ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀਆਂ ਸਰਗਰਮੀਆਂ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਕੌਮਾਂਤਰੀ ਔਰਤ ਦਿਵਸ ਮਨਾਇਆ ਗਿਆ

ਅੱਜ ਸੰਸਾਰ ਦੇ ਹੋਰਨਾਂ ਦੇਸ਼ਾਂ ਵਾਂਗ ਔਰਤਾਂ ਭਾਰਤ ਵਿੱਚ ਵੀ ਗੁਲਾਮੀ ਦਾ ਸੰਤਾਪ ਹੰਢਾ ਰਹੀਆਂ ਹਨ। ਔਰਤਾਂ ਵਿਰੁੱਧ ਹੁੰਦੇ ਜੁਰਮਾਂ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ। ਇਹਨਾਂ ਜੁਰਮਾਂ ਤੋਂ ਬਿਨਾਂ ਔਰਤਾਂ ਨੂੰ ਗੁਲਾਮ ਤੇ ਦੂਜੇ ਦਰਜੇ ਦੀ ਨਾਗਰਿਕ ਸਮਝਣ ਵਾਲ਼ੇ ਵਿਚਾਰ ਤੇ ਕਦਰਾਂ-ਕੀਮਤਾਂ ਵੀ ਸਾਡੇ ਸਮਾਜ ਵਿੱਚ ਭਾਰੂ ਹਨ ਜਿਹਨਾਂ ਨੇ ਔਰਤਾਂ ਦਾ ਸਾਹ ਲੈਣਾ ਦੁੱਭਰ ਕੀਤਾ ਹੋਇਆ ਹੈ। ਆਧੁਨਿਕਤਾ ਅਤੇ ਅਜ਼ਾਦੀ ਦੇ ਨਾਮ ‘ਤੇ ਔਰਤਾਂ ਦੇ ਜਿਸਮ ਤੇ ਸੁਹੱਪਣ ਦੇ ਮੰਡੀਕਰਨ ਦੇ ਰੂਪ ਵਿੱਚ ਇੱਕ ਹੋਰ ਗੁਲਾਮੀ ਵੀ ਭਾਰਤੀ ਔਰਤਾਂ ਨੂੰ ਜਕੜ ਰਹੀ ਹੈ। ਇਸ ਕਾਰਨ ਇੱਕ ਪਾਸੇ ਔਰਤਾਂ ਨੂੰ ਵਿਗਿਆਪਨ ਤੇ ਮਾਡਲਿੰਗ ਆਦਿ ਲਈ ਵਰਤਿਆ ਜਾਂਦਾ ਹੈ ਦੂਜੇ ਪਾਸੇ ਇਸ ਕਾਰਨ ਵੇਸਵਾਗਮਨੀ, ਪੋਰਨੋਗ੍ਰਾਫੀ ਜਿਹੇ ਘਿਨਾਉਣੇ ਰੂਪ ਵੀ ਸਾਹਮਣੇ ਆ ਰਹੇ ਹਨ। ਇਸ ਸਭ ਦੇ ਕਾਰਨ ਮੌਜੂਦਾ ਸਮਾਜਿਕ ਢਾਂਚੇ ਵਿੱਚ ਹਨ ਜੋ ਘੱਟ-ਗਿਣਤੀ ਮਾਲਕਾਂ ਦੁਆਰਾ ਬਹੁਗਿਣਤੀ ਕਿਰਤੀ ਅਬਾਦੀ ਦੀ ਲੁੱਟ ਉੱਪਰ ਟਿਕਿਆ ਹੋਇਆ ਹੈ। ਇਹ ਢਾਂਚਾ ਔਰਤਾਂ ਨੂੰ ਅਜ਼ਾਦ ਦੇਖਣਾ ਨਹੀਂ ਚਾਹੁੰਦਾ। ਇਸ ਕਰਕੇ ਇਹ ਔਰਤ ਵਿਰੋਧੀ ਸੱਭਿਆਚਾਰ, ਵਿਚਾਰਾਂ ਤੇ ਜੁਰਮਾਂ ਨੂੰ ਸਮਾਜ ਵਿੱਚ ਪਰੋਸਦਾ ਰਹਿੰਦਾ ਹੈ।

