਹਾਜ਼ਰ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਅੱਗੇ ਵੀ ਅਜਿਹੇ ਹੀ ਭਖਦੇ ਸਮਾਜਿਕ ਮਸਲਿਆਂ ਉੱਤੇ ਹੋਰ ਪ੍ਰੋਗਰਾਮ ਕਰਵਾਉਣ ਦਾ ਵਾਅਦਾ ਕੀਤਾ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 61, 16 ਸਤੰਬਰ 2016 ਵਿੱਚ ਪ੍ਰਕਾਸ਼ਤ

Advertisements