ਪੂਨੇ ਫਿਲਮ ਐਂਡ ਟੈਲੀਵਿਜ਼ਨ ਇੰਸੀਚਿਊਟ ਦੇ ਵਿਦਿਆਰਥੀਆਂ ਦੀ ਗ੍ਰਿਫਤਾਰੀ ਖਿਲਾਫ ‘ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ)’ ਵੱਲੋਂ ਰੋਸ ਮੁਜ਼ਾਹਰੇ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪੂਨੇ ਦੀ ਫਿਲਮ ਐਂਡ ਟੈਲੀਵਿਜ਼ਨ ਇੰਸੀਚਿਊਟ ਵਿੱਚ ਜੂਨ ਵਿੱਚ ਗਜੇਂਦਰ ਚੌਹਾਨ ਨੂੰ ਚੇਅਰਮੈਨ ਬਣਾਏ ਜਾਣ ਮਗਰੋਂ ਉੱਥੋਂ ਦੇ ਵਿਦਿਆਰਥੀ ਉਸਨੂੰ ਹਟਾਏ ਜਾਣ ਲਈ ਲੰਮੇ ਅਰਸੇ ਤੋਂ ਸੰਘਰਸ਼ ਕਰ ਰਹੇ ਹਨ। ਗਜੇਂਦਰ ਚੌਹਾਨ ਦਾ ਹਿੰਦੂ ਕੱਟੜਪੰਥੀ ਜਥੇਬੰਦੀ ਰਾਸ਼ਟਰੀ ਸਵੈਸੇਵਕ ਸੰਘ ਨਾਲ਼ ਜੁੜੇ ਹੋਣ ਕਾਰਨ ਵਿਰੋਧ ਕੀਤਾ ਜਾ ਰਿਹਾ ਹੈ। ਕੇਂਦਰ ਵਿੱਚ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਸਿੱਖਿਆ, ਇਤਿਹਾਸ ਨਾਲ਼ ਜੁੜੀਆਂ ਸੰਸਥਾਵਾਂ ਦੇ ਜੋ ਭਗਵੇਂਰਕਨ ਦੀ ਮੁਹਿੰਮ ਚੱਲੀ ਹੈ, ਗਜੇਂਦਰ ਚੌਹਾਨ ਨੂੰ ਮੁਖੀ ਬਣਾਏ ਜਾਣਾ ਇਸੇ ਦਾ ਹੀ ਇੱਕ ਹਿੱਸਾ ਹੈ। ਗਜੇਂਦਰ ਚੌਹਾਨ ਤੋਂ ਬਾਅਦ ਬਣੀ ਕਮੇਟੀ ਵਿੱਚ 4 ਹੋਰ ਨੁਮਾਇੰਦੇ ਰਾਸਟਰੀ ਸਵੈਸੇਵਕ ਸੰਘ ਨਾਲ਼ ਜੁੜੇ ਸ਼ਾਮਲ ਕੀਤੇ ਗਏ ਹਨ। ਇਸਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਦੀਆਂ ਮੰਗਾਂ ਜਾਇਜ਼ ਹਨ ਤੇ ਸਰਕਾਰ ਉਹਨਾਂ ਦੀ ਕੋਈ ਮੰਗ ਮੰਨਣ ਦੀ ਥਾਂ ਲਗਾਤਾਰ ਦਬਾਅ ਤੇ ਜ਼ਬਰ ਰਾਹੀਂ ਉਹਨਾਂ ਦੇ ਸੰਘਰਸ਼ ਨੂੰ ਕੁਚਲਣਾ ਚਾਹੁੰਦੀ ਹੈ। ਇਸ ਦਿਸ਼ਾ ਵਿੱਚ ਸਰਕਾਰ ਵੱਲੋਂ ਪਹਿਲਾਂ ਵੀ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ। ਬੀਤੀ 18 ਅਗਸਤ ਦੀ ਰਾਤ ਹੋਸਟਲ ਵਿੱਚ ਸ਼ਾਂਤਮਈ ਧਰਨੇ ‘ਤੇ ਬੈਠੇ ਵਿਦਿਆਰਥੀਆਂ ਉੱਤੇ ਪੁਲਿਸ ਨੇ ਰਾਤ ਨੂੰ ਕਰੀਬ 1 ਵਜੇ ਛਾਪਾ ਮਾਰ ਕੇ 15 ਤੋਂ ਵੱਧ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਹਨਾਂ ਉੱਤੇ ਕਈ ਤਰ੍ਹਾਂ ਦੇ ਝੂਠੇ ਮੁਕੱਦਮੇ ਦਰਜ ਕਰ ਦਿੱਤੇ। ਇਹਨਾਂ ਵਿੱਚੋਂ 5 ਵਿਦਿਆਰਥੀਆਂ ਉੱਤੇ ਕਾਫੀ ਗੰਭੀਰ ਦੋਸ਼ ਲਾਏ ਗਏ ਹਨ। ਸਰਕਾਰ ਦੀ ਇਸ ਕਾਰਵਾਈ ਖਿਲਾਫ਼ ਤੇ ਵਿਦਿਆਰਥੀਆਂ ਦੀ ਹਮਾਇਤ ਵਿੱਚ ਦੇਸ਼ ਵਿੱਚ ਥਾਂ-ਥਾਂ ‘ਤੇ ਵਿਦਿਆਰਥੀਆਂ ਨੇ ਮੁਜਾਹਰੇ ਕੀਤੇ।

ਪੰਜਾਬ ਵਿੱਚ ਵੀ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਨੇ ਇਹਨਾਂ ਵਿਦਿਆਰਥੀਆਂ ਦੀਆਂ ਮੰਗਾਂ ਤੇ ਸੰਘਰਸ਼ ਨਾਲ਼ ਹਮਾਇਤ ਪ੍ਰਗਟਾਉਂਦੇ ਹੋਏ ਇਸ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ ਤੇ ਇਸ ਖਿਲਾਫ਼ ਵੱਖ-ਵੱਖ ਥਾਵਾਂ ‘ਤੇ ਰੋਸ ਮੁਜਾਹਰੇ ਕੀਤੇ। 19 ਅਗਸਤ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲ਼ੋਂ ਡੈਮੋਕ੍ਰੈਟਿਕ ਸਟੂਡੈਂਟ ਆਰਗੇਨਾਈਜੇਸ਼ਨ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਨਾਲ਼ ਸਾਂਝੇ ਤੌਰ ‘ਤੇ ਰੋਸ ਮੁਜਾਹਾਰਾ ਕੀਤਾ ਗਿਆ।

20 ਅਗਸਤ ਨੂੰ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਸਰਕਾਰੀ ਆਈ.ਟੀ.ਆਈ. ਵਿਖੇ ਵੀ ਪੂਨੇ ਫਿਲਮ ਐਂਡ ਟੈਲੀਵਿਜ਼ਨ ਇੰਸੀਚਿਊਟ ਦੇ ਵਿਦਿਆਰਥੀਆਂ ਦੇ ਹੱਕ ਵਿੱਚ ਮੁਜਾਹਾਰਾ ਕੀਤਾ ਗਿਆ। ਇਸੇ ਦਿਨ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਸੱਦੇ ‘ਤੇ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ਵਿਖੇ ਵਿਦਿਆਰਥੀਆਂ, ਕਲਾਕਾਰਾਂ ਤੇ ਬੁੱਧੀਜੀਵੀਆਂ ਨਾਲ਼ ਰਲ਼ ਕੇ ਰੋਸ ਮੁਜਾਹਰਾ ਕੀਤਾ ਗਿਆ। ਇਸ ਮੁਜਾਹਰੇ ਵਿੱਚ ਵਿਦਿਆਰਥੀ ਜਥੇਬੰਦੀਆਂ ਵੱਲੋਂ ਐਸ.ਐਫ.ਐਸ., ਪੀ.ਏ.ਐਫ. ਨੇ ਸ਼ਿਰਕਤ ਕੀਤੀ ਤੇ ਇਸਦੇ ਨਾਲ ਹੀ ਚੰਡੀਗੜ੍ਹ ਅਤੇ ਪਟਿਆਲੇ ਦੇ ਫਿਲਮ ਅਤੇ ਥੀਏਟਰ ਨਾਲ ਜੁੜੇ ਕਲਾਕਾਰ, ਬੁੱਧੀਜੀਵੀ ਅਤੇ ਯੂਨੀਵਰਸਿਟੀ ਦੇ ਹੋਰ ਵਿਦਿਆਰਥੀ ਵੀ ਸ਼ਾਮਿਲ ਹੋਏ।

