ਪ੍ਰੋ: ਰਣਧੀਰ ਸਿੰਘ : ਇੱਕ ਪ੍ਰਤੀਬੱਧ ਸੰਘਰਸ਼ਸ਼ੀਲ ਜੀਵਨ ਯਾਤਰਾ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਬੀਤੀ 31 ਜਨਵਰੀ ਨੂੰ ਦੇਸ਼ ਦੇ ਪ੍ਰਸਿੱਧ ਮਾਰਕਸਵਾਦੀ ਚਿੰਤਕ ਪ੍ਰੋ: ਰਣਧੀਰ ਸਿੰਘ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਉਹ 94 ਵਰ੍ਹਿਆਂ ਦੇ ਸਨ। ਲਗਭਗ ਇੱਕ ਸਦੀ ਦੇ ਲੰਬੇ ਜੀਵਨ ਦਾ ਵੱਡਾ ਹਿੱਸਾ ਲੋਕ ਮੁਕਤੀ ਸੰਘਰਸ਼ ਨੂੰ ਅਰਪਿਤ ਰਿਹਾ। ਉਹਨਾਂ ਨੇ ਦੇਸ਼  ਅਤੇ ਦੁਨੀਆਂ ‘ਚ ਕਮਿਊਨਿਸਟ ਲਹਿਰ ਦੀ ਚੜ੍ਹਤ ਵੀ ਦੇਖੀ ਅਤੇ ਇਸਦਾ ਖਿੰਡਾਅ, ਲਹਾਅ ਵੀ। ਕਮਿਊਨਿਸਟ ਲਹਿਰ ਦੇ ਸਭ ਉਤਾਰ ਚੜ੍ਹਾਆਂ, ਇਸ ਨੂੰ ਲੱਗੀਆਂ ਪਛਾੜਾਂ ਦੇ ਬਾਵਜੂਦ ਵੀ ਮਾਰਕਸਵਾਦੀ ਵਿਚਾਰਧਾਰਾ ਪ੍ਰਤੀ ਉਹਨਾਂ ਦੀ ਨਿਹਚਾ ਅਡੋਲ ਰਹੀ।

ਪ੍ਰੋ: ਰਣਧੀਰ ਸਿੰਘ ਦਾ ਇੱਕ ਸੰਖੇਪ ਜੀਵਨ ਵੇਰਵਾ

ਪ੍ਰੋ: ਰਣਧੀਰ ਸਿੰਘ 11 ਜਨਵਰੀ, 1922 ਨੂੰ ਇੱਕ ਸਿੱਖਿਅਤ ਅਤੇ ਸੱਭਿਅਕ ਪਰਿਵਾਰ ‘ਚ ਜਨਮੇ ਸਨ। ਉਹਨਾਂ ਦੇ ਪਿਤਾ ਇੱਕ ਡਾਕਟਰ ਅਤੇ ਸਰਜਨ ਸਨ। ਬਚਪਨ ‘ਚ ਘਰ ‘ਚ ਅਕਸਰ ਉਹਨਾਂ ਨੂੰ ਇਕੱਲ਼ੇ ਰਹਿਣਾ ਪੈਂਦਾ। ਇਸ ‘ਚ ਕਿਤਾਬਾਂ ਉਹਨਾ ਦਾ ਸਾਥ ਦਿੰਦੀਆਂ। ਬਚਪਨ ਦੀਆਂ ਦੋਸਤ ਇਹ ਕਿਤਾਬਾਂ ਜ਼ਿੰਦਗੀ ਭਰ ਉਹਨਾਂ ਦੇ ਸੰਗ ਰਹੀਆਂ। ਸਾਰੀ ਉਮਰ ਉਹ ਕਿਤਾਬਾਂ ਨੂੰ ਪਿਆਰ ਕਰਦੇ ਰਹੇ। ਅਜਿਹੇ ਬਚਪਨ ਨੇ ਹੀ ਉਹਨਾਂ ਨੂੰ ਮਨੁੱਖ ਦੇ ਦੁੱਖਾਂ ਦਰਦਾਂ ਦੀ ਸੂਝ ਵੀ ਦਿੱਤੀ।

