ਪੋਰਨੋਗ੍ਰਾਫੀ ਇੱਕ ਸਰਮਾਏਦਾਰਾ ਕੋਹੜ •ਅਜੇਪਾਲ (ਦੂਜੀ ਕਿਸ਼ਤ)

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਆਪਣੀ ਕਿਤਾਬ ਦੇ ਅਗਲੇ ਅਧਿਆਏ ‘ਗਰੂਮਿੰਗ ਫਾਰ ਗੋਂਜ਼ੋਂ’ ਵਿੱਚ ਗੇਲ ਮਰਦਾਂ ਉੱਪਰ ਕੇਂਦਰਤ ਕਰਦੀ ਹੈ। ਉਹ ਇਸ ਮਿੱਥ ਦਾ ਵੀ ਖੰਡਨ ਕਰਦੀ ਹੈ ਕਿ ਮਰਦ ਜਮਾਂਦਰੂ ਕਾਮੀ ਅਤੇ ਔਰਤਾਂ ਪ੍ਰਤੀ ਵਹਿਸ਼ੀ ਹੁੰਦੇ ਹਨ। ਅਸਲ ਵਿੱਚ ਮਰਦਾਂ ਨੂੰ ਅਜਿਹਾ ਬਣਾਇਆ ਜਾਂਦਾ ਹੈ। ਖਿਡੌਣਿਆਂ ਦੀ ਦੁਕਾਨ ਵਿੱਚ ਮੁੰਡਿਆਂ ਲਈ ਚਾਕੂਆਂ, ਭਲਵਾਨਾਂ ਅਤੇ ਨਕਲੀ ਪਿਸਤੌਲਾਂ ਜਿਹੇ ਖਿਡੌਣੇ ਹੁੰਦੇ ਹਨ ਅਤੇ ਕੁੜੀਆਂ ਇਸ ਤੋਂ ਉਲਟ ਗੁੱਡੇ-ਗੁੱਡੀਆਂ, ਸ਼ਹਿਜ਼ਾਦੀਆਂ, ਘਰੇਲੂ ਭਾਂਡੇ ਅਤੇ ਸਜਣ-ਸੰਵਰਨ ਜਿਹੇ ਖਿਡੌਣੇ ਮਿਲ਼ਦੇ ਹਨ। ਮੁੰਡੇ ਨੂੰ ਛੋਟੇ ਹੁੰਦੇ ਤੋਂ ਹੀ ਦਰਸਾਇਆ ਜਾਂਦਾ ਹੈ ਕਿ ਉਹਦੇ ਲਈ ਸਭ ਤੋਂ ਬੁਰੀ ਗੱਲ ਹੈ ਇੱਕ ਕੁੜੀ ਹੋਣਾ। ਸਾਡੇ ਪੰਜਾਬ ਵਿੱਚ ਆਮ ਕਿਹਾ ਜਾਂਦਾ ਹੈ, ”ਕੀ ਕੁੜੀਆਂ ਵਾਂਗ ਰੋਣ ਲੱਗਿਆਂ?” ਅਸਲ ਮਰਦ ਦਾ ਮਤਲਬ ਉਸਨੂੰ ਸਮਝਾਇਆ ਜਾਂਦਾ ਹੈ ਮਜ਼ਬੂਤ, ਤਾਕਤਵਰ ਅਤੇ ਗੈਰ-ਜਜ਼ਬਾਤੀ। ਪਰ ਮਰਦ ਜਮਾਂਦਰੂ ਅਜਿਹੇ ਨਹੀਂ ਹੁੰਦੇ! ਤਿੰਨ ਚਾਰ ਸਾਲ ਦੇ ਛੋਟੇ ਬੱਚਿਆਂ ਨੂੰ ਖੇਡਦੇ ਵੇਖਿਆ ਜਾ ਸਕਦਾ ਹੈ। ਉਹਨਾਂ ਲਈ ਕੁੜੀਆਂ-ਮੁੰਡਿਆਂ ਦਾ ਫਰਕ ਕੋਈ ਮਾਅਨੇ ਨਹੀਂ ਰੱਖਦਾ, ਬੱਚਿਆਂ ਦਾ ਵਿਰੋਧੀ ਲਿੰਗ ਨਾਲ਼ ਵਰਤਾਅ ਬਰਾਬਰੀ ਦੇ ਅਧਾਰ ‘ਤੇ ਹੁੰਦਾ ਹੈ ਪਰ ਜਿਵੇਂ ਜਿਵੇਂ ਉਹ ਵੱਡੇ ਹੁੰਦੇ ਹਨ ਬਰਾਬਰੀ ਖਤਮ ਹੁੰਦੀ ਜਾਂਦੀ ਹੈ। ਕੁੜੀਆਂ ਨੂੰ ‘ਕੁੜੀਆਂ ਵਾਂਗ ਤੁਰਨ’ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਮੁੰਡਿਆਂ ਨੂੰ ਮਰਦਾਨਗੀ ਸਿਖਾਈ ਜਾਂਦੀ ਹੈ। ਮਰਦ ਨੂੰ ਸੈਕਸ ਲਈ ਇਵੇਂ ਤਿਆਰ ਕੀਤਾ ਜਾਂਦਾ ਜਿਵੇਂ ਕੋਈ ਕਿਲ੍ਹਾ ਫਤਿਹ ਕਰਨਾ ਹੋਵੇ, ਇਸ ਕਿਲ੍ਹਾ ਫਤਿਹ ਕਰਨ ਦੀ ਭਾਵਨਾ ਨੂੰ ਮਰਦਾਨਗੀ ਦਾ ਸਮਾਨਅਰਥੀ ਬਣਾ ਦਿੱਤਾ ਗਿਆ ਹੈ ਅਤੇ ਇਸੇ ਭਾਵਨਾ ਦਾ ਪੋਰਨ ਵਿੱਚ ਫਿਲਮਾਂਕਣ ਹੁੰਦਾ ਅਤੇ ਖਾਸਕਰ ਗੋਂਜ਼ੋ ਪੋਰਨ ਵਿੱਚ। ਮਰਦਾਂ ਉੱਤੇ ਕੀਤੇ ਇੱਕ ਸਰਵੇਖਣ ਅਨੁਸਾਰ ਪੋਰਨੋਗਰਾਫੀ ਵੇਖਣ ਵਾਲ਼ੇ ਮਰਦਾਂ ਵਿੱਚ ਹੇਠਲੇ ਬਦਲਾਅ ਵੇਖੇ ਗਏ…

1. ਬਲਾਤਕਾਰ ਪੀੜਤਾਂ ਨਾਲ਼ ਹਮਦਰਦੀ ਘਟਦੀ ਹੈ।
2. ਇਹ ਵਿਚਾਰ ਦਿੰਦੇ ਹਨ ਕਿ ਭੜਕਾਊ ਕੱਪੜੇ ਪਾਉਣ ਵਾਲ਼ੀਆਂ ਔਰਤਾਂ ਬਲਾਤਕਾਰ ਦੀਆਂ ਹੀ ਹੱਕਦਾਰ ਹਨ।
3. ਉਹਨਾਂ ਔਰਤਾਂ ‘ਤੇ ਗੁੱਸਾ ਕਰਦੇ ਹਨ ਜੋ ਫਲਰਟ ਤਾਂ ਕਰਦੀਆਂ ਹਨ ਪਰ ਸੈਕਸ ਤੋਂ ਇਨਕਾਰ ਕਰ ਦਿੰਦੀਆਂ ਹਨ।
4. ਆਪਣੀਆਂ ਪਤਨੀਆਂ ਜਾਂ ਪ੍ਰੇਮਕਾਵਾਂ ਵਿੱਚ ਸੈਕਸੁਅਲ ਦਿਲਚਸਪੀ ਘਟ ਗਈ।
5. ਆਪਣੇ ਸਾਥੀ ਨੂੰ ਅਣਚਾਹੇ ਲੈਂਗਿਕ ਆਸਣਾਂ ਲਈ ਮਜਬੂਰ ਕਰਨ ਵਿੱਚ ਦਿਲਚਸਪੀ ਵਧ ਗਈ।
6. ਮਰਦ ਆਪਣੀ ਸਾਥੀ ਨਾਲ਼ ਫੀਚਰ (ਕਹਾਣੀ ਅਧਾਰਤ) ਪੋਰਨ ਵੇਖਦੇ ਹਨ ਤਾਂ ਕਿ ਉਹਨਾਂ ਨੂੰ ਪੋਰਨ ਸੈਕਸ ਨਾਲ਼ ਸਮਾਜਿਕ ਕੀਤਾ ਜਾ ਸਕੇ, ਪਰ ਇਕੱਲ ਵਿੱਚ ਮਰਦ ਸਿਰਫ਼ ਗੋਂਜ਼ੋ ਪੋਰਨ ਹੀ ਵੇਖਦੇ ਹਨ।

ਇਸ ਤੋਂ ਇਲਾਵਾ ਸਰਵੇਖਣਾਂ ਮੁਤਾਬਕ ਕੁੱਝ ਭਾਵ ਹਨ ਜੋ ਪੋਰਨ ਪੈਦਾ ਕਰਦਾ ਹੈ। ਇਹ ਮਰਦ ਨੂੰ ਇਹ ਮਹਿਸੂਸ ਕਰਵਾਉਂਦਾ ਹੈ ਕਿ ਜੇ ਔਰਤ ਬਿਨਾਂ ਸਵਾਲ ਚੁੱਕੇ ਉਹਦੀ ਹਰ ਗੱਲ ਮੰਨੇ ਤਾਂ ਜ਼ਿੰਦਗੀ ਕਿੰਨੀ ਸੁਖੀ ਹੋਵੇਗੀ। ਔਰਤ ਸੈਕਸੁਅਲ ਤੌਰ ‘ਤੇ ਵਰਤੇ ਜਾਣਾ ਚੰਗਾ ਮਹਿਸੂਸ ਕਰਦੀ ਹੈ (ਇਹ ਭਾਵ ਔਰਤਾਂ ਵਿੱਚ ਵੀ ਪਾਇਆ ਗਿਆ ਹੈ)। ਦਰਸ਼ਕ ਦਿਲੋਂ ਮਹਿਸੂਸ ਕਰਦਾ ਹੈ ਕਿ ਇਹਨਾਂ ਸੰਭੋਗੀ ਆਸਣਾਂ ਵਿੱਚ ਕਿਸੇ ਨੂੰ ਕੋਈ ਦੁੱਖ ਨਹੀਂ ਹੁੰਦਾ ਸਗੋਂ ਇਹੀ ਚਰਮ ਆਨੰਦ ਹੈ ਅਤੇ ਮਰਦ ਤੇ ਔਰਤ ਲਈ ਖੁਦ ਦਾ ਅਮਾਨਵੀਕਰਣ ਸਹਿਜ ਹੋ ਜਾਂਦਾ ਹੈ। ਮਰਦ ਇਸ ਗੱਲ ਲਈ ਸਹਿਮਤ ਹੋ ਜਾਂਦਾ ਹੈ ਕਿ ਔਰਤ ਪਹਿਲਾਂ ਪਹਿਲ ਸੈਕਸ ਪਸੰਦ ਨਹੀਂ ਕਰਦੀਆਂ, ਪਰ ਥੋੜੀ ਜ਼ੋਰ-ਅਜ਼ਮਾਈ ਤੋਂ ਬਾਅਦ ਉਹ ਸਭ ਚਾਹ ਕੇ ਕਰਦੀਆਂ ਹਨ (ਮਰਡਰ ਫਿਲਮ ਦਾ ਉਹ ਮਸ਼ਹੂਰ ਸੀਨ ਵੀ ਇਸੇ ਸ਼੍ਰੇਣੀ ਵਿੱਚ ਆਉਂਦਾ ਹੈ) ਅਤੇ ਇਹੀ ਭਾਵ ਅੱਗੇ ਜਾ ਕੇ ਜ਼ੋਰ-ਜ਼ਬਰਦਸਤੀ ਅਤੇ ਬਲਾਤਕਾਰ ਨੂੰ ਵਧਾਵਾ ਦਿੰਦਾ ਹੈ। ਔਰਤ ਦਾ ਇੱਕ ਹੀ ਕੰਮ ਹੈ ਆਪਣੇ ਮਰਦ ਦੀ ਹਰ ਗੱਲ ਮੰਨਣੀ। ਔਰਤ ਦੇ ਹੰਝੂ ਕੱਢਵਾਉਣਾ ਹੀ ਅਸਲੀ ਸੈਕਸ ਹੈ। ਔਰਤਾਂ ਉਮਰ ਵਿੱਚ ਛੋਟੀਆਂ ਅਤੇ ਮਾਸੂਮ ਹੋਣੀਆਂ ਚਾਹੀਦੀਆਂ ਹਨ ਤਾਂ ਹੀ ਉਹਨਾਂ ਨੂੰ ਮਰਜ਼ੀ ਮੁਤਾਬਕ ਵਰਤਿਆ ਜਾ ਸਕਦਾ ਹੈ। ਖਾਸਕਰ ਭਾਰਤ ਜਿਹੇ ਦੇਸ਼ ਵਿੱਚ ਜਿੱਥੇ ਮਰਦ ਹਰ ਹੀਲੇ ਇੱਕ ਔਰਤ ਚਾਹੁੰਦਾ ਹੈ ਉੱਥੇ ਉਸਨੂੰ ਇਹ ਮਾਸੂਮੀਅਤ ਮੌਕੇ ਦਿੰਦੀ ਹੈ।

ਜੋ ਔਰਤਾਂ ਪੋਰਨ ਵੇਖਦੀਆਂ ਹਨ ਉਹਨਾਂ ਵਿੱਚ ਇਹ ਭਾਵ ਵੇਖੇ ਗਏ। ਮਾਸੂਮੀਅਤ-ਅਗਿਆਨਤਾ ਅਤੇ ਮੂਰਖਤਾ ਹੀ ਔਰਤ ਦੀ ਕਾਮੁਕਤਾ ਹੈ। ਔਰਤਾਂ ਨੂੰ ਇੱਕ ਖਾਸ ਤਰਾਂ ਦੀ ਦਿੱਖ ਦਾ ਮੁਥਾਜ ਬਣਾਇਆ ਜਾਂਦਾ ਹੈ ਅਤੇ ਆਪਣੀ ਮੌਜੂਦਾ ਦਿੱਖ ਨੂੰ ਘ੍ਰਿਣਾ ਕਰਨੀ ਸਿਖਾਈ ਜਾਂਦਾ ਹੈ। ਉਹ ਮਹਿਸੂਸ ਕਰਦੀਆਂ ਹਨ ਕਿ ਉਹਨਾਂ ਦਾ ਸਰੀਰ ਹੀ ਉਹਨਾਂ ਲਈ ਇੱਕੋ-ਇੱਕ ਮਹੱਤਵਪੂਰਨ ਚੀਜ਼ ਹੈ। ਉਹ ਹਰ ਕੀਮਤ ‘ਤੇ ਮਰਦ ਦਾ ਧਿਆਨ ਖਿੱਚਣਾ, ਉਹਨੂੰ ਰਿਝਾਉਣਾ ਅਤੇ ਉਸਦੀ ਆਗਿਆ ਲੈਣਾ ਸਿੱਖਦੀਆਂ ਹਨ। ਔਰਤਾਂ ਵਿਚਲੀ ਅਜਿਹੀ ਮਾਨਸਿਕਤਾ ਦਾ ਇੱਕ ਅੰਕੜਾ ਵੀ ਸਾਹਮਣੇ ਆਇਆ ਹੈ। ਅਮਰੀਕਾ ਵਿੱਚ ਸਾਲ 2002 ਅਤੇ 2003 ਵਿੱਚ ਉਹਨਾਂ ਕੁੜੀਆਂ ਦੀ ਗਿਣਤੀ ਜੋ 18 ਜਾਂ ਉਸ ਤੋਂ ਘੱਟ ਹਨ ਅਤੇ ਜਿਹਨਾਂ ਨੇ ਛਾਤੀਆਂ ਆਪ੍ਰੇਸ਼ਨ ਨਾਲ਼ ਵਧਾਈਆਂ 3,872 ਤੋਂ ਵਧ ਕੇ 11,326 ਹੋ ਗਈ। ਇੰਨਾ ਹੀ ਨਹੀਂ 2006 ਵਿੱਚ 4,03,684 ਲੋਕਾਂ ਨੇ ‘ਲਿਪੋਸਕਸ਼ਨ ਸਰਜਰੀ’ (ਇੱਕ ਆਪਰੇਸ਼ਨ ਜਿਸ ਵਿੱਚ ਛਾਤੀਆਂ, ਲੱਤਾਂ, ਲੱਕ, ਪੇਟ ਅਤੇ ਚੂਲ਼ਿਆਂ ਨੂੰ ਅਕਾਰ ਦਿੱਤਾ ਜਾਂਦਾ ਹੈ) ਕਰਵਾਈ ਅਤੇ 2011 ਵਿੱਚ ਇਹਨਾਂ ਲੋਕਾਂ ਦੀ ਗਿਣਤੀ ਵਧਕੇ 12,68,287 ਹੋ ਗਈ। (Source: American society for Aesthetic Plastic Surgery and ISAPAS statistics)

ਪੋਰਨ ਮਰਦਾਂ ਅਤੇ ਔਰਤਾਂ ਵਿੱਚ ਦੋਵਾਂ ਵਿੱਚ ਬੇਵਫਾਈ ਨੂੰ ਵੀ ਵਧਾਵਾ ਦਿੰਦਾ ਹੈ ਪਰ ਇੱਕ ਦੂਜੇ ਤੋਂ ਉਲਟ ਰੂਪ ਵਿੱਚ। ਪੋਰਨੋਗ੍ਰਾਫੀ ਤੋਂ ਪ੍ਰਭਾਵਤ ਮਰਦ ਆਪਣੀ ਸਾਥੀ ਜਾਂ ਪਤਨੀ ਤੋਂ ਵੀ ਅਜਿਹਾ ਸੈਕਸ ਚਾਹੁੰਦੇ ਹਨ ਅਤੇ ਜਦ ਸਾਥੀ ਜਾਂ ਪਤਨੀ ਅਜਿਹਾ ਕਰਨ ਤੋਂ ਇਨਕਾਰ ਕਰ ਦਿੰਦੀ ਹੈ ਤਾਂ ਉਹ ਬਾਹਰ ਹੋਰ ਔਰਤਾਂ ਨਾਲ਼ ਸਬੰਧ ਬਣਾਉਂਦੇ ਹਨ। ਇਸ ਤੋਂ ਉਲਟ ਪੋਰਨ ਅਧਾਰਤ ਸੈਕਸ ਕਰਨ ਵਾਲ਼ੇ ਮਰਦ ਦੀ ਪਤਨੀ ਜਾਂ ਸਾਥੀ ਅਜਿਹੀ ਜ਼ਲਾਲਤ ਤੋਂ ਤੰਗ ਆ ਕੇ ਬਾਹਰ ਹੋਰ ਸਬੰਧ ਬਣਾਉਂਦੀ ਹੈ। ਪੋਰਨ ਤੁਹਾਡੇ ਨਿੱਜੀ ਰਿਸ਼ਤਿਆਂ ਵਿੱਚ ਵਿਗਾੜ ਪੈਦਾ ਕਰ ਦਿੰਦਾ ਹੈ।

ਪੋਰਨ ਦੇ ਮਾਨਸਿਕ ਪ੍ਰਭਾਵਾਂ ਬਾਰੇ ‘ਵੈਂਡੀ ਮਾਲਟਜ਼’ ਅਤੇ ‘ਲੈਰੀ ਮਾਲਟਜ਼’ ਨੇ ਆਪਣੀ ਕਿਤਾਬ ‘ਦ ਪੋਰਨ ਟਰੈਪ’ ਵਿੱਚ ਕਾਫ਼ੀ ਵਧੀਆ ਜ਼ਿਕਰ ਕੀਤਾ ਹੈ। ਮਾਲਟਜ਼ ਮੁਤਾਬਕ ਪੋਰਨ ਪ੍ਰੇਮ ਲਈ ਜ਼ਿੰਮੇਵਾਰ ਰਸਾਇਣਾਂ ਅਤੇ ਰਸਾਇਣਕ ਕਿਰਿਆਵਾਂ ਨੂੰ ਬੁਰੀ ਤਰਾਂ ਪ੍ਰਭਾਵਤ ਕਰਦਾ ਹੈ। ਸਾਡੇ ਦਿਮਾਗ ਵਿੱਚ ”ਹੈਡੋਨਿਕ ਹਾਈਵੇ” ਨਾਮਕ ਇੱਕ ਖੇਤਰ ਹੁੰਦਾ ਹੈ, ਇਸਨੂੰ ‘ਮੀਡੀਅਨ ਫਾਰ ਬਰੇਨ’ ਵੀ ਕਹਿੰਦੇ ਹਨ ਜੋ ਪ੍ਰੇਮ, ਲਗਾਵ ਅਤੇ ਖੁਸ਼ੀ ਲਈ ਜ਼ਿੰਮੇਵਾਰ ਹੁੰਦਾ ਹੈ। ਪੋਰਨ ਇਸੇ ‘ਹੈਡੋਨਿਕ ਹਾਈਵੇ’ ਨੂੰ ਉਤੇਜਤ ਕਰਦਾ ਹੈ। ਜਦ ਵੀ ਤੁਸੀਂ ਕਾਮੁਕਤਾ ਮਹਿਸੂਸ ਕਰਦੇ ਤਾਂ ਇਸ ਖੇਤਰ ਵਿੱਚ ‘ਡੋਪਾਮਾਈਨ’ ਨਾਮਕ ਇੱਕ ਰਸਾਇਣ ਨਿੱਕਲ਼ਦਾ ਹੈ ਜੋ ਕਿ ਕੁੱਝ ਅਧਿਐਨਾਂ ਮੁਤਾਬਕ ‘ਕਰੈਕ ਕੋਕੀਨ’ ਜਿਹਾ ਨਸ਼ਾ ਅਤੇ ਮਸਤੀ ਚੜ੍ਹਾਉਂਦਾ ਹੈ। ਡੋਪਾਮਾਈਨ ਚੁੰਮਣ, ਸੰਭੋਗ, ਸਿਗਰਟ ਜਾਂ ਹੋਰ ਨਸ਼ਿਆਂ ਦਾ ਸੇਵਨ ਕਰਨ ਵੇਲ਼ੇ ਵੀ ਪੈਦਾ ਹੁੰਦਾ ਹੈ। ਇਹਦੇ ਨਾਲ਼ ਹੀ ਪੋਰਨ ਦੀ ਵਰਤੋਂ ਤੁਹਾਡੇ ਦਿਮਾਗ ਵਿੱਚ ”ਫੀਲ-ਗੁੱਡ” ਰਸਾਇਣਾਂ ਵਜੋਂ ਜਾਣੇ ਜਾਂਦੇ ‘ਐਡਰਨੋਲਾਈਨ’, ‘ਐਂਡੋਰਫਿਨਜ਼’ ਅਤੇ ‘ਸੇਰੋਟੋਨਿਨ’ ਜਿਹੇ ਰਸਾਇਣਾਂ ਦੀ ਪੈਦਾਵਾਰ ਵੀ ਵਧਾ ਦਿੰਦਾ ਹੈ। ਉਪਰੋਕਤ ਰਸਾਇਣਾਂ ਦੀ ਪੈਦਾਵਾਰ ਇਸ ਕਦਰ ਵਧਣ ਲੱਗਦੀ ਹੈ ਕਿ ਇਹ ਪੋਰਨ ‘ਤੇ ਹੀ ਆਸ਼ਰਤ ਹੋ ਜਾਂਦੇ ਹਨ ਅਤੇ ਸ਼ਰੀਰ ਦੀ ਇਹਨਾਂ ਨੂੰ ਕੁਦਰਤੀ ਰੂਪ ਵਿੱਚ ਪੈਦਾ ਕਰਨ ਦੀ ਯੋਗਤਾ ਘਟਦੀ ਜਾਂਦੀ ਹੈ। ਇਹ ਸਭ ਬਿਲਕੁਲ ਕੋਈ ਨਸ਼ਾ ਲੈਣ ਵਾਂਗ ਹੈ। ਸਾਡੇ ਦਿਮਾਗ ‘ਤੇ ਨਸ਼ੇ ਦਾ ਵੀ ਬਿਲਕੁਲ ਇਹੀ ਅਸਰ ਪੈਂਦਾ ਹੈ ਅਤੇ ਜਿਵੇਂ ਹਰ ਵਾਰ ਹੋਰ ਅਨੰਦ ਲੈਣ ਲਈ ਨਸ਼ੇੜੀ ਨੂੰ ਨਸ਼ੇ ਦੀ ਮਾਤਰਾ ਵਧਾਉਣੀ ਪੈਂਦੀ ਹੈ ਉਸੇ ਤਰਾਂ ਪੋਰਨ ਦੇ ਆਦੀ ਨੂੰ ਪੋਰਨ ਵਿੱਚ ਹੋਰ ‘ਹਾਰਡ-ਕੋਰ’ ਲੱਭਣਾ ਪੈਂਦਾ ਹੈ। ਉਹ ‘ਸਾਫਟ-ਕੋਰ’ ਤੋਂ ‘ਹਾਰਡ-ਕੋਰ’ ਤੋਂ ‘ਬਲਾਤਕਾਰ-ਪੋਰਨ’, ਬੱਚਿਆਂ ਦਾ ਪੋਰਨ ਅਤੇ ਬੀ.ਡੀ.ਐਸ.ਐਮ ਤੱਕ ਮਾਰ ਕਰਦਾ ਹੈ। ਮਾਲਟਜ਼ ਦੇ ਹੀ ਮੁਤਾਬਕ ਇੱਕ ਪੋਰਨ ਦੇ ਆਦੀ ਨੂੰ ਸਿਰਫ ਆਪਣੇ ‘ਡੋਪਾਮੀਨ ਰਿਸੈਪਟਰਜ਼’ ਦੀ ਮੁਰੰਮਤ ਲਈ ਹੀ 18 ਮਹੀਨੇ ਤੱਕ ਦਾ ਸਮਾਂ ਲਗਦਾ ਹੈ।

