ਇਹ ਸਾਹਿਤ ਦੀ ਖੂਬਸੂਰਤੀ ਹੈ ਕਿ ਜੋ ਚੀਜ਼ਾਂ ਵਿਗਿਆਨ, ਸਿਧਾਂਤ ਦੇ ਖੇਤਰ ਵਿੱਚ ਮੁਸ਼ਕਲ ਤੇ ਗੁੰਝਲ਼ਦਾਰ ਲਗਦੀਆਂ ਹਨ, ਸਾਹਿਤ ਉਹਨਾਂ ਨੂੰ ਸਾਡੇ ਰੋਜ਼ਨਾ ਜੀਵਨ ਨਾਲ਼ ਜੋੜ ਕੇ ਬੜੀ ਸੌਖ ਤੇ ਦਿਲਚਸਪ ਢੰਗ ਨਾਲ਼ ਉਹਨਾਂ ਨੂੰ ਸਾਡੇ ਸਾਹਮਣੇ ਲਿਆ ਧਰਦਾ ਹੈ। ਇਸ ਕਾਰਨ ਸਾਹਿਤ ਸਿਰਫ਼ ਕਲਾਤਮਕ ਤੇ ਸੁਹਜਾਤਮਕ ਅਨੰਦ ਜਾਂ ਫਿਰ ਪ੍ਰੇਰਨਾ, ਉਤਸ਼ਾਹ, ਸੰਵੇਦਨਸ਼ੀਲਤਾ ਜਿਹੀਆਂ ਭਾਵਨਾਵਾਂ ਦਾ ਸੋਮਾ ਹੀ ਨਹੀਂ ਹੈ ਸਗੋਂ ਇਹ ਕਿਸੇ ਵਰਤਾਰੇ ਦੀ ਵਿਗਿਆਨਕ ਵਿਆਖਿਆ, ਇਤਿਹਾਸ ਘਟਨਾਵਾਂ ਦੇ ਸਫ਼ਰ, ਮਨੁੱਖਤਾ ਦੇ ਨਾਇਕਾਂ ਦੀ ਜੀਵਨ-ਗਾਥਾ ਤੇ ਹੋਰਨਾਂ ਦੇ ਜੀਵਨ ਦਾ ਤਜ਼ਰਬੇ ਰਾਹੀਂ ਸਾਡੇ ਗਿਆਨ ਭੰਡਾਰ ਨੂੰ ਵਿਸ਼ਾਲ ਵੀ ਕਰਦਾ ਹੈ। ਇਸ ਲਈ ਬਿਹਤਰ ਸਮਾਜ ਸਿਰਜਣ ਦੀ ਜੱਦੋ-ਜਹਿਦ ਵਿੱਚ ਲੱਗੇ ਲੋਕਾਂ ਲਈ ਸਮਾਜ ਦੀ ਵਿਗਿਆਨਕ ਸੂਝ ਦੇ ਨਾਲ਼-ਨਾਲ਼ ਬੀਤੇ ਇਨਕਲਾਬਾਂ ਨਾਲ਼ ਜੁੜਿਆ ਸਾਹਿਤ ਪੜ੍ਹਨਾ ਵੀ ਬੜਾ ਲਾਹੇਵੰਦ ਹੁੰਦਾ ਹੈ। ਇਹ ਸਾਡੇ ਸਾਹਮਣੇ ਇਨਕਲਾਬ ਵਿੱਚ ਲੱਗੇ ਲੋਕਾਂ ਦੇ ਉਤਸ਼ਾਹ, ਜਜ਼ਬੇ, ਚੁਣੌਤੀਆਂ ਦੇ ਨਾਲ਼-ਨਾਲ਼ ਉਹਨਾਂ ਦੇ ਕੰਮ ਢੰਗ, ਤਜ਼ਰਬੇ ਪੇਸ਼ ਕਰਦਾ ਹੈ, ਲੋਕਾਂ ਨੂੰ ਨੇੜਿਓਂ ਜਾਨਣਾ, ਸਮਝਣਾ ਸਿਖਾਉਂਦਾ ਹੈ ਅਤੇ ਇਨਕਲਾਬ ਦੌਰਾਨ ਜ਼ਮੀਨੀ ਪੱਧਰ ‘ਤੇ ਵਾਪਰਦੀਆਂ ਘਟਨਾਵਾਂ ਤੇ ਇਨਕਲਾਬਾਂ ਤੋਂ ਮਗਰੋਂ ਸਿਰਜੇ ਨਵੇਂ ਸਮਾਜ ਦੁਆਰਾ ਨਵੇਂ ਮਨੁੱਖ ਘੜੇ ਜਾਣ ਦੀ ਗਾਥਾ ਪੇਸ਼ ਕਰਦਾ ਹੈ।
