ਪੁਲਸੀ ਰਾਜ ਅਤੇ ਭਾਰਤੀ ਨਿਆਂ-ਤੰਤਰ ਦੇ ਪਰਖ਼ਚੇ ਉਡਾਉਂਦੀ ਕਿਤਾਬ ‘ਬੇਗੁਨਾਹ ਕੈਦੀ’ •ਮਾਨਵ

3

ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ

ਜੁਲਾਈ 11, 2006 ਮੁੰਬਈ ਦੇ ਸਥਾਨਕ ਰੇਲ ਬੰਬ ਧਮਾਕਿਆਂ ਦੇ ਮੁਕੱਦਮੇ ਵਿੱਚੋਂ ਬਰੀ ਹੋਏ ਕੱਲੇ-ਕਹਿਰੇ ਬੇਗੁਨਾਹ ਕੈਦੀ ਅਬਦੁਲ ਵਾਹਿਦ ਸ਼ੇਖ ਆਪਣੀ ਤਹਿਲਕਾ ਮਚਾਉਣ ਵਾਲ਼ੀ ਉਰਦੂ ਕਿਤਾਬ ‘ਬੇਗੁਨਾਹ ਕੈਦੀ’ ਵਿੱਚ ਲਿਖਦੇ ਹਨ – “ਅਸੀਂ ਇਹ ਗੱਲ ਪੂਰੇ ਸਬੂਤਾਂ ਨਾਲ਼ ਕਹਿੰਦੇ ਹਾਂ ਕਿ ਜੁਲਾਈ 11 ਦੇ ਬੰਬ ਧਮਾਕਿਆਂ ਵਿੱਚ ਫੜ੍ਹੇ ਗਏ ਸਾਰੇ ਕੈਦੀ ਬੇਗੁਨਾਹ ਹਨ। ਪਿਛਲੇ ਦਸਾਂ ਸਾਲਾਂ ਤੋਂ ਵੱਧ ਸਮੇਂ ਤੋਂ ਉਹ ਕੈਦੀ ਜੀਵਨ ਝੱਲ ਰਹੇ ਹਨ। ਉਹਨਾਂ ਦਾ ਗੁਨਾਹ ਬੱਸ ਐਨਾ ਹੈ ਕਿ ਉਹ ਮੁਸਲਮਾਨ ਹਨ” (ਸਫ਼ਾ 8)। ਇਸ ਮੁਲਕ ਦਾ ਇੱਕ ਬਹੁਤ ਵੱਡਾ ਤਬਕਾ, ਭਾਵੇਂ ਉਹ ਮੁਸਲਮਾਨ ਹੈ ਜਾਂ ਗੈਰ-ਮੁਸਲਮਾਨ, ਉਹ ਅਬਦੁਲ ਵਾਹਿਦ ਸ਼ੇਖ ਦੀ ਇਸ ਗੱਲ ਨੂੰ ਪ੍ਰਵਾਨ ਕਰਦਾ ਹੈ। ਅਬਦੁਲ ਵਾਹਿਦ ਸ਼ੇਖ ਜੁਲਾਈ 11 ਦੇ ਮਾਮਲੇ ਵਿੱਚੋਂ ਤਾਂ ਬਰੀ ਹੋ ਗਏ ਪਰ ਮਕੋਕਾ ਅਦਾਲਤ ਨੇ ਸਤੰਬਰ 2015 ਵਿੱਚ ਇਸ ਮੁਕੱਦਮੇ ਦਾ ਫ਼ੈਸਲਾ ਸੁਣਾਉਂਦੇ ਹੋਏ ਉਹਨਾਂ ਬਾਰਾਂ ਵਿਅਕਤੀਆਂ ਨੂੰ ਗ਼ੁਨਾਹਗਾਰ ਕਰਾਰ ਦਿੱਤਾ ਹੈ ਜਿਹਨਾਂ ਨੂੰ ਉਹਨਾਂ ਦੇ ਪਰਿਵਾਰ ਵਾਲ਼ੇ ਅਤੇ ਦੋਸਤ ਹੀ ਨਹੀਂ ਸਗੋਂ ਮੁਲਕ ਦੀਆਂ ਕਈ ਗੈਰ-ਸਰਕਾਰੀ ਤਨਜ਼ੀਮਾਂ ਬੇਕਸੂਰ ਸਮਝਦੀਆਂ ਹਨ। ਇਹਨਾਂ ਬਾਰਾਂ ਵਿੱਚੋਂ ਪੰਜਾਂ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਹੈ ਅਤੇ ਸੱਤਾਂ ਨੂੰ ਉਮਰ-ਕੈਦ।

ਅਬਦੁਲ ਵਾਹਿਦ ਸ਼ੇਖ ਹੁਰਾਂ ਦੀ ਕਿਤਾਬ ‘ਬੇਗੁਨਾਹ ਕੈਦੀ’ ਪਿੱਛੇ ਜਿਹੇ ਹੀ ਲੋਕ ਕਚਹਿਰੀ ਵਿੱਚ ਆਈ ਹੈ। ਇਸ ਕਿਤਾਬ ਨੂੰ ਨਵੀਂ ਦਿੱਲੀ ਦੇ ਓਸੇ ਪ੍ਰਕਾਸ਼ਕ ਨੇ ਛਾਪਿਆ ਹੈ ਜਿਸ ਨੇ ਮਹਾਂਰਾਸ਼ਟਰ ਦੇ ਸੇਵਾਮੁਕਤ ਆਈ.ਜੀ ਐੱਸ.ਐੱਮ ਮੁਸ਼ਰਿਫ ਦੀ ਖੋਜ-ਭਰਪੂਰ ਕਿਤਾਬ “ਕਰਕਰੇ ਦੇ ਕਾਤਲ ਕੌਣ?” ਛਾਪਕੇ ਦਹਿਸ਼ਤਗਰਦੀ ਵਿਰੋਧੀ ਦਸਤੇ ਦੇ ਸਰਬਰਾਹ ਹੇਮੰਤ ਕਰਕਰੇ ਦੀ ਮੌਤ ਵਿੱਚ ਸੰਘੀ ਦਹਿਸ਼ਤਗਰਦਾਂ ਦੀ ਸ਼ਮੂਲੀਅਤ ਤੋਂ ਜਾਣੂੰ ਕਰਵਾਇਆ ਸੀ ਅਤੇ ਨਵੰਬਰ 26 ਦੇ ਮੁੰਬਈ ਹਮਲਿਆਂ ਬਾਰੇ ਇੱਕ ਨਵੇਂ ਪੱਖ ’ਤੇ ਚਾਨਣਾ ਪਾਇਆ ਸੀ।

