ਪੰਜਾਬ ਦਾ ਚੋਣ ਦੰਗਲ਼ ਭਖਣ ਲੱਗਾ : ਹਾਕਮ ਜਮਾਤੀ ਪਾਰਟੀਆਂ ਵੱਲੋਂ ਲੋਕਾਂ ਨੂੰ ਮੂਰਖ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਇਹਨਾਂ ਪਾਰਟੀਆਂ ਨੂੰ ਲੋਕਾਂ ਦੇ ਬੁਨਿਆਦੀ ਮੰਗਾਂ-ਮਸਲਿਆਂ ਨਾਲ਼ ਕੋਈ ਸਾਰੋਕਾਰ ਨਹੀਂ

ਅਗਲੇ ਸਾਲ 2017 ‘ਚ ਪੰਜਾਬ ‘ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਹਾਕਮ ਜਮਾਤੀ ਪਾਰਟੀਆਂ ਖਾਸਕਰ ਅਕਾਲੀ ਦਲ (ਬਾਦਲ), ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਤਿਆਰੀਆਂ ਵਿੱਢ ਦਿੱਤੀਆਂ ਹਨ। ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਨਾਵਾਂ ਹੇਠ ਇਹਨਾਂ ਪਾਰਟੀਆਂ ਵੱਲੋਂ ਰੈਲੀਆਂ ਕਰਕੇ ਇੱਕ ਦੂਜੇ ਤੋਂ ਵੱਧ ਇਕੱਠ ਦਿਖਾਉਣ ਲਈ ਜ਼ੋਰ ਲਾਇਆ ਜਾ ਰਿਹਾ ਹੈ। ਜਿਹਨਾਂ ‘ਚ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦਾ ਕਰੋੜਾਂ ਰੁਪਇਆ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ। ਜਦ ਕਿ ਇਹਨਾਂ ਰੈਲੀਆਂ ‘ਚੋਂ ਪੰਜਾਬ ਦੇ ਗਰੀਬ ਕਿਰਤੀ ਲੋਕਾਂ, ਜੋ ਕਿ ਇੱਥੋਂ ਕੁੱਲ ਅਬਾਦੀ ਦਾ 80 ਫੀਸਦੀ ਬਣਦੇ ਹਨ, ਦੇ ਬੁਨਿਆਦੀ ਮੰਗਾਂ ਮਸਲੇ ਜਿਵੇਂ ਕਿ ਸਥਾਈ ਰੁਜ਼ਗਾਰ, ਮਾਲਵੇ ਦੇ ਕਿਸਾਨਾਂ ਦੀ ਬਰਬਾਦ ਹੋਈ ਫਸਲ ਦਾ ਮੁਆਵਜ਼ਾ, ਸਿਹਤ ਸਹੂਲਤਾਂ, ਵਿੱਦਿਆ ਆਦਿ ਪੂਰੀ ਤਰ੍ਹਾਂ ਗਾਇਬ ਹਨ। ਜੇਕਰ ਇਹਨਾਂ ਮਸਲਿਆਂ ਦੀ ਕਿਧਰੇ ਚਰਚਾ ਹੁੰਦੀ ਵੀ ਹੈ ਤਾਂ ਇਹ ਪਾਰਟੀਆਂ ਲੋਕਾਂ ਦੀਆਂ ਇਹਨਾਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਦੱਸਦੀਆਂ। ਕਿਉਂਕਿ ਇਹਨਾਂ ਪਾਰਟੀਆਂ ਕੋਲ਼ ਲੋਕਾਂ ਦੇ ਮਸਲਿਆਂ ਦਾ ਕੋਈ ਹੱਲ ਹੈ ਹੀ ਨਹੀਂ।

