ਪ੍ਰੋ: ਰਣਧੀਰ ਸਿੰਘ ਦੀਆਂ ਕਵਿਤਾਵਾਂ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪੰਜਾਬ ਦੀ ਵੰਡ ‘ਤੇ ਤਿੰਨ ਕਵਿਤਾਵਾਂ

1.

ਕਾਲੇ ਰੱਤੇ-ਹਨੇਰੇ ਵਿਚ ਅੱਜ
ਗੁੰਮਦੇ ਜਾਪਣ ਰਾਹ,
ਵੰਡੀਆਂ, ਖਾਈਆਂ ਨਫ਼ਰਤ-ਜਾਈਆਂ,
ਟੁੱਟ ਰਿਹਾ ਹੈ ਸਾਹ,
ਉੱਚੇ ਹੋਰ ਵੀ ਵੈਣ, ਨਿਰਾਸ਼ ਨੇ
ਬੋਝਲ ਪੰਧ ਦੇ ਭਾਰ,
ਕੰਬਦੇ ਹੱਥ ਨੇ, ਭੈਰ ਥਿੜਕਦੇ
ਤਕ ਤਕ ਕੇ ਇਹ ਹਾਰ,
ਦਿਲ ਦੇ ਚਾਨਣ ਨਿੰਮੇ ਹੋਏ
ਹਿਸ ਹਿਸ ਰਹੇ ਗੁੰਮ ਹੋ,
ਕਿਸੇ ਪੂਜਾ-ਅਸਥਾਨ ਦੀ ਜੀਕਰ
ਬੁਝਦੀ ਜਾਵੇ ਲੋਅ-

ਪੀੜ ਦੀ ਦੱਬੀ ਪੁਕਾਰ
ਬੁੱਲ੍ਹਾਂ ਤੇ ਆ ਚੀਸ ਰਹਿ ਜਾਏ
ਘੁੱਟ ਲਵੇ ਇਕ ਯਾਦ:
ਅਜੇ ਜਿਉਂਦੀ ਅਣਖ ਅਸਾਡੀ
ਜੋ ਚਾਹੇ ਨਾ ਬੀਤੀਆਂ ਰੋਣਾ
ਨਾ ਜਾਣੇ ਫ਼ਰਿਆਦ

ਤਾਂ ਵੀ ਖਿੰਡ ਗਿਆ ਗੀਤ,
ਰੋਣ ਝਨਾਵਾਂ ਅਤੇ ਰਾਵੀਆਂ,
ਹੀਰ ਹੈ ਲੀਰੋ ਲੀਰ-
ਕਿੰਜ ਭੁੱਲਾਂ ਸਭ ਇਸ਼ਕ ਜੋ ਲੁੱਟ ਗਏ,
ਅੱਜ ਦੇ ਲੱਖ ਡੱਸਦੇ ਫੱਟਾਂ ਦੀ
ਕਿਵੇਂ ਮੈਂ ਘੁੱਟਾਂ ਪੀੜ?

2.

ਨਿੱਘੀ ਰਹੁ ਜੀਵਨ ਚੰਗਿਆੜੀ
ਕੁਝ ਚਿਰ ਹੋਰ,
ਧੜਕੋ ਦਿਲ ‘ਚ ਵਿਅਰਥ ਉਮੰਗੋ
ਦੂਰ ਦੇ ਢੋਲਾਂ ਵਾਂਗ-
ਵਸਦੀ ਰਹੁ ਮੇਰੀ ਆਸ ਕੁਆਰੀ
ਕੁਝ ਚਿਰ ਹੋਰ,
ਯਾਦਾਂ ਮੇਰੇ ਕੋਲ ਜੇ ਹੋਣੀਆਂ
ਸਫ਼ਲ ਸੁਪਨਿਆਂ ਵਾਂਗ-
ਜੀ ਮੇਰੇ ਡਰ, ਪਿਆਰਾਂ-ਜਾਏ,
ਹਾਰ ਮੇਰੀ ਜੀ, ਆਸ ‘ਚੋਂ ਜਾਗੀ,
ਗੀਤ ਗਮਾਂ ਦੇ ਉੱਡਦਾ ਜਾ,
ਅਜੇ ਵੀ ਸੁਣ, ਅਪਣਾ ਸਕਦੇ ਕਈ,
ਨ੍ਹੇਰੇ ਵਿਚ ਲੱਭਦੇ ਹੱਥਾਂ ਨੂੰ
ਹੱਥ ਮਿਲਣਗੇ ਆ

