ਪਿੱਤਰਸੱਤਾ ਦਾ ਘਿਣਾਉਣਾ ਰੂਪ – ਔਰਤ ਦੇ “ਕੁਆਰੇਪਣ” ਪ੍ਰਤੀ “ਮਰਦਾਨਾ” ਖ਼ਬਤ •ਪਰਮਜੀਤ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ) 

ਤਿੰਨ-ਚਾਰ ਮਹੀਨੇ ਪਹਿਲਾਂ ਕੁਝ “ਪੜੇ-ਲਿਖੇ” ਜਾਣਕਾਰਾਂ ਵਿੱਚ ਗੱਲਬਾਤ ਚੱਲ ਰਹੀ ਸੀ, ਅਚਾਨਕ ਮੇਜ਼ ਉੱਤੇ ਪਏ ਇੱਕ ਅਖ਼ਬਾਰ ਦੀ ਸੁਰਖੀ ਉੱਤੇ ਨਜ਼ਰ ਗਈ – “ਕੁਆਰੇਪਣ ਦੇ ਟੈਸਟ ਵਿੱਚ ਅਸਫ਼ਲ ਰਹਿਣ ਉੱਤੇ ਇੱਕ ਆਦਮੀ ਵੱਲੋਂ ਆਪਣੀ ਨਵ-ਵਿਆਹੁਤਾ ਨੂੰ ਤਲਾਕ।” 21ਵੀਂ ਸਦੀ ਵਿੱਚ ਜਾਰੀ ਅਜਿਹੀਆਂ ਕੁਪ੍ਰਥਾਵਾਂ ਪ੍ਰਤੀ ਸੁਭਾਵਿਕ ਘਿਣ ਕਾਰਨ ਕਿਹਾ ਗਿਆ ਕਿ ਮਨੁੱਖ ਦੇ ਜਾਹਿਲ ਹੋਣ ਦੀ ਕੋਈ ਵੀ ਹੱਦ ਮੁਕੱਰਰ ਨਹੀਂ ਕੀਤੀ ਜਾ ਸਕਦੀ। ਬੱਸ ਫਿਰ ਕੀ ਸੀ, “ਪੜੇ-ਲਿਖਿਆਂ” ਦੇ “ਦਿਲ” ਵਿੰਨੇ ਗਏ। ਕੁਝ ਮਿੰਟਾਂ ਦੀ ਚੁੱਪ ਤੋਂ ਬਾਅਦ ਇੱਕ ਸੱਜਣ ਕਹਿ ਹੀ ਉੱਠੇ, ਹੋਰ ਅਗਲਾ “ਸੈਕੰਡ-ਹੈਂਡ” ਗੱਡੀ ਕਿਵੇਂ ਲੈ ਲਵੇ ਵਿਆਹ ਵਿੱਚ! ਉਸ ਸੱਜਣ ਦਾ ਇਹ “ਬਿਆਨ” ਬਹੁਤ ਹੱਦ ਤੱਕ ਅੱਜ ਵੀ ਮਰਦ ਦੀ ਵਿਆਹ ਪ੍ਰਤੀ ਅਤੇ ਔਰਤ ਪ੍ਰਤੀ ਪਹੁੰਚ ਨੂੰ ਦਰਸਾਉਂਦਾ ਹੈ, ਖਾਸ ਕਰਕੇ ਭਾਰਤੀ ਉਪ-ਮਹਾਂਦੀਪ ਤੇ ਅਰਬ ਮੁਲਕਾਂ ਵਿੱਚ। ਮਰਦ ਲਈ ਔਰਤ ਇੱਕ ਜਿਉਂਦਾ-ਜਾਗਦਾ, ਭਾਵਨਾਵਾਂ ਤੇ ਜਜ਼ਬਾਤਾਂ ਨਾਲ਼ ਭਰਿਆ ਇਨਸਾਨ ਨਹੀਂ, ਸਗੋਂ ਇੱਕ ਵਸਤੂ ਹੈ ਜਿਸਨੂੰ ਉਹ ਨਵੀਂ ਜਾਂ ਵਰਤੀ ਹੋਈ ਕਾਰ ਨਾਲ਼ ਤੁਲਨਾ ਕਰਕੇ ਦੇਖ ਸਕਦਾ ਹੈ ਤੇ ਉਸ ਹਿਸਾਬ ਨਾਲ਼ ਉਸਦੀ ਕੀਮਤ ਤੈਅ ਕਰਦਾ ਹੈ। ਕਿਸੇ ਕਾਰਨ ਤਲਾਕ ਜਾਂ ਵਿਧਵਾ ਹੋ ਜਾਣ ਤੋਂ ਬਾਅਦ ਦੋਬਾਰਾ ਵਿਆਹ ਕਰਨ ਸਮੇਂ ਕਿਸੇ ਔਰਤ ਨੂੰ ਅੱਜ ਵੀ ਜਿਸ ਤਰਾਂ ਦੀਆਂ ਹਾਲਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹਨਾਂ ਬਾਰੇ ਕਿਸੇ ਨੂੰ ਨਹੀਂ ਪਤਾ ਹੋਣਾ! ਤਲਾਕ ਜਾਂ ਵਿਧਵਾ ਹੋਣ ਤੋਂ ਬਾਅਦ ਵਿਆਹ ਦੀ ਮੰਡੀ ਵਿੱਚ ਔਰਤ ਦੀ ਕੀਮਤ ਵਿੱਚ ਵੱਡੀ ਗਿਰਾਵਟ ਆ ਜਾਂਦੀ ਹੈ! (ਇਹ ਲਿਖਣਾ ਹੀ ਕਿੰਨਾ ਭਿਆਨਕ ਹੈ!) ਔਰਤ ਦੇ ਵਸਤੂਕਰਨ ਦਾ ਇਸ ਤੋਂ ਘਿਣਾਉਣਾ ਪ੍ਰਗਟਾਵਾ ਸ਼ਾਇਦ ਹੀ ਕੋਈ ਮਿਲ਼ੇ। ਸਾਡੇ ਸਮਾਜ ਦਾ ਇਹ ਖ਼ਬਤ 21ਵੀਂ ਸਦੀ ਵਿੱਚ ਆ ਕੇ ਇੱਕ ਭਿਆਨਕ ਦੋਗਲ਼ਾਪਣ ਬਣ ਚੁੱਕਾ ਹੈ, ਹੁਣ ਬਹੁਤੇ ਨੌਜਵਾਨ ਲੜਕੇ ਵਿਆਹ ਤੋਂ ਪਹਿਲਾਂ “ਗਰਲਫ੍ਰੈਂਡ” ਵੀ ਚਾਹੁੰਦੇ ਹਨ, “ਐਕਸਪੀਰੀਐਂਸ” ਵੀ ਚਾਹੁੰਦੇ ਹਨ ਪਰ ਵਿਆਹ ਲਈ ਉਹਨਾਂ ਨੂੰ “ਕੁਆਰੀ ਦੁਲਹਨ” ਚਾਹੀਦੀ ਹੈ।