ਅਕਾਲੀ ਦਲ (ਬਾਦਲ) ਪਿਛਲੇ ਇੱਕ ਦਹਾਕੇ ਤੋਂ ਪੰਜਾਬ ‘ਚ ਸੱਤ੍ਹਾ ਦਾ ਸੁੱਖ ਮਾਣ ਰਿਹਾ ਹੈ। ਇਸ ਸਮੇਂ ਦਰਮਿਆਨ ਬਾਦਲ ਪਰਿਵਾਰ ਦੇ ਕਾਰੋਬਾਰ ਨੇ ਦਿਨ ਦੂਣੀ ਰਾਤ ਚੌਗਣੀ ਤਰੱਕੀ ਕੀਤੀ ਹੈ। ਪੰਜਾਬ ਦੇ ਸੱਨਅਤਕਾਰ, ਵੱਡੇ ਵਪਾਰੀ, ਧਨੀ ਕਿਸਾਨ ਆਦਿ ਮਾਲਾਮਾਲ ਹੋਏ ਹਨ। ਜਦਕਿ ਸੱਨਅਤੀ ਅਤੇ ਪੇਂਡੂ ਮਜ਼ਦੂਰਾਂ, ਗਰੀਬ ਕਿਸਾਨਾਂ, ਠੇਕੇ ‘ਤੇ ਕੰਮ ਕਰ ਰਹੇ ਮੁਲਾਜ਼ਮਾਂ, ਛੋਟੇ ਦੁਕਾਨਦਾਰਾਂ ਅਤੇ ਮੱਧ ਵਰਗ ਦੇ ਹੋਰ ਲੋਕਾਂ ਦੀ ਹਾਲਤ ਦਿਨੋਂ ਦਿਨ ਨਿੱਘਰਦੀ ਗਈ ਹੈ। ਬਾਦਲ ਸਰਕਾਰ ਵਿਰੁੱਧ ਪੰਜਾਬ ਦੇ ਲੋਕਾਂ ‘ਚ ਸੁਭਾਵਕ ਹੀ ਰੋਸ ਹੈ। ਕਾਂਗਰਸ ਅਤੇ ‘ਆਪ’ ਲੋਕਾਂ ਦੇ ਇਸ ਰੋਸ ਦਾ ਫਾਇਦਾ ਲੈ ਕੇ ਸੱਤ੍ਹਾ ਦੀ ਕੁਰਸੀ ‘ਤੇ ਬਿਰਾਜਮਾਨ ਹੋਣ ਦੇ ਚੱਕਰ ‘ਚ ਹਨ।

ਪੰਜਾਬ ਕਾਂਗਰਸ ‘ਚ ਪਿਛਲੇ ਲੰਬੇ ਸਮੇਂ ਤੋਂ ਲੀਡਰਾਂ ਦੀ ਖਿੱਚੋਤਾਣ ਚੱਲਦੀ ਰਹੀ ਹੈ। ਪ੍ਰਤਾਪ ਸਿੰਘ ਬਾਜਵਾ ਦੇ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਕੈਪਟਨ ਧੜਾ ਲਗਾਤਾਰ ਇਸ ਵਿਰੁੱਧ ਲਾਬਿੰਗ ਕਰਦਾ ਰਿਹਾ ਹੈ। ਆਖਿਰ ਕੈਪਟਨ ਧੜਾ ਕਾਮਯਾਬ ਹੋ ਹੀ ਗਿਆ। ਕੈਪਟਨ ਧੜੇ ਦੇ ਦਬਾਅ ਅੱਗੇ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਝੁਕ ਗਈ ਅਤੇ ਪੰਜਾਬ ਕਾਂਗਰਸ ਦੀ ਕਮਾਨ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਦਿੱਤੀ ਗਈ ਹੈ। ਕਾਂਗਰਸ ਇਸ ਸਮੇਂ ਅਕਾਲੀ ਦਲ ਬਾਦਲ ਲਈ ਸੱਚਮੁੱਚ ਚੁਣੌਤੀ ਹੈ। ਅਜ਼ਾਦੀ ਤੋਂ ਬਾਅਦ ਕੇਂਦਰ ਅਤੇ ਵੱਖ-ਵੱਖ ਸੂਬਿਆਂ ‘ਚ ਕਾਂਗਰਸ ਨੇ ਸਭ ਤੋਂ ਲੰਬਾ ਸਮਾਂ ਹਕੂਮਤ ਕੀਤੀ ਹੈ। ਭਾਰਤ ਦੇ ਕਿਰਤੀ ਲੋਕ ਕਾਂਗਰਸ ਦੇ ਜਾਬਰ, ਲੋਕ ਵਿਰੋਧੀ ਕਿਰਦਾਰ ਤੋਂ ਚੰਗੀ ਤਰ੍ਹਾਂ ਵਾਕਿਫ ਹਨ।