ਅਜਿਹੇ ਸਮੇਂ ਵਿੱਚ ਕੌਮਾਂਤਰੀ ਔਰਤ ਦਿਵਸ ਦੀ ਮਹੱਤਤਾ ਵਧ ਜਾਂਦੀ ਹੈ। 1908 ਵਿੱਚ ਔਰਤ ਮਜ਼ਦੂਰਾਂ ਦੀ ਹੜਤਾਲ ਤੋਂ ਸ਼ੁਰੂ ਹੋਇਆ ਇਹ ਦਿਹਾੜਾ ਔਰਤਾਂ ਲਈ ਗੁਲਾਮੀ ਤੋਂ ਬਾਗੀ ਹੋ ਕੇ ਸੰਘਰਸ਼ ਦੇ ਰਾਹ ਪੈਣ ਦਾ ਪ੍ਰਤੀਕ ਹੈ। ਪਰ ਇਸ ਦਿਨ ਦੀ ਵਿਰਾਸਤ ਨੂੰ ਅੱਜ ਮੰਡੀ ਦੀਆਂ ਮੁਨਾਫੇਖੋਰ ਸਰਗਰਮੀਆਂ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਦਿਨ ਤੋਂ ਪ੍ਰੇਰਨਾ ਲੈਂਦੇ ਹੋਏ ਅੱਜ ਔਰਤਾਂ ਨੂੰ ਆਪਣੀ ਮੁਕਤੀ ਲਈ ਖੁਦ ਅੱਗੇ ਆਉਣਾ ਪਵੇਗਾ ਤੇ ਆਪਣੀ ਲੜਾਈ ਨੂੰ ਸਮੁੱਚੇ ਢਾਂਚੇ ਦੀ ਤਬਦੀਲੀ ਦੀ ਲੜਾਈ ਨਾਲ਼ ਜੋੜਨਾ ਪਵੇਗਾ। ਇਸ ਢਾਂਚੇ ਦੀ ਤਬਦੀਲੀ ਦੇ ਨਾਲ਼-ਨਾਲ਼ ਸੱਭਿਆਚਾਰ ਤੇ ਕਦਰਾਂ-ਕੀਮਤਾਂ ਦੇ ਖੇਤਰ ਵਿੱਚ ਲੋਕਾਂ ਨੂੰ ਬਦਲ ਪੇਸ਼ ਕਰਨ ਦੀ ਲੜਾਈ ਵੀ ਓਨੀ ਹੀ ਅਹਿਮ ਹੈ। ਇਸੇ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਨੇ 8 ਮਾਰਚ ਦੇ ਕੌਮਾਂਤਰੀ ਔਰਤ ਦਿਵਸ ਨੂੰ ਮਨਾਉਣ ਦਾ ਫੈਸਲਾ ਲਿਆ ਤੇ ਇਸ ਮੌਕੇ ਇੱਕ ਪਰਚਾ ਵੀ ਜਾਰੀ ਕੀਤਾ ਗਿਆ। ਇਸ ਸਬੰਧੀ ਵੱਖ-ਵੱਖ ਥਾਵਾਂ ‘ਤੇ ਹੋਈਆਂ ਸਰਗਰਮੀਆਂ ਦਾ ਸੰਖੇਪ ਵੇਰਵਾ ਇਸ ਪ੍ਰਕਾਰ ਹੈ-

ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਨੇ ਪਰਚੇ, ਪੋਸਟਰ ਪ੍ਰਦਰਸ਼ਨੀ ਤੇ ਵਿਚਾਰ-ਚਰਚਾਵਾਂ ਦੀ ਇੱਕ ਲੜੀ ਵਿੱਚ ਕੌਮਾਂਤਰੀ ਔਰਤ ਦਿਵਸ ਮਨਾਇਆ। ਇਸ ਤਹਿਤ ਇੱਕ ਪੋਸਟਰ ਪ੍ਰਦਰਸ਼ਨੀ ਤਿਆਰ ਕੀਤੀ ਗਈ ਜਿਸ ਵਿੱਚ ਕੌਮਾਂਤਰੀ ਔਰਤ ਦਿਵਸ ਦੇ ਇਤਿਹਾਸ, ਮੌਜੂਦਾ ਸਮੇਂ ਵਿੱਚ ਔਰਤਾਂ ਦੀ ਹਾਲਤ, ਕਵਿਤਾਵਾਂ, ਸਿਆਸੀ ਲੀਡਰਾਂ ਦੇ ਔਰਤ ਵਿਰੋਧੀ ਬਿਆਨ ਤੇ ਫਿਰਕੂ ਕੱਟੜਪੰਥੀਆਂ ਦੀ ਔਰਤ ਵਿਰੋਧੀ ਨੀਤੀ ਸਬੰਧੀ ਵੱਖੋ-ਵੱਖਰੇ ਵਿਚਾਰ ਪੇਸ਼ ਕੀਤੇ ਗਏ। ਇਸਦੇ ਨਾਲ਼ ਹੀ ਭਾਰਤ ਤੇ ਸੰਸਾਰ ਦੀਆਂ ਕੁੱਝ ਪ੍ਰਸਿੱਧ ਔਰਤਾਂ ਦੀਆਂ ਤਸਵੀਰਾਂ ਵਾਲ਼ੀ ਇੱਕ ਗੈਲਰੀ ਵੀ ਲਾਈ ਗਈ। ਇਹ ਪੋਸਟਰ ਪ੍ਰਦਰਸ਼ਨੀ 7 ਤੋਂ 9 ਮਾਰਚ ਤੱਕ ਯੂਨੀਵਰਸਿਟੀ ਦੀ ਲਾਇਬ੍ਰੇਰੀ ਕੋਲ਼ ਲਗਾਈ ਗਈ ਜਿਸਨੂੰ ਵਿਦਿਆਰਥੀਆਂ ਨੇ ਭਰਵਾਂ ਹੁੰਘਾਰਾ ਦਿੱਤਾ। ਇਸ ਪੋਸਟਰ ਪ੍ਰਦਰਸ਼ਨੀ ਦੇ ਨਾਲ਼ ਔਰਤ ਨਾਲ਼ ਸਬੰਧਤ ਕੁੱਝ ਮਹੱਤਵਪੂਰਨ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ।

ਇਸਤੋਂ ਬਿਨਾਂ ਜਥੇਬੰਦੀ ਵੱਲੋਂ ਇਸ ਮੌਕੇ ਇੱਕ ਪਰਚਾ ਜਾਰੀ ਕੀਤਾ ਗਿਆ ਤੇ ਕਲਾਸਾਂ ਵਿੱਚ ਜਾ ਕੇ ਅਤੇ ਮੈਦਾਨਾਂ ਵਿੱਚ ਇਹ ਪਰਚਾ ਵੰਡਿਆ ਗਿਆ। 8 ਮਾਰਚ ਨੂੰ ਯੂਨੀਵਰਸਿਟੀ ਵਿੱਚ ‘ਅੱਜ ਦੇ ਭਾਰਤ ਲਈ ਕੌਮਾਂਤਰੀ ਔਰਤ ਦਿਵਸ ਦੀ ਸਾਰਥਿਕਤਾ’ ਵਿਸ਼ੇ ‘ਤੇ ਇੱਕ ਵਿਚਾਰ-ਚਰਚਾ ਰੱਖੀ ਗਈ ਜਿਸ ਵਿੱਚ ਹਾਜ਼ਰ ਵਿਦਿਆਰਥੀਆਂ ਨੇ ਇਸ ਵਿਸ਼ੇ ‘ਤੇ ਆਪੋ-ਆਪਣੇ ਵਿਚਾਰ ਰੱਖੇ।

ਸੰਗਰੂਰ: 7 ਮਾਰਚ ਨੂੰ ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾ (ਡਾਈਟ) ਸੰਗਰੂਰ ਵਿਖੇ 8 ਮਾਰਚ ਦੇ ਕੌਮਾਂਤਰੀ ਦਿਵਸ ਨੂੰ ਸਮਰਪਿਤ ਇੱਕ ਵਿਚਾਰ-ਗੋਸ਼ਠੀ ਰੱਖੀ ਗਈ। ਇਸ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜਥੇਬੰਦੀ ਦੀ ਕਾਰਕੁੰਨ ਸ਼੍ਰਿਸ਼ਟੀ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਈ ਤੇ ‘ਭਾਰਤ ਵਿੱਚ ਔਰਤਾਂ ਦੀ ਹਾਲਤ ਤੇ ਮੁਕਤੀ ਦਾ ਰਾਹ’ ਵਿਸ਼ੇ ‘ਤੇ ਆਪਣੇ ਵਿਚਾਰ ਰੱਖੇ। ਇਸਤੋਂ ਬਾਅਦ ਸਵਾਲ-ਜਵਾਬ ਦਾ ਦੌਰ ਚੱਲਿਆ ਤੇ ਵਿਦਿਆਰਥੀਆਂ ਵਿੱਚ ਕੌਮਾਂਤਰੀ ਔਰਤ ਦਿਵਸ ਮੌਕੇ ਜਾਰੀ ਕੀਤਾ ਗਿਆ ਪਰਚਾ ਵੀ ਵੰਡਿਆ ਗਿਆ।

ਚੰਡੀਗੜ: 9 ਮਾਰਚ ਨੂੰ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਪੰਜਾਬ ਯੂਨੀਵਰਸਿਟੀ, ਚੰਡੀਗੜ ਵਿੱਚ ਕੌਮਾਂਤਰੀ ਔਰਤ ਦਿਵਸ ਨੂੰ ਸਮਰਪਿਤ ਸੱਭਿਆਚਾਰਕ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ। ‘ਇਸਤਰੀ ਮੁਕਤੀ ਲੀਗ’ ਵੱਲੋਂ ਨਮਿਤਾ ਨੇ ਔਰਤ ਦਿਵਸ ਦੇ ਜੁਝਾਰੂ ਇਤਿਹਾਸ ਅਤੇ ਅਜੋਕੇ ਸਮੇਂ ਵਿੱਚ ਔਰਤਾਂ ਲਈ ਚੁਣੌਤੀਆਂ ਬਾਰੇ ਗੱਲ ਰੱਖੀ। ਇਸ ਮਗਰੋਂ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਕਾਰਕੁੰਨਾਂ ਵੱਲੋਂ ਤਿਆਰ ਕੀਤੇ ਸਫ਼ਦਰ ਹਾਸ਼ਮੀ ਦੇ ਨਾਟਕ ‘ਔਰਤ’ ਦੀ ਪੇਸ਼ਕਾਰੀ ਕੀਤੀ ਗਈ। ਮਜ਼ਦੂਰ ਔਰਤਾਂ ਦੀ ਜ਼ਿੰਦਗੀ ਬਿਆਨ ਕਰਦੇ ਇਸ ਨਾਟਕ ਤੋਂ ਬਾਅਦ ਨਕੁਲ ਸਾਹਨੀ ਦੀ ਦਸਤਾਵੇਜੀ ਫ਼ਿਲਮ ‘ਇੱਜ਼ਤਨਗਰੀ ਕੀ ਅਸਭਿਆ ਬੇਟੀਆਂ’ ਦਿਖਾਈ ਗਈ ਜਿਸ ਉੱਤੇ ਭਰਵੀਂ ਵਿਚਾਰ ਚਰਚਾ ਵੀ ਹੋਈ। ਇਸ ਪ੍ਰੋਗਰਾਮ ਦੌਰਾਨ ਔਰਤ ਦਿਵਸ ਨਾਲ਼ ਸਬੰਧਤ ਪੋਸਟਰ ਅਤੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