ਤਰਾਂ-ਤਰਾਂ ਦੇ ਢੰਗ-ਤਰੀਕਿਆਂ ਨਾਲ਼ ਇਸ “ਮਰਦਾਨਾ” ਖ਼ਬਤ ਨੂੰ ਲਗਾਤਾਰ ਖਾਦ-ਪਾਣੀ ਮਿਲ਼ਦਾ ਹੈ, ਉੱਥੇ ਔਰਤ ਉੱਤੇ ਲਗਾਤਾਰ ਇਹਨਾਂ ਹੀ ਢੰਗ-ਤਰੀਕਿਆਂ ਨਾਲ਼ “ਪਵਿੱਤਰਤਾ” ਨੂੰ ਬਚਾ ਕੇ ਰੱਖਣ ਲਈ ਦਬਾਅ ਬਣਾਇਆ ਜਾਂਦਾ ਹੈ, ਜਿਸਨੂੰ ਬਚਾ ਕੇ ਨਾ ਰੱਖਣ ਦੀ ਸੂਰਤ ਵਿੱਚ ਸਮਾਜ ਵੱਲੋਂ ਔਰਤ ਨੂੰ ਸਜ਼ਾ ਦੇਣਾ ਹੱਕੀ ਠਹਿਰਾਇਆ ਜਾਂਦਾ ਹੈ। ਸ਼ਾਇਦ ਹੀ ਕੋਈ ਦੇਸ਼ ਹੋਵੇ ਜਿਹੜਾ ਇਸ ਅਣਮਨੁੱਖੀ ਵਰਤਾਰੇ ਤੋਂ ਪੂਰੀ ਤਰਾਂ ਮੁਕਤ ਹੋਵੇ। ਪਿਛਲੇ ਸਾਲ ਅਕਤੂਬਰ ਮਹੀਨੇ ਮਿਸਰ ਵਿੱਚ ਏਲਾਮੀ ਅਗਿਨਾ ਨਾਂ ਦੇ ਮਿਸਰੀ ਪਾਰਲੀਮੈਂਟ ਦੇ ਮੈਂਬਰ ਨੇ ਇਹ ਪ੍ਰਸਤਾਵ ਪੇਸ਼ ਕੀਤਾ ਕਿ ਯੂਨੀਵਰਸਿਟੀ ਵਿੱਚ ਦਾਖ਼ਲਾ ਲੈਣ ਸਮੇਂ ਸਭਨਾਂ ਕੁੜੀਆਂ ਦਾ “ਕੁਆਰਾਪਣ” ਟੈਸਟ ਕੀਤਾ ਜਾਵੇ, ਜਿਸ ਕੁੜੀ ਦਾ “ਕੁਆਰਾਪਣ” “ਸ਼ੱਕੀ” ਹੋਵੇ, ਉਸ ਦੇ ਮਾਪਿਆਂ ਨੂੰ ਤੁਰੰਤ ਸੂਚਿਤ ਕੀਤਾ ਜਾਵੇ। ਔਰਤਾਂ ਉੱਤੇ ਕੀਤੇ ਜਾਂਦੇ “ਕੁਆਰਾਪਣ ਟੈਸਟ” ਨੂੰ ਮੈਡੀਕਲ ਭਾਸ਼ਾ ਵਿੱਚ ‘ਟੂ-ਫਿੰਗਰ ਟੈਸਟ’ ਕਹਿੰਦੇ ਹਨ ਜੋ ਕਿ ਨਿਹਾਇਤ ਹੀ ਅਣਮਨੁੱਖੀ ਤੇ ਗੈਰ-ਵਿਗਿਆਨਕ ਪ੍ਰਕ੍ਰਿਆ ਹੈ ਜਿਸਦੇ ਅਧਾਰ ਉੱਤੇ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਕਿਸੇ ਔਰਤ ਨਾਲ਼ ਉਸਦੀ ਮਰਜ਼ੀ ਨਾਲ਼ ਜਾਂ ਮਰਜ਼ੀ ਦੇ ਖਿਲਾਫ਼ ਸਰੀਰਕ ਸਬੰਧ ਸਥਾਪਤ ਹੋਣ ਬਾਰੇ ਦੱਸਿਆ ਜਾ ਸਕਦਾ ਹੈ। ਮਿਸਰ ਵਿੱਚ ਪਿਛਲੇ ਕੁਝ ਸਮਿਆਂ ਵਿੱਚ ‘ਉਰਫ਼ੀ ਵਿਆਹਾਂ’ ਦਾ ਚਲਣ ਕਾਫ਼ੀ ਤੇਜ਼ੀ ਨਾਲ਼ ਵਧਿਆ ਹੈ। ਇਸ ਤਰਾਂ ਦੇ ਵਿਆਹ ਅਧੀਨ ਰਵਾਇਤੀ ਰੀਤੀ-ਰਿਵਾਜਾਂ ਤੇ ਘਰਦਿਆਂ ਦੀ ਮਰਜ਼ੀ ਮੁਤਾਬਕ ਹੋਣ ਵਾਲ਼ੇ ਬੇਹੱਦ ਖਰਚੀਲੇ ਵਿਆਹਾਂ ਤੋਂ ਬਚਣ ਲਈ ਨੌਜਵਾਨ ਖੁਦ ਆਪਣੀ ਮਰਜ਼ੀ ਨਾਲ਼ ਕੋਰਟ-ਮੈਰਿਜ ਕਰਵਾ ਕੇ ਰਜਿਸਟਰ ਕਰਵਾ ਲੈਂਦੇ ਹਨ, ਇਹਨਾਂ ਨੂੰ ‘ਉਰਫ਼ੀ’ ਭਾਵ ਗੈਰ-ਰਸਮੀ ਵਿਆਹ ਕਿਹਾ ਗਿਆ ਹੈ। ਬਹੁਤ ਸਾਰੇ ਪ੍ਰੇਮੀ ਜੋੜੇ “ਸਮਾਜ ਦੇ ਰਾਖਿਆਂ” ਵੱਲੋਂ ਪ੍ਰੇਸ਼ਾਨ ਕਰਨ ਤੋਂ ਬਚਣ ਲਈ ਵੀ ਇਸ ਤਰਾਂ ਵਿਆਹ ਕਰਵਾ ਕੇ ਇਕੱਠੇ ਰਹਿਣ ਲੱਗਦੇ ਹਨ। ਨੌਜਵਾਨਾਂ, ਖਾਸ ਕਰਕੇ ਔਰਤਾਂ ਵੱਲੋਂ ਆਪਣੀ ਮਰਜ਼ੀ ਚਲਾਉਣੀ ਹੀ ਪਿੱਤਰਸੱਤਾ ਨੂੰ ਪਚ ਨਹੀਂ ਰਹੀ। ਅਜਿਹਾ ਕੁਝ ਇਕੱਲੇ ਮਿਸਰ ਵਿੱਚ ਨਹੀਂ ਹੋ ਰਿਹਾ। ਕੁਝ ਕੁ ਸਮਾਂ ਪਹਿਲਾਂ ਹੀ ਦੱਖਣੀ ਅਫ਼ਰੀਕਾ ਵਿੱਚ ਹੀ ਹੋਇਆ ਹੈ। ਉੱਥੋਂ ਦੇ ਕਨੂੰਨ-ਘਾੜਿਆਂ ਨੇ ਅਜਿਹਾ ਕਨੂੰਨ ਬਣਾਉਣ ਦੀ ਮੰਗ ਕੀਤੀ ਜਿਸ ਅਧੀਨ ਪੜਾਈ ਦੌਰਾਨ ਵਜੀਫ਼ਾ ਹਾਸਲ ਕਰਨ ਲਈ ਕੁੜੀਆਂ ਨੂੰ ਕੁਆਰਾਪਣ ਟੈਸਟ ਕਰਵਾਉਣਾ ਲਾਜ਼ਮੀ ਕੀਤਾ ਜਾਵੇ। ਬਿਲਕੁਲ ਅਜਿਹਾ ਹੀ ਕਨੂੰਨ ਬਣਾਉਣ ਦੀਆਂ ਕੋਸ਼ਿਸ਼ਾਂ ਕੁਝ ਸਮਾਂ ਪਹਿਲਾਂ ਇੰਡੋਨੇਸ਼ੀਆ ਵਿੱਚ ਵੀ ਹੋਈਆਂ ਹਨ ਜਿੱਥੋਂ ਦੇ ਸਿੱਖਿਆ ਮੰਤਰੀ ਨੇ ਹੀ ਅਜਿਹਾ ਕਨੂੰਨ ਬਣਾਉਣ ਦਾ ਪ੍ਰਸਤਾਵ ਪੇਸ਼ ਕੀਤਾ। 1979 ਤੱਕ ਬਰਤਾਨੀਆ ਵਿੱਚ ਵੀ ਅਜਿਹਾ ਕੁਝ ਹੋ ਰਿਹਾ ਸੀ। ਜੇ ਕੋਈ ਔਰਤ ਬਰਤਾਨੀਆ ਵਿੱਚ ਰਹਿ ਰਹੇ ਆਪਣੇ ਮੰਗੇਤਰ ਨਾਲ਼ ਵਿਆਹ ਕਰਵਾਉਣ ਲਈ ਬਰਤਾਨੀਆ ਆਉਣਾ ਚਾਹੁੰਦੀ ਤਾਂ ਉਸਨੂੰ ਆਪਣਾ ਕੁਆਰਾਪਣ ਟੈਸਟ ਕਰਵਾਉਣਾ ਪੈਂਦਾ ਸੀ। ਬਰਤਾਨੀਆ ਦੇ ਇਮੀਗ੍ਰੇਸ਼ਨ ਵਿਭਾਗ ਦਾ ਸ਼ਰਮਨਾਕ ਤਰਕ ਇਹ ਸੀ ਕਿ “ਕੁਆਰੀਆਂ ਔਰਤਾਂ ਸੱਚ ਬੋਲਦੀਆਂ ਹਨ।” ਜਦੋਂ ਇੱਕ ਅਖ਼ਬਾਰ ਨੇ ਇਸਦਾ ਪਰਦਾਫ਼ਾਸ਼ ਕੀਤਾ ਤਾਂ ਇਸ ਪ੍ਰਕ੍ਰਿਆ ਨੂੰ ਬੰਦ ਕੀਤਾ ਗਿਆ। ਪਰ ਇਸ ਤੋਂ ਬਾਅਦ ਵੀ 1981 ਵਿੱਚ ਜਦੋਂ “ਸ਼ਾਹੀ ਖਾਨਦਾਨ” ਦੇ ਵਾਰਿਸ ਸ਼ਹਿਜ਼ਾਦੇ ਚਾਰਲਸ ਦਾ ਵਿਆਹ ਡਿਆਨਾ ਸਪੈਂਸਰ ਨਾਲ਼ ਹੋਣਾ ਤੈਅ ਹੋਇਆ ਤਾਂ ਡਿਆਨਾ ਦਾ “ਕੁਆਰਾਪਣ ਕਨਫਰਮ” ਕੀਤਾ ਗਿਆ। ਤੁਰਕੀ ਵਿੱਚ ਸਕੂਲੀ ਕੁੜੀਆਂ ਉੱਤੇ ਅਜਿਹੇ ਟੈਸਟ 2002 ਵਿੱਚ ਆ ਕੇ ਹੀ ਬੰਦ ਹੋਏ ਜਦੋਂ ਇਸ ਦੇ ਵਿਰੋਧ ਵਿੱਚ ਪੰਜ ਕੁੜੀਆਂ ਨੇ ਖੁਦਕੁਸ਼ੀ ਕਰ ਲਈ। ਜਪਾਨ ਵਿੱਚ “ਗੀਸ਼ਾ” ਨਾਮ ਦੀਆਂ ਖਾਸ ਕੁੜੀਆਂ ਪਾਲ਼ੀਆਂ ਜਾਂਦੀਆਂ ਸਨ ਜਿਨਾਂ ਦੇ ਕੁਆਰੇ ਹੋਣ ਦੀ ਗਰੰਟੀ ਲਈ “ਲੋਹੇ ਦੇ ਅੰਡਰਗਾਰਮੈਂਟ” ਪਹਿਨਾਏ ਜਾਂਦੇ ਸਨ ਅਤੇ ਇਹਨਾਂ ਨੂੰ ਉੱਚੀ ਕੀਮਤ ਉੱਤੇ ਵੇਚਿਆ ਜਾਂਦਾ ਸੀ। 1959 ਵਿੱਚ ਆ ਕੇ ਹੀ ਇਸ ਉੱਤੇ ਕਨੂੰਨੀ ਪਾਬੰਦੀ ਲਗਾਈ ਗਈ।