ਜਦੋਂ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਬ੍ਰਿਟਿਸ਼ ਹਕੂਮਤ ਨੇ ਫਾਂਸੀ ਦਿੱਤੀ ਤਾਂ ਉਸ ਸਮੇਂ ਰਣਧੀਰ ਸਿੰਘ ਨੌਂ ਵਰਿਆਂ ਦੇ ਸਨ। ਇਸ ਘਟਨਾ ਦਾ ਉਹਨਾਂ ਦੇ ਬਾਲ ਮਨ ‘ਤੇ ਡੂੰਘਾ ਅਸਰ ਪਿਆ।

1939 ‘ਚ ਉਹ ਭਾਰਤੀ ਕਮਿਊਨਿਸਟ ਪਾਰਟੀ ਦੇ ਸੰਪਰਕ ‘ਚ ਆਏ। ਉਹ ਪਾਰਟੀ ਦੇ ਕੁੱਲਵਕਤੀ ਕਾਰਕੁਨ ਬਣੇ। ਕੁਝ ਸਮਾਂ ਭੂਮੀਗਤ ਰਹਿ ਕੇ ਲਾਹੌਰ ਦੇ ਸੱਨਅਤੀ ਮਜ਼ਦੂਰਾਂ ਅਤੇ ਪਿੰਡਾ ਦੇ ਕਿਸਾਨਾਂ ‘ਚ ਵੀ ਕੰਮ ਕੀਤਾ।

ਉਹ ਡਾਕਟਰ ਬਣਨਾ ਚਹੁੰਦੇ ਸਨ ਅਤੇ ਇਸ ਲਈ ਯੋਗਤਾ ਵੀ ਪੂਰੀ ਕਰਦੇ ਸਨ। ਪਰ ਇਨਕਲਾਬੀ ਸਿਆਸੀ ਸਰਗਰਮੀਆਂ ਕਾਰਨ ਉਹਨਾਂ ਮੈਡੀਕਲ ਖੇਤਰ ‘ਚ ਆਪਣੇ ਕੈਰੀਅਰ ਦਾ ਖਿਆਲ ਤਿਆਗ ਦਿੱਤਾ ਅਤੇ ਪੋਲੀਟੀਕਲ ਸਾਇੰਸ ਦੇ ਸਬਜੈਕਟ ‘ਚ ਪੜ੍ਹਾਈ ਜ਼ਾਰੀ ਰੱਖੀ ਤਾਂ ਕਿ ਇਨਕਲਾਬੀ ਸਿਆਸੀ ਸਰਗਰਮੀਆਂ ਲਈ ਵਧੇਰੇ ਸਮਾਂ ਦਿੱਤਾ ਜਾ ਸਕੇ।

ਦੂਜੀ ਸੰਸਾਰ ਜੰਗ ਸਮੇਂ ਉਨਾਂ ਨੂੰ ਜੰਗ ਦਾ ਵਿਰੋਧ ਕਰਨ ਕਾਰਨ ਬ੍ਰਿਟਿਸ਼ ਹਕੂਮਤ ਨੇ ਗ੍ਰਿਫਤਾਰ ਕਰ ਲਿਆ ਅਤੇ ਇੱਕ ਸਾਲ ਉਹ ਜੇਲ੍ਹ ‘ਚ ਰਹੇ। ਰਿਹਾ ਹੋਣ ਤੋਂ ਬਾਅਦ ਵੀ ਉਹਨਾਂ ਦੀ ਨਜ਼ਰਬੰਦੀ ਜ਼ਾਰੀ ਰਹੀ। ਇਹ ਸਮਾਂ ਉਹਨਾਂ ਨੇ ਪੰਜਾਬੀ ਹਫਤਾਵਾਰੀ ਅਖਬਾਰ ਜੰਗੇ-ਅਜ਼ਾਦੀ ਦੇ ਸੰਪਾਦਕੀ ਅਮਲੇ ਦੀ ਮਦਦ ‘ਚ ਗੁਜ਼ਾਰਿਆ। ਇਸੇ ਸਮੇਂ ਉਹਨਾਂ ਨੇ ਗਦਰੀ ਬਾਬਾ ਗੁਰਮੁੱਖ ਸਿੰਘ ਦੀ ਜੀਵਨੀ ਲਿਖਣੀ ਸ਼ੁਰੂ ਕੀਤੀ ਜਿਸਦਾ ਕੁਝ ਹਿੱਸਾ 1945 ‘ਚ ਛਪੀ ਉਹਨਾਂ ਦੀ ਪੁਸਤਕ ‘ਗਦਰੀ ਸੂਰਬੀਰ 1914-1915 ਦੇ ਪੰਜਾਬ ਦੇ ਇਨਕਲਾਬੀਆਂ ਦੀ ਭੁੱਲੀ ਹੋਈ ਕਹਾਣੀ’ ‘ਚ ਛਪਿਆ।