ਇਸ ਤੋਂ ਇਲਾਵਾ ਪੋਰਨ ਨਾਲ਼ ਸਖਲਨ ਵੇਲ਼ੇ ‘ਆਕਸੀਟੋਸਿਨ’ ਅਤੇ ‘ਵੈਸੋਪ੍ਰੈਸਿਨ’ ਨਾਮ ਦੇ ਦੋ ਰਸਾਇਣ ਵੀ ਨਿੱਕਲ਼ਦੇ ਹਨ। ਇਹ ਰਸਾਇਣ ਉਸ ਵਿਅਕਤੀ ਨਾਲ਼ ਲੰਬੇ ਸਮੇਂ ਦੇ ਜਜ਼ਬਾਤਾਂ, ਜੁੜਾਵ, ਲਗਾਵ ਅਤੇ ਪ੍ਰੇਮ ਪੈਦਾ ਕਰਨ ਲਈ ਜ਼ਿੰਮੇਵਾਰ ਹੁੰਦੇ ਹਨ ਜਿਸ ਨਾਲ਼ ਮਨੁੱਖ ਕਾਮੋਨਮਾਦ ਜਾਂ ਸੰਭੋਗ ਵਿਚਲਾ ਚਰਮ ਆਨੰਦ ਹਾਸਲ ਕਰਦਾ ਹੈ। ਵੈਂਡੀ ਮਾਲਟਜ਼ ਦੀ ਗੱਲ ਇੱਥੇ ਕਿੰਨੀ ਸਟੀਕ ਬੈਠਦੀ ਹੈ, ”ਬਹੁਤ ਸਾਰੇ ਨੌਜਵਾਨ ਆਪਣਾ ਪਹਿਲਾ ਕਾਮੋਨਮਾਦ ਇੱਕ ਵਸਤੂ ਤੋਂ ਹਾਸਲ ਕਰਦੇ ਹਨ”। ਪੋਰਨ ਦਾ ਦਿਮਾਗ ਉੱਤੇ ਇੱਥੋਂ ਤੱਕ ਅਸਰ ਹੁੰਦਾ ਹੈ ਕਿ ਇਸਦਾ ਆਦੀ ਆਪਣੇ ਸਾਥੀ ਨਾਲ਼ੋਂ ਵੱਧ ਪੋਰਨ ਤੋਂ ਆਨੰਦ ਹਾਸਲ ਕਰਦਾ ਹੈ। ਅਮਰੀਕਾ ਦੀ ‘ਅਮੈਰੀਕਨ ਅਕੈਡਮੀ ਆਫ ਮੈਟਰੀਮੋਨਿਅਲ ਲਾਅਰਜ਼’ ਮੁਤਾਬਕ 2002 ਇੰਟਰਨੈੱਟ ਵਰਤੋਂ ਨੇ ਤਲਾਕਾਂ ਦੇ ਕਾਰਨ ਵਧਾਏ, ਜਿਨ੍ਹਾਂ ‘ਚੋਂ 50 ਫੀਸਦੀ ਪੋਰਨ ਵਰਤੋਂ ਕਰਕੇ ਸਨ। ਲੋਕ ਪੋਰਨ ਨਾਲ਼ ‘ਲੈਂਗਿਕ ਸਬੰਧ’ ਸਥਾਪਤ ਕਰ ਰਹੇ ਹਨ ਅਤੇ ਇਸ ਤਰਾਂ ਪੋਰਨ ਸੈਕਸ ਕਰਨ ਲਈ ਤੁਹਾਡੇ ਸਾਥੀ ਦਾ ਮੁਕਾਬਲਾ ਕਰ ਰਿਹਾ ਹੈ। ਇਕੱਲੇ ਅਮਰੀਕਾ ਵਿੱਚ 4 ਕਰੋੜ ਲੋਕ ਹਰ ਮਹੀਨੇ ਇੱਕ ਵਾਰ ਕਿਸੇ ਨਾ ਕਿਸੇ ਪੋਰਨ ਵੈਬਸਾਈਟ ‘ਤੇ ਜ਼ਰੂਰ ਆਉਂਦੇ ਹਨ।

ਪੋਰਨ ਇਨਸਾਨਾਂ ਅਤੇ ਖਾਸ ਕਰ ਮਰਦਾਂ ਦੇ ਸਹੁਜਸ਼ਾਸਤਰ ਤੱਕ ‘ਤੇ ਅਸਰ ਪਾਉਂਦਾ ਹੈ। ਇੱਕ ਬਾਲਗ ਲੜੀਵਾਰ ‘ਸੈਕਸ ਐਂਡ ਦਾ ਸਿਟੀ’ ਦੇ ਇੱਕ ਸੀਨ ਵਿੱਚ ਨਾਇਕ ਨੂੰ ਇੱਕ ਔਰਤ ਦੇ ਪੇਸ਼ਾਬ ਕਰਨ ਦੀ ਅਵਾਜ਼ ਸੁਣਨ ਨਾਲ਼ ਹੀ ਕਾਮ ਵਾਸਨਾ ਚੜ੍ਹ ਜਾਂਦੀ ਹੈ। ਇਹ ਤਾਂ ਬਿਲਕੁਲ ਜਾਨਵਰਾਂ ਦੇ ਪੱਧਰ ‘ਤੇ ਸੁੱਟਣ ਵਾਲ਼ੀ ਗੱਲ ਹੈ। ਹੋਰ ਵੇਖੋ ਮਰਦ ਨੂੰ ਬਹੁਤ ਵੱਡੀਆਂ ਛਾਤੀਆਂ ਵਿਖਾਈਆਂ ਜਾਂਦੀਆਂ ਹਨ ਅਤੇ ਇਸ ‘ਵੱਡੇ’ ਦਾ ਕੋਈ ਪੈਮਾਨਾ ਨਹੀਂ ਹੈ। ਜਰਮਨੀ ਦੀ ਇੱਕ ਬਾਲਗ ਮਾਡਲ ‘ਬਸ਼ੀਨ’ ਨੇ ਕਈ ਆਪਰੇਸ਼ਨਾਂ ਨਾਲ਼ ਆਪਣੀਆਂ ਛਾਤੀਆਂ ਦੁਨੀਆਂ ਵਿੱਚ ਸਭ ਤੋਂ ਵੱਡੀਆਂ ਕਰਵਾਈਆਂ ਹਨ। ਉਹਦੀ ਹਰੇਕ ਛਾਤੀ ਵਿੱਚ 10 ਲੀਟਰ ਸੈਲੀਨ ਭਰਿਆ ਗਿਆ ਹੈ। ਇਸ ਵਿੱਚ ਕੀ ਖੂਬਸੂਰਤੀ ਹੋ ਸਕਦੀ ਹੈ? ਸੈਲੀਨ ਸਿਰਫ ਛਾਤੀਆਂ ਵਿੱਚ ਹੀ ਨਹੀਂ ਭਰਿਆ ਜਾਂਦਾ ਸਗੋਂ ਔਰਤ ਦੇ ਚੂਲ਼ਿਆਂ ਵਿੱਚ ਭਰਿਆ ਜਾਂਦਾ ਹੈ ਅਤੇ ਇੱਥੋਂ ਤੱਕ ਇਹ ਪੋਰਨ ਸਟਾਰਜ਼ ਆਪਣੇ ਬੁੱਲਾਂ ਵਿੱਚ ਵੀ ਸੈਲੀਨ ਦੇ ਟੀਕੇ ਲਗਵਾਉਂਦੀਆਂ ਹਨ। ਅਸਲ ਵਿੱਚ ਔਰਤ ਦੇ ਅੰਗਾਂ ਦਾ ਭੰਡ-ਚਿੱਤਰ ਵੀ ਮਰਦ ਨੂੰ ਰਿਝਾਉਣ ਅਤੇ ਉਸਨੂੰ ਕਾਮੁਕਤਾ ਚੜ੍ਹ੍ਹਾਉਣ ਲਈ ਵਰਤਿਆ ਜਾ ਰਿਹਾ ਹੈ। ਇੰਨਾ ਹੀ ਪੋਰਨ ਬਹੁਤ ਕੁੱਝ ਝੂਠ ਦਿਖਾਉਂਦਾ ਹੈ। ਵੈਂਡੀ ਮਾਲਟਜ਼ ਅਨੁਸਾਰ ਹੀ ਮਰਦ ਦੇ ਲਿੰਗ ਦੀ ਔਸਤ ਲੰਬਾਈ 5.8 ਇੰਚ ਹੁੰਦੀ ਹੈ ਪਰ ਪੋਰਨ ਵਿੱਚ ਇਹ ਔਸਤ 8 ਇੰਚ ਹੁੰਦਾ ਹੈ। 85% ਔਰਤ ਪੋਰਨ ਸਟਾਰਜ਼ ਨੇ ਆਪਣੀਆਂ ਛਾਤੀਆਂ ਇੰਪਲਾਂਟ ਕਰਵਾਈਆਂ ਹੁੰਦੀਆਂ ਹਨ ਅਤੇ 100 ਫੀਸਦੀ ਪੋਰਨ ਫਿਲਮਾਂ ਅਤੇ ਤਸਵੀਰਾਂ ਕੰਪਿਊਟਰ ਦੀ ਮਦਦ ਨਾਲ਼ ਵਧਾਕੇ ਦਿਖਾਈਆਂ ਜਾਂਦੀਆਂ। ਪੋਰਨ ਵੇਖਕੇ ਉਸ ਨੂੰ ਪ੍ਰਯੋਗ ਕਰਨਾ ਬਿਲਕੁਲ ‘ਸੁਪਰਮੈਨ’ ਦੀਆਂ ਫਿਲਮਾਂ ਵੇਖਕੇ ਉਸ ਵਾਂਗ ਉੱਡਣ ਦੀ ਕੋਸ਼ਿਸ਼ ਕਰਨ ਵਾਂਗ ਹੈ। ਪੋਰਨ ਦਾ ਆਦੀ ਮਨੁੱਖ ਅਸਲ ਜੀਵਨ ਵਿੱਚ ਅਜਿਹਾ ਕੁੱਝ ਲੱਭਣ ਤੁਰਦਾ ਹੈ ਅਤੇ ਜਦ ਨਹੀਂ ਮਿਲ਼ਦਾ ਤਾਂ ਉਹ ਬੇਵਫਾਈ ਅਤੇ ਇੱਥੋਂ ਤੱਕ ਕਿ ਬਲਾਤਕਾਰ ਕਰਨ ‘ਤੇ ਆ ਜਾਂਦਾ ਹੈ। ਬਲਾਤਕਾਰ ਅਤੇ ਪੋਰਨ ਦੇ ਆਪਸੀ ਸਬੰਧ ਬਾਰੇ ਅਸੀਂ ਅੱਗੇ ਗੱਲ ਕਰਾਂਗੇ। ਇਹਦੇ ਨਾਲ਼ ਹੀ ਪੋਰਨ ਆਦੀ, ਅਵਸਾਦ, ਓਬਸੈਸਿਵ ਕੰਪਲਸਿਵ ਡਿਸਆਡਰ, ਅਟੈਨਸ਼ਨ ਡੈਫੀਸਿਟ ਡਿਸਆਡਰ ਜਿਹੀਆਂ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਵੀ ਪਾਏ ਜਾਂਦੇ ਹਨ। ਇਹ ਆਪਣੇ ਦਰਸ਼ਕ ਵਿੱਚ ਵਾਰ-ਵਾਰ ਦੇਖਣ ਦੀ ਭੁੱਖ ਪੈਦਾ ਕਰਦਾ ਹੈ।

ਅਸੀਂ ਵਾਪਸ ਗੇਲ ਦੀ ਕਿਤਾਬ ‘ਤੇ ਆਉਂਦੇ ਹਾਂ। ਇਸ ਦਾ ਇੱਕ ਮਹੱਤਵਪੂਰਨ ਅਧਿਆਏ ਹੈ ‘ਰੇਸੀ ਸੈਕਸ, ਸੈਕਸੀ ਰੇਸਿਜ਼ਮ’ (ਨਸਲੀਕਾਮ, ਕਾਮੁਕ ਨਸਲਵਾਦ)। ਮੁੱਖ ਧਾਰਾ ਪੋਰਨ ਵਿੱਚ ਸਫੇਦ ਨਸਲ ਦਾ ਸੈਕਸ ਤਾਂ ਦਿਖਾਇਆ ਹੀ ਜਾਂਦਾ ਹੈ ਪਰ ਇਸ ਵਿੱਚ ਨਾਲ਼ ਇੱਕ ਥਾਂ ਕਾਲੀ ਨਸਲ ਲਈ ਜਾਂ ਏਸ਼ਿਆਈ ਨਸਲ ਲਈ ਵੀ ਰੱਖੀ ਗਈ ਹੈ। ਗੇਲਜ਼ ਮੁਤਾਬਕ, ”ਸਾਰੇ ਸਫੇਦ ਪੋਰਨ ਵਿੱਚ ਕੋਈ ਵੀ ਮਰਦ ਦੇ ਲਿੰਗ ਨੂੰ ‘ਇੱਕ ਚਿੱਟਾ ਲਿੰਗ’ ਜਾਂ ਔਰਤ ਦੀ ਯੋਨੀ ਨੂੰ ‘ਚਿੱਟੀ ਯੋਨੀ’ ਨਹੀਂ ਕਹਿੰਦਾ ਪਰ ਜਿਵੇਂ ਹੀ ਹੋਰ ਰੰਗ ਦੇ ਮਨੁੱਖ ਨੂੰ ਪੇਸ਼ ਕੀਤਾ ਜਾਂਦਾ ਹੈ ਤਾਂ ਅਚਾਨਕ ਸਾਰੇ ਖਿਡਾਰੀਆਂ ਦੀ ਇੱਕ ਨਸਲਵਾਦੀ ਲੈਂਗਿਕਤਾ ਉੱਭਰ ਆਉਂਦੀ ਹੈ।” ਆਪਣੀ ਗੱਲ ਦੇ ਹੱਕ ਵਿੱਚ ਗੇਲਜ਼ ਕੁੱਝ ਪੋਰਨ ਫਿਲਮਾਂ ਦੇ ਨਾਮ ਦਿੰਦੀ ਹੈ, ਹੌਟ ਬਲੈਕ ਠਗ, ਬਲੈਕ ਪੋਲਜ਼ ਇਨ ਵਾਈਟ ਹੋਲਜ਼, ਹਿਊਜ ਬਲੈਕ ਕੌਕ ਔਨ ਵਾਈਟ ਪੁਜ਼ੀ ਅਤੇ ਮੌਨਸਟਰ ਬਲੈਕ ਪੈਨਿਸਿਜ਼। ਅਸੀਂ ਉੱਪਰ ਵੇਖਿਆ ਕਿ ਕਿਵੇਂ ਪੋਰਨ ਔਰਤਾਂ ਨੂੰ ਕਾਮੀ ਸਾਬਤ ਕਰਨ ‘ਤੇ ਤੁਲਿਆ ਹੈ ਪਰ ਜਦ ਕਾਲ਼ੀ ਨਸਲ ਦੀ ਗੱਲ ਆਉਂਦੀ ਹੈ ਤਾਂ ਇਹ ਹੋਰ ਅੱਗੇ ਚਲਿਆ ਜਾਂਦਾ ਹੈ। ਪੋਰਨ ਫਿਲਮਾਂ ਵਿੱਚ ਕਾਲ਼ੀ ਨਸਲ ਨੂੰ ਮਹਾਂ-ਕਾਮੀ ਵਿਖਾਇਆ ਜਾਂਦਾ ਹੈ। ਜਿੱਥੇ ਕਾਲ਼ੇ ਮਰਦਾਂ ਦੀ ਮਰਦਾਨਗੀ ਜ਼ਿਆਦਾ ਹਾਵੀ ਹੁੰਦੀ ਹੈ ਉੱਥੇ ਹੀ ਕਾਲ਼ੀਆਂ ਔਰਤਾਂ ਲਈ ਗੈਂਗ-ਬੈਂਗ ਆਮ ਹੁੰਦਾ ਹੈ। ਕਾਲ਼ੀ ਔਰਤ ਨੂੰ ‘ਅਸਲੀ ਵੇਸਵਾ’ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਕਾਲ਼ੀਆਂ ਔਰਤਾਂ ਦੀ ਕਿਉਂਕਿ ਮੰਗ ਘੱਟ ਹੁੰਦੀ ਹੈ ਸੋ ਸਭ ਤੋਂ ਜ਼ਿੱਲਤ ਭਰੇ ਸੀਨ ਵੀ ਕਾਲ਼ੀਆਂ ਔਰਤਾਂ ਦੇ ਹੀ ਹਿੱਸੇ ਆਉਂਦੇ ਹਨ। ‘ਵਿਵਿਡ ਐਂਟਰਟੇਨਮੈਂਟ’ ਅਤੇ ‘ਵਿਕਿਡ’ ਜਿਹੇ ਪ੍ਰਮੁੱਖ ਪੋਰਨ ਸਟੂਡੀਓ ਮੁੱਖ ਤੌਰ ‘ਤੇ ਸਫ਼ੇਦ ਔਰਤ ਹੀ ਲੈਂਦੇ ਹਨ। ਕਾਲ਼ੀਆਂ ਔਰਤਾਂ ਦਾ ਜਿੱਥੇ ਮਿਹਨਤਾਨਾ ਘੱਟ ਹੁੰਦਾ ਹੈ ਉੱਥੇ ਹੀ ਸਭ ਤੋਂ ਵੱਧ ਜ਼ਲਾਲਤ ਵੀ ਇਹਨਾਂ ਨੂੰ ਹੀ ਮਿਲ਼ਦੀ ਹੈ, ਕਿਉਂਕਿ ਆਪਣੀ ਘੱਟ ਮੰਗ ਕਰਕੇ ਇਹਨਾਂ ਨੂੰ ‘ਮੰਡੀ ਦੀਆਂ ਤਾਕਤਾਂ’ ਦਾ ਵੱਧ ਮੁਕਾਬਲਾ ਕਰਨਾ ਪੈਂਦਾ ਹੈ। ਇਸੇ ਤਰਾਂ ਜਦ ਗੱਲ ਪੋਰਨ ਵਿੱਚ ਏਸ਼ੀਆਈ ਲੜਕੀਆਂ ਦੀ ਆਉਂਦੀ ਹੈ ਤਾਂ ਉਹਨਾਂ ਨੂੰ ਸਭ ਤੋਂ ਵੱਧ ਆਗਿਆਕਾਰੀ, ਸੇਵਾ ਕਰਨ ਵਾਲ਼ੀਆਂ, ਹਰ ਗੱਲ ਮੰਨਣ ਵਾਲ਼ੀਆਂ, ਦੱਬ ਕੇ ਰਹਿਣ ਵਾਲ਼ੀਆਂ ਅਤੇ ਮਸੂਮ ਲੜਕੀਆਂ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਸੇ ਨੂੰ ਉਹਨਾਂ ਦੀ ਕਾਮੁਕਤਾ ਦਾ ਮੁੱਖ ਗੁਣ ਬਣਾਕੇ ਪੇਸ਼ ਕੀਤਾ ਜਾਂਦਾ ਹੈ। ਇੱਥੇ ਇਹ ਵੀ ਸੱਚ ਹੈ ਕਿ ਪੋਰਨ ਫਿਲਮਾਂ ਵਿਚਲੀਆਂ ਏਸ਼ੀਆਈ ਪੋਰਨ ਸਟਾਰਜ਼ ਜ਼ਿਆਦਾਤਰ ਮਨੁੱਖੀ ਤਸਕਰੀ ਰਾਹੀਂ ਇਸ ਸਨਅਤ ਵਿੱਚ ਲਿਆਂਦੀਆਂ ਜਾਂਦੀਆਂ ਹਨ।

ਅੱਜ ਪੋਰਨ ਸਾਡੀਆਂ ਪੋਰਾਂ ਵਿੱਚ ਸਮਾਇਆ ਹੋਇਆ। ਭਾਵੇਂ ਜ਼ਿਆਦਾਤਰ ਔਰਤਾਂ ਪੋਰਨ ਨਹੀਂ ਵੇਖਦੀਆਂ ਪਰ ਔਰਤਾਂ ਦੇ ਬਹੁਤ ਸਾਰੇ ਅੰਗ-ਵਸਤਰ ਪੋਰਨ ਤੋਂ ਹੀ ਪ੍ਰਭਾਵਤ ਹਨ। ਜਿਵੇਂ ਕਿ ‘ਥੌਂਗ’ ਇੱਕ ਅਜਿਹਾ ਹੀ ਅੰਗ-ਵਸਤਰ ਹੈ, ਉਂਝ ਚਿਕਿਤਸਾ ਮਾਹਰ ਥੌਂਗ ਪਹਿਨਣੋਂ ਮਨਾ ਕਰਦੇ ਹਨ ਕਿਉਂਕਿ ਇਹ ਚਮੜੀ ਦੇ ਕਈ ਰੋਗਾਂ ਦਾ ਕਾਰਨ ਬਣਦਾ ਹੈ। ਥੌਂਗ ਪਿਛਲੀ ਸਦੀ ਦੇ ਤੀਹਵਿਆਂ ਦੇ ਅਮਰੀਕੀ ਨਾਚ ਕਲੱਬਾਂ ਵਿੱਚ ਨਾਚੀਆਂ ਨੂੰ ਪਵਾਇਆ ਜਾਂਦਾ ਸੀ ਤਾਂ ਕਿ ਉਹਨਾਂ ਦੇ ਅੰਗ-ਵਸਤਰ ਵੀ ਉਹਨਾਂ ਦੇ ਅੰਗ ਨਾ ਢੱਕ ਸਕਣ। ਬਾਅਦ ਵਿੱਚ ਪੋਰਨ ਫਿਲਮਾਂ ਨੇ ਇਸ ਨੂੰ ਅਪਣਾਇਆ ਅਤੇ ਮਸ਼ਹੂਰ ਕੀਤਾ ਅਤੇ ਅੱਜ ਇਹ ਉਹਨਾਂ ਔਰਤਾਂ ਲਈ ਵੀ ਸੈਕਸ ਸਿੰਬਲ ਹੈ ਜਿਹਨਾਂ ਨੇ ਜ਼ਿੰਦਗੀ ਵਿੱਚ ਕਦੀ ਪੋਰਨ ਨਹੀਂ ਕੀਤਾ। ਇਸੇ ਤਰਾਂ ਦੀ ਕਹਾਣੀ ਥੋੜੀ ਜਿਹੀ ਉੱਚੀ ਚੈਕ ਮਿਨੀ ਸਕਰਟ ਦੀ ਹੈ। ਬ੍ਰਿਟਨੀ ਸਪਿਅਰਜ਼ ਇੱਕ ਮਸ਼ਹੂਰ ਗਾਇਕਾ ਹੈ ਅਤੇ ਕੁੜੀਆਂ ਵਿੱਚ ਸੈਕਸ ਸਿੰਬਲ ਵਜੋਂ ਵੀ ਪ੍ਰਮਾਣਤ ਹੈ। ਉਹਦੇ ਬਹੁਤ ਸਾਰੇ ਪਹਿਰਾਵਿਆਂ ਨੂੰ ਨੌਜਵਾਨ ਕੁੜੀਆਂ ਵੀ ਪਾਉਂਦੀਆਂ ਹਨ ਅਤੇ ਇਸ ਨੂੰ ਪਿੱਤਰਸੱਤਾ ਵਿਰੋਧੀ ਵੀ ਮੰਨਦੀਆਂ ਹਨ, ਪਰ ਥੋੜੇ ਲੋਕ ਜਾਣਦੇ ਹਨ ਕਿ ਬ੍ਰਿਟਨੀ ਦੇ ਕਈ ਗੀਤਾਂ ਦਾ ਨਿਰਦੇਸ਼ਕ ‘ਗਿਰਿਗੋਰੀ ਡਾਰਕ’ ਹੈ ਅਤੇ ਗਿਰਿਗੋਰੀ ਡਾਰਕ ਪਹਿਲਾਂ ਪੋਰਨ ਫਿਲਮਾਂ ਦਾ ਨਿਰਦੇਸ਼ਕ ਸੀ। ਹੈਰਾਨੀ ਨਹੀਂ ਹੁੰਦੀ ਕਿ ਬ੍ਰਿਟਨੀ ਨੇ ‘ਹਿਟ ਮੀ ਬੇਬੀ ਵਨ ਮੋਰ ਟਾਈਮ’ ਵਰਗਾ ਗੀਤ ਬੁਰੀ ਤਰਾਂ ਪੋਰਨ ਪ੍ਰਭਾਵਤ ਤਰੀਕੇ ਨਾਲ਼ ਫਿਲਮਾਇਆ ਜਾਂ ‘ਆਈ ਐਮ ਸਲੇਵ ਫਾਰ ਯੂ’ ਵਰਗਾ ਗੀਤ ਗਾਇਆ ਵੀ ਅਤੇ ਫਿਲਮਾਇਆ ਵੀ। ਹੋਰ ਵੇਖੋ ਬ੍ਰਿਟਨੀ ਦੇ ਗੀਤ ‘ਆਈ ਐਮ ਸਲੇਵ ਫਾਰ ਯੂ’ ਨੂੰ ਐਮ ਟੀ ਵੀ ਨੇ 2002 ‘ਐਮ ਟੀ ਵੀ ਵਿਡੀਓ ਮਿਊਜ਼ਿਕ ਅਵਾਰਡਜ਼’ ਵਿੱਚ ਤਿੰਨ ਸ਼੍ਰੇਣੀਆਂ ਲਈ ਨਾਮਜ਼ਦ ਕੀਤਾ, ਬੈਸਟ ਡਾਂਸ ਵੀਡੀਓ, ਬੈਸਟ ਕੋਰੀਓਗ੍ਰਾਫੀ ਅਤੇ ਬੈਸਟ ਫਿਮੇਲ ਵੀਡੀਓ!! ਡਿਜ਼ਨੀ ਦੇ ਕਾਰਟੂਨ ‘ਅਲਾਦੀਨ’ ਤੋਂ ਲੈਕੇ ‘ਲਿਟਲ ਮਰਮੇਡ’ ਤੱਕ ਦੀਆਂ ਨਾਇਕਾਵਾਂ ਨੂੰ ਜਿਸ ਦਿੱਖ ਵਿੱਚ ਦਿਖਾਇਆ ਜਾਂਦਾ ਹੈ ਉਹ ਘੋਰ ਨਾਰੀ ਵਿਰੋਧੀ ਹਨ। ਅਜਿਹੀਆਂ ਹੀ ਕਈ ਹੋਰ ਉਦਾਹਰਣਾਂ ਹਨ ਜੋ ਸਾਨੂੰ ਸਾਡੇ ਸਮਾਜ ਵਿੱਚੋਂ ਆਮ ਮਿਲ਼ ਜਾਣਗੀਆਂ। ਸੋ ਇੰਝ ਸਰਮਾਏਦਾਰੀ ਵਿੱਚ ‘ਟ੍ਰਿਕਲ ਡਾਊਨ ਥਿਊਰੀ’ ਕੰਮ ਕਰਦੀ ਹੈ ਅਤੇ ਸਾਰਾ ਗੰਦ ਇਉਂ ਪਹੁੰਚਦਾ ਹੈ ਸਾਡੇ ਸਮਾਜ ਦੀਆਂ ਪੋਰਾਂ ਵਿੱਚ।

ਸਾਡੇ ਅਖੌਤੀ ਜਮਹੂਰੀਅਤ ਪਸੰਦ ਇੱਕ ਫੋਕੀ ਔਰਤ ਮੁਕਤੀ ਦੇ ਪਿੱਛੇ ਪਏ ਹੋਏ ਹਨ। ਕੁੱਝ ਮਹੀਨੇ ਪਹਿਲਾਂ ਬਾਲੀਵੁਡ ਅਦਾਕਾਰਾ ਦੀਪਿਕਾ ਪਾਦੁਕੋਣ ਦੀ ‘ਵੋਗ’ ਦੁਆਰਾ ਫਿਲਮਾਈ ਇੱਕ ਵੀਡੀਓ ਬਹੁਤ ਮਸ਼ਹੂਰ ਹੋਈ। ਇਹ ਵੀਡੀਓ ‘ਮਾਈ ਬਾਡੀ ਮਾਈ ਚੁਆਇਸ’ ਵਾਂਗ ਨਾਅਰਾ ਦਿੰਦੀ ਸੀ। ‘ਵੋਗ’ ਮੈਗਜ਼ੀਨ ਦਾ ਨਾਮ ‘ਗੂਗਲ ਚਿੱਤਰਾਂ’ ਵਿੱਚ ਖੋਜਿਆਂ ਕਾਫੀ ਕੁੱਝ ਦਿਲਚਸਪ ਸਾਹਮਣੇ ਆਇਆ। ਮੁੱਖ ਪੰਨਿਆਂ ‘ਤੇ ਦਿੱਤੇ ਤਤਕਰਿਆਂ ਵਿੱਚ ਇਹ ਕੁਝ ਦਿੱਤਾ ਗਿਆ ਸੀ, ਸ਼ਾਨਦਾਰ ਲੱਤਾਂ ਕਿਵੇਂ ਹਾਸਲ ਕਰੀਏ, ਵੋਗ ਮੈਗਜ਼ੀਨ ਦੇ ਸਭ ਤੋਂ ਗਰਮ ਫੈਸ਼ਨ ਪਲ, ਵਾਚਣ ਯੋਗ ਫੈਸ਼ਨ ਦੇ ਨਵੇਂ ਚਿਹਰੇ। ਹੋਰ ਵੇਖੋ ‘ਫਿਫਟੀ ਸ਼ੇਡਜ਼ ਆਫ ਗਰੇਅ’ ਵਰਗੀ ਬੀ ਡੀ ਐਸ ਐਮ ‘ਤੇ ਬਣੀ ਫਿਲਮ ਜਦ ਰਿਲੀਜ਼ ਹੋਈ ਤਾਂ ਉਹਦੀ ਨਾਇਕਾ ‘ਡਕੋਤਾ ਜੋਹਨਸਨ’ ਦੀ ਤਸਵੀਰ ਵੋਗ ਦਾ ਮੁੱਖ ਪੰਨਾ ਬਣਦਾ ਹੈ। ਜਿਸ ਵਿੱਚ ਡਕੋਤਾ ਜੋਹਨਸਨ ਦੇ ਸੌ ਮਿਲੀਅਨ ਫੈਨ ਹੋਣ ਦੀ ਤਰਥੱਲੀ ਹੈ ਅਤੇ ਉਸਨੂੰ ਮੈਗਜ਼ੀਨ ਵੱਲੋਂ ‘ਇੱਕ ਬਰੇਕਆਊਟ ਸਟਾਰ’ ਅਤੇ ‘ਅਮੈਰੀਕਨ ਚਿਕ’ ਲਿਖਿਆ ਜਾਂਦਾ ਹੈ। ਸੋ ਇਹ ਹੈ ਕੁੱਲ ਮਿਲ਼ਾ ਕੇ ‘ਵੋਗ ਮੈਗਜ਼ੀਨ’ ਦੀ ਨਾਰੀ ਮੁਕਤੀ ਦਾ ਗਣਿਤ! ਇੰਝ ਵੋਗ ਤੁਹਾਡੇ ਹੀ ਵਿਰੁੱਧ ਪਰ ਤੁਹਾਡੀ ਹੀ ਮਰਜ਼ੀ ਨਾਲ਼ ਤੁਹਾਨੂੰ ਹੀ ਵੇਚ ਰਿਹਾ ਹੈ। ਨੰਗੇਜ਼ ਦੀ ਇੱਕ ਅਗਾਂਹਵਧੂ ਭੂਮਿਕਾ ਤੋਂ ਅਸੀਂ ਇਨਕਾਰੀ ਨਹੀਂ ਹਾਂ, ਪਰ ‘ਵੋਗ’ ਦੇ ਅਰਥਾਂ ਵਿੱਚ ਨਹੀਂ ਸਗੋਂ ਇਤਿਹਾਸਕ ਅਰਥਾਂ ਵਿੱਚ। ਪਹਿਲਾਂ ਔਰਤਾਂ ਜਗੀਰਦਾਰਾਂ ਜਾਂ ਰਾਜਿਆਂ ਦੇ ਹਰਮਾਂ ਵਿੱਚ ਨੰਗੀਆਂ ਰੱਖੀਆਂ ਜਾਂਦੀਆਂ ਸਨ, ਦੱਖਣ ਭਾਰਤ ਵਿੱਚ ਦਲਿਤ ਔਰਤਾਂ ਨੂੰ ਛਾਤੀਆਂ ਢੱਕਣ ਦਾ ਹੱਕ ਤੱਕ ਨਹੀਂ ਸੀ। ਇਸ ਵਿਰੁੱਧ ਵਿਦਰੋਹ ਹੋਏ ਤੇ ਸਭ ਪਲਟਿਆ ਗਿਆ। ਪਰ ਹੁਣ ਸਰਮਾਏਦਾਰੀ ਨਿਜ਼ਾਮ ਔਰਤਾਂ ਨੂੰ ਇਸ ਗੱਲ ਲਈ ਸਹਿਮਤ ਕਰਵਾ ਰਿਹਾ ਹੈ (ਅਤੇ ਕਿਸੇ ਹਦ ਤੱਕ ਕਰਵਾ ਵੀ ਚੁੱਕਾ ਹੈ) ਕਿ ਨੰਗੇਜ਼ ਹੀ ਉਹਨਾਂ ਦੀ ਸੁੰਦਰਤਾ ਹੈ, ਨੰਗਾ ਹੋਣਾ ਅਜ਼ਾਦੀ ਦਾ ਸਮਾਨਅਰਥੀ ਹੋ ਗਿਆ ਹੈ। ਇਤਿਹਾਸ ਵਿੱਚ ਜਦ ਸਰਮਾਏਦਾਰਾ ਢਾਂਚਾ ਜਗੀਰਦਾਰੀ ਵਿਰੁੱਧ ਉੱਭਰਿਆ ਤਾਂ ਇਹਨੇ ਨੰਗੇਜ਼ ਦਾ ਪੱਖ ਲਿਆ ਸੀ, ਪਰ ਉਹਦਾ ਇੱਕ ਕਾਰਨ ਸੀ। ਇਸਦੇ ਵਿਚਾਰਵਾਨਾਂ ਨੇ ਨੰਗੇਜ਼ ਦੀ ਪੈਰਵੀ ਕੀਤੀ ਕਿਉਂਕਿ ਜਗੀਰੂ ਰਾਜ ਵਿੱਚ ਸਿਰਫ਼ ਬਾਦਸ਼ਾਹ ਜਾਂ ਰੱਬ ਦੀ ਤਸਵੀਰ ਬਣ ਸਕਦੀ ਸੀ ਕਿਉਂਕਿ ਉਹੀ ਸਭ ਤੋਂ ਸੋਹਣੇ ਮੰਨੇ ਜਾਂਦੇ ਸਨ। ਸਮਕਾਲੀ ਵਿਦਰੋਹੀ ਚਿੱਤਕਾਰਾਂ ਨੇ ਨੰਗੇ ਮਨੁੱਖਾਂ ਦੇ ਚਿੱਤਰ ਬਣਾਏ ਤੇ ਬੁੱਤ ਘੜੇ ਅਤੇ ਦਿਖਾਇਆ ਕਿ ਆਮ ਮਨੁੱਖ ਬਾਦਸ਼ਾਹ ਜਾਂ ਰੱਬ ਤੋਂ ਵੀ ਸੋਹਣਾ ਹੈ। ਇਹ ਨੰਗੇਜ਼ ਦੀ ਇਤਿਹਾਸਕ ਅਗਾਂਹਵਧੂ ਭੂਮਿਕਾ ਸੀ। ਇਹ ਬਿਲਕੁਲ ਹੀ ਪਿੱਤਰਸੱਤਾ ਵਿਰੋਧੀ ਸੀ, ਪਰ ਅੱਜ ਸਰਮਾਏਦਾਰੀ ਨੇ ਨੰਗੇਜ਼ ਨੂੰ ਉਸੇ ਪਿੱਤਰਸੱਤਾ ਹੱਥ ਵੇਚ ਦਿੱਤਾ ਹੈ ਤੇ ਇਸੇ ਪਵਿੱਤਰ ਸੌਦੇ ਦਾ ਸਭ ਤੋਂ ਭੱਦਾ ਰੂਪ ਪੋਰਨੋਗ੍ਰਾਫੀ ਹੈ ਜਿਸ ਦੇ ਹੱਕ ਵਿੱਚ ਸਾਡੇ ਅਖੌਤੀ ਜਮਹੂਰੀਅਤ ਪਸੰਦ ਡੁੱਲੇ ਫਿਰਦੇ ਨੇ!

