‘ਪਿੰਜਰਾ ਤੋੜ’ ਅਤੇ ‘ਕਰਫਿਊ ਟਾਈਮ ਦੇ ਖਾਤਮੇ’ ਲਈ ਵਿਦਿਆਰਥੀਆਂ ਦਾ ਸੰਘਰਸ਼ : ਪਿੱਤਰ ਸੱਤ੍ਹਾ ਨੂੰ ਵੰਗਾਰਨ ਦਾ ਇਤਿਹਾਸਕ ਕਦਮ •ਸੰਪਾਦਕੀ

2.jpg

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਦਿੱਲੀ ਵਿੱਚ ਸ਼ੁਰੂ ਹੋਏ ਪਿੰਜਰਾ ਤੋੜ ਸੰਘਰਸ਼ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕਰਫਿਊ ਟਾਈਮ ਦੇ ਖਾਤਮੇ ਦੇ ਸੰਘਰਸ਼ ਨਾਲ਼, ਪੜ੍ਹੀਆਂ ਲਿਖੀਆਂ ਨੌਜਵਾਨ ਲੜਕੀਆਂ ਵੱਲੋਂ ਪਿੱਤਰ ਸੱਤ੍ਹਾ ਨੂੰ ਵੰਗਾਰਨ ਵਾਲ਼ੇ, ਹਿੰਮਤ ਭਰੇ ਇਤਿਹਾਸਕ ਨਾਹਰਿਆਂ ਦੀ ਗੂੰਜ ਇਸ ਸਮੇਂ ਸਾਰੇ ਦੇਸ਼ ਵਿੱਚ ਸੁਣਾਈ ਦੇ ਰਹੀ ਹੈ। ਸਤੰਬਰ 2018 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਬਹਾਦਰ ਲੜਕੀਆਂ ਵੱਲੋਂ ਸ਼ੁਰੂ ਹੋਏ 24 ਘੰਟੇ ਲੜਕੀਆਂ ਦੇ ਹੋਸਟਲ ਖੁੱਲ੍ਹੇ ਰੱਖਣ ਦਾ ਸੰਘਰਸ਼, ਕੋਈ ਆਮ ਸੰਘਰਸ਼ ਨਹੀਂ ਹੈ। ਇਹ ਜਮਾਤੀ ਸਮਾਜ ਦੇ ਸਦਾਚਾਰ, ਪਿੱਤਰ ਸੱਤ੍ਹਾ ਦੇ ਫੌਲਾਦੀ ਦੁਰਗ ਦੇ ਦੱਮਘੋਟੂ ਮਾਹੌਲ ਵਿੱਚ, ਦੇਸ਼ ਦੀਆਂ ਸੂਝਵਾਨ ਧੀਆਂ ਦੇ ਸੁਪਨਿਆਂ ਦੀ ਉਡਾਰੀ ਦੇ ਰਾਹ ਵਿੱਚ ਆਉਣ ਵਾਲ਼ੀਆਂ ਰਵਾਇਤੀ ਰੁਕਾਵਟਾਂ ਵਿਰੁੱਧ ਬਗ਼ਾਵਤ ਹੈ ।

“ਕੀ ਅਸੀਂ ਸਵੈ-ਮਾਣ ਅਤੇ ਇੱਜ਼ਤ-ਮਾਣ ਦੀ ਕੀਮਤ ’ਤੇ ਲੈਣ ਵਾਲ਼ੀਆਂ ਡਿਗਰੀਆਂ ਨੂੰ ਅੱਗ ਲਾਉਣੀ ਹੈ?” ਇਹ ਸ਼ਬਦ ਹਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇੱਕ ਸੰਘਰਸ਼ਸ਼ੀਲ ਲੜਕੀ ਦੇ, ਜਦੋਂ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਸੰਘਰਸ਼ ਨੂੰ ਦਬਾਉਣ ਵਾਸਤੇ ਅਨੈਤਿਕ ਕਿਸਮ ਦੇ ਦਬਾਅ ਅਤੇ ਕਿਰਦਾਰਕੁਸ਼ੀ ਵਰਗੀਆਂ ਘਟੀਆ ਕਾਰਵਾਈਆਂ ਅਤੇ ਬੱਚਿਆਂ ਦੇ ਘਰਾਂ ਵਿੱਚ ਫੋਨ ਕਰਕੇ ਦਬਅ ਪਾਉਣ ਦੇ ਹੱਥ ਕੰਡੇ ਵਰਤਣੇ ਸ਼ੁਰੂ ਕੀਤੇ ਗਏ। ਯੂਨੀਵਰਸਿਟੀ ਅਧਿਕਾਰੀਆਂ ਨਾਲ਼ ਗੱਲਬਾਤ ਸਮੇਂ ਇੱਕ ਲੜਕੀ ਦੇ ਮੂੰਹੋਂ ਨਿੱਕਲੇ ਇਹ ਸ਼ਬਦ ਕੋਈ ਸਧਾਰਨ ਸ਼ਬਦ ਨਹੀਂ ਹਨ, ਸਦੀਆਂ ਤੋਂ ਬਰਦਾਸ਼ਤ ਕੀਤੀ ਜਾ ਰਹੀ ਗੁਲਾਮੀ ਵਿਰੁੱਧ ਇਹ ਸ਼ਬਦ ਲਲਕਾਰ ਬਣ ਕੇ ਨਿੱਕਲੇ ਹਨ। ਜਮਾਤੀ ਸਮਾਜ ਦੇ ਮਰਦ ਦਾਬੇ ਵਾਲ਼ੇ, ਪਿੱਤਰੀ ਸੱਤ੍ਹਾ ਦੀਆਂ ਨੈਤਿਕ ਕਦਰਾਂ ਨੂੰ ਸਮਾਜ ਦਾ ਇੱਕ ਹਿੱਸਾ, ਇੱਕ ਸਹਿਜ ਵਰਤਾਰੇ ਦੇ ਰੂਪ ਵਿੱਚ ਪ੍ਰਵਾਨ ਕਰ ਚੁੱਕਾ ਹੈ। ਆਪਣੀ ਅਟੱਲ ਹੋਣੀ ਦੇ ਰੂਪ ਵਿੱਚ ਇਸ ਗੁਲਾਮੀ ਨੂੰ ਸਵੀਕਾਰ ਕਰਦੇ ਹੋਏ, ਸਾਡੀਆਂ ਮਾਵਾਂ, ਦਾਦੀਆਂ, ਪੜਦਾਦੀਆਂ ਅਤੇ ਅੱਗੋਂ ਉਨ੍ਹਾਂ ਦੀਆਂ ਮਾਵਾਂ ਦੇ ਇਤਿਹਾਸ ਨੇ, ਇਸ ਜੜ੍ਹਤਾ ਨੂੰ ਬੇਹੱਦ ਮਜ਼ਬੂਤ ਕੀਤਾ ਹੈ। ਅਜ਼ਾਦ ਔਰਤ ਦੀ ਧਾਰਨਾ ਤੋਂ ਭੈ ਭੀਤ, ਸਾਡਾ ਧਾਰਮਿਕ ਅਤੇ ਗੈਰ ਧਾਰਮਿਕ ਸਾਹਿਤ ਔਰਤਾਂ ਦੀ ਇੱਕ ਆਦਰਸ਼ ਗੁਲਾਮ ਦੇ ਰੂਪ ਵਿੱਚ ਸਿਖ਼ਲਾਈ ਦੀਆਂ, ਕਹਾਣੀਆਂ ਨਾਲ਼ ਭਰਿਆ ਪਿਆ ਹੈ। ਇੱਥੇ ਰਾਮ ਨੂੰ ਨਹੀਂ, ਸੀਤਾ ਨੂੰ ਹੀ ਅਗਨ ਪ੍ਰੀਖਿਆ ’ਚੋਂ ਗੁਜਰਨਾ ਪੈਂਦਾ ਹੈ, ਫਿਰ ਵੀ ਉਹ ਦਾਗੀ ਹੋਣ ਦੇ ਸੰਤਾਪ ਤੋਂ ਮੁਕਤ ਨਹੀਂ ਹੁੰਦੀ ਅਤੇ ਦੁਬਾਰਾ ਬਨਵਾਸ ਦੀ ਸਜ਼ਾ ਭੁਗਤਦੀ ਹੈ । ਦੇਵਤਿਆਂ ਅਤੇ ਮਰਦਾਂ ਦੀ ਹਵਸ ਅਤੇ ਸਾਜ਼ਿਸ਼ ਦੀ ਸ਼ਿਕਾਰ ‘ਅਹਿਲਿਆ’ ਨੂੰ ਹੀ ਪੱਥਰ ਬਣਨਾ ਪੈਂਦਾ ਹੈ ਅਤੇ ਬਿਨ੍ਹਾਂ ਕਿਸੇ ਕਸੂਰ ਦੇ ਸਜ਼ਾ ਭੁਗਤ ਰਹੀ, ਕਈ ਯੁੱਗ ਉਡੀਕਦੀ ਹੈ ਕਿ ਕਦੋਂ ਕਿਸੇ ਰਾਮ ਜਾਂ ਮਰਦ ਦੀ ਕਿ੍ਰਪਾ ਦਿ੍ਰਸ਼ਟੀ ਨਾਲ਼ ਉਸ ਨੂੰ ਮੁਕਤੀ ਮਿਲ਼ੇ। ਉਪਨਿਸ਼ਦਾਂ ਦੀ ਪ੍ਰਸਿੱਧ ਰਿਖੀ ਗਾਰਗੀ ਦੇ ਸੁਆਲਾਂ ਦੇ ਜੁਆਬ ਵਿੱਚ ਵੱਡਾ ਰਿਖੀ ਯਾਗਵਲਕਿਆ ਕਹਿੰਦਾ ਹੈ, “ਸਵਾਲਾਂ ਦੀ ਸੀਮਾ ਤੋਂ ਬਾਹਰ ਨਾ ਜਾ, ਮੱਤ ਅਤੀ ਪ੍ਰਸ਼ਨ ਕਰ ਗਾਰਗੀ ਨਹੀਂ ਤਾਂ ਸਿਰ ਗਿਰ ਜਾਏਂਗਾ”। ਜਮਾਤਾਂ ਵਿੱਚ ਵੰਡੇ ਜਾ ਚੁੱਕੇ ਸਮਾਜ ਵਿੱਚ ਇਹ ਸਿਰ ਲਾਹ ਦੇਣ ਵਾਲ਼ੀ ਧਮਕੀ, ਔਰਤ ਨੂੰ ਉਸ ਦੀ ਔਕਾਤ ਦੱਸਣ ਵਾਲ਼ਾ ਫਰਮਾਨ ਸੀ। ਔਰਤ ਗੁਲਾਮ ਕਿਵੇਂ ਬਣੀ? ਇਸ ਦੀ ਗੱਲ ਬਾਅਦ ’ਚ ਕਰਦੇ ਹਾਂ। ਪਰ ਪੰਜਾਬ ਦੀ ਧਰਤੀ ਤੋਂ ਉੱਠੇ ਇਸ ਸੰਘਰਸ਼ ਨੇ’’ ਇਸ ਖਿੱਤੇ ਦੀਆਂ ਸ਼ਾਨਦਾਰ ਇਨਕਲਾਬੀ ਜਮਹੂਰੀ ਰਵਾਇਤਾਂ ਵਿੱਚ, ਇੱਕ ਨਵਾਂ ਅਧਿਆਇ ਲਿਖ ਦਿੱਤਾ ਹੈ। ਪੰਜਾਬੀ ਯੂਨੀਵਰਸਿਟੀ ਵਿੱਚ ਵਰਤਮਾਨ ਸੰਘਰਸ਼, ਵਿਦਿਆਰਥੀਆਂ ਦੀਆਂ ਕਈ ਮੰਗਾਂ ਤੋਂ ਸ਼ੁਰੂ ਹੋਇਆ ਸੀ। ਅਗਾਂਹਵਧੂ ਵਿਦਿਆਰਥੀ ਜਥੇਬੰਦੀਆਂ ਦਾ ਸਾਂਝਾ ਮੋਰਚਾ ਬਣਨ ਨਾਲ਼, ਇਸ ਸੰਘਰਸ਼ ਨੂੰ ਲੜਕੀਆਂ ਸਮੇਤ ਵਿਦਿਆਰਥੀਆਂ ਦੇ ਵੱਡੇ ਹਿੱਸੇ ਦਾ ਹੁੰਗਾਰਾ ਮਿਲਿਆ। ਇਸ ਤੋਂ ਬਿਨ੍ਹਾਂ ਯੂਨੀਵਰਸਿਟੀ ਦੇ ਸੰਵੇਦਨਸ਼ੀਲ ਅਤੇ ਸੂਝਵਾਨ ਅਧਿਆਪਕਾਂ, ਮੁਲਾਜ਼ਮਾਂ ਅਤੇ ਸਾਡੇ ਸਮਾਜ ਦੇ ਅਗਾਂਹਵਧੂ ਅਤੇ ਜਮਹੂਰੀ ਹਲਕਿਆਂ ਵੱਲੋਂ, ਇਸ ਸੰਘਰਸ਼ ਨੂੰ ਮਿਲ਼ਣ ਵਾਲ਼ੀ ਹਮਾਇਤ ਇਸ ਦੇ ਵੱਡੇ ਮਹੱਤਵ ਨੂੰ ਦਰਸਾਉਂਦੀ ਹੈ। ਸੰਘਰਸ਼ ਦੇ ਅੱਗੇ ਵਧਦਿਆਂ ਹੀ, ਸਮਾਜ ਦੇ ਬੇਹੱਦ ਪਿਛਾਖੜੀ ਹਿੱਸੇ ਦੀ ਪ੍ਰਤੀਨਿਧਤਾ ਕਰਨ ਵਾਲ਼ੇ ਅਨਸਰਾਂ ਦਾ ਸੰਘਰਸ਼ਸ਼ੀਲ ਵਿਦਿਆਰਥੀਆਂ ਉੱਤੇ ਹਮਲਾ, ਇਸ ਦੇ ਠੀਕ ਦਿਸ਼ਾ ਵੱਲ ਅੱਗੇ ਵਧਣ ਦਾ ਇੱਕ ਹੋਰ ਵੱਡਾ ਸਬੂਤ ਹੈ। ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪਿਛਾਖੜੀ ਅਨਸਰਾਂ ਦਾ ਹਮਲਾ ਵਿਦਿਆਰਥੀਆਂ ਦੇ ਕਈ ਮੰਗਾਂ ਦੇ ਮੰਗ ਪੱਤਰ ਵਿੱਚੋਂ, ਖਾਸ ਤੌਰ ’ਤੇ ਇੱਕ ਮੰਗ ਵਿਰੁੱਧ ਹੀ ਸੇਧਿਤ ਸੀ, ਇਹ ਮੰਗ ਹੈ ਲੜਕੀਆਂ ਦੇ ਹੋਸਟਲਾਂ ਨੂੰ 24 ਘੰਟੇ ਖੁੱਲ੍ਹੇ ਰੱਖਦੇ ਹੋਏ ਸ਼ਾਮ ਤੋਂ ਬਾਅਦ ਕੈਦਖਾਨੇ ਵਿੱਚ ਬਦਲਣ ਦਾ ਵਿਰੋਧ। ਦੇਸ਼ ਦੇ ਭਵਿੱਖੀ ਨਾਗਰਿਕਾਂ ਦੀ ਸਿਖਲਾਈ ਦੇ ਇਹਨ੍ਹਾਂ ਥੋੜ੍ਹੇ ਜਿਹੇ ਖੇਤਰਫਲ ਵਾਲ਼ੇ ਇਲਾਕਿਆਂ ਵਿੱਚ ਢੁੱਕਵਾਂ ਸੁਰੱਖਿਆ ਦਾ ਪ੍ਰਬੰਧ ਕਰਕੇ, ਰਾਤ ਸਮੇਂ ਰੌਸ਼ਨੀ ਦਾ ਸਹੀ ਪ੍ਰਬੰਧ ਕਰਕੇ, ਪੜ੍ਹਾਈ ਵਾਲ਼ਾ ਅਜ਼ਾਦ ਮਾਹੌਲ ਸਿਰਜਣਾ ਕੋਈ ਔਖਾ ਕੰਮ ਨਹੀਂ ਹੈ। ਪ੍ਰਸ਼ਾਸਨ ਆਪਣੇ ਪਿਛਾਖੜੀ ਪੈਂਤੜੇ ’ਤੇ ਅੜਿਆ ਹੋਇਆ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਵਾਸਤੇ ਹੋਣ ਵਾਲ਼ੀਆਂ ਅਨੇਕਾਂ ਸਰਗਰਮੀਆਂ ਤੋਂ ਲੜਕੀਆਂ ਨੂੰ ਵਾਂਝੇ ਕਰ ਰਿਹਾ ਹੈ। ਜੇ ਪੜ੍ਹਾਈ ਦੇ ਪੱਖੋਂ ਵੀ ਵੇਖਿਆ ਜਾਵੇ ਤਾਂ ਲੜਕੀਆਂ ਸ਼ਾਮ ਦੇ ਸਮੇਂ ਹੋਣ ਵਾਲ਼ੇ ਸੈਮੀਨਾਰਾਂ ਅਤੇ ਸੱਭਿਆਚਾਰਕ ਸਰਗਰਮੀਆਂ ਵਿੱਚ ਹਿੱਸਾ ਨਹੀਂ ਲੈ ਸਕਦੀਆਂ। ਰਾਤ ਸਮੇਂ ਲਾਇਬ੍ਰੇਰੀ ਦੀ ਸਹੂਲਤ ਨਹੀਂ ਵਰਤ ਸਕਦੀਆਂ। ਅਕੇਵੇਂ ਭਰੀ ਜ਼ਿੰਦਗੀ ਤੋਂ ਭੋਰਾ ਰਾਹਤ ਲਈ, ਰਾਤ ਸਮੇਂ ਅਜ਼ਾਦ ਫਿਜ਼ਾ ਵਿੱਚ ਸਾਹ ਨਹੀਂ ਲੈ ਸਕਦੀਆਂ। ਵਿਗਿਆਨ ਦੇ ਵਿਸ਼ੇ ਦੀਆਂ ਵਿਦਿਆਰਥਣਾਂ, ਪ੍ਰਯੋਗਸ਼ਾਲਾ ਵਿੱਚ ਹੀ ਕੀਤੇ ਜਾ ਸਕਣ ਵਾਲ਼ੇ, ਲੰਬਾ ਸਮਾਂ ਲੈਣ ਵਾਲ਼ੇ ਪ੍ਰਯੋਗ ਨਹੀਂ ਕਰ ਸਕਦੀਆਂ। ਪਰ ਇਹ ਮਸਲੇ ਦਾ ਇੱਕ ਪੱਖ ਹੈ। ਇਸ ਤੋਂ ਬਿਨ੍ਹਾਂ, ਵੱਡਾ ਸਵਾਲ ਲਿੰਗਕ ਵਿਤਕਰੇ ਦਾ ਹੈ। ਔਰਤ ਨੂੰ ਇੱਕ ਵਸਤੂ ਤੱਕ, ਇੱਕ ਦੇਹ ਤੱਕ ਸੀਮਤ ਕਰ ਦੇਣਦਾ ਹੈ। ਫਿਰ ਉਸ ਦੇਹ ਰੂਪ ਬਣੀ ਵਸਤੂ ਦੇ ਆਪੇ ਬਣੇ ਇਹ ਰਾਖ਼ੇ, ਉਨ੍ਹਾਂ ਦੀ ਰਾਖੀ ਲਈ ਚਿੰਤਤ ਹਨ। ਜਿਸ ਸਵਾਲ ਨੂੰ ਸੁਰੱਖਿਆ ਦਾ ਸਵਾਲ ਕਿਹਾ ਜਾਂਦਾ ਹੈ, ਇਹ ਹਕੀਕਤ ਵਿਚ ਔਰਤ ’ਤੇ ਨਿਗਰਾਨੀ ਰੱਖਣ ਦਾ ਮਸਲਾ ਹੈ ।

ਸੱਭਿਆਚਾਰਕ ਪਛੜੇਵਾਂ ਅਤੇ ਪਿੱਤਰੀ ਸੱਤ੍ਹਾ ਦਾ ਸਵਾਲ

ਇਤਿਹਾਸ ਬੋਧ ਤੋਂ ਕੋਰੇ ਅਤੇ ਇਤਿਹਾਸ ਗ੍ਰਸਤਤਾ ਦਾ ਸ਼ਿਕਾਰ ਸਾਡੇ ਬਹੁਤ ਸਾਰੇ ਮੱਧਵਰਗੀ ਬੁੱਧੀਜੀਵੀ ਵੀ ਪਿਛਾਖੜੀ ਸੱਭਿਆਚਾਰਕ ਕਦਰਾਂ ਕੀਮਤਾਂ ਅਤੇ ਨੈਤਿਕਤਾ ਦੇ ਸਵਾਲ ਨੂੰ ਰਲਗੱਡ ਕਰਦੇ ਹਨ। ਇਤਿਹਾਸਕ ਸੰਦਰਭ ਵਿੱਚ ਸਮਝਣ ਦੀ ਬਜਾਏ, ਨਵੇਂ ਦੌਰ ਵਿੱਚ ਪੈਦਾ ਹੋਣ ਵਾਲ਼ੀਆਂ ਨਵੀਆਂ ਲੋੜਾਂ ਨੂੰ, ਇੱਕ ਆਫਤ ਵਾਂਗ ਵੇਖਦੇ ਹਨ। ਫਿਰ ਜਿਵੇਂ ਆਫਤ ਨਾਲ਼ ਨਜਿੱਠਿਆ ਜਾਂਦਾ ਹੈ ਉਵੇਂ ਦੇ ਹੀ ਸੁਝਾਅ ਇਹਨਾਂ ਦੇ ਦਿਮਾਗ ਵਿੱਚ ਜਨਮ ਹੁਣ ਲੈਂਦੇ ਹਨ। ਇਸੇ ਮਾਨਸਿਕਤਾ ਵਿੱਚੋਂ ਹੀ ਦੇਸ਼ ਦੇ ਕਈ ਵਿੱਦਿਅਕ ਅਦਾਰਿਆਂ ਵਿੱਚ ਲਿੰਗਕ ਵਿਤਕਰੇ ਖਿਲਾਫ ਉੱਠਣ ਵਾਲ਼ੀਆਂ ਅਵਾਜ਼ਾਂ ਨੂੰ’ ਸਾਡੇ ਇਹ ਸਿਆਣੇ ਬਿਆਣੇ ਅਧਿਕਾਰੀ ਸਿਰਫ ਸੁਰੱਖਿਆ ਦੇ ਸਵਾਲ ਤੱਕ ਸੀਮਤ ਕਰ ਦੇਂਦੇ ਹਨ। ਬਿਨ੍ਹਾਂ ਕਿਸੇ ਦਲੀਲ ਦੇ ਇਹ ਸਵਾਲ ਕਰਦੇ ਹਨ ਕਿ ਜੇ ਕੋਈ ਵਾਧਾ ਘਾਟਾ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੈ? ਇਹ ਇਵੇਂ ਹੀ ਹੈ ਕਿ ਜਿਵੇਂ ਕੋਈ ਗੁੰਡਾ ਜਾਂ ਖੂੰਖਾਰ ਜਾਨਵਰ ਆਦਮੀਆਂ ਦੀ ਬਸਤੀ ਵਿੱਚ ਆ ਜਾਵੇ ਤਾਂ ਉਸ ਦਾ ਮੁਕਾਬਲਾ ਕਰਨ ਦੀ ਥਾਂ, ਕਿਹਾ ਜਾਵੇ ਕਿ ਲੋਕਾਂ ਨੂੰ ਹੀ ਪੱਕੇ ਤੌਰ ’ਤੇ ਕੈਦਖਾਨੇ ਵਿੱਚ ਸੁੱਟ ਦਿੱਤਾ ਜਾਣਾ ਚਾਹੀਦਾ ਹੈ। ਮੈਨੂੰ ਬਚਪਨ ਵਿੱਚ ਇੱਕ ਬਜ਼ੁਰਗ ਮਾਤਾ ਦੀ ਸੁਣਾਈ ਕਹਾਣੀ ਅਜੇ ਤੱਕ ਯਾਦ ਹੈ, ਹੁਣ ਵਾਲ਼ੀ ਪੀੜ੍ਹੀ ਨੂੰ ਸ਼ਾਇਦ ਇਹ ਸਮਝਣ ਵਿੱਚ ਔਖੀ ਵੀ ਲੱਗੇ ਅਤੇ ਅਜੀਬ ਵੀ ਲੱਗੇ। ਉਸ ਮਾਤਾ ਨੇ ਆਪਣੀ ਕਿਸੇ ਵਡੇਰੀ ਔਰਤ ਦੀ ਗੱਲ ਦੱਸੀ ਜੋ ਜਵਾਨ ਉਮਰ ਵਿੱਚ ਹੀ ਵਿਧਵਾ ਹੋ ਗਈ ਸੀ। ਪਤੀ ਦੇ ਮਰਨ ਤੋਂ ਬਾਅਦ ਉਸ ਦੀਆਂ ਆਖਰੀ ਰਸਮਾਂ ਕਰਦੇ ਹੋਏ, ਮਿ੍ਰਤਕ ਨੂੰ ਨੁਹਾਉਣ ਤੋਂ ਬਾਅਦ ਉਸ ਨੂੰ ਪਤੀ ਦਾ ਮੂੰਹ ਵੇਖਣ ਲਈ ਬੁਲਾਇਆ ਗਿਆ। ਉਸ ਨੇ ਜੋ ਜਵਾਬ ਦਿੱਤਾ, ਸੁੰਨ ਕਰ ਦੇਣ ਵਾਲ਼ਾ ਸੀ। ਕਿਸੇ ਕੋਲ ਉਸ ਦਾ ਜਵਾਬ ਨਹੀਂ ਸੀ। ਉਸ ਨੇ ਕਿਹਾ ਸੀ ,“ਮੈਂ ਜਿਉਂਦੇ ਜੀਅ ਤਾਂ ਚੱਜ ਨਾਲ਼ ਕਦੀ ਉਹਦਾ ਮੂੰਹ ਨਹੀਂ ਵੇਖਿਆ, ਹੁਣ ਮਰਨ ਤੋਂ ਬਾਅਦ ਮੈਂ ਮੂੰਹ ਵੇਖ ਕੇ ਕੀ ਲੈਣਾ ਹੈ”। ਜਗੀਰੂ ਯੁੱਗ ਵਿੱਚ ਔਰਤ ਸਿਰਫ ਉਨੀ ਕੁ ਹੀ ਅਜ਼ਾਦੀ ਦੀ ਹੱਕਦਾਰ ਸੀ, ਜਿੰਨੀ ਕੁ ਪਿੱਤਰ ਸੱਤ੍ਹਾ ਵਾਲ਼ਾ ਸਮਾਜ ਉਸ ਨੂੰ ਦਿੰਦਾ ਸੀ। ਗੱਲ ਉਦੋਂ ਵੀ ਸੁਰੱਖਿਆ ਦੀ ਕੀਤੀ ਜਾਂਦੀ ਸੀ ਭਾਵੇਂ ਇਹ ਵਿਅਕਤੀ ਦੀ ਨਹੀਂ ਵਸਤੂ ਦੀ ਸੁਰੱਖਿਆ ਸੀ। ਸਮਝਿਆ ਜਾਂਦਾ ਸੀ ਕਿ ਜੇ ਔਰਤਾਂ ਨੇ ਘੁੰਡ ਲਾਹ ਦਿੱਤਾ ਤਾਂ ਉਸ ਤੇ ਪਈ ਕਿਸੇ ਦੀ ਨਜ਼ਰ, ਉਸਦੀ ਸੁਰੱਖਿਆ ਲਈ ਖ਼ਤਰਾ ਬਣ ਸਕਦੀ ਹੈ। ਹੁਣ ਵੀ ਬਲਾਤਕਾਰ ਵਰਗੀਆਂ ਕਾਰਵਾਈਆਂ ਤੱਕ ਲਈ, ਔਰਤਾਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ, ਔਰਤਾਂ ਦੀ ਅਜ਼ਾਦੀ ਦੀ ਭਾਵਨਾ ਵਿੱਚੋਂ ਪੈਦਾ ਹੋਏ ਚੱਜ ਅਚਾਰ ਨੂੰ, ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ।

ਅਜ਼ਾਦੀ ਤੋਂ ਬਾਅਦ ਬਹੁਤ ਕੁਝ ਬਦਲ ਗਿਆ ਹੈ। ਸਾਡੇ ਦੇਸ਼ ਵਿੱਚ ਸਰਮਾਏਦਾਰੀ ਵਿਕਾਸ ਇਨਕਲਾਬੀ ਤਰੀਕਿਆਂ ਨਾਲ਼ ਨਹੀਂ ਸਗੋਂ ਜਗੀਰਦਾਰੀ ਨੂੰ ਰਿਆਇਤਾਂ ਦਿੰਦੇ ਹੋਏ ਸਮਝੌਤਿਆਂ ਨਾਲ਼ ਹੋਇਆ ਹੈ। ਨਤੀਜ਼ੇ ਵਜੋਂ, ਪੈਦਾਵਾਰੀ ਸ਼ਕਤੀਆਂ ਦਾ ਵਿਕਾਸ ਤਾਂ ਹੋਇਆ ਹੈ ਪਰ ਕਿਰਤੀ ਲੋਕਾਂ ਦੀ ਖੁਸਹਾਲੀ ਨਹੀਂ ਆਈ। ਫਿਰ ਵੀ ਔਰਤਾਂ ਜ਼ਿੰਦਗੀ ਦੇ ਹਰ ਖੇਤਰ ਵਿੱਚ ਸਾਹਮਣੇ ਆਈਆਂ ਹਨ। ਹੁਣ ਸਰਮਾਏਦਾਰੀ ਨੂੰ ਔਰਤਾਂ ਦੀ ਸਸਤੀ ਕਿਰਤ ਦੀ ਜਰੂਰਤ ਸੀ। ਇਨ੍ਹਾਂ ਅਰਥਾਂ ਵਿੱਚ ਔਰਤਾਂ ਨੂੰ ਅਜ਼ਾਦੀ ਮਿਲ਼ੀ। ਪਰ ਸੱਭਿਆਚਾਰਕ ਖੇਤਰ ਵਿੱਚ ਪਿਛਾਖੜੀ ਕਦਰਾਂ ਕੀਮਤਾਂ ਕਾਇਮ ਰੱਖੀਆਂ ਗਈਆਂ। ਸਮਾਜ ਦੇ ਵੱਡੇ ਹਿੱਸੇ ਵਿੱਚ, ਲਿੰਗਕ ਵਿਤਕਰੇ ਸਮੇਤ, ਔਰਤ ਵਿਰੋਧੀ, ਮਰਦ ਦਾਬੇ ਵਾਲ਼ੀ ਪਿੱਤਰ ਸੱਤ੍ਹਾ ਦਾ ਬੋਲਬਾਲਾ ਰਿਹਾ ।

ਭਾਰਤ ਵਿੱਚ ਔਰਤਾਂ ਨੂੰ ਦੂਹਰੀ ਮਾਰ