ਕਿਤਾਬ “ਬੇਗੁਨਾਹ ਕੈਦੀ” ਕਿਉਂ ਲਿਖੀ ਗਈ? ਇਸ ਸਵਾਲ ਦਾ ਇੱਕ ਜਵਾਬ ਤਾਂ ਇਹ ਹੈ ਕਿ ਇਸ ਦੇ ਲੇਖਕ ਆਪਣਾ ਅਤੇ ਜੇਲ੍ਹ ਦੇ ਆਪਣੇ ਦੂਜੇ ਕੈਦੀ ਸਾਥੀਆਂ ਦਾ ਮੁਕੱਦਮਾ ਲੋਕ ਕਚਹਿਰੀ ਵਿੱਚ ਪੇਸ਼ ਕਰਨਾ ਚਾਹੁੰਦੇ ਹਨ। ਉਹ ਇਹ ਦੱਸਣਾ ਚਾਹੁੰਦੇ ਹਨ ਕਿ ਲੋਕ ਖ਼ੁਦ ਵੇਖ ਲੈਣ ਕਿ ਇਸ ਮੁਲਕ ਦੀਆਂ ਸਰਕਾਰਾਂ, ਪੁਲਸ, ਜਾਂਚ ਏਜੰਸੀਆਂ ਅਤੇ ਕਾਨੂੰਨੀ ਢਾਂਚਾ ਕਿਵੇਂ ਦਹਿਸ਼ਤਗਰਦੀ ਦੇ ਮਾਮਲਿਆਂ ਵਿੱਚ ਬੇਕਸੂਰ ਪਾਏ ਜਾਣ ਵਾਲ਼ਿਆਂ ਕੋਲੋਂ ਅੱਖਾਂ ਫੇਰ ਲੈਂਦਾ ਹੈ ਜਾਂ ਕਿਵੇਂ ਬੇਕਸੂਰਾਂ ਨੂੰ ਝੂਠੇ ਮਾਮਲਿਆਂ ਵਿੱਚ ਫ਼ਸਾਉਣ ਲਈ ਪਹਿਲਕਦਮੀ ਕਰਦਾ ਹੈ। ਕਿਤਾਬ ਦੇ ਮੁੱਖ-ਬੰਧ ਵਿੱਚ ਉਹ ਕਹਿੰਦੇ ਹਨ – “ਦਿਲ ਵਿੱਚ ਇਹ ਸਿੱਕ ਸੀ ਕਿ ਜੁਲਾਈ 11 ਦੇ ਕੇਸ ਵਿੱਚ ਜਿਸ ਤਰ੍ਹਾਂ ਸਾਨੂੰ ਫ਼ਸਾਇਆ ਗਿਆ ਉਸ ਬਾਰੇ ਵਿਸਥਾਰ ਵਿੱਚ ਲਿਖਕੇ ਸਾਰੀ ਲੋਕਾਈ ਨੂੰ ਜਾਣਕਾਰੀ ਦੇਣਾ ਜਰੂਰੀ ਹੈ ਤਾਂ ਜੋ ਖੁਦਾ-ਨਾਖ਼ਾਸਤਾ ਜੇ ਕੱਲ੍ਹ ਨੂੰ ਪੁਲਸ ਮੁੜ ਕਿਸੇ ਬੇਗੁਨਾਹ ਨੂੰ ਬੰਬ ਧਮਾਕੇ ਦੇ ਕੇਸ ਵਿੱਚ ਫ਼ਸਾਵੇ ਤਾਂ ਉਹ ਕਿਸ ਤਰ੍ਹਾਂ ਮਾਨਸਿਕ ਤੌਰ ’ਤੇ ਤਿਆਰ ਹੋ ਕੇ ਕੋਰਟ-ਕਚਹਿਰੀਆਂ ਦਾ ਸਾਹਮਣਾ ਕਰ ਸਕੇ ਅਤੇ ਪੁਲਸ ਦੀਆਂ ਕਾਰਸਤਾਨੀਆਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖੇ ਅਤੇ ਪਹਿਲੇ ਦਿਨੋਂ ਹੀ ਨਿਡਰ ਹੋ ਕੇ ਅਦਾਲਤ ਵਿੱਚ ਆਪਣਾ ਪੱਖ ਰੱਖ ਸਕੇ।”

ਕਿਤਾਬ ਵਿੱਚ ਕੁੱਲ ਛੇ ਪਾਠ ਹਨ। ਪਹਿਲਾਂ ਪਾਠ ਪੁਲਸੀ ਕਹਾਣੀਆਂ ਦੇ ਸਿਰਲੇਖ ਤੋਂ ਹੈ। ਇਸ ਪਾਠ ਵਿੱਚ ਬਾਂਦਰਾ ਧਮਾਕੇ, ਜੋਗੇਸ਼ਵਰੀ ਧਮਾਕੇ, ਬੋਰੀਵਲੀ ਧਮਾਕੇ ਅਤੇ ਮੀਰਾ ਰੋਡ ਧਮਾਕਿਆਂ ਦੇ ਤੱਥ ਉਜਾਗਰ ਕੀਤੇ ਗਏ ਹਨ। ਸਰਕਾਰੀ ਦਹਿਸ਼ਤਗਰਦੀ ਦੇ ਸਿਰਲੇਖ ਤੋਂ ਦਹਿਸ਼ਤਗਰਦੀ ਵਿਰੋਧੀ ਦਸਤੇ ਦੀ ਚਾਰਜਸ਼ੀਟ ਦਾ ਜ਼ਿਕਰ ਹੈ ਅਤੇ ਇਸ ਪੂਰੀ ਚਾਰਜਸ਼ੀਟ ਦੀ ਪੜਤਾਲ ਕੀਤੀ ਗਈ ਹੈ। ਪੁਲਸ ਵੱਲੋਂ ਦਾਇਰ ਚਾਰਜਸ਼ੀਟ ਵਿੱਚ ਫੜੇ ਵਿਅਕਤੀਆਂ ’ਤੇ ਇੱਕ ਮਨਸੂਬੇ ਤਹਿਤ ਸਾਜ਼ਸ਼ ਰਚਣ ਦਾ ਇਲਜ਼ਾਮ ਲਾਇਆ ਗਿਆ ਹੈ ਅਤੇ ਉਹਨਾਂ ’ਤੇ ਪਬੰਦੀਸ਼ੁਦਾ ਜਥੇਬੰਦੀ ਸਿਮੀ ਅਤੇ ਲਸ਼ਕਰ-ਏ-ਤੋਇਬਾ ਅਤੇ ਪਾਕਿਸਤਾਨੀ ਦਹਿਸ਼ਤਗਰਦਾਂ ਵਗੈਰਾ ਨਾਲ਼ ਰਾਬਤਾ ਰੱਖਣ ਦੇ ਦੋਸ਼ ਲਾਏ ਗਏ ਹਨ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨੋਂ ਆਉਣ ਵਾਲ਼ੇ ਦਹਿਸ਼ਤਗਰਦਾਂ ਨੂੰ ਭਜਾਉਣ ਵਿੱਚ ਇਹਨਾਂ ਹੀ ਵਿਅਕਤੀਆਂ ਦਾ ਹੱਥ ਰਿਹਾ ਹੈ। ਇਹ ਚਾਰਜਸ਼ੀਟ ਬਾਰਾਂ ਹਜ਼ਾਰ ਤੋਂ ਵੱਧ ਸਫ਼ਿਆਂ ਦੀ ਹੈ ਜਿਹਨਾਂ ਵਿੱਚ ਦੋ ਹਜ਼ਾਰ ਤੋਂ ਵੱਧ ਗਵਾਹਾਂ ਦੀ ਸੂਚੀ ਵੀ ਸ਼ਾਮਲ ਹੈ। ਅਬਦੁਲ ਵਾਹਿਦ ਸ਼ੇਖ ਲਿਖਦੇ ਹਨ ਕਿ ਦਹਿਸ਼ਤਗਰਦੀ ਵਿਰੋਧੀ ਦਸਤੇ ਦੀ ਇਹ ਚਾਰਜਸ਼ੀਟ ਅਤੇ ਇਸ ਵਿੱਚ ਬਿਆਨ ਕੀਤੀ ਕਹਾਣੀ ਇੱਕ ਕੋਰੇ ਝੂਠ ਤੋਂ ਬਿਨਾ ਹੋਰ ਕੁੱਝ ਨਹੀਂ ਹੈ (ਸਫ਼ਾ 19)। ਉਹ ਇਸ ਚਿੱਟੇ ਝੂਠ ਬਾਰੇ ਦੱਸਦੇ ਹੋਏ ਕਈ ਸਵਾਲ ਕਰਦੇ ਹਨ, ਮਿਸਾਲ ਦੇ ਤੌਰ ’ਤੇ ਇਹ ਕਿ ਪੁਲਸ ਕਿਸੇ ਵੀ ਇੱਕ ਪਾਕਿਸਤਾਨੀ ਨੂੰ ਜਿਉਂਦਾ ਕਿਉਂ ਨਹੀਂ ਫੜ੍ਹ ਸਕੀ?

ਚਾਰਜਸ਼ੀਟ ਵਿੱਚ ਬਾਰਾਂ ਪਾਕਿਸਤਾਨੀਆਂ ਦੇ ਨਾਮ ਦਿੱਤੇ ਗਏ ਹਨ ਜੋ ਦੋ ਮਹੀਨਿਆਂ ਤੱਕ ਮੁਲਜ਼ਮਾਂ ਦੇ ਨਾਲ਼ ਰਹੇ ਅਤੇ ਬੰਬ ਧਮਾਕੇ ਕਰਕੇ ਚਲੇ ਗਏ ਪਰ ਹੈਰਾਨੀ ਇਹ ਕਿ ਪੁਲਸ ਕਿਸੇ ਨੂੰ ਵੀ ਫੜ੍ਹ ਨਾ ਸਕੀ! ਸ਼ੇਖ ਹੁਰਾਂ ਨੇ ਕਿਤਾਬ ਵਿੱਚ ਇਹ ਵੀ ਜ਼ਿਕਰ ਕੀਤਾ ਹੈ ਕਿ ਕਿਵੇਂ ਇਹਨਾਂ ਸਾਰੇ ਤੇਰਾਂ (ਸਣੇ ਉਹ) ਮੁਲਜ਼ਮਾਂ ਨੇ ਅਦਾਲਤ ਨੂੰ ਜ਼ਬਾਨੀ ਅਤੇ ਲਿਖਤੀ ਤੌਰ ’ਤੇ ਇਹ ਲਿਖਕੇ ਵੀ ਦਿੱਤਾ ਕਿ ਅਸੀਂ ਸਭ ਬੇਕਸੂਰ ਹਾਂ ਅਤੇ ਇਸ ਕੇਸ ਵਿੱਚ ਧੱਕੇ ਨਾਲ਼ ਫ਼ਸਾਏ ਗਏ ਹਾਂ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਅਕਸਰ ਮੁਲਜ਼ਮਾਂ ਨੇ ਆਪਣੀਆਂ ਫ਼ੋਨ ਕਾਲਾਂ ਦੀ ਸਾਰੀ ਸੂਚੀ ਅਤੇ ਆਪਣੇ ਥਾਂ-ਪਤੇ ਅਦਾਲਤ ਵਿੱਚ ਪੇਸ਼ ਕਰਕੇ ਆਪਣੀ ਬੇਗੁਨਾਹੀ ਸਾਬਤ ਕੀਤੀ ਅਤੇ ਇਹ ਦੱਸਿਆ ਕਿ ਉਹ ਤਾਂ ਉਸ ਵੇਲੇ ਮੁੰਬਈ ਵਿੱਚ ਸਨ ਹੀ ਨਹੀਂ ਸਗੋਂ ਹੋਰ ਸ਼ਹਿਰਾਂ ਵਿੱਚ ਸਨ। ਸਵਾਲ ਇਹ ਹੈ ਕਿ ਉਹਨਾਂ ਵੱਲੋਂ ਪੇਸ਼ ਕੀਤੇ ਗਏ ਕਾਲਾਂ ਦੇ ਸਾਰੇ ਰਿਕਾਰਡ ਅਤੇ ਥਾਂ-ਪਤੇ ’ਤੇ ਇਤਬਾਰ ਕਿਉਂ ਨਹੀਂ ਕੀਤਾ ਗਿਆ? ਉਹਨਾਂ ਨੇ ਇੱਕ ਸਵਾਲ ਇਹ ਵੀ ਚੁੱਕਿਆ ਹੈ ਕਿ ਮੁਲਜ਼ਮਾਂ ਦੇ ਮੋਬਾਈਲਾਂ ਵਿੱਚੋਂ ਕਾਲ ਰਿਕਾਰਡਾਂ ਦਾ ਸਾਰਾ ਡਾਟਾ ਕਿਉਂ ਗਾਇਬ ਕੀਤਾ ਗਿਆ? ਅਜਿਹੇ ਹੀ ਬਹੁਤ ਸਾਰੇ ਸਵਾਲਾਂ ਦੇ ਨਾਲ਼ ਉਹਨਾਂ ਨੇ ਝੂਠੀਆਂ ਗਵਾਹੀਆਂ ਰਚਣ ਅਤੇ ਪੁਲਸ ਰਾਹੀਂ ਝੂਠੇ ਸਬੂਤਾਂ ਨੂੰ ਜਮ੍ਹਾਂ ਕਰਨ ਦੇ ਢੰਗ-ਤਰੀਕਿਆਂ ’ਤੇ ਵੀ ਚਾਨਣਾ ਪਾਇਆ ਹੈ। ਉਹਨਾਂ ਦਾ ਇਹ ਵੀ ਦਾਅਵਾ ਹੈ ਕਿ ਦਹਿਸ਼ਤਗਰਦੀ ਵਿਰੋਧੀ ਦਸਤੇ ਨੇ ਉਹਨਾਂ ਗਵਾਹਾਂ ਨੂੰ ਅਦਾਲਤ ਵਿੱਚ ਗਵਾਹੀ ਲਈ ਬੁਲਾਇਆ ਹੀ ਨਹੀਂ ਜਿਹਨਾਂ ਦੀ ਗਵਾਹੀ ਨਾਲ਼ ਉਹਨਾਂ ਦੀਆਂ ਪੋਲਾਂ ਖੁੱਲ੍ਹ ਸਕਦੀਆਂ ਸਨ! ਸ਼ੇਖ ਹੁਰੀਂ ਇਹ ਵੀ ਕਹਿੰਦੇ ਹਨ ਕਿ ਪੁਲਸ ਅੱਜ ਤੱਕ ਅਦਾਲਤ ਵਿੱਚ ਇਹ ਸਾਬਤ ਨਹੀਂ ਕਰ ਸਕੀ ਕਿ ਫੜ੍ਹੇ ਗਏ ਮੁਲਜ਼ਮ ਰੋਕ ਲੱਗਣ ਤੋਂ ਪਹਿਲਾਂ ਤੋਂ ਹੀ ਸਿਮੀ ਦੇ ਮੈਂਬਰ ਸਨ। ਇਸ ਪਾਠ ਵਿੱਚ ਮੁਲਜ਼ਮਾਂ ’ਤੇ ਤਸ਼ੱਦਦ, ਦਬਾਅ, ਜ਼ੋਰ-ਜ਼ਬਰ ਅਤੇ ਧਮਕੀਆਂ ਦੇਣ ਦਾ ਵੀ ਜ਼ਿਕਰ ਹੈ ਅਤੇ ਉਹਨਾਂ ਹਲਫ਼ਨਾਮਿਆਂ ਅਤੇ ਆਰ.ਟੀ.ਆਈਆਂ ਦਾ ਵੀ ਜਿਹੜੀਆਂ ਮੁਲਜ਼ਮਾਂ ਨੇ ਦਿੱਤੀਆਂ ਹਨ ਜਿਹਨਾਂ ਰਾਹੀਂ ਪੁਲਸ ਦਾ ਅਸਲ ਚਿਹਰਾ ਸਾਹਮਣੇ ਆ ਜਾਂਦਾ ਹੈ।

ਦੂਜੇ ਪਾਠ ਦਾ ਸਿਰਲੇਖ ਇਕਬਾਲੀਆ ਬਿਆਨ ਦੀ ਹਕੀਕਤ ਹੈ। ਅਬਦੁਲ ਵਾਹਿਦ ਸ਼ੇਖ ਹੁਰਾਂ ਦਾ ਦਾਅਵਾ ਹੈ ਕਿ ਇਕਬਾਲੀਆ ਬਿਆਨ ਤਿਆਰ ਕੀਤੇ ਜਾਂਦੇ ਹਨ। ਉਹ ਲਿਖਦੇ ਹਨ – ਡੀ.ਐੱਸ.ਪੀ ਨੇ ਕੁੱਝ ਹੱਥੀਂ ਲਿਖੇ ਹੋਏ, ਕੁੱਝ ਟਾਈਪ ਕੀਤੇ ਹੋਏ ਕਾਗਜ਼ ਮੁਲਜ਼ਮਾਂ ਸਾਹਮਣੇ ਵਧਾਏ ਅਤੇ ਦਸਤਖ਼ਤ ਕਰਨ ਲਈ ਕਿਹਾ। ਕਿਸੇ ਮੁਲਜ਼ਮ ਨੇ ਕਿਹਾ ਕਿ ਪਹਿਲਾਂ ਮੈਨੂੰ ਪੜ੍ਹਨ ਲਈ ਦਿੱਤਾ ਜਾਵੇ ਤਾਂ ਡੀ.ਐੱਸ.ਪੀ ਨੇ ਮਨਾਂ ਕਰ ਦਿੱਤਾ ਅਤੇ ਦਹਿਸ਼ਤਗਰਦੀ ਵਿਰੋਧੀ ਦਸਤੇ ਵਾਲ਼ਿਆਂ ਨੂੰ ਇਸ਼ਾਰਾ ਕਰਕੇ ਕਹਿਣ ਲੱਗਾ ਕਿ ਲੱਗਦਾ ਹੈ ਤੁਸੀਂ ਲੋਕਾਂ ਨੇ ਇਸ ਨੂੰ ਪੂਰਾ ਗਰਮ (ਤਸ਼ੱਦਦ) ਨਹੀਂ ਕੀਤਾ। ਉਸ ਮਗਰੋਂ ਮੁਲਜ਼ਮ ਨੇ ਫੇਰ ਇਤਰਾਜ਼ ਕੀਤਾ ਤਾਂ ਉਸ ਨੂੰ ਬਲੈਕਮੇਲ ਕੀਤਾ ਗਿਆ ਕਿ ਤੇਰੇ ਭਰਾ ਅਤੇ ਤੇਰੀ ਘਰਵਾਲੀ ਨੂੰ ਅਸੀਂ ਚੁੱਕ ਲਿਆਏ ਹਾਂ ਅਤੇ ਉਹ ਦੂਜੇ ਕਮਰੇ ਵਿੱਚ ਬੰਦ ਕੀਤੇ ਹੋਏ ਨੇ। ਜੇ ਤੂੰ ਦਸਤਖ਼ਤ ਨਾ ਕੀਤੇ ਤਾਂ ਤੇਰੇ ਘਰਵਾਲਿਆਂ ਨੂੰ ਬੰਬ ਧਮਾਕੇ ਦੇ ਕੇਸ ਵਿੱਚ ਫੜ੍ਹ ਲਵਾਂਗੇ। ਇਹ ਸਾਡੇ ਲਈ ਕੋਈ ਔਖਾ ਕੰਮ ਨਹੀਂ ਅਤੇ ਕੋਈ ਦੁਨੀਆਂ ਦੀ ਤਾਕਤ ਸਾਡਾ ਕੁੱਝ ਵਿਗਾੜ ਨਹੀਂ ਸਕਦੀ। ਇਸ ਪਾਠ ਵਿੱਚ ਵੇਲੇ ਦੇ ਦਹਿਸ਼ਤਗਰਦੀ ਵਿਰੋਧੀ ਸਰਬਰਾਹ ਪੀ.ਰਘੁਵੰਸ਼ੀ ਦੀਆਂ ਸਰਗਰਮੀਆਂ ਦਾ ਵੀ ਜ਼ਿਕਰ ਹੈ।

