ਪੂਰਵਰੰਗ ਵੱਲੋਂ ਚੰਡੀਗੜ੍ਹ ਵਿੱਚ ਪਲੇਠਾ ਸਮਾਗਮ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਕਲਾ-ਸਾਹਿਤ-ਸੱਭਿਆਚਾਰ, ਸਮਾਜ ਅਤੇ ਮੀਡੀਆ ਜਿਹੇ ਵਿਸ਼ਿਆਂ ਉੱਤੇ ਸਿਰਜਣ ਅਤੇ ਸੰਵਾਦ ਰਚਾਉਣ ਲਈ ਚੰਡੀਗੜ੍ਹ ਵਿੱਚ ਬਣੇ ਮੰਚ ‘ਪੂਰਵਰੰਗ’ ਵੱਲੋਂ ਆਪਣਾ ਪਹਿਲਾ ਪ੍ਰੋਗਰਾਮ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ 8 ਅਕਤੂਬਰ ਨੂੰ ਕੀਤਾ ਗਿਆ। ਪਹਿਲੇ ਪ੍ਰੋਗਰਾਮ ਦਾ ਵਿਸ਼ਾ ਰੱਖਿਆ ਗਿਆ ਸੀ – “ਮੱਧ-ਪੂਰਬ ਵਿੱਚ ਸਾਮਰਾਜੀ ਦਖ਼ਲਅੰਦਾਜੀ, ਜ਼ਾਇਨਵਾਦ ਅਤੇ ਫ਼ਲਸਤੀਨੀ ਸੰਘਰਸ਼ ਦਾ ਸਵਾਲ”, ਜਿਸ ਵਿੱਚ ਮੁੱਖ ਬੁਲਾਰੇ ਦੇ ਤੌਰ ‘ਤੇ ਸ਼ਾਮਲ ਸਨ ਦਿੱਲੀ ਤੋਂ ਪਹੁੰਚੇ ਸਿਆਸੀ ਵਿਸ਼ਲੇਸ਼ਕ ਅਤੇ ‘ਫ਼ਲਸਤੀਨ ਦੇ ਨਾਲ ਇੱਕਜੁੱਟ ਭਾਰਤੀ ਜਨ’ ਦੇ ਪ੍ਰਤੀਨਿਧੀ ਆਨੰਦ ਸਿੰਘ। ਉਹਨਾਂ ਨੇ ਇਸ ਵਿਸ਼ੇ ਦੇ ਹਰ ਪਹਿਲੂ ਉੱਤੇ ਚਾਨਣਾ ਪਾਉਂਦੇ ਹੋਏ ਆਪਣੀ ਗੱਲ ਰੱਖੀ ਕਿ ਫ਼ਲਸਤੀਨ ਜਿਹੇ ਛੋਟੇ ਜਿਹੇ ਮੁਲਕ ਦੇ ਲੋਕਾਂ ਨੂੰ ਬੀਤੇ ਤਕਰੀਬਨ 68 ਸਾਲ ਤੋਂ ਇਜ਼ਰਾਇਲ ਦੀ ਆਧੁਨਿਕ ਹਥਿਆਰਾਂ ਨਾਲ ਲੈਸ ਫੌਜ ਕੁਚਲ ਰਹੀ ਹੈ। ਨਾਲ ਹੀ ਇਸ ਮੁਲਕ ਦੀ ਚਾਰੇ ਪਾਸਿਓਂ ਵਾੜਬੰਦੀ ਕਰਕੇ ਇਸ ਉੱਪਰ ਆਰਥਿਕ ਰੋਕਾਂ ਵੀ ਲਾਈਆਂ ਜਾ ਰਹੀਆਂ ਹਨ। ਫ਼ਿਰ ਵੀ ਫ਼ਲਸਤੀਨੀ ਜਨਤਾ ਨੇ ਅਜੇ ਤੱਕ ਹਾਰ ਨਹੀਂ ਮੰਨੀ ਹੈ ਅਤੇ ਲਗਾਤਾਰ ਆਪਣੀ ਆਜ਼ਾਦੀ ਲਈ ਜੂਝ ਰਹੇ ਹਨ। ਆਨੰਦ ਸਿੰਘ ਨੇ ਇਸ ਮਸਲੇ ਦੇ ਹੋਰ ਪਹਿਲੂਆਂ ਜਿਵੇਂ ਕਿ ਜ਼ਾਇਨਵਾਦ ਦੇ ਸੰਕਲਪ ਦਾ ਮੌਜੂਦਾ ਸਰਮਾਏਦਾਰੀ ਵਿਕਾਸ ਨਾਲ ਉਭਾਰ, ਇਜ਼ਰਾਇਲੀ ਕੁਕਰਮਾਂ ਨੂੰ ਮਿਲਦੀ ਅਮਰੀਕੀ ਸ਼ਹਿ ਅਤੇ ਭਾਰਤੀ ਹਾਕਮਾਂ ਦੀ ਵੀ ਇਜ਼ਰਾਇਲ-ਪ੍ਰਸਤ ਨੀਤੀਆਂ ਦੀ ਗੱਲ ਕੀਤੀ।

