ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਸੂਬਾਈ ਵਿਸਥਾਰੀ ਮੀਟਿੰਗ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਲੰਘੀ 20 ਜੁਲਾਈ ਪਟਿਆਲਾ ਦੇ ਤਰਕਸ਼ੀਲ ਹਾਲ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਸਰਗਰਮ ਕਾਰਕੁੰਨਾਂ ਦੀ ਵਿਸਥਾਰੀ ਸੂਬਾਈ ਮੀਟਿੰਗ ਕੀਤੀ ਗਈ ਜਿਸ ਵਿੱਚ ਸੂਬੇ ਵਿੱਚ ਵੱਖ-ਵੱਖ ਥਾਵਾਂ ਤੋਂ 40 ਤੋਂ ਵੱਧ ਸਰਗਰਮ ਕਾਰਕੁੰਨ ਪਹੁੰਚੇ। ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਸਥਾਪਨਾ 7 ਦਸਬੰਰ 2014 ਨੂੰ ਹੋਈ ਤੇ 2015 ਦੇ ਵਿੱਦਿਅਕ ਸ਼ੈਸ਼ਨ ਤੋਂ ਇਸਨੇ ਕੁੱਝ ਚੋਣਵੀਆਂ ਵਿੱਦਿਅਕ ਸੰਸਥਾਵਾਂ ਵਿੱਚ ਆਪਣੇ ਕੰਮਾਂ ਦੀ ਸ਼ੁਰੂਆਤ ਕੀਤੀ। ਇਸ ਮੀਟਿੰਗ ਵਿੱਚ ਜਥੇਬੰਦੀ ਵੱਲੋਂ ਹੁਣ ਤੱਕ ਦੇ ਕੰਮਾਂ ਦੇ ਲੇਖੇ ਜੋਖੇ ਤੇ ਭਵਿੱਖ ਦੀਆਂ ਚੁਣੌਤੀਆਂ ਦੀ ਚਰਚਾ ਕੀਤੀ ਗਈ ਤਾਂ ਜੋ ਨਵੇਂ ਸ਼ੁਰੂ ਹੋ ਰਹੇ ਵਿੱਦਿਅਕ ਸ਼ੈਸ਼ਨ ਵਿੱਚ ਇਸ ਤਬਰਬੇ ਤੇ ਚੁਣੌਤੀਆਂ ਨੂੰ ਧਿਆਨ ‘ਚ ਰੱਖਦੇ ਹੋਏ ਠੋਸ ਕਾਰਜ ਹੱਥ ਲਏ ਜਾ ਸਕਣ ਤੇ ਜਥੇਬੰਦੀ ਦੇ ਕੰਮਾਂ ਨੂੰ ਵਿਸਥਾਰ ਦਿੱਤਾ ਜਾ ਸਕੇ। ਇਸ ਮਕਸਦ ਲਈ ਸੂਬਾ ਜੱਥੇਬੰਦਕ ਕਮੇਟੀ ਵੱਲੋਂ ‘ਸਾਡਾ ਹੁਣ ਤੱਕ ਦਾ ਸਫਰ ਤੇ ਭਵਿੱਖ ਦੀਆਂ ਚੁਣੌਤੀਆਂ’ ਸਿਰਲੇਖ ਹੇਠ ਇੱਕ ਰਿਪੋਰਟ ਪੇਸ਼ ਕੀਤੀ ਗਈ।

ਇਸ ਮੀਟਿੰਗ ਦੀ ਸ਼ੁਰੂਆਤ 18 ਜੁਲਾਈ 1979 ਨੂੰ ਸ਼ਹੀਦ ਹੋਏ ਪਿਰਥੀਪਾਲ ਸਿੰਘ ਰੰਧਾਵਾ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਈ। ਇਸਤੋਂ ਬਾਅਦ ਸੂਬਾ ਜੱਥੇਬੰਦਕ ਕਮੇਟੀ ਦੇ ਕਨਵੀਨਰ ਗੁਰਪ੍ਰੀਤ ਨੇ ਜਥੇਬੰਦੀ ਦੇ ਹੁਣ ਤੱਕ ਦੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਤੇ ਇਹਨਾਂ ਦਾ ਲੇਖਾ-ਜੋਖਾ ਕੀਤਾ। ਇਹਨਾਂ ਉੱਪਰ ਹਾਜਰ ਕਾਰਕੁੰਨਾਂ ਨੇ ਭਰਵੇਂ ਵਿਚਾਰ ਰੱਖੇ ਤੇ ਇਸ ਲੋੜੀਂਦੇ ਵਾਧੇ ਵੀ ਕਰਵਾਏ।