ਤੀਜੇ ਪਾਠ ਦਾ ਸਿਰਲੇਖ ਹੈ ਨਾਨ-ਫਿਕਸ਼ਨ (ਹਕੀਕੀ)। ਇਸ ਵਿੱਚ ਜੁਲਾਈ 11 ਦੇ ਮੁਲਜ਼ਮਾਂ ਦੇ ਉਹ ਹਲਫ਼ਨਾਮੇ ਅਤੇ ਬਿਆਨ ਪੇਸ਼ ਕੀਤੇ ਗਏ ਹਨ ਜਿਹਨਾਂ ਵਿੱਚ ਉਹਨਾਂ ਨੇ ਖ਼ੁਦ ਨੂੰ ਬੇਗੁਨਾਹ ਦੱਸਿਆ ਹੈ ਅਤੇ ਪੁਲਸ ’ਤੇ ਉਹਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦਾ ਦੋਸ਼ ਲਾਇਆ ਹੈ। ਅਦਾਲਤ ਵਿੱਚ ਪੇਸ਼ ਕੀਤੇ ਗਏ ਇਹਨਾਂ ਹਲਫਨਾਮਿਆਂ ਦੀ ਪੜਤਾਲ ਰੌਂਗਟੇ ਖੜ੍ਹੇ ਕਰ ਦਿੰਦੀ ਹੈ। ਇੱਕ ਮਿਸਾਲ ਵੇਖੋ – ਕਮਾਲ ਅਹਿਮਦ ਮੁਹੰਮਦ ਵਕੀਲ ਅੰਸਾਰੀ ਨੂੰ ਅਦਾਲਤ ਨੇ ਗ਼ੁਨਾਹਗਾਰ ਕਰਾਰ ਦਿੱਤਾ ਹੈ। ਅਦਾਲਤ ਵਿੱਚ ਉਸ ਦਾ ਜੁਲਾਈ 17, 2012 ਨੂੰ ਪੇਸ਼ ਕੀਤਾ ਹਲਫ਼ਨਾਮਾ ਹੈਰਾਨ ਕਰਨ ਵਾਲਾ ਹੈ। ਇੱਕ ਜਗ੍ਹਾ ਲਿਖਦੇ ਹਨ, “ਮੈਨੂੰ ਦਹਿਸ਼ਤਗਰਦੀ ਵਿਰੋਧੀ ਦਸਤੇ (ਦ.ਵਿ.ਦ) ਵਾਲਿਆਂ ਨੇ ਤੀਜਾ ਦਰਜਾ ਤਸ਼ੱਦਦ ਕਰਨ ਮਗਰੋਂ ਲਾਲਚ ਦੇਣਾ ਸ਼ੁਰੂ ਕੀਤਾ ਕਿ ਤੂੰ ਇਸ ਝੂਠੀ ਕਹਾਣੀ ਲਈ ਹਾਮੀ ਭਰ ਦੇ, ਅਸੀਂ ਤੈਨੂੰ ਵਾਧੂ ਪੈਸੇ ਦੇਵਾਂਗੇ। ਤੈਨੂੰ ਅਸੀਂ ਚਾਰ ਲੱਖ ਰੁਪਿਆ ਦੇਵਾਂਗੇ ਤੂੰ ਸਰਕਾਰੀ ਗਵਾਹ ਬਣ ਜਾ। ਮੈਂ ਉਹਨਾਂ ਨੂੰ ਮਨਾਂ ਕੀਤਾ ਤਾਂ ਦ.ਵਿ.ਦ ਵਾਲਿਆਂ ਨੇ ਮੇਰੇ ਸਾਥੀ ਮੁਜ਼ਲਮਾਂ ਨੂੰ ਰੁਪਇਆਂ ਅਤੇ ਫ਼ਲੈਟਾਂ ਦਾ ਲਾਲਚ ਦਿੱਤਾ ਅਤੇ ਮੁਖੀ ਪੀ.ਰਘੁਵੰਸ਼ੀ ਨੇ ਡਰਾਉਣਾ ਸ਼ੁਰੂ ਕੀਤਾ ਕਿ ਅਸੀਂ ਤੁਹਾਡੇ ਘਰਵਾਲਿਆਂ ਨੂੰ ਵੀ ਫ਼ਸਾਵਾਂਗੇ (ਸਫ਼ਾ 126)।

ਅਬਦੁਲ ਵਾਹਿਦ ਸ਼ੇਖ ਇੱਕ ਮੁਲਜ਼ਮ ਡਾਕਟਰ ਤਨਵੀਰ ਅੰਸਾਰੀ ਦਾ ਬਿਆਨ ਲਿਖਦੇ ਹਨ – 21 ਨਵੰਬਰ 2006 ਨੂੰ ਜੇਲ੍ਹ ਅਫਸਰ ਗੋਵਿੰਦ ਪਾਟਿਲ ਮੈਨੂੰ ਆਂਡਾ ਬੈਰਕ ਵਿੱਚੋਂ ਕੱਢਕੇ ਜੇਲ੍ਹ ਸੁਪਰਡੈਂਟ ਮੈਡਮ ਸਵਾਤੀ ਸਾਠੇ ਦੇ ਦਫ਼ਤਰ ਵਿੱਚ ਲੈ ਗਿਆ। ਥੋੜੇ ਚਿਰ ਮਗਰੋਂ ਰਘੁਵੰਸ਼ੀ ਓਥੇ ਆਇਆ। ਮੈਨੂੰ ਜ਼ਬਰਦਸਤੀ ਉਸ ਦੇ ਸਾਹਮਣੇ ਬਿਠਾਇਆ ਗਿਆ। ਰਘੁਵੰਸ਼ੀ ਗੁੱਸੇ ਵਿੱਚ ਸੀ ਕਿਉਂਕਿ ਮੈਂ ਉਸ ਦੇ ਦੱਸੇ ਹੋਏ ਤਰੀਕੇ ’ਤੇ ਨਾ ਚੱਲਕੇ ਇਕਬਾਲੀਆ ਬਿਆਨ ਦੇਣੋਂ ਨਾ ਕਰ ਦਿੱਤੀ ਸੀ। ਉਹ ਮੈਨੂੰ ਸਰਕਾਰੀ ਗਵਾਹ ਬਣਾਕੇ ਜੇਲੋਂ ਨਿੱਕਲ ਜਾਣ ਦੀਆਂ ਸਲਾਹਾਂ ਦਿੰਦਾ ਰਿਹਾ। ਉਸ ਨੇ ਮੈਨੂੰ ਅਤੇ ਮੇਰੇ ਘਰ ਵਾਲਿਆਂ ਨੂੰ ਗਾਲ਼ਾਂ ਕੱਢੀਆਂ “ਸੋਚ ਲੈ, ਆਪਣੀ ਕਿਸਮਤ ਦਾ ਫ਼ੈਸਲਾ ਆਪ ਕਰ ਲੈ!” ਇਹ ਕਹਿਕੇ ਉਹ ਚਲਿਆ ਗਿਆ (ਸਫ਼ਾ 145)। ਇਹਤਿਸ਼ਾਮ ਕੁਤੁਬਉਦੀਨ ਸਿੱਦੀਕੀ ਦੇ ਬਿਆਨ ਵਿੱਚ ਡੀ.ਜੀ.ਵਣਜਾਰਾ ਦਾ ਵੀ ਜ਼ਿਕਰ ਹੈ। ਵੇਖੋ – ਇੱਕ ਅਫ਼ਸਰ ਨੇ ਮੈਥੋਂ ਪੁੱਛਗਿੱਛ ਕੀਤੀ ਅਤੇ ਕਿਹਾ ਕਿ ਅਸੀਂ ਜਿਸ ਮੁਸਲਮਾਨ ਨੂੰ ਫੜ੍ਹਦੇ ਹਾਂ ਉਸ ਨੂੰ ਗੋਲੀ ਨਾਲ਼ ਉਡਾ ਦਿੰਦੇ ਹਾਂ। ਮਈ 2007 ਵਿੱਚ ਇਸ ਅਫ਼ਸਰ ਦਾ ਫ਼ੋਟੋ ਮੈਂ ਅਖ਼ਬਾਰ ਵਿੱਚ ਵੇਖਿਆ ਤਾਂ ਪਤਾ ਲੱਗਿਆ ਕਿ ਇਹ ਅਫ਼ਸਰ ਗੁਜਰਾਤ ਦ.ਵਿ.ਦ ਦਾ ਮੁਖੀ ਡੀ.ਜੀ.ਵਣਜਾਰਾ ਹੈ ਜਿਹੜਾ ਸੋਹਰਾਬੂਦੀਨ ਫਰਜ਼ੀ ਮੁਕਾਬਲੇ ਵਿੱਚ ਫੜ੍ਹਿਆ ਗਿਆ ਸੀ (ਸਫ਼ਾ 166)। ਸਵਾਲ ਇਹੀ ਹੈ ਕਿ ਵਣਜਾਰਾ ਭੁਵੀ ਵਾੜਾ ਹਵਾਲਾਤ ਵਿੱਚ ਕੀ ਕਰ ਰਿਹਾ ਸੀ! ਇਸ ਪਾਠ ਵਿੱਚ ਸਹਾਇਕ ਪੁਲਸ ਕਮਿਸ਼ਨਰ ਵਿਨੋਦ ਭੱਟ ਦੀ ਸਨਸਨੀਖੇਜ਼ ਖ਼ੁਦਕੁਸ਼ੀ ਦਾ ਵੀ ਜ਼ਿਕਰ ਹੈ। ਕਿਤਾਬ ਵਿੱਚ ਦਰਜ ਵਿਨੋਦ ਭੱਟ ਦੀ ਖ਼ੁਦਕੁਸ਼ੀ ਦੇ ਸਿਰਲੇਖ ਵਾਲ਼ੀ ਤਹਿਰੀਰ ਵੇਖੋ – ਵਿਨੋਦ ਭੱਟ ਨੇ ਇਹਤਿਸ਼ਾਮ ਨਾਲ਼ ਇਸ ਤਰ੍ਹਾਂ ਗੱਲਬਾਤ ਕੀਤੀ। ਅਗਸਤ 2006 ਦੇ ਆਖ਼ਰੀ ਹਫਤੇ ਵਿੱਚ ਮੈਨੂੰ ਭੁਵੀ ਵਾੜਾ ਦਹਿਸ਼ਤਗਰਦੀ ਵਿਰੋਧੀ ਦਸਤੇ ਦੀ ਹਵਾਲਾਤ ਦੀ ਦੂਜੀ ਮੰਜ਼ਲ ’ਤੇ ਸਹਾਇਕ ਪੁਲਸ ਕਮਿਸ਼ਨਰ ਵਿਨੋਦ ਭੱਟ ਸਾਹਮਣੇ ਲਿਆਇਆ ਗਿਆ। ਜੋ ਗੱਲਬਾਤ ਹੋਈ ਉਹ ਇਸ ਤਰ੍ਹਾਂ ਹੈ –