ਭਾਰਤ ਵਿੱਚ ਤਾਂ ਹਾਲਤਾਂ ਇਸ ਤੋਂ ਘੱਟ ਨਹੀਂ ਹਨ। ਕੁਆਰਾਪਣ ਸਿੱਧ ਨਾ ਹੋਣ ਵਾਲ਼ੀ ਉਪਰੋਕਤ ਖ਼ਬਰ ਨਾਸਿਕ ਜ਼ਿਲੇ ਦੀ ਹੈ। ਅਜਿਹੀਆਂ ਖ਼ਬਰਾਂ ਅਕਸਰ ਅਖ਼ਬਾਰਾਂ ਵਿੱਚ ਦਿਖਦੀਆਂ ਰਹਿੰਦੀਆਂ ਹਨ। ਪਰ ਗੱਲ ਇਸ ਤੋਂ ਵੀ ਅਗਾਂਹ ਹੈ। ਪਿਛਲੇ ਸਾਲ ਜੂਨ ਵਿੱਚ ਆਈਆਈਟੀ, ਬੰਬਈ ਦੇ ਵਿਦਿਆਰਥੀਆਂ ਨੇ ਇਸ ਕਰਕੇ ਹੜਤਾਲ ਕੀਤੀ ਕਿਉਂਕਿ ਇੱਕ ਸਰਵੇਅ ਤੋਂ ਇਹ ਸਾਹਮਣੇ ਆਇਆ ਕਿ ਉੱਥੇ ਦਾਖਲਾ ਲੈਣ ਵਾਲ਼ੇ 5% ਵਿਦਿਆਰਥੀ ਦਾਖਲਾ ਲੈਣ ਤੋਂ ਪਹਿਲਾਂ “ਕੁਆਰੇ” ਨਹੀਂ ਸਨ। ਸਮੱਸਿਆ ਅਸਲ ਵਿੱਚ ਇਹ ਸੀ ਕਿ 5% ਵਿੱਚ ਕੁੜੀਆਂ ਵੀ ਸ਼ਾਮਿਲ ਸਨ। ਵਿਦਿਆਰਥੀਆਂ ਦੇ ਲੀਡਰ ਦਾ ਕਹਿਣਾ ਸੀ ਕਿ ਆਈਆਈਟੀ “ਕੁਆਰੇਪਣ ਦਾ ਮੰਦਿਰ” ਹੈ, ਇਸ ਕਨੂੰਨ ਨੂੰ ਤੋੜ ਕੇ ਕੋਈ ਕਿਵੇਂ ਦਾਖਲਾ ਲੈ ਸਕਦਾ ਹੈ? ਇਸ ਤੋਂ ਇਹ ਵੀ ਪਤਾ ਲੱਗਿਆ ਕਿ ਆਈਆਈਟੀ ਵਿੱਚ ਦਾਖਲਾ ਲੈਣ ਲਈ “ਕੁਆਰਾਪਣ” ਦਾ ਸਰਟੀਫਿਕੇਟ ਹੋਣਾ ਜ਼ਿਆਦਾ ਲਾਜ਼ਮੀ ਹੈ ਭਾਵੇਂ ਤੁਸੀਂ ਬੌਧਿਕ ਪੱਖੋਂ ਕਿੰਨੇ ਵੀ ਯੋਗ ਕਿਉਂ ਨਾ ਹੋਵੋਂ। ਸੁਭਾਵਿਕ ਹੈ ਕਿ ਕੁਆਰੇਪਣ ਦਾ ਟੈਸਟ ਅਸਲ ਵਿੱਚ ਔਰਤਾਂ ਉੱਤੇ ਹੀ ਲਾਗੂ ਹੁੰਦਾ ਹੈ। ਜਦੋਂ ਆਈਆਈਟੀ ਵਰਗੀਆਂ ਸੰਸਥਾਵਾਂ ਵਿੱਚ ਇਹ ਹਾਲ ਹੈ, ਤਾਂ ਬਾਕੀ ਵਿੱਦਿਅਕ ਸੰਸਥਾਵਾਂ ਵਿੱਚ ਕੀ ਹਾਲ ਹੋਵੇਗਾ, ਸਮਝਿਆ ਹੀ ਜਾ ਸਕਦਾ ਹੈ। ਬਜਰੰਗ ਦਲੀਆਂ ਵੱਲੋਂ ਪ੍ਰੇਮੀ ਜੋੜਿਆਂ ਨੂੰ ਕੁੱਟਣ, ਸੰਘੀ ਬ੍ਰਿਗੇਡ ਵੱਲੋਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਬਾਰੇ ਭੱਦੇ ਬਿਆਨ ਦੇਣੇ ਵੀ ਇਹੀ ਦਿਖਾਉਂਦੇ ਹਨ ਕਿ ਇਹਨਾਂ ਅਨੁਸਾਰ ਵਿੱਦਿਅਕ ਸੰਸਥਾਵਾਂ ਸਿਰਫ਼ “ਕੁਆਰੇਪਣ ਦਾ ਮੰਦਿਰ” ਹਨ। ਕੋਈ ਵੱਡੀ ਗੱਲ ਨਹੀਂ, ਕੱਲ ਨੂੰ ਅਸੀਂ ਵੀ ਭਾਰਤ ਦੇ ਕਿਸੇ “ਵੱਡੇ ਲੀਡਰ ਜਾਂ ਮੰਤਰੀ” ਨੂੰ ਕਾਲਜਾਂ-ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣ ਲਈ ਕੁਆਰਾਪਣ ਟੈਸਟ ਨੂੰ ਲਾਜ਼ਮੀ ਕਰਨ ਲਈ ਕਨੂੰਨ ਬਣਾਉਣ ਦੀ ਮੰਗ ਕਰਦੇ ਸੁਣੀਏ। ਅਜਿਹੇ ਪ੍ਰਸਤਾਵਾਂ ਨੂੰ ਸਮਾਜ ਵਿੱਚੋਂ ਵੱਡੀ ਪ੍ਰਤੱਖ ਜਾਂ ਲੁਕੀ ਹਮਾਇਤ ਮਿਲ਼ੇਗੀ, ਇਸ ਵਿੱਚ ਰੱਤੀ ਭਰ ਸ਼ੱਕ ਨਹੀਂ ਹੋਣਾ ਚਾਹੀਦਾ। ਇੱਕ ਸਰਵੇਖਣ ਮੁਤਾਬਕ ਭਾਰਤ ਦੇ 63% ਲੋਕ ਵਿਆਹ ਵੇਲ਼ੇ “ਕੁਆਰੀ ਦੁਲਹਨ” ਦੀ ਸ਼ਰਤ ਰੱਖਦੇ ਹਨ, ਜਾਂ “ਕੁਆਰੀ ਦੁਲਹਨ” ਦੀ ਉਮੀਦ ਕਰਦੇ ਹਨ। “ਉੱਚੀ ਤਨਖਾਹ” ਵਾਲ਼ੇ “ਵੈੱਲ-ਸੈੱਟਲਡ” ਤਾਂ ਅਕਸਰ ਇਸ ਮਾਮਲੇ ਵਿੱਚ ਆਮ ਲੋਕਾਂ ਨਾਲ਼ੋਂ ਵੀ ਦੋ ਕਦਮ ਅੱਗੇ ਹੀ ਹਨ, ਉਹ “ਆਪਣੀ ਮਿਹਨਤ” ਨਾਲ਼ ਹਾਸਲ ਕੀਤੇ “ਮੁਕਾਮ” ਦਾ ਇੱਕ ਇਨਾਮ “ਕੁਆਰੀ ਦੁਲਹਨ” ਵਜੋਂ ਮੰਗਣ ਵਿੱਚ ਭੋਰਾ ਵੀ ਸ਼ਰਮ ਮਹਿਸੂਸ ਨਹੀਂ ਕਰਦੇ।

ਇਹ ਕੁਝ ਘਟਨਾਵਾਂ ਔਰਤਾਂ ਨੂੰ “ਕਾਬੂ” ਵਿੱਚ ਰੱਖਣ ਦੀਆਂ ਘਿਣਾਉਣੀਆਂ ਮਿਸਾਲਾਂ ਹਨ, ਹੋਰ ਬਹੁਤ ਅਜਿਹੀਆਂ ਮਿਸਾਲਾਂ ਲੱਭਣ ਉੱਤੇ ਮਿਲ਼ ਜਾਣਗੀਆਂ। ਜੇਲਾਂ ਵਿੱਚ ਔਰਤ ਕੈਦੀਆਂ ਉੱਤੇ ਇਹੀ ਟੈਸਟ ਕਰਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਬਲਾਤਕਾਰ ਹੋਇਆ ਜਾਂ ਨਹੀਂ, ਇਸਨੂੰ ਸਿੱਧ ਕਰਨ ਲਈ ਇਹੀ ਟੈਸਟ ਕੀਤਾ ਜਾਂਦਾ ਹੈ। ਭਾਰਤ ਸਮੇਤ ਬਹੁਤੇ ਦੇਸ਼ਾਂ ਦੀਆਂ ਅਦਾਲਤਾਂ ਇਸ ਟੈਸਟ ਨੂੰ ਅਣਮਨੁੱਖੀ, ਔਰਤਾਂ ਉੱਤੇ ਤਸ਼ੱਦਦ ਕਹਿ ਕੇ ਰੱਦ ਕਰ ਚੁੱਕੀਆਂ ਹਨ ਪਰ ਅਜੇ ਵੀ ਇਹ ਟੈਸਟ ਬਾਦਸਤੂਰ ਹੁੰਦਾ ਹੈ। ਦੁਨੀਆਂ ਭਰ ਫੋਰੈਂਸਿਕ ਮੈਡੀਕਲ ਵਿਗਿਆਨ (ਅਪਰਾਧਾਂ ਦੀ ਜਾਂਚ-ਪੜਤਾਲ ਨਾਲ਼ ਜੁੜਿਆ ਮੈਡੀਕਲ ਵਿਗਿਆਨ) ਦੇ ਮਾਹਿਰ ਅਜਿਹੇ ਟੈਸਟਾਂ ਦੇ ਫ਼ਾਲਤੂ ਤੇ ਗੈਰ-ਵਿਗਿਆਨਕ ਹੋਣ ਦੀ ਪੁਸ਼ਟੀ ਕਰ ਚੁੱਕੇ ਹਨ, ਪਰ ਮਰਦਵਾਦ ਤੇ ਪਿੱਤਰਸੱਤਾ ਸਾਹਮਣੇ ਵਿਗਿਆਨ ਦੀ ਕੀ ਮਜਾਲ! ਜੇਲਾਂ, ਬਲਾਤਕਾਰ ਦੇ ਮਾਮਲਿਆਂ ਵਿੱਚ ਇਸ ਟੈਸਟ ਨੂੰ ਕਿਵੇਂ ਪੀੜਿਤ ਔਰਤ ਨੂੰ ਜ਼ਲੀਲ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ, ਇਸ ਬਾਰੇ ਕਦੇ ਅਲੱਗ ਤੋਂ। ਅਸੀਂ ਸਰਮਾਏਦਾਰਾ ਢਾਂਚੇ ਵਿੱਚ ਰਹਿ ਰਹੇ ਹਾਂ, ਜਿਸ ਵਿੱਚ ਮੁਨਾਫ਼ਾ ਕੁੱਟਣਾ ਮਨੁੱਖੀ ਜ਼ਿੰਦਗੀ ਦਾ ਇੱਕੋ-ਇੱਕ ਉਦੇਸ਼ ਬਣ ਜਾਂਦਾ ਹੈ ਤੇ ਹਰ ਤਰਾਂ ਦਾ ਵਿਗਿਆਨ ਇਸ ਉਦੇਸ਼ ਦੀ ਸੇਵਾ ਵਿੱਚ ਲਗਾ ਦਿੱਤਾ ਜਾਂਦਾ ਹੈ। ਸਰਮਾਏਦਾਰੀ ਇੰਨੇ ਨੀਚ ਤੇ ਹੋਛੇ ਪੱਧਰ ਉੱਤੇ ਜਾ ਡਿੱਗੀ ਹੈ ਕਿ “ਮੈਡੀਕਲ ਇੰਡਸਟਰੀ” ਨੇ ਇਸ ਘਿਣਾਉਣੇ ਵਰਤਾਰੇ ਵਿੱਚੋਂ ਵੀ “ਮਾਰਕੀਟ” ਲੱਭ ਲਈ ਹੈ। ਬਜਾਏ ਇਸਦੇ ਕਿ ਮੈਡੀਕਲ ਭਾਈਚਾਰਾ ਇਸ ਅਣਮਨੁੱਖੀ ਵਰਤਾਰੇ ਖਿਲਾਫ਼ ਡਟੇ, ਇਸਦੇ ਗੈਰ-ਵਿਗਿਆਨਕ ਹੋਣ ਬਾਰੇ ਲੋਕਾਂ ਵਿੱਚ ਗੱਲ ਰੱਖੇ, “ਮੈਡੀਕਲ ਇੰਡਸਟਰੀ” ਦੇ ਇਹਨਾਂ “ਸ਼ੈਤਾਨਾਂ” (ਲਿਓ ਤਾਲਸਤਾਏ ਦੇ ਸ਼ਬਦਾਂ ਵਿੱਚ) ਨੇ ਅਜਿਹੇ ਅਪਰੇਸ਼ਨ “ਈਜਾਦ” ਕਰ ਲਏ ਹਨ ਜਿਹਨਾਂ ਰਾਹੀਂ ਇਹ “ਕੁਆਰੇਪਣ ਦੀ ਝਿੱਲੀ” ਨੂੰ ਮੁੜ-ਬਣਾ ਦਿੰਦੇ ਹਨ। ਮਿਸਰ ਸਮੇਤ ਬਹੁਤੇ ਅਰਬ ਦੇਸ਼ਾਂ ਵਿੱਚ ਇਹ ਇੱਕ ਵੱਡਾ ਬਿਜ਼ਨੈੱਸ ਬਣ ਚੁੱਕਾ ਹੈ। ਇੱਥੇ ਪਹਿਲੀ ਰਾਤ ਨੂੰ “ਕੁਆਰੇਪਣ ਦੇ ਟੈਸਟ” ਵਿੱਚੋਂ “ਫੇਲ” ਹੋਣ ਉੱਤੇ ਔਰਤ ਨੂੰ ਤਲਾਕ ਤਾਂ ਕੀ, ਮੌਤ ਦੀ ਸਜ਼ਾ ਤੱਕ ਸੁਣਾਈ ਜਾ ਸਕਦੀ ਹੈ। ਇਸਦਾ ਔਰਤਾਂ ਉੱਤੇ ਇੰਨਾ ਜ਼ਿਆਦਾ ਸਮਾਜਿਕ ਦਬਾਅ ਹੈ ਕਿ ਉਹ “ਅਪਰੇਸ਼ਨਾਂ” ਦਾ ਸਹਾਰਾ ਲੈ ਰਹੀਆਂ ਹਨ। ਭਾਵੇਂ “ਕੁਆਰੇਪਣ ਦੀ ਝਿੱਲੀ” ਦੇ ਟੁੱਟਣ ਦੇ ਕਿੰਨੇ ਹੀ ਕਾਰਨ ਹਨ, ਪਰ ਪਿੱਤਰਸੱਤਾਵਾਦੀ ਸਮਾਜਿਕ ਢਾਂਚਾ ਸਰੀਰਕ ਸਬੰਧਾਂ ਤੋਂ ਬਾਹਰ ਕੁਝ ਸੋਚਣ ਦੇ ਪੱਧਰ ਤੱਕ “ਵਿਕਸਤ” ਹੀ ਨਹੀਂ ਹੋਇਆ ਹੈ। ਕਿਉਂਕਿ ਵਿੱਦਿਅਕ ਸੰਸਥਾਵਾਂ ਵਿੱਚ ਜਾ ਕੇ ਔਰਤਾਂ ਨੂੰ ਕੁਝ ਨਾ ਕੁਝ ਅਜ਼ਾਦੀ ਮਿਲ਼ਦੀ ਹੈ, ਉਹ ਸਰੀਰਕ ਸਬੰਧ ਬਣਾਉਣ ਦੇ ਮਾਮਲੇ ਵਿੱਚ ਵੀ ਫੈਸਲੇ ਲੈਣ ਦਾ “ਹੌਂਸਲਾ” ਕਰਨ ਲੱਗਦੀਆਂ ਹਨ, ਇਸ ਲਈ ਬਹੁਤ ਸਾਰੇ ਮਾਪੇ ਤਾਂ ਉਹਨਾਂ ਨੂੰ ਪੜਣ ਲਈ ਭੇਜਣ ਦੀ ਥਾਂ ਛੋਟੀ ਉਮਰ ਵਿੱਚ ਹੀ ਵਿਆਹ ਦੇਣ ਨੂੰ ਜ਼ਿਆਦਾ ਸਹੀ ਸਮਝਦੇ ਹਨ। ਭਾਰਤ ਵਿੱਚ ਇਹੀ ਹਾਲ ਹਨ। 