ਪੰਜਾਬ ਸਿਰ ਮੰਡਰਾ ਰਹੇ ਫ਼ਿਰਕਾਪ੍ਰਸਤੀ ਦੇ ਬੱਦਲ਼ : ਸਦਭਾਵਨਾ ਬਣਾਈ ਰੱਖਣ ਤੇ ਲੋਕਾਂ ਦੇ ਅਸਲ ਦੁਸ਼ਮਣਾਂ ਨੂੰ ਪਛਾਨਣ ਦੀ ਲੋੜ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪੰਜਾਬ ਇਸ ਵੇਲੇ ਇੱਕ ਵਾਰ ਫ਼ਿਰ ਫ਼ਿਰਕੂ ਮਾਹੌਲ ਦਾ ਅਖਾੜਾ ਬਣਿਆ ਹੋਇਆ ਹੈ। ਪੰਜਾਬ ਦੇ ਮਹੌਲ ਨੂੰ ਫ਼ਿਰਕੂ ਰੰਗਤ ਦੇਣ ਦੀਆਂ ਸਾਜਿਸ਼ਾਂ ਕਾਫੀ ਸਮੇਂ ਤੋਂ ਚਲਦੀਆ ਰਹੀਆਂ ਹਨ ਜਿਨ੍ਹਾਂ ਵਿੱਚੋਂ ਕਿਸੇ ਨੂੰ ਵੀ ਚੋਖਾ ਰੰਗ ਨਹੀਂ ਚੜਿਆ। ਪਰ ਸਮੁੱਚੇ ਭਾਰਤ ਵਾਂਗ ਪੰਜਾਬ ਵਿੱਚ ਫ਼ਿਰਕੂ ਮਹੌਲ ਦੀ ਜਮੀਨ ਕਾਫੀ ਜ਼ਰਖੇਜ ਹੈ। ਡੇਰਾ ਪ੍ਰੇਮੀਆਂ ਤੇ ਸਿੱਖ ਸੰਗਤਾਂ ਵਿੱਚ ਤਕਰਾਰ ਤੇ ਧਰਮ ਦੇ ਨਾਮ ਉੱਤੇ ਕੋਈ ਨਾ ਕੋਈ ਬਖੇੜਾ ਥੋੜੇ-ਬਹੁਤ ਸਮੇਂ ਮਗਰੋਂ ਇੱਥੇ ਖੜਾ ਹੀ ਰਹਿੰਦਾ ਹੈ। ਪਰ ਸੂਬੇ ਵਿਚਲੀਆਂ ਧਰਮ-ਨਿਰਪੱਖ ਤੇ ਜਮਹੂਰੀ ਤਾਕਤਾਂ ਅਤੇ ਪੰਜਾਬ ਦੇ ਲੋਕਾਂ ਕੋਲ ਫ਼ਿਰਕੂ ਦਹਿਸ਼ਤਗਰਦੀ ਦਾ ਇੱਕ ਲੰਮਾ ਤੇ ਕੌੜਾ ਤਜ਼ਰਬਾ ਹੋਣ ਕਾਰਨ ਇਹ ਘਟਨਾਵਾਂ ਕਦੇ ਬਹੁਤਾ ਵੱਡਾ ਮਸਲਾ ਨਹੀਂ ਬਣੀਆਂ। ਪਰ ਇਸ ਵਾਰ ਪੰਜਾਬ ਦੇ ਮਹੌਲ ਨੂੰ ਖ਼ਰਾਬ ਕਰਨ ਲੱਗੀਆਂ ਫ਼ਿਰਕੂ ਤਾਕਤਾਂ ਕਾਫੀ ਹੱਦ ਤੱਕ ਆਪਣੀ ਕੋਸ਼ਿਸ਼ ਵਿੱਚ ਕਾਮਯਾਬ ਹੋ ਗਈਆਂ ਹਨ।

ਲੰਘੀ 13 ਅਕਤੂਬਰ ਨੂੰ ਮੋਗਾ ਜ਼ਿਲ੍ਹੇ ਦੇ ਬਰਗਾੜੀ ਨੇੜਲੇ ਪਿੰਡ ਜਵਾਹਰਕੇ ਖ਼ੁਰਦ ਵਿਖੇ ਸਿੱਖਾਂ ਦੀ ਧਾਰਮਿਕ ਪੁਸਤਕ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜ ਕੇ ਸੁੱਟੇ ਜਾਣ ਦੀ ਘਟਨਾ ਤੋਂ ਉੱਠੀਆਂ ਲਾਟਾਂ ਦਾ ਸੇਕ ਸੂਬੇ ਦੇ ਕਾਫੀ ਵੱਡੇ ਹਿੱਸੇ ਤੱਕ ਪੁੱਜਿਆ ਹੈ। ਇਸ ਇਲਾਕੇ ਵਿੱਚ ਪਹਿਲਾਂ ਵੀ ਕੁੱਝ ਅਜਿਹੀਆਂ ਕੋਸ਼ਿਸ਼ਾਂ ਹੋਈਆਂ ਸਨ ਪਰ ਉਸ ਵੇਲੇ ਮੌਜੂਦ ਸੂਝਵਾਨ ਲੋਕਾਂ ਦੁਆਰਾ ਪਹਿਲਕਦਮੀ ਕੀਤੇ ਜਾਣ ਮਗਰੋਂ ਉੱਥੇ ਕੋਈ ਫ਼ਿਰਕੂ ਤਣਾਅ ਦਾ ਮਹੌਲ ਨਹੀ ਬਣਿਆ ਸੀ। ਪਰ ਉਕਤ ਘਟਨਾ ਮਗਰੋਂ ਇਲਾਕੇ ਦੇ ਲੋਕ ਭੜਕ ਉੱਠੇ ਜਿਸ ਵਿੱਚ ਧਾਰਮਿਕ ਆਗੂਆਂ ਦਾ ਵੀ ਯੋਗਦਾਨ ਰਿਹਾ। ਲੋਕਾਂ ਨੇ ਧਾਰਮਿਕ ਗ੍ਰੰਥ ਦੀ ਬੇਅਦਬੀ ਦੇ ਰੋਸ ਵਿੱਚ ਮੁਜਹਾਰੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਦੋਸ਼ੀਆਂ ਉੱਤੇ ਕਾਰਵਾਈ ਦੀ ਮੰਗ ਕਰਨ ਲੱਗੇ। ਇਸ ਘਟਨਾ ਦੀ ਕਨਸੋਅ ਤੇਜੀ ਨਾਲ਼ ਸੂਬੇ ਵਿੱਚ ਫ਼ੈਲੀ ਤੇ ਲੋਕਾਂ ਦਾ ਇਸ ਘਟਨਾ ਖਿਲਾਫ਼ ਕਿਤੇ ਜਥੇਬੰਦ ਤੇ ਕਿਤੇ ਆਪ-ਮੁਹਾਰਾ ਰੋਹ ਸੜਕਾਂ ਉੱਪਰ ਫੁੱਟ ਪਿਆ। 14 ਅਕਤੂਬਰ ਨੂੰ ਕੋਟਕਪੁਰਾ ਵਿਖੇ ਸੜਕ ਰੋਕੀ ਬੈਠੇ ਲੋਕਾਂ ਨਾਲ਼ ਪੁਲਿਸ ਦੀ ਝੜਪ ਹੋ ਗਈ ਤੇ ਪੁਲਿਸ ਨੇ ਲੋਕਾਂ ਉੱਪਰ ਡਾਂਗਾ ਵਰ੍ਹਾਈਆਂ ਤੇ ਗੋਲੀਆਂ ਚਲਾਈਆਂ। ਇਸ ਗੋਲੀਬਾਰੀ ਵਿੱਚ ਦੋ ਲੋਕ ਮਾਰੇ ਗਏ ਤੇ ਅਨੇਕਾਂ ਜ਼ਖਮੀ ਹੋ ਗਏ। ਇਸ ਗੋਲੀਬਾਰੀ ਦੀ ਘਟਨਾ ਨੇ ਸੂਬੇ ਵਿੱਚ ਫ਼ਿਰਕੂ ਤਣਾਅ ਦੇ ਮਹੌਲ ਨੂੰ ਹੋਰ ਵੀ ਵਧਾ ਦਿੱਤਾ।

ਕਿਸੇ ਧਾਰਮਿਕ ਗ੍ਰੰਥ ਦੀ ਇਸ ਤਰ੍ਹਾਂ ਬੇਅਦਬੀ ਕਰਕੇ ਇੱਕ ਖਾਸ ਫ਼ਿਰਕੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਇੱਕ ਨਿੰਦਣਯੋਗ ਘਟਨਾ ਹੈ। ਸਗੋਂ ਇਸ ਤੋਂ ਵਧਕੇ ਫ਼ਿਰਕੂ ਤਣਾਅ ਪੈਦਾ ਕਰਨ ਲਈ ਇੱਕ ਸਾਜਿਸ਼ ਤਹਿਤ ਇਹ ਕਰਨਾ ਮਨੁੱਖਤਾ ਵਿਰੁੱਧ ਜ਼ੁਰਮ ਹੈ। ਇਸੇ ਤਰ੍ਹਾਂ ਸਰਕਾਰ ਵੱਲੋਂ ਲੋਕਾਂ ਉੱਪਰ ਜ਼ਬਰ ਕਰਨਾ ਅਤੇ 2 ਜਣਿਆਂ ਨੂੰ ਮਾਰੇ ਜਾਣਾ ਵੀ ਬੇਹੱਦ ਸ਼ਰਮਾਨਕ ਤੇ ਨਿੰਦਣਯੋਗ ਘਟਨਾ ਹੈ ਜੋ ਸਰਕਾਰ ਦੇ ਲੋਕ ਵਿਰੋਧੀ ਕਿਰਦਾਰ ਨੂੰ ਹੋਰ ਨੰਗਾ ਕਰਦੀ ਹੈ। ਇਸ ਘਟਨਾ ਮਗਰੋਂ ਲੋਕਾਂ ਦਾ ਗੁੱਸਾ ਸੁਭਾਵਿਕ ਹੈ, ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਦਅਬੀ ਕਰਨ ਵਾਲੇ ਦੋਸ਼ੀਆਂ ਦੀ ਨਿਸ਼ਾਨਦੇਹੀ ਕਰਨ, ਦੋ ਜਣਿਆਂ ਨੂੰ ਮਾਰਨ ਦੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਉੱਪਰ ਸਖ਼ਤ ਕਾਰਵਾਈ ਦੀਆਂ ਮੰਗਾਂ ਪੂਰੀ ਤਰ੍ਹਾਂ ਜਾਇਜ ਹਨ ਜਿਨ੍ਹਾਂ ਦੀ ਸਭ ਅਗਾਂਹਵਧੂ ਤਾਕਤਾਂ ਨੂੰ ਹਮਾਇਤ ਕਰਨੀ ਚਾਹੀਦੀ ਹੈ। ਪਰ ਲੋਕਾਂ ਦਾ ਇਸ ਗੁੱਸੇ ਨੂੰ ਲੋਕਾਂ ਦੇ ਅਸਲ ਦੁਸ਼ਮਣ ਪਛਾਨਣ ਦੀ ਸੇਧ ਦਿੱਤੀ ਜਾਣੀ ਚਾਹੀਦੀ ਸੀ ਨਾ ਕਿ ਇਸਨੂੰ ਉਹਨਾਂ ਵਿੱਚ ਆਪਸੀ ਫੁੱਟ ਪਾਉਣ ਦੇ ਹਥਿਆਰ ਵਜੋਂ ਵਰਤਿਆ ਜਾਣਾ ਚਾਹੀਦਾ ਸੀ। ਇਸ ਘਟਨਾ ਦਾ ਲਾਹਾ ਲੈਂਦਿਆਂ ਕੱਟੜਪੰਥੀ ਤੇ ਮੌਕਾਪ੍ਰਸਤ ਤਾਕਤਾਂ ਨੇ ਵੀ ਲੋਕਾਂ ਨੂੰ ਹੋਰ ਭੜਕਾਇਆ ਤੇ ਸੂਬੇ ਦਾ ਮਹੌਲ਼ ਕਾਫੀ ਤਣਾਅਪੂਰਨ ਬਣਾ ਦਿੱਤਾ। ਕਈ ਥਾਵਾਂ ਉੱਤੇ ਤਾਂ ਹਥਿਆਰਾਂ ਸਮੇਤ ਵੀ ਰੋਸ ਮਾਰਚ ਕੱਢੇ ਗਏ। ਕਈ ਥਾਂ ਲੋਕਾਂ ਨਾਲ਼ ਧੱਕੇਸ਼ਾਹੀ ਕੀਤੀ ਗਈ, ਦੁਕਾਨਾਂ, ਰੇੜੀਆਂ ਵਾਲਿਆਂ ਦੇ ਜ਼ਬਰੀ ਕੰਮ-ਕਾਰ ਠੱਪ ਕੀਤੇ ਗਏ ਤੇ ਅਨੇਕਾਂ ਥਾਵਾਂ ਉੱਪਰ ਆਵਾਜਾਈ ਬੁਰੀ ਤਰੀਕੇ ਨਾਲ਼ ਪ੍ਰਭਾਵਿਤ ਕੀਤੀ ਗਈ। ਬੇਸ਼ੱਕ ਕਈ ਥਾਵਾਂ ਉੱਤੇ ਇਹ ਸਭ ਆਪ-ਮੁਹਾਰੇ ਢੰਗ ਨਾਲ਼ ਵੀ ਹੁੰਦਾ ਰਿਹਾ ਪਰ ਅਨੇਕਾਂ ਥਾਵਾਂ ਉੱਤੇ ਧਾਰਮਿਕ ਕੱਟੜਪੰਥੀ ਤਾਕਾਤਾਂ ਫ਼ਿਰਕੂ ਤਣਾਅ ਦਾ ਮਹੌਲ ਬਣਾਉਣ ਦੀਆਂ ਜ਼ਿੰਮੇਵਾਰ ਰਹੀਆਂ ਹਨ। ਧਰਮ ਦੇ ਨਾਮ ‘ਤੇ ਰੋਟੀਆਂ ਸੇਕਣ ਵਾਲੀਆਂ ਇਹਨਾਂ ਤਾਕਤਾਂ ਨੇ ਲੋਕਾਂ ਵਿੱਚ ਫ਼ਿਰਕੂ ਨਫ਼ਰਤ ਹੋਰ ਡੂੰਘੀ ਕੀਤੀ ਤੇ ਆਪਣੇ ਜੜਾਂ ਜਮਾਉਣ ਦੀ ਕੋਸ਼ਿਸ਼ ਕੀਤੀ। ਇਸ ਕਰਕੇ ਉਪਰੋਕਤ ਘਟਨਾ ਦੇ ਪ੍ਰਤੀਕਰਮ ਵਜੋਂ ਪੂਰੇ ਸੂਬੇ ਵਿੱਚ ਜੋ ਫ਼ਿਰਕੂ ਤਣਾਅ ਦਾ ਮਹੌਲ ਬਣਿਆ ਹੈ ਉਹ ਵੀ ਸ਼ਰਮਨਾਕ ਤੇ ਫ਼ਿਕਰਮੰਦੀ ਵਾਲੀ ਘਟਨਾ ਹੈ। ਇਸ ਤਰ੍ਹਾਂ ਜਿਸ ਸਾਜਿਸ਼ ਤਹਿਤ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਖਿਲਾਰੇ ਗਏ ਸਨ ਉਹ ਸਾਜਿਸ਼ ਕਾਫੀ ਅਸਰਦਾਰ ਰਹੀ ਹੈ। ਬਰਗਾੜੀ ਦੀ ਘਟਨਾ ਤੋਂ ਬਾਅਦ ਸੂਬੇ ਵਿੱਚ ਹੋਰ ਵੀ ਕਈ ਥਾਵਾਂ ਉੱਪਰ ਪੱਤਰੇ ਪਾੜਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਜਿਨ੍ਹਾਂ ਵਿੱਚੋਂ ਅਨੇਕਾਂ ਦੇ ਦੋਸ਼ੀ ਗੁਰਦੁਆਰੇ ਦੇ ਗ੍ਰੰਥੀ ਹੀ ਸਾਹਮਣੇ ਆ ਰਹੇ ਹਨ। ਕਿਤੇ ਇਹ ਕਾਰਨ ਉਹਨਾਂ ਦੀ ਕੋਈ ਨਿੱਜ਼ੀ ਗੁੱਸਾ ਸੀ ਤੇ ਕਿਤੇ ਮਾਮਲੇ ਨੂੰ ਹੋਰ ਭਖ਼ਾਈ ਰੱਖਣ ਦੀ ਸੌੜੀ ਮਾਨਸਿਕਤਾ।

ਸਾਜਿਸ਼ੀ ਅਨਸਰ ਲੋਕਾਂ ਵਿੱਚ ਫ਼ਿਰਕੂ ਵੰਡੀਆਂ ਡੂੰਘੀਆਂ ਕਰਨ ਦੀ ਆਪਣੀ ਕੋਸ਼ਿਸ਼ ਵਿੱਚ ਕਾਮਯਾਬ ਰਹੇ ਹਨ। ਇਸ ਘਟਨਾ ਮਗਰੋਂ ਸ਼੍ਰੋਮਣੀ ਕਮੇਟੀ ਤੋਂ ਲੈ ਕੇ ‘ਖਾਲਿਸਤਾਨ ਜਿੰਦਾਬਾਦ’ ਦਾ ਨਾਹਰਾ ਲਾਉਣ ਵਾਲੀਆਂ ਅਨੇਕਾਂ ਕੱਟੜਪੰਥੀ ਤਾਕਤਾਂ ਨੇ ਵੀ ਰੱਜ ਕੇ ਆਪਣੀ ਸਿਆਸਤ ਖੇਡੀ। ਸ਼੍ਰੋਮਣੀ ਕਮੇਟੀ ਇਸ ਵੇਲੇ ਮੋਟੀ ਆਮਦਨ ਦਾ ਸਾਧਨ ਹੈ ਇਸ ਕਰਕੇ ਇਸ ਉੱਪਰ ਕਬਜ਼ੇ ਲਈ ਵੱਖ-ਵੱਖ ਧਾਰਮਿਕ ਆਗੂਆਂ, ਧੜਿਆਂ ਵਿੱਚ ਖਿੱਚੋਤਾਣ ਚਲਦੀ ਰਹਿੰਦੀ ਹੈ ਉਹ ਕਿਸੇ ਤੋਂ ਲੁਕੀ ਨਹੀਂ ਹੋਈ। ਸੂਬੇ ਵਿਚਲੇ ਅਨੇਕਾਂ ਸੰਤ, ਧਾਰਮਿਕ ਗਰੁੱਪ ਸ਼੍ਰੋਮਣੀ ਕਮੇਟੀ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈਣ ਲਈ ਤਰਲੋਮੱਛੀ ਹੋ ਰਹੇ ਹਨ। ਇਸ ਘਟਨਾ ਮਗਰੋਂ ਉਹਨਾਂ ਨੇ ਸ਼੍ਰੋਮਣੀ ਕਮੇਟੀ ਖਿਲਾਫ਼ ਲੋਕਾਂ ਨੂੰ ਰੱਜ ਕੇ ਭੜਕਾਇਆ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਤੇ ਬਾਦਲ ਸਰਕਾਰ ਨੇ ਇਹਨਾਂ ਸੰਤਾਂ ਤੇ ਕੱਟੜਪੰਥੀਆਂ ਜਥੇਬੰਦੀਆਂ ਨੂੰ ਸੂਬੇ ਦਾ ਮਹੌਲ ਵਿਗਾੜਨ ਲਈ ਜ਼ਿੰਮੇਵਾਰ ਗਰਦਾਨਿਆ। ਇਸ ਖਿੱਚੋਤਾਣ ਨੇ ਉਲਝੀ ਤਾਣੀ ਹੋਰ ਵੀ ਉਲਝਾ ਦਿੱਤੀ ਹੈ। ਸੂਬਾ ਸਰਕਾਰ, ਸ਼੍ਰੋਮਣੀ ਕਮੇਟੀ ਤੇ ਪੰਥ ਦੀਆਂ ਸੇਵਾਦਾਰ ਕਹਾਉਂਦੀਆਂ ਕੱਟੜਪੰਥੀ ਤਾਕਤਾਂ ਦੇ ਸਭ ਕਦਮਾਂ ਦਾ ਨੁਕਸਾਨ ਲੋਕਾਂ ਨੂੰ ਹੀ ਹੋਇਆ ਹੈ। ਇਸ ਪੂਰੇ ਘਟਨਾਕ੍ਰਮ ਮਗਰੋਂ ਸੂਬੇ ਵਿੱਚ ਜੋ ਫ਼ਿਰਕੂ ਤਣਾਅ ਦਾ ਮਹੌਲ ਵਿਗੜਿਆ ਹੈ ਉਸ ਨਾਲ਼ ਲੋਕਾਂ ਵਿਚਲੀਆਂ ਆਪਸੀ ਦੂਰੀਆਂ ਵਧੀਆਂ ਹਨ ਜਿਸਦਾ ਫ਼ਾਇਦਾ ਹਮੇਸ਼ਾਂ ਹਾਕਮ ਜਮਾਤਾਂ ਨੂੰ ਹੀ ਹੋਇਆ ਹੈ। ਦੂਜਾ ਇਸ ਨਾਲ਼ ਸਰਕਾਰ ਅਨੇਕਾਂ ਫ਼ੌਰੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਲਿਜਾਣ ਵਿੱਚ ਕਾਮਯਾਬ ਰਹੀ ਹੈ। ਲੋਕਾਂ ਦੇ ਰੋਟੀ, ਰੁਜ਼ਗਾਰ ਜਿਹੇ ਅਨੇਕਾਂ ਮੁੱਦੇ ਪਿੱਠਭੂਮੀ ਵਿੱਚ ਚਲੇ ਗਏ ਹਨ। ਸੂਬੇ ਵਿੱਚ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਸਮੇਤ ਹੋਰ ਵੀ ਕਈ ਲੋਕ ਘੋਲਾਂ ਨੂੰ ਵੀ ਢਾਹ ਲੱਗੀ ਹੈ। ਇਸ ਖਿੱਚੋਤਾਣ ਦਾ ਤੀਜਾ ਨੁਕਸਾਨ ਇਹ ਹੋਇਆ ਹੈ ਕਿ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਇਸ ਫ਼ਿਰਕੂ ਤਣਾਅ ਪਿਛਲੀਆਂ ਅਸਲੀ ਤਾਕਤਾਂ ਨੂੰ ਪਛਾਨਣ ਦੇ ਮੁੱਦੇ ਵੀ ਗੁੰਮਦੇ ਜਾ ਰਹੇ ਹਨ।