ਵਿਨੋਦ ਭੱਟ – ਮੈਂ ਇਸ ਕੇਸ ਦੇ ਸਾਰੇ ਕਾਗਜ਼ਾਂ ਦਾ ਅਧਿਐਨ ਕਰਕੇ ਪਾਇਆ ਹੈ ਕਿ ਤੂੰ ਅਤੇ ਹੋਰ ਫੜ੍ਹੇ ਗਏ ਮੁਲਜ਼ਮ ਜੁਲਾਈ 11 ਦੇ ਬੰਬ ਧਮਾਕੇ ਵਿੱਚ ਸ਼ਾਮਲ ਨਹੀਂ।

ਇਹਤਿਸ਼ਾਮ – ਸਰ! ਅਸੀਂ ਵਾਰ-ਵਾਰ ਇਹੀ ਕਿਹਾ ਹੈ ਕਿ ਅਸੀਂ ਬੇਕਸੂਰ ਹਾਂ। ਫੇਰ ਸਾਨੂੰ ਇਸ ਕੇਸ ਵਿੱਚ ਕਿਉਂ ਫੜ੍ਹਿਆ ਗਿਆ ਹੈ?

ਭੱਟ – ਅਸਲ ਦੋਸ਼ੀ ਨਹੀਂ ਮਿਲੇ ਇਸ ਲਈ।

ਇਹਤਿਸ਼ਾਮ – ਇਹ ਸਭ ਕਿਸ ਦੇ ਇਸ਼ਾਰੇ ’ਤੇ ਹੋ ਰਿਹਾ ਹੈ?

ਭੱਟ – ਪੁਲਸ ਕਮਿਸ਼ਨਰ ਏ.ਐੱਨ.ਰਾਏ ਅਤੇ ਦ.ਵਿ.ਦ ਦਾ ਮੁਖੀ ਪੀ.ਰਘੁਵੰਸ਼ੀ ਮੇਰੇ ’ਤੇ ਸਖ਼ਤ ਦਬਾਅ ਪਾ ਰਹੇ ਹਨ ਕਿ ਤੁਹਾਡੇ ਖ਼ਿਲਾਫ਼ ਬੰਬ ਧਮਾਕੇ ਦੇ ਕੇਸ ਦੀ ਝੂਠੀ ਚਾਰਜਸ਼ੀਟ ਤਿਆਰ ਕਰਕੇ ਅਦਾਲਤ ਵਿੱਚ ਦਾਖਲ ਕਰਾਂ।

ਇਹਤਿਸ਼ਾਮ – ਕੀ ਤੁਸੀਂ ਅਜਿਹਾ ਕਰੋਗੇ?

ਭੱਟ – ਨਹੀਂ, ਭਾਵੇਂਕਿ ਉਹ ਮੇਰੀ ਘਰਵਾਲੀ ਨੂੰ ਇੱਕ ਕੇਸ ਵਿੱਚ ਫ਼ਸਾਉਣ ਦੀ ਗੱਲ ਕਰ ਰਹੇ ਹਨ।

ਇਹਤਿਸ਼ਾਮ – ਕੀ ਅਸੀਂ ਛੁੱਟ ਜਾਵਾਂਗੇ?

ਭੱਟ – ਰੱਬ ’ਤੇ ਭਰੋਸਾ ਰੱਖ। ਮੈਂ ਮਰ ਜਾਵਾਂਗਾ ਪਰ ਬੇਗੁਨਾਹਾਂ ਨੂੰ ਇਸ ਕੇਸ ਵਿੱਚ ਨਹੀਂ ਫ਼ਸਾਵਾਂਗਾ।

