ਪੂਰਵਰੰਗ ਵੱਲੋਂ ਮਾਤ-ਭਾਸ਼ਾ ਦੀ ਮਹੱਤਤਾ ਬਾਰੇ ਵਿਚਾਰ-ਗੋਸ਼ਟੀ ਦਾ ਆਯੋਜਨ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਕਲਾ-ਸਾਹਿਤ-ਸਭਿਆਚਾਰ, ਸਮਾਜ ਅਤੇ ਮੀਡੀਆ ਜਿਹੇ ਵਿਸ਼ਿਆਂ ਉੱਤੇ ਸਿਰਜਣ ਅਤੇ ਸੰਵਾਦ ਰਚਾਉਣ ਲਈ ਚੰਡੀਗੜ ਵਿੱਚ ਬਣੇ ਮੰਚ ‘ਪੂਰਵਰੰਗ’ ਵੱਲ਼ੋਂ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿਚ 6 ਫਰਵਰੀ ਨੂੰ ਵਿਚਾਰ-ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦਾ ਵਿਸ਼ਾ ਸੀ -‘ਸਿੱਖਿਆ, ਸਭਿਆਚਾਰ ਅਤੇ ਮੀਡੀਆ ਵਿੱਚ ਮਾਤ-ਭਾਸ਼ਾ ਦੀ ਭੂਮਿਕਾ’, ਜਿਸ ਵਿੱਚ ਮੁੱਖ ਬੁਲਾਰੇ ਵਜੋਂ ਭਾਸ਼ਾ-ਵਿਗਿਆਨੀ ਡਾ. ਜੋਗਾ ਸਿੰਘ ਨੇ ਆਪਣੇ ਵਿਚਾਰ ਰੱਖ । ਡਾ. ਜੋਗਾ ਸਿੰਘ ਨੇ ਵਿਚਾਰ ਰੱਖਦਿਆਂ ਕਿਹਾ ਕਿ ਭਾਰਤ ਅੱਜ ਗੰਭੀਰ ਭਾਸ਼ਾਈ ਸੰਕਟ ਵਿੱਚੋਂ ਲੰਘ ਰਿਹਾ ਹੈ। ਅਜੋਕੀਆਂ ਪੀੜ੍ਹੀਆਂ ਤੋਂ ਉਹਨਾਂ ਦੀਆਂ ਮਾਤ-ਭਾਸ਼ਾਵਾਂ ਖੋਹ ਕੇ ਉਹਨਾਂ ਦਾ ਬੌਧਿਕ ਵਿਕਾਸ ਰੋਕਿਆ ਜਾ ਰਿਹਾ ਹੈ ਜਦਕਿ ਦੁਨੀਆਂ ਭਰ ਦੇ ਵਿਗਿਆਨੀ ਇਹ ਗੱਲ ਮੰਨਦੇ ਹਨ ਕਿ ਬੱਚੇ ਦਾ ਬੌਧਿਕ ਵਿਕਾਸ, ਸਮੇਤ ਉਸਦੇ ਹੋਰ ਭਾਸ਼ਾਵਾਂ ਸਿੱਖਣ ਦੀ ਸਮਰੱਥਾ ਦੇ ਵਿਕਾਸ ਵਿੱਚ, ਉਸਨੂੰ ਬਚਪਨ ਵਿੱਚ ਮਿਲੀ ਮਾਤ-ਭਾਸ਼ਾ ਵਿੱਚ ਸਿੱਖਿਆ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਦੁਨੀਆਂ ਭਰ ਦੇ ਵਿਕਸਿਤ ਮੁਲਕਾਂ ਵਿੱਚ ਵੀ ਬੱਚਿਆਂ ਨੂੰ ਸਿੱਖਿਆ ਉਹਨਾਂ ਦੀਆਂ ਮਾਤ-ਭਾਸ਼ਾਵਾਂ ਵਿੱਚ ਦਿੱਤੀ ਜਾਂਦੀ ਹੈ  ਜਦ ਕਿ ਭਾਰਤ ਵਿਚ ਇਸਦੇ ਬਿਲਕੁਲ ਉਲ਼ਟ ਵਰਤਾਰਾ ਦੇਖਣ ਵਿਚ ਆ ਰਿਹਾ ਹੈ। ਪਿਛਲੇ ਕੁਝ ਦਹਾਕਿਆਂ ਵਿਚ ਹੀ ਖੁੰਬਾਂ ਵਾਂਗੂ ਉੱਭਰੇ ਅੰਗਰੇਜ਼ੀ ਮਾਧਿਅਮ ਸਕੂਲਾਂ ਵਿਚ ਬੱਚਿਆਂ ਨੂੰ ਮਾਤ-ਭਾਸ਼ਾ ਬੋਲਣ ਉੱਤੇ ਵੀ ਸਜ਼ਾ ਦਿੱਤੀ ਜਾਂਦੀ ਹੈ ਅਤੇ ਅੰਗਰੇਜ਼ੀ ਨੂੰ ਹੀ ਹਰ ਕਾਮਯਾਬੀ ਹਾਸਲ਼ ਕਰਨ ਦੀ ਕੁੰਜੀ ਸਮਝਿਆ ਜਾ ਰਿਹਾ ਹੈ । ਦੇਸ ਦੇ ਹਾਕਮਾਂ ਦਾ ਰਵੱਈਆ ਵੀ ਭਾਸ਼ਾ ਦੇ ਮਸਲੇ ਪ੍ਰਤੀ ਬਹੁਤ ਨਾ-ਪੱਖੀ ਹੈ। ਇਸੇ ਲਈ ਆਉਣ ਵਾਲ਼ੀਆਂ ਪੀੜ੍ਹੀਆਂ ਤੱਕ ਮਾਂ-ਬੋਲ਼ੀ ਨੂੰ ਲਿਜਾਣ, ਉਹਨਾਂ ਨੂੰ ਮਾਨਸਿਕ ਗੁਲਾਮੀ ਦੇ ਬੰਧਨਾਂ ਤੋਂ ਮੁਕਤ ਕਰਵਾਉਣ ਦੀ ਜਿੰਮੇਵਾਰੀ ਹੁਣ ਸਮਾਜ ਦੇ ਅਗਾਂਹਵਧੂ ਤਬਕੇ ਸਿਰ ਹੈ ਅਤੇ ਲੋੜ ਹੈ ਕਿ ਭਾਸ਼ਾ ਦੇ ਵਿਕਾਸ ਨੂੰ ਲੈ ਕੇ ਜੋ ਛੋਟੇ ਪੱਧਰ ਉੱਤੇ ਯਤਨ ਹੋ ਰਹੇ ਹਨ, ਉਹਨਾਂ ਨੂੰ ਇੱਕ ਵਿਆਪਕ ਲਹਿਰ ਵਿੱਚ ਤਬਦੀਲ ਕੀਤਾ ਜਾਵੇ ਅਤੇ ਇਸ ਕਾਰਜ ਵਿੱਚ ਵਿਦਿਆਰਥੀਆਂ, ਬੁੱਧੀਜੀਵੀਆਂ ਅਤੇ ਸਮਾਜ ਦੇ ਹੋਰਾਂ ਤਬਕਿਆਂ ਦੀ ਖਾਸ ਭੂਮਿਕਾ ਬਣਦੀ ਹੈ।