ਰੂਸ ਦੇ 1917 ਦੇ ਸਮਾਜਵਾਦੀ ਇਨਕਲਾਬ ਤੋਂ ਮਗਰੋਂ ਹੋਈ ਸਮਾਜਵਾਦੀ ਉਸਾਰੀ ਨੇ ਆਰਥਿਕ ਜੀਵਨ ਦੇ ਨਾਲ਼-ਨਾਲ਼ ਸੱਭਿਆਚਾਰ, ਨੈਤਿਕਤਾ ਤੇ ਸਮਾਜਕ ਜੀਵਨ ਪੱਖੋਂ ਵੀ ਅਜਿਹੇ ਇਨਸਾਨਾਂ ਦੀ ਸਿਰਜਣਾ ਕੀਤੀ ਜੋ ਅੱਜ ਵੀ ਸੰਸਾਰ ਭਰ ਵਿੱਚ ਮਨੁੱਖਤਾ ਦੀ ਮੁਕਤੀ ਲਈ ਜੂਝ ਰਹੇ ਲੋਕਾਂ ਲਈ ਚਾਨਣ ਮੀਨਾਰ ਬਣੇ ਹੋਏ ਹਨ। ਇੱਕ ਪਾਸੇ ਸਮੂਹਿਕਤਾ ਵਾਲ਼ੇ ਪੈਦਾਵਾਰੀ ਸਬੰਧਾਂ ਦੀ ਉਸਾਰੀ ਤੇ ਦੂਜੇ ਪਾਸੇ ਸਮਾਜਵਾਦੀ ਕਦਰਾਂ-ਕੀਮਤਾਂ ਦੇ ਪ੍ਰਚਾਰ-ਪ੍ਰਸਾਰ, ਲੋਕਾਂ ਨੂੰ ਸਿੱਖਿਅਤ, ਪ੍ਰੇਰਿਤ ਕੀਤੇ ਜਾਣ ਨਾਲ਼ ਹੀ ਉੱਥੇ ਮਨੁੱਖ ਨਵੇਂ ਸਾਂਚੇ ‘ਚ ਢਲ਼ੇ। ਸਮਾਜਕ ਢਾਂਚੇ ਵਿੱਚ ਆਈਆਂ ਤਬਦੀਲੀਆਂ ਨੇ ਕਿਵੇਂ ਨਵੇਂ ਮਨੁੱਖ ਘੜੇ, ਇਸਦਾ ਜਵਾਬ ਉਸ ਦੌਰ ਦੇ ਸਾਹਿਤ ਵਿੱਚ ਬਾਖੂਬੀ ਮਿਲ਼ਦਾ ਹੈ। ਅਜਿਹੇ ਸਾਹਿਤ ਵਿੱਚੋਂ ਹੀ ਇੱਕ ਅਹਿਮਦ ਅਬੂ ਬਕਸ ਦਾ ਨਾਵਲ ‘ਪੂਰਬ ਦੀਆਂ ਧੀਆਂ’ ਹੈ। ਸੋਵੀਅਤ ਕਿਰਗੀਜ਼ ਦੇ ਦਾਰਗ਼ਿਨ ਇਲਾਕੇ ਦੇ ਅਹਿਮਦ ਅਬੂ ਬਕਸ ਦੀ ਲੋਕ ਕਹਾਵਤਾਂ ਨਾਲ਼ ਲਬਰੇਜ਼ ਭਾਸ਼ਾ ਵਿੱਚ ਰਵਾਨਗੀ ਹੈ ਤੇ ਉਸ ਵਿੱਚ ਵਿਸ਼ੇ ਉੱਤੇ ਪਕੜ, ਕਈ ਕਹਾਣੀਆਂ ਨੂੰ ਇੱਕੋ ਸਮੇਂ ਤੋਰਨ ਦਾ ਹੁਨਰ ਹੈ। ਨਾਵਲ ਤੋਂ ਗੱਲ ਸਾਫ਼ ਝਲਕਦੀ ਹੈ ਕਿ ਉਹ ਸਮਾਜ ਤੋਂ ”ਸੁਰੱਖਿਅਤ ਦੂਰੀ” ਬਣਾ ਕੇ ਰੱਖਣ ਵਾਲ਼ੇ ਲੇਖਕਾਂ ਵਾਂਗ ਬੰਦ ਕਮਰਿਆਂ ‘ਚ ਬੈਠ ਕੇ ਲਿਖਣ ਵਾਲ਼ਾ ਨਹੀਂ ਸਗੋਂ ਲੋਕਾਂ ਦੀ ਜ਼ਿੰਦਗੀ, ਉਹਨਾਂ ਦੇ ਦਿਲਾਂ, ਵਲਵਲਿਆਂ ਤੇ ਉਮੀਦਾਂ ਨੂੰ ਨੇੜਿਓਂ ਜਾਣਦਾ ਤੇ ਉਹਨਾਂ ਨੂੰ ਪਿਆਰਦਾ ਹੈ। ਉਹ ਸਮਾਜ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਫੜਨ ਅਤੇ ਪੁਰਾਣੀਆਂ ਕਦਰਾਂ-ਕੀਮਤਾਂ ਖਿਲਾਫ਼ ਸੰਘਰਸ਼ ਅਤੇ ਨਵੀਆਂ ਦੇ ਹੱਕ ਵਿੱਚ ਦ੍ਰਿੜਤਾ ਨਾਲ਼ ਧਿਰ ਮੱਲਣ ਦੀ ਹਿੰਮਤ ਰੱਖਦਾ ਹੈ।