ਪਹਿਲਾਂ ਵੀ ਜਦੋਂ ਕਦੇ ਇਸ ਤਰ੍ਹਾਂ ਫ਼ਿਰਕੂ ਤਣਾਅ ਦੀ ਹਨੇਰੀ ਵਗੀ ਹੈ ਤਾਂ ਉਸਦਾ ਨੁਕਸਾਨ ਲੋਕਾਂ ਨੂੰ ਹੀ ਹੋਇਆ ਹੈ ਤੇ ਉਸਦੇ ਅਧਾਰ ‘ਤੇ ਸਿਆਸਤ ਕਰਨ ਵਾਲਿਆਂ ਦੇ ਸਿੰਘਾਸਨ ਉਸੇ ਤਰ੍ਹਾਂ ਕਾਇਮ ਰਹੇ ਹਨ। ਪੰਜਾਬ ਵਿੱਚ ਅਨੇਕਾਂ ਸਾਲ ਚੱਲੀ ਫ਼ਿਰਕੂ ਦਹਿਸ਼ਗਰਦੀ ਤੇ ਸਰਕਾਰੀ ਜ਼ਬਰ ਦਾ ਖਮਿਆਜ਼ਾ ਵੀ ਲੋਕਾਂ ਨੇ ਹੀ ਭੁਗਤਿਆ ਹੈ ਜਿਨ੍ਹਾਂ ਵਿੱਚੋਂ ਲੋਕਾਂ ਦੇ ਹੱਥ ਤਾਂ ਕੁੱਝ ਨਹੀਂ ਆਇਆ ਪਰ ਲੋਕਾਂ ਨੂੰ ਵਰਤਣ ਵਾਲੇ ਆਪਣੀਆਂ ਕੁਰਸੀਆਂ, ਅਹੁਦੇ, ਜਾਇਦਾਦਾਂ ਦੇ ਅਨੇਕਾਂ ਮਨੋਰਥ ਪੂਰੇ ਕਰ ਗਏ। ਇਹ ਵੀ ਧਿਆਨ ਦੇਣਾਂ ਚਾਹੀਦਾ ਹੈ ਕਿ ਇਸ ਮਸਲੇ ਨੂੰ ਉਭਾਰਨ ਵਾਲੀਆਂ ਧਾਰਮਿਕ ਤੇ ਸਿਆਸੀ ਤਾਕਤਾਂ ਨੇ ਕਦੇ ਵੀ ਲੋਕਾਂ ਦੇ ਰੋਟੀ, ਰੁਜ਼ਗਾਰ, ਜਨਤਕ ਸਹੂਲਤਾਂ ਤੇ ਜਮਹੂਰੀ ਹੱਕਾਂ ਦੇ ਮਸਲਿਆਂ ਦੀ ਹਮਾਇਤ ਵਿੱਚ ਕਦੇ ਵੀ ਇੱਕ ਸ਼ਬਦ ਨਹੀਂ ਬੋਲਿਆ। ਸੂਬੇ ਵਿੱਚ ਲੋਕਾਂ ਦੇ ਚੱਲ ਰਹੇ ਹੱਕੀ ਸੰਘਰਸ਼ਾਂ ਦੀ ਹਮਾਇਤ ਵਿੱਚ ਕਦੇ ਕੋਈ ਕਾਰਵਾਈ ਨਹੀਂ ਕੀਤੀ ਤੇ ਨਾ ਹੀ ਕਦੇ ਇਹਨਾਂ ਨੇ ਸੰਘਰਸ਼ਾਂ ਉੱਤੇ ਹੋ ਰਹੇ ਸਰਕਾਰੀ ਜ਼ਬਰ ਦੇ ਵਿਰੋਧ ਵਿੱਚ ਇੱਕ ਵੀ ਬਿਆਨ ਦਿੱਤਾ। ਉਹ ਕਿਹੜੀਆਂ ਭਾਵਨਾਵਾਂ ਹਨ ਜੋ ਭੁੱਖੇ ਮਰਦੇ ਲੋਕਾਂ, ਨਿੱਤ ਹੁੰਦੀਆਂ ਧੱਕੇਸ਼ਾਹੀਆਂ, ਰੁਜ਼ਗਾਰ ਲਈ ਡਾਂਗਾਂ ਖਾਂਦੇ ਬੇਰੁਜ਼ਗਾਰਾਂ, ਔਰਤਾਂ ਨਾਲ਼ ਹੁੰਦੀ ਛੇੜਛਾੜ ਤੇ ਬਲਾਤਕਾਰ ਦੀਆਂ ਘਟਨਾਵਾਂ ਤੇ ਮਾਸੂਮਾਂ ਦੇ ਹੁੰਦੇ ਘਾਣ ਵੇਲੇ ਬਿਲਕੁਲ ਵੀ ਨਹੀਂ ਠੇਸੀਆਂ ਜਾਂਦੀਆਂ ਤੇ ਸਿਰਫ਼ ਧਰਮ ਦੇ ਮਸਲੇ ‘ਤੇ ਹੀ ਠੇਸੀਆਂ ਜਾਂਦੀਆਂ ਹਨ?