ਸਾਡੇ ਇੱਥੇ ਯੌਰਪ ਵਾਂਗ ਪੁਨਰ ਜਾਗਰਣ ਅਤੇ ਪ੍ਰਬੋਧਨ ਵਰਗੀ ਲਹਿਰ ਦੀ ਅਣਹੋਂਦ ਕਰਕੇ, ਪੂਰਵ-ਸਰਮਾਏਦਾਰੀ ਪ੍ਰਬੰਧਾਂ ਦੇ ਸੱਭਿਆਚਾਰਕ ਪਛੜੇਵੇਂ ਦੀਆਂ ਕਦਰਾਂ ਕੀਮਤਾਂ ਵੀ ਸਾਡੇ ਸਿਰ ਤੇ ਸਵਾਰ ਸਨ। ਯੂਰਪ ਵਿੱਚ ਪੁਨਰ ਜਾਗਰਣ ਅਤੇ ਪ੍ਰਬੋਧਨ ਨੇ, ਸਦੀਆਂ ਪੁਰਾਣੀਆਂ ਮੱਧ ਯੁਗੀ ਜਗੀਰੂ ਕਦਰਾਂ ਕੀਮਤਾਂ ਦਾ, ਵੇਲਾ ਵਿਹਾ ਚੁੱਕਾ ਕੂੜਾਕਰਕਟ ਇਤਿਹਾਸ ਦੀ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਸੀ। ਨਤੀਜ਼ੇ ਵਜੋਂ ਚੁੱਲ੍ਹੇ ਚੌਕੇ ਅਤੇ ਘਰ ਦੀ ਚਾਰ ਦੁਆਰੀ ਤੋਂ ਮੁਕਤ ਅਜ਼ਾਦ ਔਰਤ ਸਾਹਮਣੇ ਆਉਂਦੀ ਹੈ। ਪ੍ਰਬੋਧਨ ਕਾਲ ਦੀ ਸ਼ੁਰੂਆਤ ਦਾ ਬਿਗਲ ਵਜਾਉਣ ਵਾਲ਼ੇ ਮਹਾਨ ਦਾਰਸ਼ਨਿਕਾਂ ਵਿੱਚੋਂ ਇੱਕ, ‘ਲਿਓਨਾਰਦੋ ਦਾ ਵਿੰਚੀ’ ( ਜੋ ਇੱਕ ਮਹਾਨ ਚਿੱਤਰਕਾਰ ਵੀ ਸੀ) ਦੀ ਮੋਨਾਲੀਜਾ ਨਾਂ ਦੀ ਮਹਾਨ ਕਲਾ ਕਿਰਤੀ ਇੱਕ ਭਰੀ ਪੂਰੀ ਔਰਤ ਦਾ ਚਿੱਤਰ ਸੀ,=ਜੋ ਇੱਕ ਆਮ ਔਰਤ ਸੀ। ਨਾ ਹੀ ਉਹ ਬੱਚੇ ਪੈਦਾ ਕਰਨ ਵਾਲ਼ੀ ਮਸ਼ੀਨ ਦਾ ਚਿੱਤਰ ਸੀ ਅਤੇ ਨਾ ਹੀ ਜਗੀਰੂ ਯੁੱਗ ਦੇ ਮਰਦ ਦੀ ਹਵਸ ਪੂਰਤੀ ਦਾ ਸਾਧਨ ਬਣਨ ਵਾਲ਼ੀ ਕੋਈ ਮਿ੍ਰਗ ਲੈਣੀ ਹੀ ਸੀ। ਸਾਡੇ ਇੱਥੇ ਸਰਮਾਏਦਾਰੀ ਪ੍ਰਬੰਧ ਦੀ ਆਮਦ ਉਸ ਵੇਲ਼ੇ ਹੁੰਦੀ ਹੈ ਜਦੋਂ ਸੰਸਾਰ ਪੱਧਰ ਤੇ ਸਾਮਰਾਜ ਵਿੱਚ ਬਦਲ ਚੁੱਕੀ ਸਰਮਾਏਦਾਰੀ, ਆਪਣੀ ਸਮਾਜਿਕ ਇਤਿਹਾਸਕ ਤਬਦੀਲੀ ਕਰ ਸਕਣ ਦੀ ਯੋਗਤਾ ਗਵਾ ਚੁੱਕੀ, ਇੱਕ ਪੂਰੀ ਤਰ੍ਹਾਂ ਪਰਜੀਵੀਂ ਜਮਾਤ ਵਿੱਚ ਬਦਲ ਚੁੱਕੀ ਸੀ। ਬਿਮਾਰ ਬੁੱਢੀ ਸਰਮਾਏਦਾਰੀ ਨੇ ਆਪਣੀ ਭਵਿੱਖੀ ਮੌਤ ਦੇ ਡਰ ਵਿੱਚ ਹਰ ਤਰ੍ਹਾਂ ਦੀਆਂ ਪਛੜੀਆਂ ਜਗੀਰੂ ਕਦਰਾਂ ਕੀਮਤਾਂ ਨੂੰ ਆਪਣੀ ਮੰਡੀ ਦੀਆਂ ਲੋੜਾਂ ਅਨੁਸਾਰ ਢਾਲ ਕੇ ਆਤਮਸਾਤ ਕਰ ਲਿਆ। ਹੁਣ ਫਾਸੀਵਾਦ ਦੇ ਦੌਰ ਵਿੱਚ ਤਾਂ ਹਰ ਤਰ੍ਹਾਂ ਦੇ ਬੀਤੇ ਦੇ ਭੂਤਾਂ ਦੀ ਵਾਪਸੀ ਵਿੱਚ ਹੀ ਆਪਣੀ ਸੁਰੱਖਿਆ ਵੇਖਦੇ ਹਨ, ਲਿੰਗਕ ਵਿਤਕਰੇ ਖਿਲਾਫ ਔਰਤਾਂ ਦੀ ਲੜਾਈ ਆਪਣੇ ਵਰਤਮਾਨ ਹੀ ਨਹੀਂ, ਬੀਤੇ ਦੇ ਸੱਭਿਆਚਾਰਕ ਕੂੜੇ ਕਰਕਟ ਖਿਲਾਫ ਵੀ ਲੜਨੀ ਪੈ ਰਹੀ ਹੈ।

ਔਰਤ ਗੁਲਾਮ ਕਿਵੇਂ ਬਣੀ