ਅਗਲੇ ਸ਼ੈਸ਼ਨ ਵਿੱਚ ਛਿੰਦਰਪਾਲ ਨੇ ਰਿਪੋਰਟ ਦੇ ਅਗਲੇ ਹਿੱਸੇ ਵਜੋਂ ਜਥੇਬੰਦੀ ਸਾਹਮਣੇ ਖੜੀਆਂ ਚੁਣੌਤੀਆਂ ਤੇ ਕਾਰਜਾਂ ਦੀ ਗੱਲ ਕੀਤੀ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਮੌਜੂਦਾ ਸਮੇਂ ਦੇਸ਼ ਨੂੰ ਦਰਪੇਸ਼ ਫਿਰਕੂ-ਫਾਸੀਵਾਦ ਦਾ ਖਤਰਾ ਸਭ ਤੋਂ ਵੱਡੀ ਚੁਣੌਤੀ ਹੋ ਰਹੀ ਹੈ। ਵਿਦਿਆਰਥੀਆਂ ਉੱਪਰ ਵੀ ਇਸਦਾ ਹਮਲਾ ਸਿੱਖਿਆ ਦੇ ਭਗਵੇਂਕਰਨ ਦੇ ਰੂਪ ਵਿੱਚ ਹੋ ਰਿਹਾ ਹੈ। ਇਸਦੇ ਨਾਲ ਹੀ ਸਿੱਖਿਆ ਦੇ ਨਿੱਜੀਕਰਨ, ਵਾਪਰੀਕਰਨ ਨੂੰ ਤੇਜ ਰਫਤਾਰ ਨਾਲ ਅੱਗੇ ਵਧਾਇਆ ਜਾ ਰਿਹਾ ਹੈ ਤੇ ਵਿਦਿਆਰਥੀਆਂ ਦੇ ਜਮਹੂਰੀ ਹੱਕਾਂ ਉੱਪਰ ਹਮਲਾ ਬੋਲਿਆ ਜਾ ਰਿਹਾ ਹੈ। ਜਿੱਥੇ ਕਿਤੇ ਵੀ ਵਿਦਿਆਰਥੀ ਜਥੇਬੰਦ ਹਨ ਉਹਨਾਂ ਦੇ ਏਕੇ ਨੂੰ ਤੋੜਨ ਲਈ ਕਈ ਤਰਾਂ ਦੇ ਹੱਲੇ ਬੋਲੇ ਜਾ ਰਹੇ ਹਨ। ਇਸ ਕਰਕੇ ਇੱਕ ਮਜ਼ਬੂਤ ਤੇ ਦੇਸ਼ਵਿਆਪੀ ਵਿਦਿਆਰਥੀ ਲਹਿਰ ਦੀ ਲੋੜ ਹੈ ਤੇ ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਜਥੇਬੰਦੀ ਦੇ ਕੰਮਾਂ ਨੂੰ ਹੋਰ ਫੈਲਾਉਣ ਤੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਜਥੇਬੰਦੀ ਦੇ ਘੇਰੇ ਵਿੱਚ ਲਿਆਉਣ ਦੀ ਲੋੜ ਹੈ।

ਇਸ ਮੌਕੇ ਮੰਚ ਸੰਚਾਲਨ ਅਮਨ ਨੇ ਕੀਤਾ ਤੇ ਅੰਤ ਵਿੱਚ ਧੰਨਵਾਦੀ ਸ਼ਬਦ ਜਸਮੀਤ ਨੇ ਬੋਲੇ। ਨਵੀਂ ਯੋਜਨਾਵਾਂ, ਨਵੇਂ ਉਤਸ਼ਾਹ ਤੇ ਜੋਸ਼ ਨਾਲ ਕੰਮਾਂ ਨੂੰ ਅੱਗੇ ਵਧਾਉਣ ਦਾ ਸੰਕਲਪ ਲੈਂਦੇ ਹੋਏ ਗੂੰਜਵੇਂ ਨਾਹਰਿਆਂ ਨਾਲ ਇਸ ਮੀਟਿੰਗ ਦੀ ਸਮਾਪਤੀ ਕੀਤੀ ਗਈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 12, 1 ਅਗਸਤ 2017 ਵਿੱਚ ਪ੍ਰਕਾਸ਼ਿਤ

Advertisements