ਪੰਜਾਬ ਦੀ ਵੋਟ ਤਮਾਸ਼ੇ ਦੀ ਤੀਸਰੀ ਪ੍ਰਮੁੱਖ ਧਿਰ ਆਮ ਆਦਮੀਂ ਪਾਰਟੀ ਹੈ। ਪਿਛਲੀਆਂ ਲੋਕ ਸਭਾ ਚੋਣਾ ‘ਚ ਇਸ ਪਾਰਟੀ ਦੀ ਕਾਰਗੁਜ਼ਾਰੀ ਚੰਗੀ ਰਹੀ ਸੀ। ਉਸ ਤੋਂ ਬਾਅਦ ਇਹ ਪਾਰਟੀ ਪਾਟੋ-ਧਾੜ ਦੀ ਸ਼ਿਕਾਰ ਹੋ ਗਈ। ਪੰਜਾਬ ‘ਚ ਇਸ ਪਾਰਟੀ ਕੋਲ਼ ਕੋਈ ਢੰਗ ਦਾ ਪ੍ਰਭਾਵਸ਼ਾਲੀ ਆਗੂ ਵੀ ਨਹੀਂ ਹੈ। ਇਸ ਲਈ ਬਾਹਰੋਂ ਸੰਜੇ ਸਿੰਘ ਨੂੰ ਪੰਜਾਬ ਦਾ ਇੰਚਾਰਜ ਬਣਾ ਰੱਖਿਆ ਹੈ। ਇਹ ਪਾਰਟੀ ਹੋਰਾਂ ਪਾਰਟੀਆਂ ਤੋਂ ਕਿਸੇ ਨਾ ਕਿਸੇ ਆਗੂ ਨੂੰ ਤੋੜ ਕੇ ਲਿਆਉਣ ਦੇ ਆਹਰ ‘ਚ ਲੱਗੀ ਰਹਿੰਦੀ ਹੈ। ਕਾਂਗਰਸ, ਅਕਾਲੀਆਂ ‘ਚ ਜਿਹੜੇ ਆਗੂਆਂ ਦੀ ਪੁੱਛ-ਪ੍ਰਤੀਤ ਨਹੀਂ ਹੈ ਉਹ ਆਪ ਵਿੱਚ ਸ਼ਾਮਲ ਹੋ ਰਹੇ ਹਨ। ਹੋਰ ਪਾਰਟੀਆਂ ‘ਚੋਂ ਕਿਰੇ ਲੀਡਰ, ਜਿਹੜੇ ਆਪ ਨੇ ਸਾਂਭ ਲਏ ਹਨ, ਉਹ ਲੀਡਰ ਬਣਨ ਦੀ ਭੁੱਖ ਪੂਰੀ ਕਰਨ ਲਈ ਆਪ ਵੱਲ ਰੁਖ਼ ਕਰ ਰਹੇ ਹਨ। “ਬਾਹਰੋਂ” ਆਏ ਇਹਨਾਂ ਮਹਿਮਾਨਾਂ ਦਾ ਆਪ ਦੇ ਪੁਰਾਣੇ ਆਗੂਆਂ ਨਾਲ਼ ਟਕਰਾਅ ਵਧਣ ਦੀ ਵੀ ਸੰਭਾਵਨਾ ਰਹੇਗੀ। ਭਾਰਤੀ ਸਿਆਸਤ ‘ਚ ‘ਆਪ’ ਦੇ ਉਭਾਰ ਨੇ ਅਨੇਕਾਂ ਲੋਕਾਂ ਨੂੰ ਭਰਮ ‘ਚ ਪਾਇਆ ਸੀ। ਬਹੁਤ ਲੋਕਾਂ ਨੂੰ ਲੱਗਿਆ ਸੀ ਕਿ ਭਾਰਤ ਦੇ ਲੋਕ ਜਿਹਨਾਂ ਸਮੱਸਿਆਵਾ ਨਾਲ਼ ਜੂਝ ਰਹੇ ਹਨ ਸ਼ਾਇਦ ਆਪ ਉਹਨਾਂ ਦਾ ਹੱਲ ਕਰ ਦੇਵੇਗੀ। ਪਰ ਜਲਦ ਹੀ ਇਹ ਪਾਰਟੀ ਨੰਗੀ ਹੋਣੀ ਸ਼ੁਰੂ ਹੋ ਗਈ। ਇਹ ਪਾਰਟੀ ਹੋਰਾਂ ਹਾਕਮ ਜਮਾਤ ਪਾਰਟੀਆਂ ‘ਤੇ ਭ੍ਰਿਸ਼ਟ ਹੋਣ ਦਾ ਸੱਚਾ ਦੋਸ਼ ਲਾਉਂਦੀ ਰਹੀ ਹੈ। ਹੁਣ ਉਹਨਾਂ ਹੀ ਪਾਰਟੀਆਂ ‘ਚੋਂ ਕਿਰੇ ਆਗੂਆਂ ਨੂੰ ਇਕੱਠੇ ਕਰਕੇ ਆਵਦਾ ਜੁਗਾੜ ਚਲਾਉਣ ਦੇ ਆਹਰ ‘ਚ ਹੈ। ਇਸ ਨਾਲ਼ ਇਸ ਪਾਰਟੀ ਦਾ ਅਸਲ ਕਿਰਦਾਰ ਹੋਰ ਨੰਗਾ ਹੋ ਰਿਹਾ ਹੈ। ਪੰਜਾਬ ਦੇ ਲੋਕਾਂ ‘ਚ ਬਾਦਲ ਸਰਕਾਰ ਖਿਲਾਫ ਜੋ ਰੋਸ ਹੈ, ਇਸ ਹਾਲਤ ‘ਚ ਲੋਕਾਂ ਕੋਲ਼ ਕੋਈ ਸਹੀ ਇਨਕਲਾਬੀ ਬਦਲ ਨਾ ਹੋਣ ਦਾ ਫਾਇਦਾ ਹੋਰ ਹਾਕਮ ਜਮਾਤੀ ਪਾਰਟੀਆਂ ਖਾਸਕਰ ਕਾਂਗਰਸ ਅਤੇ ਕੁਝ ਹੱਦ ਤੱਕ ਆਪ ਨੂੰ ਹੋਵੇਗਾ। ਹੋ ਸਕਦਾ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਬਾਦਲ ਦਲ ਦੀ ਥਾਵੇਂ ਕਿਸੇ ਹੋਰ ਹਾਕਮ ਜਮਾਤੀ ਪਾਰਟੀ ਦੀ ਸਰਕਾਰ ਬਣ ਜਾਵੇ। ਪਰ ਇਸ ਨਾਲ਼ ਆਮ ਕਿਰਤੀ ਲੋਕਾਂ ਦਾ ਕੋਈ ਭਲਾ ਨਹੀਂ ਹੋਣਾ। ਪਿਛਲੇ ਛੇ ਦਹਾਕਿਆਂ ਤੋਂ ਵੀ ਵੱਧ ਸਮੇਂ ‘ਚ ਵੱਖ-ਵੱਖ ਰੰਗ ਬਰੰਗੀਆਂ ਪਾਰਟੀਆਂ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਹਨ ਪਰ ਲੋਕਾਂ ਦੀ ਲੁੱਟ ਅਤੇ ਜਬਰ ‘ਚ ਕੋਈ ਕਮੀ ਨਹੀਂ ਆਈ ਅਤੇ ਨਾ ਹੀ ਵੋਟ ਸਿਆਸਤ ਰਾਹੀਂ ਆਵੇਗੀ।

ਪੰਜਾਬ ਦੇ ਕਿਰਤੀ ਲੋਕਾਂ ਕੋਲ਼ ਆਵਦੀ ਮੁਕਤੀ ਦਾ ਇੱਕੋ-ਇੱਕ ਰਾਹ ਹੈ। ਉਹ ਹੈ ਕਿਰਤੀ ਲੋਕਾਂ ਦੀਆਂ ਵੱਖ-ਵੱਖ ਜਮਾਤੀ-ਤਬਕਾਤੀ ਜਥੇਬੰਦੀਆਂ ਦੀ ਉਸਾਰੀ ਕਰਨਾ, ਉਹਨਾਂ ਨੂੰ ਮਜ਼ਬੂਤ ਬਣਾਉਣਾ ਅਤੇ ਆਪਣੇ ਹੱਕੀ ਸੰਘਰਸ਼ਾਂ ਦੇ ਅਖਾੜਿਆਂ ਨੂੰ ਭਖਾਕੇ ਹਾਕਮ ਜਮਾਤਾਂ ਦੀ ਲੁੱਟ ਜ਼ਬਰ ਦੇ ਖਾਤਮੇ ਦੇ ਰਾਹ ਪੈਣਾ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 47, ਜਨਵਰੀ 2016 ਵਿਚ ਪਰ੍ਕਾਸ਼ਤ

Advertisements