ਸਾਰੀਆਂ ਸੱਭਿਅਤਾਵਾਂ ਦਾ ਹੀ ਪੂਰਵ- ਇਤਿਹਾਸਕ, ਬਰਾਬਰੀ ਵਾਲ਼ਾ ਕਬਾਇਲੀ ਸਾਮਵਾਦੀ ਪਿਛੋਕੜ ਰਿਹਾ ਹੈ। ਕੁਦਰਤ ਨਾਲ਼ ਸੰਘਰਸ਼ ਕਰਦਾ ਹੋਇਆ ਮਨੁੱਖ, ਇਤਿਹਾਸ ਦੀ ਇੱਕ ਮੰਜ਼ਿਲ ਤੇ ਪੈਦਾਵਾਰੀ ਤਾਕਤਾਂ ਦੇ ਵਿਕਾਸ ਦੀ ਬਦੌਲਤ ਜਮਾਤੀ ਸਮਾਜ ਵਿੱਚ ਵੰਡਿਆ ਗਿਆ। ਪੂਰਵ- ਜਮਾਤੀ ਸਮਾਜ ਮਾਂ- ਪ੍ਰਧਾਨ ਸਮਾਜ ਸੀ, ਜਿਸ ਵਿੱਚ ਔਰਤ ਹੀ ਕਬੀਲੇ ਦੀ ਮੁਖੀ ਹੁੰਦੀ ਸੀ। ਨਿੱਜੀ ਜਾਇਦਾਦ ਦੀ ਉਤਪਤੀ ਹੀ, ਸਮਾਜ ਦੇ ਜਮਾਤਾਂ ਵਿੱਚ ਵੰਡੇ ਜਾਣ ਦਾ ਅਧਾਰ ਬਣੀ। ਪੈਦਾਵਾਰੀ ਤਾਕਤਾਂ ਦੇ ਵਿਕਾਸ ਨਾਲ਼ ‘ਕਿਰਤ ਦੀ ਵੰਡ’ ਦੀ ਜ਼ਰੂਰਤ ਪੈਦਾ ਹੋਈ। ਔਰਤ ਅਤੇ ਮਰਦ ਵਿਚਲੀ ਕਿਰਤ ਦੀ ਵੰਡ ਇਤਿਹਾਸ ਦੀ ਪਹਿਲੀ ਕਿਰਤ-ਵੰਡ ਸੀ। ਨਿੱਜੀ ਜਾਇਦਾਦ ਦੇ ਪੈਦਾ ਹੋਣ ’ਤੇ, ਸਮਾਜ ਔਰਤ ਪ੍ਰਧਾਨ ਤੋਂ ਮਰਦ ਪ੍ਰਧਾਨ ਹੋਣ ਦੀ ਕਿਰਿਆ ਵਿੱਚ ਪੈ ਗਿਆ। ਆਪਣੇ ਆਪ ਵਿੱਚ ਇਸ ਤਬਦੀਲੀ ਦਾ ਇਤਿਹਾਸ ਇੱਕ ਵੱਖਰਾ ਵਿਸ਼ਾ ਹੈ। ਨਿੱਜੀ ਜਾਇਦਾਦ ਦੇ ਵਾਰਸ ਦੇ ਤੌਰ ਤੇ, ਹੁਣ ਇੱਕ ਜਾਇਜ਼ ਮਰਦ ਵਾਰਿਸ ਦੀ ਲੋੜ ਵਿੱਚੋਂ, ਔਰਤ ਦੀ ਗੁਲਾਮੀ ਦੀ ਨੀਂਹ ਰੱਖੀ ਗਈ। ਨਿੱਜੀ ਜਾਇਦਾਦ ਵਾਲ਼ੇ ਪ੍ਰਬੰਧ ਦੀ ਸੰਸਥਾ ਦੇ ਰੂਪ ਵਿੱਚ ਪਰਿਵਾਰ ਦੀ ਉਤਪਤੀ ਨੇ ਮਰਦ ਸੱਤ੍ਹਾ ਨੂੰ ਪ੍ਰਵਾਨਗੀ ਦੇ ਦਿੱਤੀ। ਜਮਾਤੀ ਸਮਾਜ ਦਾ ਪੈਦਾ ਹੋਣਾ ਅਤੇ ਮਰਦ ਦਾਬੇ ਵਾਲੇ ਪਿੱਤਰੀ ਸੱਤ੍ਹਾ ਵਾਲ਼ੇ ਨੈਤਿਕ ਪ੍ਰਬੰਧ ਦੀ ਸਥਾਪਨਾ, ਇੱਕ ਹੀ ਕਿਰਿਆ ਦੇ ਦੋ ਪਹਿਲੂ ਹਨ। ਹੁਣ ਔਰਤ-ਮਰਦ ਸਬੰਧਾਂ ਵਿੱਚ ਵਫਾਦਾਰੀ ਸਾਬਤ ਕਰਨ ਦਾ ਭਾਰ, ਸਿਰਫ਼ ਔਰਤ ਦੇ ਸਿਰ ਸੀ। ਔਰਤ ਮਨੁੱਖੀ ਇਤਿਹਾਸ ਦੀ ਪਹਿਲੀ ਗੁਲਾਮ ਹੈ। ਇਹ ਨਿੱਜੀ ਜਾਇਦਾਦ ਹੈ ਜਿਸ ਨੇ ਔਰਤ ਨੂੰ ਗ਼ੁਲਾਮ ਕੀਤਾ। ਇਸ ਵਾਸਤੇ ਨਿੱਜੀ ਜਾਇਦਾਦ ਵਾਲ਼ੇ ਜਮਾਤੀ ਪ੍ਰਬੰਧ ਦਾ ਖ਼ਾਤਮਾ, ਔਰਤ ਦੀ ਮੁਕਤੀ ਅਤੇ ਪੂਰਨ ਅਜ਼ਾਦੀ ਦੀ ਸ਼ਰਤ ਬਣ ਗਿਆ ਹੈ।

ਨਾਰੀਵਾਦੀ ਲਹਿਰ –

ਐਸਾ ਨਹੀਂ ਹੈ ਕਿ ਔਰਤਾਂ ਚੁੱਪ ਕਰਕੇ ਇਸ ਜ਼ੁਲਮ ਨੂੰ ਬਰਦਾਸ਼ਤ ਕਰਦੀਆਂ ਰਹੀਆਂ ਹਨ। ਖ਼ਾਸ ਕਰਕੇ ਪੁਨਰ ਜਾਗਰਣ ਅਤੇ ਪ੍ਰਬੋਧਨ ਦੇ ਦੌਰ ਵਿੱਚ ਔਰਤ-ਮੁਕਤੀ ਦੀਆਂ ਕਈ ਲਹਿਰਾਂ ਸ਼ੁਰੂ ਹੋਈਆਂ। ਔਰਤਾਂ ਦੇ ਹੱਕਾਂ ਅਤੇ ਔਰਤਾਂ ਦੇ ਵੋਟ ਦੇ ਹੱਕ ਲਈ ਵੀ ਸ਼ਾਨਦਾਰ ਲਹਿਰ ਦਾ ਇਤਿਹਾਸ ਰਿਹਾ ਹੈ। ਸਭ ਤੋਂ ਮਹੱਤਵਪੂਰਨ ਦੌਰ ਹੈ, ਵੀਹਵੀਂ ਸਦੀ ਵਿੱਚ ਹੋਣ ਵਾਲ਼ੇ ਸਮਾਜਵਾਦੀ ਇਨਕਲਾਬ ਵਿੱਚ ਔਰਤਾਂ ਦੀ ਭੂਮਿਕਾ। ਔਰਤਾਂ ਦੇ ਸੰਘਰਸ਼ਾਂ ਦਾ ਇਤਿਹਾਸ ਸਾਡਾ ਅੱਜ ਦਾ ਵਿਸ਼ਾ ਨਹੀਂ ਹੈ। ਪਰ ਅੱਗੇ ਚੱਲ ਕੇ ਔਰਤ ਮੁਕਤੀ ਲਹਿਰ ਨਾਰੀਵਾਦ ਦੇ ਨਾਂ ’ਤੇ ਦਿਸ਼ਾਹੀਣ ਵੀ ਹੁੰਦੀ ਹੈ। ਐਸੇ ਰੁਝਾਨ ਸਾਹਮਣੇ ਆਏ, ਜਿਸ ਵਿੱਚ ਯੌਨ-ਖੁੱਲ੍ਹਾਂ ਅਤੇ ਮਰਦਾਂ (ਮਰਦ ਦੀ ਸੱਤ੍ਹਾ ਨਹੀਂ) ਦੇ ਵਿਰੋਧ ਨੂੰ ਹੀ ਔਰਤਾਂ ਦੀ ਮੁਕਤੀ ਦਾ ਏਜੰਡਾ ਬਣਾ ਲਿਆ ਗਿਆ । ਵੈਸੇ ਨਾਰੀਵਾਦੀ ਲਹਿਰ ਦੇ ਹੋਰ ਵੀ ਕਈ ਪੱਖ ਹਨ ਜਿਨ੍ਹਾਂ ਵਿੱਚ ਬੇਹੱਦ ਜ਼ਰੂਰੀ ਅਤੇ ਬੁਨਿਆਦੀ ਸਵਾਲ ਖੜ੍ਹੇ ਕੀਤੇ ਗਏ ਹਨ। ਸਰਮਾਏਦਾਰੀ ਪ੍ਰਬੰਧ ਨੇ ਔਰਤਾਂ ਨੂੰ ਜਗੀਰੂ ਘੁਟਣ ਤੋਂ ਤਾਂ ਅਜ਼ਾਦ ਕੀਤਾ, ਕੰਮ ਕਰਨ ਦੀ ਅਜ਼ਾਦੀ ਵੀ ਦਿੱਤੀ ਪਰ ਸਰਮਾਏਦਾਰੀ ਮੰਡੀ ਦੀਆਂ ਲੋੜਾਂ ਅਨੁਸਾਰ, ਇੱਕ ਨਵਾਂ ਜਾਲ਼ ਵੀ ਵਿਛਾ ਦਿੱਤਾ। ਔਰਤ ਨੂੰ ਮੰਡੀ ਦੀ ਇੱਕ ਵਸਤੂ ਦੇ ਰੂਪ ਵਿੱਚ ਬਦਲ ਦਿੱਤਾ। ਔਰਤ ਦੀ ਸੰਵੇਦਨਸ਼ੀਲਤਾ ਅਤੇ ਸੁਹੱਪਣ ਨੂੰ ਵੀ ਆਪਣੇ ਮੁਨਾਫ਼ੇ ਦੀ ਬੇਲਗਾਮ ਹਵਸ ਪੂਰਤੀ ਦਾ ਸਾਧਨ ਬਣਾ ਲਿਆ। ਇਸ ਲਈ ਅੱਜ ਔਰਤ ਮੁਕਤੀ ਦਾ ਸਵਾਲ, ਨਿੱਜੀ ਜਾਇਦਾਦ ਦੇ ਢਾਂਚੇ ਦੇ ਖਾਤਮੇ ਲਈ, ਮਜ਼ਦੂਰ ਜਮਾਤ ਅਤੇ ਕਿਰਤੀ ਲੋਕਾਂ ਦੇ ਮੁਕਤੀ ਸੰਗਰਾਮ ਨਾਲ਼ੋਂ ਵੱਖ ਨਹੀਂ ਕੀਤਾ ਜਾ ਸਕਦਾ । ਸਰਮਾਏਦਾਰੀ ਪ੍ਰਬੰਧ ਵੱਲੋਂ ਸਿਰਜੇ ਸੱਭਿਆਚਾਰ ਨੇ ਔਰਤ ਨੂੰ ਇੱਕ ਵਸਤੂ ਜਾਂ ਦੇਹ ਤੱਕ ਸੀਮਤ ਕਰ ਦਿੱਤਾ ਹੈ। ਇਸ ਲਈ ਇਹ ਸੰਗਰਾਮ ਸਿਰਫ ਪਛੜੀਆਂ ਜਗੀਰੂ ਕਦਰਾਂ ਕੀਮਤਾਂ ਖਿਲਾਫ ਹੀ ਨਹੀਂ ਸਗੋਂ ਸਰਮਾਏਦਾਰੀ ਪ੍ਰਬੰਧ ਦੇ ਵੀ ਖਿਲਾਫ ਹੈ। ਇਸੇ ਲਈ ਪ੍ਰਬੰਧ ਦੇ ਰਖਵਾਲੇ, ਪ੍ਰਸ਼ਾਸਨਿਕ ਅਧਿਕਾਰੀ ਅਤੇ ਹਾਕਮ ਜਮਾਤਾਂ ਦੇ ਟੁੱਕੜ ਬੋਚ ਬੁੱਧੀਜੀਵੀ ਲੜਕੀਆਂ ਦੇ ਹੋਸਟਲ ਖੁੱਲ੍ਹੇ ਰੱਖਣ ਦੀ ਮੰਗ ਤੋਂ ਇਸ ਹੱਦ ਤੱਕ ਭੈ ਭੀਤ ਹਨ। ਪੜ੍ਹੀਆਂ ਲਿਖੀਆਂ ਨੌਜਵਾਨ ਵਿਦਿਆਰਥੀ ਲੜਕੀਆਂ ਦੇ ਇਸ ਸੰਘਰਸ਼ ਦਾ ਬਹੁਤ ਵੱਡਾ ਇਤਿਹਾਸਕ ਮਹੱਤਵ ਹੈ। ਇਹ ਸ਼ੁਰੂਆਤੀ ਕਦਮ ਭਵਿੱਖ ਦੇ ਵੱਡੇ ਸੰਗਰਾਮਾਂ ਦੀ ਦਿਸ਼ਾ ਵਿਖਾ ਰਹੇ ਹਨ। ਅਗਾਂਹਵਧੂ ਵਿਦਿਆਰਥੀ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਇਸ ਸ਼ਾਨਦਾਰ ਪਹਿਲ ਕਦਮੀ ਦਾ ਤਹਿ ਦਿਲੋਂ ਸਵਾਗਤ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 7, ਅੰਕ 17, 16 ਤੋਂ 31 ਅਕਤੂਬਰ 2018 ਵਿੱਚ ਪ੍ਰਕਾਸ਼ਿਤ