ਵਿੱਦਿਅਕ ਅਦਾਰਿਆਂ ਉੱਪਰ ਵਧ ਰਹੇ ਫਾਸੀਵਾਦੀ ਹਮਲੇ ਖਿਲਾਫ ਮੁਜਾਹਰਾ

ਰਾਮਜਸ ਕਾਲਜ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ ਸਮੇਤ ਦੇਸ਼ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਿੱਚ ਏਬੀਵੀਪੀ ਦੇ ਫਿਰਕੂ ਗੁੰਡਿਆਂ ਦੇ ਵਧ ਰਹੇ ਹਮਲਿਆਂ ਖਿਲਾਫ 28 ਫਰਵਰੀ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇੱਕ ਰੋਸ ਮੁਜਾਹਰਾ ਕੀਤਾ ਗਿਆ। ਇਹ ਰੋਸ ਮੁਜਾਹਰਾ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਡੈਮੋਕ੍ਰੈਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ।

ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ 1925 ਤੋਂ ਬਣੀ ਰਾਸ਼ਟਰੀ ਸਵੈਸੇਵਕ ਸੰਘ ਦੇਸ਼ ਨੂੰ ਇੱਕ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨਾ ਚਾਹੁੰਦੀ ਹੈ ਤੇ ਬਾਕੀ ਧਾਰਮਿਕ, ਕੌਮੀ ਘੱਟਗਿਣਤੀਆਂ ਨੂੰ ਦੂਜੇ ਦਰਜੇ ਦੇ ਨਾਗਰਿਕ ਬਣਾ ਕੇ ਰੱਖਣ ਦੀ ਵਕਾਲਤ ਕਰਦੀ ਹੈ। ਇਸੇ ਵਿਚਾਰਾਂ ਤਹਿਤ ਇਹ ਅੱਜ ਵੀ ਕੰਮ ਕਰ ਰਹੀ ਹੈ। ਅੱਜ ਇਹ ਲੋਕ ਦੇਸ਼ ਭਗਤੀ ਦੇ ਦਾਅਵੇ ਕਰਦੇ ਹਨ ਪਰ 1947 ਤੱਕ ਦਾ ਇਹਨਾਂ ਦਾ ਇਤਿਹਾਸ ਅੰਗਰੇਜਾਂ ਦੀ ਜੂਠ ਚੱਟਣ ਤੇ ਉਹਨਾਂ ਤੋਂ ਮਾਫੀਆਂ ਮੰਗਣ ਦਾ ਰਿਹਾ ਹੈ। ਅਸਲ ਵਿੱਚ ਧਰਮ ਦੇ ਨਾਮ ‘ਤੇ ਲੋਕਾਂ ਨੂੰ ਵੰਡਣ ਦੀ ਇਹ ਸਾਜਿਸ਼ ਸਮਾਜ ਵਿਚਲੇ ਆਰਥਿਕ ਪਾੜੇ ਨਾਲ਼ ਜੁੜੀ ਹੋਈ ਹੈ। ਲੋਕਾਂ ਦੀ ਹੋ ਰਹੀ ਆਰਥਿਕ ਲੁੱਟ ਖਿਲਾਫ ਲੋਕਾਂ ਨੂੰ ਜਥੇਬੰਦ ਹੋਣੋਂ ਰੋਕਣ ਲਈ ਹੀ ਉਹਨਾਂ ਨੂੰ ਧਰਮ, ਜਾਤ ਆਦਿ ਦੇ ਨਾਮ ‘ਤੇ ਪਾੜਿਆ ਜਾਂਦਾ ਹੈ।