ਬਹੁਤ ਘੱਟ ਲੋਕ ਹੀ ਜਾਣਦੇ ਹੋਣਗੇ ਕਿ ਪ੍ਰੋ: ਰਣਧੀਰ ਸਿੰਘ ਕਵੀ ਵੀ ਰਹੇ ਹਨ। 1950 ‘ਚ ਉਹਨਾਂ ਦੀਆਂ ਕਵਿਤਾਵਾਂ ਦਾ ਇੱਕ ਸੰਗ੍ਰਹਿ ‘ਰਾਹਾਂ ਦੀ ਧੂੜ’ ਛਪਿਆ ਸੀ।

1947 ਦੀ ਵੰਡ ਤੋਂ ਬਾਅਦ ਉਹ ਇੱਕ ਰਫਿਊਜੀ ਵਜੋਂ ਦਿੱਲੀ ਪਹੁੰਚੇ। ਆਰਜ਼ੀ ਤੌਰ ‘ਤੇ ਇੱਥੇ ਉਹਨਾਂ ਪੰਜਾਬ ਯੂਨੀਵਰਸਿਟੀ ਵੱਲੋਂ ਰਫਿਊਜ਼ੀ ਵਿਦਿਆਰਥੀਆਂ ਲਈ ਬਣਾਏ ਕੈਂਪ ਕਾਲਜ ‘ਚ ਪੜਾਉਣਾ ਸ਼ੁਰੂ ਕੀਤਾ। ਦਿੱਲੀ ‘ਚ ਉਹ ਨਾਂ ਕਮਿਊਨਿਸਟ ਪਾਰਟੀ ਦੇ ਪੰਜਾਬੀ ‘ਚ ਪ੍ਰਕਾਸ਼ਿਤ ਹੋਣ ਵਾਲ਼ੇ ਸਿਧਾਂਤਕ ਮੈਗਜ਼ੀਨ ‘ਸਾਡਾ ਯੁੱਗ’ ਦਾ ਸੰਪਾਦਨ ਕੀਤਾ। ਜਦੋਂ ਉਹਨਾਂ ਬੀ.ਟੀ ਰਣਦੀਵੇ ਵਲੋਂ ਮਾਓ ਜ਼ੇ ਤੁੰਗ ਦੀ ਅਲੋਚਨਾ ਬਾਰੇ ਲਿਖਿਆ ਲੇਖ ਛਾਪਣ ਤੋਂ ਇਨਕਾਰ ਕਰ ਦਿੱਤਾ ਤਾਂ ਉਹਨਾਂ ਨੂੰ ਸੰਪਾਦਕ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਇਸ ਸਮੇਂ ਉਹਨਾਂ ਨੇ ‘ਕਮਿਊਨਿਸਟ ਮੈਨੀਫੈਸਟੋ’ ਅਤੇ ਮਾਰਕਸ ਦੀਆਂ ਹੋਰ ਰਚਨਾਵਾਂ ਦਾ ਪੰਜਾਬੀ ਅਨੁਵਾਦ ਵੀ ਕੀਤਾ। ਉਹਨਾਂ ਕਮਿਊਨਿਸਟ ਪਾਰਟੀ ਛੱਡ ਦਿੱਤੀ।

1964 ‘ਚ ਭਾਰਤ ਦੀ ਕਮਿਊਨਿਸਟ ਪਾਰਟੀ ‘ਚ ਫੁੱਟ ਪਈ। ਫੁੱਟ ਤੋਂ ਬਾਅਦ ਭਾਰਤ ਦੀ ਕਮਿਊਨਿਸਟ ਪਾਰਟੀ(ਮਾਰਕਸਵਾਦੀ) ਬਣੀ ਤਾਂ ਕੁਝ ਸਾਲ ਉਹਨਾਂ ਇਸ ਪਾਰਟੀ ਨਾਲ਼ ਵੀ ਕੰਮ ਕੀਤਾ। ਬਾਅਦ ‘ਚ ਉਹਨਾਂ ਇਸ ਪਾਰਟੀ ਨਾਲ਼ੋਂ ਵੀ ਨਾਤਾ ਤੋੜ ਲਿਆ। ਇਸ ਸਮੇਂ ਉਹਨਾਂ ਦੀ ਪੁਸਤਕ ‘ਤਰਕ, ਇਨਕਲਾਬ ਅਤੇ ਸਿਆਸੀ ਸਿਧਾਂਤ’ (Reason, Revolution and Political Theory) ਪ੍ਰਕਾਸ਼ਿਤ ਹੋਈ। 1972 ‘ਚ ਕੁਝ ਸਮਾਂ ਉਹ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ‘ਚ ਪੜ੍ਹਾਉਣ ਤੋਂ ਬਾਅਦ ਦਿੱਲੀ ਯੂਨੀਵਰਸਿਟੀ ‘ਚ ਸਿਆਸੀ ਸਿਧਾਂਤ ਦੇ ਪ੍ਰੋਫੈਸਰ ਵਜੋਂ ਅਧਿਆਪਨ ਕਾਰਜ ਕਰਦੇ ਰਹੇ। ਉਹਨਾਂ ਨੂੰ ਵਿਦੇਸ਼ਾਂ ਤੋਂ ਸੈਮੀਨਾਰ ਲਈ ਸੱਦੇ ਆਉਂਦੇ ਰਹੇ, ਪਰ ਉਹ ਕਦੇ ਵੀ ਵਿਦੇਸ਼ ਨਹੀਂ ਗਏ। ਉਹਨਾਂ ਇੱਕ ਪ੍ਰੋਫੈਸਰ ਹੋਣ ਦੇ ਬਾਵਜੂਦ ਵੀ ਇੱਕ ਸਾਦਾ, ਮੁਸ਼ੱਕਤ ਭਰਿਆ ਜੀਵਨ ਜੀਵਿਆ। ਉਹ ਦੇਸ਼ ਭਰ ‘ਚ ਇਨਕਲਾਬੀ ਜਥੇਬੰਦੀਆਂ ਦੇ ਸੱਦੇ ‘ਤੇ ਸੈਮੀਨਾਰਾਂ ‘ਚ ਸ਼ਿਰਕਤ ਕਰਦੇ ਰਹੇ। ਉਹ ਆਪਣੇ ਮਾਰਕਸਵਾਦ ਦੇ ਵਿਸ਼ਾਲ ਗਿਆਨ ਨਾਲ਼ ਇਨਕਲਾਬੀ ਕਾਰਕੁੰਨਾਂ ਨੂੰ ਸਿੱਖਿਅਤ ਕਰਦੇ ਰਹੇ। ਉਹਨਾਂ ਅਧਿਆਪਕ ਲਹਿਰ ‘ਚ ਵੀ ਸਰਗਰਮੀ ਕੀਤੀ ਅਤੇ ਸਮੇਂ ਸਮੇਂ ਹਕੂਮਤੀ ਜ਼ਬਰ ਵਿਰੁੱਧ ਹੋਣ ਵਾਲ਼ੇ ਸੰਘਰਸ਼ਾਂ ਵਿੱਚ ਵੀ ਸ਼ਾਮਿਲ ਹੁੰਦੇ ਰਹੇ। ਇਹ ਜ਼ਬਰ ਭਾਵੇਂ ਆਪਣੇ ਦੇਸ਼ ‘ਚ ਹੋਵੇ ਅਤੇ ਭਾਵੇਂ ਕਿਸੇ ਹੋਰ ਦੇਸ਼ ਵਿੱਚ।

