ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸੰਘਰਸ਼ ਦੀ ਸ਼ਾਨਦਾਰ ਜਿੱਤ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਜ਼ਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਵਿੱਚ ਪਿਛਲੇ ਤਕਰੀਬਨ 40 ਦਿਨਾਂ ਤੋਂ ਫ਼ੀਸ-ਵਾਧੇ ਖ਼ਿਲਾਫ਼ ਵਿਦਿਆਰਥੀਆਂ ਦੇ ਚੱਲ ਰਹੇ ਸੰਘਰਸ਼ ਨੂੰ ਸ਼ਾਨਦਾਰ ਅੰਸ਼ਕ ਸਫ਼ਲਤਾ ਮਿਲ਼ੀ ਹੈ। 7 ਮਈ ਨੂੰ ਸੈਨੇਟ ਦੀ ਹੋਈ ਮੀਟਿੰਗ ਵਿੱਚ ਦੋ ਮਤੇ ਪਾਸ ਕੀਤੇ ਗਏ ਹਨ। ਇਹਨਾਂ ਮਤਿਆਂ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਨਵੇਂ ਵਿੱਦਿਅਕ ਸੈਸ਼ਨ ਵਿੱਚ ਕੀਤੇ ਜਾਣ ਵਾਲ਼ੇ 500-1100% ਵਾਧੇ ਨੂੰ ਘਟਾਕੇ 10% ਜਾਨੀ 500/- ਰੁਪਏ ਤੱਕ ਸੀਮਤ ਕਰ ਦਿੱਤਾ ਗਿਆ ਹੈ, ਭਾਵ ਵਿਦਿਆਰਥੀਆਂ ਦੇ ਸੰਘਰਸ਼ ਦੀ ਬਦੌਲਤ ਯੂਨੀਵਰਸਿਟੀ ਨੇ ਇਹ ਵੱਡਾ ਵਾਧਾ ਵਾਪਸ ਲੈ ਲਿਆ ਹੈ। ਦੂਸਰਾ ਮਤਾ ਇਹ ਪਾਸ ਕੀਤਾ ਗਿਆ ਕਿ ਇਸ ਸੰਘਰਸ਼ ਦੌਰਾਨ 11 ਅਪ੍ਰੈਲ ਨੂੰ ਯੂਨੀਵਰਸਿਟੀ ਵਿੱਚ ਪਥਰਾਅ ਦੀ ਹੋਈ ਘਟਨਾ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਦਰਜ਼ ਸ਼ਿਕਾਇਤ ਦੇ ਚਲਦਿਆਂ 60 ਦੇ ਕਰੀਬ ਜਿਨਾਂ ਵਿਦਿਆਰਥੀਆਂ ‘ਤੇ ਪਰਚੇ ਦਰਜ਼ ਕੀਤੇ ਗਏ ਸਨ ਅਤੇ ਸੰਗੀਨ ਧਾਰਾਵਾਂ ਲਾਈਆਂ ਗਈਆਂ ਸਨ, ਉਨਾਂ ਪਰਚਿਆਂ ਨੂੰ ਰੱਦ ਕੀਤਾ ਜਾਵੇਗਾ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਆਪਣੀ ਸ਼ਿਕਾਇਤ ਵਾਪਸ ਲਵੇਗਾ।

ਲਾਜ਼ਮੀ ਹੀ ਇਹ ਵਿਦਿਆਰਥੀਆਂ ਦੀ ਇੱਕ ਵੱਡੀ ਜਿੱਤ ਹੈ। ਇਸ ਦਾ ਸਿਹਰਾ ਵਿਦਿਆਰਥੀਆਂ ਦੇ ਏਕੇ ਨੂੰ ਅਤੇ ਵਿਦਿਆਰਥੀਆਂ ਦੀ ਅਗਵਾਈ ਕਰ ਰਹੀਆਂ ਜਥੇਬੰਦੀਆਂ – ਖ਼ਾਸਕਰ ਪੀ.ਐੱਸ.ਯੂ(ਲਲਕਾਰ) ਅਤੇ ਸਟੂਡੈਂਟਸ ਫ਼ਾਰ ਸੁਸਾਇਟੀ – ਦੀ ਸੂਝ ਭਰੀ ਅਗਵਾਈ ਨੂੰ ਜਾਂਦਾ ਹੈ। ਨਾਲ਼ ਦੀ ਨਾਲ਼, 7 ਮਈ ਦੀ ਮੀਟਿੰਗ ਨੂੰ ਸੈਨੇਟਰਾਂ ਵੱਲੋਂ ਵਿਦਿਆਰਥੀਆਂ ਨਾਲ਼ ਆ ਖੜ ਜਾਣਾ ਵੀ ਸ਼ੁੱਭ ਘਟਨਾ ਸੀ ਜਿਸਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਮਜ਼ਬੂਰ ਕੀਤਾ ਕਿ ਉਹ ਇਹ ਫ਼ੈਸਲੇ ਲਵੇ।

ਜਿਵੇਂ ਕਿ ਹੋਣਾ ਹੀ ਸੀ, ਇਸ ਜਿੱਤ ਤੋਂ ਬਾਅਦ ਇਸ ਦਾ ਸਿਹਰਾ ਲੈਣ ਲਈ ਮੌਕਾਪ੍ਰਸਤ ਵਿਦਿਆਰਥੀ ਜਥੇਬੰਦੀਆਂ ਜ਼ੋਰ-ਸ਼ੋਰ ਨਾਲ਼ ਅੱਗੇ ਆਈਆਂ। 11 ਅਪ੍ਰੈਲ ਦੀ ਘਟਨਾ ਤੋਂ ਬਾਅਦ ਵਿਦਿਆਰਥੀ ਸੰਘਰਸ਼ ਨੂੰ ਪਿੱਠ ਦਿਖਾਕੇ ‘ਸਾਂਝੀ ਐਕਸ਼ਨ ਕਮੇਟੀ’ ਵਿੱਚੋਂ ਬਾਹਰ ਹੋ ਜਾਣ ਵਾਲ਼ੀਆਂ ਜਥੇਬੰਦੀਆਂ – ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਸੋਈ), ਸਟੂਡੈਂਟ ਕਾਉਂਸਿਲ, ਐੱਨ.ਐੱਸ.ਯੂ.ਆਈ,  ਪੁਸੂ, ਏ.ਬੀ.ਵੀ.ਪੀ, ਆਦਿ – ਜਿਹੜੀਆਂ ਕਿ 11 ਅਪ੍ਰੈਲ ਦੇ ਪਥਰਾਅ ਵਾਲ਼ੀ ਘਟਨਾ ਦਾ ਸਾਰਾ ਇਲਜ਼ਾਮ ਵਿਦਿਆਰਥੀਆਂ ‘ਤੇ ਸੁੱਟ ਰਹੀਆਂ ਸਨ ਅਤੇ ਖ਼ਾਸਕਰ ਆਰ.ਐੱਸ.ਐੱਸ. ਦੀ ਵਿਦਿਆਰਥੀ ਜਥੇਬੰਦੀ ਤਾਂ ਨਿੱਜੀ ਤੌਰ ‘ਤੇ ਸੰਘਰਸ਼ਸ਼ੀਲ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾ ਰਹੀ ਸੀ ਤਾਂ ਕਿ ਪੁਲਸ ਇਹਨਾਂ ਨੂੰ ਗ੍ਰਿਫ਼ਤਾਰ ਕਰੇ, ਇਹ ਹੁਣ ਬੇਹੱਦ ਬੇਸ਼ਰਮੀ ਨਾਲ਼ ਇਸ ਜਿੱਤ ਦਾ ਸਿਹਰਾ ਆਪਣੇ ਸਿਰ ਬੰਨਣਾ ਚਾਹੁੰਦੇ ਹਨ। ਪਰ ਵਿਦਿਆਰਥੀ ਜਾਣਦੇ ਹਨ ਕਿ ਕੌਣ ਖ਼ਰਾ ਹੈ, ਕੌਣ ਪੂਰੇ ਸੰਘਰਸ਼ ਦੌਰਾਨ ਵਿਦਿਆਰਥੀਆਂ ਦਾ ਪੱਖ ਲੈਂਦਾ ਰਿਹਾ ਹੈ ਅਤੇ ਕੌਣ ਪ੍ਰਸ਼ਾਸਨ ਅਤੇ ਸਰਕਾਰਾਂ ਦਾ ਟੱਟੂ ਬਣ ਬੈਠਾ ਰਿਹਾ ਹੈ!

ਇਸ ਜਿੱਤ ਨੇ ਨਾ ਸਿਰਫ਼ ਸਮੂਹ ਵਿਦਿਆਰਥੀਆਂ ਦੇ ਮਨਾਂ ਵਿੱਚ ਊਰਜਾ ਦਾ ਸੰਚਾਰ ਕੀਤਾ ਹੈ, ਸਗੋਂ ਇੱਕ ਇਨਕਲਾਬੀ ਜਥੇਬੰਦੀ ਦੀ ਲੋੜ ਦਾ ਅਹਿਸਾਸ ਵੀ ਪੱਕਾ ਕੀਤਾ ਹੈ। ਨਾਲ਼ ਹੀ, ਇਸ ਸੰਘਰਸ਼ ਨੇ ਆਪਣਾ ਨਾਮ ਚਮਕਾਉਣ ਲਈ ਬੈਠੀਆਂ ਜਥੇਬੰਦੀਆਂ ਦਾ ਚਰਿੱਤਰ ਵੀ ਨੰਗਾ ਕੀਤਾ ਹੈ। ਪਰ ਹਾਸਲ ਹੋਣ ਵਾਲ਼ੀ ਇਹ ਅੰਸ਼ਕ ਸਫ਼ਲਤਾ ਅੰਤ ਨਹੀਂ, ਮਹਿਜ਼ ਸ਼ੁਰੂਆਤ ਹੀ ਹੈ ਕਿਉਂਕਿ ਜਦੋਂ ਤੱਕ ਇਸ ਫ਼ੀਸ-ਵਾਧੇ, ਘਟ ਰਹੀਆਂ ਸੀਟਾਂ, ਬੇਰੁਜ਼ਗਾਰੀ ਦੀ ਜੜ ਨੂੰ ਖ਼ਤਮ ਨਹੀਂ ਕੀਤਾ ਜਾਂਦਾ, ਭਾਵ ਕਿ ਮੁਨਾਫ਼ੇ ਵਾਲ਼ੇ ਸਰਮਾਏਦਾਰਾ ਪ੍ਰਬੰਧ ਵਿੱਚ ਚੱਲ ਰਹੀ ਸਿੱਖਿਆ ਦੇ ਨਿੱਜੀਕਰਨ ਅਤੇ ਬਜ਼ਾਰੀਕਰਨ ਦੀ ਹਨੇਰੀ ਨੂੰ ਨਹੀਂ ਠੱਲਿਆ ਜਾਂਦਾ, ਉਦੋਂ ਤੱਕ ਇਹ ਸੰਘਰਸ਼ ਚਲਦਾ ਰਹੇਗਾ। ਇਹ ਸੰਘਰਸ਼ ਉਦੋਂ ਤੱਕ ਚਲਦਾ ਰਹੇਗਾ ਜਦੋਂ ਤੱਕ ਹਰ ਬੱਚੇ ਅਤੇ ਨੌਜਵਾਨ ਨੂੰ ਇੱਕ ਬਰਾਬਰ ਮਿਆਰੀ ਸਿੱਖਿਆ ਅਤੇ ਸਭ ਨੂੰ ਰੁਜ਼ਗਾਰ ਮੁਹੱਈਆ ਨਹੀਂ ਹੁੰਦਾ। ਅਤੇ ਇਸ ਲੰਬੀ ਲੜਾਈ ਵਿੱਚ ਹਾਸਲ ਹੋਣ ਵਾਲ਼ੀਆਂ ਇਹ ਜਿੱਤਾਂ ਹੌਂਸਲਾ-ਅਫ਼ਜ਼ਾਈ ਕਾਰਨ ਵਾਲ਼ੀਆਂ ਜਿੱਤ ਹੋਣਗੀਆਂ।  

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 7, 16 ਤੋਂ 31 ਮਈ, 2017 ਵਿੱਚ ਪ੍ਰਕਾਸ਼ਤ

Advertisements