ਪੋਰਨ ਅਤੇ ਬਲਤਾਕਾਰ ਦਾ ਵੀ ਡੂੰਘਾ ਸਬੰਧ ਹੈ। ਇਥੇ ਕੋਈ ਕਹਿ ਸਕਦਾ ਹੈ ਕਿ ਹਰ ਪੋਰਨ ਵੇਖਣ ਵਾਲ਼ਾ ਬਲਾਤਕਾਰੀ ਨਹੀਂ ਹੁੰਦਾ ਅਤੇ ਅਜਿਹਾ ਕਹਿਣ ਵਾਲ਼ੇ ਖਾਸ ਕਰ ਸੋਸ਼ਲ ਮੀਡੀਆ ‘ਤੇ ਕਾਫ਼ੀ ਗਿਣਤੀ ਵਿੱਚ ਮੌਜੂਦ ਹਨ, ਪਰ ਇੱਥੇ ਇਹ ਵੀ ਓਨਾ ਹੀ ਸੱਚ ਹੈ ਕਿ ਹਰ ਬਲਾਤਕਾਰੀ ਪੋਰਨ ਦਾ ਆਦੀ ਜ਼ਰੂਰ ਹੁੰਦਾ ਹੈ ਅਤੇ ਇਹ ਅਸੀਂ ਨਹੀਂ ਸਰਵੇਖਣ ਕਹਿੰਦੇ ਹਨ, ਪੋਰਨ ਔਰਤ ਦੀ ਤਾਕਤ-ਵਿਹੀਣਤਾ ਨੂੰ ਹੀ ਉਸਦੀ ਲੈਂਗਿਕਤਾ ਦੱਸਦਾ ਹੈ ਤੇ ਮਰਦ ਦਾ ਔਰਤ ‘ਤੇ ਗਲਬਾ ਪਾ ਲੈਣ ਨੂੰ ਹੀ ਮਰਦ ਦੀ ਮਰਦਾਨਗੀ ਦਰਸਾਉਂਦਾ ਹੈ। ਪੋਰਨ ਵੇਖਣ ਵਾਲ਼ੇ ਮਰਦ ਦੇ ਅਚੇਤ ਮਨ ਵਿੱਚ ਇਹ ਵਿਚਾਰ ਡੂੰਘਾ ਵਸਿਆ ਹੁੰਦਾ ਹੈ ਕਿ ਔਰਤ ਨੂੰ ਕਿਸੇ ਨਾਲ਼ ਵੀ ਸੈਕਸ ਕਰਨ ਲਈ ਰਾਜੀ ਕੀਤਾ ਜਾ ਸਕਦਾ ਹੈ ਅਤੇ ਥੋੜੀ ਜ਼ਬਰਦਸਤੀ ਤੋਂ ਬਾਅਦ ਉਹ ਖੁਦ ਮੰਨ ਜਾਵੇਗੀ। ਇੱਥੇ ਗੇਲ ਡਾਈਨਜ਼ ਦੀ ਕਿਤਾਬ ਵਿੱਚੋਂ ਹੀ ਇੱਕ ਟੂਕ ਦੇਵਾਂਗੇ, ”ਆਦਮੀ ਜਿਸ ਨੇ ਮੈਨੂੰ ਸਭ ਤੋਂ ਚੰਗੀ ਤਰਾਂ ਇਹ ਗੱਲ ਸਮਝਾਈ, ਕੋਈ ਔਰਤਾਂ ‘ਤੇ ਅਧਿਐਨਾਂ ਦਾ ਮਾਹਿਰ ਨਹੀਂ ਸੀ ਸਗੋਂ ਜੇਲ ‘ਚ ਬੰਦ ਇੱਕ ਬੱਚੀ ਦਾ ਬਲਾਤਕਾਰੀ ਸੀ। ਇੱਕ ਇੰਟਰਵਿਊ ਦੌਰਾਨ ਜੌਹਨ ਨੇ ਮੈਨੂੰ ਦੱਸਿਆ ਕਿ ਉਸ ਨੇ ਬੜੇ ਧਿਆਨ ਨਾਲ਼ ਅਤੇ ਯੁੱਧਨੀਤਕ ਤਰੀਕੇ ਨਾਲ਼ ਆਪਣੀ ਦਸ ਸਾਲਾ ਸੌਤੇਲੀ ਬੱਚੀ ਨੂੰ ਆਪਣੇ ਨਾਲ਼ ਸੈਕਸ ਕਰਨ ਲਈ ”ਸਹਿਮਤ ਹੋਣ ਲਈ” ਤਿਆਰ ਕੀਤਾ ਅਤੇ ਫਿਰ ਉਸਨੇ ਬੜੇ ਆਕਸਮਿਕ ਜਿਹੇ ਢੰਗ ਨਾਲ਼ ਜ਼ਿਕਰ ਕੀਤਾ ਕਿ ਕੰਮ ਹੋਰ ਵੀ ਸੌਖਾ ਹੋ ਗਿਆ ਕਿਉਂਕਿ ”ਸੱਭਿਆਚਾਰ ਨੇ ਮੇਰੇ ਲਈ ਇਸ ਤਿਆਰੀ ਵਿੱਚ ਬਹੁਤ ਕੁੱਝ ਕੀਤਾ।” ਪੋਰਨ ਦਾ ਆਦੀ ਮਰਦ ਔਰਤਾਂ ਬਾਰੇ ਉਹੀ ਰਾਏ ਰੱਖਦਾ ਹੈ ਜੋ ਪੋਰਨ ਉਹਦੀ ਬਣਾਉਂਦਾ ਹੈ।”