1962 ‘ਚ ਲਿਖੇ ਇਸ ਨਾਵਲ ਦੀ ਕਹਾਣੀ 1950ਵਿਆਂ ਦੇ ਪੇਂਡੂ ਦਾਰਗ਼ਿਨ ਸਮਾਜ ‘ਤੇ ਕੇਂਦਰਤ ਹੈ। ਉਂਝ ਤਾਂ 1956 ਵਿੱਚ ਸੋਵੀਅਤ ਯੂਨੀਅਨ ਦੀ ਸੱਤ੍ਹਾ ‘ਤੇ ਖਰੁਸ਼ਚੇਵ ਦੀ ਸੋਧਵਾਦੀ ਜੁੰਡਲ਼ੀ ਦੇ ਕਾਬਜ਼ ਹੋਣ ਮਗਰੋਂ ਸੋਵੀਅਤ ਯੂਨੀਅਨ ਸਰਮਾਏਦਾਰੀ ਦੀ ਮੁੜ-ਬਹਾਲੀ ਦੇ ਰਾਹ ਪੈ ਗਿਆ ਸੀ। ਪਰ ਜਿਵੇਂ ਸਮਾਜਵਾਦੀ ਇਨਕਲਾਬ ਮਗਰੋਂ ਸਮਾਜਵਾਦੀ ਸਬੰਧ ਤੇ ਸੱਭਿਆਚਾਰ ਰਾਤੋ-ਰਾਤ ਨਹੀਂ ਉੱਸਰਦੇ, ਉਸੇ ਤਰ੍ਹਾਂ 1956 ਵਿੱਚ ਸੋਧਵਾਦੀ ਨੀਤੀਆਂ ਲਾਗੂ ਕੀਤੇ ਜਾਣ ਮਗਰੋਂ ਵੀ ਸਮਾਜਵਾਦੀ ਸਬੰਧ ਤੇ ਸੱਭਿਆਚਾਰ ਰਾਤੋ-ਰਾਤ ਖਤਮ ਨਹੀਂ ਹੋ ਗਏ ਸਗੋ ਇਹ ਕਾਫ਼ੀ ਸਮੇਂ ਤੱਕ ਮੌਜੂਦ ਰਹੇ। 1956 ਵਿੱਚ ਇਸ ਪ੍ਰਕਿਰਿਆ ਦੀ ਸ਼ੁਰੂਆਤ ਹੋਈ ਸੀ ਜੋ 1991 ਵਿੱਚ ਆਪਣੇ ਤਰਕਸ਼ੀਲ ਨਤੀਜੇ ‘ਤੇ ਪੁੱਜੀ। ਇਸ ਲਈ 1956 ਤੋਂ ਬਾਅਦ ਦੇ ਕਈ ਸਾਲਾਂ ਵਿੱਚ ਵੀ ਸਮਾਜਵਾਦੀ ਸੱਭਿਆਚਾਰ ਦੀ ਛਾਪ ਦੇਖੀ ਜਾ ਸਕਦੀ ਹੈ। ਇਹ ਨਾਵਲ ਮੁੱਖ ਤੌਰ ‘ਤੇ ਨਸੀਬਾ, ਕਿਮ-ਤਮਾਨ, ਜ਼ੈਨਬ, ਸਕੀਨਤ ਅਤੇ ਫ਼ਾਤਮਾ ਨਾਮ ਦੀਆਂ ਪੰਜ ਕੁੜੀਆਂ ਦੁਆਲ਼ੇ ਘੁੰਮਦਾ ਹੈ। 1917 ਦੇ ਇਨਕਲਾਬ ਮਗਰੋਂ ਚੱਲੀ ਯੋਜਨਾਬੰਦੀ ਤਹਿਤ ਇਸ ਇਲਾਕੇ ਵਿੱਚ ਵੀ ਸਮਾਜਵਾਦੀ ਉਸਾਰੀ ਹੋਣੀ ਸ਼ੁਰੂ ਹੋ ਗਈ ਸੀ। ਖੇਤੀ ਲਈ ਨਿੱਜੀ ਖੇਤਾਂ ਦੀ ਥਾਂ ਸਾਂਝੇ ਫਾਰਮ ਸ਼ੁਰੂ ਹੋ ਚੁੱਕੇ ਸਨ, ਉਜਰਤੀ ਗੁਲਾਮੀ ਦੇ ਦਿਨ ਪੁੱਗ ਚੁੱਕੇ ਸਨ, ਦਿਨ ਭਰ ਹੱਡ-ਭੰਨਵੀਂ ਮਿਹਨਤ ਕਰਨ ਮਗਰੋਂ ਵੀ ਦੋ ਡੰਗ ਦੀ ਰੋਟੀ ਨਸੀਬ ਨਾ ਹੋਣਾ ਬੀਤੇ ਦੀਆਂ ਗੱਲਾਂ ਬਣ ਚੁੱਕੇ ਸਨ। ਆਰਥਿਕ ਢਾਂਚੇ ਵਿੱਚ ਅਜਿਹੀਆਂ ਤਬਦੀਲੀਆਂ ਦੇ ਆਉਣ ਨਾਲ਼ ਸੱਭਿਆਚਾਰ, ਰਸਮ-ਰਿਵਾਜ ਦੇ ਖੇਤਰ ਵਿੱਚ ਵੀ ਪੁਰਾਣੀਆਂ ਗਲ਼ੀਆਂ-ਸੜੀਆਂ ਕਦਰਾਂ-ਕੀਮਤਾਂ ਵਿਰੁੱਧ ਸੰਘਰਸ਼ ਦੀ ਜ਼ਮੀਨ ਤਿਆਰ ਹੋਈ ਤੇ ਨਵੀਂ ਪੀੜੀ ਦੇ ਲੋਕ ਇਹਨਾਂ ਦਾ ਨਿਖੇਧ ਕਰਦੇ ਹੋਏ ਨਵੀਆਂ ਕਦਰਾਂ-ਕੀਮਤਾਂ ਦੇ ਹਾਣੀ ਬਣੇ।
