ਪੰਜਾਬ ਦੀ ਦਿਸ਼ਾਹੀਣ ਭਟਕਦੀ ਜਵਾਨੀ : ਨੌਜਵਾਨਾਂ ਨੂੰ ਇਨਕਲਾਬੀ ਲੀਹਾਂ ‘ਤੇ ਜਥੇਬੰਦ ਕਰਨਾ ਸਮੇਂ ਦੀ ਅਣਸਰਦੀ ਲੋੜ •ਸੰਪਾਦਕੀ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅੱਜ ਪੰਜਾਬ ਦੇ ਨੌਜਵਾਨ ਸਮਾਜ ਦੇ ਹੋਰਨਾਂ ਕਿਰਤੀ ਤਬਕਿਆਂ ਵਾਂਗ ਮੌਜੂਦਾ ਢਾਂਚੇ ਦੀਆਂ ਆਰਥਿਕ-ਸਮਾਜਿਕ  ਸਮੱਸਿਆਵਾਂ ‘ਚ ਦਿਨੋਂ-ਦਿਨ ਵਧੇਰੇ ਪਿਸਦਾ ਜਾ ਰਹੇ ਹਨ। ਅਜਿਹੇ ਮਹੌਲ ਵਿੱਚ ਉਹਨਾਂ ਨੂੰ ਕੋਈ ਸਪੱਸ਼ਟ ਭਵਿੱਖ ਨਜ਼ਰ ਨਹੀਂ ਆ ਰਿਹਾ ਤੇ ਆਪਣੀ ਇਸੇ ਦਿਸ਼ਾਹੀਣਤਾ ਵਿੱਚੋਂ ਉਹ ਬੇਚੈਨ ਹੋਏ ਅਨੇਕਾਂ ਤਰ੍ਹਾਂ ਦੇ ਕੁਰਾਹਿਆਂ ਵੱਲ ਭਟਕ ਰਹੇ ਹਨ। ਪਰ ਇਹਨਾਂ ਸਭ ਕੁਰਾਹਿਆਂ ਕੋਲ਼ ਉਹਨਾਂ ਦੇ ਅਸਲ ਸਵਾਲਾਂ ਦਾ ਕੋਈ ਜੁਆਬ ਨਹੀਂ ਹੈ, ਉਹਨਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੈ, ਨਤੀਜਾ ਇਹ ਨਿੱਕਲ਼ਦਾ ਹੈ ਕਿ ਉਹਨਾਂ ਦੀ ਬੇਚੈਨੀ ਤੇ ਭਟਕਣਾ ਹੋਰ ਡੂੰਘੀ ਹੁੰਦੀ ਜਾਂਦੀ ਉਹਨਾਂ ਨੂੰ ਨਿਰਾਸ਼ਾ, ਹਾਰਬੋਧ ਦੀਆਂ ਹਨੇਰ੍ਹੀਆਂ ਗਲੀਆਂ ਵੱਲ ਧਕੇਲਦੀ ਤੁਰੀ ਜਾਂਦੀ ਹੈ। ਅਜਿਹੇ ਮਹੌਲ ਵਿੱਚ ਇਹਨਾਂ ਨੌਜਵਾਨਾਂ ਨੂੰ ਇੱਕ ਸਹੀ ਇਨਕਲਾਬੀ ਬਦਲ ਪੇਸ਼ ਕਰਨਾ ਸਮੇਂ ਦੀ ਅਣਸਰਦੀ ਲੋੜ ਹੈ।

ਜੇ ਪੰਜਾਬ ਦੇ ਨੌਜਵਾਨਾਂ ਦੀਆਂ ਸਮੱਸਿਆਵਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾ ਮਸਲਾ ਸਿੱਖਿਆ ਸਹੂਲਤਾਂ ਤੱਕ ਪਹੁੰਚ ਦਾ ਹੈ। ਸਮੁੱਚੇ ਭਾਰਤ ਵਾਂਗ ਪੰਜਾਬ ਵਿੱਚ ਵੀ ਕੁੱਲ ਵਿਦਿਆਰਥੀਆਂ ਦਾ ਬਹੁਤ ਥੋੜਾ ਹਿੱਸਾ ਹੀ ਉੱਚ ਸਿੱਖਿਆ ਤੱਕ ਪਹੁੰਚਦਾ ਹੈ। ਉੱਤੋਂ ਦਿਨੋ-ਦਿਨ ਮਹਿੰਗੀ ਹੁੰਦੀ ਜਾ ਰਹੀ ਸਿੱਖਿਆ ਕਾਰਨ ਇਹ ਸੀਮਤ ਹਿੱਸੇ ਵਿੱਚੋਂ ਆਮ ਪਰਿਵਾਰਾਂ ਦੇ ਨੌਜਵਾਨ ਹੋਰ ਵੀ ਬਾਹਰ ਹੁੰਦੇ ਜਾ ਰਹੇ ਹਨ। ਪੰਜਾਬ ਦੇ ਨੌਜਵਾਨਾਂ ਦੀ ਦੂਜੀ ਸਮੱਸਿਆ ਦਿਨੋਂ-ਦਿਨ ਵਧ ਰਹੀ ਬੇਰੁਜ਼ਗਾਰੀ ਬਣਦੀ ਹੈ। ਬੇਰੁਜ਼ਾਰੀ ਦੀ ਸਮੱਸਿਆ ਹਰ ਤਬਕੇ ਦੇ ਨੌਜਵਾਨਾਂ ਵਿੱਚ ਵੱਡੇ ਪੱਧਰ ‘ਤੇ ਫੈਲੀ ਹੋਈ ਹੈ। ਪੰਜਾਬ ਅੰਦਰ ਲੱਖਾਂ ਦੀ ਗਿਣਤੀ ਵਿੱਚ ਨੌਜਵਾਨ ਹੱਥਾਂ ‘ਚ ਡਿਗਰੀਆਂ ਲਈ ਰੁਜ਼ਗਾਰ ਦੀ ਭਾਲ਼ ਵਿੱਚ ਨਿਰਾਸ਼ ਭਰੇ ਮਨ ਨਾਲ਼ ਸੜਕਾਂ ਦੀ ਧੂੜ ਛਾਣ ਰਹੇ ਹਨ। ਤੇਜੀ ਨਾਲ਼ ਹੋ ਰਹੇ ਨਿੱਜੀਕਰਨ ਕਾਰਨ ਸਰਾਕਾਰੀ ਅਦਾਰਿਆਂ ਵਿੱਚ ਨੌਕਰੀਆਂ ਦੇ ਮੌਕੇ ਬਹੁਤ ਸੁੰਗੜ ਗਏ ਹਨ, ਹੋਰਨਾ ਖੇਤਰਾਂ ਵਿੱਚ ਵੀ ਪੜ੍ਹੇ-ਲਿਖੇ ਨੌਜਵਾਨਾਂ ਲਈ ਨੌਕਰੀਆਂ ਦੇ ਮੌਕੇ ਨਾਮਾਤਰ ਹੀ ਹਨ। ਬੇਰੁਜ਼ਗਾਰੀ ਦੀ ਇਹ ਮਾਰ ਘੱਟ ਪੜ੍ਹੇ-ਲਿਖਿਆਂ, ਛੋਟੇ-ਮੋਟੇ ਕੰਮ ਕਰਨ ਵਾਲ਼ਿਆਂ, ਆਪਣੀਆਂ ਛੋਟੀਆਂ ਦੁਕਾਨਾਂ, ਕੰਮ-ਧੰਦੇ ਖੋਲਣ ਵਾਲਿਆਂ ਆਦਿ ਤੋਂ ਲੈ ਕੇ ਦਿਹਾੜੀ-ਮਜ਼ਦੂਰੀ ਕਰਨ ਵਾਲ਼ੇ ਨੌਜਵਾਨ ਤਬਕੇ ਤੱਕ ਪਈ ਹੈ। ਬਹੁਤ ਸਾਰੇ ਨੌਜਵਾਨਾਂ ਦੇ ਪਿਤਾ-ਪੁਰਖੀ ਰੁਜ਼ਗਾਰ ਵੀ ਖੁੱਸਦੇ ਜਾ ਰਹੇ ਹਨ। ਖੇਤੀ ਵਿੱਚ ਗਰੀਬ ਤੇ ਦਰਮਿਆਨੀ ਕਿਸਾਨੀ ਉੱਪਰ ਲਗਾਤਾਰ ਮਾਰ ਪੈ ਰਹੀ ਹੈ, ਉੱਤੋਂ ਤਕਨੀਕ ਦੇ ਵਿਕਾਸ ਨੇ ਖੇਤੀ ਅੰਦਰ ਕਿਰਤ ਦੀ ਖਪਤ ਵੀ ਘਟਾ ਦਿੱਤੀ ਹੈ। ਇਸ ਤੋਂ ਬਿਨਾਂ ਪਰਿਵਾਰਕ, ਸਮਾਜਿਕ ਤੇ ਸੱਭਿਆਚਾਰ ਮਸਲਿਆਂ ‘ਚੋਂ ਖੜੀਆਂ ਹੁੰਦੀਆਂ ਦਿੱਕਤਾਂ ਉਹਨਾਂ ਦੀ ਹਾਲਤ ਹੋਰ ਵੀ ਖਸਤਾ ਬਣਾ ਦਿੰਦੀਆਂ ਹਨ। ਅਜਿਹੇ ਮਹੌਲ ਵਿੱਚ ਬਹੁਗਿਣਤੀ ਨੌਜਵਾਨ ਨੂੰ ਸੁਰਤ ਸੰਭਲ਼ਦਿਆਂ ਹੀ ਆਪਣੇ ਭਵਿੱਖ ਦੀ ਫਿਕਰ ਹੋਣ ਲਗਦੀ ਹੈ ਪਰ ਇਸ ਫਿਕਰਮੰਦੀ ਦੇ ਬਾਵਜੂਦ ਉਹਨਾਂ ਦੀ ਹਾਲਤ ਹਨੇਰ੍ਹੇ ਬੰਦ ਕਮਰੇ ਵਿੱਚ ਟੱਕਰਾਂ ਮਾਰਨ ਵਾਲ਼ੀ ਹੀ ਬਣੀ ਰਹਿੰਦੀ ਹੈ। ਉਹਨਾਂ ਨੂੰ ਆਪਣੇ ਸਾਹਮਣੇ ਨਾ ਤਾਂ ਕੋਈ ਸਪੱਸ਼ਟ ਰਾਹ ਦਿਸਦਾ ਹੈ ਤੇ ਨਾ ਹੀ ਕੋਈ ਬਾਂਹ ਫੜਨ ਵਾਲ਼ਾ ਉਹਨਾਂ ਨੂੰ ਮਿਲ਼ਦਾ ਹੈ। ਉਤੋਂ ‘ਨੌਜਵਾਨਾਂ ਨੇ ਮਿਹਨਤ ਕਰਨੀ ਛੱਡਤੀ’, ‘ਆਪਣੀਆਂ ਨਲੈਕੀਆਂ ਕਰਕੇ ਸਫਲ ਨਹੀਂ ਹੁੰਦੇ’ ਆਦਿ ਜਿਹੇ ਪ੍ਰਵਚਨ ਉਹਨਾਂ ਦਾ ਹੀ ਕਸੂਰ ਦੱਸਕੇ ਉਹਨਾਂ ਦੇ ਹੀਣਤਾ ਦੇ ਅਹਿਸਾਸ ਨੂੰ ਹੋਰ ਡੂੰਘੇਰਾ ਕਰਦੇ ਜਾਂਦੇ ਹਨ। ਇਸ ਕਰਕੇ ਅੱਜ ਬਹੁਤ ਸਾਰੇ ਨੌਜਵਾਨ ਬੇਚੈਨੀ, ਨਿਰਸ਼ਾ, ਪਸਤ-ਹਿੰਮਤੀ ਤੇ ਕਈ ਵਾਰ ਮਾਨਸਿਕ ਰੋਗੀ ਦੀ ਹਾਲਤ ਵਿੱਚ ਜਿਉਂਦੇ ਹਨ। ਇਸੇ ਬੇਚੈਨੀ, ਨਿਰਾਸ਼ਾ ਦੀਆਂ ਭਟਕਣਾਂ ਵਿੱਚ ਉਹ ਕਈ ਤਰ੍ਹਾਂ ਦੇ ਕੁਰਾਹਿਆਂ ਦੇ ਸ਼ਿਕਾਰ ਹੋ ਜਾਂਦੇ ਹਨ ਜਿਨ੍ਹਾਂ ਵਿੱਚੋਂ ਕੁੱਝ ਦੀ ਚਰਚਾ ਇੱਥ ਲੋੜੀਂਦੀ ਹੈ।

ਪੰਜਾਬ ਅੰਦਰ ਦਿਸ਼ਾਹੀਣ ਭਟਕ ਰਹੇ ਨੌਜਵਾਨ ਜਿਸ ਕੁਰਾਹੇ ਦਾ ਸਭ ਤੋਂ ਵੱਧ ਸਹਾਰਾ ਲੈਂਦੇ ਹਨ ਉਹ ਹਨ ਨਸ਼ੇ। ਖੁਦ ਪੰਜਾਬ ਸਰਕਾਰ ਵੱਲੋਂ 2009 ‘ਚ ਹਾਈਕੋਰਟ ‘ਚ ਪੇਸ਼ ਕੀਤੇ ਇੱਕ ਦਸਤਾਵੇਜ਼ ਮੁਤਾਬਕ 70 ਫੀਸਦੀ ਪਰਿਵਾਰ ਨਸ਼ਿਆਂ ਦੇ ਸ਼ਿਕਾਰ ਹਨ। 