ਪ੍ਰੋਗਰਾਮ ਦਾ ਸੰਚਾਲਨ ਪੂਰਵਰੰਗ ਦੀ ਸੰਯੋਜਕ ਨਮਿਤਾ ਨੇ ਕੀਤਾ। ਪ੍ਰਧਾਨਗੀ ਮੰਡਲ ਵਿਚ ਪੰਜਾਬ ਯੂਨੀਵਰਸਿਟੀ ਦੇ ਰੂਸੀ ਵਿਭਾਗ ਦੇ ਮੁਖੀ ਪ੍ਰੋ. ਪੰਕਜ ਮਾਲਵੀਆ ਅਤੇ ਪ੍ਰਸਿੱਧ ਅਨੁਵਾਦਕ ਗੁਰਦੀਪ ਸਿੰਘ ਸ਼ਾਮਲ ਸਨ। ਇਸ ਮੌਕੇ ਜਨਚੇਤਨਾ ਵੱਲੋਂ ਅਗਾਂਹਵਧੂ ਸਾਹਿਤ ਅਤੇ ਪੋਸਟਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਖਾਸ ਰੁਚੀ ਦਿਖਾਈ।

ਅੱਜ ਦੇ ਸਮੇਂ ਵਿੱਚ ਬੇਹੱਦ ਮਹੱਤਵਪੂਰਨ ਇਸ ਵਿਸ਼ੇ ਉੱਤੇ ਕਰਵਾਈ ਇਸ ਵਿਚਾਰ-ਚਰਚਾ ਵਿੱਚ ਵਿਦਿਆਰਥੀਆਂ, ਬੁੱਧੀਜੀਵੀਆਂ,  ਕਲਾਕਾਰਾਂ ਅਤੇ ਹੋਰ ਸਮਾਜਿਕ ਕਾਰਕੁੰਨਾਂ ਨੇ ਵਧ-ਚੱੜਕੇ ਹਿੱਸਾ ਲਿਆ। ਪੂਰਵਰੰਗ ਦੀ ਸੰਯੋਜਕ ਨਾਮਿਤਾ ਵੱਲ਼ੋਂ ਅਗਾਊਂ ਵੀ ਅਜਿਹੇ ਮਸਲਿਆਂ ਉੱਤੇ ਸਾਰਥਕ ਵਿਚਾਰ-ਚਰਚਾ ਜਾਰੀ ਰੱਖਣ ਦੀ ਗੱਲ ਕੀਤੀ।  

-ਪੱਤਰ ਪ੍ਰੇਰਕ

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 49, 1 ਮਾਰਚ 2016 ਵਿਚ ਪਰ੍ਕਾਸ਼ਤ

Advertisements