ਇਸ ਪੂਰੇ ਵਾਕੇ ਤੋਂ ਕੁੱਝ ਕੁ ਦਿਨਾਂ ਬਾਅਦ ਹੀ ਵਿਨੋਦ ਭੱਟ ਨੇ ਖ਼ੁਦਕੁਸ਼ੀ ਕਰ ਲਈ।

ਚੌਥਾ ਪਾਠ ਪੁਲਸ ਤਸ਼ੱਦਦ ਦੇ ਨਾਮ ਤੋਂ ਹੈ। ਇਸ ਵਿੱਚ ਚੱਕੀ ਦੇ ਪਟੇ ਦਾ ਜ਼ਿਕਰ ਕਰਦੇ ਹੋਏ ਦੱਸਿਆ ਗਿਆ ਹੈ ਕਿ ਸਰੀਰਕ ਤਸ਼ੱਦਦ ਲਈ ਪੁਲਸ ਸਭ ਤੋਂ ਵੱਧ ਚੱਕੀ ਦੇ ਪਟੇ ਦੀ ਵਰਤੋਂ ਕਰਦੀ ਹੈ। ਅਸੀਂ ਦਹਿਸ਼ਤਗਰਦੀ ਵਿਰੋਧੀ ਦਸਤੇ ਦੇ ਪੁਲਸ ਸਟੇਸ਼ਨ ਵਿੱਚ ਜਿੰਨੇ ਪਟੇ ਵੇਖੇ ਉਹਨਾਂ ’ਤੇ ਹਿੰਦੀ ਵਿੱਚ ਇਹ ਜੁਮਲੇ ਲਿਖੇ ਹੋਏ ਸਨ 1) ਸੱਚ ਬੋਲ ਪਟਾ 2) ਮੇਰੀ ਆਵਾਜ਼ ਸੁਣੋ 3) ਅੰਨ੍ਹਾ ਕਾਨੂੰਨ 4) ਏਥੇ ਪੱਥਰ ਵੀ ਬੋਲਦਾ ਹੈ 5) ਬੋਲਣ ਵਾਲਾ ਪਟਾ (ਸਫ਼ਾ 367)। ਇੱਕ ਸੌ ਅੱਸੀ ਡਿਗਰੀ ਤਸ਼ੱਦਦ, ਨੰਗਾ ਕਰਨਾ, ਖ਼ਾਸ ਅੰਗਾਂ ’ਤੇ ਬਿਜਲੀ ਦੇ ਝਟਕੇ ਦੇਣੇ, ਗੁਪਤ ਅੰਗਾਂ ’ਤੇ ਤਸ਼ੱਦਦ, ਅੱਗ ਅਤੇ ਪਾਣੀ ਨਾਲ਼ ਤਸ਼ੱਦਦ, ਵਾਲ਼ਾਂ ਦਾ ਤਸ਼ੱਦਦ, ਠੰਡ ਦਾ ਤਸ਼ੱਦਦ, ਨੀਂਦ ਤੋਂ ਵਿਰਵਾ ਕਰਨਾ, ਇਕੱਲਿਆਂ ਬੰਦ ਕਰ ਦੇਣਾ, ਕਤਲ ਕਰਨ ਦਾ ਨਾਟਕ ਕਰਨਾ, ਅੰਗਾਂ ’ਤੇ ਵਰ੍ਹਦੀ ਕੁਟਾਈ, ਗਾਲ਼ਾਂ ਆਦਿ ਤਸ਼ੱਦਦ ਦੇ ਉਹ ਵੱਖ-ਵੱਖ ਢੰਗ ਹਨ ਜਿਹਨਾਂ ’ਤੇ ਕਿਤਾਬ ਵਿੱਚ ਤਫ਼ਸੀਲ ਨਾਲ਼ ਦੱਸਿਆ ਗਿਆ ਹੈ (ਸਫ਼ਾ 367 ਤੋਂ 374 ਤੱਕ)। ਝੂਠ ਫੜ੍ਹਨ ਦਾ ਟੈਸਟ ਅਤੇ ਨਾਰਕੋ ਟੈਸਟ ਦੇ ਹੱਕ ਵੀ ਉਜਾਗਰ ਕੀਤੇ ਗਏ ਹਨ।

ਪੰਜਵਾਂ ਪਾਠ ਗੁਪਤ ਜਥੇਬੰਦੀ ਇੰਡੀਅਨ ਮੁਜਾਹਿਦੀਨ ਦੇ ਨਾਮ ’ਤੇ ਹੈ। ਅਬਦੁਲ ਵਾਹਿਦ ਸ਼ੇਖ ਨੇ ਥਾਂ-ਥਾਂ ਅਦਾਲਤ ਦੇ ਰਵੱਈਏ ’ਤੇ ਵੀ ਸਵਾਲ ਚੁੱਕਿਆ ਹੈ। ਇੱਕ ਜਗ੍ਹਾ ਉਹ ਲਿਖਦੇ ਹਨ ਕਿ ਅਦਾਲਤ ਵਿੱਚ ਉਂਝ ਤਾਂ ਵਾਲ਼ਾਂ ਦੀ ਵੀ ਖੱਲ੍ਹ ਲਾਹੀ ਜਾਂਦੀ ਹੈ ਅਤੇ ਹਰ ਦਸਤਾਵੇਜ਼ ਨੂੰ ਬਰੀਕੀ ਨਾਲ਼ ਜਾਂਚ-ਪਰਖ਼ ਕੇ ਕਬੂਲਿਆ ਜਾਂਦਾ ਹੈ, ਤਾਂ ਫੇਰ ਸਾਦਿਕ ਦੇ ਨਾਮ ਦੇ ਹਲਫ਼ੀਆ ਬਿਆਨ ਨੂੰ ਉਸ ਦੇ ਦਸਤਖ਼ਤਾਂ ਬਗੈਰ ਹੀ ਅਦਾਲਤ ਨੇ ਕਿਵੇਂ ਕਬੂਲ ਕਰ ਲਿਆ? ਅਦਾਲਤ ਨੇ ਸਾਦਿਕ ਨੂੰ ਅਦਾਲਤ ਵਿੱਚ ਬੁਲਾਕੇ ਇਹ ਜਾਨਣ ਦੀ ਵੀ ਕੋਸ਼ਿਸ਼ ਕਿਉਂ ਨਹੀਂ ਕੀਤੀ ਕਿ ਕੀ ਇਹ ਬਿਆਨ ਉਸੇ ਦਾ ਹੀ ਹੈ? ਅਤੇ ਤੂੰ ਇਸ ਬਿਆਨ ’ਤੇ ਦਸਤਖ਼ਤ ਕਿਉਂ ਨਹੀਂ ਕੀਤੇ? (ਸਫ਼ਾ 400)।