2006 ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇੱਕ ਸਰਵੇਖਣ ਮੁਤਾਬਕ ਨਸ਼ਾ ਕਰਨ ਵਾਲ਼ਿਆਂ ਵਿੱਚੋਂ 73.5 ਫੀਸਦੀ 16 ਤੋਂ 40 ਸਾਲ ਵਿਚਕਾਰਲੇ ਨੌਜਵਾਨ ਹਨ। ਭਾਵੇਂ ਨਸ਼ਾ ਕਰਨ ਵਾਲ਼ਿਆਂ ਵਿੱਚ ਇੱਕ ਛੋਟਾ ਜਿਹਾ ਹਿੱਸਾ ਧਨ-ਦੌਲਤ ਦੀ ਹੈਂਕੜ, ਅੱਯਾਸ਼ੀ ਤੇ ਸੱਭਿਆਚਾਰਕ ਵਿਰਾਸਤ ਕਾਰਨ ਨਸ਼ਾ ਕਰਦਾ ਹੈ ਪਰ ਬਹੁਗਿਣਤੀ ਨੌਜਵਾਨਾਂ ਦੇ ਨਸ਼ਿਆਂ ਦਾ ਕਾਰਨ ਉਹਨਾਂ ਦੇ ਦਿਸ਼ਾਹੀਣ ਧੁੰਦਲੇ ਭਵਿੱਖ ‘ਚੋਂ ਪੈਦਾ ਹੋਈ ਨਿਰਾਸ਼ਾ ਤੇ ਬੇਚੈਨੀ ਹੀ ਹੈ। ਨਸ਼ਿਆਂ ਨੇ ਪੰਜਾਬ ਦੇ ਨੌਜਵਾਨਾਂ ਦਾ ਕਿੰਨਾ ਨੁਕਸਾਨ ਕੀਤਾ ਹੈ, ਕਿੰਨੇ ਨੌਜਵਾਨਾਂ ਨੇ ਆਪਣੀ ਜਾਨ ਗਵਾਈ ਹੈ ਤੇ ਕਿੰਨੀ ਨੌਜਵਾਨ ਊਰਜਾ ਅਜਾਈਂ ਜਾ ਰਹੀ ਹੈ ਉਸ ਬਾਰੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਇਹ ਵੀ ਸਭ ਦੇ ਸਾਹਮਣੇ ਹੀ ਹੈ ਕਿ ਨਸ਼ੇ ਕਿਸ ਤਰ੍ਹਾਂ ਪੰਜਾਬ ਅੰਦਰ ਇੱਕ ਵੱਡਾ ਕਾਰੋਬਾਰ ਬਣ ਚੁੱਕੇ ਹਨ, ਜਿਸਨੂੰ ਪੂਰੀ ਤਰ੍ਹਾਂ ਸਿਆਸੀ ਸ਼ਹਿ ਹਾਸਲ ਹੈ।

ਨੌਜਵਾਨਾਂ ਦੀ ਦਿਸ਼ਾਹੀਣ ਭਟਕਣਾ ‘ਚੋਂ ਦੂਜਾ ਕੁਰਾਹਾ ਉਹਨਾਂ ਦਾ ਗੁੰਡਾ ਅਨਸਰਾਂ ਵਿੱਚ ਤਬਦੀਲ ਹੋਣਾ ਹੈ। ਅੱਜ ਪੰਜਾਬ ਵਿੱਚ ਬਹੁਤ ਸਾਰੇ ਗੁੰਡਾ ਗਰੋਹ ਸਰਗਰਮ ਹਨ ਜੋ ਨੌਜਵਾਨਾਂ ਨੂੰ ਆਪਣੇ ਵੱਲ ਖਿੱਚ ਰਹੇ ਹਨ। ਪੰਜਾਬ ਵਿੱਚ ਅਨੇਕਾਂ ਨਾਮੀ ਗੁੰਡਾ ਗਰੋਹ ਹਨ ਜਿਨ੍ਹਾਂ ਨਾਲ਼ ਹਜ਼ਾਰਾਂ ਨੌਜਵਾਨ ਜੁੜੇ ਹੋਏ ਹਨ। ਇਹਨਾਂ ਵਿੱਚੋਂ ਅਨੇਕਾਂ ਗੁੰਡਾ ਗਰੋਹਾਂ ਨੂੰ ਵੱਖ-ਵੱਖ ਸਿਆਸਤਦਾਨਾਂ ਦੀ ਸ਼ਹਿ ਹਾਸਲ ਹੈ। ਆਪਣੀ ਜ਼ਿੰਦਗੀ ਦੀ ਦਿਸ਼ਾਹੀਣਤਾ ਵਿੱਚ ਪੈਦਾ ਹੋਏ ਖਲਾਅ ਵਿੱਚੋਂ ਹੀ ਉਹ ਇਸ ਵੱਲ ਖਿੱਚੇ ਜਾਂਦੇ ਹਨ। ਗੁੰਡਾ ਗਰੋਹਾਂ ਵਿੱਚ ਸ਼ਾਮਲ ਹੋ ਕੇ ਉੱਚੀ ਜ਼ਿੰਦਗੀ, ਪੈਸਾ, ਸ਼ੁਹਰਤ ਤੇ ਆਪਣੇ ਖਬਤ ਆਦਿ ਰਾਹੀਂ ਪੂਰੇ ਕਰਨ ਦੇ ਸੁਪਨੇ ਪਾਲ਼ਦੇ ਹਨ, ਪਰ ਇਸ ਜ਼ਿੰਦਗੀ ‘ਚ ਆ ਕੇ ਵੀ ਉਹਨਾਂ ਵਿੱਚੋਂ ਬਹੁਤਿਆਂ ਦੇ ਸੁਪਨੇ ਅਧੂਰੇ ਰਹਿੰਦੇ ਹਨ। ਜੋ ਨੌਜਵਾਨਾਂ ਇਹਨਾਂ ਵਿੱਚ ਸ਼ਾਮਲ ਹੋ ਚੁੱਕੇ ਹਨ ਉਹਨਾਂ ਦੀ ਜ਼ਿੰਦਗੀ ਤਾਂ ਬਰਬਾਦ ਹੋ ਚੁੱਕੀ ਹੈ ਉਸ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਅਜਿਹੇ ਨੌਜਵਾਨ ਹਨ ਜੋ ਇਸੇ ਗੈਂਗਸਟਰ, ਵੈਲੀਨੁਮਾ ਜ਼ਿੰਦਗੀ ਵੱਲ ਇੱਕ ਸਨਕੀ ਖਿੱਚ ਰੱਖਦੇ ਹਨ। ਕਿਸੇ ਗੈਂਗ ਦੇ “ਬਾਈ” ਨਾਲ਼ ਜਾਣ-ਪਛਾਣ, ਤਸਵੀਰਾਂ ਖਿੱਚਣ, ਹਥਿਆਰਾਂ ਨਾਲ਼ ਤਸਵੀਰਾਂ ਖਿੱਚ ਕੇ ਸੋਸ਼ਲ ਨੈੱਟਵਰਕ ‘ਤੇ ਪਾਉਣਾ ਅਤੇ ਗੁੰਡਾਨੁਮਾ ਹਾਉਮੈਂ ਨੂੰ ਪ੍ਰਚਾਰਦੇ ਗੀਤਾਂ ਦਾ ਚਲਣ ਇਸੇ ਖਿੱਚ ਦਾ ਹਿੱਸਾ ਹਨ। ਪਿੱਛੇ ਜਿਹੇ ਇੱਕ ਗੈਂਗਸਟਰ ਜਸਵਿੰਦਰ ਸਿੰਘ ਉਰਫ ਰੌਕੀ ਦਾ ਕਤਲ ਹੋਇਆ ਹੈ, ਇਸੇ ਤਰ੍ਹਾਂ ਕੁੱਝ ਸਮਾਂ ਪਹਿਲਾਂ ਸੁੱਖਾ ਕਾਹਲਵਾਂ ਦਾ ਕਤਲ ਹੋਇਆ ਸੀ। ਇਹਨਾਂ ਦੋਹਾਂ ਮਾਮਲਿਆਂ ਵਿੱਚ ਨੌਜਵਾਨਾਂ ਦੀ ਬਹੁਤ ਦਿਲਚਸਪੀ ਰਹੀ। ਇੱਕ ਹੋਰ ਗੈਂਗਸਟਰ ਰੁਪਿੰਦਰ ਗਾਂਧੀ ਨੂੰ ਨਾਇਕ ਬਣਾ ਕੇ ਪੇਸ਼ ਕੀਤਾ ਗਿਆ, ਉਸ ਉੱਪਰ ਫਿਲਮ ਬਣੀ, ਗੀਤ ਲਿਖੇ ਗਏ। ਅੱਜ ਗਾਂਧੀ ਗਰੁੱਪ ਦੇ ਨਾਂ ‘ਤੇ ਅਨੇਕਾਂ ਸਕੂਲਾਂ, ਕਾਲਜਾਂ ਵਿੱਚ ਵਿਦਿਆਰਥੀਆਂ ਦੇ ਗੁੰਡਾ ਗਰੋਹ ਬਣੇ ਹੋਏ ਹਨ। ਇਹ ਗੁੰਡਾ ਗਰੋਹ ਸਿਆਸੀ ਪਾਰਟੀਆਂ ਵੱਲੋਂ ਆਪਣੇ ਮੰਤਵਾਂ ਲਈ ਖੂਬ ਵਰਤੇ ਜਾਂਦੇ ਹਨ, ਇਹਨਾਂ ਗੁੰਡਾ ਅਨਸਰਾਂ ਅਧਾਰਤ ਭਾਂਤ-ਭਾਂਤ ਦੇ ਵਿਦਿਆਰਥੀ ਗਰੁੱਪ ਅੱਜ ਪੰਜਾਬ ਵਿੱਚ ਸਰਗਰਮ ਹੋ ਰਹੇ ਹਨ।

ਆਪਣੀ ਬੇਚੈਨੀ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਉਹ ਸਨਕੀਪੁਣੇ, ਬੇਪ੍ਰਵਾਹੀ, ਪਸ਼ੂਪੁਣੇ ਦਾ ਸਹਾਰਾ ਲੈ ਰਹੇ ਹਨ। ਮੈਕਸਿਮ ਗੋਰਕੀ ਇੱਕ ਥਾਂ ਸਮਾਜ ਵਿਚਲੇ ਗੁੰਡਾ ਅਨਸਰਾਂ ਬਾਰੇ ਸਟੀਕ ਟਿੱਪਣੀ ਕਰਦਾ ਹੈ ਜੋ ਗੁੰਡਾ ਅਨਸਰਾਂ ਦੇ ਨਾਲ਼-ਨਾਲ਼ ਨਸ਼ੇ ਦੇ ਸ਼ਿਕਾਰ ਨੌਜਵਾਨਾਂ ਉੱਪਰ ਵੀ ਪੂਰੀ ਤਰ੍ਹਾਂ ਢੁਕਦੀ ਹੈ। ਉਹ ਲਿਖਦਾ ਹੈ, “ਗੁੰਡਾ ਇੱਕ ਅਜਿਹਾ ਜੀਵ ਹੁੰਦਾ ਹੈ ਜਿਸ ਵਿੱਚ ਕਿਸੇ ਤਰਾਂ ਦੀ ਵੀ ਸਮਾਜਿਕ ਭਾਵਨਾ ਨਹੀਂ ਹੁੰਦੀ, ਜਿਹੜਾ ਆਪਣੇ ਆਲ਼ੇ-ਦੁਆਲ਼ੇ ਦੇ ਸੰਸਾਰ ਨਾਲ਼ ਕੋਈ ਨਾਤਾ ਮਹਿਸੂਸ ਨਹੀਂ ਕਰਦਾ, ਸਾਰੀਆਂ ਕਦਰਾਂ-ਕੀਮਤਾਂ ਤੋਂ ਸੱਖਣਾ ਹੁੰਦਾ ਹੈ, ਜਿਹੜਾ ਹੌਲ਼ੀ-ਹੌਲ਼ੀ ਸਵੈ-ਰੱਖਿਆ ਦੀ ਪ੍ਰਵਿਰਤੀ ਵੀ ਗੁਆ ਦਿੰਦਾ ਹੈ ਅਤੇ ਆਪਣੀ ਨਿੱਜੀ ਜ਼ਿੰਦਗੀ ਦੀ ਕੀਮਤ ਤੋਂ ਵੀ ਜਾਣੂ ਨਹੀਂ ਹੁੰਦਾ। ਉਹ ਸਹੀ ਢੰਗ ਨਾਲ਼ ਸੋਚਣ ਦੀ ਵੀ ਸਮਰੱਥਾ ਨਹੀਂ ਰੱਖਦਾ ਅਤੇ ਬੜੀ ਮੁਸ਼ਕਿਲ ਨਾਲ਼ ਹੀ ਵਿਚਾਰਾਂ ਦੀ ਲੜੀ ਜੋੜ ਸਕਦਾ ਹੈ। ਉਸਦੀ ਚਿੰਤਨ ਪ੍ਰਕਿਰਿਆ ਕੜਾਹੀ ਵਿੱਚ ਪੈਂਦੀ ਰੌਸ਼ਨੀ ਦੀ ਝਲਕ ਮਾਤਰ ਹੀ ਹੈ, ਜਿਹੜੀ ਆਲ਼ੇ ਦੁਆਲ਼ੇ ਦੇ ਇੱਕ ਛੋਟੇ ਜਿਹੇ ਹਿੱਸੇ ‘ਤੇ ਆਪਣੀ ਛਿਣ-ਭੰਗਰੀ ਅਤੇ ਬਿਮਾਰ ਜਿਹੀ ਰੌਸ਼ਨੀ ਸੁੱਟ ਕੇ ਖਤਮ ਹੋ ਜਾਂਦੀ ਹੈ। … ਆਪਣੀ ਨਿਪੁੰਸਕਤਾ ਦਾ ਅਹਿਸਾਸ ਉਸਨੂੰ ਜੀਵਨ ਦੁਆਰਾ ਪੇਸ਼ ਕੀਤੀਆਂ ਮੰਗਾਂ ਨੂੰ ਹੋਰ ਵਧੇਰੇ ਨਫ਼ਰਤ ਕਰਨ ਲਈ ਮਜ਼ਬੂਰ ਕਰ ਦਿੰਦਾ ਹੈ। ਇਹ ਰਾਹ ਉਸਨੂੰ ਸਰਵ-ਖੰਡਨਵਾਦ ਅਤੇ ਕੌੜੇ ਰੋਸ ਵੱਲ ਲੈ ਜਾਂਦਾ ਹੈ ਜਿਸ ਨਾਲ਼ ਉਸਦੀ ਸਮਾਜਿਕ ਨੈਤਿਕ ਸੂਝ ਖਤਮ ਹੋ ਜਾਂਦੀ ਹੈ, ਜਿਹੜੀ ਕਿਸੇ ਗੁੰਡੇ ਦੀ ਖਾਸੀਅਤ ਹੁੰਦੀ ਹੈ।”

ਇਹਨਾਂ ਦੋਵਾਂ ਕੁਰਾਹਿਆਂ ਤੋਂ ਬਿਨਾਂ ਹੋਰ ਕਈ ਤਰ੍ਹਾਂ ਦੇ ਨੈਤਿਕ, ਸਮਾਜਿਕ ਨਿਘਾਰ ਵਾਲ਼ੀ ਜ਼ਿੰਦਗੀ ਜਿਉਣ ਲਈ ਨੌਜਵਾਨ ਅੱਜ ਮਜਬੂਰ ਹਨ ਪਰ ਸਭ ਤੋਂ ਵੱਧ ਮਾਰ ਇਹਨਾਂ ਦੋਹਾਂ ਕੁਰਾਹਿਆਂ ਦੀ ਹੀ ਹੈ। ਇਹ ਉਹਨਾਂ ਦੀ ਸਮੱਸਿਆਵਾਂ ਦਾ ਕੋਈ ਠੋਸ ਹੱਲ ਪੇਸ਼ ਕਰਨ ਦੀ ਥਾਂ ਉਹਨਾਂ ਨੂੰ ਨਵੀਆਂ ਤਰ੍ਹਾਂ ਦੀਆਂ ਸਮੱਸਿਆਵਾਂ ਵਿੱਚ ਜਕੜ ਰਹੇ ਹਨ। ਸਗੋਂ ਇਸਤੋਂ ਵੀ ਅੱਗੇ ਇਹ ਉਹਨਾਂ ਤੋਂ ਆਪਣੀ ਤੇ ਸਮਾਜ ਦੀਆਂ ਸਮੱਸਿਆਵਾਂ ਤੋਂ ਮੂੰਹ ਮੋੜ ਕੇ ਖੁਦਪ੍ਰਸਤ, ਸੰਵੇਦਨਹੀਣਤਾ, ਬੇਫਿਕਰੀ, ਨੈਤਿਕ ਪਤਨ ਵਾਲੀ ਜ਼ਿੰਦਗੀ ਜਿਉਣ ਦੇ ਰਾਹ ਤੋਰਦੇ ਹਨ। ਇਹਨਾਂ ਦੀ ਚਰਚਾ ਇਸ ਲਈ ਵੀ ਜਰੂਰੀ ਹੈ ਕਿ ਇਹ ਦੋਵੇਂ ਰਾਹ ਮੌਜੂਦਾ ਲੋਟੂ ਢਾਂਚੇ ਤੇ ਪੰਜਾਬ ਦੀਆਂ ਮੌਜੂਦਾ ਵੋਟ ਬਟੋਰੂ ਪਾਰਟੀਆਂ ਦੀ ਸੇਵਾ ਵਿੱਚ ਭੁਗਤਦੇ ਹਨ। ਸਭ ਵੋਟ ਪਾਰਟੀਆਂ ਇਹਨਾਂ ਦਾ ਕੋਈ ਹੱਲ ਕਰਨ ਦੀ ਥਾਂ ਇਹਨਾਂ ਨੂੰ ਪੂਰੀ ਸ਼ਹਿ ਦਿੰਦੀਆਂ ਹਨ ਤੇ ਇਹਨਾਂ ਸਹਾਰੇ ਆਪਣੇ ਆਰਥਿਕ, ਸਿਆਸੀ ਹਿੱਤ ਵੀ ਪੂਰੇ ਕਰਦੀਆਂ ਹਨ। ਇਸ ਤਰ੍ਹਾਂ ਇਹ ਸਿਰਫ ਮੌਜੂਦਾ ਢਾਂਚੇ ਵੱਲੋਂ ਆਮ-ਮੁਹਾਰੇ ਥੋਪੀ ਉਦੇਸ਼ਹੀਣਤਾ ਦਾ ਹਿੱਸਾ ਹੀ ਨਹੀਂ ਹੈ ਸਗੋਂ ਸਭ ਵੋਟ ਪਾਰਟੀਆਂ ਵੀ ਆਪਣੇ ਸੁਚੇਤ ਯਤਨਾਂ ਰਾਹੀਂ ਇਸ ਕੁਕਰਮ ਵਿੱਚ ਭਾਈਵਾਲ ਹਨ।

ਸਮਾਜ ਅੰਦਰ ਜੋ ਨੌਜਵਾਨ ਨਸ਼ਿਆਂ ਜਾਂ ਗੁੰਡਾ ਗਰੋਹਾਂ ਦੇ ਧੱਕੇ ਚੜ੍ਹਨੋਂ ਬਚੇ ਰਹਿੰਦੇ ਹਨ ਉਹ ਆਪਣੀ ਸੋਚਣ-ਸਮਝਣ ਤੇ ਮਹਿਸੂਸ ਕਰਨ ਦੀ ਸਮਰੱਥਾ ਵੀ ਬਚਾਈ ਰੱਖਦੇ ਹਨ। ਕਦੇ ਉਹ ਆਪਣੀਆਂ ਨਿੱਜੀ ਸਫਲਤਾਵਾਂ ਦੀਆਂ ਜੁਗਤਾਂ ਲਾਉਂਦੇ ਹਨ ਤੇ ਕਦੇ ਸਮਾਜਿਕ ਚੌਗਿਰਦੇ ਨੂੰ ਸੁਧਾਰਨ ਦੀ ਸੋਚਦੇ ਹਨ। ਸਮਾਜ ਦੀ ਬਿਹਤਰੀ ਚਾਹੁਣ ਵਾਲ਼ੇ ਇਹ ਨੌਜਵਾਨ ਵੀ ਇੱਕ ਪਾਸੇ ਸਮਾਜ ਸੇਵਾ, ਐਨ.ਜੀ.