ਪੰਜਾਬ ਯੂਨੀਵਰਸਿਟੀ – ਵਿਦਿਆਰਥੀਆਂ ਦੇ ਰੋਲ ਨੰਬਰ ਰੋਕੇ ਜਾਣ ਖਿਲਾਫ ਸੰਘਰਸ਼ ਸ਼ੁਰੂ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਈਵਨਿੰਗ ਵਿਭਾਗ ਦੇ 200 ਦੇ ਕਰੀਬ ਵਿਦਿਆਰਥੀਆਂ ਦੇ ਰੋਲ ਨੰਬਰ ਰੋਕ ਲਏ ਹਨ ਜਿਸ ਖ਼ਿਲਾਫ਼ ਵਿਦਿਆਰਥੀ ਪੀ.ਐੱਸ.ਯੂ(ਲਲਕਾਰ) ਅਤੇ ਸਟੂਡੈਂਟਸ ਫਾਰ ਸੁਸਾਇਟੀ ਦੀ ਅਗਵਾਈ ਵਿੱਚ ਸੰਘਰਸ਼ ਦੇ ਰਾਹ ਤੁਰ ਪਏ ਹਨ। ਜ਼ਿਕਰਯੋਗ ਹੈ ਕਿ ਈਵਨਿੰਗ ਵਿਭਾਗ ਦੇ ਪ੍ਰਸ਼ਾਸਨ ਨੇ ਪੇਪਰਾਂ ਤੋਂ ਐਨ ਇੱਕ ਦਿਨ ਪਹਿਲਾਂ ਹੀ ਵਿਦਿਆਰਥੀਆਂ ਦੀ ਹਾਜ਼ਰੀ ਸਬੰਧੀ ਸੂਚੀ ਲਗਾਈ ਸੀ ਜਿਸ ਕਰਕੇ ਉਹ ਵਿਦਿਆਰਥੀ ਜਿਨਾਂ ਦੀਆਂ ਲੈਕਚਰ ਵਿੱਚ ਹਾਜ਼ਰੀਆਂ ਘੱਟ ਸਨ ਉਹਨਾਂ ਨੂੰ ਲੈਕਚਰ ਪੂਰੇ ਕਰਨ ਦਾ ਮੌਕਾ ਵੀ ਨਹੀਂ ਮਿਲ਼ ਸਕਿਆ। ਦੂਸਰਾ ਇਹ ਕਿ ਇੱਕ ਪਾਸੇ ਤਾਂ ਆਮ ਵਿਦਿਆਰਥੀਆਂ ਦਾ ਭਵਿੱਖ ਵਿਭਾਗ ਦੇ ਇਸ ਫੈਸਲੇ ਕਰਕੇ ਖ਼ਤਰੇ ਵਿੱਚ ਪੈ ਗਿਆ ਹੈ ਪਰ ਨਾਲ਼ ਦੀ ਨਾਲ਼ ਹੀ ਮੌਕਾਪ੍ਰਸਤ ਜਥੇਬੰਦੀਆਂ ਆਪਣੇ ‘ਨੇੜਲਿਆਂ’ ਦੇ ਰੋਲ ਨੰਬਰ ਈਵਨਿੰਗ ਵਿਭਾਗ ਦੇ ਅਮਲੇ ਨਾਲ਼ ਮਿਲਕੇ ਸ਼ਰੇਆਮ ਕਢਵਾ ਰਹੇ ਹਨ। ਇਸ ਧੋਖਾਧੜੀ ਨੂੰ ਭਾਂਪਦਿਆਂ ਜਦੋਂ ਦੋਹਾਂ ਜਥੇਬੰਦੀਆਂ ਦੇ ਵਿਦਿਆਰਥੀ ਆਗੂਆਂ ਵੱਲੋਂ ਈਵਨਿੰਗ ਪ੍ਰਸ਼ਾਸਨ ਤੋਂ ਹਾਜ਼ਰੀਆਂ ਦੀ ਮੁਕੰਮਲ ਸੂਚੀ ਮੰਗੀ ਗਈ ਤਾਂ ਉਹ ਊਣਤਾਈਆਂ ਨਾਲ਼ ਭਰਪੂਰ ਸੀ ਜਿਸ ਤੋਂ ਸਾਫ਼ ਪਤਾ ਚਲਦਾ ਸੀ ਕਿ ਵਿਦਿਆਰਥੀਆਂ ਨਾਲ਼ ਜ਼ਿਆਦਤੀ ਹੋਈ ਹੈ। ਪਰ ਇਹਨਾਂ ਊਣਤਾਈਆਂ ਨੂੰ ਕਬੂਲ ਕਰਨ, ਆਪਣੀ ਗ਼ਲਤੀ ਮੰਨਕੇ ਵਿਦਿਆਰਥੀਆਂ ਨੂੰ ਰੋਲ ਨੰਬਰ ਜਾਰੀ ਕਰਨ ਦੀ ਥਾਵੇਂ ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਨੂੰ ਟਰਕਾ ਰਿਹਾ ਹੈ। ਇਸ ਸਿੱਧੀ-ਸਿੱਧੀ ਹੇਰਾਫੇਰੀ ਖ਼ਿਲਾਫ਼ ਵਿਦਿਆਰਥੀ ਸੰਘਰਸ਼ ‘ਤੇ ਨਿੱਤਰੇ ਹਨ ਅਤੇ ਤਿੰਨ ਵਿਦਿਆਰਥੀ – ਗੋਬਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ – ਭੁੱਖ ਹੜਤਾਲ ‘ਤੇ ਚਲੇ ਗਏ ਹਨ।

ਯੂਨੀਵਰਸਿਟੀ ਦੇ ਈਵਨਿੰਗ ਵਿਭਾਗ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਸ ਕਰਕੇ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਇਸ ਵਿਭਾਗ ਵਿੱਚੋਂ ਵਿਦਿਆਰਥੀਆਂ ਦੀ ਫੀਸ-ਵਾਧੇ ਖ਼ਿਲਾਫ਼ ਚੱਲੇ ਸੰਘਰਸ਼ ਵਿੱਚ ਸਰਗਰਮ ਭੂਮਿਕਾ ਰਹੀ ਹੈ। ਨਾਲ਼ ਹੀ ਇਸ ਵਿਭਾਗ ਦਾ ਆਪਣਾ ਹੀ ਅਲੋਕਾਰਾ ਨਿਯਮ ਹੈ ਕਿ ਵਿਦਿਆਰਥੀਆਂ ਨੂੰ ਇਕੱਲੇ-ਇਕੱਲੇ ਵਿਸ਼ੇ ਵਿੱਚ 75% ਹਾਜ਼ਰੀ ਲਾਜ਼ਮੀ ਹੈ, ਜਦਕਿ ਬਾਕੀ ਵਿਭਾਗਾਂ ਵਿੱਚ ਕੁੱਲ ਹਾਜ਼ਰੀ 75% ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਈਵਨਿੰਗ ਵਿਭਾਗ ਹੋਣ ਕਰਕੇ ਸ਼ਾਮ ਨੂੰ 8-9 ਦੇ ਸਮੇਂ ਵਾਲ਼ੇ ਲੈਕਚਰ ਨਾ ਦੇ ਬਰਾਬਰ ਲੱਗਦੇ ਹਨ ਅਤੇ ਵਿਦਿਆਰਥੀਆਂ, ਖ਼ਾਸਕਰ ਲੜਕੀਆਂ ਨੂੰ ਤਾਂ ਸਿਆਲਾਂ ਵਿੱਚ 7-8 ਵਜੇ ਵਾਲ਼ੇ ਲੈਕਚਰ ਲਾਉਣ ਵਿੱਚ ਵੀ ਦਿੱਕਤ ਆਉਂਦੀ ਹੈ ਕਿਉਂਕਿ ਈਵਨਿੰਗ ਵਿਭਾਗ ਦੇ ਵਿਦਿਆਰਥੀਆਂ ਨੂੰ ਹੋਸਟਲ ਦੀ ਸੁਵਿਧਾ ਨਹੀਂ ਦਿੱਤੀ ਜਾਂਦੀ ਅਤੇ ਉਹਨਾਂ ਨੂੰ ਬਾਹਰ ਸ਼ਹਿਰ ਜਾਂ ਆਸ-ਪਾਸ ਦੇ ਇਲਾਕਿਆਂ ਵਿੱਚ ਰਹਿਣਾ ਪੈਂਦਾ ਹੈ ਜਿੱਥੇ ਲੜਕੀਆਂ ਨੂੰ ਦੇਰ ਰਾਤ ਤੱਕ ਜਾਣਾ ਸੁਰੱਖਿਅਤ ਮਹਿਸੂਸ ਨਹੀਂ ਹੁੰਦਾ ਹੈ। ਵੈਸੇ ਸਾਡਾ ਪੀ.ਐੱਸ.ਯੂ. (ਲਲਕਾਰ) ਵੱਲੋਂ ਇਹ ਸਪੱਸ਼ਟ ਮੰਨਣਾ ਹੈ ਕਿ ਲਾਜ਼ਮੀ ਹਾਜ਼ਰੀਆਂ, ਸਮੈਸਟਰ ਪ੍ਰਣਾਲੀ, ਅਸੈਸਮੈਂਟਾਂ, ਆਦਿ ਉਹ ਹੱਥਕੰਡੇ ਹਨ ਜੋ ਵਿਦਿਆਰਥੀਆਂ ਦੀ ਪਹਿਲਕਦਮੀ ਨੂੰ ਰੋਕਣ, ਉਹਨਾਂ ਨੂੰ ਸਮਾਜ ਬਾਰੇ ਸੋਚਣ ਤੋਂ ਰੋਕਣ ਲਈ ਬਣਾਏ ਜਾਂਦੇ ਹਨ। ਅਜਿਹੇ ਹੱਥਕੰਡੇ ਅਪਣਾਕੇ ਸਾਡੀ ਇਹ ਨਾਕਸ ਸਿੱਖਿਆ ਪ੍ਰਣਾਲੀ ਆਪਣੇ-ਆਪ ਨੂੰ ਵਿਦਿਆਰਥੀਆਂ ‘ਤੇ ਜਬਰੀ ਥੋਪਦੀ ਹੈ। ਇਹਨਾਂ ਕਦਮਾਂ ਦਾ ਵੀ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਰਿਪੋਰਟ ਲਿਖੇ ਜਾਣ ਤੱਕ ਵਿਦਿਆਰਥੀਆਂ ਦਾ ਸੰਘਰਸ਼ ਜਾਰੀ ਸੀ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 7, 16 ਤੋਂ 31 ਮਈ, 2017 ਵਿੱਚ ਪ੍ਰਕਾਸ਼ਤ

Advertisements