ਅੱਜ ਇਹੋ ਬਗਾਵਤ ਦਾ ਐਲਾਨ:
ਟੁੱਟ ਪਵੋ ਸਭ ਹਾਰਾਂ ਇਕ ਹੋ,
ਸੋਗ ਤੇ ਗਮ ਸਭ ਤਲਖ ਸਚਾਈਆਂ,
ਜੀਵਨ ਦੇ ਸਾਰੇ ਦੁੱਖ ਘੋਰ,
ਚੜ੍ਹ ਆਵੋ! ਅੱਗੇ ਵੀ ਆਸਾਂ
ਏਵੇਂ ਜੰਮਦੀਆਂ ਆਈਆਂ-

ਦਿਲ ਦਾ ਚਾਨਣ, ਨਿੰਮ੍ਹੀ ਜੋਤ,
ਕਦੋਂ ਕਿਸੇ ਬੁੱਝਦੀ ਤੱਕ ਇਹ
ਵੈਰੀ ਦੇ ਪਰਛਾਵੇਂ ਨਾਲ਼?
ਸਾਂਝੇ ਵਹਿਣ ਨਾ ਡੱਕੇ ਜਾਣ
ਰਤ, ਪਾਣੀ ਦੇ-ਨ੍ਹੇਰੀ ਰਾਤ ‘ਚੋਂ
ਉੱਠਣ ਸਰਗੀਆਂ ਲਾਲ।

3.

ਟੁਕੜੇ ਅਪਣਾ ਵਤਨ ਹੱਥੀਂ ਹੋ ਰਿਹਾ,
ਤੁਪਕਾ ਤੁਪਕਾ ਖ਼ੂਨ ਦਾ ਹੈ ਰੋ ਰਿਹਾ
ਸੁੱਕੀਆਂ ਨਾੜਾਂ ‘ਚ, ਸਾਡਾ ਇਸ਼ਕ ਅੱਜ
ਰਾਤ ਦੀ ਸਰਹੱਦ ‘ਤੇ ਰਾਹ ਖੋ ਰਿਹਾ,
ਆਪਣੇ ਗ਼ਮ ਦਾ ਅੱਜ ਵੀ ਪਰ ਬਾਦਸ਼ਾਹ ਹਾਂ ਮੈਂ-

ਰਲਣ ਚੱਲੀ ਹੈ ਅਸਾਡੀ ਰੱਤ ਬੇਹਾਲ,
ਪੀੜਾਂ ਘੁਟ ਰੋਂਦੀ ਝਨਾਂ ਦੇ ਨੀਰ ਨਾਲ,
ਖੇਡੇ ਜਿਸ ਦੀ ਗੋਦ ਸਾਡੇ ਇਸ਼ਕ ਸੀ,
ਵਗ ਰਹੀ ਜਿਵੇਂ ਹਿਕੜੀ ਚੋਂ ਹੰਝੂ ਲਾਲ,
ਅਪਣੇ ਗ਼ਮ ਦਾ ਪਰ ਅੱਜ ਵੀ ਬਾਦਸ਼ਾਹ ਹਾਂ ਮੈਂ-

ਪਰਦੇਸ, ਚੱਪਾ ਸਾਂਝ ਦਾ ਹਰ, ਹੋ ਰਿਹਾ,
ਬੇ-ਦਾਸ ਮੈਂ ਆਪਣੀ ਹੀ ਭੋਂ ਤੇ ਹੋ ਰਿਹਾ,
ਪਿਆਰ ਪਰਵਾਸੀ, ਰਾਹਾਂ ਨਾਨਕ ਦੀਆਂ
ਬਲ ਰਹੀਆਂ ਲਟ-ਲਟ ਤੇ ਵਾਰਸ ਰੋ ਰਿਹਾ,
ਆਪਣੇ ਗ਼ਮ ਦਾ ਅੱਜ ਵੀ ਪਰ ਬਾਦਸ਼ਾਹ ਹਾਂ ਮੈਂ-
ਵੱਸਣ ਦਿਓ ਇਸ ਧਰਤ ਤੇ ਉਜੜੀ ਬਹਾਰ,
ਸੁਪਨੇ ਨਾ ਸਾਡੇ, ਅਸਾਂ ਚੁੰਮੀ ਹੈ ਹਾਰ,
ਮੈਨੂੰ ਦਿਲ ਤੋਂ ਪਿਆਰਾ ਦਿਲ ਦਾ ਜ਼ਖਮ ਅੱਜ
ਜਸ਼ਨਾਂ ਤੋਂ ਪਿਆਰੀ ਹੈ ਚੁਪ ਪੀੜ-ਪੁਕਾਰ,
ਆਪਣੇ ਗ਼ਮ ਦਾ ਤਾਂ ਅਜੇ ਵੀ ਬਾਦਸ਼ਾਹ ਹਾਂ ਮੈਂ-

ਲਹੌਰ ਨੂੰ ਸਲਾਮ

ਏਸ ਮਿੱਟੀ ਦਾ ਪਿਆਰ
ਕਿਉਂ ਉਭਰਦਾ ਆ ਰਿਹਾ,
ਹਿੱਕ ਦਾ ਗ਼ੁਬਾਰ ਕਿਉਂ ਹੈ
ਹੰਝੂ ਹੁੰਦਾ ਜਾ ਰਿਹਾ,
ਬਲ ਚੁੱਕੇ ਤੇ ਬਲ ਰਹੇ,
ਕੀ ਖੋਲ਼ਿਆ ਦੇ ਨਾਲ਼ ਸਾਂਝ,
ਰੋਦੀਆਂ ਰਾਹਾਂ ਨੇ, ਪਰ ਕੀ
ਸੋਹਲਿਆਂ ਦੇ ਨਾਲ ਸਾਂਝ,
ਫੂਕ ਰਹੀ ਇਕ ਹੋਰ ਬਸਤੀ
ਅੱਖੀਆਂ ‘ਚ ਨੀਰ ਕਿਉਂ,
ਉਜੜੀ ਹੈ ਹੋਰ ਧਰਤੀ
ਮੇਰੇ ਅੰਗੀਂ ਪੀੜ ਕਿਉਂ?

ਪਰ ਲਾਹੌਰ ‘ਹੋਰ’, ਤੇ ਸੀ
ਮੌਤ ਦੀ ਜਗੀਰ ਨਾ,
ਇਹਦੇ ਜਾਏ ਇੰਝ ਸੀ
ਕਾਤਲ ਤੇ ਰਾਹੀਗੀਰ ਨਾ,
‘ਮਾਲ’ ਦੀ ਛਾਤੀ ਉੱਤੇ ਨਾ
ਵਹਿਸ਼ਤਾਂ ਹੀ ਹੱਸੀਆਂ,
‘ਗੋਲ ਬਾਗ਼ਾਂ’ ਵਿਚ ਸਦਾ ਨਾ
ਡੁਲ੍ਹਿਆ ਵੀਰਾਂ ਦਾ ਖੂਨ,
ਨਾ ਸਦਾ ‘ਮੋਚੀ’ ਨੇ ਤੱਕਿਆ
ਇਹੋ ਕਾਲਾ ਜਨੂੰਨ,
ਤੱਕੇ ਇਸ ਲਹੌਰ ਨੇ ਸੀ
ਮਚਲਦੇ ਦਿਲ ਹੋਰ ਵੀ,
ਇਹਨਾਂ ਕੰਧਾਂ ਨੇ ਸੁਣੇ ਕਦੇ
ਗ਼ਦਰੀਆਂ ਦੇ ਸ਼ੋਰ ਵੀ,
ਇਹਦੇ ਹੀ ਚੌਕਾਂ ‘ਚ ਵਰ੍ਹੀਆਂ
ਸਾਈਮਨ ਦੀਆਂ ਲਾਠੀਆਂ,
ਏਥੇ ਹੀ ਹਸ ਹਸ ਕੇ ਚੁੰਮੀਆਂ
ਭਗਤ ਸਿੰਘ ਨੇ ਫਾਂਸੀਆਂ,
ਏਸੇ ਮਿੱਟੀ ‘ਚੋਂ ਉੱਠੇ ਸਨ
ਨਵੀਆਂ ਜੰਗਾਂ ਦੇ ਐਲਾਨ,
ਛਲਕੇ ਜਦ ਰਾਵੀ ਦੇ ਪਾਣੀ
ਆਸ ਤੱਕ ਹੋਈ ਜਵਾਨ-