ਛੇਵਾਂ ਪਾਠ ਪੁਲਸੀ ਰਾਜ ਬੇਹੱਦ ਅਹਿਮ ਪਾਠ ਹੈ। ਇਸ ਪਾਠ ਵਿੱਚ ਜਰਮਨ ਬੇਕਰੀ ਬੰਬ ਧਮਾਕੇ ਤੋਂ ਲੈ ਕੇ ਪੱਤਰਕਾਰ ਆਸ਼ੀਸ਼ ਖੇਤਾਨ ਦੇ ਸਟਿੰਗ ਅਪ੍ਰੇਸ਼ਨ, ਮਾਲੇਗਾਓਂ ਬੰਬ ਧਮਾਕੇ 2006, ਔਰੰਗਾਬਾਦ ਅਸਲ੍ਹਾ ਜ਼ਬਤੀ ਮਾਮਲੇ, ਔਰੰਗਾਬਾਦ ਵਿੱਚ ਸਾਬਕਾ ਫ਼ੌਜੀ ਦੇ ਘਰੋਂ ਹਥਿਆਰਾਂ ਦੀ ਬਰਾਮਦਗੀ ਅਤੇ ਅਕਸ਼ਰਧਾਮ ਮੰਦਰ ਹਮਲੇ ਤੱਕ, ਇਹਨਾਂ ਸਭ ਸਿਰਲੇਖਾਂ ਤਹਿਤ ਲੇਖਕ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੁਲਕ ਪੁਲਸੀ ਰਾਜ ਵਿੱਚ ਤਬਦੀਲ ਹੋ ਰਿਹਾ ਹੈ। ਉਹ ਲਿਖਦੇ ਹਨ ਕਿ ਪੁਲਸ ਹਿਰਾਸਤ ਅਤੇ ਗ਼ੈਰ-ਕਾਨੂੰਨੀ ਹਿਰਾਸਤ ਦੌਰਾਨ ਕਈ ਪੁਲਸ ਅਫ਼ਸਰਾਂ ਨੇ ਸਾਨੂੰ ਵਾਰ-ਵਾਰ ਕਿਹਾ ਕਿ ਮੁਸਲਮਾਨ ਮੁਲਕ ਦੇ ਗੱਦਾਰ ਹਨ, ਪਾਕਿਸਤਾਨ ਪੱਖੀ ਹਨ, ਦਹਿਸ਼ਤਗਰਦੀ ਨੂੰ ਜਨਮ ਦਿੰਦੇ ਹਨ ਅਤੇ ਮੁਲਕ ’ਤੇ ਇੱਕ ਬੋਝ ਹਨ। ਇੰਸਪੈਕਟਰ ਖਾਨਵਲਕਰ, ਵਰਪੇ ਅਤੇ ਧਾਮਨਕਰ ਅਕਸਰ ਸਾਨੂੰ ਕਹਿੰਦੇ ਸਨ ਕਿ ਸਾਡੇ ਕੋਲ ਐਨੀਆਂ ਤਾਕਤਾਂ ਹਨ ਕਿ ਅਸੀਂ ਕਿਸੇ ਵੀ ਮੁਸਲਮਾਨ ਨੂੰ ਕਿਸੇ ਵੀ ਵੇਲੇ ਝੂਠੇ ਮੁਕਾਬਲੇ ਵਿੱਚ ਮਾਰ ਸਕਦੇ ਹਾਂ, ਬੰਬ ਧਮਾਕੇ ਵਿੱਚ ਫੜ੍ਹਕੇ ਫ਼ਾਂਸੀ ਦਵਾ ਸਕਦੇ ਹਾਂ, ਜ਼ਿੰਦਗੀਆਂ ਤਬਾਹ ਕਰ ਸਕਦੇ ਹਾਂ ਅਤੇ ਸਾਡਾ ਕੋਈ ਵਾਲ਼ ਵੀ ਵਿੰਗਾ ਨਹੀਂ ਕਰ ਸਕਦਾ। ਅਤੇ ਇਹੀ ਕੰਮ ਜੁਲਾਈ 11 ਦੇ ਕੇਸ ਵਿੱਚ ਹੋਇਆ ਹੈ।

ਇਹ ਕਿਤਾਬ ਉਹਨਾਂ ਮੁਸਲਮਾਨਾਂ ਦਾ ਲੋਕ ਕਚਹਿਰੀ ਵਿੱਚ ਮੁਕੱਦਮਾ ਪੇਸ਼ ਕਰਦੀ ਹੈ ਜਿਹੜੇ ਦਹਿਸ਼ਤਗਰਦੀ ਦੇ ਦੋਸ਼ ਹੇਠ ਗਿ੍ਰਫ਼ਤਾਰ ਕੀਤੇ ਗਏ ਪਰ ਜੋ ਖ਼ੁਦ ਨੂੰ ਬੇਗੁਨਾਹ ਕਰਾਰ ਦਿੰਦੇ ਹਨ ਅਤੇ ਤੱਥ ਵੀ ਉਹਨਾਂ ਦੀ ਬੇਗੁਨਾਹੀ ਦੀ ਤਸਦੀਕ ਕਰਦੇ ਹਨ। ਕੀ ਲੋਕ ਜਾਗਣਗੇ ਅਤੇ ਇਨਸਾਫ਼ ਲੈਣ ਲਈ ਅਵਾਜ਼ ਬੁਲੰਦ ਕਰਨਗੇ? ਜਾਂ ਮੁਲਕ ਨੂੰ ਪੁਲਸੀ ਰਾਜ ਵਿੱਚ ਵਟਦੇ ਵੇਖਦੇ ਰਹਿਣਗੇ?

ਕਿਤਾਬ ਦੇ ਲੇਖਕ ਆਪਣੀ ਆਖ਼ਰੀ ਗੱਲ ਵਿੱਚ ਇੱਕ ਜਗ੍ਹਾ ਲਿਖਦੇ ਹਨ – ਮੁਲਕ ਦੀ ਮੌਜੂਦਾ ਸੂਰਤਹਾਲ ਵਿੱਚ ਇਸ ਕਿਤਾਬ ਅੰਦਰਲੀਆਂ ਜ਼ਿਆਦਾਤਰ ਗੱਲਾਂ ਤੋਂ ਇਨਕਾਰੀ ਹੋਣਾ ਮੁਸ਼ਕਲ ਹੈ। ਅਸੀਂ ਬੱਸ ਐਨਾ ਚਾਹੁੰਦੇ ਹਾਂ ਕਿ ਝੂਠੇ ਕੇਸਾਂ ਵਿੱਚ ਫ਼ਸਾਏ ਜਾਣ ਕਰਕੇ ਅਸੀਂ ਜਿਸ ਪੀੜ ਵਿੱਚੋਂ ਲੰਘੇ ਹਾਂ, ਕੌਮ ਦਾ ਕੋਈ ਦੂਜਾ ਫ਼ਰਦ ਉਸ ਮੁਸ਼ਕਲ ਵਿੱਚੋਂ ਨਾ ਲੰਘੇ ਅਤੇ ਕੌਮ ਦੇ ਜਾਗਰੂਕ ’ਤੇ ਦਾਨੇ ਲੋਕ ਇਸ ਸਿਲਸਿਲੇ ਨੂੰ ਰੋਕਣ ਲਈ ਕੋਈ ਅਮਲੀ ਕਦਮ ਚੁੱਕਣ। ਰੱਬ ਕਰਕੇ ਕੁੱਝ ਕਰੋ, ਇਸ ਤੋਂ ਪਹਿਲਾਂ ਕਿ ਬਹੁਤੀ ਦੇਰ ਹੋ ਜਾਵੇ

(ਸਫ਼ਾ 459)।

(ਉਰਦੂ ਬੁੱਕ ਰੀਵਿਊ ਤੋਂ ਧੰਨਵਾਦ ਸਹਿਤ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 8, (ਸੰਯੁਕਤ ਅੰਕ) 7-8, 16 ਮਈ ਅਤੇ 1 ਜੂਨ 2019 ਵਿੱਚ ਪਰ੍ਕਾਸ਼ਿਤ