ਪ੍ਰੋ: ਰਣਧੀਰ ਸਿੰਘ ਦੇ ਵਿਚਾਰ

ਪ੍ਰੋ: ਰਣਧੀਰ ਸਿੰਘ ਮੁੱਖ ਧਾਰਾ ਦੀਆਂ ਕਮਿਊਨਿਸਟ ਪਾਰਟੀਆਂ- ਭਾਰਤ ਦੀ ਕਮਿਉਨਿਸਟ ਪਾਰਟੀ ਅਤੇ ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) (ਦੇਸ਼ ਦੀਆਂ ਮੁੱਖ ਸੋਧਵਾਦੀ ਪਾਰਟੀਆਂ) ਦੇ ਅਲੋਚਕ ਰਹੇ। ਨਕਸਲਬਾੜੀ ਦੇ ਕਿਸਾਨ ਉਭਾਰ ਤੋਂ ਜੋ ਨਵੀਂ ਇਨਕਲਾਬੀ ਕਮਿਊਨਿਸਟ ਧਾਰਾ ਹੋਂਦ ਵਿੱਚ ਆਈ ਉਹਨਾਂ ਦੀ ਇਸ ਧਾਰਾ ਨਾਲ਼ ਅੰਤਲੇ ਸਾਹਾਂ ਤੱਕ ਹਮਦਰਦੀ ਰਹੀ। ਪਰ ਉਹ ਇਸਦੇ ਟੁੱਟ-ਖਿੰਡਾਅ ਤੋਂ ਦੁਖੀ ਵੀ ਰਹਿੰਦੇ ਸਨ। ਇਸ ਧਾਰਾ ਦੇ ਜ਼ਿਆਦਾਤਰ ਗਰੁੱਪ ਇਹ ਮੰਨਦੇ ਹਨ ਕਿ ਭਾਰਤ ਇੱਕ ਅਰਧ ਜਗੀਰੂ-ਅਰਧ-ਬਸਤੀਵਾਦੀ ਦੇਸ਼ ਹੈ ਅਤੇ ਇਹ ਨਵ-ਜ਼ਮਹੂਰੀ ਇਨਕਲਾਬ ਦੇ ਪੜਾਅ ‘ਚ ਹੈ। ਪ੍ਰੋ: ਰਣਧੀਰ ਸਿੰਘ ਭਾਰਤੀ ਸਮਾਜ ਦੀ ਇਸ ਸਮਝ ਅਤੇ ਇਨਕਲਾਬੀ ਪ੍ਰੋਗਰਾਮ ਦੇ ਇਸ ਚੌਖਟੇ ਦੇ ਸਖਤ ਵਿਰੋਧੀ ਸਨ। ਉਹਨਾਂ ਦਾ ਇਹ ਮੰਨਣਾ ਸੀ ਕਿ ਭਾਰਤ ਨੂੰ ਅਰਧ-ਜਗੀਰੂ ਅਰਧ ਬਸਤੀਵਾਦੀ ਦੇਸ਼ ਕਹਿਣਾ ਗ਼ਲਤ ਹੈ। ਭਾਰਤ ਆਪਣੀਆਂ ਹੀ ਖਾਸੀਅਤਾਂ ਵਾਲ਼ਾ ਇੱਕ ਸਰਮਾਏਦਾਰ ਦੇਸ਼ ਹੈ। ਸਮਾਜਵਾਦ ਲਈ ਲੜਾਈ ਜਿਸਦੇ ਏਜੰਡੇ ‘ਤੇ ਹੈ। ਭਾਰਤੀ ਸਮਾਜ ਦੀ ਅਜਿਹੀ ਦਰੁਸਤ ਸਮਝ ਲਈ ਪ੍ਰੋ: ਰਣਧੀਰ ਸਿੰਘ ਸਾਡੇ ਸਤਿਕਾਰ ਦੇ ਪਾਤਰ ਹਨ।