ਪ੍ਰੋਗਰਾਮ ਦਾ ਸੰਚਾਲਨ ‘ਪੂਰਵਰੰਗ’ ਦੀ ਪ੍ਰਬੰਧਕ ਨਮਿਤਾ ਵੱਲੋਂ ਕੀਤਾ ਗਿਆ ਅਤੇ ਮੰਚ ਉੱਤੇ ਪ੍ਰਧਾਨਗੀ ਮੰਡਲ ਦੀ ਭੂਮਿਕਾ ਡਾ.ਪਿਆਰੇ ਲਾਲ ਗਰਗ ਅਤੇ ਪੰਜਾਬ ਯੂਨੀਵਰਸਿਟੀ ਦੇ ਸਿਆਸੀ ਵਿਗਿਆਨ ਦੇ ਪ੍ਰੋ.ਮੁਹੰਮਦ ਖਾਲਿਦ ਨੇ ਨਿਭਾਈ। ਵਿਚਾਰ-ਚਰਚਾ ਤੋਂ ਬਾਅਦ ਪੂਰਵਰੰਗ ਦੇ ਮੈਂਬਰਾਂ ਵੱਲੋਂ ਫ਼ਲਸਤੀਨੀ ਸੰਘਰਸ਼ ਨਾਲ ਸੰਬੰਧਿਤ ਕਵਿਤਾਵਾਂ ਦਾ ਵੀ ਪਾਠ ਕੀਤਾ ਗਿਆ। ਅੰਤ ਵਿੱਚ ਇੱਕ ਦਸਤਾਵੇਜ਼ੀ ਫ਼ਿਲਮ ‘ਆਕੂਪੇਸ਼ਨ 101’ ਦਿਖਾਈ ਗਈ। ਪ੍ਰੋਗਰਾਮ ਦੇ ਦੌਰਾਨ ਹਾਲ ਵਿੱਚ ਲੱਗੀ ਪੋਸਟਰ ਅਤੇ ਪੁਸਤਕ ਪ੍ਰਦਰਸ਼ਨੀ ਦੀ ਵੀ ਲੋਕਾਂ ਨੇ ਕਾਫੀ ਸ਼ਲਾਘਾ ਕੀਤੀ।

ਅੱਜ ਦੇ ਸਮੇਂ ਵਿੱਚ ਬੇਹੱਦ ਮਹੱਤਵਪੂਰਨ ਇਸ ਵਿਸ਼ੇ ਉੱਤੇ ਕਰਵਾਈ ਇਸ ਵਿਚਾਰ-ਚਰਚਾ ਵਿੱਚ ਵਿਦਿਆਰਥੀਆਂ, ਬੁੱਧੀਜੀਵੀਆਂ, ਕਲਾਕਾਰਾਂ ਅਤੇ ਹੋਰ ਸਮਾਜਿਕ ਕਾਰਕੁੰਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਪੂਰਵਰੰਗ ਦੀ ਪ੍ਰਬੰਧਕ ਨਮਿਤਾ ਵੱਲੋਂ ਅਗਾਊਂ ਵੀ ਅਜਿਹੇ ਮਸਲਿਆਂ ਉੱਤੇ ਸਾਰਥਕ ਵਿਚਾਰ-ਚਰਚਾ ਜਾਰੀ ਰੱਖਣ ਦੀ ਗੱਲ ਕੀਤੀ ਗਈ।

– ਪੱਤਰ ਪ੍ਰੇਰਕ

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 45, ਨਵੰਬਰ 2015 ਵਿਚ ਪਰ੍ਕਾਸ਼ਤ