ਪ੍ਰਤੀਕਰਮ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਬਲਵਿੰਦਰ ਸਿੰਘ ਜੀ,

ਸਭ ਤੋਂ ਪਹਿਲਾਂ ਤਾਂ ਇਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਲੇਖਾਂ ਨੂੰ ਤੁਹਾਡੇ ਵਰਗੇ ਸੂਝਵਾਨ ਪਾਠਕ ਆਲੋਚਨਾਤਮਕ ਢੰਗ ਨਾਲ਼ ਪੜਦੇ ਹਨ ਅਤੇ ਲੇਖਾਂ ਦੀਆਂ ਘਾਟਾਂ-ਕਮਜ਼ੋਰੀਆਂ ‘ਤੇ ਧਿਆਨ ਦਵਾਉਣ ਦਾ ਯਤਨ ਵੀ ਕਰਦੇ ਹਨ। ਲਲਕਾਰ ਵਿੱਚ ਅਜਿਹੇ ਸਿਹਤਮੰਦ ਸੰਵਾਦ ਹੋਣੇ ਚਾਹੀਦੇ ਹਨ। ਅਜਿਹੇ ਯਤਨ ਲੇਖਕਾਂ ਤੇ ਪਾਠਕਾਂ ਦੋਹਾਂ ਦੇ ਬੌਧਿਕ ਵਿਕਾਸ ਵਿੱਚ ਸਹਾਈ ਹੋਣਗੇ। ਅਜਿਹੀ ਚੰਗੀ ਪ੍ਰੰਪਰਾ ਦੀ ਸ਼ੁਰੂਆਤ ਕਰਨ ਲਈ ਤੁਸੀਂ ਵਧਾਈ ਦੇ ਪਾਤਰ ਹੋ।

ਤੁਸੀਂ ਮੇਰੇ ਲੇਖ ‘ਬਾਲੀਵੁਡ ਫ਼ਿਲਮਾਂ ਵਿੱਚ ਵਧਦਾ ਅੰਨਾ-ਕੌਮਵਾਦ ਤੇ ਸੰਘ ਪੱਖੀ ਰੁਝਾਨ’ ਸਬੰਧੀ ‘ਦੰਗਲ’ ਤੇ ‘ਸੁਲਤਾਨ’ ਫ਼ਿਲਮਾਂ ਦੇ ਮੇਰੇ ਵੱਲੋਂ ਕੀਤੇ ਵਿਸ਼ਲੇਸ਼ਣ ‘ਤੇ ਟਿੱਪਣੀ ਕੀਤੀ ਹੈ। ਪਹਿਲੀ ਗੱਲ ਤਾਂ ਇਹ ਕਿ ਮੇਰੇ ਲੇਖ ਦਾ ਵਿਸ਼ਾ ‘ਅਜੋਕੀਆਂ ਫ਼ਿਲਮਾਂ ਵਿੱਚ ਵਧਦੇ ਅੰਨੇ-ਕੌਮਵਾਦ ਤੇ ਸੰਘ ਪੱਖੀ ਰੁਝਾਨ’ ਨਾਲ਼ ਸਬੰਧਤ ਸੀ ਜਿਸ ਵਿੱਚ ਮੈਂ ਕਈ ਫ਼ਿਲਮਾਂ ਰਾਹੀਂ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਕਿਹੜੀਆਂ-ਕਿਹੜੀਆਂ ਫ਼ਿਲਮਾਂ ਵਿੱਚ ਇਹ ਰੁਝਾਨ ਸਿੱਧੇ ਜਾਂ ਅਸਿੱਧੇ ਰੂਪ ‘ਚ ਪੇਸ਼ ਹੋਇਆ ਹੈ। ਇਸ ਕਰਕੇ ਇਸ ਲੇਖ ਦੀ ਇਹ ਸੀਮਤਾਈ ਸੀ ਕਿ ਇਸ ਵਿੱਚ ਹਰ ਫ਼ਿਲਮ ਦਾ ਵਿਸਥਾਰ ‘ਚ ਵਿਸ਼ਲੇਸ਼ਣ ਨਹੀਂ ਹੋ ਸਕਦਾ ਸੀ। ਦੂਜਾ ਹਰ ਫ਼ਿਲਮ ਦੀ ਆਲੋਚਨਾ ਬਹੁਤ ਸਾਰੇ ਪੱਖਾਂ ਤੋਂ ਹੋ ਸਕਦੀ ਹੈ ਜਿਵੇਂ ਫ਼ਿਲਮ ਦਾ ਦਾਰਸ਼ਨਿਕ ਪੱਖ, ਸਿਆਸੀ ਪੱਖ, ਸਮਾਜਿਕ ਤੇ ਸੱਭਿਆਚਾਰਕ ਪੱਖ ਅਤੇ ਕਲਾਤਮਕ ਪੱਖ। ਸਾਰੀਆਂ ਫ਼ਿਲਮਾਂ ਦੇ ਸਾਰੇ ਪੱਖਾਂ ਬਾਰੇ ਚਰਚਾ ਕਰਨਾ ਲੇਖ ਦੇ ਵਿਸ਼ੇ ਤੋਂ ਬਾਹਰੀ ਗੱਲ ਸੀ। ਇਸ ਕਰਕੇ ਹਰ ਫ਼ਿਲਮ ਦੇ ਖ਼ਾਸ ਦ੍ਰਿਸ਼, ਵਿਸ਼ੇ, ਵਾਰਤਾਲਾਪ, ਕਾਰਜ, ਸੰਦੇਸ਼ ਦੀ ਹੀ ਗੱਲ ਕੀਤੀ ਜੋ ਉਸ ਫ਼ਿਲਮ ਨੂੰ ਅੰਨਾ-ਕੌਮਵਾਦ ਤੇ ਸੰਘ ਦੇ ਪੱਖ ‘ਚ ਭੁਗਤਾਉਣ ਦਾ ਯਤਨ ਕਰਦਾ ਸੀ।

ਦੂਜਾ ਤੁਸੀਂ ਲਿਖਿਆ ਕਿ ‘ਦੰਗਲ’ ਫ਼ਿਲਮ ‘ਭਾਰਤੀ ਕੌਮ’ ਦੀ ਗੱਲ ਕਰਦੀ ਹੈ। ਪਰ ਮੈਨੂੰ ਲੱਗਦਾ ਹੈ ਤੁਸੀਂ ਕੌਮ ਦੇ ਸੰਕਲਪ ਨੂੰ ਸਮਝਣ ਵਿੱਚ ਗ਼ਲਤੀ ਕਰ ਰਹੇ ਹੋ। ਕਿਸੇ ਇੱਕ ਕੌਮ ਵਿੱਚ ਵੀ ਤਾਂ ਗਲਬਾ ਸਰਮਾਏਦਾਰ ਜਮਾਤ ਦਾ ਹੀ ਹੁੰਦਾ ਹੈ ਅਤੇ ਕੌਮਵਾਦ-ਕੌਮਵਾਦ ਦੀ ਖੇਡ ਦਾ ਫਾਇਦਾ ਵੀ ਉਸਨੂੰ ਹੀ ਹੁੰਦਾ ਹੈ। ਦੂਜਾ ਕੌਮੀ ਵਿਚਾਰਧਾਰਾ ਵੀ ਸਰਮਾਏਦਾਰ ਜਮਾਤ ਦੀ ਵਿਚਾਰਧਾਰਾ ਦਾ ਹੀ ਇੱਕ ਰੂਪ ਹੈ। ਅੰਨਾ-ਕੌਮਵਾਦ ਦਾ ਗੁਣਗਾਨ ਵੀ ਸਰਮਾਏਦਾਰਾ ਗਲਬੇ ਨੂੰ ਪੱਕਾ ਕਰਨ ਦਾ ਹੀ ਇੱਕ ਸੰਦ ਹੈ ਜੋ ਸੰਕਟ ਦੇ ਸਮੇਂ ਜ਼ਿਆਦਾ ਉੱਚੀ ਸੁਰ ਵਿੱਚ ਸੁਣਾਈ ਦਿੰਦਾ ਹੈ, ਭਾਵੇਂ ਕਿ ਕੌਮਵਾਦ ਦੀ ਇੱਕ ਸਮੇਂ ਇਤਿਹਾਸਕ ਤੌਰ ‘ਤੇ ਅਗਾਂਹਵਧੂ ਭੂਮਿਕਾ ਤੋਂ ਮੈਂ ਇਨਕਾਰੀ ਨਹੀਂ ਹਾਂ। ਇਸੇ ਕਰਕੇ ਮਹਾਂਵੀਰ ਸਿੰਘ ਫੋਗਾਟ ‘ਭਾਰਤ ਦੇ ਅਖੌਤੀ ਮਾਹਨ ਇਤਿਹਾਸ ਦਾ ਰੂਪਕ’ ਨਹੀਂ ਸਗੋਂ ਇੱਕ ਹੁਨਰਮੰਦ ਅਗਵਾਈ ਤੇ ਨਿਰਦੇਸ਼ਨ ਦੇਣ ਵਾਲ਼ੇ ਦਾ ਰੂਪਕ ਹੈ ਅਤੇ ਗੀਤਾ ਫੋਗਾਟ ਭਾਰਤੀ ਸਰਮਾਏਦਾਰ ਜਮਾਤ ਦਾ ਰੂਪਕ, ਜਿਹਨਾਂ ਰਾਹੀਂ ਫ਼ਿਲਮ ਦੱਸਦੀ ਹੈ ਕਿ ਜੇਕਰ ਹੁਨਰਮੰਦ ਤੇ ਸਿਆਣੀ ਆਗਵਾਈ ਤੇ ਨਿਰਦੇਸ਼ਨਾ ਮਿਲੇ ਤਾਂ ਭਾਰਤੀ ਸਰਮਾਏਦਾਰ ਜਮਾਤ ਸੰਸਾਰ ਮੰਡੀ ‘ਤੇ ਆਪਣਾ ਭਾਰੂ ਪ੍ਰਭਾਵ ਪਾ ਸਕਦੀ ਹੈ। ਦੂਜਾ ਤੁਸੀਂ ਲਿਖਿਆ ਕਿ ‘ਭਾਰਤ ਮਾਤਾ ਦੀ ਜੈ’ ਨਾਲ਼ ਫ਼ਿਲਮ ਸੰਘੀ ਵਿਚਾਰਧਾਰਾ ਦੀ ਨਹੀਂ ਹੋ ਜਾਂਦੀ। ਪਰ ਫ਼ਿਲਮ ਕਿਸੇ ਇੱਕ ਬਿੰਬ, ਪ੍ਰਤੀਕ, ਇਸ਼ਾਰੇ, ਦ੍ਰਿਸ਼ ਜਾਂ ਵਾਰਤਾਲਾਪ ਨਾਲ਼ ਵੀ ਕਿਸੇ ਦੇ ਪੱਖ ‘ਚ ਜਾਂ ਵਿਰੋਧ ‘ਚ ਭੁਗਤ ਸਕਦੀ ਹੈ। ਆਪਾਂ ਨੂੰ ਪਤਾ ਹੈ ਕਿ ‘ਭਾਰਤ ਮਾਤਾ ਦੀ ਜੈ’ ਦਾ ਨਾਅਰਾ ਅੱਜ ਸੰਘ ਲਾ ਰਿਹਾ ਹੈ। ਅਤੇ ਹੁਣ ਕਿਸੇ ਫ਼ਿਲਮ ਵਿੱਚ ਜੇਕਰ ਅਜਿਹਾ ਨਾਅਰਾ ਉਸਦੇ ਕੁੱਲ ਕਾਰਜ ਨਾਲ਼ ਟਕਰਾਵਾਂ ਜਾਂ ਸਾਂਗਵਾਂ ਹੈ ਤਾਂ ਇਸਦਾ ਕੋਈ ਮਤਲਬ ਬਣਦਾ ਹੈ। ਅਤੇ ਇਹ ਵੀ ਜ਼ਰੂਰੀ ਨਹੀਂ ਕਿ ਅਜਿਹਾ ਨਾਅਰਾ ਕਿੰਨੀ ਵਾਰ ਆਉਂਦਾ ਹੈ। ਜੇਕਰ ਕੋਈ ਫ਼ਿਲਮ ‘ਖਾਲਿਸਤਾਨ ਜ਼ਿੰਦਾਬਾਦ’ ਦਾ ਨਾਅਰਾ ਲਵਾਉਂਦੀ ਹੈ ਤਾਂ ਇਸ ਨਾਅਰੇ ਦਾ ਵੀ ਕੋਈ ਮਤਲਬ ਹੋਵੇਗਾ। ਜੇਕਰ ਕੋਈ ਫ਼ਿਲਮ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਲਾਉਂਦੀ ਹੈ ਤਾਂ ਇਸਦਾ ਵੀ ਕੋਈ ਮਤਲਬ ਹੋਵੇਗਾ, ਉਹ ਨਾਅਰਾ ਫ਼ਿਲਮ ਨੂੰ ਇਨਕਲਾਬੀ ਤਾਕਤਾਂ ਦੇ ਪੱਖ ‘ਚ ਜਾਂ ਵਿਰੋਧ ‘ਚ ਭੁਗਤਾ ਸਕਦਾ ਹੈ। ਪਰ ਇਹ ਕਿਸੇ ਫ਼ਿਲਮ ਦੇ ਕੁੱਲ ਕਾਰਜ ਨੂੰ ਦੇਖ ਕੇ ਹੀ ਤੈਅ ਹੋਵੇਗਾ।