ਅੱਜ ਫਾਸੀਵਾਦੀ ਤਾਕਤਾਂ ਜਿਸ ਤਰਾਂ ਸਮਾਜ ਵਿੱਚ ਤੇਜੀ ਨਾਲ਼ ਆਪਣੀਆਂ ਜੜਾਂ ਫੈਲਾ ਰਹੇ ਹਨ ਉਸਦੇ ਲਈ ਇਨਕਲਾਬੀ ਲਹਿਰ ਨੂੰ ਵੀ ਆਪਣੇ ਵਿਚਾਰਾਂ ਨੂੰ ਸਮਾਜ ਦੀਆਂ ਵੱਖ-ਵੱਖ ਪਰਤਾਂ ਵਿੱਚ ਵੱਖੋ-ਵੱਖਰੇ ਰਚਨਾਤਮਕ ਢੰਗਾਂ ਨਾਲ਼ ਲਿਜਾਣਾ ਪਵੇਗਾ, ਲੋਕਾਂ ਨੂੰ ਉਹਨਾਂ ਦੇ ਬੁਨਿਆਦੀ ਮਸਲਿਆਂ ‘ਤੇ ਲਾਮਬੰਦ ਕਰਨਾ ਪਵੇਗਾ ਤੇ ਫਾਸੀਵਾਦੀ ਤਾਕਤਾਂ ਦੇ ਅਸਲ ਮਨਸੂਬੇ ਉਹਨਾਂ ਨੂੰ ਦੱਸਣੇ ਪੈਣਗੇ। ਇਸ ਤਰਾਂ ਲੋਕਾਂ ਦੀ ਤਾਕਤ ਦੇ ਦਮ ‘ਤੇ ਹੀ ਫਾਸੀਵਾਦੀਆਂ ਦਾ ਟਾਕਰਾ ਕੀਤਾ ਜਾ ਸਕਦਾ ਹੈ।

ਇਸਦੇ ਨਾਲ਼ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ ਵਿੱਚ ਵਧੀਆਂ ਫੀਸਾਂ ਖਿਲਾਫ ਵੀ ਨਾਹਰੇਬਾਜੀ ਕੀਤੀ ਗਈ। ਅੰਤ ਵਿੱਚ ਇੱਕ ਮਾਰਚ ਕੱਢ ਕੇ ਲਾਇਬ੍ਰੇਰੀ ਅੱਗੇ ਫਿਰਕੂ ਤਾਕਤਾਂ ਦਾ ਪੁਤਲਾ ਫੂਕਿਆ ਗਿਆ।