ਸਮਾਜਵਾਦੀ ਇਨਕਲਾਬ ਤੋਂ ਪਹਿਲਾਂ ਦਾਰਗਿਨ ਦੇ ਇੱਕ ਪਛੜੇ ਇਲਾਕੇ ਵਿੱਚ ਔਰਤਾਂ ਦਾ ਸ਼ਹਿਰ ਜਾ ਕੇ ਪੜ੍ਹਨਾ ਤਾਂ ਦੂਰ ਸਗੋਂ ਉਹਨਾਂ ਦੀ ਸਕੂਲੀ ਪੜ੍ਹਾਈ ਵੀ ਪੂਰੀ ਨਹੀਂ ਹੁੰਦੀ; ਵਿਆਹ ਲਈ ਕੁੜੀਆਂ ਦੀ ਮਰਜ਼ੀ ਦਾ ਕੋਈ ਮਤਲਬ ਨਹੀਂ ਸੀ ਸਗੋਂ ਉਹਨਾਂ ਨੂੰ ਪਰਿਵਾਰ ਵੱਲੋਂ ਤੈਅਸ਼ੁਦਾ ਵਿਆਹਾਂ ਵਿੱਚ ਨੂੜਿਆ ਜਾਂਦਾ ਹੈ ਤੇ ਪਤੀ ਦੀ ਮੌਤ ਮਗਰੋਂ ਉਸਦੇ ਭਰਾ ਦੇ ਲੜ ਬੰਨ ਦਿੱਤੀ ਜਾਂਦਾ ਹੈ; ਜਨਤਕ ਤੌਰ ‘ਤੇ ਨੱਚਣਾ-ਗਾਉਣਾ ਉਹਨਾਂ ਲਈ ਬੁਰਾ ਸਮਝਿਆ ਜਾਂਦਾ ਹੈ; ਇਹ ਧਾਰਨਾ ਆਮ ਹੈ ਕਿ ਔਰਤਾਂ ਦਾ ਕੰਮ ਚੁੱਲਾ-ਚੌਂਕਾ ਸਾਂਭਣਾ ਹੈ, ਖੇਤੀ, ਪਸ਼ੂ-ਪਾਲਣ ਤੇ ਬਾਹਰ ਦੇ ਹੋਰ ਕੰਮ ਉਹਨਾਂ ਦੇ ਵੱਸੋਂ ਬਾਹਰੇ ਹਨ। ਸਮਾਜਵਾਦੀ ਸਾਮਜ ‘ਚ ਪਲ਼ੀਆਂ ਨਵੀਂ ਪੀੜੀ ਦੀਆਂ ਉਪਰੋਕਤ ਪੰਜੇ ਕੁੜੀਆਂ ਆਪੋ-ਆਪਣੀ ਜ਼ਿੰਦਗੀ ਵਿੱਚ ਸਮਾਜ ਦੀਆਂ ਅਜਿਹੀ ਧਾਰਨਾਵਾਂ ਖਿਲਾਫ਼ ਸੰਘਰਸ਼ ਕਰਦੀਆਂ ਹਨ, ਸਭ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੀਆਂ ਹਨ ਤੇ ਹਾਰਾਂ, ਦੁੱਖ ਤੇ ਅਲੋਚਨਾਵਾਂ ਝੱਲਦਿਆਂ ਉਹ ਪੁਰਾਣੇ ਖਿਲਾਫ਼ ਜੂਝਦਿਆਂ ਡਟੀਆਂ ਰਹਿੰਦੀਆਂ ਹਨ। ਕਿਮ-ਤਮਾਨ ਪੜ੍ਹਨ ਲਈ ਸ਼ਹਿਰ ਜਾਣ ਵਾਲ਼ੀ ਪਹਿਲੀ ਕੁੜੀ ਬਣਦੀ ਹੈ; ਨਸੀਬਾ ਆਪਣੀ ਮਾਂ ਅਤੇ ਸਹੁਰੇ ਪਰਿਵਾਰ ਦੇ ਵਿਰੁੱਧ ਜਾ ਕੇ ਸਾਂਝੇ ਫਾਰਮ ਦੇ ਸਮਾਗਮਾਂ ਵਿੱਚ ਗਾਉਣ ਲੱਗਦੀ ਹੈ, ਜ਼ੈਨਬ ਆਪਣੇ ਪਤੀ ਦੀ ਮੌਤ ਮਗਰੋਂ ਪੁਰਾਣੇ ਸਮਾਜ ਦੀਆਂ ਰਵਾਇਤਾਂ ਤੋਂ ਮੁਨਕਰ ਹੋਕੇ ਆਪਣੀ ਮਰਜ਼ੀ ਦੀ ਜ਼ਿੰਦਗੀ ਚੁਣਦੀ ਹੈ, ਸਕੀਨਤ ਪਿੰਡ ਦੀਆਂ ਪਿਆਰ ਵਿਆਹ ਕਰਵਾਉਣ ਤੇ ਸਾਂਝੇ ਫਾਰਮ ਦੇ ਕੰਮਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲ਼ੀਆਂ ਪਹਿਲੀਆਂ ਕੁੜੀਆਂ ਵਿੱਚੋਂ ਇੱਕ ਹੈ ਅਤੇ ਫ਼ਾਤਮਾ ਆਪਣੇ ਬੁਜ਼ਦਿਲ ਪਤੀ ਨੂੰ ਛੱਡ ਕੇ ਸਾਂਝੇ ਫਾਰਮ ਦੇ ਭੇਡਾਂ ਦਾ ਇੱਜੜ ਸੰਭਾਲਣ ਵਾਲ਼ੀ ਪਹਿਲੀ ਤੀਵੀਂ ਆਜੜੀ ਬਣਦੀ ਹੈ। ਇਸ ਤਰ੍ਹਾਂ ਇਹ ਪੰਜੇ ਕੁੜੀਆਂ ਪੁਰਾਣੇ ਉੱਤੇ ਨਵੇਂ ਦੀ ਜਿੱਤ, ਬੀਤੇ ਉੱਤੇ ਵਰਤਮਾਨ ਦੀ ਜਿੱਤ ਦੀਆਂ ਪ੍ਰਤੀਕ ਬਣਦੀਆਂ ਹਨ।
ਵਿਕਾਸ ਦਾ ਨੇਮ ਹੈ ਕਿ ਪੁਰਾਣਾ ਨਵੇਂ ਲਈ ਸੌਖਿਆਂ ਹੀ ਥਾਂ ਨਹੀਂ ਛੱਡਦਾ ਤੇ ਉਹ ਆਖ਼ਰੀ ਸਾਹ ਤੱਕ ਨਵੇਂ ਖਿਲਾਫ਼ ਆਪਣੀ ਹੋਂਦ ਨੂੰ ਬਚਾਉਣ ਲਈ ਜੱਦੋ-ਜਹਿਦ ਕਰਦਾ ਹੈ। ਇਸ ਨਾਵਲ ਵਿਚਲੇ ਨਵੀਆਂ ਕਦਰਾਂ ਕੀਮਤਾਂ ਤੇ ਨਵੇਂ ਵਿਚਾਰਾਂ ਵਾਲ਼ੇ ਪਾਤਰਾਂ ਦਾ ਰਾਹ ਵੀ ਸਿੱਧ-ਪੱਧਰਾ ਨਹੀਂ ਹੈ, ਪੁਰਾਣੀਆਂ ਕਦਰਾਂ-ਕੀਮਤਾਂ ਦੇ ਝੰਡਾਬਰਦਾਰ ਪੁਰਾਣੀ ਪੀੜੀ ਦੇ ਲੋਕ ਉਹਨਾਂ ਦਾ ਡਟ ਕੇ ਵਿਰੋਧ ਕਰਦੇ ਹਨ। ਅਜਿਹੇ ਲੋਕ ਵੀ ਦੋ ਤਰ੍ਹਾਂ ਦੇ ਹਨ, ਪਹਿਲੇ ਉਹ ਹਨ ਜਿਨ੍ਹਾਂ ਨੂੰ ਲਗਦਾ ਹੈ ਕਿ ਸਿਰਫ਼ ਪੁਰਾਣਾ ਹੀ ਸਹੀ ਹੈ ਤੇ ਨਵਾਂ ਗਲਤ, ਇਸ ਲਈ ਉਹ ਕਿਸੇ ਵੀ ਕਿਸਮ ਦੀ ਤਬਦੀਲੀ ਤੋਂ ਝਿਜਕਦੇ ਹਨ, ਸਗੋਂ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਨੂੰ ਨਫ਼ਰਤ ਕਰਦੇ ਹਨ। ਦੂਜੀ ਕਿਸਮ ਉਹਨਾਂ ਪਾਤਰਾਂ ਦੀ ਹੈ ਜੋ ਖੁੱਲ੍ਹ ਕੇ ਵਿਰੋਧ ਤਾਂ ਨਹੀਂ ਕਰਦੇ ਪਰ ਹੱਕ ‘ਚ ਵੀ ਨਹੀ ਨਿੱਤਰਦੇ, ਆਪਣੇ ਜ਼ਿੰਦਗੀ ਦੇ ਧੁਰੇ ਕਾਰਨ ਪੁਰਾਣੀਆਂ ਕਦਰਾਂ-ਕੀਮਤਾਂ ਛੱਡਣਾ ਤੇ ਨਵੀਆਂ ਅਪਣਾਉਣਾ ਉਹਨਾਂ ਨੂੰ ਔਖਾ ਲਗਦਾ ਹੈ, ਇਸ ਲਈ ਉਹ ਪੁਰਾਣੇ ਨਾਲ਼ ਹੀ ਚੰਬੜੇ ਰਹਿੰਦੇ ਹਨ। ਅਜਿਹੇ ਪਾਤਰਾਂ ਬਾਰੇ ਲੇਖਕ ਲਿਖਦਾ ਹੈ : “ਇੱਕ ਅਜੀਬ ਗੱਲ ਏ: ਪਹਾੜੀ ਇਲਾਕਿਆਂ ਦੀ ਕੋਈ ਵੀ ਵਡੇਰੀ ਉਮਰ ਦੀ ਤੀਵੀਂ ਆਮ ਕੁੜੀਆਂ ਨਾਲ਼ੋਂ ਵਧੇਰੇ ਚੰਗੀ ਤਰ੍ਹਾਂ ਜਾਣਦੀ ਹੈ ਕਿ ਪੁਰਾਣੇ ਸਮੇਂ ਵਿੱਚ ਕਿਹੋ ਜਿਹੀ ਹਾਲਤ ਸੀ। ਵਡੇਰੀ ਉਮਰ ਦੀਆਂ ਤੀਵੀਆਂ ਉਹਨਾਂ ਰਸਮਾਂ-ਰਿਵਾਜਾਂ ਨੂੰ ਗਾਲ੍ਹਾਂ ਕੱਢਦੀਆਂ ਸਨ ਜਿਨ੍ਹਾਂ ਨੇ ਉਹਨਾਂ ਦੀ ਜ਼ਿੰਦਗੀ ਗੁਲਾਮਾਂ ਵਰਗੀ ਬਣਾਈ ਹੋਈ ਸੀ। ਫੇਰ ਵੀ, ਆਪਣੀ ਢਲ਼ਦੀ ਉਮਰੇ ਇਹੋ ਤੀਵੀਆਂ ਸਨ ਜੋ ਪੁਰਾਣੇ ਪੈ ਚੁੱਕੇ ਰਿਵਾਜਾਂ ਦੇ ਹੱਕ ਵਿੱਚ ਅਵਾਜ਼ ਉਠਾਦੀਆਂ ਸਨ, ਜਿਨ੍ਹਾਂ ਨੇ ਕਿ ਹਾਲੇ ਤੱਕ ਵੀ ਤੀਵੀਆਂ ਨੂੰ ਗੁਲਾਮ ਬਣਾਇਆ ਹੋਇਆ ਸੀ। ਮਰਦਾਂ ਵਿੱਚ ਤਾਂ ਇਸ ਰਵੱਈਏ ਦੀ ਸਮਝ ਆ ਸਕਦੀ ਹੈ, ਪਰ ਤੀਵੀਆਂ ਵਿੱਚ ਇਸ ਨੂੰ ਸਮਝਣਾ ਔਖਾ ਏ। ਇਸਦਾ ਕਾਰਨ ਕੀ ਏ? ਇਸ ਦਾ ਕਾਰਨ ਈਰਖਾ ਹੋ ਸਕਦਾ ਏ — ਆਪਣੀਆਂ ਉਹਨਾਂ ਭੈਣਾਂ ਲਈ ਈਰਖਾ, ਜੋ ਵਧੇਰੇ ਸੁਖਾਵੀਂ, ਸੁਤੰਤਰ ਤੇ ਭਰਪੂਰ ਜ਼ਿੰਦਗੀ ਜਿਉਣਾ ਚਾਹੁੰਦੀਆਂ ਸਨ, ਜੋ ਕਿ ਉਹਨਾਂ ਨੂੰ ਨਸੀਬ ਨਹੀਂ ਹੋਈ। ਜਾਂ ਸ਼ਾਇਦ ਇਸਦਾ ਕਾਰਨ ਇਹ ਸੀ ਕਿ ਉਹਨਾਂ ਤੀਵੀਆਂ ਲਈ ਇਹ ਮੰਨਣਾ ਅਸਹਿ ਸੀ ਕਿ ਉਹਨਾਂ ਨੇ ਬੜੀ ਤਰਸਯੋਗ ਮਿੱਧੀ ਹੋਈ ਜ਼ਿੰਦਗੀ ਜੀਵੀ ਸੀ, ਅਜਿਹੀ ਜ਼ਿੰਦਗੀ ਜਿਸ ਵਿੱਚ ਨਾ ਚਾਨਣ ਸੀ ਨਾ ਪਿਆਰ, ਨਾ ਕੋਈ ਮਨੋਰਥ ਸੀ ਨਾ ਕੋਈ ਆਸ, ਤੇ ਜੋ ਭਾਰ ਢੋਣ ਵਾਲ਼ੇ ਇੱਕ ਜਾਨਵਰ ਦੀ ਜ਼ਿੰਦਗੀ ਸੀ। ਸੋ ਉਹ ਆਪਣੀ ਸਵੈ-ਨਿਖੇਧੀ ਤੋਂ ਬਚਣ ਲਈ ਆਪਣੀ ਜ਼ਿੰਦਗੀ ਦੀ ਅਖ਼ੀਰ ਤੱਕ ਉਹਨਾਂ ਪੁਰਾਣੇ ਦਿਨਾਂ ਦੇ ਗੁਣ ਗਾਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੇ ਛੁੱਟ ਦੁੱਖਾਂ ਦੇ ਉਹਨਾਂ ਨੂੰ ਹੋਰ ਕੁੱਝ ਨਹੀਂ ਦਿੱਤਾ।”