ਓ. ਸਿਆਸਤ, ਦਾਨ-ਪੁੰਨ ਆਦਿ ਜਿਹੇ ਕੰਮਾਂ ਵਿੱਚ ਜੁੜ ਜਾਂਦੇ ਹਨ ਜਿਨ੍ਹਾਂ ਕੋਲ਼ ਸਮੁੱਚੇ ਸਮਾਜਿਕ ਨਿਜ਼ਾਮ ਦੀ ਤਬਦੀਲੀ ਦਾ ਤਾਂ ਕੋਈ ਪ੍ਰੋਜੈਕਟ ਹੀ ਨਹੀਂ ਹੁੰਦਾ, ਪਰ ਉਹ ਨੌਜਵਾਨਾਂ ਅੰਦਰਲੀ ਬੇਚੈਨੀ ਉੱਪਰ ਆਤਮ-ਸੰਤੁਸ਼ਟਤਾ ਦੇ ਠੰਢੇ ਛਿੱਟੇ ਜਰੂਰ ਮਾਰਦੇ ਹਨ। ਇੱਕ ਹਿੱਸ ਸਮਾਜਿਕ ਤਬਦੀਲੀ ਦੇ ਖੋਖਲੇ ਬਦਲਾਂ ਵੱਲ ਖਿੱਚਿਆ ਜਾਂਦਾ ਹੈ। ਇਹ ਗੱਲ ਪੰਜਾਬ ਅੰਦਰ ਖਾਲਿਸਤਾਨ ਲਹਿਰ ਦੇ ਉਭਾਰ ਜਾਂ ਅੰਨ੍ਹਾ ਹਜਾਰੇ, ਪੀਪਲਜ ਪਾਰਟੀ ਪੰਜਾਬ ਜਿਹੇ ਵਿੱਚ ਨੌਜਵਾਨਾਂ ਦੀ ਭੂਮਿਕਾ ਜਾਣਨ ਵਾਲ਼ਾ ਬਾਖੂਬੀ ਸਮਝ ਸਕਦਾ ਹੈ। ਇਹੋ ਕੁੱਝ ਅੱਜ ‘ਆਪ’ ਦੇ ਮਾਮਲੇ ਵਿੱਚ ਵੀ ਵੇਖਣ ਨੂੰ ਮਿਲ਼ ਰਿਹਾ ਹੈ। ‘ਆਪ’ ਦੇ ਹਮਾਇਤੀਆਂ ਦਾ ਅੱਛਾ-ਖਾਸਾ ਹਿੱਸਾ ਦਿਲੋਂ ਸਮਾਜ ਦੀ ਬਿਹਤਰੀ ਚਾਹੁਣ ਵਾਲੇ ਨੌਜਵਾਨ ਹਨ। ਜਦੋਂ ਕਾਫੀ ਸਮਾਂ ਅਜਿਹੀਆਂ ਖੋਖਲੀਆਂ ਰੈਡੀਕਲ ਤਾਕਤਾਂ ਨਾਲ਼ ਜੁੜੇ ਰਹਿਣ ਮਗਰੋਂ ਕੋਈ ਸਮਾਜ ਵਿੱਚ ਕੋਈ ਗੁਣਾਤਮਕ ਤਬਦੀਲੀ ਨਜ਼ਰ ਨਹੀਂ ਆਉਂਦੀ ਤਾਂ ਅਜਿਹੇ ਨੌਜਵਾਨ ਹੋਰ ਡੂੰਘੀ ਨਿਰਾਸ਼ਾ ਦੀ ਖੱਡ ਵਿੱਚ ਜਾ ਡਿੱਗਦੇ ਹਨ। ਉਹਨਾਂ ਦਾ ਕਿਸੇ ਵੀ ਤਰ੍ਹਾਂ ਦੀ ਸਮਾਜਕ ਤਬਦੀਲੀ ਦੀ ਯੋਜਨਾ ਤੋਂ ਯਕੀਨ ਉੱਠ ਜਾਂਦਾ ਹੈ ਤੇ ਉਹ ਵੀ ਪਸਤ-ਹਿੰਮਤੀ ਤੇ ਖੁਦਪ੍ਰਸਤ ਜ਼ਿੰਦਗੀ ਦੇ ਰਾਹ ਲੱਤਾਂ ਘੜੀਸਦੇ ਹੋਏ ਤੁਰ ਪੈਂਦੇ ਹਨ।

ਨੌਜਵਾਨ ਚਾਹੇ ਪਹਿਲੇ ਕਿਸਮ ਦੇ ਸਮਾਜਿਕ, ਨੈਤਿਕ ਨਿਘਾਰ ਦੇ ਸ਼ਿਕਾਰ ਹੋਣ ਚਾਹੇ ਦੂਜੇ ਕਿਸਮ ਦੀਆਂ ਖੋਖਲੀਆਂ ਰੈਡੀਕਲ ਤਾਕਤਾਂ, ਐੱਨ.ਜੀ.ਓ. ਪੰਥੀਆਂ ਵੱਲ ਖਿੱਚੇ ਜਾਣ ਦੋਵਾਂ ਹਾਲਤਾਂ ਵਿੱਚ ਨਤੀਜਾ ਇਹੋ ਹੁੰਦਾ ਹੈ ਕਿ ਨੌਜਵਾਨਾਂ ਨੂੰ ਆਪਣੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਮਿਲ਼ਦਾ, ਉਹਨਾਂ ਦੀ ਅਥਾਹ ਊਰਜਾ ਅਜਾਈਂ ਵਹਾ ਦਿੱਤੀ ਜਾਂਦੀ ਹੈ ਤੇ ਉਹ ਹੋਰ ਜ਼ਿਆਦਾ ਨਿਰਾਸ਼ਾ, ਬੇਚੈਨੀ ਦੇ ਸ਼ਿਕਾਰ ਹੋ ਜਾਂਦੇ ਹਨ। ਉਹਨਾਂ ਦੀ ਸਿਆਸੀ ਚੇਤਨਾ ਹੋਰ ਵਧੇਰੇ ਖੁੰਢੀ ਹੋ ਜਾਂਦੀ ਹੈ।

ਇਸ ਲਈ ਅੱਜ ਨੌਜਵਾਨਾਂ ਨੂੰ ਇਹਨਾਂ ਭਟਕਣਾਂ ਵਿੱਚੋਂ ਕੱਢਣ, ਉਹਨਾਂ ਸਾਹਮਣੇ ਉਹਨਾਂ ਦੀਆਂ ਸਮੱਸਿਆਵਾਂ ਦੇ ਸਹੀ ਕਾਰਨ ਪੇਸ਼ ਕਰਨ ਅਤੇ ਉਹਨਾਂ ਦੀ ਸਹੀ ਦਿਸ਼ਾ ਵਿੱਚ ਅਗਵਾਈ ਕਰਨ ਦੀ ਲੋੜ ਹੈ। ਇਸ ਬਾਰੇ ਸ਼ਹੀਦ ਭਗਤ ਸਿੰਘ ਦੇ ਇਹਨਾਂ ਸ਼ਬਦਾਂ ਨੂੰ ਅੱਜ ਮੁੜ ਚੇਤੇ ਕਰਨ ਦੀ ਲੋੜ ਹੈ, “ਜਦੋਂ ਖੜ੍ਹੋਤ ਦੀ ਹਾਲਤ ਲੋਕਾਂ ਨੂੰ ਆਪਣੇ ਸ਼ਿਕੰਜੇ ਵਿੱਚ ਕੱਸ ਲੈਂਦੀ ਹੈ ਅਤੇ ਕਿਸੇ ਵੀ ਕਿਸਮ ਦੀ ਤਬਦੀਲੀ ਤੋਂ ਉਹ ਹਿਚਕਚਾਉਂਦੇ ਹਨ। ਬਸ ਇਸ ਜਮੂਦ ਤੇ ਬੇਹਰਕਤੀ ਨੂੰ ਤੋੜਨ ਦੀ ਖ਼ਾਤਰ ਇੱਕ ਇਨਕਲਾਬੀ ਸਪਿਰਟ ਪੈਦਾ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ। ਨਹੀਂ ਤਾਂ ਇੱਕ ਗਿਰਾਵਟ, ਬਰਬਾਦੀ ਦਾ ਵਾਯੂਮੰਡਲ ਕਾਬਜ਼ ਹੋ ਜਾਂਦਾ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲ਼ੀਆਂ ਗ਼ੈਰ-ਤਰੱਕੀਪਸੰਦ ਤਾਕਤਾਂ ਉਹਨਾਂ ਨੂੰ ਗ਼ਲਤ ਰਾਹ ਲੈ ਜਾਣ ਵਿੱਚ ਕਾਮਯਾਬ ਹੋ ਜਾਂਦੀਆਂ ਹਨ। ਜਿਸ ਨਾਲ਼ ਇਨਸਾਨੀ ਤਰੱਕੀ ਰੁੱਕ ਜਾਂਦੀ ਹੈ ਅਤੇ ਉਸ ਵਿੱਚ ਖੜ੍ਹੋਤ ਆ ਜਾਂਦੀ ਹੈ।

ਇਸ ਹਾਲਤ ਨੂੰ ਬਦਲਣ ਲਈ ਇਹ ਜ਼ਰੂਰੀ ਹੈ ਕਿ ਇਨਕਲਾਬ ਦੀ ਸਪਿਰਟ ਤਾਜ਼ਾ ਕੀਤੀ ਜਾਵੇ ਤਾਂ ਜੋ ਇਨਸਾਨੀਅਤ ਦੀ ਰੂਹ ਵਿੱਚ ਇੱਕ ਹਰਕਤ ਪੈਦਾ ਹੋ ਜਾਵੇ ਅਤੇ ਜੁਅੱਰਤ ਪਸੰਦ ਤਾਕਤਾਂ ਇਨਸਾਨੀ ਉੱਨਤੀ ਦੇ ਰਾਹ ਵਿੱਚ ਰੋੜਾ ਨਾ ਅਟਕਾ ਸਕਣ ਤੇ ਨਾ ਹੀ ਇਸ ਰਾਹ ਨੂੰ ਖ਼ਤਮ ਕਰਨ ਲਈ ਇਕੱਠਿਆਂ ਅਤੇ ਮਜ਼ਬੂਤ ਹੋ ਸਕਣ। ਇਨਸਾਨੀ ਉੱਨਤੀ ਦਾ ਲਾਜ਼ਮੀ ਅਸੂਲ ਇਹੀ ਹੈ ਕਿ ਪੁਰਾਣੀ ਚੀਜ਼ ਨਵੀਂ ਚੀਜ਼ ਲਈ ਥਾਂ ਖ਼ਾਲੀ ਕਰਦੀ ਚਲੀ ਜਾਵੇ।”

ਅੱਜ ਇਹਨਾਂ ਨੌਜਵਾਨਾਂ ਨੂੰ ਇਹਨਾਂ ਭਟਕਣਾਂ ‘ਚੋਂ ਬਾਹਰ ਕੱਢਣ ਲਈ ਤੇ ਇਸ ਖੜੋਤ ਦੀ ਹਾਲਤ ਨੂੰ ਤੋੜਨ ਲਈ ਉਹਨਾਂ ਵਿੱਚ ਫਿਰ ਤੋਂ ਇਨਕਲਾਬੀ ਸਪਿਰਟ ਤਾਜਾ ਕਰਨ ਦੀ ਲੋੜ ਹੈ। ਅੱਜ ਨੌਜਵਾਨਾਂ ਅੱਗੇ ਸਹੀ ਇਨਕਲਾਬੀ ਲੜਾਈ ਦਾ ਬਦਲ ਪੇਸ਼ ਕਰਨ ਤੇ ਉਹਨਾਂ ਨੂੰ ਇਸ ਲੜਾਈ ਵਿੱਚ ਸ਼ਾਮਲ ਕਰਨ ਦੀ ਲੋੜ ਹੈ। ਕਿਉਂਕਿ ਅੱਜ ਦੇ ਨੌਜਵਾਨਾਂ ਦੀਆਂ ਸਮੱਸਿਆਂ ਦੇ ਕਾਰਨ ਇਸ ਸਰਮਾਏਦਾਰਾ ਢਾਂਚੇ ਵਿੱਚ ਹੀ ਪਏ ਹਨ, ਇਸ ਲਈ ਸਮਾਜ ਦੀ ਇਨਕਲਾਬੀ ਤਬਦੀਲੀ ਮਗਰੋਂ ਹੀ ਉਹਨਾਂ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਹੋ ਸਕਦਾ ਹੈ। ਦੂਜਾ ਕਾਰਨ ਇਹ ਵੀ ਹੈ ਕਿ ਅੱਜ ਦੇ ਸਮੇਂ ਨੌਜਵਾਨਾਂ ਲਈ ਪਸਤ-ਹਿੰਮਤੀ, ਨਿਰਾਸ਼ਾ, ਬੇਚੈਨੀ ਤੇ ਨਿਘਾਰ ‘ਚੋਂ ਨਿੱਕਲ ਕੇ ਇੱਕ ਜੋਸ਼ੀਲੀ, ਬਹਾਦਰ ਤੇ ਵੇਗਮਈ ਜ਼ਿੰਦਗੀ ਜਿਉਣ ਦਾ ਇਹੋ ਇੱਕੋ-ਇੱਕ ਰਾਹ ਹੈ ਕਿ ਉਹ ਆਪਣੀ ਸਾਰੀ ਉਰਜਾ, ਬੇਚੈਨੀ ਤੇ ਨਫਰਤ ਨੂੰ ਇਸ ਸਮਾਜ ਦੀ ਇਨਕਲਾਬੀ ਕਾਇਆਪਲਟੀ ਵਿੱਚ ਲਾ ਦੇਣ। ਸਮਾਜ ਵਿਚਲੇ ਸੰਕਟ, ਬੇਚੈਨੀ ਦੇ ਪਲ ਜਿੰਨੇ ਸਮਾਜ ਦੀਆਂ ਪਿਛਾਖੜੀ ਤਾਕਤਾਂ ਲਈ ਸਾਜ਼ਗਾਰ ਹੁੰਦੇ ਹਨ ਉਨੇ ਹੀ ਉਹ ਇਨਕਲਾਬੀ ਤਿਆਰੀ ਲਈ ਵੀ ਸਾਜ਼ਗਾਰ ਹੁੰਦੇ ਹਨ। ਅੱਜ ਨੌਜਵਾਨਾਂ ਦੀ ਜੋ ਦੁਰਦਸ਼ਾ ਹੈ, ਉਸ ਵਿੱਚ ਉਹਨਾਂ ਅੱਗੇ ਸਹੀ ਇਨਕਲਾਬੀ ਲੜਾਈ ਦਾ ਰਾਹ ਪੇਸ਼ ਕਰਦਿਆਂ ਉਹਨਾਂ ਨੂੰ ਦਿਸ਼ਾਹੀਣਤਾ ਦੀ ਭਟਕਣਾ ਵਿੱਚੋਂ ਕੱਢਣ ਲਈ ਬਹੁਤ ਸਾਜ਼ਗਾਰ ਮੌਕੇ ਹਨ। ਅੱਜ ਇਨਕਲਾਬੀ ਸੂਝ ਰੱਖਣ ਵਾਲੇ ਨੌਜਵਾਨ-ਵਿਦਿਆਰਥੀ ਕਾਰਕੁੰਨਾਂ ਨੂੰ ਪਿੰਡਾਂ, ਸ਼ਹਿਰਾਂ, ਕਸਬਿਆਂ, ਵਿੱਦਿਅਕ ਅਦਾਰਿਆਂ ਵਿੱਚ ਜਾ ਕੇ ਇਹਨਾਂ ਦਿਸ਼ਾਹੀਣ ਨੌਜਵਾਨਾਂ ਦੀ ਬਾਂਹ ਫੜਨ ਦੀ ਲੋੜ ਹੈ। ਨੌਜਵਾਨਾਂ, ਵਿਦਿਆਰਥੀਆਂ ਨੂੰ ਉਹਨਾਂ ਬੁਨਿਆਦੀ ਮੰਗਾਂ-ਮਸਲਿਆਂ ਉੱਪਰ ਲਾਮਬੰਦ ਕਰਦੇ ਹੋਏ ਉਹਨਾਂ ਸਾਹਮਣੇ ਹਰ ਤਰ੍ਹਾਂ ਦੇ ਕੁਰਾਹਿਆਂ ਦੀ ਸੱਚਾਈ ਪੇਸ਼ ਕਰਨ, ਮੌਜੂਦਾ ਸਮਾਜਿਕ ਢਾਂਚੇ ਦੀ ਹਕੀਕੀ ਤਸਵੀਰ ਪੇਸ਼ ਕਰਨ ਤੇ ਇਸਦੀ ਜਕੜ ਨੂੰ ਤੋੜਨ ਦੀ ਇਨਕਲਾਬੀ ਲੜਾਈ ਲਈ ਉਹਨਾਂ ਦੀ ਸਿਖਲਾਈ ਕਰਨ ਦੀ ਲੋੜ ਹੈ।

ਜੇ ਨੌਜਵਾਨਾਂ ਦੀ ਇਸ ਅਥਾਹ ਊਰਜਾ ਨੂੰ ਇਨਕਲਾਬੀ ਲਹਿਰ ਆਪਣੇ ਅੰਦਰ ਨਹੀਂ ਸਮੋਂਦੀ ਤੇ ਉਹਨਾਂ ਨੂੰ ਇਨਕਲਾਬੀ ਲੜਾਈ ਦਾ ਅੰਗ ਨਹੀਂ ਬਣਾਉਂਦੀ ਤਾਂ ਕਈ ਤਰ੍ਹਾਂ ਦੀਆਂ ਪਿਛਾਖੜੀ ਲਹਿਰਾਂ ਨਾ ਸਿਰਫ ਇਹਨਾਂ ਨੌਜਵਾਨਾਂ ਨੂੰ ਕੁਰਾਹੇ ਪਾਉਣਗੀਆਂ ਸਗੋਂ ਇਹਨਾਂ ਨੂੰ ਇਨਕਲਾਬੀ ਲਹਿਰ ਦੇ ਖਿਲਾਫ ਖੜੇ ਕਰਨਗੀਆਂ। ਪੰਜਾਬ ਦੀ ਇਨਕਲਾਬੀ ਲਹਿਰ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਗੁੰਡਾ ਗਰੋਹਾਂ ਦੇ ਧੱਕੇ ਚੜ ਚੁੱਕਕੇ ਨੌਜਵਾਨਾਂ ਨੂੰ ਹਾਕਮ ਜਮਾਤਾਂ ਨੇ ਕਿਵੇਂ ਵਰਤਿਆ ਹੈ। ਵਿੱਦਿਅਕ ਅਦਾਰਿਆਂ ਤੇ ਪਿੰਡਾਂ ਵਿੱਚ ਵਿਦਿਆਰਥੀ, ਨੌਜਵਾਨ ਜਥੇਬੰਦੀਆਂ ਦੇ ਬਰਕਸ ਇਹਨਾਂ ਨੂੰ ਖੜੇ ਕੀਤਾ ਜਾਂਦਾ ਹੈ। ਇਨਕਲਾਬੀ ਲਹਿਰ ਦੇ ਕਾਰਕੁੰਨਾਂ ਦੀ ਕੁੱਟਮਾਰ ਤੇ ਕਤਲ ਕੀਤੇ ਜਾਂਦੇ ਹਨ। ਇਸ ਤੋਂ ਬਿਨਾਂ ਮਜ਼ਦੂਰ-ਕਿਰਤੀ ਲੋਕਾਂ ਨੂੰ ਡਾਉਣ-ਧਮਕਾਉਣ, ਲਹਿਰਾਂ ਵਿੱਚ ਵੜਕੇ ਲਹਿਰਾਂ ਨੂੰ ਬਦਨਾਮ ਕਰਨ ਆਦਿ ਜਿਹੇ ਕੰਮਾਂ ਲਈ ਇਹਨਾਂ ਗੁੰਡਿਆਂ ਵਜੋਂ ਭਰਤੀ ਕੀਤੇ ਜਾਂਦੇ ਨੌਜਵਾਨਾਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਇਸ ਲਈ ਅੱਜ ਨੌਜਵਾਨ ਤਬਕੇ ਨੂੰ ਜਥੇਬੰਦ ਕਰਨ ਦੇ ਕੰਮ ਵਿੱਚ ਢਿੱਲ-ਮੱਠ ਕਰਨ ਦਾ ਮਤਲਬ ਆਪਣੀਆਂ ਵਿਰੋਧੀ ਤਾਕਤਾਂ ਨੂੰ ਵੀ ਮਜ਼ਬੂਤ ਹੋਣ ਦਾ ਮੌਕਾ ਦੇਣਾ ਹੋਵੇਗਾ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 54, 16 ਮਈ 2016 ਵਿੱਚ ਪਰ੍ਕਾਸ਼ਤ

Advertisements