ਪਾਵਰ ਪ੍ਰੈੱਸ ‘ਤੇ ਮਜ਼ਦੂਰ ਦੀ ਉਂਗਲ਼ ਕੱਟੀ ਗਈ : ਮਾਲਕ ਨੇ ਬੋਲੇ ਸ਼ਰਮਨਾਕ ਬੋਲ – ”ਤੂੰ ਜਾਣਬੁੱਝ ਕੇ ਕਟਵਾਈ ਹੈ”!!

13086917_1727414327531043_915752605192544283_o

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

13 ਅਪ੍ਰੈਲ 2016 ਨੂੰ ਗਜੇਂਦਰ ਮਹਤੋ ਪਾਵਰ ਪ੍ਰੈੱਸ ਮਸ਼ੀਨ ਚਲਾ ਰਿਹਾ ਸੀ। ਫੈਕਟਰੀ ਮਾਲਕ ਨੇ ਉਸਨੂੰ ਦੂਸਰੀ ਮਸ਼ੀਨ ‘ਤੇ ਕੰਮ ਕਰਨ ਨੂੰ ਕਿਹਾ। ਗਜੇਂਦਰ ਨੇ ਵੇਖਿਆ ਕਿ ਉਸ ਮਸ਼ੀਨ ਦੇ ਸੈਂਸਰ ਖਰਾਬ ਹਨ। ਕਲੱਚ ਵੀ ਢਿੱਲਾ ਸੀ। ਹਾਦਸਾ ਹੋਣ ਦੇ ਡਰੋਂ ਉਸਨੇ ਉਹ ਮਸ਼ੀਨ ਚਲਾਉਣ ਤੋਂ ਇਨਕਾਰ ਕਰ ਦਿੱਤਾ। ਮਾਲਕ ਨੇ ਉਸਨੂੰ ਕੰਮ ਤੋਂ ਕੱਢਣ ਦੀ ਧਮਕੀ ਦਿੱਤੀ ਤਾਂ ਉਸਨੂੰ ਉਹ ਖਸਤਾਹਾਲ ਮਸ਼ੀਨ ਚਲਾਉਣ ਲਈ ਮੰਨਣਾ ਪਿਆ। ਉਸਦੀ ਆਰਥਿਕ ਹਾਲਤ ਕੁੱਝ ਜਿਆਦਾ ਹੀ ਮਾੜੀ ਚੱਲ ਰਹੀ ਸੀ। ਕੁੱਝ ਦਿਨ ਪਹਿਲਾਂ ਹੀ ਉਸਦੀ ਪਤਨੀ ਦੇ ਕੰਨ ਦਾ ਅਪ੍ਰਰੇਸ਼ਨ ਹੋਇਆ ਸੀ ਜਿਸ ‘ਤੇ ਚਾਲ਼ੀ ਹਜ਼ਾਰ ਰੁਪਏ ਖਰਚਾ ਆ ਗਿਆ ਸੀ। ਉਹ ਮਸ਼ੀਨ ਉੱਤੇ ਕੰਮ ਕਰ ਹੀ ਰਿਹਾ ਸੀ ਕਿ ਕੁੱਝ ਹੀ ਸਮੇਂ ਬਾਅਦ ਇੱਕ ਭਿਆਨਕ ਹਾਦਸਾ ਵਾਪਰ ਗਿਆ। ਉਸਦਾ ਸੱਜਾ ਹੱਥ ਅਜੇ ਪ੍ਰੈਸ ਦੇ ਅੰਦਰ ਹੀ ਸੀ ਕਿ ਢਿੱਲਾ ਕਲੱਚ ਦੱਬਿਆ ਗਿਆ। ਅੰਗੂਠੇ ਦੇ ਨਾਲ਼ ਦੀ ਉਂਗਲ ਵੱਢੀ ਗਈ। ਮਾਲਕ ਉਸਨੂੰ ਚੁੱਕ ਕੇ ਇੱਕ ਪ੍ਰਾਈਵੇਟ ਹਸਪਤਾਲ ਲੈ ਗਿਆ। ਮਾਲਕ ਨੇ ਉਸਨੂੰ ਕਿਹਾ ਕਿ ਉਹ ਪੁਲੀਸ ਕੋਲ਼ ਨਾ ਜਾਵੇ। ਪੂਰਾ ਇਲਾਜ ਕਰਾਉਣ, ਹਮੇਸ਼ਾਂ ਲਈ ਕੰਮ ‘ਤੇ ਰੱਖਣ, ਮੁਆਵਜ਼ਾ ਦੇਣ ਆਦਿ ਦਾ ਉਸਨੂੰ ਭਰੋਸਾ ਦਿੱਤਾ। ਗਜੇਂਦਰ ਮਾਲਕ ਦੀਆਂ ਗੱਲਾਂ ਵਿੱਚ ਆ ਗਿਆ। 15 ਕੁ ਦਿਨ ਬਾਅਦ ਮਾਲਕ ਨੇ ਉਸਨੂੰ ਕੰਮ ਤੋਂ ਕੱਢ ਦਿੱਤਾ ਹੈ, ਇਲਾਜ ਕਰਾਉਣਾ ਬੰਦ ਕਰ ਦਿੱਤਾ ਹੈ ਅਤੇ ਹੋਰ ਕਿਸੇ ਵੀ ਪ੍ਰਕਾਰ ਦੀ ਆਰਥਿਕ ਮਦਦ ਕਰਨ ਤੋਂ ਵੀ ਮੁੱਕਰ ਗਿਆ।

ਇਹ ਹਾਦਸਾ ਸਪੱਸ਼ਟ ਤੌਰ ਉੱਤੇ ਕਾਰਖਾਨਾ ਮਾਲਕ ਦੀ ਮੁਨਾਫੇ ਹਵਸ ਅਤੇ ਆਪਰਾਧਿਕ ਲਾਪਰਵਾਹੀ ਦਾ ਨਤੀਜਾ ਹੈ। ਪਰ ਬੇਸ਼ਰਮੀ ਦੀ ਹੱਦ ਵੇਖੋ ਮਾਲਕ ਕਹਿ ਰਿਹਾ ਹੈ ਕਿ ਗਜੇਂਦਰ ਨੇ ਜਾਣ-ਬੁੱਝ ਕੇ ਆਪਣਾ ਹੱਥ ਮਸ਼ੀਨ ‘ਚ ਦਿੱਤਾ ਹੈ!

ਕਾਰਖਾਨੇ ਵਿੱਚ ਲੱਗਭਗ 15 ਮਜ਼ਦੂਰ ਕੰਮ ਕਰਦੇ ਹਨ। ਪਰ ਕਿਸੇ ਵੀ ਮਜ਼ਦੂਰ ਨੂੰ ਨਾ ਤਾਂ ਪਹਿਚਾਣ ਪੱਤਰ ਮਿਲ਼ਿਆ ਹੈ, ਨਾ ਈ.ਐਸ.ਆਈ. ਅਤੇ ਨਾ ਹੀ ਪੀ.ਐਫ. ਦੀ ਸਹੂਲਤ ਮਿਲ਼ੀ ਹੈ। ਕਾਰਖਾਨੇ ਦਾ ਨਾਂ ਕਿਸੇ ਵੀ ਮਜ਼ਦੂਰ ਨੂੰ ਨਹੀਂ ਪਤਾ। ਬਸ ਮਾਲਕ ਦਾ ਨਾਂ ਪਤਾ ਹੈ – ਬੀ.ਡਬਲਿਊ. ਸ਼ਰਮਾ। ਲੁਧਿਆਣੇ ਦੇ ਸ਼ੇਰਪੁਰ ਇਲਾਕੇ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੀ ਤਿੰਨ ਨੰਬਰ ਗਲੀ ਵਿੱਚ ਸਥਿਤ ਇਸ ਕਾਰਖਾਨੇ ਦੇ ਗੇਟ ਉੱਤੇ ਕੋਈ ਬੋਰਡ ਨਹੀਂ ਲੱਗਾ। (ਲੁਧਿਆਣੇ ਦੇ ਵੱਡੀ ਗਿਣਤੀ ਕਾਰਖਾਨਿਆਂ ਦੀ ਇਹੋ ਹਾਲਤ ਹੈ)। ਨਾ ਹੀ ਕਾਰਖਾਨੇ ਦੇ ਮਜ਼ਦੂਰ ਇਕਮੁੱਠ ਹਨ ਅਤੇ ਨਾ ਹੀ ਇਲਾਕੇ ਵਿੱਚ ਯੂਨੀਅਨ ਬਣੀ ਹੈ। ਨਤੀਜਾ ਇਹ ਹੈ ਕਿ ਹੋਰ ਕਾਰਖਾਨਿਆਂ ਦੇ ਮਾਲਕਾਂ ਵਾਂਗ ਇਹ ਮਾਲਕ ਵੀ ਮਜ਼ਦੂਰਾਂ ਦੀ ਭਿਆਨਕ ਲੁੱਟ ਕਰਨ ਲਈ ਪੂਰੀ ਤਰ੍ਹਾਂ ਅਜ਼ਾਦ ਹੈ।

ਗਜੇਂਦਰ ਨੇ 30 ਅਪ੍ਰੈਲ ਨੂੰ ਕਾਰਖਾਨਾ ਮਜ਼ਦੂਰ ਯੂਨੀਅਨ ਨਾਲ਼ ਸੰਪਰਕ ਕੀਤਾ ਹੈ। ਯੂਨੀਅਨ ਉਸਦੀ ਮਦਦ ਕਰ ਰਹੀ ਹੈ। ਪੁਲੀਸ ਕੋਲ਼ ਸ਼ਿਕਾਇਤ ਤੋਂ ਬਾਅਦ ਮਾਲਕ ਨੇ ਮਜ਼ਦੂਰ ਨੂੰ ਤੁਰੰਤ ਸੱਤ ਹਜ਼ਾਰ ਰੁਪਏ ਦਿੱਤੇ ਹਨ। ਪਰ ਗਜੇਂਦਰ ਲਈ ਇਹ ਮਦਦ ਨਿਗੂਣੀ ਹੈ। ਇਲਾਕੇ ਦੇ ਮਜ਼ਦੂਰਾਂ ਦਾ ਏੇਕਾ ਹੁੰਦਾ ਤਾਂ ਮਾਲਕ ਨੂੰ ਘਟਨਾ ਮੌਕੇ ਹੀ ਜਾਇਜ਼ ਮੁਆਵਜ਼ੇ ਅਤੇ ਹੋਰ ਗੱਲਾਂ ਲਈ ਮਨਾਇਆ ਜਾ ਸਕਦਾ ਸੀ। ਤਦ ਮਾਲਕ ਇਸ ਢੰਗ ਨਾਲ਼ ਮਨਮਰਜੀ ਨਹੀਂ ਕਰ ਸਕਦਾ ਸੀ। ਕਾਰਖਾਨਾ ਮਜ਼ਦੂਰ ਯੂਨੀਅਨ ਵੱਲੋਂ ਗਜੇਂਦਰ ਦੀ ਕਨੂੰਨੀ ਮਦਦ ਜਾਰੀ ਹੈ ਜਿਸ ਰਾਹੀਂ ਉਸਨੂੰ ਕੁੱਝ ਹੱਦ ਤੱਕ ਰਾਹਤ ਦੀ ਉਮੀਦ ਬੱਝੀ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 54, 16 ਮਈ 2016 ਵਿੱਚ ਪਰ੍ਕਾਸ਼ਤ

Advertisements