ਦੂਜੇ ਪਾਸੇ ਪੁਰਾਣੀ ਪੀੜੀ ਵਿੱਚੋਂ ਵੀ ਨਵੇਂ ਸਮਾਜ ਦੀ ਉਸਾਰੀ ਲਈ ਜੱਦੋ-ਜਹਿਦ ਕਰਨ ਵਾਲ਼ੇ ਤੇ ਤਬਦੀਲੀਆਂ ਨੂੰ ਸਮਝਣ ਵਾਲ਼ੇ ਕੁੱਝ ਲੋਕ ਨਵੀਆਂ ਕਦਰਾਂ-ਕੀਮਤਾਂ, ਜੀਵਨ-ਜਾਂਚ ਦੇ ਹੱਕ ਵਿੱਚ ਡਟ ਕੇ ਖੜਦੇ ਹਨ। ਬਾਲਸ਼ਵਿਕ ਉਸਮਾਨ, ਜ਼ੁਲਫ਼ਕਾਰ ਤੇ ਸਕੂਲ ਅਧਿਆਪਕਾ ਜ਼ਮੁਰਦ ਅਜਿਹੇ ਪਾਤਰਾਂ ਦੀ ਨੁਮਾਇੰਦਗੀ ਕਰਦੇ ਹਨ, ਸਗੋਂ ਨਵੀਂ ਪੀੜੀ ਤੱਕ ਨਵੀਆਂ ਕਦਰਾਂ-ਕੀਮਤਾਂ ਦੀ ਚਿਣਗ ਲਿਜਾਣ ਵਾਲ਼ੇ ਵੀ ਉਹੀ ਹਨ। ਜ਼ਮੁਰਦ ਬਾਰੇ ਨਾਵਲ ਵਿੱਚ ਇੱਕ ਥਾਂ ਲਿਖੇ ਲੇਖਕ ਦੇ ਇਹ ਸ਼ਬਦ ਪੂਰੇ ਨਾਵਲ ਦੀ ਆਤਮਾ ਹਨ:”ਜ਼ੁਮੁਰਦ ਨੇ ਕਦੇ ਉਸ ਆਮ ਪ੍ਰਚੱਲਿਤ ਰਿਵਾਜ਼ ਦੀ ਪ੍ਰਵਾਹ ਨਹੀਂ ਸੀ ਕੀਤੀ ਕਿ ਇਹੋ ਜਿਹੇ ਉਤਸਵ ਦੇ ਮੌਕਿਆਂ ‘ਤੇ ਤੀਵੀਆਂ ਨੂੰ ਮਰਦਾਂ ਵਿੱਚ ਨਹੀਂ ਬੈਠਣਾ ਚਾਹੀਦਾ। ਤੇ ਜਿੱਥੋਂ ਤੱਕ ਉਸਦਾ ਤੁਅੱਲਕ ਸੀ, ਉਸ ‘ਤੇ ਕਦੇ ਕਿਸੇ ਨੇ ਇਤਰਾਜ਼ ਨਹੀਂ ਸੀ ਕੀਤਾ। ਪਰ ਜੇ ਕੋਈ ਹੋਰ ਤੀਵੀਂ ਇਹ ਖੁੱਲ੍ਹ ਲੈਂਦੀ ਤਾਂ ਲੋਕਾਂ ਨੇ ਦੁਹਾਈ ਪਾ ਦੇਣੀ ਸੀ ਤੇ ਘਰ-ਘਰ ਵਿੱਚ ਉਸਦੀ ਚਰਚਾ ਹੋਣੀ ਸੀ। ਹਾਂ, ਏਸੇ ਤਰ੍ਹਾਂ ਸ਼ੁਰੂਆਤ ਹੁੰਦੀ ਹੈ — ਪਹਿਲੀ ਵਾਰ ਵਿਰੋਧ ਦਾ ਝੱਖੜ ਝੁੱਲਦਾ ਹੈ, ਦੂਜੀ ਵਾਰ ਵੀ ਤੇ ਸ਼ਾਇਦ ਤੀਜੀ ਵਾਰ ਵੀ। ਪਰ ਅਖ਼ੀਰ ਵਿੱਚ ਉਹ ਝੱਖੜ ਨਹੀਂ ਰਹਿੰਦਾ। ਫੇਰ ਜਿਵੇਂ ਇਹ ਸਭ ਕੁੱਝ ਸੁਣਨ ਵੇਖਣ ਦੀ ਆਦਤ ਜਿਹੀ ਪੈ ਜਾਂਦੀ ਹੈ ਤੇ ਜੇ ਇਹ ਨਾ ਹੋਵੇ ਤਾਂ ਸਗੋਂ ਹੈਰਨੀ ਹੁੰਦੀ ਹੈ। ਜ਼ੁਮੁਰਦ ਉੱਤੇ ਉਸ ਦੀ ਜ਼ਿੰਦਗੀ ਵਿੱਚ ਅਜਿਹੇ ਕਈ ਝੱਖੜ ਝੁੱਲ ਚੁੱਕੇ ਹਨ ਤੇ ਉਸ ਨੇ ਸਾਬਤ ਵੀ ਕੀਤਾ ਹੈ ਕਿ ਆਦਮੀ ਠਰ੍ਹੰਮੇ ਨਾਲ਼ ਖੜੋਤਾ ਰਹੇ ਤਾਂ ਝੱਖੜ ਉਸਦਾ ਕੁੱਝ ਵਿਗਾੜ ਨਹੀਂ ਸਕਦਾ।”