11 ਜਨਵਰੀ, 2017 ਦੇ ‘ਦ ਟਾਈਮਜ਼ ਆਫ਼ ਇੰਡੀਆ’ ਅਖ਼ਬਾਰ ਦੀ ਹੈਦਰਾਬਾਦ ਸ਼ਹਿਰ ਉੱਤੇ ਅਧਾਰਤ ਇੱਕ ਰਿਪੋਰਟ ਅਨੁਸਾਰ ਮਾਂਵਾਂ ਆਪਣੀਆਂ ਬੇਟੀਆਂ ਨੂੰ ਇਸ ਅਪਰੇਸ਼ਨ ਲਈ “ਪਲਾਸਟਿਕ ਸਰਜਨਾਂ” ਕੋਲ਼ ਜਾ ਰਹੀਆਂ ਹਨ। ਮਾਂਵਾਂ ਨੂੰ ਡਰ ਹੈ ਕਿ ਉਹਨਾਂ ਦੀਆਂ ਬੱਚੀਆਂ ਦਾ ਵਿਆਹ ਖਤਰੇ ਵਿੱਚ ਪੈ ਜਾਵੇਗਾ, ਜਾਂ ਉਹਨਾਂ ਨੂੰ ਬੁਰੇ ਵਤੀਰੇ ਦਾ ਸਾਹਮਣਾ ਕਰਨਾ ਪਵੇਗਾ ਜੇ ਉਹਨਾਂ ਦੇ “ਕੁਆਰੇ” ਹੋਣ ਬਾਰੇ “ਪਤੀਆਂ” ਦੇ ਦਿਮਾਗ ਵਿੱਚ ਸ਼ੱਕ ਪੈਦਾ ਹੋ ਗਿਆ। ਇੱਕ ਪਲਾਸਟਿਕ ਸਰਜਨ ਅਨੁਸਾਰ ਪਹਿਲਾਂ ਜਿੱਥੇ ਅਜਿਹੇ ਅਪਰੇਸ਼ਨ ਸਾਲ ਵਿੱਚ 1-2 ਹੀ ਹੁੰਦੇ ਸਨ, ਹੁਣ ਉਹ ਇੱਕ ਸਾਲ ਵਿੱਚ ਹੀ 50 ਤੋਂ ਵੱਧ ਅਪਰੇਸ਼ਨ ਕਰ ਚੁੱਕਾ ਹੈ। ਡਾਕਟਰਾਂ ਦੀ ਅਸੋਸੀਏਸ਼ਨ ਦੀ ਵੱਡੀ ਚਿੰਤਾ ਇਹ ਹੈ ਕਿ ਇਹਨਾਂ ਅਪਰੇਸ਼ਨਾਂ ਲਈ ਲੋੜੀਂਦੇ “ਸਿਖਲਾਈ-ਪ੍ਰਾਪਤ” ਡਾਕਟਰਾਂ ਦੀ ਗਿਣਤੀ ਥੋੜੀ ਹੈ! ਤਾਲਸਤਾਏ ਨੂੰ ਸਹੀ ਸਿੱਧ ਕਰਨ ਲਈ ਉਹ ਪੂਰਾ ਜ਼ੋਰ ਲਗਾ ਰਹੇ ਹਨ!!

ਬਹੁਤ ਸਾਰੇ ਲੋਕ ਔਰਤਾਂ ਪ੍ਰਤੀ ਇਸ ਨਜ਼ਰੀਏ ਨੂੰ ਮਰਦਾਂ ਵਿੱਚ “ਗਿਆਨ ਦੀ ਘਾਟ” ਵਜੋਂ ਬਣਾ ਕੇ ਪੇਸ਼ ਕਰਦੇ ਹਨ। ਇਹ ਠੀਕ ਹੈ ਕਿ ਕੁਝ ਹੱਦ ਤੱਕ ਅਜਿਹਾ ਵੀ ਹੈ ਪਰ ਮੁੱਖ ਕਾਰਨ ਤਾਂ ਕੀ, ਇਹ ਅਹਿਮ ਕਾਰਨ ਵੀ ਨਹੀਂ ਹੈ। ਅਸਲ ਵਿੱਚ ਇਸ ਵਰਤਾਰੇ ਦੀਆਂ ਜੜਾਂ ਨਿੱਜੀ ਜਾਇਦਾਦ ਉੱਤੇ ਅਧਾਰਤ ਢਾਂਚੇ ਵਿੱਚ ਹਨ। ਜਦੋਂ ਮਨੁੱਖੀ ਸਮਾਜ ਵਿੱਚ ਨਿੱਜੀ ਜਾਇਦਾਦ ਹੋਂਦ ਵਿੱਚ ਆਈ ਤਾਂ ਉਸਦੀ ਮਾਲਕੀ ਦਾ ਅਧਿਕਾਰ ਮਰਦ ਕੋਲ਼ ਆਇਆ ਅਤੇ ਇਹ ਅਧਿਕਾਰ ਪੀੜੀ-ਦਰ-ਪੀੜੀ ਬਾਪ ਤੋਂ ਬੇਟੇ ਨੂੰ ਮਿਲ਼ਦਾ ਗਿਆ, ਇਸ ਵਿੱਚ ਔਰਤ ਦੀ ਭੂਮਿਕਾ ਵਾਰਿਸ ਪੈਦਾ ਕਰਨਾ ਬਣਦੀ ਗਈ। ਮਰਦ ਨੂੰ ਵਾਰਿਸ ਦੇ ਮਾਮਲੇ ਵਿੱਚ ਇਹ ਯਕੀਨ ਚਾਹੀਦਾ ਹੈ ਕਿ ਬਣਨ ਵਾਲ਼ਾ ਵਾਰਿਸ ਉਸਦਾ ਹੀ ਬੇਟਾ ਹੈ। ਇਸ ਲਈ ਔਰਤ ਉੱਤੇ ਇੱਕ ਮਰਦ (ਪਤੀ) ਨਾਲ਼ ਸਰੀਰਕ ਸਬੰਧਾਂ ਵਿੱਚ ਬੱਝਣਾ ਲਾਜ਼ਮੀ ਬਣ ਗਿਆ, ਜਿਸਨੂੰ ਧਾਰਮਿਕ, ਨੈਤਿਕ, ਕਨੂੰਨੀ ਬੰਦਸ਼ਾਂ ਰਾਹੀਂ ਸਮਾਜ ਵਿੱਚ ਲਾਗੂ ਕੀਤਾ ਗਿਆ। ਦੂਸਰਾ, ਜਾਇਦਾਦ ਦੀ ਮਾਲਕੀ ਤੋਂ ਬਾਹਰ ਹੋਣ ਦੇ ਨਾਲ਼ ਹੀ ਔਰਤ ਤੇ ਬੱਚਿਆਂ ਦੀ ਸਮਾਜਿਕ ਹਾਲਤ ਆਰਥਿਕ ਰੂਪ ਵਿੱਚ ਮਰਦ ਉੱਤੇ ਨਿਰਭਰ ਦੋਇਮ ਦਰਜੇ ਦੇ ਸ਼ਹਿਰੀ ਵਾਲ਼ੀ ਅਤੇ ਗੁਲ਼ਾਮਾਂ ਵਾਲ਼ੀ ਬਣ ਗਈ। ਮਰਦ ਜਿਵੇਂ ਜਾਇਦਾਦ, ਘਰ ਤੇ ਹੋਰ ਚੀਜ਼ਾਂ ਦੀ ਇੱਕ ਵਸਤੂ ਵਜੋਂ ਮਾਲਕੀ ਮਾਣਦਾ ਹੈ, ਔਰਤ ਵੀ ਉਸ ਲਈ ਇੱਕ ਵਸਤੂ ਬਣ ਗਈ ਜਿਸ ਨੂੰ ਭੋਗਣਾ ਮਰਦ ਦਾ ਹੱਕ ਸੀ ਤੇ ਉਸ ਵਿੱਚ ਔਰਤ ਦੀ ਕਿਸੇ ਮਰਜ਼ੀ ਦਾ ਕੋਈ ਸਵਾਲ ਨਹੀਂ ਰਹਿ ਗਿਆ ਸੀ। ਸਮੇਂ ਨਾਲ਼ ਸਮਾਜਿਕ ਆਦਤਾਂ, ਵਿਚਾਰਾਂ, ਰੀਤੀ-ਰਿਵਾਜਾਂ, ਲੋਕ-ਗਾਥਾਵਾਂ ਵਿੱਚ ਇਸ ਦਾ ਪ੍ਰਗਟਾਵਾ ਪੱਕਾ ਹੁੰਦਾ ਗਿਆ ਅਤੇ ਔਰਤ ਦਾ ਵਸਤੂਕਰਨ ਵਧੇਰੇ ਤੋਂ ਵਧੇਰੇ ਇੱਕ ‘ਨਾਰਮਲ’ ਬਣਦਾ ਗਿਆ। ਇਹ ਗੱਲ ਇਸ ਲਈ ਅਹਿਮੀਅਤ ਰੱਖਦੀ ਹੈ ਕਿ ਕੋਈ ਇਹ ਨਾ ਸਮਝੇ ਕਿ ਨਿੱਜੀ ਜਾਇਦਾਦ ਦੇ ਖਾਤਮੇ ਨਾਲ਼ ਹੀ ਔਰਤ ਵਿਰੋਧੀ ਮਾਨਸਿਕਤਾ ਅਤੇ ਔਰਤ ਦਾ ਵਸਤੂਕਰਨ ਆਪਣੇ-ਆਪ ਖਤਮ ਹੋ ਜਾਵੇਗਾ, ਇਸ ਖਿਲਾਫ਼ ਵਿਚਾਰਕ ਸੰਘਰਸ਼ ਇੱਕ ਲਾਜ਼ਮੀ ਭੂਮਿਕਾ ਨਿਭਾਏਗਾ। ਜਗੀਰਦਾਰੀ ਢਾਂਚਾ ਰਹਿਣ ਤੱਕ ਔਰਤ ਦੀ ਗੁਲਾਮੀ ਨੂੰ ਬਣਾਈ ਰੱਖਣਾ ਕੋਈ ਮੁਸ਼ਕਿਲ ਨਹੀਂ ਸੀ ਕਿਉਂਕਿ ਘਰ ਦੀ ਦਹਿਲੀਜ਼ ਤੋਂ ਬਾਹਰ ਪੈਰ ਧਰਨਾ ਔਰਤ ਲਈ ਸੰਭਵ ਹੀ ਨਹੀਂ ਸੀ। ਪਰ ਸਰਮਾਏਦਾਰਾ ਪੈਦਾਵਾਰੀ ਸਬੰਧਾਂ ਦੇ ਪੈਰ ਜਮਾਉਣ ਨਾਲ਼ ਹੀ ਔਰਤ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਿੱਕਲਣ ਲੱਗੀ ਤੇ ਸਮਾਜਿਕ ਪੈਦਾਵਾਰ ਵਿੱਚ ਉਹਨਾਂ ਦੀ ਭੂਮਿਕਾ ਵਧਣ ਲੱਗੀ, ਭਾਵੇਂ ਇਹ ਬਹੁਤ ਹੱਦ ਤੱਕ ਸਰਮਾਏਦਾਰਾ ਢਾਂਚੇ ਦੀ ਮਜ਼ਬੂਰੀ ਕਰਕੇ ਹੀ ਸੀ। ਬੁਰਜੂਆ ਇਨਕਲਾਬਾਂ ਦੇ ਆਦਰਸ਼ਾਂ ਤੇ ਸੰਵਿਧਾਨਾਂ ਵਿੱਚ “ਅਜ਼ਾਦੀ ਤੇ ਬਰਾਬਰੀ” ਸ਼ਬਦ ਦਰਜ ਹੋ ਚੁੱਕੇ ਸਨ, ਇਸ ਨਾਲ਼ ਔਰਤਾਂ ਵੀ “ਅਜ਼ਾਦੀ ਤੇ ਬਰਾਬਰੀ” ਮੰਗਣ ਲੱਗੀਆਂ ਅਤੇ ਬਰਾਬਰ ਹੱਕਾਂ ਲਈ ਲਹਿਰਾਂ ਉੱਠਣ ਲੱਗੀਆਂ ਤੇ ਪਿੱਤਰਸੱਤਾ ਨੂੰ ਚੁਣੌਤੀ ਮਿਲਣ ਲੱਗੀ। ਸਿੱਟੇ ਵਜੋਂ, ਪਿੱਤਰਸੱਤਾ ਹੋਰ ਵਧੇਰੇ ਖੂੰਖਾਰ ਹੁੰਦੀ ਜਾ ਰਹੀ ਹੈ ਤੇ ਉਹ ਹਰ ਹੀਲੇ ਔਰਤਾਂ ਦੀ ਗੁਲਾਮ ਵਜੋਂ, ਇੱਕ ਵਸਤੂ ਵਜੋਂ ਹੈਸੀਅਤ ਨੂੰ ਬਣਾਈ ਰੱਖਣ ਲਈ ਹੱਥਪੈਰ ਮਾਰ ਰਹੀ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 2, ਸਾਲ 6, 1 ਤੋਂ 15 ਮਾਰਚ, 2017 ਵਿੱਚ ਪ੍ਰਕਾਸ਼ਤ

Advertisements