ਦਲਿਤ ਵਿਦਿਆਰਥੀਆਂ ਤੋਂ ਜਬਰੀ ਫੀਸਾਂ ਉਗਰਾਹੁਣ ਨੂੰ ਰੋਕਿਆ ਗਿਆ

ਭੀਖੀ ਬੁਢਲਾਡਾ ਰੋੜ ਤੇ ਪੈਂਦੇ ਪਿੰਡ ਬੋੜਾਵਾਲ ਦੇ ਰੌਇਲ ਕਾਲਜ ਵਿੱਚ ਐਸ.ਸੀ. ਵਿਦਿਆਰਥੀਆਂ ਤੋਂ ਜਬਰੀ ਪ੍ਰੀਖਿਆ ਫੀਸਾਂ ਲੈਣ ਦਾ ਮਸਲਾ ਸਾਹਮਣੇ ਆਇਆ। ਦ ਰੌਇਲ ਕਾਲਜ ਵਿੱਚ ਪੜਦੇ ਵਿਦਿਆਰਥੀਆਂ ਨੂੰ ਫੀਸਾਂ ਬਾਰੇ ਉਦੋਂ ਦੱਸਿਆ ਗਿਆ, ਜਦੋਂ ਪ੍ਰੀਖਿਆ ਫਾਰਮ ਭਰਨ ਦੀਆਂ ਆਖਰੀ ਤਰੀਕਾਂ ਬਿਲਕੁਲ ਸਿਰ ਤੇ ਸਨ, ਤਾਂਕਿ ਵਿਦਿਆਰਥੀਆਂ ਸਾਹਮਣੇ ਫੀਸਾਂ ਭਰਨ ਤੋਂ ਬਿਨਾਂ ਹੋਰ ਕੋਈ ਹੀਲਾ ਨਾ ਬਚੇ। ਪਰ ਵਿਦਿਆਰਥੀਆਂ ਨੇ ਫੀਸਾਂ ਭਰਨ ਤੋਂ ਕੋਰੀ ਨਾਂਹ ਕਰ ਦਿੱਤੀ ਤੇ ਪੀਐਸਯੂ (ਲਲਕਾਰ) ਦੇ ਸਾਥੀਆਂ ਨਾਲ਼ ਸੰਪਰਕ ਕੀਤਾ। ਮੌਕੇ ‘ਤੇ ਪਹੁੰਚ ਕੇ ਪੀਐਸਯੂ (ਲਲਕਾਰ) ਦੇ ਆਗੂ ਛਿੰਦਰਪਾਲ ਦੀ ਅਗਵਾਈ ਵਿੱਚ ਵਿਦਿਆਰਥੀਆਂ ਦਾ ਵਫਦ ਕਾਲਜ ਪ੍ਰਿੰਸੀਪਲ ਨੂੰ ਮਿਲ਼ਿਆ, ਪਰ ਪ੍ਰਿੰਸੀਪਲ ਆਵਦੇ ਨਹੱਕੀ ਫੈਸਲੇ ‘ਤੇ ਅੜਿਆ ਰਿਹਾ। ਇਸ ‘ਤੇ ਵਿਦਿਆਰਥੀਆਂ ਨੇ ਪੀਐਸਯੂ (ਲਲਕਾਰ) ਦੀ ਅਗਵਾਈ ਵਿੱਚ ਸੰਘਰਸ਼ ਵਿੱਢਣ ਦਾ ਫੈਸਲਾ ਕਰ ਲਿਆ ਤੇ ਇਸ ਸਬੰਧ ‘ਚ ਐਸ.ਡੀ.ਐਮ ਮਾਨਸਾ ਨੂੰ ਮੰਗ ਪੱਤਰ ਸੌਂਪਿਆ ਗਿਆ। ਵਿਦਿਆਰਥੀਆਂ ਦੀ ਅਗਲੀ ਕਿਸੇ ਸੰਘਰਸ਼ੀ ਕਾਰਵਾਈ ਤੋਂ ਪਹਿਲਾਂ ਹੀ ਕਾਲਜ ਮੈਨੇਜਮੈਂਟ ਤੇ ਪ੍ਰਿੰਸੀਪਲ ਵਿਦਿਆਰਥੀ ਰੋਹ ਤੋਂ ਡਰਦਿਆਂ ਐਸ.ਸੀ. ਵਿਦਿਆਰਥੀਆਂ ਤੋਂ ਫੀਸਾਂ ਲੈਣ ਦੇ ਫੈਸਲੇ ਨੂੰ ਵਾਪਸ ਲੈ ਲਿਆ। ਵਿਦਿਆਰਥੀ ਏਕੇ ਸਦਕਾ ਜਿੱਤ ਹਾਸਲ ਹੋਈ ਅਤੇ ਭਵਿੱਖ ਵਿੱਚ ਵੀ ਕਾਲਜ ਪ੍ਰਸ਼ਾਸ਼ਨ ਦੇ ਧੱਕੜ ਰਵੱਈਏ ਵਿਰੁੱਧ ਜਥੇਬੰਦੀ ਦੀ ਅਗਵਾਈ ਵਿੱਚ ਸੰਘਰਸ਼ ਕਰਨ ਦਾ ਅਹਿਦ ਲਿਆ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 3, 16 ਤੋਂ 31 ਮਾਰਚ, 2017 ਵਿੱਚ ਪ੍ਰਕਾਸ਼ਤ