ਅੱਜ ਇੱਕ ਪਾਸੇ ਗਿਣੀ-ਮਿੱਥੀ ਸਾਜਿਸ਼ ਤਹਿਤ ਬੀਤੇ ਦੇ ਇਨਕਲਾਬਾਂ ‘ਤੇ ਭਾੜੇ ਦੇ ਟੱਟੂਆਂ ਦੁਆਰਾ ਚਿੱਕੜ ਸੁੱਟਿਆ ਜਾ ਰਿਹਾ ਹੈ, ਲੋਕਾਂ ਨੂੰ ਨਿਰਾਸ਼ਾ ਅਤੇ ਹਨੇਰ੍ਹੇ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਕਿਧਰੇ ਮਨੁੱਖੀ ਸੁਭਾਅ ਦੇ ਅਬਦਲ ਹੋਣ ਦਾ ਰੋਣਾ ਰੋਇਆ ਜਾ ਰਿਹਾ ਹੈ; ਕਿਧਰੇ ਮਨੁੱਖੀ ਸੁਭਾਅ ‘ਤੇ ਪ੍ਰਭਾਵ ਪਾਉਣ ਵਾਲ਼ੇ ਸਮਾਜਕ ਪੱਖ ਨੂੰ ਅਣਗੌਲ਼ਿਆਂ ਕਰਕੇ ਇਸਨੂੰ ਜੀਨਾਂ, ਕ੍ਰੋਮੋਸੋਮਾਂ ਆਦਿ ਤੱਕ ਘਟਾ ਕੇ ਦੇਖਣ ਤੇ ਇਹਨਾਂ ਰਾਹੀਂ ਬਦਲਣ ਦੀਆਂ ”ਖੋਜਾਂ” ਹੋ ਰਹੀਆਂ ਹਨ; ਕੋਈ ਨੈਤਿਕ ਨਿਘਾਰ, ਸੰਵੇਦਨਹੀਣਤਾ ਤੇ ਮਨੁੱਖੀ ਬੁਰਾਈਆਂ ਨੂੰ ”ਮੂਲ ਪ੍ਰਵਿਰਤੀਆਂ” ਦੱਸ ਰਿਹਾ ਹੈ; ਕੋਈ ਨਿਰੋਲ ਨੈਤਿਕ ਤੇ ਧਾਰਮਿਕ ਉਪਦੇਸ਼ਾਂ, ਮੇਹਣਿਆਂ, ਪ੍ਰਵਚਨਾਂ ਰਾਹੀਂ ਲੋਕਾਂ ਨੂੰ ”ਸੁਧਾਰਨ” ਦੀ ਕੋਸ਼ਿਸ਼ ਕਰ ਰਿਹਾ ਹੈ। ਭਾਵ ਇੱਕ ਪਾਸੇ ਬੀਤੇ ਇਤਿਹਾਸ ਦੇ ਤਜ਼ਰਬਿਆਂ ਨੂੰ ਧੂੜ ਨਾਲ਼ ਢਕਣ ਦਾ ਯਤਨ ਹੋ ਰਿਹਾ ਹੈ ਤੇ ਦੂਜੇ ਪਾਸੇ ਸਮਾਜ ਦੇ ਵਿਗਿਆਨ ‘ਤੇ ਹੀ ਵੱਖੋ-ਵੱਖਰੇ ਢੰਗਾਂ ਨਾਲ਼ ਹਮਲਾ ਹੋ ਰਿਹਾ ਹੈ। ਅਜਿਹੇ ਦੌਰ ਵਿੱਚ ਇਸ ਤਰ੍ਹਾਂ ਦਾ ਸਾਹਿਤ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਇਹ ਨਾ ਸਿਰਫ਼ ਹਨੇਰ੍ਹੇ ਵਿੱਚ ਧੱਕ ਦਿੱਤੀ ਗਈ ਮਨੁੱਖਤਾ ਦੀ ਸੱਚੀ ਵਿਰਾਸਤ ਨੂੰ ਸਾਡੇ ਸਾਹਮਣੇ ਲਿਆ ਕੇ ਸਾਡਾ ਰਾਹ ਰੁਸ਼ਨਾਉਂਦਾ ਹੈ ਸਗੋਂ ਸਮਾਜ ਵਿਗਿਆਨ ਦੇ ਨਿਯਮਾਂ ਨੂੰ ਅਮਲ ਵਿੱਚ ਲਾਗੂ ਹੁੰਦਿਆਂ ਵਿਖਾ ਕੇ ਵਿਗਿਆਨ ਦੀ ਭਰੋਸੇਯੋਗਤਾ ਨੂੰ ਵਧਾਉਂਦਾ ਹੈ।
“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 40, ਜੂਨ 2015 ਵਿਚ ਪਰ੍ਕਾਸ਼ਤ