ਭਾਵੇਂ ਅਖੌਤੀ ਪ੍ਰਗਟਾਵੇ ਦੀ ਅਜ਼ਾਦੀ ਦੇ ਅਲੰਬਰਦਾਰ ਪੋਰਨ ਦੇ ਹੱਕ ਵਿੱਚ ਕਿੰਨਾ ਵੀ ਕਿਉਂ ਨਾ ਪਿੱਟਣ ਪਰ ਇਹ ਵੀ ਸੱਚ ਹੈ ਕਿ ਪੋਰਨ ਨਿਰੋਲ ਰੂਪ ਵਿੱਚ ਵੇਸਵਾਗਮਨੀ ਹੀ ਹੈ। ਜੇ ਅਸੀਂ ਵੇਸਵਾਗਮਨੀ ਦੀ ਪਰਿਭਾਸ਼ਾ ਵੇਖੀਏ ਤਾਂ ਇਹਦਾ ਮਤਲਬ ਹੈ ਇੱਕ ਔਰਤ ਦੁਆਰਾ ਪੈਸੇ ਖਾਤਰ ਆਪਣਾ ਜਿਸਮ ਵੇਚਣਾ ਤੇ ਪੋਰਨੋਗ੍ਰਾਫੀ ਵਿੱਚ ਵੀ ਇਹੀ ਹੁੰਦਾ ਹੈ ਕਿ ਕੁੱਝ ਸਿੱਕਿਆਂ ਖਾਤਰ ਇਹ ਪੋਰਨ ਸਟਾਰਜ਼ ਆਪਣਾ ਸਰੀਰ ‘ਸਿਲਵਰ ਸਕਰੀਨ’ ਲਈ ਵੇਚਦੀਆਂ ਹਨ। ਜੇ ਵੇਸਵਾਵਾਂ ਅਤੇ ਔਰਤ ਪੋਰਨ ਸਟਾਰਜ਼ ਵਿਚਲੀਆਂ ਬਿਮਾਰੀਆਂ ਵੇਖੀਏ ਤਾਂ ਉਹ ਵੀ ਸਾਂਝੀਆਂ ਮਿਲਣਗੀਆਂ, ਦੋਵੇਂ ਸੰਭੋਗ ਰਾਹੀਂ ਫੈਲਣ ਵਾਲ਼ੀਆਂ ਬਿਮਾਰੀਆਂ ਦੀਆਂ ਸ਼ਿਕਾਰ ਹੁੰਦੀਆਂ ਹਨ, ਦੋਵੇਂ ਹੀ ਨਸ਼ਿਆਂ ਦੀ ਆਦੀ ਹੁੰਦੀਆਂ ਹਨ, ਦੋਵਾਂ ਨੂੰ ਆਪਣੇ ਜੀਵਨ ਨੂੰ ਚਲਦਾ ਰੱਖਣ ਲਈ ਅਣਗਿਣਤ ਮਰਦਾਂ ਨਾਲ਼ ਸੰਭੋਗ ਕਰਨਾ ਪੈਂਦਾ ਹੈ। ਹੋਰ ਤਾਂ ਹੋਰ ਪੋਰਨ ਸਨਅਤ ਵਿੱਚ ਬਹੁਤ ਸਾਰੀਆਂ ਗਰੀਬ ਦੇਸ਼ਾਂ ਦੀਆਂ ਪ੍ਰਵਾਸੀ ਕੁੜੀਆਂ ਜ਼ਬਰੀ ਧੱਕੀਆਂ ਜਾਂਦੀਆਂ ਹਨ। ਜਦ ਵੀ ਕੋਈ ਪੋਰਨ ਵੇਖਦਾ ਹੈ ਤਾਂ ਉਹ ਇਹ ਵੀ ਯਾਦ ਰੱਖੇ ਕਿ ਉਸਦੇ ਇੰਝ ਕਰਨ ਨਾਲ਼ ਹੋਰ ਕੁੜੀਆਂ ਦੀ ਮੰਗ ਵਧੇਗੀ ਅਤੇ ਕੁੱਝ ਹੋਰ ਕੁੜੀਆਂ ਨੂੰ ਇਸ ਸਨਅਤ ਵਿੱਚ ਖਿੱਚਿਆ ਜਾਵੇਗਾ। ਜਿੱਥੇ ਪੋਰਨ ਨੂੰ ਬਣਾਉਣ ਵਾਲ਼ੇ ਜ਼ਿੰਮੇਵਾਰ ਹਨ ਉੱਥੇ ਦੇਖਣ ਵਾਲ਼ੇ ਵੀ ਬਰਾਬਰ ਦੇ ਭਾਈਵਾਲ ਹਨ। ਕੁੱਝ ਲੋਕ ‘ਹਾਰਡ ਕੋਰ’ ਅਤੇ ‘ਸਾਫਟ ਕੋਰ’ ਪੋਰਨ ਦਾ ਕਾਫੀ ਰੌਲ਼ਾ ਪਾਉਂਦੇ ਹਨ ਪਰ ਅਸਲ ਵਿੱਚ ਇਹਨਾਂ ਵਿੱਚ ਕੋਈ ਫਰਕ ਨਹੀਂ ਹੁੰਦਾ। ਜਿਸ ਅਖੌਤੀ ‘ਸਾਫਟ ਕੋਰ’ ਕਾਰਨ ਇੱਕ ਮਰਦ ਵਿਆਗਰਾ ਅਤੇ ਔਰਤ ਕੋਕੀਨ ਦੀ ਲੱਤ ਨਾਲ਼ ਲਬਰੇਜ਼ ਹੋ ਜਾਣ ਉਹਨੂੰ ਸਾਫਟ ਕੋਰ ਕਹਿਣਾ ਉਂਝ ਹੀ ਮੂਰਖਤਾ ਹੈ।

ਭਾਵੇਂ ਅਸੀਂ ਉੱਪਰ ਕਾਫ਼ੀ ਗੱਲ ਕਰ ਆਏ ਹਾਂ ਪਰ ਪੋਰਨੋਗ੍ਰਾਫ਼ੀ ਉੱਤੇ ਅਸੀਂ ਥੋੜੀ ਗੱਲ ਹੋਰ ਕਰਨਾ ਚਾਹਾਂਗੇ। ਸ਼ਬਦ ‘ਪੋਰਨੋਗ੍ਰਾਫ਼ੀ’ ਗਰੀਕ ਭਾਸ਼ਾ ਦੇ ਦੋ ਸ਼ਬਦਾਂ ‘ਪੋਰਨੋ’ ਅਤੇ ‘ਗ੍ਰਾਫ਼ੀ’ ਤੋਂ ਬਣਿਆ ਹੈ। ਜਿਸ ਦਾ ਮਤਲਬ ਹੈ ‘ਵੇਸਵਾ ਬਾਰੇ ਜਾਂ ਵੇਸਵਾ ਦੀਆਂ ਲਿਖਤਾਂ ਜਾਂ ਚਿੱਤਰ’। ਗੇਲਜ਼ ਦੀਆਂ ਲਿਖਤਾਂ ਵਿੱਚੋਂ ਇੱਕ ਗੱਲ ਸਾਫ਼ ਝਲਕਦੀ ਹੈ ਕਿ ਜਿਵੇਂ ਪੋਰਨੋਗ੍ਰਾਫੀ ਪਿਛਲੇ 80-90 ਸਾਲਾਂ ਵਿੱਚ ਹੀ ਪੈਦਾ ਹੋਈ ਹੋਵੇ, ਪਰ ਅਜਿਹਾ ਨਹੀਂ ਹੈ। ਪੋਰਨੋਗ੍ਰਾਫੀ ਦਾ ਇਤਿਹਾਸ ਜਮਾਤੀ ਸਮਾਜ ਜਿੰਨਾ ਹੀ ਪੁਰਾਣਾ ਹੈ। ਜਦ ਤੋਂ ਔਰਤ ਨੂੰ ਜਮਾਤੀ ਸਮਾਜ ਅਤੇ ਮਰਦ ਦੀ ਗੁਲਾਮ ਬਣਾਇਆ ਗਿਆ, ਪੋਰਨੋਗ੍ਰਾਫੀ ਉਦੋਂ ਤੋਂ ਹੀ ਮੌਜੂਦ ਹੈ। ‘ਅਜੰਤਾ ਅਲੋਰਾ’ ਦੀਆਂ ਗੁਫਾਫਾਂ ਦੋ ਸਦੀ ਪੂਰਵ ਈਸਾ ਦੀਆਂ ਹਨ ਅਤੇ ਉਹਨਾਂ ਵਿਚਲੀ ਪੋਰਨੋਗ੍ਰਾਫੀ ਵੀ ਉਦੋਂ ਹੀ ਉੱਕਰੀ ਗਈ ਸੀ। ਇਸੇ ਤਰਾਂ ਚੀਨ, ਗਰੀਸ ਆਦਿ ਕਈ ਦੇਸ਼ਾਂ ਵਿੱਚ ਵੀ ਪੋਰਨੋਗ੍ਰਾਫੀ ਦਾ ਲੰਬਾ ਇਤਿਹਾਸ ਪਾਇਆ ਜਾਂਦਾ ਹੈ। ਮਿਸਰ ਦਾ ਇੱਕ ਮਸ਼ਹੂਰ ਪੋਰਨੋਗ੍ਰਾਫੀ ਚਿੱਤਰ ਜਿਸਦਾ ਨਾਮ Turin Erotic Papyrus ਹੈ 1292-1075 ਬੀ. ਸੀ. ਪੁਰਾਣਾ ਹੈ। ਨਿੱਜੀ ਸੰਪੱਤੀ ਪੈਦਾ ਹੋਣ ‘ਤੇ ਉਸਦੇ ਵਾਰਸ ਚਾਹੀਦੇ ਸਨ ਅਤੇ ਉਹ ਵਾਰਸ ਇੱਕ ਹੀ ਕੁੱਲ ਦੇ ਹੋਣ ਇਸ ਲਈ ਔਰਤਾਂ ‘ਤੇ ਪਾਬੰਦੀਆਂ ਲਾਉਣਾ ਜ਼ਰੂਰੀ ਸੀ। ਉਹਨਾਂ ਦੇ ਸਾਰੇ ਹੱਕ ਖੋਹਣੇ ਲੋੜੀਂਦੇ ਸਨ ਅਤੇ ਉਹਨਾਂ ਨੂੰ ਆਪਣੇ ਸਰੀਰ ਤੋਂ ਲੈਕੇ ਹਰ ਪੱਖੋਂ ਕਮਜ਼ੋਰ ਬਣਾਉਣਾ ਵੀ ਜ਼ਰੂਰੀ ਸੀ। ਇਸੇ ਲਈ ਉਹਦੀ ਕਮਜ਼ੋਰੀ ਹੀ ਉਹਦੀ ਸੁੰਦਰਤਾ ਦੱਸੀ ਗਈ।