ਜਿੱਥੋਂ ਤੱਕ ਇਸ ਘਟਨਾ ਪਿਛਲੇ ਅਸਲ ਅਨਸਰਾਂ ਦਾ ਸਵਾਲ ਹੈ ਤਾਂ ਉਸ ਬਾਰੇ ਹਾਲੇ ਤੱਕ ਕੋਈ ਭਰੋਸੇਯੋਗ ਸੱਚਾਈ ਸਾਹਮਣੇ ਨਹੀਂ ਆ ਸਕੀ। ਇਹ ਕਿਸੇ ਸਧਾਰਨ ਦਿਮਾਗ ਦੀ ਸ਼ਰਾਰਤ ਹੋ ਸਕਦੀ ਹੈ, ਮੌਜੂਦਾ ਸਰਕਾਰ ਦੀ ਚਾਲ ਹੋ ਸਕਦੀ ਹੈ ਜਾਂ ਰਾਸ਼ਟਰੀ ਸਵੈਸੇਵਕ ਸੰਘ ਜਾਂ ਕਿਸੇ ਕੱਟੜਪੰਥੀ ਸਿੱਖ ਤਾਕਤ ਦੀ ਸਾਜਿਸ਼ ਹੋ ਸਕਦੀ ਹੈ, ਇਸ ਬਾਰੇ ਹਾਲੇ ਕੁੱਝ ਦਾਅਵੇ ਨਾਲ਼ ਨਹੀਂ ਕਿਹਾ ਜਾ ਸਕਦਾ। ਇਸ ਘਟਨਾ ਦਾ ਸਰਕਾਰ ਵੱਲੋਂ ਵਿਦੇਸ਼ਾਂ ਨਾਲ਼ ਤਾਰਾਂ ਜੋੜਨ ਦਾ ਮਾਮਲਾ ਵੀ ਹਾਲੇ ਤੱਕ ਬਹੁਤ ਸ਼ੱਕੀ ਹੀ ਹੈ। ਮਾਮਲੇ ਦੀ ਅਸਲ ਸੱਚਾਈ ਭਾਵੇਂ ਕੁੱਝ ਵੀ ਹੋਵੇ ਅਸਲ ਸਵਾਲ ਇਸ ਮਾਮਲੇ ਨੂੰ ਜਿਸ ਤਰ੍ਹਾਂ ਫ਼ਿਰਕੂ ਤਣਾਅ ਦਾ ਮਹੌਲ ਬਣਾਉਣ ਲਈ ਵਰਤਿਆ ਗਿਆ ਹੈ, ਇਸ ਮਸਲੇ ਨੂੰ ਲੈ ਕੇ ਅਨੇਕਾਂ ਤਾਕਤਾਂ ਵੱਲੋਂ ਜੋ ਖੇਡਾਂ ਖੇਡੀਆਂ ਜਾ ਰਹੀਆਂ ਹਨ ਉਹਨਾਂ ਨੂੰ ਸਮਝਣ ਤੇ ਲੋਕਾਂ ਨੂੰ ਅਮਨ ਤੇ ਸਦਭਾਵਨਾ ਬਣਾਈ ਰੱਖਣ ਦਾ ਹੋਕਾ ਦੇਣ ਦਾ ਹੈ। ਖੁਸ਼ੀ ਦੀ ਗੱਲ ਹੈ ਕਿ ਸੂਬੇ ਵਿੱਚ ਅਨੇਕਾਂ ਥਾਂ ਜਨਤਕ, ਜਮਹੂਰੀ ਤੇ ਇਨਕਲਾਬੀ ਤਾਕਤਾਂ ਨੇ ਸਦਭਾਵਨਾ ਮਾਰਚ, ਰੈਲ਼ੀਆਂ ਕੱਢ ਕੇ ਲੋਕਾਂ ਨੂੰ ਅਮਨ ਤੇ ਏਕਤਾ ਬਣਾਈ ਰੱਖਣ ਦਾ ਸੁਨੇਹਾ ਦਿੱਤਾ।

ਅੱਜ ਸਗੋਂ ਲੋੜ ਇਸ ਨਾਲ਼ੋਂ ਵੀ ਵੱਧ ਹੈ। ਲੋਕਾਂ ਵਿੱਚ ਸਦਭਾਵਨਾ ਬਣਾਈ ਰੱਖਣ ਦੇ ਨਾਲ਼-ਨਾਲ਼ ਲੋਕਾਂ ਨੂੰ ਉਹਨਾਂ ਦੇ ਅਸਲ ਦੁਸ਼ਮਣਾਂ ਨੂੰ ਪਛਾਨਣ, ਧਰਮ ਦੇ ਨਾਮ ਉੱਤੇ ਸਿਆਸਤ ਕਰਨ ਵਾਲੀਆਂ ਤਾਕਤਾਂ, ਲੋਕਾਂ ਨੂੰ ਧਰਮਾਂ, ਜਾਤਾਂ ਦੇ ਨਾਮ ‘ਤੇ ਵੰਡਣ ਵਾਲੀਆਂ ਤਾਕਤਾਂ ਅਤੇ ਫ਼ਿਰਕੂ ਮਹੌਲ ਨੂੰ ਆਪਣੇ ਹਿੱਤਾਂ ਵਿੱਚ ਭੁਗਤਾਉਣ ਵਾਲੀਆਂ ਸਮਾਜ ਵਿਰੋਧੀ ਤਾਕਤਾਂ ਅਤੇ ਉਹਨਾਂ ਦੇ ਅਸਲ ਮਨਸ਼ਿਆਂ ਨੂੰ ਪਛਾਣ ਸਕਣ ਦੇ ਸਮਰੱਥ ਬਣਾਉਣ ਦੀ ਹੈ। ਸਮਾਜ ਦੀਆਂ ਇਨਕਲਾਬੀ, ਜਮਹੂਰੀ ਤਾਕਤਾਂ ਲਈ ਇਹ ਵੀ ਸੋਚਣ, ਸਮਝਣ ਦਾ ਸਵਾਲ ਹੈ ਕਿ ਪੂਰੇ ਦੇਸ਼ ਵਿੱਚ ਫ਼ਿਰਕੂ ਮਹੌਲ ਦੀ ਜਮੀਨ ਇਤਿਹਾਸਕ ਕਾਰਕਾਂ ਕਰਕੇ ਪਹਿਲਾਂ ਹੀ ਬਹੁਤ ਜ਼ਰਖੇਜ ਹੈ ਤੇ ਉਸਨੂੰ ਲਗਾਤਾਰ ਖਾਦ-ਪਾਣੀ ਦਿੱਤਾ ਜਾ ਰਿਹਾ ਹੈ। ਅਜਿਹੀ ਜਮੀਨ ਵਿੱਚੋਂ ਇੱਕ ਘਟਨਾ ਮਗਰੋਂ ਫ਼ਿਰਕੂ ਤਣਾਅ ਤੇ ਕਤਲੇਆਮ ਦੇ ਜਵਾਲਾਮੁਖੀ ਕਦੇ ਵੀ ਫੁੱਟ ਸਕਦੇ ਹਨ। ਸਾਡੀ ਕੋਸ਼ਿਸ਼ ਸਿਰਫ਼ ਇਹਨਾਂ ਜਵਾਲਾਮੁਖੀਆਂ ਨੂੰ ਸ਼ਾਂਤ ਕਰਨ ਤੱਕ ਹੀ ਸੀਮਤ ਨਹੀਂ ਹੋਣੀ ਚਾਹੀਦੀ। ਸਗੋਂ ਸਾਨੂੰ ਫ਼ਿਰਕੂ ਤਣਾਅ ਦੇ ਮਹੌਲ ਤੋਂ ਬਿਨਾਂ ਵੀ ਮੌਜੂਦਾ ਸਮਾਜਕ, ਸੱਭਿਆਚਾਰਕ ਢਾਂਚੇ ਵਿੱਚ ਫ਼ਿਰਕੂ ਮਹੌਲ ਨੂੰ ਮਜ਼ਬੂਤ ਕਰਨ ਵਾਲੇ ਤੱਤਾਂ ਖਿਲਾਫ਼ ਲਗਾਤਾਰ ਲੜਾਈ ਲੜ੍ਹਨੀ ਚਾਹੀਦੀ ਹੈ। ਸਾਨੂੰ ਅੱਗ ਬੁਝਾਉਣ ਤੱਕ ਸੀਮਤ ਰਹਿਣ ਦੀ ਥਾਂ ਅੱਗ ਲੱਗਣ ਤੋਂ ਰੋਕਣ ਦੇ ਉਪਰਾਲੇ ਵੀ ਕਰਨੇ ਚਾਹੀਦੇ ਹਨ। ਭਾਰਤ ਦੇ ਇਤਿਹਾਸ ਵਿੱਚ ਅਜਿਹੀਆਂ ਕੋਸ਼ਿਸ਼ਾਂ ਬਹੁਤ ਥੋੜੀਆਂ ਹੋਈਆਂ ਹਨ, ਅੱਜ ਇਸ ਕੰਮ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਸਨੂੰ ਜ਼ਿੰਮੇਵਾਰੀ ਨਾਲ਼ ਕੀਤੇ ਜਾਣ ਦੀ ਲੋੜ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 45, ਨਵੰਬਰ 2015 ਵਿਚ ਪਰ੍ਕਾਸ਼ਤ

Advertisements