ਭੁੱਲਾਂ ਕੀਕਰ ਦਿਨ ਉਹ ਜਦ
ਆਏ ਧੁੰਧੀਂ ਗੁੰਮ ਹੋਏ,
ਏਸੇ ਜ਼ਮੀਂ ਦੀ ਛੂਹ ਲੈ
ਜਾਗੇ, ਜਵਾਂ ਵੀ ਸੀ ਹੋਏ,
ਸੱਧਰਾਂ ਨੇ ਸਾਂਭ ਕੇ ਜਦ
‘ਕਮਿਊਨਿਜ਼ਮ ਦਾ ਖਿਆਲ’
ਤੱਕਿਆ ਜੀਵਨ ਦਾ ਵਹਿੰਦਾ
ਤੇ ਫਤਿਹ ਦਾ ਰਾਹ ਲਾਲ,
ਅੱਜ ਵੀ ਤੇ ਕੱਲ੍ਹ ਨੂੰ ਵੀ
ਓ ਮੇਰੇ ਉਜੜੇ ਲਾਹੌਰ,
ਨਿੱਘੀਆਂ ਰੱਖਾਂਗਾ ਦਿਲ ਵਿਚ
ਇਹ ਅਤੇ ਯਾਦਾਂ ਸੌ ਹੋਰ-
ਅੱਜ ਨਾ ਪਰ ਰੁਕ ਸਕਾਂ
ਅਸੀਂ ਹੋ ਚੁੱਕੇ ਬੇਗਾਨੇ ਹਾਂ,
ਸਾਡੀ ਜਵਾਨੀ ਦੀ ਧਰਤ
ਅੱਜ ਜਾਣਦੀ ਵੀ ਜਾਣੇ ਨਾ-
ਝੁੱਲਣੇ ਤੂਫਾਨ ਇਹ, ਰੁਲਣੇ
ਸਦਾ ਨਾ ਮੇਰੇ ਲੋਕ,
ਵੈਰੀਆਂ ਦੀ ਚਾਲ ਵਿਚ, ਭੁਲਣੇ
ਸਦਾ ਨਾ ਮੇਰੇ ਲੋਕ,
ਜਦ ਵੀ ਇਕ ਜਾਗੀ ਕੱਲ੍ਹ ਨੂੰ
ਜੀ ਆਇਆਂ ਮੈਂ ਕਹਿ ਸਕਾਂ
ਲੈ ਭਿੱਜੀਆਂ ਮੁਸਕ੍ਰਾਹਟਾਂ,
ਭਾਵੇਂ ਨਾ ਏਥੇ ਰਹਿ ਸਕਾਂ-

ਅਲਵਿਦਾ ਲਾਹੌਰ! ਯਾਦਾਂ
ਤੇ ਪਿਆਰ ਦੇ ਸ਼ਹਿਰ,
ਸਾਡੀਆਂ ਜਿੱਤਾਂ ਦੀ ਧਰਤੀ
ਸਾਡੀਆਂ ਹਾਰਾਂ ਦਾ ਸ਼ਹਿਰ,
ਫਿਰ ਮੁੜਾਂਗਾ ਇਕ ਦਿਨ ਜਦ
ਆਏਗਾ ਜਨਤਾ ਦਾ ਦੌਰ,
ਸਾਂਝ ਰੱਤੜੀ ਲੈ ਉਠੇਗਾ
ਰਾਖ ‘ਚੋਂ ਮੇਰਾ ਲਾਹੌਰ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 51, 1 ਅਪ੍ਰੈਲ 2016

 

Advertisements