ਦੂਜਾ ‘ਸੁਲਤਾਨ’ ਬਾਰੇ ਵੀ ਤੁਸੀਂ ਮੇਰੇ ਲੇਖ ਦੇ ਹਵਾਲੇ ਨਾਲ਼ ਲਿਖਿਆ ਕਿ ‘ਸੁਲਤਾਨ ਜਦ ਭਾਰਤ ‘ਮਾਤਾ ਦੀ ਜੈ’ ਕਹਿੰਦਾ ਹੈ ਤਾਂ ਜਿੱਤ ਜਾਂਦਾ ਹੈ’, ‘ਇਸ ਛੋਟੇ ਜਿਹੇ ਦ੍ਰਿਸ਼ ਤੋਂ ਨਹੀਂ ਤੈਅ ਹੁੰਦਾ ਕਿ ਫ਼ਿਲਮ ਕੀ ਕਹਿਣਾ ਚਾਹੁੰਦੀ ਹੈ’। ਬਲਵਿੰਦਰ ਜੀ ਮੈਂ ਇਹ ਦਾਵਾ ਕੀਤਾ ਵੀ ਨਹੀਂ। ਮੈਂ ਲੇਖ ਦੇ ਸ਼ੁਰੂ ਵਿੱਚ ਹੀ ਅੰਨੇਕੌਮਵਾਦ ਦੇ ਪੱਖ ਵਿੱਚ ਭੁਗਤਣ ਵਾਲ਼ੀਆਂ ਫ਼ਿਲਮ ਦੀ ਸੂਚੀ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਸੀ, ਪਹਿਲੀ ਉਹ ਜਿਹਨਾਂ ਵਿੱਚ ਬਿਲਕੁਲ ਕਲੀਅਰ ਕੱਟ ਅੰਨਾ-ਕੌਮਵਾਦ ਦਾ ਪ੍ਰਗਟਾਅ ਹੋਇਆ ਹੈ ਅਤੇ ਦੂਜੀਆਂ ਜਿਹਨਾਂ ਵਿੱਚ ਕਿਸੇ ਬਿੰਬ, ਪ੍ਰਤੀਕ, ਦ੍ਰਿਸ਼, ਵਾਰਤਾਲਾਪ ਜਾਂ ਇਸ਼ਾਰੇ ਆਦਿ ਨਾਲ਼। ਇਸੇ ਕਰਕੇ ਮੈਂ ਸੁਲਤਾਨ ਤੇ ਦੰਗਲ ਫ਼ਿਲਮਾਂ ਨੂੰ ਦੂਜੀ ਸ਼੍ਰੇਣੀ ਵਿੱਚ ਰੱਖਿਆ ਸੀ। ਮੈਂ ਅੰਸ਼ ਨੂੰ ਸਮੁੱਚ ਬਣਾਉਣ ਦੀ ਗ਼ਲਤੀ ਨਹੀਂ ਕੀਤੀ ਸਗੋਂ ਫ਼ਿਲਮਾਂ ਦੇ ਅੰਸ਼ਾਂ ਬਾਰੇ ਹੀ ਗੱਲ ਕੀਤੀ ਹੈ ਤੇ ਇਹੀ ਇਸ ਲੇਖ ਦਾ ਵਿਸ਼ਾ ਸੀ।

•ਕੁਲਦੀਪ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 9, 16 ਤੋਂ 30 ਜੂਨ 2017 ਵਿੱਚ ਪ੍ਰਕਾਸ਼ਿਤ

Advertisements