ਉਦੋਂ ਦੇ ਰਾਜੇ-ਰਜਵਾੜੇ, ਜਗੀਰਦਾਰਾਂ ਵਿੱਚ ਪੋਰਨੋਗ੍ਰਾਫੀ ਆਮ ਪ੍ਰਚੱਲਤ ਸੀ। ਇਸ ਦਾ ਇੱਕ ਕਾਰਨ ਤਾਂ ਇਹ ਸੀ ਕਿ ਇਹ ਜਮਾਤ ਹਾਕਮ ਜਮਾਤ ਸੀ ਅਤੇ ਹਰ ਸਾਧਨ ‘ਤੇ ਇਹਨਾਂ ਦਾ ਕਬਜ਼ਾ ਸੀ। ਦੂਜਾ ਆਪਣੇ ਸਮਕਾਲ ਵਿੱਚ ਇਹੀ ਜਮਾਤ ਵਿਹਲੜ ਸੀ ਅਤੇ ਆਪਣੇ ਵਿਹਲੜਪੁਣੇ ਵਿੱਚੋਂ ਹੀ ਇਹਨਾਂ ਨੇ ਪੋਰਨੋਗ੍ਰਾਫ਼ੀ ਇਜਾਦ ਕੀਤੀ। ਪਰ ਸੰਸਾਰ ਰੰਗਮੰਚ ‘ਤੇ ਸਰਮਾਏਦਾਰੀ ਦੇ ਪ੍ਰਗਟ ਹੋਣ ‘ਤੇ ਇਹਨੇ ਦੋ ਕੰਮ ਕੀਤੇ ਇੱਕ ਤਾਂ ਇਹ ਕਿ ਸਰਮਾਏਦਾਰੀ ਨੇ ਹੇਠਲੀਆਂ ਜਮਾਤਾਂ ਨੂੰ ਬੇਗਾਨਗੀਗ੍ਰਸਤ ਦਿੱਤਾ ਅਤੇ ਦੂਜਾ ਉਸਨੇ ਹਰ ਭਾਵਨਾ ਨੂੰ ਵਸਤੂ ਵਿੱਚ ਵੱਟਕੇ ਉਸਤੋਂ ਮੁਨਾਫਾ ਕੁੱਟਣਾ ਸਿੱਖਿਆ। ਅੱਜ ਪੋਰਨੋਗ੍ਰਾਫੀ ਦਾ ਇਨਾ ਜ਼ਿਆਦਾ ਪਸਾਰਾ ਵੀ ਸਰਮਾਏਦਾਰੀ ਸਮਾਜ ਦੇ ਫੈਲਣ ਨਾਲ਼ ਹੀ ਹੋਂਦ ਵਿੱਚ ਆਇਆ ਕਿਉਂਕਿ ਸਾਡੀ ਲੈਂਗਿਕਤਾ ਦਾ ਜਿਣਸੀਕਰਨ ਕਰਨਾ ਸਰਮਾਏਦਾਰੀ ਨੇ ਹੀ ਸਿੱਖਿਆ ਅਤੇ ਕੀਤਾ ਵੀ। ਸੱਭਿਆਚਾਰ ਦੇ ਕਿਸੇ ਵੀ ਖੇਤਰ ਵਿੱਚ ਸਰਮਾਏਦਾਰੀ ਕੋਲ਼ ਦੇਣ ਲਈ ਕੁੱਝ ਵੀ ਨਵਾਂ ਨਹੀਂ ਹੈ ਇਸ ਲਈ ਹਰ ਖੇਤਰ ਵਿੱਚ ਇਹ ਬੇਗਾਨਗੀ ਦਾ ਵਿਸਥਾਰ ਕਰ ਰਹੀ ਹੈ। ਜਿਵੇਂ-ਜਿਵੇਂ ਸਰਮਾਏਦਾਰੀ ਆਰਥਿਕ ਤੇ ਸਿਆਸੀ ਰੂਪ ਵਿੱਚ ਨਿੱਘਰਦੀ ਜਾਂਦੀ ਹੈ ਉਵੇਂ-ਉਵੇਂ ਹੀ ਇਹ ਸੱਭਿਆਚਾਰ ਵਿੱਚ ਨਿੱਘਰਦੀ ਜਾਂਦੀ ਹੈ। ਅੱਜ ਤੋਂ 20-25 ਸਾਲ ਪਹਿਲਾਂ ਦਾ ਪੋਰਨ ‘ਫੀਚਰ ਪੋਰਨ’ (ਕਹਾਣੀ ਅਧਾਰਤ) ਸੀ ਅਤੇ ਜੋ ਹੁਣ ਨਿੱਘਰ ਕੇ ‘ਗੋਂਜ਼ੋ ਪੋਰਨ’ ਬਣ ਚੁੱਕਿਆ ਜਿਸ ਵਿੱਚ ‘ਏ ਟੀ ਐਮ’ ਹੈ, ਗੈਂਗ ਬੈਂਗ ਹੈ, ਬੱਕ ਕੇਕ ਅਤੇ ਗੈਗਿੰਗ ਹੈ। ਇਸਦਾ ਸਭ ਤੋਂ ਵੱਧ ਨਿਘਾਰ ਤਾਂ ‘ਬਲਾਤਕਾਰ ਪੋਰਨ’ ਅਤੇ ‘ਬੀ ਡੀ ਐਸ ਐਮ’ ਵਿੱਚ ਦਿੱਖਦਾ ਹੈ। ਸਾਡੇ ਕਹਿਣ ਦਾ ਮਤਲਬ ਇਹ ਵੀ ਹੈ ਕਿ ਜੇਕਰ ਅਸੀਂ ਪੋਰਨੋਗ੍ਰਾਫੀ ਨੂੰ ਖਤਮ ਕਰਨ ਦੀ ਗੱਲ ਕਰੀਏ ਤਾਂ ਨਿੱਜੀ-ਸੰਪੱਤੀ ਅਤੇ ਜਮਾਤੀ ਸਮਾਜ ਦੀ ਬਰਬਾਦੀ ਤੋਂ ਬਿਨਾਂ ਇਹਦੀ ਹੋਂਦ ਖਤਮ ਕਰਨਾ ਨਾਮੁਮਕਿਨ ਹੈ। ਪੋਰਨ ਆਤਮਕ ਲਗਾਵ ਵਿਹੂਣਾ ਇੱਕ ਬੇਗਾਨਗੀਗ੍ਰਸਤ ਸੈਕਸ ਹੀ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਸਿਰਫ਼ ਜਮਾਤੀ ਸਮਾਜ ਨੂੰ ਖਤਮ ਕਰਨ ਦੀ ਹੀ ਮੁੱਖ ਲੜਾਈ ਲੜਨੀ ਚਾਹੀਦੀ ਹੈ ਸਗੋਂ ਸਾਡੇ ਮੁਤਾਬਕ ਪੋਰਨੋਗ੍ਰਾਫੀ ਵਿਰੁੱਧ ਲੜਾਈ ਜਮਾਤੀ ਸਮਾਜ ਵਿਰੁੱਧ ਲੜਾਈ ਦੇ ਹਿੱਸੇ ਵੱਜੋਂ ਲੜਨੀ ਚਾਹੀਦੀ ਹੈ।

ਪੋਰਨ ਦੀ ਵਾਦੀ ਤੋਂ ਛੁਟਕਾਰਾ ਪਾਉਣ ਲਈ ਸਾਡੀ ਨਜ਼ਰੇ ਕੁੱਝ ਸੁਝਾਅ ਹਨ। ਇੱਕ ਤਾਂ ਆਪਣਾ ਸਹੁਜ-ਸਵਾਦ ਬਦਲਣ ਦੀ ਕੋਸ਼ਿਸ਼ ਕਰੋ, ਕਿਉਂਕਿ ਪੋਰਨ ਜੋ ਸਭ ਤੋਂ ਮਾਰੂ ਹਮਲਾ ਕਰਦਾ ਹੈ ਉਹ ਦਰਸ਼ਕ ਦੇ ਸਹੁਜਸ਼ਾਸਤਰ ‘ਤੇ ਕਰਦਾ ਹੈ। ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ, ਖਾਸ ਕਰ ਪੋਰਨ ਵਿਰੋਧੀ ਸਾਹਿਤ। ਦੂਜਾ ਸਰੀਰਕ ਕਸਰਤ ਦੀ ਆਦਤ ਪਾਓ, ਖਾਸਕਰ ਦੌੜ ਅਤੇ ਤੈਰਾਕੀ ਵਰਗੀਆਂ ਕਾਰਡੀਓ ਕਸਰਤਾਂ ਜ਼ਰੂਰ ਕਰੋ। ਕਸਰਤ ਸ਼ਰੀਰ ਵਿੱਚ ‘ਹੈਪੀ ਹਾਰਮੋਨਜ਼’ ਪੈਦਾ ਕਰਦੀ ਹੈ ਜੋ ਕਿ ਅਵਸਾਦ ਆਦਿ ਦੀਆਂ ਬਿਮਾਰੀਆਂ ਨੂੰ ਦੂਰ ਰੱਖਦੇ ਹਨ ਅਤੇ ਪੋਰਨ ਵੀ ਇੱਕ ਅਵਸਾਦ ਹੀ ਹੈ। ਔਰਤ ਅਤੇ ਮਰਦ ਦੀ ਮਿੱਤਰਤਾ ਨੂੰ ਵਧਾਵਾ ਦੇਣਾ ਚਾਹੀਦਾ ਹੈ। ਦੋਵਾਂ ਵਿਚ ਦੀ ਦੂਰੀ ਦਾ ਫਾਇਦਾ ਵੀ ਪੋਰਨ ਚੁੱਕਦਾ ਹੈ। ਔਰਤ-ਮਰਦ ਮਿੱਤਰਤਾ ਦੋਵਾਂ ਨੂੰ ਇੱਕ ਦੂਜੇ ਨੂੰ ਬਿਹਤਰ ਸਮਝਣ ਦਾ ਜ਼ਰੀਆ ਹੈ। ਦੋਵੇਂ, ਵਿਰੋਧੀ ਲਿੰਗ ਨੂੰ ਵੀ ਇੱਕ ਆਮ ਮਨੁੱਖ ਵਾਂਗ ਦੇਖਣ ਲੱਗਣ ਇਸ ਲਈ ਇਹ ਮਿੱਤਰਤਾ ਬਹੁਤ ਲੋੜੀਂਦੀ ਹੈ।   ਪੋਰਨ ਦੀ ਵਾਦੀ ਛੁਟਕਾਰਾ ਪਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਪੋਰਨ ਵਿਰੁੱਧ ਤੁਸੀਂ ਵੀ ਖੜੇ ਹੋ ਜਾਵੋ ਅਤੇ ਨਾ ਸਿਰਫ਼ ਪੋਰਨ ਵਿਰੁੱਧ ਸਗੋਂ ਇਸ ਨੂੰ ਪੈਦਾ ਕਰਨ ਵਾਲ਼ੇ ਜਮਾਤੀ ਸਮਾਜ ਨੂੰ ਖਤਮ ਕਰਨ ਦੇ ਰਾਹ ਵੱਲ ਚੱਲਿਆ ਜਾਵੇ। ਸਿਰਫ ਇੰਝ ਕਰਨ ਨਾਲ਼ ਹੀ ਤੁਸੀਂ ਔਰਤ-ਮਰਦ ਦੇ ਬਰਾਬਰੀ ਦਾ ਸਮਾਜ ਸਿਰਜਣ ਲਈ, ਨਵੀਂ ਪੀੜੀ ਲਈ ਅਤੇ ਨਵੇਂ ਸੱਭਿਆਚਾਰ ਲਈ ਜ਼ਮੀਨ ਤਿਆਰ ਕਰ ਦੇਵੋਂਗੇ। 19ਵੀਂ ਸਦੀ ਦੇ ਮਹਾਨ ਦਾਰਸ਼ਨਿਕ ਅਤੇ ਇਨਕਲਾਬੀ ਫਰੈਡਰਿਕ ਏਂਗਲਜ਼ ਦੇ ਆਪਣੇ ਮਿੱਤਰ ਕਾਰਲ ਮਾਰਕਸ ਨੂੰ ਲਿਖੇ ਇੱਕ ਖ਼ਤ ‘ਚੋਂ ਇੱਕ ਟੂਕ ਨਾਲ਼ ਆਪਣੀ ਗੱਲ ਖ਼ਤਮ ਕਰਨੀ ਚਾਹਾਂਗੇ, ”ਅੱਗੇ ਆਉਣ ਵਾਲ਼ੇ ਦੌਰ ਵਿੱਚ ਇੱਕ ਨਵੀਂ ਮਨੁੱਖਤਾ ਦਾ ਜਨਮ ਹੋਵੇਗਾ। ਓਦੋਂ, ਮਰਦਾਂ ਦੀ ਇੱਕ ਅਜਿਹੀ ਪੀੜ੍ਹੀ ਆਵੇਗੀ ਜਿਨ੍ਹਾਂ ਨੂੰ ਕਦੇ ਇਹ ਹੀ ਨਹੀਂ ਪਤਾ ਹੋਵੇਗਾ ਕਿ ਧਨ ਨਾਲ਼ ਜਾਂ ਕਿਸੇ ਦੂਸਰੀ ਤਾਕਤ ਨਾਲ਼ ਔਰਤਾਂ ਦੀ ਇੱਜ਼ਤ ਖਰੀਦੀ ਜਾ ਸਕਦੀ ਹੈ। ਉਦੋਂ ਔਰਤਾਂ ਦੀ ਵੀ ਇੱਕ ਅਜਿਹੀ ਪੀੜ੍ਹੀ ਆਵੇਗੀ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਹੋਵੇਗਾ ਕਿ ਸੱਚੇ ਪਿਆਰ ਤੋ ਬਿਨਾਂ ਕਿਸੇ ਹੋਰ ਵਿਚਾਰ ਨਾਲ਼ ਵੀ ਖੁਦ ਨੂੰ ਕਿਸੇ ਮਰਦ ਨੂੰ ਸਮਰਪਿਤ ਕੀਤਾ ਜਾ ਸਕਦਾ ਹੈ।”

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 56, 16 ਜੂਨ 2016 ਵਿੱਚ ਪ੍ਰਕਾਸ਼ਤ

Advertisements