ਜਿੱਥੋਂ ਤੱਕ ਮਾਰਕਸਵਾਦੀ ਵਿਚਾਰਧਾਰਾ ਦਾ ਸਵਾਲ ਹੈ, ਇਸ ਮਾਮਲੇ ‘ਚ ਮਾਰਕਸ ਤੋਂ ਬਾਅਦ ਲੈਨਿਨ ਅਤੇ ਮਾਓ ਨੇ ਇਸ ਵਿੱਚ ਜੋ ਵਾਧਾ ਕੀਤਾ, ਪ੍ਰੋ: ਰਣਧੀਰ ਸਿੰਘ ਮਾਰਕਸਵਾਦੀ ਵਿਚਾਰਧਾਰਾ ਦੇ ਇਸ ਵਿਕਾਸ ਨੂੰ ਸਮਝਣ ‘ਚ ਅਸਫਲ ਰਹੇ।

ਸੋਵੀਅਤ ਯੂਨੀਅਨ ਚੀਨ ਅਤੇ ਹੋਰ ਦੇਸ਼ਾਂ ‘ਚ ਸਰਮਾਏਦਾਰੀ ਦੀ ਮੁੜ-ਬਹਾਲੀ ਕਿਦੋਂਂ ਹੋਈ ਅਤੇ ਕਿਵੇਂ ਹੋਈ, ਇਸ ਸਬੰਧੀ ਵੀ ਉਹ ਗ਼ਲਤ ਨਤੀਜਿਆਂ ‘ਤੇ ਪਹੁੰਚੇ, ਜਿਸ ਦੀ ਪੁਸ਼ਟੀ ਉਹਨਾਂ ਦੀ ਅੰਤਮ ਪੁਸਤਕ ‘ਸਮਾਜਵਾਦ ਦਾ ਸੰਕਟ’ ਤੋਂ ਹੋ ਜਾਂਦੀ ਹੈ। ਕਮਿਊਨਿਸਟ ਪਾਰਟੀ ਦੀ ਬਣਤਰ, ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦਾ ਸਵਾਲ, ਪ੍ਰੋਲੇਤਾਰੀ ਦੀ ਰਾਜਸੱਤ੍ਹਾ ਦੇ ਸਰੂਪ ਆਦਿ ਬਾਰੇ ਵੀ ਉਹਨਾਂ ਦੇ ਵਿਚਾਰ ਗ਼ਲਤ ਅਤੇ ਇਨਕਲਾਬੀ ਲਹਿਰ ਲਈ ਨੁਕਸਾਨਦੇਹ ਹਨ।

ਪਰ ਇਹਨਾਂ ਸਭ ਮੱਤਭੇਦਾਂ ਦੇ ਬਾਵਜੂਦ ਉਹਨਾਂ ਦਾ ਸੰਘਰਸ਼ਸ਼ੀਲ ਪ੍ਰਤੀਬੱਧ ਜੀਵਨ, ਭਾਰਤੀ ਸਮਾਜ ਬਾਰੇ ਉਹਨਾਂ ਦੀ ਦਰੁਸਤ ਸਮਝ ਸਾਡੇ ਲਈ ਪ੍ਰੇਰਨਾ ਦਾ ਸੋਮਾ ਬਣੀ ਰਹੇਗੀ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 49, 1 ਮਾਰਚ 2016 ਵਿਚ ਪਰ੍ਕਾਸ਼ਤ

Advertisements