ਇਸ ਮੌਕੇ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਪੂਰੇ ਮਸਲੇ, ਗੈਰ-ਕਨੂੰਨੀ ਗ੍ਰਿਫ਼ਤਾਰੀਆਂ ਤੇ ਭਾਜਪਾ ਦੀਆਂ ਸਿੱਖਿਆ ਦੇ ਭਗਵੇਂਕਰਨ ਦੀਆਂ ਨੀਤੀਆਂ ਉੱਤੇ ਚਾਨਣਾ ਪਾਇਆ। ਉਹਨਾਂ  ਸੱਜੇ-ਪੱਖੀ ਪਿਛਾਖੜੀ ਤਾਕਤਾਂ ਵੱਲੋਂ ਦੇਸ਼ ਦੀਆਂ ਉੱਚ ਵਿਦਿਅਕ ਸੰਸਥਾਵਾਂ ਦੇ ਮਾਹੌਲ ਨੂੰ ਖਰਾਬ ਕਰਨ ਅਤੇ ਗੈਰ ਜਮਹੂਰੀ ਤਰੀਕਿਆਂ ਰਾਹੀਂ ਇਹਨਾਂ ਸੰਸਥਾਵਾਂ ਵਿਚ ਸਿਆਸੀ ਪਕੜ ਨੂੰ ਮਜ਼ਬੂਤ ਬਣਾਉਣ ਦੇ ਮਕਸਦ ਨਾਲ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਦੀ ਜੋਰਦਾਰ ਨਿੰਦਾ ਕੀਤੀ ਅਤੇ ਨਾਲ ਹੀ ਮੰਗ ਕੀਤੀ ਕਿ ਐਫ.ਟੀ.ਆਈ.ਆਈ. ਦੇ ਵਿਦਿਆਰਥੀਆਂ ਉੱਪਰ ਦਰਜ ਕੀਤੇ ਗਏ ਝੂਠੇ ਕੇਸਾਂ ਨੂੰ ਵਾਪਸ ਲਿਆ ਜਾਵੇ ਅਤੇ ਐਫ.ਟੀ.ਆਈ.ਆਈ. ਤੇ ਅਜਿਹੀਆਂ ਹੋਰ ਉੱਚ ਸਿੱਖਿਆ ਸੰਸਥਾਵਾਂ ਵਿਚ ਸਿਆਸੀ ਦਬਾਅ ਹੇਠ ਕੀਤੀਆਂ ਜਾਣ ਵਾਲੀਆਂ ਨਿਯੁਕਤੀਆਂ ‘ਤੇ ਰੋਕ ਲਗਾਈ ਜਾਵੇ। ਉਹਨਾਂ ਨੇ ਇਹ ਵੀ ਕਿਹਾ ਕਿ ਦੇਸ਼ ਪੱਧਰ ‘ਤੇ ਜੋ ਸਿੱਖਿਆ ਦੇ ਭਗਵੇਂਕਰਨ ਦੀ ਮੁਹਿੰਮ ਚੱਲ ਰਹੀ ਹੈ ਉਹ ਬੰਦ ਹੋਣੀ ਚਾਹੀਦੀ ਹੈ।

•ਪੱਤਰ ਪ੍ਰੇਰਕ

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 43, ਸਤੰਬਰ 2015 ਵਿਚ ਪਰ੍ਕਾਸ਼ਤ

Advertisements